ਰੱਬੀ ਰੂਹ – ਤਾਇਆ ਬੱਗਾ ਸੁੰਹ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਤਾਇਆ ਬੱਗਾ ਸੁੰਹ ਦਾ ਪਰਿਵਾਰ ਸਾਡਾ ਗਵਾਂਢੀ। ਬੂਹੇ ਨਾਲੋ-ਨਾਲ। ਇਕੋ ਗਲੀ। ਘਰਾਂ ਵਿਚ ਘਰ। ਸਾਂਝੀਆਂ ਕੰਧਾਂ ਤੇ ਛੱਤਾਂ। ਸਾਂਝਾ ਭਾਈਚਾਰਾ। ਸਾਂਝ ਦੀਆਂ ਮਹੀਨ ਪਰ ਮਜ਼ਬੂਤ ਤੰਦਾਂ। ਕਦੇ ਕਦਾਈਂ ਭਾਵੇਂ ਕੋਈ ਛੋਟਾ-ਮੋਟਾ ਤਣਾਅ ਵੀ ਪੈਦਾ ਹੋ ਜਾਂਦਾ ਪਰ ਇਹ ਥੋੜ੍ਹ-ਚਿਰਾ।

ਤਾਇਆ ਬੱਗਾ ਸਿੰਘ ਫ਼ੱਕਰ ਲੋਕ। ਕੰਮ ਦਾ ਕਰਿੰਦਾ। ਕੱਤਰੀ ਹੋਈ ਬੱਗੀ ਦਾਹੜੀ। ਖੱਦਰ ਦਾ ਕੁੜਤਾ, ਤੇੜ ਕਛਹਿਰਾ ਅਤੇ ਪੈਰਾਂ ਤੋਂ ਨੰਗਾ। ਦਰਅਸਲ ਸਾਡੇ ਬਜ਼ੁਰਗਾਂ ਨੂੰ ਹਰ ਵੇਲੇ ਜੁੱਤੀ ਪਾਉਣ ਦੀ ਤਾਂ ਆਦਤ ਹੀ ਨਹੀਂ ਸੀ। ਉਹ ਤਾਂ ਕਿਸੇ ਖਾਸ ਮੌਕੇ ਜਿਵੇਂ ਕਿਸੇ ਵਿਆਹ ਜਾਂ ਵਾਂਢੇ ਜਾਣਾ, ਮੇਲੇ/ ਮੱਸਿਆ ਜਾਣ ਵੇਲੇ ਹੀ ਅੰਦਰ ਸਾਂਭੀ ਹੋਈ ਜੁੱਤੀ ਕੱਢਦੇ, ਤੇਲ ਲਾ ਕੇ ਨਰਮ ਕਰਦੇ ਤਾਂ ਕਿ ਕਦੇ ਕਦਾਈਂ ਪਾਉਣ ਕਰਕੇ ਅੱਡੀਆਂ ਜਾਂ ਪੈਰ ਦੀਆਂ ਉਂਗਲਾਂ ਛਿੱਲੀਆਂ ਨਾ ਜਾਣ। ਮੈਂ ਆਪਣੇ ਬਾਪ ਨੂੰ ਅਕਸਰ ਹੀ ਕਹਿੰਦੇ ਰਹਿਣਾ ਕਿ ਪੈਰੀਂ ਜੁੱਤੀ ਪਾ ਕੇ ਰੱਖਿਆ ਕਰੋ ਪਰ ਉਹ ਆਪਣੀ ਮਰਜ਼ੀ ਨਾਲ ਹੀ ਜੁੱਤੀ ਪਾਉਂਦੇ।
ਤਾਇਆ ਬੱਗਾ ਸਿੰਘ ਦੇ ਤਿੰਨ ਲੜਕੇ। ਸਾਰੇ ਵਾਹੀ ਖੇਤੀ ਦੇ ਕੰਮਾਂ ਵਿਚ ਹੀ ਰੁੱਝੇ ਰਹਿੰਦੇ। ਵਿਚਕਾਰਲਾ ਮੁੰਡਾ ਕੁਝ ਸਮਾਂ ਇੰਗਲੈਂਡ ਵੀ ਲਾ ਆਇਆ ਪਰ ਬਹੁਤੀ ਕਮਾਈ ਨਾ ਕੀਤੀ। ਸਭ ਤੋਂ ਛੋਟਾ ਮੁੰਡਾ ਕੁਝ ਸਮਾਂ ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਗਿਆ ਸੀ ਅਤੇ ਕਮਾਈ ਵੀ ਚੰਗੀ ਕੀਤੀ। ਉਸਦੇ ਛੋਟੇ ਦੋਵੇਂ ਪੁੱਤ ਤਾਂ ਵਿਆਹੇ ਗਏ। ਆਰ-ਪਰਿਵਾਰ ਵਾਲੇ ਸਨ, ਪਰ ਸਭ ਤੋਂ ਵੱਡੇ ਪੁੱਤ ਦੀ ਅੱਖ ਵਿਚ ਨੁਕਸ ਹੋਣ ਕਾਰਨ ਵਿਆਹ ਨਹੀਂ ਸੀ ਹੋ ਰਿਹਾ। ਪਕੇਰੀ ਉਮਰ ਵਿਚ ਮਾਝੇ ਵੰਨੀਂ ਵਿਆਹ ਤਾਂ ਹੋ ਗਿਆ ਪਰ ਇਹ ਵਿਆਹ ਜਲਦੀ ਹੀ ਟੁੱਟ ਗਿਆ। ਉਹ ਵਿਚਾਰਾ ਛੜਾ ਹੀ ਇਸ ਦੁਨੀਆਂ ਤੋਂ ਫੌਤ ਹੋ ਗਿਆ।
ਤਾਇਆ ਬੱਗਾ ਸੁੰਹ ਨੇ ਜਦ ਵੀ ਘਰ ਆਉਣਾ, ਨਿੱਕਾ ਜੇਹਾ ਖੰਘੂਰਾ ਮਾਰਨਾ ਅਤੇ ਰਤਾ ਰੁਕ ਕੇ ਅੰਦਰ ਲੰਘ ਜਾਣਾ। ਮੈਂ ਉਸਨੂੰ ਕਦੇ ਵੀ ਉਚੀ ਆਵਾਜ਼ ਵਿਚ ਗੱਲ ਕਰਦਿਆਂ ਜਾਂ ਕਿਸੇ ਨਾਲ ਬੋਲਦਿਆਂ-ਝਗੜਦਿਆਂ ਨਹੀਂ ਸੀ ਸੁਣਿਆ। ਉਹ ਫਕੀਰਾਨਾ ਤਬੀਅਤ ਦੇ ਮਾਲਕ। ਕੰਮ ਨਾਲ ਵਾਸਤਾ। ਸਵੇਰੇ ਹਲ਼ ਵਾਹੁਣਾ ਅਤੇ ਫਿਰ ਮੰਡ ਪਸ਼ੂ ਚਾਰਨ ਚਲੇ ਜਾਣਾ। ਇਹ ਉਸਦਾ ਨਿੱਤ ਦਾ ਕਰਮ ਸੀ। ਕਮਾਲ ਇਹ ਸੀ ਕਿ ਉਹ ਮੰਡ ਨੂੰ ਜਾਂਦਿਆਂ ਰਾਹ ਵਿਚੋਂ ਪਾਲ ਸਿੰਘ ਦੇ ਡੇਰੇ ਤੋਂ ਚਾਟੀ ਲੱਸੀ ਦੀ ਪੀ ਜਾਂਦਾ ਸੀ ਅਤੇ ਫਿਰ ਸ਼ਾਮ ਨੂੰ ਆਉਣ ਲੱਗਾ ਵੀ ਲੱਸੀ ਜ਼ਰੂਰ ਪੀਂਦਾ ਸੀ। ਡੇਰੇ ਵਾਲੇ ਪਾਲ ਸਿੰਘ ਕੋਲ ਬਹੁਤ ਮੱਝਾਂ ਸਨ ਅਤੇ ਉਹ ਦੁੱਧ ਰਿੜਕਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਬੱਗਾ ਸਿੰਘ ਹੁਰਾਂ ਨੇ ਮੰਡ ਪਸ਼ੂ/ਬੱਕਰੀਆਂ ਚਾਰਨ ਜਾਣਾ ਹੈ। ਉਸ ਲਈ ਲੂਣ ਪਾ ਕੇ ਲੱਸੀ ਤਿਆਰ ਹੁੰਦੀ ਸੀ। ਤੇ ਇਹੀ ਉਸਦੀ ਨਿੱਤ ਦੀ ਖੁਰਾਕ ਹੁੰਦੀ ਸੀ।
ਤਾਇਆ ਬੱਗਾ ਸਿੰਘ ਬਹੁਤ ਸਬਰ-ਸੰਤੋਖੀ ਸੀ। ਬਹੁਤ ਹੀ ਸਾਦੀ ਖੁਰਾਕ ਜਾਂ ਲੱਸੀ ਪੀ ਕੇ ਰੱਜ ਮਾਨਣਾ। ਇਸਦਾ ਸਭ ਤੋਂ ਵੱਡਾ ਹਾਸਲ ਇਹ ਸੀ ਕਿ ਉਹ ਆਖਰੀ ਦਮ ਤੱਕ ਬਹੁਤ ਤੰਦਰੁਸਤ ਰਿਹਾ। ਦਰਅਸਲ ਉਸਦੀ ਤੰਦਰੁਸਤੀ ਦਾ ਰਾਜ਼ ਸੀ ਕਿਰਤ ਨੂੰ ਪਿਆਰ ਕਰਨਾ, ਕੰਮ ਵਿਚ ਰੁੱਝੇ ਰਹਿਣਾ ਅਤੇ ਆਪਣੀ ਮੌਜ-ਮਸਤੀ ਵਿਚ ਆਪਣੇ ਜੀਵਨ ਨੂੰ ਆਪਣੇ ਹੀ ਅੰਦਾਜ਼ ਵਿਚ ਜਿਊਣਾ।
ਤਾਇਆ ਬੱਗਾ ਸੁੰਹ ਪਰਿਵਾਰਕ ਝਮੇਲਿਆਂ ਤੋਂ ਦੂਰ ਹੀ ਰਹਿੰਦਾ ਸੀ। ਬਹੁਤ ਘੱਟ ਦਖ਼ਲ-ਅੰਦਾਜ਼ੀ ਕਰਦਾ। ਉਸਨੂੰ ਅਹਿਸਾਸ ਸੀ ਕਿ ਪਰਿਵਾਰਕ ਜ਼ਿੰਮੇਵਾਰੀਆਂ ਹੁਣ ਪੁੱਤ ਸਾਂਭਣ ਅਤੇ ਉਹ ਆਪਣੀ ਬੇਫਿਕਰੀ ਵਾਲੀ ਜ਼ਿੰਦਗੀ ਦਾ ਆਨੰਦ ਮਾਣਦਾ ਸੀ।
ਤਾਏ ਬੱਗਾ ਸਿੰਘ ਦੀ ਇਹ ਵੀ ਖ਼ਾਸੀਅਤ ਸੀ ਕਿ ਉਹ ਬਹੁਤ ਘੱਟ ਗੁਰਦੁਆਰੇ ਜਾਂਦੇ। ਕਿਸੇ ਅੰਗ ਸਾਕ ਦੇ ਤਾਂ ਕਦੇ ਜਾਂਦਾ ਨਹੀਂ ਦੇਖਿਆ। ਉਹ ਤਾਂ ਸ਼ਾਇਦ ਆਪਣੇ ਸਹੁਰੀਂ ਵੀ ਕਦੇ ਹੀ ਜਾਂਦਾ ਸੀ ਭਾਵੇਂ ਕਿ ਉਸਦੇ ਸਹੁਰੇ ਦੋ ਕੁ ਮੀਲ ਦੀ ਵਾਟ ‘ਤੇ ਸਨ। ਦਰਅਸਲ ਉਹ ਆਪਣੀ ਕਿਸਮ ਦਾ ਆਪ ਹੀ ਇਕੱਲਾ ਸ਼ਖਸ ਸੀ ਜਿਸਨੂੰ ਦੁਨੀਆਂ ਜਾਂ ਦੁਨੀਆਂਦਾਰੀ ਦੀ ਕੋਈ ਪ੍ਰਵਾਹ ਨਹੀਂ ਸੀ।
ਤਾਏ ਬੱਗੇ ਦੇ ਦੋਵੇਂ ਛੋਟੇ ਭਰਾ ਵਿਦੇਸ਼ਾਂ ਵਿਚ ਬਹੁਤ ਵਧੀਆ ਸਥਾਪਤ ਸਨ। ਇਕ ਭਰਾ ਸਿੰਘਾਪੁਰ ਰਹਿੰਦਾ ਸੀ ਪਰ ਉਹ ਤਾਂ ਕਦੇ-ਕਦਾਈਂ ਹੀ ਪਿੰਡ ਗੇੜਾ ਮਾਰਦਾ। ਦੂਸਰਾ ਸਾਬਕਾ ਫੌਜੀ ਹੋਣ ਕਾਰਨ ਅੰਗਰੇਜ਼ਾਂ ਵਲੋਂ ਵਾਊਚਰ ਮਿਲਣ ਕਰਕੇ ਇੰਗਲੈਂਡ ਚਲਾ ਗਿਆ ਅਤੇ ਉਸਦਾ ਸਾਰਾ ਪਰਿਵਾਰ ਵੀ ਉਥੇ ਹੀ ਸੈਟ ਹੋ ਗਿਆ। ਉਹ ਸਾਲ ਬਾਅਦ ਪੰਜਾਬ ਗੇੜਾ ਮਾਰਦਾ। ਪਰ ਤਾਏ ਬੱਗਾ ਸਿੰਘ ਨੂੰ ਮੈਂ ਕਦੇ ਨਹੀਂ ਦੇਖਿਆ ਕਿ ਉਸਨੇ ਆਪਣੇ ਭਰਾ ਦੀ ਵਲੈਤੋਂ ਲਿਆਂਦੀ ਕੋਈ ਕਮੀਜ਼ ਜਾਂ ਕੋਟੀ ਆਦਿ ਪਹਿਨੀ ਹੋਵੇ। ਉਹ ਆਪਣੇ ਭਰਾਵਾਂ ਨੂੰ ਪਿਆਰ ਕਰਦਾ ਸੀ ਪਰ ਈਰਖ਼ਾ ਨਹੀਂ ਸੀ ਕਰਦਾ ਕਿ ਉਸਦੇ ਭਰਾ ਤਾਂ ਵਿਦੇਸ਼ਾਂ ਵਿਚ ਰਹਿੰਦੇ ਅਮੀਰ ਲੋਕ ਹਨ ਅਤੇ ਉਹ ਬਹੁਤ ਹੀ ਸਧਾਰਨ ਕਿਸਾਨ ਵਾਂਗ ਹੀ ਜੀਵਨ ਬਸਰ ਕਰ ਰਿਹਾ ਹੈ। ਦਰਅਸਲ ਭਰਾ ਤਾਂ ਭਰਾ ਹੀ ਹੁੰਦਾ ਅਤੇ ਉਨ੍ਹਾਂ ਦੇ ਮਨਾਂ ਵਿਚ ਸ਼ਰੀਕੇਬਾਜ਼ੀ ਜ਼ਰੂਰ ਪੈਦਾ ਹੋ ਜਾਂਦੀ। ਪਤਾ ਨਹੀਂ ਕਿਉਂ ਦੋਹਾਂ ਭਰਾਵਾਂ ਨੇ ਆਪਣੇ ਵੱਡੇ ਭਰਾ ਦੇ ਪਰਿਵਾਰ ਦੇ ਕਿਸੇ ਵੀ ਜੀਅ ਦਾ ਕੁਝ ਨਹੀਂ ਸੀ ਸੰਵਾਰਿਆ। ਹਾਂ! ਇੰਗਲੈਂਡ ਰਹਿੰਦੇ ਭਰਾ ਕੋਲ ਉਸਦਾ ਭਤੀਜਾ ਵਿਜ਼ਟਰ ਬਣ ਕੇ ਗਿਆ ਸੀ। ਕੁਝ ਸਮਾਂ ਗੈਰ-ਕਾਨੂੰਨੀ ਤੌਰ ‘ਤੇ ਕੰਮ ਕਰਦਾ ਰਿਹਾ ਅਤੇ ਕੁਝ ਕਮਾਈ ਵੀ ਕੀਤੀ। ਪਰ ਉਸਦੇ ਇੰਗਲੈਂਡ ਜਾਣ ਵਿਚ ਭਰਾ ਦਾ ਨਹੀਂ ਸਗੋਂ ਭਰਜਾਈ ਦਾ ਵੱਡਾ ਹੱਥ ਸੀ ਕਿਉਂਕਿ ਤਾਏ ਬੱਗਾ ਸਿੰਘ ਦੇ ਉਸ ਲੜਕੇ ਨਾਲ ਇੰਗਲੈਂਡ ਵਾਲੀ ਭਰਜਾਈ ਦੀ ਭਤੀਜੀ ਵਿਆਹੀ ਹੋਈ ਸੀ।
ਘਰ ਬਿਲਕੁਲ ਨਾਲੋ-ਨਾਲ ਹੁੰਦਿਆਂ ਤਾਏ ਬੱਗੇ ਨੂੰ ਬਹੁਤ ਵਾਰ ਨੇੜਿਉਂ ਦੇਖਣ, ਪਰ ਬਹੁਤ ਘੱਟ ਗੱਲਾਂ ਕਰਨ ਦਾ ਮੌਕਾ ਮਿਲਦਾ। ਉਹ ਬਹੁਤ ਘੱਟ ਬੋਲਦਾ। ਸਿਰਫ਼ ਨੱਪੀਆਂ-ਤੋਲੀਆਂ ਕਿਉਂਕਿ ਉਹ ਮਨ-ਮੌਜੀ ਸੀ। ਮੇਰੇ ਸੌਲਾਂ ਜਮਾਤਾਂ ਪਾਸ ਕਰਨ ‘ਤੇ ਬੜਾ ਖੁਸ਼ ਹੋਇਆ। ਮੇਰੀ ਮਾਂ ਨੂੰ ਕਹਿਣ ਲੱਗਾ, ‘ਪੀਤੂ ਮੁੰਡਾ ਤੇਰਾ ਵਧੀਆ ਪੜ੍ਹ ਗਿਆ। ਤੈਨੂੰ ਵਧਾਈਆਂ ਹੋਣ। ਰੱਬ ਹੋਰ ਤਰੱਕੀਆਂ ਬਖ਼ਸ਼ੇ ਅਤੇ ਚੰਗੀ ਨੌਕਰੀ ਜਲਦੀ ਮਿਲ ਜਾਵੇ। ਪਰ ਬਖਸ਼ੀ ਨੂੰ ਕਹੀਂ ਮੇਰੇ ਪੋਤਿਆਂ ਨੂੰ ਕੁਝ ਮੱਤ ਦੇਵੇ ਕਿ ਉਹ ਵੀ ਪੜ੍ਹ ਜਾਣ।’
ਮੈਨੂੰ ਯਾਦ ਹੈ ਕਿ ਕੇਰਾਂ ਮੈਂ ਅਤੇ ਮੇਰੇ ਵਰਗੇ ਕੁਝ ਜਵਾਕ ਤਾਇਆ ਬੱਗਾ ਸਿੰਘ ਨਾਲ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਮੇਲੇ ‘ਤੇ ਤੁਰ ਕੇ ਗਏ ਸੀ। ਸਾਰੇ ਰਾਹ ਸਾਥੋਂ ਅੱਗੇ ਹੀ ਰਹੇ ਅਤੇ ਅਸੀਂ ਉਸ ਨਾਲ ਦੌੜ ਕੇ ਰਲਦੇ ਸਾਂ। ਅਸੀਂ ਸਵੇਰੇ ਗਏ ਅਤੇ ਸ਼ਾਮ ਨੂੰ ਵਾਪਸ ਵੀ ਆ ਗਏ ਭਾਵੇਂ ਕਿ ਬਾਬਾ ਬਕਾਲਾ ਸਾਡੇ ਪਿੰਡ ਤੋਂ 12 ਮੀਲ ਦੂਰ ਸੀ। ਦਰਅਸਲ ਉਸ ਸਮੇਂ ਸੜਕਾਂ ਦੀ ਬਜਾਏ ਪਿੰਡਾਂ ਦੇ ਲੋਕ ਸਿੱਧੇ ਰਾਹਾਂ ਰਾਹੀਂ ਹੀ ਤੁਰ ਕੇ ਬਾਬੇ ਬਕਾਲੇ ਜਾਂਦੇ ਸਨ।
ਤਾਇਆ ਬੱਗਾ ਸਿੰਘ ਮਨ ਦਾ ਸਾਫ਼। ਪੱਤੀ ਵਿਚ ਕਿਸੇ ਨਾਲ ਕਦੇ ਵੀ ਕੋਈ ਉਚੀ-ਨੀਵੀਂ ਨਹੀਂ ਕੀਤੀ ਅਤੇ ਨਾ ਹੀ ਕਿਸੇ ਨਾ ਕੋਈ ਦੁਸ਼ਮਣੀ। ਆਪਣੇ ਭਰਾਵਾਂ ਦੀ ਜ਼ਮੀਨ ਬਹੁਤ ਚਿਰ ਠੇਕੇ ‘ਤੇ ਵਾਹੁੰਦੇ ਰਹੇ। ਭਤੀਜਾ ਇੰਗਲੈਂਡ ਤੋਂ ਆਇਆ। ਜ਼ਮੀਨ ਛੁਡਵਾ ਲਈ ਤਾਂ ਵੀ ਮਨ ਵਿਚ ਕੋਈ ਹਿਰਖ਼ ਨਾ ਹੋਇਆ। ਰੱਬ ਦੀ ਰਜ਼ਾ ਵਿਚ ਰਹਿਣ ਵਾਲਾ ਤਾਇਆ ਬੱਗਾ ਸਿੰਘ ਰੁੱਖੀ-ਮਿੱਸੀ ਖਾ ਕੇ ਠੰਢਾ ਪਾਣੀ ਪੀ ਕੇ ਗੁਜ਼ਾਰਾ ਕਰਨ ਵਾਲ ਰੱਬ ਦਾ ਸੱਚਾ ਭਗਤ ਸੀ। ਉਸਨੂੰ ਦੇਖ ਕੇ ਇੰਝ ਲੱਗਦਾ ਕਿ ਆਪਣੇ ਸਮੁੱਚੇ ਜੀਵਨ ਨੂੰ ਸਚਿਆਰੇ ਰੂਪ ਨਾਲ ਮਿਹਨਤ ਮੁਸ਼ੱਕਤ ਕਰਦਿਆਂ, ਰੱਬ ਦੇ ਭਾਣੇ ਵਿਚ ਰਹਿ ਕੇ ਜੀਵਨ ਨੂੰ ਪੂਰਨ ਰੂਪ ਵਿਚ ਜੀਵਿਆ ਜਾ ਸਕਦਾ। ਨਾ-ਸ਼ੁਕਰੇ ਲੋਕ ਉਹ ਹੁੰਦੇ ਜਿਨ੍ਹਾਂ ਦਾ ਹਾਬੜਿਆਪਣ ਹਰ ਚੀਜ਼ ‘ਤੇ ਕਬਜ਼ਾ ਕਰਨ ਲਈ ਅਹੁਲਦਾ। ਉਹ ਸਾਰੀ ਉਮਰ ਹੀ ਉਸੇ ਘਰ ਵਿਚ ਰਿਹਾ ਅਤੇ ਸੀਮਤ ਸਾਧਨਾਂ ਨਾਲ ਸ਼ੁਕਰਗੁਜ਼ਾਰੀ ਦੀ ਜ਼ਿੰਦਗੀ ਜੀਵੀ।
ਤਾਇਆ ਬੱਗਾ ਸੁੰਹ ਆਪਣੀ ਉਮਰ ਦੇ ਆਖਰੀ ਪੜਾਅ ਵਿਚ ਬੱਕਰੀਆਂ ਚਾਰਨ ਲੱਗ ਗਿਆ ਕਿਉਂਕਿ ਮੰਡ ਤਾਂ ਲੋਕਾਂ ਨੇ ਵਾਹ ਲਿਆ। ਚਰਾਂਦਾਂ ਖਤਮ ਹੋ ਗਈਆਂ ਅਤੇ ਪਸ਼ੂ ਚਾਰਨ ਦਾ ਕੋਈ ਸਬੱਬ ਨਾ ਰਿਹਾ। ਉਹ ਧੁੱਸੀ ਬੰਨ੍ਹ ਦੇ ਆਲੇ-ਦੁਆਲੇ ਸਾਰਾ ਦਿਨ ਬੱਕਰੀਆਂ ਚਾਰਦਾ ਰਹਿੰਦਾ ਅਤੇ ਸ਼ਾਮ ਨੂੰ ਪਰਤ ਆਉਂਦਾ। ਵਾਹੀ ਦਾ ਜ਼ਿਆਦਾਤਰ ਕੰਮ ਉਸਦੇ ਪੁੱਤਾਂ ਨੇ ਸੰਭਾਲ ਲਿਆ ਸੀ।
ਕੁਝ ਸਮੇਂ ਬਾਅਦ ਪਿੰਡ ਗਿਆ ਤਾਂ ਪਤਾ ਲੱਗਾ ਕਿ ਤਾਇਆ ਬੱਗਾ ਸਿੰਘ ਪੂਰੇ ਹੋ ਗਏ। ਲੱਗਾ ਕਿ ਸਾਡੀ ਨਿੱਕੀ ਜਹੀ ਬੀਹੀ ਵਿਚ ਧੀਮੀ ਤੋਰ ਤੁਰਨ ਵਾਲਾ ਇਕ ਸਾਈਂ ਲੋਕ ਜੀਵਨ ਯਾਤਰਾ ਪੂਰੀ ਕਰਕੇ ਤੁਰ ਗਿਆ ਹੋਵੇ ਜਿਸਦੀ ਕਰਮ-ਕੀਰਤੀ ਵਿਚੋਂ ਬਹੁਤ ਕੁਝ ਸਿਖਿਆ ਸੀ। ਉਸਨੇ ਦਰਸਾ ਦਿਤਾ ਕਿ ਵੱਡੇ ਮਹਿਲ-ਮੁਨਾਰਿਆਂ, ਵੱਡੀਆਂ ਜਗੀਰਾਂ ਅਤੇ ਆਪਣੇ ਸਕੇ ਭਰਾਵਾਂ ਦੇ ਵਿੱਤੀ ਸਹਿਯੋਗ ਤੋਂ ਬਿਨਾਂ ਵੀ ਇਕ ਸੰਤ-ਮਹਾਤਮਾ ਵਾਲੀ ਜ਼ਿੰਦਗੀ ਜੀਵੀ ਜਾ ਸਕਦੀ। ਜ਼ਿੰਦਗੀ ਜਿਹੜੀ ਹਰ ਇਕ ਲਈ ਮਿਸਾਲ ਵੀ ਸੀ ਕਿ ਸਧਾਰਨ ਜੀਵਨ ਸ਼ੈਲੀ ਹੀ ਸਾਡੇ ਸੁਖਨ-ਸੰਤੋਖ ਦਾ ਸਭ ਤੋਂ ਵੱਡਾ ਹਾਸਲ ਹੁੰਦਾ। ਜਾਇਦਾਦਾਂ ਕਦੇ ਵੀ ਤੁਹਾਨੂੰ ਉਹ ਸੁੱਖ ਨਹੀਂ ਦੇ ਸਕਦੀਆਂ ਜੋ ਤੁਹਾਡੇ ਸਧਾਰਨ ਖ਼ਿਆਲਾਂ ਅਤੇ ਆਮ ਲੋਕਾਂ ਵਰਗੀ ਸਧਾਰਨਤਾ ਤੁਹਾਨੂੰ ਅਸਧਾਰਨ ਬਣਾ ਦਿੰਦੀ ਹੈ। ਅਫਸੋਸ ਕਿ ਤਾਏ ਬੱਗਾ ਸੁੰਹ ਵਰਗੇ ਭਗਤ ਲੋਕ ਹੁਣ ਪਿੰਡਾਂ ਵਿਚੋਂ ਅਲੋਪ ਹੀ ਹੋ ਗਏ। ਸਦਾ ਲਈ ਤੁਰ ਗਏ ਭਲੇ ਲੋਕਾਂ ਦੀ ਅਹਿਮੀਅਤ ਨੂੰ ਬਹੁਤ ਘੱਟ ਲੋਕ ਪਛਾਣਦੇ ਹਨ। ਸ਼ਾਇਦ ਉਸਦਾ ਘੁੱਗ ਵੱਸਦਾ ਪਰਿਵਾਰ ਉਸ ਦੀਆਂ ਅਸੀਸਾਂ ਦਾ ਕਰਜ਼ਦਾਰ ਹੈ ਜਿਸਨੇ ਬਹੁਤ ਸਾਰੀਆਂ ਰਹਿਮਤਾਂ ਆਪਣੇ ਪਰਿਵਾਰ ਦੇ ਨਾਮ ਕੀਤੀਆਂ ਹਨ।
ਸਾਦਗੀ, ਸਮਰਪਣ ਅਤੇ ਸੰਤਮਈ ਸੁਭਾਅ ਵਾਲੇ ਤਾਏ ਬੱਗਾ ਸਿੰਘ ਨੂੰ ਯਾਦ ਕਰਦਿਆਂ ਉਸਦੀ ਤਸਵੀਰ, ਤੁਸੱਵਰ ਅਤੇ ਤਦਬੀਰਾਂ ਨੇ ਮੇਰੀਆਂ ਤਰਜੀਹਾਂ ਵਿਚ ਵੀ ਮਜੀਠੀ ਰੰਗ ਭਰਿਆ। ਇਹੀ ਉਸਨੂੰ ਸੁੱਚੀ ਅਤੇ ਸੱਚੀ ਅਕੀਦਤ ਹੈ।