ਦਰਬਾਰ ਸਾਹਿਬ ਸਮੂਹ ਵਿਚ ਫਿਲਮਾਂ ਦੀ ਸ਼ੂਟਿੰਗ ‘ਤੇ ਰੋਕ

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਫਿਲਮ ਦੀ ਸ਼ੂਟਿੰਗ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਲਿਆ ਗਿਆ ਹੈ। ਇਸ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਧਾਰਮਿਕ ਫਿਲਮ ਵਾਸਤੇ ਸ਼ੂਟਿੰਗ ਦੀ ਜ਼ਰੂਰਤ ਪਵੇ ਤਾਂ ਫਿਲਮਕਾਰਾਂ ਨੂੰ ਇਸ ਦੀ ਲਿਖਤੀ ਆਗਿਆ ਪ੍ਰਧਾਨ ਸ਼੍ਰੋਮਣੀ ਕਮੇਟੀ ਕੋਲੋਂ ਲੈਣੀ ਪਵੇਗੀ। ਸਿੰਘ ਸਾਹਿਬ ਨੇ ਬੀਤੇ ਦਿਨੀਂ ਹੈਰੋਇਨ ਤੇ ਸਿੰਥੈਟਿਕ ਨਸ਼ਿਆਂ ਦੇ ਸੰਗੀਨ ਕੇਸ ਵਿਚ ਫੜੇ ਗਏ ਅਕਾਲੀ ਆਗੂ ਮਨਿੰਦਰ ਸਿੰਘ ਬਿੱਟੂ ਔਲਖ ਤੇ ਹੋਰਨਾਂ ਬਾਰੇ ਕਿਹਾ ਕਿ ਇਹ ਉਸ ਲਈ ਲਾਹਨਤ ਹੈ ਕਿ ਉਸ ਵੱਲੋਂ ਏਡਾ ਵੱਡਾ ਕਾਰਾ ਕੀਤਾ ਗਿਆ। ਸਿੰਘ ਸਾਹਿਬ ਨੇ ਕਿਹਾ ਕਿ ਇਹ ਵੀ ਅਹਿਮ ਗੱਲ ਹੈ ਕਿ ਉਸ ਨੂੰ ਅਕਾਲੀ ਸਰਕਾਰ ਨੇ ਹੀ ਕਾਬੂ ਕਰਕੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ ਅਤੇ ਅਜਿਹੇ ਨਸ਼ਿਆਂ ਦੇ ਵਪਾਰੀਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜੋ ਪਾਰਟੀ ਨੂੰ ਬਦਨਾਮ ਕਰਦੇ ਹਨ।
ਸਿੰਘ ਸਾਹਿਬ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਕਿ ਉਹ ਇਸ ਬਾਰੇ ਮੁਕੰਮਲ ਰਿਪੋਰਟ ਤਿਆਰ ਕਰੇ। ਸਿੰਘ ਸਾਹਿਬ ਨੇ ਕਿਹਾ ਕਿ ਬਹੁਤ ਵੱਡਾ ਧੱਕਾ ਹੈ ਕਿ ਜਿਹੜੇ ਸਿੱਖ ਨੌਜਵਾਨ ਸਜ਼ਾ ਭੁਗਤ ਚੁੱਕੇ ਹਨ, ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਗੁਰਦੁਆਰਾ ਗਿਆਨ ਗੋਦੜੀ ਬਾਰੇ ਸਿੰਘ ਸਾਹਿਬ ਕਿਹਾ ਕਿ ਇਹ ਵੀ ਗੰਭੀਰ ਮਸਲਾ ਹੈ ਜੋ ਆਪਸੀ ਇਤਫ਼ਾਕ ਨਾਲ ਹੀ ਪਲੇਟਫਾਰਮ ‘ਤੇ ਇਕੱਠੇ ਹੋ ਕੇ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਤਰਾਖੰਡ ਦੀ ਸਰਕਾਰ ਨਾਲ ਗੱਲਬਾਤ ਬੀਤੇ ਸਮੇਂ ਵਿਚ ਕੀਤੀ ਗਈ ਹੈ ਪਰ ਇਸ ਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ। ਉਨ੍ਹਾਂ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਸਾਥੀਆਂ ‘ਤੇ ਮਾਰਚ ਦੌਰਾਨ ਲਾਠੀਚਾਰਜ ਦੀ ਨਿਖੇਧੀ ਕੀਤੀ।
ਸਿੰਘ ਸਾਹਿਬ ਨੇ ਦੱਸਿਆ ਕਿ ਦਲ ਖ਼ਾਲਸਾ ਵੱਲੋਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦੀ ਯਾਦਗਾਰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਬਣਾਉਣ ਦੀ ਮੰਗ ਦਾ ਯਾਦ-ਪੱਤਰ ਪ੍ਰਾਪਤ ਹੋਇਆ ਹੈ। ਉਸ ‘ਤੇ ਸਿੰਘ ਸਾਹਿਬਾਨ ਦੀ ਅਗਲੀ ਮੀਟਿੰਗ ਵਿਚ ਵਿਚਾਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਗੁਰੂ ਘਰ ਵਿਚ ਆਉਣ, ਗੁਰੂ ਸਾਹਿਬ ਨੂੰ ਨਮਸਕਾਰ ਕਰਨ ਤੇ ਗੁਰਬਾਣੀ ਸੁਣਨ ਤੋਂ ਕਿਸੇ ਵੀ ਜਗਿਆਸੂ, ਸਤਸੰਗੀ, ਗੁਰਮੁਖ ਪ੍ਰੇਮੀ ‘ਤੇ ਪ੍ਰਬੰਧਕਾਂ ਵੱਲੋਂ ਪਾਬੰਦੀ ਨਾ ਲਾਈ ਜਾਵੇ।
ਸਿੰਘ ਸਾਹਿਬ ਨੇ ਆਦੇਸ਼ ਦਿੱਤਾ ਕਿ ਨਗਰ ਕੀਰਤਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪੰਜ ਪਿਆਰੇ, ਫਿਰ ਪੰਜ ਨਿਸ਼ਾਨਚੀ, ਇਸ ਤੋਂ ਅੱਗੇ ਨਿਗਾਰਚੀ ਤੇ ਉਸ ਤੋਂ ਅੱਗੇ ਗੱਤਕੇ ਵਾਲੇ ਚੱਲਣ। ਇਸ ਤੋਂ ਬਿਨਾ ਬਾਕੀ ਸਾਰੀ ਸੰਗਤ ਸਤਿਗੁਰਾਂ ਦੀ ਪਾਲਕੀ ਦੇ ਪਿੱਛੇ-ਪਿੱਛੇ ਸ਼ਬਦ ਗਾਉਂਦੇ ਚੱਲਣ। ਸਿੰਘ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਹਰ ਜੇਲ੍ਹ ਅੰਦਰ ਅੰਮ੍ਰਿਤ ਸੰਚਾਰ ਤੇ ਗੁਰਮਤਿ ਦੇ ਪ੍ਰਚਾਰ ਲਈ ਪੰਜ ਪਿਆਰੇ ਤੇ ਪ੍ਰਚਾਰਕ ਭੇਜਣ ਲਈ ਉਪਰਾਲਾ ਕਰੇ। ਇਸ ਮੀਟਿੰਗ ਵਿਚ ਇਹ ਫੈਸਲਾ ਲੈਂਦਿਆਂ ਆਦੇਸ਼ ਦਿੱਤਾ ਕਿ ਗੁਰੂ ਸਾਹਿਬ ਦੇ ਅਦਬ ਨੂੰ ਮੁੱਖ ਰੱਖਦਿਆਂ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਤਿਗੁਰਾਂ ਦੀ ਹਜ਼ੂਰੀ ਤੋਂ ਬਾਹਰ ਵਰਾਂਡੇ ਵਿਚ ਲੋੜ ਮੁਤਾਬਕ ਬੈਂਚ ਲਾਏ ਜਾਣ ਤੇ ਉਥੇ ਸਕਰੀਨ ਦਾ ਪ੍ਰਬੰਧ ਕੀਤਾ ਜਾਵੇ। ਗੁਰਦੁਆਰਾ ਕਮੇਟੀਆਂ, ਜੋ ਗੁਰਦੁਆਰਾ ਸਾਹਿਬ ਦੇ ਸਮੁੱਚੇ ਪ੍ਰਬੰਧ ਦੀ ਦੇਖ-ਰੇਖ ਕਰਦੀਆਂ ਹਨ, ਉਨ੍ਹਾਂ ਕਮੇਟੀਆਂ ਵਿਚ ਮੈਂਬਰ ਸਿਰਫ਼ ‘ਜਿਨ੍ਹਾਂ ਮੈਂਬਰਾਂ ਦੇ ਨਾਂਅ ਪਿੱਛੇ ਸਿੰਘ ਲਗਦਾ ਹੈ’ ਸਾਬਤ ਸੂਰਤ ਤੇ ਅੰਮ੍ਰਿਤਧਾਰੀ ਹੀ ਹੋ ਸਕਦੇ ਹਨ।

Be the first to comment

Leave a Reply

Your email address will not be published.