ਨਵੀਂ ਦਿੱਲੀ: ਦਿੱਲੀ ਪੁਲਸ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਸਥਾਨ ਬਾਹਰ ਧਰਨਾ ਦੇ ਰਹੇ ਕਾਂਗਰਸੀ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਧੱਕੇ ਨਾਲ ਹਟਾ ਕੇ ਹਿਰਾਸਤ ਵਿੱਚ ਲੈ ਲਿਆ।
ਰਾਹੁਲ ਗਾਂਧੀ ਨੇ ਇੱਕ ਦਿਨ ਪਹਿਲਾਂ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ‘ਤੇ ਪੁਲੀਸ ਕਾਰਵਾਈ ਖਿਲਾਫ਼ ਕਰਨਾਟਕ ਅਤੇ ਕੇਰਲ ਦੇ ਮੁੱਖ ਮੰਤਰੀਆਂ ਸਮੇਤ ਹੋਰ ਕਾਂਗਰਸੀ ਨੇਤਾਵਾਂ ਨਾਲ ਮਿਲ ਕੇ ਦੁਪਹਿਰ ਵੇਲੇ ਧਰਨਾ ਸ਼ੁਰੂ ਕੀਤਾ ਸੀ।
ਜਿਵੇਂ ਹੀ ਪੁਲੀਸ ਨੇ ਧਰਨੇ ਵਾਲੀ ਥਾਂ ‘ਤੇ ਕਾਰਵਾਈ ਸ਼ੁਰੂ ਕੀਤੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜ਼ਮੀਨ ‘ਤੇ ਲੇਟ ਗਏ ਅਤੇ ਸੁਰੱਖਿਆ ਕਰਮਚਾਰੀਆਂ ਵੱਲੋਂ ਚੁੱਕੇ ਜਾਣ ਦਾ ਵਿਰੋਧ ਕਰਦੇ ਨਜ਼ਰ ਆਏ । ਇਸ ਦੌਰਾਨ ਧੱਕਾਮੁੱਕੀ ਵੀ ਹੋਈ ।
ਗ੍ਰਿਫਤਾਰ ਹੋਣ ਵਾਲੇ ਹੋਰ ਆਗੂਆਂ ਵਿਚ ਮੱਲਿਕਾਰਜੁਨ ਖੜਗੇ, ਚਰਨਜੀਤ ਚੰਨੀ,ਰਾਜਾ ਵੜਿੰਗ,ਸੁਖਜਿੰਦਰ ਸਿੰਘ ਰੰਧਾਵਾ,ਜੈਰਾਮ ਰਮੇਸ਼ ਆਦਿ ਵੀ ਸ਼ਾਮਿਲ ਹਨ।
ਰਾਹੁਲ ਗਾਂਧੀ ਦੇ ਇਕ ਸਮਰਥਕ ਨੇ ਦੱਸਿਆ ਕਿ ਇਸ ਦੌਰਾਨ ਰਾਹੁਲ ਗਾਂਧੀ ਦੀ ਅੱਖ ਦੇ ਹੇਠਾਂ ਸੱਟ ਲੱਗੀ ਹੈ। ਇਸ ਦੌਰਾਨ ਉਦੋਂ ਕਾਫੀ ਰੌਲਾ ਰੱਪਾ ਦੇਖਣ ਨੂੰ ਮਿਲਿਆ, ਜਦੋਂ ਪ੍ਰਿਯੰਕਾ ਗਾਂਧੀ ਪੁਲੀਸ ਬੱਸ ਚੱਲਣ ਤੋਂ ਬਾਅਦ ਵੀ ਉਸ ਦੇ ਦਰਵਾਜ਼ੇ ਨਾਲ ਲਟਕ ਕੇ ਵਿਰੋਧ ਜਤਾਉਂਦੀ ਰਹੀ।
ਨੀਟ ਮਾਮਲੇ `ਤੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ
ਕਾਂਗਰਸ ਪਾਰਟੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਅਤੇ ਸੰਸਦ ਵਿੱਚ ‘ਨੀਟ’ ਮੁੱਦੇ ‘ਤੇ ਤੁਰੰਤ ਬਹਿਸ ਕਰਵਾਉਣ ਦੀ ਮੰਗ ਕਰ ਰਹੀ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਵੱਲੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਲਈ ਇਨਸਾਫ਼ ਦੀ ਮੰਗ ਵੀ ਲਗਾਤਾਰ ਕੀਤੀ ਜਾ ਰਹੀ ਹੈ ।
ਪ੍ਰਧਾਨ ਮੰਤਰੀ ਦਾ
ਅਸਤੀਫ਼ਾ ਮੰਗਿਆ
ਵਿਰੋਧੀ ਧਿਰ ਦੇ ਆਗੂਆਂ ਨੇ ਨੀਟ ਪੇਪਰ ਲੀਕ ਮਾਮਲੇ ਵਿੱਚ ਪ੍ਰਧਾਨ ਦੀ ਚੁੱਪ ਉੱਤੇ ਇਤਰਾਜ਼ ਉਠਾਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫ਼ੇ ਦੀ ਮੰਗ ਕੀਤੀ।
