ਸੁਰਿੰਦਰ ਗੀਤ
ਰਾਖੀ ਨੂੰ ਹੋਸ਼ ਆ ਗਈ….. ਸਭ ਨੇ ਸੁਖ ਦਾ ਸਾਹ ਲਿਆ।
ਉਹ ਪਿੰਡ ਦੀ ਨੂੰਹ ਸੀ। ਜਦੋਂ ਵਿਆਹੀ ਆਈ ਸੀ ਤਾਂ ਸਾਰੇ ਪਿੰਡ ਵਿਚ ਉਸਦੇ ਸੁਹੱਪਣ ਦੀ ਚਰਚਾ ਹੋਈ। ਜਿਵੇਂ-ਜਿਵੇਂ ਉਸ ਬਾਰੇ ਪਤਾ ਲੱਗਿਆ ਜ਼ਿਮੀਂਦਾਰ ਸਰਦਾਰਨੀਆਂ ਨੇ ਕਿਸੇ ਨਾ ਕਿਸੇ ਬਹਾਨੇ ਵਿਹੜੇ ਜਾ ਕੇ ਉਸ ਨੂੰ ਦੇਖਿਆ।
ਅੰਮਾਂ ਭਾਗੋ ਕਹਿਣ ਲੱਗੀ, ‘ਅੜਿਆ ਬਲਾਂ ਸੋਹਣੀ ਆ। ਲੱਗਦੀ ਨੀ ਉਹ ਏਸ ਜਾਤ ਦੀ। ਉਹ ਤਾਂ ਜੱਟੀਆਂ ਤੋਂ ਵੀ ਸੋਹਣੀ ਆ। ਗੋਰਾ ਚਿੱਟਾ ਰੰਗ, ਉੱਚੀ ਲੰਮੀ, ਚਿੱਤ ਕਰਦਾ ਦੇਖੀ ਜਾਈਏ। ਮੈਂ ਤਾਂ ਪੂਰੇ ਦਸ ਰੁਪਏ ਸ਼ਗਨ ਦਿੱਤਾ।’
ਚਾਚੀ ਮਿੰਦਰ ਕੌਰ ਵਿਚੋਂ ਹੀ ਬੋਲ ਪਈ, ‘ਇਕੱਲੀ ਸ਼ਕਲ ਦੀ ਈ ਸੋਹਣੀ ਨੀ…।’ ਤੁਸੀਂ ਤਾਂ ਭੈਣੇ ਜਾਣ ਲੱਗੀਆਂ ਨੇ ਮੈਨੂੰ ਦੱਸਿਆ ਈ ਨੀ। ਹਾਰ ਕੇ ਮੈਂ ਇਕੱਲੀ ਈ ਚਲੀ ਗਈ। ਨੀ ਉਹਨੇ ਤਾਂ ਮਿੰਟਾਂ ’ਚ ਭਾਂਡੇ ਮਾਂਜ ਕੇ ਰੱਖ ’ਤੇ। ਚੁੰਨੀ ਦੀ ਬੁੱਕਲ ਇਉਂ ਮਾਰਦੀ ਆ ਜਿਵੇਂ ਮਹਾਰਾਣੀ ਹੋਵੇ। ਹਾਂਜੀ-ਹਾਂਜੀ ਕਰਦੀ ਦੇ ਮੂੰਹੋਂ ਫੁੱਲ ਕਿਰਦੇ ਆ।’
‘ਭਾਬੀ ਆਪਣੇ ਪਿੰਡ ’ਚ ਉਹਦੇ ਵਰਗੇ ਦੰਦ ਨੀ ਕਿਸੇ ਦੇ। ਜਿਵੇਂ ਚਿੱਟੇ ਮੋਤੀਆਂ ਦੀ ਲੜੀ ਹੋਵੇ।’ ਕਾਲਜ ਤੋਂ ਆਈ ਕਮਲ ਨੇ ਸਾਈਕਲ ਖੜ੍ਹਾ ਕਰਦਿਆਂ ਕਿਹਾ।
‘ਹਾਂ ਅੰਮਾਂ ਜੀ! ਚਰਨੇ ਦੀ ਤਾਂ ਕਿਸਮਤ ਈ ਨਰਾਲੀ ਐ। ਆਪ ਤਾਂ ਨਜ਼ਰ ਵੱਟੂ ਈ ਲੱਗਦੈ! ਵਹੁਟੀ ਹੀਰ-ਸਲੇਟੀ ਲੈ ਆਇਆ!’
ਵਿਚੋਂ ਹੀ ਕਮਲ ਨਾਲ ਆਈ ਪਾੜ੍ਹੀ ਕੁੜੀ ਬਿੰਦਰ ਬੋਲੀ, ‘ਤਾਈ! ਉਹ ਹੀਰ ਵਰਗੀ ਨਹੀਂ, ਉਹ ਹੀਰ ਈ ਆ। ਪਰ ਚਰਨਾ ਰਾਂਝਾ ਨੀ ਹੈਗਾ।’
ਸਾਰੀਆਂ ਹੱਸ ਪਈਆਂ। ਇਸ ਤੋਂ ਬਾਦ ਪਿੰਡ ਦੀਆਂ ਬਹੁਤੀਆਂ ਔਰਤਾਂ ਨੇ ਉਸ ਨੂੰ ਹੀਰ ਹੀ ਕਹਿਣਾ ਸ਼ੁਰੂ ਕਰ ਦਿੱਤਾ।
‘ਆਹੋ ਪੁੱਤ! ਚਰਨੇ ਨੂੰ ਤਾਂ ਪੋਸਤ ਭੁੱਕੀ ਤੋਂ ਵੇਹਲ ਨਹੀਂ। ਕਮਾਈ ਘੱਟ ਤੇ ਖਰਚ ਵੱਧ ਕਰਦਾ ਆ। ਇਹਨੂੰ ਵਿਚਾਰੀ ਨੂੰ ਈ ਜੱਟਾਂ ਦੇ ਗੋਹਾ ਕੂੜਾ ਕਰਨਾ ਪੈਣਾ…ਸਾਰੀ ਉਮਰ ਵੱਟਾਂ ਤੋਂ ਘਾਹ ਘੋਤਦੀ ਫਿਰੂ!’ ਅੰਮਾਂ ਭਾਗੋ ਨੇ ਖਿੱਚਵਾਂ ਸਾਹ ਲੈਂਦਿਆਂ ਕਿਹਾ।
‘ਮੱਥਾ ਟੇਕਦੀ ਅੰਮਾਂ ਜੀ’ ਕਹਿ ਕੇ ਸਿਰ ਤੋਂ ਖ਼ਾਲੀ ਟੋਕਰਾ ਥੱਲੇ ਕਰਦਿਆਂ ਭਾਬੀ ਕਮਲਜੀਤ ਬੋਲੀ, ‘ਅੰਮਾ ਜੀ, ਏਸ ਪਿੰਡ ’ਚ ਸਾਰੀਆਂ ਹੀ ਸੋਹਣੀਆਂ ਆਉਂਦੀਆਂ। ਤੁਹਾਡੇ ਮੁੰਡੇ ਹੀ ਕਾਣੇ-ਮੀਣੇ ਆ। ਪਤਾ ਨੀ ਕਿਹੜੇ ਮੋਤੀ ਪੁੰਨ ਕੀਤੇ ਆ ਤੁਹਾਡੇ ਮੁੰਡਿਆਂ ਦੀਆਂ ਮਾਵਾਂ ਨੇ।’
ਅੰਮਾ ਭਾਗੋ ਨੇ ਭਾਬੀ ਕਮਲਜੀਤ ਨੂੰ ਆਸੀਸ ਦਿੱਤੀ ਤੇ ਬੋਲੀ ,’ਬਹੂ! ਗੱਲ ਤਾਂ ਤੇਰੀ ਸੱਚੀ ਆ। ਮੈਂ ਤਾਂ ਆਪ ਬਲਾਂ ਸੋਹਣੀ ਸੀ, ਜਦੋਂ ਵਿਆਹੀ ਆਈ ਸੀ।’
ਸਾਰੀਆਂ ਖਿੜਖਿੜਾ ਕੇ ਹੱਸਣ ਲੱਗ ਪਈਆਂ।
‘ਨੀ! ਉਹਦਾ ਤਾਂ ਨਾਂ ਹੀ ਬਾਹਲਾ ਸੋਹਣਾ ਹੈ।’ ਤਾਈ ਅਮਰੋ ਨੇ ਮੰਜੇ ਨੂੰ ਧੁੱਪੇ ਖਿੱਚਦਿਆਂ ਕਿਹਾ।
ਪਾੜ੍ਹੀ ਕੁੜੀ ਬੋਲੀ, ‘ਤਾਈ! ਸ਼ਹਿਰਾਂ ’ਚ ਏਸੇ ਤਰ੍ਹਾਂ ਦੇ ਨਾਂ ਰੱਖਦੇ ਆ। ਰਾਖੀ ਨਾਂ ਹੈ ਉਹਦਾ। ਐਵੇਂ ਨਾ ਰੱਖੀ ਰੱਖੀ ਕਹਿਣ ਲੱਗ ਜਾਇਓ।’
ਸਾਰੀਆਂ ਨੂੰ ਰਾਖੀ ਨਾਂ ਬਹੁਤ ਸੋਹਣਾ ਲੱਗਿਆ।
ਚਰਨਾ ਆਪਣੀ ਵਹੁਟੀ ਨੂੰ ਲੁਕੋ-ਲੁਕੋ ਕੇ ਰੱਖਦਾ। ਉਸ ਨੂੰ ਪਤਾ ਸੀ ਕਿ ਰਾਖੀ ਦੇ ਹੁਸਨ ਦੇ ਚਰਚੇ ਸਾਰੇ ਪਿੰਡ ’ਚ ਨੇ। ਉਹ ਗੁਜ਼ਾਰੇ ਲਈ ਪਹਿਲਾਂ ਨਾਲੋਂ ਕੰਮ ਵੀ ਜ਼ਿਆਦਾ ਕਰਨ ਲੱਗ ਪਿਆ ਸੀ। ਆਪਣੀ ਬੇਬੇ ਨੂੰ ਇਕ ਦਿਨ ਉਸਨੇ ਆਖ ਹੀ ਦਿੱਤਾ, ‘ਬੇਬੇ, ਤੂੰ ਆਪ ਹੀ ਔਖੀ-ਸੌਖੀ ਹੋ ਕੇ ਹੱਟੀ ਤੋਂ ਸੌਦਾ-ਪੱਤਾ ਲੈ ਆਇਆ ਕਰ, ਰਾਖੀ ਨੂੰ ਨਾ ਭੇਜਿਆ ਕਰ। ਪਿੰਡ ਦੀ ਮੰਡੀਰ ਨੇ ਤਾਂ ਦੇਖਣਾ ਈ ਆ, ਸਾਲੇ ਬੁੱਢੇ ਵੀ ਅੱਖਾਂ ਪਾੜ-ਪਾੜ ਵੇਂਹਦੇ ਆ। ਹੀਰ-ਹੀਰ ਕਰਦੇ ਰਹਿੰਦੇ ਆ।’
ਰਾਖੀ ਘੱਟ-ਵੱਧ ਹੀ ਘਰੋਂ ਨਿਕਲਦੀ। ਗਰੀਬੀ ਦਾਵ੍ਹੇ ਦਾ ਚੁੱਲ੍ਹਾ ਚੌਂਕਾ ਸਾਂਭ ਛੱਡਦੀ, ਵਿਹੜੇ ’ਚ ਬਹੁਕਰ ਮਾਰ ਲੈਂਦੀ, ਲੀੜੇ ਧੋ ਲੈਂਦੀ ਤੇ ਵਿਹਲੇ ਵੇਲੇ ਪੀੜ੍ਹੀਆਂ ਬੁਣ ਲੈਂਦੀ। ਬੈਠਣ ਵਾਲੀਆਂ ਛੋਟੀਆਂ-ਛੋਟੀਆਂ ਪੀੜ੍ਹੀਆਂ ਚਰਨਾ ਮੋਗੇ ਜਾ ਕੇ ਵੇਚ ਆਉਂਦਾ।
ਤੇ ਫਿਰ ਅਚਾਨਕ ਚਰਨੇ ਦੀ ਬੇਬੇ ਬੀਮਾਰ ਪੈ ਗਈ। ਕਿਸੇ ਨਾਮੁਰਾਦ ਬੀਮਾਰੀ ਨੇ ਘੇਰ ਲਈ। ਉਹ ਮਾਂ ਨੂੰ ਆਪਣੇ ਮਾਮੇ ਕੋਲ ਲੁਧਿਆਣੇ ਲੈ ਗਿਆ। ਉਨ੍ਹਾਂ ਨੇ ਸੋਚਿਆ ਕਿ ਓਥੇ ਉਸਦੀ ਦਵਾ-ਦਾਰੂ ਚੰਗੀ ਹੋ ਜੂ। ਪਿੰਡ ਵਿਚ ਤਾਂ ਕੋਈ ਸਹੂਲਤ ਹੀ ਹੈ ਨੀ। ਸ਼ਹਿਰ ’ਚ ਚਰਨਾ ਤੇ ਰਾਖੀ ਕਿਸੇ ਫੈਕਟਰੀ ਵਿਚ ਕੰਮ ਕਰ ਲੈਣਗੇ। ਚਰਨੇ ਦਾ ਮਾਮਾ ਆਪ ਵੀ ਤਾਂ ਧਾਗਿਆਂ ਆਲੀ ਫੈਕਟਰੀ ਵਿਚ ਕੰਮ ਕਰਦਾ ਆ। ਓਥੇ ਹੀ ਫੋਰਮੈਨ ਨੂੰ ਕਹਿ-ਕਹਾ ਕੇ ਦੋਨਾਂ ਨੂੰ ਲਵਾ ਲੂਗਾ।
ਤਿੰਨੇ ਜਣੇ ਲੁਧਿਆਣੇ ਚਲੇ ਗਏ। ਛੋਟਾ ਜਿਹਾ ਕਿਰਾਏ ਦਾ ਕਮਰਾ ਮਿਲ ਗਿਆ। ਬੇਬੇ ਦੀ ਦਵਾ ਦਾਰੂ ਚਲਦੀ ਰਹੀ। ਭਾਰਤ ਵਰਗੇ ਮੁਲਕਾਂ ਵਿਚ ਗਰੀਬ ਨੂੰ ਇਲਾਜ ਕਰਵਾਉਣਾ ਕਿਹੜਾ ਸੌਖਾ ਆ! ਸਭ ਤੋਂ ਵੱਡੇ ਲੁਟੇਰੇ ਡਾਕਟਰ ਹੀ ਬਣੇ ਬੈਠੇ ਆ। ਖ਼ੈਰ! ਚਰਨੇ ਦੀ ਬੇਬੇ ਚਾਰ-ਪੰਜ ਸਾਲਾਂ ਦੀ ਗੰਭੀਰ ਬੀਮਾਰੀ ਭੋਗ ਕੇ ਰੱਬ ਨੂੰ ਪਿਆਰੀ ਹੋ ਗਈ। ਉਹ ਬੇਸ਼ਕ ਸ਼ਹਿਰ ’ਚ ਜਾ ਵਸੀ ਸੀ ਪਰ ਉਸਦਾ ਓਥੇ ਜੀਅ ਨਹੀਂ ਸੀ ਲੱਗਿਆ। ਉਹ ਹਰ ਵੇਲੇ ਪਿੰਡ ਦੀਆਂ ਰਾਹਾਂ ਵੱਲ ਦੇਖਦੀ ਰਹਿੰਦੀ ਤੇ ਮਰਨ ਤੋਂ ਇਕ ਦਿਨ ਪਹਿਲਾਂ ਚਰਨੇ ਨੂੰ ਕਹਿ ਗਈ, ‘ਪੁੱਤ! ਮੇਰਾ ਸਸਕਾਰ ਪਿੰਡ ਕਰੀਂ। ਏਥੋਂ ਦੇ ਮੁਰਦਿਆਂ ਨੇ ਮੈਨੂੰ ਆਪਣੇ ਸੰਗ ਨੀ ਰਲਾਉਣਾ।’
ਸੋ ਬੇਬੇ ਨਾਲ ਕੀਤੇ ਵਾਅਦੇ ਮੁਤਾਬਕ ਚਰਨਾ ਬੇਬੇ ਦੀ ਲਾਸ਼ ਪਿੰਡ ਲੈ ਆਇਆ। ਭੋਗ ਤੋਂ ਬਾਦ ਚਰਨੇ ਦਾ ਵੀ ਜੀਅ ਨਾ ਕੀਤਾ ਪਿੰਡ ਛੱਡ ਕੇ ਜਾਣ ਨੂੰ। ਜਿੰਨਾ ਕੁ ਸ਼ਹਿਰ ‘ਚੋਂ ਕਮਾਇਆ ਸੀ ਉਹ ਬੇਬੇ ਦੀ ਦਵਾ-ਦਾਰੂ ’ਤੇ ਲੱਗ ਗਿਆ। ਰਾਖੀ ਦੇ ਇਕ ਕੁੜੀ ਹੋਈ ਤੇ ਹੋਣ ਸਾਰ ਹੀ ਮੁੱਕ ਗਈ। ਉਸ ਤੋਂ ਬਾਦ ਉਸਦੀ ਕੁੱਖ ਹਰੀ ਨਾ ਹੋਈ। ਡਾਕਟਰ ਨੇ ਜਵਾਬ ਦੇ ਦਿੱਤਾ ਕਿ ਹੁਣ ਉਹ ਕਦੇ ਵੀ ਮਾਂ ਨਹੀਂ ਬਣ ਸਕਦੀ। ਸ਼ਹਿਰ ਜਾਣਾ ਵੀ ਕਾਹਦੇ ਲਈ ਸੀ। ਕਿਸੇ ਕਿਸਮ ਦਾ ਹੌਸਲਾ ਬਾਕੀ ਨਹੀਂ ਸੀ ਰਿਹਾ।
ਭੋਗ ਮਗਰੋਂ ਇਕ ਦਿਨ ਰਾਖੀ ਪਿੰਡ ਦੀ ਹੱਟੀ ’ਤੇ ਖੜ੍ਹੀ ਸੀ। ਬਚਿੱਤਰ ਸਿੰਘ ਦੀ ਨਿਗਾਹ ਰਾਖੀ ’ਤੇ ਪੈ ਗਈ। ਉਹ ਪਿੰਡ ਦਾ ਮੋਟਾ ਜ਼ਿਮੀਂਦਾਰ ਸੀ। ਖੁੱਲ੍ਹੀ ਜ਼ਮੀਨ-ਜਾਇਦਾਦ ਤੇ ਉਹਦਾ ਮੁੰਡਾ ਕਈ ਸਾਲਾਂ ਤੋਂ ਕੈਨੇਡਾ ਰਹਿੰਦਾ ਸੀ। ਪੱਕਾ ਸੀ ਓਥੇ। ਬਚਿੱਤਰ ਸਿਉਂ ਆਪ ਵੀ ਕਈ ਸਾਲਾਂ ਤੋਂ ਕੈਨੇਡਾ ਜਾਣ-ਜਾਣ ਕਰਦਾ। ਕਿੰਨੇ ਹੀ ਚਿਰ ਤੋਂ ਉਹਦੇ ਕੈਨੇਡਾ ਰਹਿੰਦੇ ਪੁੱਤ ਨੇ ਆਪਣੇ ਮਾਂ-ਪਿਉ, ਛੋਟੇ ਭਰਾ ਤੇ ਇਕ ਭੈਣ ਦੀ ਕੈਨੇਡਾ ਵਾਸਤੇ ਚਿੱਠੀ ਭਰੀ ਵੀ ਸੀ।
ਜਿਉਂ ਹੀ ਬਚਿੱਤਰ ਸਿੰਘ ਨੇ ਰਾਖੀ ਨੂੰ ਦੇਖਿਆ ਤਾਂ ਦੇਖਦਾ ਹੀ ਰਹਿ ਗਿਆ। ਮਨ ’ਚ ਖ਼ਿਆਲ ਆਇਆ ਕਿ ਕਿਉਂ ਨਾ ਇਹਨੂੰ ਤੇ ਇਹਦੇ ਆਦਮੀ ਨੂੰ ਪੱਕੇ ਤੌਰ ’ਤੇ ਘਰ ਵਿਚ ਨੌਕਰ ਰੱਖ ਲਿਆ ਜਾਵੇ। ਪਹਿਲਾਂ ਇਨ੍ਹਾਂ ਦੀ ਵੱਡੀ ਬੁੜ੍ਹੀ ਅੜਿੱਕਾ ਸੀ। ਉਹ ਹੁਣ ਤਾਂ ਮੈਦਾਨ ਸਾਫ਼ ਹੈ। ਮਰ ਗਈ, ਮਗਰੋਂ ਲੱਥੀ।
ਸੋ, ਉਸਨੇ ਬਿਨਾ ਵਕਤ ਗਵਾਏ ਚਰਨੇ ਦੇ ਘਰ ਦਾ ਦਰਵਾਜ਼ਾ ਜਾ ਖੜਕਾਇਆ। ਮਨ ਹਰਾਮੀ ਸੀ, ਇਸ ਕਰਕੇ ਆਪ ਹੀ ਕੰਮੀਆਂ ਦੇ ਵਿਹੜੇ ਜਾਣਾ ਬਿਹਤਰ ਸਮਝਿਆ। ਜੇ ਕਿਸੇ ਨੌਕਰ ਨੂੰ ਭੇਜਦਾ ਤਾਂ ਸ਼ਾਇਦ ਜਵਾਬ ਮਿਲ ਜਾਂਦਾ।
ਚਰਨਾ ਤੇ ਰਾਖੀ ਹੁਣ ਬਚਿੱਤਰ ਸਿੰਘ ਦੇ ਘਰ ਪੱਕੇ ਨੌਕਰ ਲੱਗ ਗਏ। ਚਰਨਾ ਖੇਤੀਬਾੜੀ ਕਰਦਾ ਤੇ ਰਾਖੀ ਘਰ ਦਾ ਗੋਹਾ-ਕੂੜਾ ਤੇ ਹੋਰ ਸਾਫ਼-ਸਫ਼ਾਈ ਦਾ ਕੰਮ ਕਰ ਦਿੰਦੀ। ਹੌਲ਼ੀ-ਹੌਲ਼ੀ ਉਨ੍ਹਾਂ ਨੇ ਚੌਂਕੇ ਵਿਚ ਵੀ ਵਾੜਨਾ ਸ਼ੁਰੂ ਕਰ ਦਿੱਤਾ ਤੇ ਰੋਟੀ-ਟੁੱਕ ਦਾ ਕੰਮ ਲੈਣ ਲੱਗ ਪਏ। ਬਚਿੱਤਰ ਸਿਉਂ ਉਨ੍ਹਾਂ ’ਤੇ ਏਨਾ ਮਿਹਰਬਾਨ ਹੋ ਗਿਆ ਕਿ ਆਪਣੇ ਘਰ ਦੀ ਵਸੋਂ ਤੋਂ ਦੂਰ ਮਸ਼ੀਨਰੀ ਰੱਖਣ ਲਈ ਪਾਏ ਬਰਾਂਡੇ ’ਚ ਪਾਇਆ ਇਕ ਕਮਰਾ ਚਰਨੇ ਤੇ ਰਾਖੀ ਨੂੰ ਰਹਿਣ ਲਈ ਦੇ ਦਿੱਤਾ। ਹੁਣ ਦੋਵੇਂ ਜਣੇ ਉਨ੍ਹਾਂ ਦਾ ਕੰਮ ਕਰਦੇ, ਓਥੋਂ ਹੀ ਖਾਂਦੇ-ਪੀਂਦੇ ਤੇ ਓਥੇ ਹੀ ਰਹਿੰਦੇ।
ਦਿਨਾਂ ਵਿਚ ਹੀ ਬਚਿੱਤਰ ਸਿੰਘ ਨੇ ਰਾਖੀ ਨਾਲ ਨੇੜਤਾ ਵਧਾ ਲਈ। ਉਹ ਉਸਦਾ ਮਾਨਸਿਕ ਤੇ ਜਿਸਮਾਨੀ ਸ਼ੋਸ਼ਣ ਕਰਨ ਲੱਗ ਪਿਆ। ਜਦੋਂ ਵੀ ਮੌਕਾ ਮਿਲਦਾ ਰਾਖੀ ਨੂੰ ਇਕੱਲੀ ਦੇਖ ਕੇ ਆਪਣੀ ਹਵਸ ਪੂਰੀ ਕਰ ਲੈਂਦਾ। ਚਰਨੇ ਨੂੰ ਜ਼ਿਆਦਾਤਰ ਖੇਤ ਵਿਚ ਹੀ ਉਲਝਾਈ ਰੱਖਦਾ।
ਰਾਖੀ ਨੂੰ ਬਚਿੱਤਰ ਸਿੰਘ ਨੇ ਏਥੋਂ ਤਕ ਕਹਿ ਦਿੱਤਾ ਕਿ ਉਹ ਉਸਨੂੰ ਬਹੁਤ ਪਿਆਰ ਕਰਦਾ ਆ… ਉਸ ਬਿਨਾ ਰਹਿ ਨੀ ਸਕਦਾ। ਕੈਨੇਡਾ ਜਾ ਕੇ ਉਹ ਉਸਦਾ ਅਪਲਾਈ ਕਰ ਦੂ। ਨਵਾਂ ਕਾਨੂੰਨ ਬਣਨ ਈ ਵਾਲਾ ਆ। ਉਹ ਵੀ ਓਥੇ ਜਾ ਕੇ ਐਸ਼ ਕਰੇਗੀ, ਐਸ਼!
ਇਕ ਦਿਨ ਰਾਖੀ ਨੇ ਪੁੱਛ ਹੀ ਲਿਆ, ‘ਸਰਦਾਰਾ! ਓਥੇ ਜਾ ਕੇ ਮੈਂ ਕੀ ਕਰੂੰਗੀ?’
ਬਚਿੱਤਰ ਸਿਉਂ ਸ਼ਰਾਰਤੀ ਹਾਸਾ ਹੱਸਦਿਆਂ ਕਹਿਣ ਲੱਗਾ, ‘ਓਥੇ ਬਹੁਤ ਕੁਝ ਹੈ ਕਰਨ ਨੂੰ। ਓਥੇ ਪੜ੍ਹਾਈ-ਪੜੂਈ ਨੂੰ ਕੋਈ ਨੀ ਪੁੱਛਦਾ। ਸਾਰੇ ਬਰਾਬਰ ਈ ਨੇ। ਜੋ ਕੰਮ ਮੈਂ ਕਰੂੰਗਾ ਓਹੀ ਤੂੰ ਕਰ ਲਵੀਂ। ਮੈਂ ਜਿਵੇਂ ਕਹਾਂ, ਕਰੀ ਜਾ। ਜ਼ਿੰਦਗੀ ਬਣ ਜੂ ਥੋਡੀ ਤੇ ਫਿਰ ਕਾਰ ਲੈ ਕੇ ਪਿੰਡ ਆਈਂ ਟੌਹਰ ਨਾਲ।’
ਰਾਖੀ ਕੈਨੇਡਾ ਦੇ ਸੁਪਨੇ ਲੈਣ ਲੱਗ ਪਈ… ਕਦੇ-ਕਦੇ ਚਰਨੇ ਨੂੰ ਆਖ ਦਿੰਦੀ ਕਿ ਧਿਆਨ ਨਾਲ ਕੰਮ ਕਰਿਆ ਕਰ। ਸਰਦਾਰ ਆਪਣੇ ’ਤੇ ਬਹੁਤ ਮਿਹਰਬਾਨ ਆ। ਆਪਾਂ ਨੂੰ ਕੈਨੇਡਾ ਮੰਗਵਾ ਲਊ। ਕਿਸੇ ਗੱਲੋਂ ਨਰਾਜ਼ ਨਾ ਕਰ ਬੈਠੀਂ ਕਿਤੇ…!
ਡੇਢ ਸਾਲ ਬੀਤ ਗਿਆ। ਰਾਖੀ ਲਗਾਤਾਰ ਬਚਿੱਤਰ ਸਿੰਘ ਦੀ ਹਵਸ ਦਾ ਸ਼ਿਕਾਰ ਹੁੰਦੀ ਰਹੀ। ਜੇ ਮਨ ਵਿਚ ਸ਼ੱਕ ਪੈਦਾ ਹੁੰਦਾ ਤਾਂ ਝੱਟ ਹੀ ਦੂਸਰੇ ਪਾਸੇ ਨੂੰ ਸੋਚਣ ਲੱਗ ਪੈਂਦੀ। ਹੁਣ ਤਕ ਉਸਨੇ ਦੇਖਿਆ ਵੀ ਕੀ ਹੈ ਸਿਵਾਏ ਗਰੀਬੀ ਤੇ ਸੁੱਕੇ ਟੁੱਕਰਾਂ ਦੇ। ਕੈਨੇਡਾ ਜਾ ਕੇ ਉਹ ਆਪਣੇ ਭੈਣ-ਭਰਾਵਾਂ ਨੂੰ ਮੰਗਵਾ ਲੂਗੀ ਤੇ ਉਹ ਵੀ ਪਿੰਡ ’ਚ ਕੋਠੀ ਪਾ ਕੇ ਸਰਦਾਰ ਅਖਵਾਇਆ ਕਰਨਗੇ।
ਉਹ ਹੁਣ ਆਪਣੇ ਨਾਲੋਂ ਜ਼ਿਆਦਾ ਆਪਣੇ ਰਿਸ਼ਤੇਦਾਰਾਂ ਤੇ ਭੈਣ ਭਰਾਵਾਂ ਵਾਸਤੇ ਜੀਅ ਰਹੀ ਸੀ।
ਬਚਿੱਤਰ ਸਿੰਘ ਦੇ ਟੱਬਰ ਦਾ ਵੀਜ਼ਾ ਆ ਗਿਆ। ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ। ਨਵੇਂ ਲੀੜੇ-ਲੱਤੇ ਤੇ ਨਵੇਂ ਸੂਟਕੇਸ ਖਰੀਦੇ ਗਏ। ਬਚਿੱਤਰ ਸਿੰਘ ਦੀ ਘਰਵਾਲੀ ਰੋਜ਼ ਸ਼ਹਿਰ ਜਾਂਦੀ, ਨਿੱਕ-ਸੁੱਕ ਨਾਲ ਲੱਦੀ ਆਉਂਦੀ। ਰਾਖੀ ਸੋਚਦੀ ਕਿ ਉਹ ਵੀ ਇਉਂ ਹੀ ਸਾਮਾਨ ਖਰੀਦੇਗੀ। ਅੱਜ ਤਕ ਤਾਂ ਉਸਨੇ ਲੋਕਾਂ ਦੇ ਲਾਹੇ-ਪਤਾਏ ਹੀ ਪਾਏ ਆ। ਉਸਦੇ ਮਨ ਵਿਚ ਚਮਕਦੇ ਨਵੇਂ ਨਕੋਰ ਸੂਟ ਪਾਉਣ ਦੀ ਰੀਝ ਜਾਗ ਪੈਂਦੀ।
ਸੀਟਾਂ ਬੁੱਕ ਹੋ ਗਈਆਂ।
ਬਚਿੱਤਰ ਸਿੰਘ ਨੇ ਰਾਖੀ ਨੂੰ ਪੱਕਾ ਕਰਦਿਆਂ ਕਿਹਾ, ‘ਰਾਖੀ! ਤੇਰੇ ਸਿਰ ’ਤੇ ਮੈਨੂੰ ਭੋਰਾ ਫ਼ਿਕਰ ਨੀ…ਘਰ ਤੇ ਬੇਬੇ ਨੂੰ ਚੰਗੀ ਤਰ੍ਹਾਂ ਸੰਭਾਲੀਂ….ਵਕੀਲ ਨੇ ਦੱਸਿਆ ਵਾ.. ਨਵਾਂ ਕਾਨੂੰਨ ਛੇਤੀ ਈ ਬਣ ਜਾਣਾ ਆ…ਥੋਡਾ ਦੋਹਾਂ ਜੀਆਂ ਤੇ ਬੇਬੇ ਦਾ ਅਪਲਾਈ ਕਰ ਦੂੰਗਾਂ ਓਦੋਂ ਈ।’
ਰਾਖੀ ਹੱਸ ਪਈ, ‘ਬੇਬੇ ਕਿਵੇਂ ਜਾਊ… ਉਹ ਤਾਂ ਜਹਾਜ਼ ’ਚ ਬੈਠ ਨੀ ਸਕਦੀ।’
‘ਉਹ ਤੂੰ ਫ਼ਿਕਰ ਨਾ ਕਰ। ਬੇਬੇ ਨੂੰ ਪੈਣ ਵਾਲੀ ਸੀਟ ਲੈ ਦੇਵਾਂਗੇ ਤੇ ਆਪਾਂ ਸਾਰੇ ਦੂਜੀਆਂ ਆਮ ਸੀਟਾਂ ਲੈ ਲਾਂਗੇ।’
ਬਚਿੱਤਰ ਸਿੰਘ, ਉਸਦੇ ਘਰ ਵਾਲੀ ਤੇ ਮੁੰਡਾ ਕੈਨੇਡਾ ਚਲੇ ਗਏ। ਹੁਣ ਚਰਨਾ, ਰਾਖੀ ਤੇ ਬਚਿੱਤਰ ਸਿਉਂ ਦੀ ਬੇਬੇ ਰਹਿ ਗਏ ਘਰ ਵਿਚ। ਰਾਖੀ ਬੇਬੇ ਦੀ ਪੂਰੀ ਸਾਂਭ-ਸੰਭਾਲ ਕਰਦੀ। ਸਮੇਂ ਸਿਰ ਦਵਾ-ਦਾਰੂ ਦਿੰਦੀ ਤੇ ਘਰ ਨੂੰ ਸਾਫ਼-ਸੁਥਰਾ ਰੱਖਦੀ। ਉਹ ਬਚਿੱਤਰ ਸਿੰਘ ਤੋਂ ਕਿਸੇ ਵੀ ਕਿਸਮ ਦਾ ਉਲਾਂਭਾ ਨਹੀਂ ਸੀ ਲੈਣਾ ਚਾਹੁੰਦੀ।
ਪਿੰਡ ’ਚ ਆਂਢ-ਗਵਾਂਢ ਦੀਆਂ ਬੁੜ੍ਹੀਆਂ ਨੂੰ ਰਾਖੀ ਤੇ ਬਚਿੱਤਰ ਸਿਉਂ ਦੇ ਸੰਬੰਧਾਂ ਦੀ ਭਿਣਕ ਪੈ ਗਈ ਸੀ। ਜਦੋਂ ਬਚਿੱਤਰ ਸਿਉਂ ਏਥੇ ਸੀ ਤਾਂ ਆਪਸ ਵਿਚ ਘੁਸਰ-ਮੁਸਰ ਕਰਦੀਆਂ ਰਹਿੰਦੀਆਂ ਪਰ ਉਸਦੇ ਕੈਨੇਡਾ ਜਾਣ ਤੋਂ ਬਾਦ ਇਕ ਦੂਸਰੀ ਨਾਲ ਖੁੱਲ੍ਹ ਕੇ ਗੱਲਾਂ ਕਰਨ ਲੱਗ ਪਈਆਂ। ਕਦੇ-ਕਦੇ ਕੋਈ ਔਰਤ ਰਾਖੀ ਨੂੰ ਮਸ਼ਕਰੀ ਜਿਹੀ ’ਚ ਪੁੱਛ ਲੈਂਦੀ, ‘ਕੁੜੇ ਰਾਖੀ ਕਦੋਂ ਜਾਣਾ ਤੂੰ ਕੈਨੇਡਾ। ਜਾ ਕੇ ਸਾਡਾ ਵੀ ਭੋਰਾ ਸੋਚੀਂ!’
ਰਾਖੀ ਬੜੇ ਚਾਅ ਨਾਲ ਆਖਦੀ, ‘ਛੇਤੀ ਹੀ ਕੰਮ ਬਣ ਜੂ। ਨਵਾਂ ਕਾਨੂੰਨ ਬਣਨ ਈ ਆਲਾ ਆ।’
ਏਸੇ ਤਰ੍ਹਾਂ ਚਰਨੇ ਨੂੰ ਲੋਕ ਟਿੱਚਰਾਂ ਕਰਨ ਲੱਗ ਪੈਂਦੇ। ਜਦੋਂ ਵੀ ਚਰਨਾ ਸੱਥ ਕੋਲ ਦੀ ਲੰਘਦਾ, ਕੋਈ ਨਾ ਕੋਈ ਟਿੱਚਰ ਕਰ ਹੀ ਦਿੰਦਾ ਸੀ।
ਇਕ ਦਿਨ ਭਜਨਾ ਅਮਲੀ ਕਹਿਣ ਲੱਗਾ, ‘ਚਰਨਿਆ! ਕੈਨੇਡਾ ਜਾ ਕੇ ਮੈਨੂੰ ਅੰਗਰੇਜ਼ੀ ਸ਼ਰਾਬ ਦੀ ਬੋਤਲ ਜ਼ਰੂਰ ਭੇਜੀਂ।’
…ਦੂਸਰਾ ਵਿਚੋਂ ਈ ਬੋਲ ਪਿਆ, ‘ਓਏ…ਇਹ ਨੀ ਆਪਣੇ ਨਾਲ ਰਲ਼ਦਾ। ਇਹ ਤਾਂ ਹੁਣ ਉੱਡੂੰ-ਉੱਡੂੰ ਕਰਦਾ ਐ।’
ਸਾਲ ਬਾਦ ਬਚਿੱਤਰ ਸਿਉਂ ਪਿੰਡ ਵਾਪਿਸ ਆ ਗਿਆ। ਉਸਦੀ ਘਰ ਵਾਲੀ ਓਥੇ ਹੀ ਰਹੀ। ਪੋਤਾ ਤੇ ਪੋਤੀ ਸਕੂਲ ਜਾਂਦੇ ਸਨ… ਉਨ੍ਹਾਂ ਨੂੰ ਵੀ ਤਾਂ ਕਿਸੇ ਨੇ ਸਾਂਭਣਾ ਸੀ। ਬਚਿੱਤਰ ਸਿਉਂ ਨੂੰ ਜ਼ਮੀਨ ਦਾ ਠੇਕਾ ਲੈਣ ਆਉਣਾ ਪਿਆ।
ਰਾਖੀ ਖ਼ੁਸ਼ ਸੀ। ਉਨ੍ਹਾਂ ਵਾਸਤੇ ਉਹ ਚੰਗੇ ਲੀੜੇ ਕਪੜੇ ਲੈ ਆਇਆ। ਭਾਵੇਂ ਕੈਨੇਡਾ ਦੇ ਹਿਸਾਬ ਨਾਲ ਉਹ ਸਟੋਰਾਂ ’ਤੇ ਪਈ ਰਹਿੰਦ-ਖੂੰਹਦ ਹੀ ਸੀ ਪਰ ਰਾਖੀ ਤੇ ਚਰਨੇ ਵਾਸਤੇ ਉਹ ਬਹੁਤ ਕੀਮਤੀ ਸਨ। ਏਹੋ ਜਿਹੇ ਲੀੜੇ ਤਾਂ ਰਾਖੀ ਨੇ ਦੂਰੋਂ ਹੀ ਦੇਖੇ ਸਨ, ਅੱਜ ਉਹ ਖ਼ੁਦ ਪਾਈ ਫਿਰਦੀ ਸੀ। ਬਚਿੱਤਰ ਸਿਉਂ ਰਾਖੀ ਨੂੰ ਖੁਸ਼ ਕਰਨ ਲਈ ਉਸ ਦੀ ਮੁੱਠੀ ਵਿਚ ਦੂਜੇ-ਤੀਜੇ ਦਿਨ ਹਜ਼ਾਰ, ਦੋ ਹਜ਼ਾਰ ਰੁਪਏ ਦੇ ਦਿੰਦਾ। ਰਾਖੀ ਚਰਨੇ ਤੋਂ ਚੋਰੀ ਸਾਂਭ ਕੇ ਰੱਖ ਲੈਂਦੀ। ਉਸ ਨੂੰ ਪਤਾ ਸੀ ਕਿ ਕੈਨੇਡਾ ਦੀ ਟਿਕਟ ਵਾਸਤੇ ਅਤੇ ਹੋਰ ਨਿੱਕ-ਸੁੱਕ ਖਰੀਦਣ ਵਾਸਤੇ ਪੈਸਿਆਂ ਦੀ ਲੋੜ ਪੈਣੀ ਆ। ਭਾਵੇਂ ਉਸ ਨੂੰ ਯਕੀਨ ਸੀ ਕਿ ਬਚਿੱਤਰ ਸਿਉਂ ਨੇ ਕਿਸੇ ਗੱਲ ਦੀ ਕਮੀ ਨਹੀਂ ਆਉਣ ਦੇਣੀ ਪਰ ਫਿਰ ਵੀ ਉਹ ਆਪਣੇ ਕੋਲ ਬਚਾ ਕੇ ਰੱਖ ਲੈਂਦੀ… ਜਾਂ ਉਨ੍ਹਾਂ ਪੈਸਿਆਂ ਨਾਲ ਆਪਣੇ ਭਰਾ ਦੀ ਮਦਦ ਕਰ ਦਿੰਦੀ ਤੇ ਲੋਹੜੇ ਦੀ ਖ਼ੁਸ਼ੀ ਮਹਿਸੂਸ ਕਰਦੀ।
‘ਬਚਿੱਤਰ ਸਿਆਂ ਘਰੇ ਐਂ?’ ਖੁੱਲ੍ਹੇ ਪਏ ਗੇਟ ਤੋਂ ਅੰਦਰ ਆਉਂਦੇ ਨਿਰਮਲ ਸਿਉਂ ਨੇ ਆਵਾਜ਼ ਮਾਰੀ।
‘ਹਾਂ… ਆ ਜਾ ਲੰਘ ਆ ਬਾਈ!’ ਬਚਿੱਤਰ ਸਿਉਂ ਨੇ ਕਿਹਾ।
ਦੋਨੋਂ ਜਣੇ ਬਚਿੱਤਰ ਸਿਉਂ ਦੇ ਕਮਰੇ ਨਾਲ ਲੱਗਦੇ ਬਰਾਂਡੇ ’ਚ ਪਈਆਂ ਕੁਰਸੀਆਂ ’ਤੇ ਬੈਠ ਗਏ।
ਰਾਖੀ ਬਚਿੱਤਰ ਸਿੰਘ ਦੇ ਕਮਰੇ ਵਿਚ ਉਸਦੇ ਲੀੜੇ ਕਪੜੇ ਸੰਭਾਲ ਰਹੀ ਸੀ। ਨਿਰਮਲ ਨੂੰ ਦੇਖ ਕੇ ਉਸਨੇ ਪੈਰ ਮਲ਼ ਲਏ ਬਿਨਾਂ ਕਿਸੇ ਹਿਲ-ਜੁਲ ਦੇ।
ਨਿਰਮਲ ਸਿੰਘ ਤੇ ਬਚਿੱਤਰ ਸਿੰਘ, ਸਕੂਲ ਦੇ ਸਮੇਂ ਤੋਂ ਹੀ ਇਕ ਦੂਸਰੇ ਦੇ ਪੂਰੇ ਭੇਤੀ ਸਨ।
ਰਸਮੀ ਜੇਹੀ ਸੁੱਖ-ਸਾਂਦ ਬਾਦ ਨਿਰਮਲ ਸਿਉਂ ਨੇ ਕਹਿਣਾ ਸ਼ੁਰੂ ਕੀਤਾ, ‘ਮੈਂ ਸੁਣਿਆ ਤੂੰ ਆਪਣੇ ਆਹ ਨੌਕਰਾਂ ਦਾ ਤੇ ਬੇਬੇ ਦਾ ਅਪਲਾਈ ਕਰਨਾ। ਬੇਬੇ ਦੀ ਗੱਲ ਤਾਂ ਮੈਂ ਸਮਝਦਾਂ, ਪਰ ਨੌਕਰਾਂ ਨੂੰ ਕਿਹੜੇ ਕਾਨੂੰਨ ’ਚ ਲੈ ਕੇ ਜਾਵੇਂਗਾ। ਸੋਚਿਆ, ਪੁੱਛ ਕੇ ਆਉਨਾ। ਮੈਂ ਵੀ ਸੋਚਦਾ ਆਂ ਕਿ ਕੋਈ ਬੰਦਾ ਕਿਸੇ ਰਿਸ਼ਤੇਦਾਰੀ ’ਚੋਂ ਏਸ ਤਰ੍ਹਾਂ ਲੰਘਾ ਲਈਏ। ਰਿਸ਼ਤੇਦਾਰਾਂ ਨੂੰ ਝਾਕ ਰਹਿੰਦੀ ਆ ਪਈ ਸਾਡਾ ਵੀ ਕੋਈ ਧੀ-ਪੁੱਤ ਬਾਹਰ ਕੱਢਣਗੇ।’
ਹੁਣ ਰਾਖੀ ਨੇ ਸਾਹ ਲੈਣਾ ਵੀ ਬੰਦ ਕਰ ਦਿੱਤਾ… ਕਿਤੇ ਉਸ ਦੇ ਸਾਹਾਂ ਦੀ ਆਵਾਜ਼ ਉਨ੍ਹਾਂ ਦੇ ਕੰਨੀਂ ਨਾ ਪੈ ਜਾਵੇ।
ਬਚਿੱਤਰ ਸਿਉਂ ਹੱਸਿਆ ਤੇ ਕਹਿਣ ਲੱਗਾ ‘ਯਾਰ! ਤੂੰ ਵੀ ਭੋਲਾ ਹੀ ਰਿਹਾ। ਕਿਹੜਾ ਕਾਨੂੰਨ ਤੇ ਕੀਹਨੇ ਕਿਸ ਨੂੰ ਮੰਗਵਾਉਣਾ! ਸਾਲੀ ਦਿਲ ਨੂੰ ਲੱਗ ਗਈ। ਟਾਈਮ ਪਾਸ ਕਰਨਾ ਸ਼ੁਰੂ ਕਰ ਦਿੱਤਾ। ਜੇ ਤੂੰ ਦੇਖੇਂ, ਤੂੰ ਵੀ ਲੱਟੂ ਹੋ ਜਾਵੇਂ। ਜਿੰਨਾ ਚਿਰ ਚੱਲੀ ਜਾਂਦੀ ਆ, ਚੱਲੀ ਜਾਣ ਦੇ। ਇਕ ਦਿਨ ਆਪੇ ਏਹਨੂੰ ਪਤਾ ਲੱਗ ਜੂ। ਨਾਲੇ ਯਾਰ ਬੇਬੇ ਦਾ ਬਹੁਤ ਔਖਾ ਸੀ। ਏਸ ਕਰਕੇ ਮੈਨੂੰ ਇਹ ਲਾਰਾ ਲਾਉਣਾ ਪਿਆ। ਇਨ੍ਹਾਂ ’ਤੇ ਤਸੱਲੀ ਹੈ ਸਾਨੂੰ। ਹੋਰ ਕਿਸੇ ’ਤੇ ਏਨਾ ਯਕੀਨ ਕਰਨਾ ਔਖਾ ਹੈ। ਇਹ ਤਾਂ ਘਰਦਿਆਂ ਵਾਂਗ ਈ ਰਹਿੰਦੇ ਆ ਤੇ ਬੇਬੇ ਦੀ ਪੂਰੀ ਸੰਭਾਲ ਕਰਦੇ ਆ ਦੋਨੋਂ। ਇਨ੍ਹਾਂ ਦੇ ਸਿਰ ’ਤੇ ਬੇਬੇ ਦਾ ਫਿਕਰ ਨੀ ਰਹਿੰਦੈਂ।’
‘ਅੱਛਾ! ਤਾਂ ਫਿਰ ਆਹ ਗੱਲ ਹੈ। ਮੈਂ ਵੀ ਸੋਚਾਂ ਪਈ ਮੈਨੂੰ ਤਾਂ ਜਵਾਕਾਂ ਨੇ ਨਵੇਂ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਰੋਜ਼ ਫੋਨ ਕਰਕੇ ਪੁੱਛਦਾਂ, ਪਈ ਜੇ ਕਿਤੇ ਕਿਸੇ ਰਿਸ਼ਤੇਦਾਰ ਦਾ ਕੰਮ ਬਣ ਜੇ।’
ਦੋਨੋਂ ਜਣੇ ਹੱਸਣ ਲੱਗੇ। ਰਾਖੀ ਹੌਲ਼ੀ ਜਿਹੀ ਪਰਲੇ ਦਰਵਾਜ਼ੇ ਥਾਣੀਂ ਕਮਰੇ ’ਚੋਂ ਬਾਹਰ ਨਿਕਲ ਗਈ। ਬਚਿੱਤਰ ਸਿਉਂ ਨੂੰ ਸ਼ੱਕ ਤਾਂ ਪਿਆ ਪਈ ਰਾਖੀ ਕਮਰੇ ’ਚੋਂ ਬਾਹਰ ਗਈ ਹੈ ਹੁਣੇ-ਹੁਣੇ ਪਰ ਕੁਝ ਨਾ ਬੋਲਿਆ …ਕੁਝ ਠਠੰਬਰ ਗਿਆ।
ਨਿਰਮਲ ਜਾਣ ਲਈ ਉੱਠ ਖੜ੍ਹਾ ਹੋਇਆ। ਬਚਿੱਤਰ ਸਿਉਂ ਨੇ ਮਲ੍ਹਵੀ ਜੇਹੀ ਆਵਾਜ਼ ’ਚ ਕਿਹਾ,’ਚਾਹ ਪੀ ਕੇ ਜਾਵੀਂ ਬਹਿ ਜਾ ਕਿੰਨੇ ਚਿਰ ਬਾਦ ਆਇਆਂ…!’
ਬਚਿੱਤਰ ਸਿਉਂ ਨੂੰ ਰਾਖੀ ਦਾ ਦੂਸਰੇ ਬੂਹੇ ਥਾਣੀਂ ਨਿਕਲਣ ਦਾ ਭੁਲੇਖਾ ਖਾ ਰਿਹਾ ਸੀ…ਜਿਉਂ ਹੀ ਨਿਰਮਲ ਗੇਟ ਤੋਂ ਬਾਹਰ ਹੋਇਆ, ਰਾਖੀ ਆ ਗਰਜੀ…!
‘ਸਰਦਾਰਾ! ਅੱਜ ਤੈਨੂੰ ਮੈਂ ਦੱਸਦੀ ਆਂ… ਨਵਾਂ ਕਾਨੂੰਨ ਕਦੋਂ ਬਣਨਾ ਆ …ਮੈਂ ਭਰਦੀ ਆਂ ਤੇਰੀ ਚਿੱਠੀ …!!
ਗੁੱਸੇ ’ਚ ਰਾਖੀ ਦੇ ਮੂੰਹ ’ਚੋਂ ਨਿਕਲਦਾ ਥੁਕ… ਲਾਲ ਅੱਖਾਂ ਤੇ ਚੰਡੀ ਦਾ ਰੂਪ ਦੇਖ ਉਹ ਡਰ ਗਿਆ…!
ਘਬਰਾਇਆ ਹੋਇਆ…ਉਹ ਚੁੱਪ ਚਾਪ ਖੜ੍ਹਾ ਸੀ ਪਰ ਅੰਦਰੋਂ ਕੰਬ ਰਿਹਾ ਸੀ।
‘ਨਾ ਬੋਲ ਹੁਣ! ਅੱਜ ਹੀ ਕਰ ਲੈ ਪੱਕੀ ਗੱਲ?’ ਰਾਖੀ ਹਿੱਕ ਤਾਣ ਕੇ ਉਹਦੇ ਮੂਹਰੇ ਖੜ੍ਹੀ ਸੀ।
ਬਚਿੱਤਰ ਸਿਉਂ ਮੌਕਾ ਭਾਂਪ ਗਿਆ ਕਿ ਰਾਖੀ ਨੇ ਸਾਰੀ ਗੱਲ ਸੁਣ ਲਈ ਹੈ। ਉਹ ਫੋਕਾ ਰੋਹਬ ਪਾਉਣ ਦੇ ਲਹਿਜ਼ੇ ਵਿਚ ਬੋਲਿਆ, ‘ਜੇ ਏਸ ਤਰ੍ਹਾਂ ਲੋਕ ਜਾਤਾਂ-ਕੁਜਾਤਾਂ ਨੂੰ ਕੈਨੇਡਾ ਮੰਗਾਉਣ ਲੱਗੇ ਤਾਂ ਸਰ ਗਿਆ। ਪਾਸਪੋਰਟ ਬਣਵਾ ਕੇ ਰੱਖੀਂ…। ਜਹਾਜ਼ ਵੀ ਨਵਾਂ ਬਣਨਾ ਤੇਰੇ ਲਈ। ਝੜੰਮ ਕਿਸੇ ਥਾਂ ਦੀ। ਜਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ …. ਭੈਣ…।’
ਰਾਖੀ ਨੇ ਬਚਿੱਤਰ ਸਿਉਂ ਦੇ ਗਲਮੇ ਨੂੰ ਹੱਥ ਪਾ ਲਿਆ… ਤਾੜ-ਤਾੜ ਕਰਦੀਆਂ ਅਣਗਿਣਤ ਚਪੇੜਾਂ ਉਸਦੇ ਮੂੰਹ ’ਤੇ ਜੜ ਦਿੱਤੀਆਂ।
ਬਚਿੱਤਰ ਸਿੰਘ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ…ਕੁੱਤੀ…ਹਰਾਮਜ਼ਾਦੀ… ਝੜੰਮ…ਤੇਰੀ ਮਾਂ ਨੂੰ…ਤੇਰੀ ਭੈਣ ਨੂੰ। ਸਾਲੀ ਖਾਂਦੀ-ਪੀਂਦੀ ਪਾਟ ਗਈ। ਖਾਣ ਦੀ ਕੁੱਤੀ…ਖਾ-ਪੀ ਕੇ ਕਿਵੇਂ ਭੌਂਕਦੀ ਆ…?’
ਰੌਲਾ ਸੁਣ ਕੇ ਚਰਨਾ ਵੀ ਬਾਹਰਲੇ ਘਰੋਂ ਮੱਝ ਨੂੰ ਪੱਠੇ ਪਾਉਂਦਾ-ਪਾਉਂਦਾ ਭੱਜਿਆ ਆਇਆ। ਅੱਗ ਬਬੂਲਾ ਹੋਈ ਰਾਖੀ ਬਚਿੱਤਰ ਦੀ ਬਾਂਹ ਫੜ ਚਰਨੇ ਕੋਲ ਨੂੰ ਲੈ ਆਈ ਤੇ ਅਸਮਾਨ ਚੀਰਦੀ ਆਵਾਜ਼ ’ਚ ਬੋਲੀ, ‘ਏਸ ਦਰਿੰਦੇ ਨੇ ਏਨੇ ਵਰ੍ਹੇ ਮੇਰੇ ਨਾਲ ਖੇਹ ਖਾਧੀ …ਸਾਡੀ ਗ਼ਰੀਬੀ ਦਾ ਫੈਦਾ ਚੱਕਿਆ…ਸਾਨੂੰ ਕੈਨੇਡਾ ਦਾ ਲਾਰਾ ਲਾ ਕੇ ਬੁੜ੍ਹੀ ਦਾ ਗੰਦ-ਮੰਦ ਧਵੌਂਦਾ ਰਿਹਾ…ਤੇ ਬਚਿੱਤਰ ਸਿਉਂ ਵੱਲ ਹੱਥ ਕਰਕੇ ਬੋਲੀ, ‘ਹਰਾਮਜ਼ਾਦਿਆ! ਤੈਨੂੰ ਕਿਤੇ ਢੋਈ ਨੀ ਮਿਲਣੀ… ਦੇਖੀਂ ਕੀੜੇ ਪੈ ਕੇ ਮਰੇਂਗਾ…ਕੁੱਤਾ ਬਦਮਾਸ਼…ਭੈਣ ਦਾ…ਸਾਡੀ ਗਰੀਬਾਂ ਦੀ ਆਹ ਤੈਨੂੰ ਲੱਗ ਕੇ ਰਹੂਗੀ ਕੁੱਤਿਆ…।’
ਰੌਲ਼ਾ ਸੁਣ ਕੇ ਆਂਢ-ਗਵਾਂਢ ਇਕੱਠਾ ਹੋ ਗਿਆ। ਬੇਇੱਜ਼ਤੀ ਹੁੰਦੀ ਦੇਖ ਬਚਿੱਤਰ ਸਿੰਘ ਨੇ ਪੂਰੇ ਜ਼ੋਰ ਨਾਲ ਰਾਖੀ ਨੂੰ ਧੱਕਾ ਮਾਰਿਆ … ਰਾਖੀ ਦਾ ਸਿਰ ਨੇੜੇ ਪਏ ਪੱਥਰ ਦੇ ਗਮਲੇ ’ਚ ਜਾ ਵੱਜਿਆ।
ਚਰਨੇ ਨੇ ਭੱਜ ਕੇ ਰਾਖੀ ਨੂੰ ਚੁੱਕਿਆ। ਉਹ ਬੇਹੋਸ਼ ਪਈ ਸੀ… ਕਿਸੇ ਨੇ ਉਸਦੇ ਪੈਰ ਮਲ਼ੇ, ਕਿਸੇ ਨੇ ਤਲੀਆਂ ਝੱਸੀਆਂ…ਕਿਸੇ ਨੇ ਸਿਰ ਨੂੰ ਟੋਹਿਆ… ਕੋਈ ਦੁੱਧ ’ਚ ਘਿਉ ਪਾ ਕੇ ਲੈ ਆਇਆ ਤੇ ਕੋਈ ਡਾਕਟਰ ਵੱਲ ਭੱਜਿਆ। ਗੱਲ ਕੀ ਸਾਰਾ ਆਂਢ-ਗਵਾਂਢ ਭੱਜਿਆ ਫਿਰਦਾ ਸੀ…।
ਰਾਖੀ ਨੂੰ ਹੋਸ਼ ਤਾਂ ਆ ਗਈ ਪਰ ਉਸ ਦਿਨ ਤੋਂ ਉਹ ਪਿੰਡ ਦੀ ਪਾਗਲ ਔਰਤ ਬਣ ਗਈ। ਉਸਦੇ ਵਾਲ਼ ਸਦਾ ਖਿਲਰੇ ਰਹਿੰਦੇ ਤੇ ਲੀੜੇ ਥਾਂ-ਥਾਂ ਤੋਂ ਪਾਟੇ। ਨਾ ਕਦੇ ਨਹਾਉਂਦੀ, ਨਾ ਮੂੰਹ ਧੋਂਦੀ। ਜੋ ਮਿਲਦਾ ਖਾ ਲੈਂਦੀ। ਜਿੱਥੇ ਨੀਂਦ ਆ ਜਾਂਦੀ, ਓਥੇ ਸੌਂ ਜਾਂਦੀ।
ਮੋਢੇ ’ਤੇ ਪੁਰਾਣਾ ਬੈਗ ਲਟਕਾਈ ਗਲੀਆਂ ਵਿਚ ਫਿਰਦੀ ਰਹਿੰਦੀ…ਹਰ ਕਿਸੇ ਨੂੰ ਆਖਦੀ ਕਿ ਉਹ ਕੈਨੇਡਾ ਚੱਲੀ ਆ। ਕੈਨੇਡਾ…ਕੈਨੇਡਾ…ਕੈਨੇਡਾ ਕਰਦੀ ਆਉਂਦੀਆਂ-ਜਾਂਦੀਆਂ ਕਾਰਾਂ ਪਿੱਛੇ ਭੱਜਦੀ… ਪਿੰਡ ਦੇ ਜਵਾਕ ਉਸ ਨੂੰ ਕੈਨੇਡਾ…ਕੈਨੇਡਾ ਕਹਿ ਕੇ ਛੇੜਦੇ ਉਹ ਜਵਾਕਾਂ ਨੂੰ ਗਾਲ੍ਹਾਂ ਕੱਢਦੀ ਤੇ ਜਵਾਕ ਉਸਦੇ ਰੋੜੇ ਮਾਰਦੇ… ਕਦੇ-ਕਦੇ ਪਿੰਡ ਦਾ ਵੱਡੀ ਉਮਰ ਦਾ ਬੰਦਾ ਕਹਿ ਦਿੰਦਾ…। ਨਾ ਤੰਗ ਕਰੋ ਵਿਚਾਰੀ ਨੂੰ…ਕਰਮਾਂ ਮਾਰੀ ਨੂੰ…!
ਤੇ ਇਕ ਦਿਨ ਫਿਰਨੀ ’ਤੇ ਕਾਰ ਆਉਂਦੀ ਦੇਖ ਕੈਨੇਡਾ-ਕੈਨੇਡਾ ਕਰਦੀ ਉਹ ਕਾਰ ਵੱਲ ਨੂੰ ਭੱਜ ਤੁਰੀ…। ਕਾਰ ਦੇ ਮੂਹਰੇ ਆ ਗਈ.. ਡਰਾਈਵਰ ਨੇ ਬਥੇਰੀ ਬਰੇਕ ਮਾਰੀ ਪਰ ਰਾਖੀ ਪਹੀਆਂ ਥੱਲੇ ਆ ਗਈ ਤੇ ਪਤਾ ਨਹੀਂ ਕਿਹੜੇ ਦੇਸ਼ ਨੂੰ ਤੁਰ ਗਈ…!!
ਸ਼ਾਇਦ ਉਸਦੀ ਟਿਕਟ ਆ ਗਈ ਸੀ।
