ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ: ਪੰਜਾਬ ਦੇ ਅਸਲ ਮੁੱਦੇ ਗਾਇਬ ਰਹੇ

ਨਵਕਿਰਨ ਸਿੰਘ ਪੱਤੀ
(ਸੰਪਰਕ : +9198885-44001)
ਮੀਡੀਆ ਵਿਚ ਜਦੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਜਿਕਰ ਸ਼ੁਰੂ ਹੁੰਦਾ ਹੈ ਤਾਂ ਗਾਹੇ-ਬਗਾਹੇ ਉਨ੍ਹਾਂ ਵੱਲੋਂ ਪੰਜਾਬ ਨੂੰ ਦਿੱਤੀ ਜਾਣ ਵਾਲੀ ‘ਸੌਗਾਤ’ ਜਾਂ ਪੰਜਾਬ ਲਈ ਕਿਸੇ ਵੱਡੇ ਸੰਭਾਵੀ ‘ਐਲਾਨ’ ਦੀ ਚਰਚਾ ਵੀ ਸ਼ੁਰੂ ਹੋਣਾ ਸੁਭਾਵਿਕ ਹੁੰਦਾ ਹੈ। ਕਿਉਂਕਿ ਜਦੋਂ 2022 ਦੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਪੰਜਾਬ ਵਿਚ ਰੱਖੀ ਇਕ ਰੈਲੀ ਵਿਚ ਸ਼ਾਮਲ ਨਹੀਂ ਸਨ ਹੋ ਸਕੇ, ਤਾਂ ਭਾਜਪਾ ਦੀ ਪੰਜਾਬ ਇਕਾਈ ਨੇ ਇਸ ਗੱਲ ਦਾ ਰੌਲਾ ਪਇਆ ਸੀ ਕਿ ਮੋਦੀ ਜੀ ਪੰਜਾਬ ਲਈ ਕੋਈ ਵੱਡੀ ‘ਸੌਗਾਤ’ ਦੇਣ ਆ ਰਹੇ ਸਨ, ਜਿਸਤੋਂ ਪੰਜਾਬ ਵਾਂਝਾ ਰਹਿ ਗਿਆ ਹੈ। ਉਂਝ 2022 ਤੋਂ ਬਾਅਦ ਮੋਦੀ ਜੀ ਕਈ ਵਾਰ ਪੰਜਾਬ ਆਏ ਪਰ ਕੋਈ ਵੱਡੀ ਸੌਗਾਤ ਛੱਡੋ ‘ਐਲਾਨ’ ਤੱਕ ਨਹੀਂ ਕਰ ਸਕੇ।

ਹੁਣ ਪਿਛਲੇ ਹਫਤੇ ਪ੍ਰਧਾਨ ਮੰਤਰੀ ਨੇ ਜਲੰਧਰ ਵਿਚ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੁਨਰ ਵਿਕਸਤ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਉਦਘਾਟਨ ਤੋਂ ਇਲਾਵਾ ਛੇਹਰਟਾ ਅਤੇ ਵਾਰਾਨਸੀ ਨੂੰ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਈ। ਹਾਲਾਂਕਿ ਪ੍ਰਧਾਨ ਮੰਤਰੀ ਜੀ ਜੋ ਕੰਮ ਜਲੰਧਰ ਕਰਨ ਆਏ ਸਨ, ਉਹ ਰੇਲਵੇ ਮੰਤਰੀ ਦੇ ਪੱਧਰ ਦਾ ਸੀ ਕਿਉਂਕਿ ਕਰੀਬ 5470 ਕਰੋੜ ਰੁਪਏ ਦੇ ਰੇਲ ਅਤੇ ਸੜਕੀ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੇਲਵੇ ਮੰਤਰੀ ਦੇ ਰੋਜ਼ਾਨਾ ਕੰਮਕਾਰ ਦਾ ਹਿੱਸਾ ਹੈ। ਪਰ ਜਿਸ ਤਰੀਕੇ ਨਾਲ ਰੇਲਵੇ ਵਿਭਾਗ ਦੇ ਸਰਕਾਰੀ ਸਮਾਗਮ ਨੂੰ ਇਸ ਤਰ੍ਹਾਂ ਦੀ ਦਿੱਖ ਦਿੱਤੀ ਗਈ ਜਿਵੇਂ ਇਹ ਭਾਜਪਾ ਦਾ ਕੋਈ ਸਮਾਗਮ ਹੋਵੇ, ਉਸ ਤੋਂ ਸਾਫ ਪ੍ਰਭਾਵ ਮਿਲਦਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਪ੍ਰਧਾਨ ਮੰਤਰੀ ਦੀ ਫੇਰੀ ਭਾਜਪਾ ਨੂੰ ਸਿਆਸੀ ਲਾਹਾ ਦੇਣ ਵਾਲੀ ਸੀ। ਹਾਲਾਂਕਿ ਇਹ ਵੀ ਤੱਥ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਫੇਰੀ ਦੌਰਾਨ ਸਿਵਾਏ ਸਿਆਸੀ ਗੱਲਾਂ ਦੇ ਸੂਬੇ ਦੇ ਚਲੰਤ ਮਸਲਿਆਂ ਦੀ ਕੋਈ ਖਾਸ ਗੱਲ ਨਹੀਂ ਕੀਤੀ।
ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਜੀ ਨੇ ਹਰੀ ਪੱਗ ਬੰਨ੍ਹੀ ਹੋਈ ਸੀ। ਵੈਸੇ ਤਾਂ ਉਨ੍ਹਾਂ ਦੇ ਪੱਗ ਬੰਨ੍ਹੀ ਵੇਖ ‘ਗੰਗਾ ਗਏ ਗੰਗਾਂ ਰਾਮ, ਜਮੁਨਾ ਗਏ ਜਮੁਨਾ ਰਾਮ’ ਵਾਲੀ ਗੱਲ ਚੇਤੇ ਆ ਜਾਂਦੀ ਹੈ ਪਰ ਇਸ ਵਾਰ ਉਨ੍ਹਾਂ ਹਰੀ ਪੱਗ ਕਿਉਂ ਬੰਨੀ ਇਹ ਜਾਨਣਾ ਜਰੂਰੀ ਹੈ। ਅਸਲ ਵਿਚ ਪੰਜਾਬ ਵਿਚ ਹਰਾ ਰੰਗ ਕਿਸਾਨੀ ਦਾ ਪ੍ਰਤੀਕ ਮੰਨਿਆਂ ਜਾਣ ਲੱਗਾ ਹੈ ਅਤੇ ਸੂਬੇ ਦੀਆਂ ਜਿਆਦਾਤਰ ਕਿਸਾਨ ਜਥੇਬੰਦੀਆਂ ਦੇ ਆਗੂ/ਵਰਕਰ ਹਰੀ ਪੱਗ ਹੀ ਬੰਨ੍ਹਦੇ ਹਨ। ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਸਮੇਂ ਤੋਂ ਪ੍ਰਧਾਨ ਮੰਤਰੀ ਜੀ ਦਾ ਕਿਸਾਨ ਜਥੇਬੰਦੀਆਂ ਵਿਰੋਧ ਕਰਦੀਆਂ ਆ ਰਹੀਆਂ ਹਨ ਤਾਂ ਉਨ੍ਹਾਂ ਕਿਸਾਨਾਂ ਵਿਚ ਆਪਣੀ ਪੈਂਠ ਬਨਾਉਣ ਲਈ ਹਰਾ ਰੰਗ ਚੁਣਿਆ ਲੱਗਦਾ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਜੀ ਨੇ ਭਗਵੰਤ ਮਾਨ ਦੀ ਸਰਕਾਰ ਬਾਰੇ ਬੋਲਦਿਆਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਭੇਜੇ ਗਏ ਫੰਡਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਕਰਜ਼ੇ ਦਾ ਪੈਸਾ ਵਿਕਾਸ ਦੀ ਬਜਾਏ ਗਲਤ ਤਰੀਕੇ ਨਾਲ ਖਰਚਿਆ ਜਾ ਰਿਹਾ ਹੈ ਅਤੇ ਸੂਬੇ ਦੇ ਬਜਟ ਦਾ ਵੱਡਾ ਹਿੱਸਾ ਕਰਜ਼ੇ ਦਾ ਵਿਆਜ ਭਰਨ ਵਿਚ ਲੱਗ ਰਿਹਾ ਹੈ। ਜਦਕਿ ਹਕੀਕਤ ਇਹ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਪੇਂਡੂ ਵਿਕਾਸ ਫੰਡ ਤਹਿਤ ਮਿਲਣ ਵਾਲੀ 10,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਬਗੈਰ ਕਿਸੇ ਠੋਸ ਕਾਰਨ ਦੇ ਰੋਕ ਰੱਖੀ ਹੈ। ਪਿਛਲੇ ਸਾਲ ਸੂਬੇ ਵਿਚ ਆਏ ਹੜ੍ਹਾਂ ਸਮੇਂ ਐਲਾਨੀ ਰਾਸ਼ੀ ਅਜੇ ਤੱਕ ਪੰਜਾਬੀਆਂ ਨੂੰ ਨਹੀਂ ਮਿਲੀ। ਕੇਂਦਰ ਸਰਕਾਰ ਕਹਿ ਦਿੰਦੀ ਹੈ ਕਿ ਸੂਬਾ ਸਰਕਾਰ ਨੂੰ ਰਾਸ਼ੀ ਭੇਜੀ ਹੈ ਜਦਕਿ ਸੂਬਾ ਸਰਕਾਰ ਕਹਿ ਰਹੀ ਹੈ ਕਿ ਉਹ ਹੜ੍ਹਾਂ ਤੋਂ ਬਾਅਦ ਬਕਾਇਆ ਮੁਆਵਜ਼ਾ ਦਾ ਮੁੱਦਾ ਕੇਂਦਰ ਕੋਲ ਵਾਰ-ਵਾਰ ਉਠਾ ਰਹੀ ਹੈ।
ਚੰਗਾ ਹੁੰਦਾ ਇਹ ਸਭ ਗੱਲਾਂ ਪ੍ਰਧਾਨ ਮੰਤਰੀ ਜੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿਚ ਕਹਿੰਦੇ ਅਤੇ ਲੋਕਾਂ ਸਾਹਮਣੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੁੰਦਾ ਪਰ ਇਹ ਸਭ ਨਾ ਹੋਣ ਪਿੱਛੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੋਵੇਂ ਜ਼ਿੰਮੇਵਾਰ ਹਨ। ਜਾਣਕਾਰੀ ਮਿਲੀ ਹੈ ਕਿ ਜਲੰਧਰ ਦੇ ਸਰਕਾਰੀ ਸਮਾਗਮ ਵਿਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਕਾਇਦਾ ਸਮਾਗਮ ਦਾ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਜਲੰਧਰ ਜਾਣ ਦੀ ਬਜਾਏ ਚੰਡੀਗੜ੍ਹ ਦੇ ਰਾਜਿੰਦਰਾ ਪਾਰਕ ਵਿਚ ਹੀ ਪ੍ਰਧਾਨ ਮੰਤਰੀ ਦਾ ਸਵਾਗਤ ਕਰਕੇ ਪੱਲਾ ਝਾੜ ਲਿਆ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਭਗਵੰਤ ਮਾਨ ਨੂੰ ਇਸ ਮੌਕੇ ਦੀ ਵਰਤੋਂ ਸੂਬੇ ਦੀਆਂ ਮੰਗਾਂ ਨੂੰ ਪ੍ਰਧਾਨ ਮੰਤਰੀ ਅੱਗੇ ਜਨਤਕ ਰੂਪ ਵਿਚ ਰੱਖਣ ਦੀ ਪਹਿਲ ਕਰਨੀ ਚਾਹੀਦੀ ਸੀ। ਹਰ ਥਾਂ ਹਾਜ਼ਰ ਜਵਾਬੀ ਲਈ ਜਾਣੇ ਜਾਂਦੇ ਭਗਵੰਤ ਮਾਨ ਨੇ ਇਸ ਤਰ੍ਹਾਂ ਕਿਉਂ ਕੀਤਾ, ਇਸਦਾ ਜਵਾਬ ਸਿੱਧਾ ਹੈ ਕਿ ਇਹ ਦੋਵੇਂ ਧਿਰਾਂ ਇਕ ਦੂਜੇ ਨੂੰ ਪਾਸ ਦੇ ਕੇ ਫਰੈਂਡਲੀ ਮੈਚ ਖੇਡ ਰਹੀਆਂ ਹਨ, ਕਿਉਂਕਿ ਬਹੁਤੇ ਮਸਲਿਆਂ ਵਿਚ ਇਹ ਦੋਵੇਂ ਬਰਾਬਰ ਦੀਆਂ ਜਿੰਮੇਵਾਰ ਹਨ। ਮੋਦੀ ਜੀ ਦੀ ਪੰਜਾਬ ਫੇਰੀ ਤੋਂ ਬਾਅਦ ਤਾਂ ‘ਆਪ’ ਦੇ ਕਈ ਮੰਤਰੀ ਬਿਆਨ ਦਾਗ ਰਹੇ ਹਨ ਕਿ ਕੇਂਦਰ ਸਰਕਾਰ ਪੰਜਾਬ ਦੇ ਪੇਂਡੂ ਵਿਕਾਸ ਫੰਡ ਦੀ 10,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਨਹੀਂ ਕਰ ਰਹੀ ਹੈ ਅਤੇ ਪਿਛਲੇ ਸਾਲ ਹੜ੍ਹਾਂ ਦੌਰਾਨ ਹੋਏ ਨੁਕਸਾਨ ਤੋਂ ਬਾਅਦ ਸਾਨੂੰ ਇੱਕ ਪੈਸਾ ਵੀ ਨਹੀਂ ਮਿਲਿਆ ਪਰ ਉਸ ਦਿਨ ਇਹ ਪ੍ਰਧਾਨ ਮੰਤਰੀ ਕੋਲ ਰੋਸ ਪ੍ਰਗਟ ਕਰਨ ਜਲੰਧਰ ਕਿਉਂ ਨਹੀਂ ਗਏ, ਇਹ ਸਵਾਲ ਉਨ੍ਹਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਦੂਜਾ ਮਸਲਾ ‘ਆਪ’ ਸਰਕਾਰ ‘ਤੇ ਕਾਨੂੰਨ ਵਿਵਸਥਾ ਖਾਸਕਰ ਗੈਂਗਸਟਰਾਂ ਦਾ ਉਠਾਇਆ। ਸਭ ਜਾਣਦੇ ਹਨ ਕਿ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਨ ਵਿਚ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਬਰਾਬਰ ਦੀਆਂ ਜਿੰਮੇਵਾਰ ਹਨ। ਇਕ ਮੀਡੀਆ ਅਦਾਰੇ ਨਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਕਰਵਾਈਆਂ ਗਈਆਂ ਦੋ ਇੰਟਰਵਿਊ ਵਿਚੋਂ ਇਕ ਪੰਜਾਬ ਦੀ ਹੈ ਜਦਕਿ ਦੂਜੀ ਭਾਜਪਾ ਸ਼ਾਸ਼ਤ ਸੂਬੇ ਦੀ ਹੈ। ਹੁਣ ਵੀ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਵਿਚ ਬੰਦ ਹੈ ਜਦਕਿ ਅਮਰੀਕਾ ਦੀ ਏਜੰਸੀ ਐਫ.ਬੀ.ਆਈ. ਉਸ ਉੱਪਰ ਗੰਭੀਰ ਦੋਸ਼ ਲਗਾ ਰਹੀ ਹੈ। ਜੇਲ੍ਹ ਵਿਚ ਬੰਦ ਇਕ ਕੈਦੀ ਸਰਕਾਰੀ ਸਰਪ੍ਰਸਤੀ ਬਗੈਰ ਇਹ ਸਭ ਕਿਵੇਂ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਵੱਲੋਂ ਹਮੇਸ਼ਾਂ ਦੀ ਤਰ੍ਹਾਂ ਜਲੰਧਰ ਵਿਚ ਪੰਜਾਬੀਆਂ ਨੂੰ ਡਬਲ-ਇੰਜਣ ਦੀ ਸਰਕਾਰ ਚੁਣਨ ਲਈ ਕਹਿਣਾ ਬਿਲਕੁੱਲ ਹੀ ਗੈਰ-ਜਮਹੂਰੀ ਹੈ। ਡਬਲ ਇੰਜਨ ਦੀ ਸਰਕਾਰ ਦਾ ਮਾਡਲ ਹੀ ਸੰਘੀ ਢਾਂਚੇ ਦਾ ਬੁਨਿਆਦੀ ਰੂਪ ਵਿਚ ਵਿਰੋਧੀ ਹੈ। ਇਸਦਾ ਮਤਲਬ ਹੈ ਕਿ ਤੁਸੀਂ ਸੂਬਿਆਂ ਨੂੰ ਤਾਂ ਹੀ ਸਹਿਯੋਗ ਦਿਉਗੇ, ਜੇਕਰ ਉਹ ਤੁਹਾਡੀ ਪਾਰਟੀ ਦੀ ਸਰਕਾਰ ਚੁਨਣ, ਵਿਰੋਧੀ ਧਿਰਾਂ ਦੀਆਂ ਸੂਬਾਂ ਸਰਕਾਰਾਂ ਨੂੰ ਤੁਸੀਂ ਅਣਗੌਲਿਆਂ ਕਰੋਗੇ। ਪ੍ਰਧਾਨ ਮੰਤਰੀ ਇਕ ਪਾਰਟੀ ਦਾ ਨਹੀਂ ਬਲਕਿ ਪੂਰੇ ਦੇਸ਼ ਦਾ ਨੁਮਾਇੰਦਾ ਹੁੰਦਾ ਹੈ ਇਸ ਲਈ ਜੇਕਰ ਪ੍ਰਧਾਨ ਮੰਤਰੀ ਜੀ ਇਸ ਤਰ੍ਹਾਂ ਦੀ ਸਮਝ ਰੱਖਦੇ ਹਨ ਤਾਂ ਦੇਸ਼ ਕਿਹੋ ਜਿਹੇ ਹੱਥਾਂ ਵਿਚ ਹੈ ਇਸਦਾ ਅੰਦਾਜ਼ਾ ਵੀ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਵੈਸੇ ਪ੍ਰਧਾਨ ਮੰਤਰੀ ਜੀ ਭੁੱਲ ਰਹੇ ਹਨ ਕਿ ਜਦ ਉਹ 2014 ਵਿਚ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਸ ਸਮੇਂ ਅਕਾਲੀ-ਭਾਜਪਾ ਦੀ ਸਰਕਾਰ ਭਾਵ ਪੰਜਾਬ ਵਿਚ ਡਬਲ ਇੰਜਣ ਸਰਕਾਰ 2017 ਤੱਕ ਰਹੀ ਅਤੇ ਉਦੋਂ ਇਨ੍ਹਾਂ ਕਿਹੜੇ ਗੱਫੇ ਦਿੱਤੇ ਸਨ।
ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿਚ ਪੰਜਾਬ ਦੀ ਧਰਤੀ ਨੂੰ ‘ਮਹਾਰਾਜਾ ਰਣਜੀਤ ਸਿੰਘ ਦੀ ਧਰਤੀ’ ਦੱਸਦਿਆਂ ਕਿਹਾ ਕਿ ‘ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਖੁਸ਼ਹਾਲੀ ਸੀ, ਸੁਰੱਖਿਆ ਦੀ ਗਰੰਟੀ ਵੀ ਸੀ ਅਤੇ ਸਮਾਜ ਵਿਚ ਸਦਭਾਵਨਾ ਵੀ ਸੀ।’ ਚਲੋ ਇਸ ਬਹਾਨੇ ਮੋਦੀ ਜੀ ਨੇ ਪਹਿਲੀ ਵਾਰ ਵਿੰਗੇ-ਟੇਢੇ ਢੰਗ ਨਾਲ ਹੀ ਸਹੀ, ਇਹ ਤਾਂ ਮੰਨਿਆਂ ਕਿ ‘ਮੋਦੀ ਰਾਜ’ ਵਿਚ ਇਹ ਸਭ ਨਹੀਂ ਹੈ, ਨਹੀਂ ਹੁਣ ਤੱਕ ਭਾਜਪਾ ਆਗੂ ‘ਮੋਦੀ ਰਾਜ’ ਨੂੰ ਹੀ ‘ਰਾਮ-ਰਾਜ’ ਕਹਿੰਦੇ ਨਹੀਂ ਸਨ ਥੱਕਦੇ ਸਨ। ਵੈਸੇ ਇਨ੍ਹਾਂ ਦੇ ਭਾਈਵਾਲ ਬਾਦਲ ਪਰਿਵਾਰ ਵਾਲੇ ਵੀ ਸੂਬੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਦੇਣ ਦੇ ਵਾਅਦੇ ਕਰਦੇ ਰਹੇ ਹਨ ਹਾਲਾਂਕਿ ਇਨ੍ਹਾਂ ਦਾ ਮੌਜੂਦਾ ਭਾਈਵਾਲ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਨਹੀਂ ਸੋਚਦਾ ਹੈ। ਪੰਜਾਬ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੋਦੀ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਭੇਂਟ ਕੀਤੀ।
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਬਾਬਤ ਕਈ ਤਰ੍ਹਾਂ ਦੀਆਂ ਗੱਲਾਂ ਪ੍ਰਚੱਲਿਤ ਹਨ। ਜਿੱਥੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਰਾਜ ਦੀ ਵਡਿਆਈ ਕਰਦੇ ਹਨ, ਉੱਥੇ ਹੀ ਕੁੱਝ ਲੋਕ ਉਨ੍ਹਾਂ ਦੇ ਰਾਜ ਸਮੇਂ ਰਹੀਆਂ ਕਮੀਆਂ ਦੀ ਅਲੋਚਨਾ ਵੀ ਕਰਦੇ ਹਨ। ਪਰ ਇਕ ਗੱਲ ਤਾਂ ਸਾਫ ਹੈ ਕਿ ਧਰਮ ਨਿਰਪੱਖਤਾ ਦੇ ਮਾਮਲੇ ਵਿਚ ਮਾਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਜਪਾ ਦੇ ‘ਮੋਦੀ ਸ਼ਾਸ਼ਨ’ ਨਾਲੋਂ ਕਿਤੇ ਵਧੀਆ ਸੀ। ਉਸ ਦੇ ਪ੍ਰਧਾਨ ਮੰਤਰੀ ਇੱਕ ਡੋਗਰਾ ਸਨ, ਵਿਦੇਸ਼ ਮੰਤਰੀ ਇੱਕ ਮੁਸਲਮਾਨ ਸਨ ਅਤੇ ਵਿੱਤ ਮੰਤਰੀ ਇੱਕ ਬ੍ਰਾਹਮਣ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸਰਕਾਰੀ ਕੰਮਕਾਜ ਦੀ ਭਾਸ਼ਾ ਫ਼ਾਰਸੀ ਸੀ। ਉਨ੍ਹਾਂ ਦੀ ਫ਼ੌਜ ਵਿਚ ਬਹੁਤ ਸਾਰੇ ਮੁਸਲਮਾਨ ਸਨ ਅਤੇ ਮੁਸਲਮ ਕਾਜ਼ੀ ਉਨ੍ਹਾਂ ਅਦਾਲਤਾਂ ਦੀ ਅਗਵਾਈ ਕਰਦੇ ਸਨ ਜਿੱਥੇ ਉਨ੍ਹਾਂ ਦੇ ਇਸਲਾਮੀ ਕਾਨੂੰਨ ਅਨੁਸਾਰ ਇਨਸਾਫ਼ ਲੈਣ ਲਈ ਜਾਂਦੇ ਸੀ। ਦਵਾਖਾਨਿਆਂ ਵਿਚ ਯੂਨਾਨੀ ਦਵਾਈਆਂ ਬਿਨਾਂ ਕਿਸੇ ਖ਼ਰਚੇ ਦੇ ਦਿੱਤੀਆਂ ਜਾਂਦੀਆਂ ਸਨ। ਉਹ ਮਦਰੱਸੇ ਵੀ ਚੱਲਦੇ ਰਹੇ ਜਿੱਥੇ ਕੁਰਾਨ ਅਤੇ ਅਰਬੀ ਭਾਸ਼ਾ ਪੜ੍ਹਾਈ ਜਾਂਦੀ ਸੀ। ਜਿਹੜੀ ਪਾਰਟੀ ਮਦਰੱਸੇ ਬੰਦ ਕਰ ਰਹੀ ਹੈ, ਧਾਰਮਿਕ ਘੱਟ ਗਿਣਤੀਆਂ ਨੂੰ ਨਪੀੜ ਰਹੀ ਹੈ, ਉਹ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੀ ਚੰਗੀ ਨਹੀਂ ਲੱਗਦੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਮੌਕੇ ਡੇਰਾ ਸੱਚ ਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਪਿਛਲੇ ਦਿਨੀਂ ਹੀ ਦੇਸ਼ ਦੇ ਰਾਸ਼ਟਰਪਤੀ ਸਾਹਿਬ ਵੱਲੋਂ ਉਨ੍ਹਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਡੇਰੇ ਦਾ ਰਵੀਦਾਸੀਆ ਭਾਈਚਾਰੇ ਵਿਚ ਬਹੁਤ ਪ੍ਰਭਾਵ ਹੈ, ਪਰ ਡੇਰੇ ਦੀਆਂ ਪ੍ਰਧਾਨ ਮੰਤਰੀ ਮੋਦੀ ਨਾਲ ਨਜੀਦੀਕੀਆਂ ਇਸ ਕਦਰ ਵਧ ਚੁੱਕੀਆਂ ਹਨ ਕਿ ਇਸ ਡੇਰੇ ਵਿਚ ਪ੍ਰਧਾਨ ਮੰਤਰੀ ਜੀ ਦੇ ਜਨਮ ਦਿਨ ਮੌਕੇ ਅਰਦਾਸ ਕੀਤੀ ਗਈ ਸੀ। ਭਾਜਪਾ ਦੀ ਨੀਤੀ ਸਾਫ ਹੈ ਕਿ ਪੰਜਾਬ ਚੋਣਾਂ ਜਿੱਤਣ ਲਈ ਹਰ ਡੇਰੇ ਨਾਲ ਨੇੜਤਾ ਬਣਾ ਰਹੀ ਹੈ ਤੇ ਇਸ ਨੂੰ ਵੀ ਇਸੇ ਰੂਪ ਵਿਚ ਵੇਖਿਆ ਜਾਣਾ ਚਾਹੀਦਾ ਹੈ।
ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸੂਬੇ ਲਈ ਵਿਸ਼ੇਸ਼ ਆਰਥਿਕ ਪੈਕੇਜ਼, ਆਰ.ਡੀ.ਐਫ. ਦੇ 10 ਹਜ਼ਾਰ ਕਰੋੜ ਰੁਪਏ ਦੇ ਬਕਾਏ ਜਾਰੀ ਕਰਨ, ਫਸਲਾਂ ਲਈ ਐਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ, ਕਰਜ਼ਾ ਮੁਆਫ਼ੀ ਜਿਹੀਆਂ ਮੰਗਾਂ ਦਾ ਹੱਲ ਚਾਹੁੰਦੇ ਹਨ। ਲੇਕਿਨ ਹਕੀਕਤ ਇਹ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਨੂੰ ਕੁੱਝ ਦੇਣ ਦੀ ਥਾਂ ਅਤੇ ਸੂਬੇ ਦੀਆਂ ਗੰਭੀਰ ਸਮੱਸਿਆਵਾਂ ਵਿਚੋਂ ਕਿਸੇ ਦਾ ਵੀ ਹੱਲ ਕੀਤੇ ਬਿਨਾਂ ਵਾਪਸ ਚਲੇ ਗਏ ਹਨ। ਉਹ ਸਟੇਜ ਤੋਂ ਸਿਆਸੀ ਬਿਆਨਬਾਜ਼ੀ ਤਾਂ ਕਰਦੇ ਰਹੇ ਪਰ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਸਲ ਮੁੱਦਿਆਂ ‘ਤੇ ਉਹ ਪੂਰੀ ਤਰ੍ਹਾਂ ਚੁੱਪ ਰਹੇ। ਖੇਤੀ ਖੇਤਰ ਗੰਭੀਰ ਸੰਕਟ ਵਿਚ ਹੈ। ਕਣਕ-ਝੋਨੇ ਦੇ ਫਸਲੀ ਚੱਕਰ ਕਾਰਨ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੋ ਰਿਹਾ ਹੈ ਅਤੇ ਸੂਬਾ ਇਕ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਸਾਡੀ ਕੇਂਦਰ ਅਤੇ ਸੂਬਾ ਸਰਕਾਰ ਇਸ ਗੰਭੀਰ ਸੰਕਟ ਪ੍ਰਤੀ ਭੋਰਾ ਵੀ ਚਿੰਤਤ ਨਹੀਂ ਹੈ। ਪੰਜਾਬ ਦੇ ਕਿਸਾਨਾਂ ਨੂੰ ਘੱਟ ਪਾਣੀ ਵਾਲੀਆਂ ਫਸਲਾਂ ਉੱਪਰ ਐਮ.ਐਸ.ਪੀ. ਦੀ ਗਾਰੰਟੀ ਇਸ ਮਸਲੇ ਦੇ ਹੱਲ ਲਈ ਅਤਿ ਜ਼ਰੂਰੀ ਹੈ ਪਰ ਪ੍ਰਧਾਨ ਮੰਤਰੀ ਜੀ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਹਕੀਕਤ ਇਹ ਹੈ ਕਿ ਸੂਬਾ ਅੱਜ ਨਸ਼ਿਆਂ, ਬੇਰੁਜ਼ਗਾਰੀ, ਕਿਸਾਨੀ ਕਰਜੇ ਸਮੇਤ ਅਨੇਕਾਂ ਸਮੱਸਿਆਵਾਂ ਵਿਚ ਫਸਿਆ ਹੋਇਆ ਹੈ ਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਵੱਲ ਤੁਰਨ ਦੀ ਬਜਾਏ ਕੇਂਦਰ ਦੀ ‘ਭਾਜਪਾ’ ਅਤੇ ਸੂਬੇ ਦੀ ‘ਆਪ’ ਸਰਕਾਰ ਸਰਕਾਰੀ ਸਮਾਗਮਾਂ ਜ਼ਰੀਏ ਆਪਣੇ ਚੋਣ ਪ੍ਰਚਾਰ ਵਿਚ ਮਸ਼ਰੂਫ ਹਨ। ਅਜਿਹੇ ਵਿਚ ਸੂਬੇ ਦੀਆਂ ਲੋਕ ਪੱਖੀ ਜਥੇਬੰਦੀਆਂ ਦੀਆਂ ਜਿੰਮੇਵਾਰੀ ਬਣਦੀ ਹੈ ਕਿ ਉਹ ਲੋਕ ਮੰਗਾਂ ਨੂੰ ਉਭਾਰਨ ਲਈ ਹੰਭਲਾ ਮਾਰਨ।