ਤੇਰਾ ਸਿੰਘ ਚੰਨ ਦੀ ਖੱਬੇ ਪੱਖੀ ਧਾਰਨਾ ਦੇ ਰੰਗ

ਗੁਲਜ਼ਾਰ ਸਿੰਘ ਸੰਧੂ
ਤੇਰਾ ਸਿੰਘ ਚੰਨ ਦੇ ਅਕਾਲ ਚਲਾਣੇ ਦੀ ਮਿਤੀ ਤਾਂ ਪਿਛਲੇ ਸਪਤਾਹ ਸੀ, ਪਰ ਉਸਦੀ ਸੋਚ ਨਾਲ ਜੁੜੀਆਂ ਗੱਲਾਂ ਹਾਲੀ ਵੀ ਹਵਾ ਵਿਚ ਹਨ| ਕੇਵਲ ਭਾਰਤ ਵਿਚ ਨਹੀਂ, ਸਤ ਸਮੁੰਦਰ ਪਾਰ ਵੀ| ਹਿਮਾਚਲ ਪ੍ਰਦੇਸ਼ ਦੇ ਦਗਸ਼ਈ ਵਿਚ ਹੀ ਨਹੀਂ ਜਿੱਥੇ ਜੇਲ੍ਹ ਵਿਚ ਰਹਿਣਾ ਪਿਆ ਸੀ|

ਕਿਸੇ ਬਿੱਧ ਮਹਾਤਮਾ ਗਾਂਧੀ ਤੇ ਨੱਥੂ ਰਾਮ ਗੋਡਸੇ ਨੂੰ ਵੀ ਕੁਝ ਦਿਨ ਰਹਿਣਾ ਪਿਆ ਸੀ| ਚੰਨ ਹੁਰਾਂ ਦਾ ਬੇਟਾ ਦਿਲਦਾਰ ਤੇ ਉਸ ਦੀ ਬੀਵੀ ਸੁਲਤਾਨਾ ਸਪਤਾਹ ਪਹਿਲਾਂ ਹੀ ਦਗਸ਼ਈ ਜਾ ਕੇ ਆਏ ਹਨ| ਉਹ ਦੋਵੇਂ ਹਿਮਾਚਲ ਪ੍ਰਦੇਸ਼ ਦੇ ਧਰਮਪੁਰ ਨੇੜੇ, ਚੰਡੀਗੜ੍ਹ-ਸ਼ਿਮਲਾ ਹਾਈਵੇਅ ’ਤੇ ਚੰਡੀਗੜ੍ਹ ਤੋਂ ਮਹਿਜ਼ 54 ਕਿਲੋਮੀਟਰ ਦੀ ਦੂਰੀ ’ਤੇ ਸਥਿਰ ਦਗਸ਼ਈ ਛਾਉਣੀ ਦੇਖਣ ਗਏ| 1847 ਵਿਚ ਪਟਿਆਲਾ ਦੇ ਮਹਾਰਾਜਾ ਨੇ ਈਸਟ ਇੰਡੀਆ ਕੰਪਨੀ ਨੂੰ ਛਾਉਣੀ ਸਥਾਪਤ ਕਰਨ ਲਈ ਪੰਜ ਪਿੰਡ (ਡੱਬੀ, ਬੁਢਟਿਆਲਾ, ਚੂਨਾਵੜ, ਜਵਾਗ ਅਤੇ ਦਗਸ਼ਈ) ਦਿੱਤੇ ਸਨ| ਇਸ ਤੋਂ ਬਾਅਦ ਅੰਗਰੇਜ਼ਾਂ ਨੇ ਰਣਨੀਤਕ ਪੱਖ ਤੋਂ 1849 ਵਿਚ ਇੱਥੇ ਜੇਲ੍ਹ ਦਾ ਨਿਰਮਾਣ ਕਰਵਾਇਆ| ਦਗਸ਼ਈ ਵਿਚ ਮੁੱਖ ਖਿੱਚ ਦਾ ਕੇਂਦਰ ਦਗਸ਼ਈ ਕੇਂਦਰੀ ਜੇਲ੍ਹ ਅਤੇ ਜੇਲ੍ਹ ਅਜਾਇਬਘਰ ਹੈ, ਜੋ ਅੰਡੇਮਾਨ ਟਾਪੂ ਦੀ ਸੈਲਿਊਲਰ ਜੇਲ੍ਹ ਤੋਂ ਬਾਅਦ ਭਾਰਤ ਵਿਚ ਬਸਤੀਵਾਦੀ ਦੌਰ ਦੇ ਸਿਰਫ਼ ਦੋ ਜੇਲ੍ਹ ਅਜਾਇਬ ਘਰਾਂ ਵਿਚੋਂ ਇੱਕ ਹੈ|
ਬ੍ਰਿਟਿਸ਼ ਕਾਲ ਦੌਰਾਨ ਦਗਸ਼ਈ ਕੇਂਦਰੀ ਜੇਲ੍ਹ ਬੇਹੱਦ ਸਖ਼ਤ ਸੁਰੱਖਿਆ ਪ੍ਰਬੰਧਾਂ ਵਾਲੀ ਜੇਲ੍ਹ ਵਜੋਂ ਬਣਾਈ ਗਈ ਸੀ| ਇਸ ਵਿਚ ਕੁੱਲ 54 ਸੈੱਲ (ਕੋਠੜੀਆਂ) ਹਨ ਜਿਨ੍ਹਾਂ ਵਿਚੋਂ 16 ਇਕਾਂਤਵਾਸ ਕੋਠੜੀਆਂ ਸਨ| ਇਨ੍ਹਾਂ ਦੀ ਵਰਤੋਂ ਕੱਟੜ ਭਾਰਤੀ ਕ੍ਰਾਂਤੀਕਾਰੀਆਂ ਨੂੰ ਕੈਦ ਕਰਨ ਅਤੇ ਅਣਮਨੁੱਖੀ ਸਜ਼ਾਵਾਂ ਦੇਣ ਲਈ ਕੀਤੀ ਜਾਂਦੀ ਸੀ| ਇਨ੍ਹਾਂ ਕੋਠੜੀਆਂ ਵਿਚ ਕੁਦਰਤੀ ਰੌਸ਼ਨੀ ਜਾਂ ਹਵਾ ਦੀ ਆਮਦ ਦਾ ਕੋਈ ਸਾਧਨ ਨਹੀਂ ਸੀ| ਅੰਗਰੇਜ਼ੀ ਦੇ ਅੱਖਰ ‘ਟੀ’ ਆਕਾਰ ਦੀ ਇਸ ਵਿਲੱਖਣ ਪਥਰੀਲੀ ਇਮਾਰਤ ਦੀ ਛੱਤ ਲਗਪਗ 20 ਫੁੱਟ ਉੱਚੀ ਹੈ ਅਤੇ ਫ਼ਰਸ਼ ਲੱਕੜ ਦਾ ਬਣਾਇਆ ਗਿਆ ਸੀ ਤਾਂ ਜੋ ਕੈਦੀਆਂ ਦੀ ਕਿਸੇ ਵੀ ਹਰਕਤ ਜਾਂ ਆਪਸੀ ਗੱਲਬਾਤ ’ਤੇ ਤਿੱਖੀ ਨਜ਼ਰ ਰੱਖੀ ਜਾ ਸਕੇ| ਇੱਥੇ ਕੈਦ ਕੀਤੇ ਗਏ ਅਤੇ ਫਾਂਸੀ ਚੜ੍ਹਾਏ ਗਏ ਸ਼ੁਰੂਆਤੀ ਪ੍ਰਮੁੱਖ ਕ੍ਰਾਂਤੀਕਾਰੀਆਂ ਵਿਚ ਉਹ ਗੋਰਖਾ ਸਿਪਾਹੀ ਵੀ ਸ਼ਾਮਲ ਸਨ, ਜਿਨ੍ਹਾਂ ਨੇ 1857 ਵਿਚ ਅੰਗਰੇਜ਼ ਹਕੂਮਤ ਵਿਰੁੱਧ ਬਗਾਵਤ ਦਾ ਬਿਗਲ ਵਜਾਇਆ ਸੀ|
ਇਤਿਹਾਸਕ ਤੌਰ ’ਤੇ ਇਹ ਸਪੱਸ਼ਟ ਨਹੀਂ ਹੈ ਕਿ ਬਾਬਾ ਗੁਰਦਿੱਤ ਸਿੰਘ ਖ਼ੁਦ ਇਨ੍ਹਾਂ ਚਾਰ ਕ੍ਰਾਂਤੀਕਾਰੀਆਂ ਵਿਚ ਸ਼ਾਮਲ ਸਨ ਜਾ ਨਹੀਂ|
1920 ਵਿਚ ਹੋਈ ਪ੍ਰਸਿੱਧ ਕਨਾਟ ਰੋਜਰਜ਼ ਬਗਾਵਤ ਦੌਰਾਨ ਇਸ ਜੇਲ੍ਹ ਵਿਚ ਲਗਪਗ 14 ਆਇਰਿਸ਼ ਸਿਪਾਹੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ| ਬਾਅਦ ਵਿਚ 2 ਨਵੰਬਰ 1920 ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਰਫ਼ ਇੱਕ 21 ਸਾਲਾ ਆਇਰਿਸ਼ ਸਿਪਾਹੀ ਜੇਮਜ਼ ਜੋਸਫ਼ ਡੇਲੀ ਨੂੰ ਫ਼ਾਇਰਿੰਗ ਸਕੁਐਡ (ਗੋਲੀਆਂ ਮਾਰ ਕੇ) ਰਾਹੀਂ ਮੌਤ ਦੇ ਘਾਟ ਉਤਾਰਿਆ ਗਿਆ, ਜਦੋਂ ਕਿ ਬਾਕੀ 13 ਸਿਪਾਹੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਗਿਆ ਸੀ|
ਮਹਾਤਮਾ ਗਾਂਧੀ ਅਤੇ ਨੱਥੂਰਾਮ ਗੋਡਸੇ ਦੀ ਆਮਦ
ਆਇਰਿਸ਼ ਸਿਪਾਹੀਆਂ ਨੂੰ ਦਗਸ਼ਈ ਵਿਚ ਕੈਦ ਕੀਤੇ ਜਾਣ ਦੀ ਖ਼ਬਰ ਮਿਲਦਿਆਂ ਹੀ ਮਹਾਤਮਾ ਗਾਂਧੀ ਉੱਥੇ ਪਹੁੰਚੇ| ਗਾਂਧੀ ਜੀ ਮਹਾਨ ਆਇਰਿਸ਼ ਆਗੂ ਇਮੋਨ ਡੇ ਵੈਲੇਰਾ ਦੇ ਪ੍ਰਸ਼ੰਸਕ ਸਨ ਅਤੇ ਬ੍ਰਿਟਿਸ਼ ਹਕੂਮਤ ਵਿਰੁੱਧ ਆਇਰਿਸ਼ ਲੋਕਾਂ ਦੇ ਸੰਘਰਸ਼ ਤੋਂ ਬੇਹੱਦ ਪ੍ਰੇਰਿਤ ਸਨ| ਜੇਲ੍ਹ ਅਧਿਕਾਰੀਆਂ ਨੇ ਗਾਂਧੀ ਜੀ ਦੀ ਬੇਨਤੀ ’ਤੇ ਉਨ੍ਹਾਂ ਦੇ ਰਹਿਣ ਲਈ ਜੇਲ੍ਹ ਦੇ ਅੰਦਰ ਹੀ ਇੱਕ ਸੈੱਲ (ਕੋਠੜੀ) ਦਾ ਪ੍ਰਬੰਧ ਕੀਤਾ ਸੀ| ਅੱਜ ਵੀ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਕੋਠੜੀ ਵਿਚ ਗਾਂਧੀ ਜੀ ਦੀ ਯਾਦ ਅਤੇ ਪ੍ਰਤੀਕ ਵਜੋਂ ਇੱਕ ਚਰਖਾ ਸਥਾਪਤ ਕਰਕੇ ਇਸ ਨੂੰ ਇਤਿਹਾਸਕ ਵਿਰਾਸਤ ਵਜੋਂ ਸੰਭਾਲਿਆ ਹੋਇਆ ਹੈ| ਇੱਕ ਹੋਰ ਦਿਲਚਸਪ ਤੇ ਹੈਰਾਨੀਜਨਕ ਤੱਥ ਇਹ ਹੈ ਕਿ ਗਾਂਧੀ ਜੀ ਦਾ ਕਤਲ ਕਰਨ ਵਾਲੇ ਨੱਥੂਰਾਮ ਗੋਡਸੇ ਨੂੰ ਵੀ ਮੁਕੱਦਮੇ ਅਤੇ ਫਾਂਸੀ ਦੀ ਸਜ਼ਾ ਤੋਂ ਪਹਿਲਾਂ, ਕੁਝ ਸਮੇਂ ਲਈ ਇਸੇ ਜੇਲ੍ਹ ਵਿਚ ਬੰਦੀ ਬਣਾ ਕੇ ਰੱਖਿਆ ਗਿਆ ਸੀ| ਸਥਾਨਕ ਦੰਦ ਕਥਾਵਾਂ ਅਤੇ ਮਾਨਤਾਵਾਂ ਅਨੁਸਾਰ ਦਗਸ਼ਈ ਨਾਮ ਦੀ ਉਤਪਤੀ ਫ਼ਾਰਸੀ ਦੇ ਸ਼ਬਦ ‘ਦਾਗ਼-ਏ-ਸ਼ਾਹੀ’ (ਸ਼ਾਹੀ ਨਿਸ਼ਾਨ) ਤੋਂ ਹੋਈ ਮੰਨੀ ਜਾਂਦੀ ਹੈ| ਇਹ ਕਿਹਾ ਜਾਂਦਾ ਹੈ ਕਿ ਮੁਗ਼ਲ ਕਾਲ ਦੌਰਾਨ ਸੰਗੀਤ ਅਪਰਾਧੀਆਂ ਦੇ ਮੱਥੇ ਉੱਤੇ ਗਰਮ ਲੋਹੇ ਨਾਲ ਸ਼ਾਹੀ ਦਾਗ਼ ਲਗਾ ਕੇ ਉਨ੍ਹਾਂ ਨੂੰ ਸਜ਼ਾ ਵਜੋਂ ਇਸ ਦੂਰ-ਦਰਾਜ਼ ਪਹਾੜੀ ਇਲਾਕੇ ਵਿਚ ਜਲਾਵਤਨ (ਦੇਸ਼ ਨਿਕਾਲਾ) ਕਰ ਦਿੱਤਾ ਜਾਂਦਾ ਸੀ|
ਚੰਨ ਪਰਿਵਾਰ ਦੀ ਦੂਜੀ ਗੱਲ ਦਾ ਸਬੰਧ ਉਨ੍ਹਾਂ ਦੀ ਬੇਟੀ ਸੁਲੇਖਾ (ਸੁਪਤਨੀ ਡਾ. ਰਘਬੀਰ ਸਿੰਘ ਸਿਰਜਣ) ਨਾਲ ਹੈ ਜਿਹੜੀ ਵਧੇਰੇ ਕਰਕੇ ਵੈਨਕੂਵਰ (ਕੈਨੇਡਾ) ਵਿਖੇ ਆਪਣੀ ਧੀ ਰਚਨਾ ਸਿੰਘ ਕੋਲ ਹੀ ਰਹਿੰਦੀ ਹੈ| ਰਚਨਾ ਬ੍ਰਿਟਿਸ਼ ਕੋਲੰਬੀਆ ਦੀ ਐਜੂਕੇਸ਼ਨ ਤੇ ਚਾਈਲਡ ਡਿਵੈਲਪਮੈਂਟ ਮੰਤ੍ਰੀ ਰਹਿ ਚੁੱਕੀ ਹੈ| ਚੰਨ ਪਰਿਵਾਰ ਦਾ ਮਹਿੰਦਰ ਸੂਮਲ ਨਾਂ ਦੇ ਵਿਅਕਤੀ ਨਾਲ ਗੂੜ੍ਹਾ ਸਬੰਧ ਰਿਹਾ ਹੈ|
ਮਹਿੰਦਰ ਸੂਮਲ ਕੈਨੇਡਾ ਜਾਣ ਤੋਂ ਪਹਿਲਾਂ ਭਾਰਤ ਵਿਖੇ ਕਾਲਜ ਦਾ ਵਿਦਿਆਰਥੀ ਹੁੰਦਿਆਂ ਸਾਹਿਤਕ ਤੇ ਸਭਿਆਚਾਰਕ ਗਤੀਵਿਧੀਆਂ ਨਾਲ ਜੁੜ ਚੁੱਕਿਆ ਸੀ| ਕੈਨੇਡਾ ਪਹੁੰਚਣ ਉਪ੍ਰੰਤ ਉਸਨੇ ਪੰਜਾਬੀ ਲੇਖਕ ਗੁਰਚਰਨ ਰਾਮਪੁਰੀ ਨਾਲ ਮਿਲ ਕੇ 1970 ਵਿਚ ਹੀ ਇਹ ਵਿਧੀਆਂ ਚਾਲੂ ਕਰ ਦਿੱਤੀਆਂ ਸਨ| 1973 ਵਿਚ ਕੈਨੇਡਾ ਦੀ ਪਹਿਲੀ ਪੰਜਾਬੀ ਸਾਹਤ ਸਭਾ ਦੀ ਨੀਂਹ ਰੱਖਣ ਵਾਲਾ ਵੀ ਉਹੀ ਸੀ| ਬਾਅਦ ਵਿਚ ਇਹੋ ਸਾਹਿਤ ਸਭਾ ‘ਪੰਜਾਬੀ ਲੇਖਕ ਮੰਚ ਵੈਨਕੂਵਰ’ ਦੇ ਨਾਮ ਨਾਲ ਮਸ਼ਹੂਰ ਹੋਈ ਤੇ ਮੰਚ ਦੇ ਪਹਿਲੇ ਕੋਆਰਡੀਨੇਟਰ ਵੀ ਉਹੀਓ ਸਨ| ਸੂਮਲ ਉਨ੍ਹਾਂ ਤੋਂ ਮਗਰੋਂ ਵੀ ਕਈ ਵਾਰ ਪੰਜਾਬੀ ਲੇਖਕ ਮੰਚ ਦਾ ਕੋਆਰਡੀਨੇਟਰ ਰਿਹਾ| ਲੇਖਕ ਮੰਚ ਨੇ ਕੈਨੇਡਾ ਵਿਚ ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿਚ ਵੱਡਾ ਯੋਗਦਾਨ ਪਾਇਆ| ਉਹ ਬੀ.ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ ਦਾ ਬਾਨੀ ਮੈਂਬਰ ਵੀ ਰਿਹਾ| ਬੀ.ਸੀ. ਵਿਚ ਇਸ ਫਾਊਂਡੇਸ਼ਨ ਦੇ ਨਾਮ ਉਪਰ ਹੀ ਪੁਸਤਕ ਮੇਲੇ ਲਗਦੇ ਰਹੇ ਹਨ| ਉਸਨੇ ਪੰਜਾਬੀ ਮੈਗਜ਼ੀਨ ‘ਲੋਕੜਾ’ ਨਾਲ ਵੀ ਕੰਮ ਕੀਤਾ, ਜਿਸ ਵਿਚ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਬਾਖੂਬੀ ਉਭਾਰਿਆ ਜਾਂਦਾ ਸੀ| ਇਸ ਤੋਂ ਬਿਨਾ ਸੂਮਨ ਦਰਸ਼ਨ ਗਿੱਲ ਦੇ ਸਪਤਾਹਕ ਪਰਚੇ ‘ਕਨੇਡਾ ਦਰਪਨ’ ਦੇ ਛਪਣ ਦੇ ਅਰੰਭ ਤੋਂ ਲੈ ਕੇ ਅਖੀਰ ਤਕ ਸਹਿਯੋਗੀ ਰਿਹਾ|
ਉਸ ਦੀਆਂ ਸਮਾਜਿਕ ਤੇ ਸਭਿਆਚਾਰਕ ਗਤੀਵਿਧੀਆਂ ਦੀਆਂ ਬਰਕਤਾਂ ਹੀ ਸਮਝੋ ਕਿ ਉਹਦੇ ਵਾਲੀ ਐਸੋਸੀਏਸ਼ਨ ਨੇ ਨਸਲੀ ਵਿਤਕਰੇ ਤੇ ਭਾਰਤੀ ਕਾਮਿਆਂ ਦੇ ਹੱਕਾਂ ਲਈ ਬਹੁਤ ਕੰਮ ਕੀਤਾ| ਉਸਨੇ ਵੈਨਕੂਵਰ ਵਿਚ ਪਹਿਲੀ ਭੰਗੜਾ ਟੀਮ ਬਣਾਈ| ਆਪਣੇ ਘਰੇਲੂ ਕੰਮ ਤਿਆਗ ਕੇ ਭੰਗੜਾ ਟੀਮ ਨੂੰ ਸਿਖਲਾਈ ਦਿੱਤੀ| ਭੰਗੜੇ ਲਈ ਢੋਲ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ| ਸੂਮਲ ਨੇ ਆਪਣੇ ਵਿਆਹ ਸਮੇਂ ਕੈਨੇਡਾ ਆਉਂਦਿਆਂ ਹੋਰ ਸਾਮਾਨ ਲਿਆਉਣ ਦੀ ਥਾਂ ਢੋਲ ਲਿਆਉਣ ਨੂੰ ਤਰਜੀਹ ਦਿੱਤੀ| ਕੈਨੇਡਾ ਦੀ ਇਹ ਪਹਿਲੀ ਭੰਗੜਾ ਟੀਮ ਸੀ, ਜਿਸ ਨੇ 1974 ਵਿਚ ਅਮਰੀਕਾ ਦੇ ਸ਼ਹਿਰ ਸਪੇਕੈਨ ਦੇ ਵਰਲਡ ਟਰੇਡ ਫੇਅਰ ਵਿਚ ਭੰਗੜਾ ਪਾਇਆ| 1976 ਦੀਆਂ ਮਾਂਟਰੀਅਲ ਉਲੰਪਿਕ ਖੇਡਾਂ ਵਿਚ ਭੰਗੜਾ ਪਾ ਕੇ ਧੰਨ-ਧੰਨ ਕਰਵਾਈ ਤੇ ਪੰਜਾਬੀ ਭੰਗੜੇ ਨੂੰ ਮਾਨਤਾ ਦਿਵਾਈ| 1981 ਵਿਚ ਫਂ5 ਦੇ ਮੇਲੇ ਵਿਚ ਭੰਗੜਾ ਪਾ ਕੇ ਦੂਜਾ ਸਥਾਨ ਹਾਸਲ ਕੀਤਾ| ਕੈਨੇਡਾ ਦੀਆਂ ਖੱਬੇ ਪੱਖੀ ਪਾਰਟੀਆਂ ਤੇ ਸੰਗਠਨਾਂ ਨਾਲ ਵੀ ਦਿਲੋ ਜਾਨ ਨਾਲ ਕੰਮ ਕੀਤਾ| ਭਾਰਤ ਤੋਂ ਆਉਣ ਵਾਲੇ ਅਗਾਂਹਵਧੂ ਨੇਤਾਵਾਂ ਤੇ ਲੇਖਕਾਂ ਦੀ ਹਰ ਢੰਗ ਨਾਲ ਸਹਾਇਤਾ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ|
ਸੂਮਲ ਜ਼ਿੰਦਗੀ ਵਿਚ ਆਈਆਂ ਔਕੜਾਂ ਦੇ ਬਾਵਜੂਦ ਸਤੰਬਰ 2025 ਵਿਚ ਅੰਤਲੇ ਸਾਹ ਲੈਣ ਤਕ ਸਾਹਿਤਕ, ਸਾਮਾਜਿਕ ਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਸਰਗਰਮ ਰਿਹਾ|
ਅੰਤਿਕਾ
ਉਰਦੂ ਕਵੀ ਦਾਰਾ
ਨਹੀਂ ਖੇਲ੍ਹ ਐ ਦਾਗ ਯਾਰੋਂ ਸੇ ਕਹਿਦੋ
ਕਿ ਆਤੀ ਹੈ ਉਰਦੂ ਜ਼ੁਬਾਨ ਆਤੇ ਆਤੇ।