ਸੰਪਾਦਕ ਦੀ ਡਾਕ

ਅਧੂਰਾ ਸੱਚ ਵੀ ਖਤਰਨਾਕ!
ਸੰਪਾਦਕ ਜੀ,
ਇਸ ਵਾਰ ਦੇ ‘ਪੰਜਾਬ ਟਾਈਮਜ਼’ ਵਿਚ ‘ਸਤਲੁਜ’ ਫਿਲਮ `ਤੇ ਲੱਗੇ ਬੈਨ ਬਾਰੇ ਆਮ ਚਰਚਾ ਹੈ।

ਕਈ ਇਸ ਬੈਨ ਨੂੰ ਸੱਚ ਦਬਾਉਣ ਦਾ ਯਤਨ ਦੱਸ ਰਹੇ ਹਨ ਅਤੇ ਬਾਕੀ ਕੁਝ ਇਸ `ਤੇ ਇਤਰਾਜ਼ ਕਰ ਰਹੇ ਹਨ ਕਿ ਇਸ ਵਿਚ ਦਿਖਾਇਆ ਸੱਚ ਇੱਕਤਰਫਾ ਹੈ। ਭਾਵ ਹਕੂਮਤ ਵੱਲੋਂ ਕੀਤਾ ਤਸ਼ੱਦਦ ਤਾਂ ਦਿਖਾ ਦਿੱਤਾ ਪਰ ਇਸ ਤਸ਼ੱਦਦ ਦਾ ਮੁੱਢ ਬੰਨ੍ਹਣ ਵਾਲਾ ਦਹਿਸ਼ਤਗਰਦੀ ਦਾ ਦੌਰ ਲੁਕੋ ਲਿਆ ਗਿਆ। ਜੇਕਰ ਸੱਚ ਸਾਮ੍ਹਣੇ ਲਿਆਉਣਾ ਹੀ ਹੈ ਤਾਂ ਦਹਿਸ਼ਤਗਰਦਾਂ ਵੱਲੋਂ ਕੀਤੇ ਅਣਮਨੁੱਖੀ ਕਾਰੇ ਕਿਉਂ ਨਜ਼ਰ-ਅੰਦਾਜ਼ ਕਰ ਦਿੱਤੇ ਗਏ। ਸੰਪਾਦਕ ਜੀ ਕੁਝ ਸਮਾਂ ਪਹਿਲਾਂ ‘ਪੰਜਾਬ ਟਾਈਮਜ਼’ ਦੇ ਇੱਕ ਅੰਕ ਵਿਚ ਪੰਜਾਬ ਦੇ ਕਾਲੇ ਦੌਰ ਵੇਲੇ ਦੀ ਇੱਕ ਘਟਨਾ ਦਾ ਜ਼ਿਕਰ ਛਪਿਆ ਸੀ ਜੋ ਇਸ ਘਟਨਾ ਨੂੰ ਨੇੜਿਉਂ ਜਾਨਣ ਵਾਲੇ ਕਿਸੇ ਸੱਜਣ ਨੇ ਲਿਖਿਆ ਸੀ। ਰਾਤ ਵੇਲੇ ਇੱਕ ਘਰ ਵਿਚ ਕੁਝ ਖਾੜਕੂ ਦਾਖਲ ਹੋ ਕੇ ਉਸ ਘਰ ਰਹਿੰਦੇ ਇੱਕ ਮਾਸਟਰ ਨੂੰ ਇਸ ਗੱਲ ਦੀ ਸਜ਼ਾ ਦੇਣਾ ਚਾਹੁੰਦੇ ਹਨ ਕਿ ਉਸ ਮਾਸਟਰ ਨੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਕਿਹਾ ਸੀ। ਮਾਸਟਰ ਦੀ ਘਰਵਾਲੀ ਦੇ ਤਰਲੇ ਅਤੇ ਮਾਸਟਰ ਦੁਆਰਾ ਮਾਫੀ ਮੰਗੇ ਜਾਣ ਦੇ ਬਾਵਜੂਦ ਉਹ ਬੇਰਹਿਮ ਦਹਿਸ਼ਤਗਰਦ ਮਾਸਟਰ ਨੂੰ ਪੱਖੇ ਨਾਲ ਉਲਟਾ ਲਟਕਾ ਸਿਰ ਥੱਲੇ ਅੱਗ ਬਾਲ ਪਤਨੀ ਦੇ ਸਾਮ੍ਹਣੇ ਉਸ ਨੂੰ ਜਿਉਂਦਾ ਸਾੜ ਦਿੰਦੇ ਹਨ। ਹੋ ਸਕੇ ਤਾਂ ਸੰਪਾਦਕ ਜੀ ਉਸ ਲਿਖਤ ਨੂੰ ਦੁਬਾਰਾ ਛਾਪਣ ਦੀ ਖੇਚਲ ਕਰਨਾ ਕਿਉਂਕਿ ਇਹ ਵੀ ਇਸ ਫਿਲਮ ਦਾ ਇੱਕ ਹਿੱਸਾ ਬਣਨੀ ਚਾਹੀਦੀ ਹੈ ਜੋ ਸੱਚ ਨਾਲ ਰੂਬਰੂ ਹੋਣ ਵਾਲਿਆਂ ਲਈ ਬੜੀ ਮਹੱਤਵਪੂਰਣ ਹੋ ਸਕਦੀ ਹੈ। ਪਿੱਛੇ ਜਿਹੇ ਇੱਕ ਸਕੂਲੀ ਬੱਚੇ ਨੇ ਆਪਣੀ ਅਧਿਆਪਕਾ ਨੂੰ ਦੱਸਿਆ ਕਿ ਇੰਦਰਾ ਗਾਂਧੀ ਨੇ ਅਕਾਲ ਤਖ਼ਤ ਢਾਇਆ ਸੀ। ਬੱਚੇ ਨੂੰ ਅਧੂਰੀ ਜਾਣਕਾਰੀ ਦੇ ਕੇ ਅਸੀਂ ਅਗਲੀ ਪੀੜ੍ਹੀ ਦਾ ਕੁਝ ਸੁਆਰ ਨਹੀਂ ਸਕਦੇ ਬਲਕਿ ਵਿਗਾੜਨ ਵੱਲ ਜ਼ਿਆਦਾ ਆਮਾਦਾ ਹਾਂ। ਸੱਚ ਜ਼ਰੂਰ ਸਾਮ੍ਹਣੇ ਆਉਣਾ ਚਾਹੀਦਾ ਹੈ ਪਰ ਅਧੂਰਾ ਅਤੇ ਇੱਕਪਾਸੜ ਨਹੀਂ। ਧੰਨਵਾਦ!-ਹਰਜੀਤ ਦਿਉਲ