ਹਾਕੀ ਦੇ ਹੀਰੇ ਬਲਬੀਰ ਸਿੰਘ ਵੱਲ ਵੀ ਵੇਖੋ

ਪ੍ਰਿੰæ ਸਰਵਣ ਸਿੰਘ
ਸਚਿਨ ਤੇਂਦੁਲਕਰ ਪੈਸੇ ਲਈ ਕ੍ਰਿਕਟ ਖੇਡਿਆ ਤੇ ਭਾਰਤ ਰਤਨ ਬਣ ਗਿਆ! ਪਰ ਜਿਹੜੇ ਪੈਸਿਆਂ ਦੀ ਥਾਂ ਭਾਰਤ ਲਈ ਉਲੰਪਿਕ ਖੇਡਾਂ ਦੇ ਮੈਡਲ ਜਿੱਤਦੇ ਰਹੇ, ਉਹ ਕਿਸੇ ਦੇ ਯਾਦ ਚਿੱਤ ਨਹੀਂ। ਉਲੰਪਿਕ ਖੇਡਾਂ ‘ਚੋਂ ਸੋਨੇ ਦੇ ਤਿੰਨ ਤਮਗੇ ਜਿੱਤਣੇ ਕਹਿ ਦੇਣੀ ਗੱਲ ਹੈ। ਅੱਜ ਕੱਲ੍ਹ ਭਾਰਤ ਦਾ ਕੋਈ ਖਿਡਾਰੀ ਉਲੰਪਿਕ ਖੇਡਾਂ ‘ਚੋਂ ਤਾਂਬੇ ਦਾ ਤਮਗਾ ਵੀ ਜਿੱਤ ਜਾਵੇ ਤਾਂ ਕਰੋੜਾਂ ਦੇ ਇਨਾਮ ਭੋਟ ਲੈਂਦੈ! ਬਲਬੀਰ ਸਿੰਘ ਸੁਤੰਤਰ ਭਾਰਤ ਦਾ ਪਹਿਲਾ ਖਿਡਾਰੀ ਹੈ ਜਿਸ ਨੇ ਤਿੰਨ ਉਲੰਪਿਕ ਖੇਡਾਂ ‘ਚੋਂ ਤਿੰਨ ਸੋਨ-ਤਮਗੇ ਜਿੱਤੇ। ਲਗਾਤਾਰ ਤਿੰਨ ਗੋਲਡ ਮੈਡਲ ਜਿੱਤਣ ਕਾਰਨ ਉਸ ਨੇ ਆਪਣੀ ਸਵੈ-ਜੀਵਨੀ ਦਾ ਨਾਂ ਵੀ ‘ਗੋਲਡਨ ਹੈਟ-ਟ੍ਰਿਕ’ ਰੱਖਿਆ।
ਹੈਲਸਿੰਕੀ-1952 ਦੀਆਂ ਉਲੰਪਿਕ ਖੇਡਾਂ ਵਿਚ ਸੈਮੀ ਫਾਈਨਲ ਤੇ ਫਾਈਨਲ ਮੈਚਾਂ ‘ਚ ਭਾਰਤੀ ਟੀਮ ਦੇ 9 ਗੋਲਾਂ ਵਿਚੋਂ 8 ਗੋਲ ਹਾਕੀ ਦੇ ਇਸ ਮਹਾਨ ਸੈਂਟਰ ਫਾਰਵਰਡ ਨੇ ਕੀਤੇ ਸਨ। 5 ਗੋਲ ਫਾਈਨਲ ਮੈਚ ਵਿਚ ਕੀਤੇ ਜੋ ਉਲੰਪਿਕ ਖੇਡਾਂ ਦੇ ਇਤਿਹਾਸ ਵਿਚ ਅਜੇ ਵੀ ਅਟੁੱਟ ਰਿਕਾਰਡ ਹੈ। ਇਹ ਤੱਥ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਦਰਜ ਹੈ। ਸ਼ਾਇਦ ਹੀ ਉਲੰਪਿਕ ਖੇਡਾਂ ਦਾ ਹੋਰ ਕੋਈ ਰਿਕਾਰਡ ਏਨਾ ਪੁਰਾਣਾ ਹੋਵੇ। ਹੁਣ ਉਹ ਉਮਰ ਦੇ 90ਵੇਂ ਸਾਲ ਵਿਚ ਹੈ। ਲਾਰਡਾਂ ਦੀ ਖੇਡ ਕ੍ਰਿਕਟ ਦੇ ਖਿਡਾਰੀ ਸਚਿਨ ਤੇਂਦੁਲਕਰ ਨੂੰ ਤਾਂ ਭਾਰਤ ਰਤਨ ਮਿਲ ਹੀ ਗਿਐ, ਵੇਖਦੇ ਹਾਂ ਭਾਰਤ ਦੀ ਕੌਮੀ ਖੇਡ ਹਾਕੀ ਦੇ ਹੀਰੇ ਧਿਆਨ ਚੰਦ ਤੇ ਬਲਬੀਰ ਸਿੰਘ ਨੂੰ ਭਾਰਤ ਰਤਨ ਦਾ ਪੁਰਸਕਾਰ ਕਦੋਂ ਮਿਲਦੈ?
ਬਲਬੀਰ ਸਿੰਘ ਕੇਵਲ ਖਿਡਾਰੀ ਹੀ ਨਹੀਂ। ਉਹ ਸੱਤ ਵਾਰ ਭਾਰਤੀ ਟੀਮਾਂ ਦਾ ਚੀਫ ਕੋਚ ਤੇ ਮੈਨੇਜਰ ਵੀ ਬਣਿਆ। ਉਨ੍ਹਾਂ ਟੀਮਾਂ ਨੇ ਦੋ ਗੋਲਡ, ਤਿੰਨ ਸਿਲਵਰ ਤੇ ਦੋ ਬਰਾਂਜ਼ ਮੈਡਲ ਜਿੱਤੇ। 1982 ਵਿਚ ਦਿੱਲੀ ਦੀਆਂ ਏਸ਼ਿਆਈ ਖੇਡਾਂ ਸਮੇਂ ਉਸ ਨੂੰ ਖੇਡਾਂ ਦੀ ਜੋਤ ਜਗਾਉਣ ਦਾ ਮਾਣ ਮਿਲਿਆ। ਖੇਡ ਪੱਤਰਕਾਰਾਂ ਦੇ ਉਪੀਨੀਅਨ ਪੋਲ ਵਿਚ ਉਸ ਨੂੰ ਸਦੀ ਦਾ ਸਰਬੋਤਮ ਖਿਡਾਰੀ ਐਲਾਨਿਆ ਗਿਆ। ਲੰਡਨ-2012 ਦੀਆਂ ਉਲੰਪਿਕ ਖੇਡਾਂ ਵਿਚ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਹ ਹਾਕੀ ਦੇ ਜਾਦੂਗਰ ਧਿਆਨ ਚੰਦ ਵਾਂਗ ਅਜਿਹਾ ਖਿਡਾਰੀ ਹੈ ਜਿਸ ਨੇ ਉਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਵੀ ਕੀਤੀ ਤੇ ਉਲੰਪਿਕ ਖੇਡਾਂ ਦੇ ਤਿੰਨ ਗੋਲਡ ਮੈਡਲ ਵੀ ਜਿੱਤੇ।
ਭਾਰਤ ਵਿਚ ਵੱਡੇ ਖਿਡਾਰੀਆਂ ਨੂੰ ਵੱਡੇ ਪੁਰਸਕਾਰ ਦੇਣ ਦੀ ਗੱਲ ਅਕਸਰ ਚੱਲਦੀ ਰਹਿੰਦੀ ਹੈ। ਜੇਕਰ ਨਿਰਪੱਖ ਨਜ਼ਰਾਂ ਨਾਲ ਵੇਖਿਆ ਜਾਵੇ ਤਾਂ ਇਸ ਵੇਲੇ ਬਲਬੀਰ ਸਿੰਘ ਦਾ ਨਾਂ ਸਭ ਤੋਂ ਉਪਰ ਹੈ। ਉਹ ਖਿਡਾਰੀ ਵੀ ਰਿਹਾ, ਟੀਮਾਂ ਦਾ ਕੋਚ ਵੀ, ਮੈਨੇਜਰ ਵੀ ਤੇ ਖੇਡਾਂ ਦਾ ਡਾਇਰੈਕਟਰ ਵੀ। ਉਹ ਖੇਡ ਲੇਖਕ ਵੀ ਹੈ। ਹਾਕੀ ਦੀ ਕੋਚਿੰਗ ਬਾਰੇ ਲਿਖੀ ਉਸ ਦੀ ਸਚਿੱਤਰ ਪੁਸਤਕ ‘ਦੀ ਗੋਲਡਨ ਯਾਰਡ ਸਟਿੱਕ’ ਦਾ ਮੁਖ ਬੰਦ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਪ੍ਰਧਾਨ ਨੇ ਲਿਖਿਆ। ਧਿਆਨ ਚੰਦ ਨੇ ਬ੍ਰਿਟਿਸ਼ ਇੰਡੀਆ ਲਈ ਉਲੰਪਿਕ ਖੇਡਾਂ ਦੇ ਤਿੰਨ ਗੋਲਡ ਮੈਡਲ ਜਿੱਤੇ ਜਦਕਿ ਬਲਬੀਰ ਸਿੰਘ ਨੇ ਸੁਤੰਤਰ ਭਾਰਤ ਲਈ ਤਿੰਨ ਗੋਲਡ ਮੈਡਲ ਜਿੱਤੇ।
ਬਲਬੀਰ ਸਿੰਘ ਅਜੇ ਸਾਡੇ ਵਿਚਕਾਰ ਹੈ ਤੇ ਖੇਡ ਖੇਤਰ ਵਿਚ ਜੂਝ ਰਿਹੈ। 1957 ‘ਚ ਉਸ ਨੂੰ ਭਾਰਤੀ ਖਿਡਾਰੀਆਂ ‘ਚੋਂ ਸਭ ਤੋਂ ਪਹਿਲਾਂ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ। ਅਮਰੀਕਾ ਨੇ ਹੈਲਮਜ਼ ਟਰਾਫੀ ਨਾਲ ਸਨਮਾਨਿਤ ਕੀਤਾ। 1958 ‘ਚ ਬਲਬੀਰ ਸਿੰਘ ਤੇ ਗੁਰਦੇਵ ਸਿੰਘ ਹੋਰਾਂ ਦੀ ਹਾਕੀ ਖੇਡਦਿਆਂ ਦੀ ਫੋਟੋ ਡਾਕ ਟਿਕਟਾਂ ਉਤੇ ਛਪੀ। ਲੰਡਨ, ਹੈਲਸਿੰਕੀ ਤੇ ਮੈਲਬੌਰਨ ਦੀਆਂ ਉਲੰਪਿਕ ਖੇਡਾਂ ‘ਚ ਗੋਲਡ ਮੈਡਲ ਜਿੱਤਣ ਪਿੱਛੋਂ ਉਹ ਹਾਕੀ ਦੀਆਂ ਟੀਮਾਂ ਚੁਣਨ ਵਾਲੀਆਂ ਕਮੇਟੀਆਂ ਵਿਚ ਸ਼ਾਮਲ ਹੋਣ ਲੱਗਾ। 1971 ਵਿਚ ਪਹਿਲੇ ਵਿਸ਼ਵ ਹਾਕੀ ਕੱਪ ਸਮੇਂ ਉਹ ਭਾਰਤੀ ਟੀਮ ਦਾ ਕੋਚ ਸੀ ਜੋ ਤਾਂਬੇ ਦਾ ਤਮਗਾ ਜਿੱਤੀ। 1975 ਦੇ ਵਿਸ਼ਵ ਹਾਕੀ ਕੱਪ ਲਈ ਭਾਰਤੀ ਟੀਮ ਦੀ ਤਿਆਰੀ ਪੰਜਾਬ ਸਰਕਾਰ ਨੇ ਕਰਾਈ। ਟੀਮ ਦਾ ਕੈਂਪ ਚੰਡੀਗੜ੍ਹ ਲਾਇਆ ਗਿਆ ਤੇ ਬਲਬੀਰ ਸਿੰਘ ਨੂੰ ਟੀਮ ਦੀ ਤਿਆਰੀ ਦਾ ਕਾਰਜ ਸੌਂਪਿਆ ਗਿਆ। ਉਹ ਟੀਮ ਕੁਆਲਾਲੰਪੁਰ ਤੋਂ ਵਿਸ਼ਵ ਕੱਪ ਜਿੱਤੀ।
ਇਕ ਸਮਾਂ ਸੀ ਜਦੋਂ ਹਾਕੀ ਦੀ ਖੇਡ ਵਿਚ ‘ਬਲਬੀਰ’ ਨਾਂ ਦੀਆਂ ਧੁੰਮਾਂ ਸਨ। ਹਾਕੀ ਖੇਡਣ ਵਾਲੇ ਬਲਬੀਰ ਕਈ ਸਨ। ਪੰਜ ਬਲਬੀਰ ਭਾਰਤੀ ਹਾਕੀ ਟੀਮਾਂ ਦੇ ਮੈਂਬਰ ਬਣੇ। ਤਿੰਨ ਬਲਬੀਰ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਤੇ ਮੈਕਸੀਕੋ ਦੀਆਂ ਓਲੰਪਿਕ ਖੇਡਾਂ ‘ਚ ਭਾਰਤ ਦੀ ਇਕੋ ਟੀਮ ਵਿਚ ਖੇਡੇ। ਪੁਲਿਸ ਵਾਲਾ ਬਲਬੀਰ, ਰੇਲਵੇ ਵਾਲਾ ਬਲਬੀਰ ਤੇ ਫੌਜ ਵਾਲਾ ਬਲਬੀਰ। ਬਾਲ ਬਲਬੀਰਾਂ ਵਿਚਾਲੇ ਘੁੰਮਦੀ ਤਾਂ ਕੁਮੈਂਟੇਟਰ ਜਸਦੇਵ ਸਿੰਘ ਬਲਬੀਰ-ਬਲਬੀਰ ਕਰੀ ਜਾਂਦਾ। ਇਕੇਰਾਂ ਨੌਂ ਬਲਬੀਰ ਦਿੱਲੀ ਦਾ ਨਹਿਰੂ ਹਾਕੀ ਟੂਰਨਾਮੈਂਟ ਖੇਡੇ। ਸਕੂਲਾਂ ਕਾਲਜਾਂ ਵਿਚ ਹਾਕੀ ਖੇਡਣ ਵਾਲੇ ਬਲਬੀਰਾਂ ਦਾ ਤਾਂ ਕੋਈ ਲੇਖਾ ਹੀ ਨਹੀਂ। ਉਦੋਂ ਹਾਲ ਇਹ ਸੀ ਕਿ ਜੀਹਨੇ ਬਲਬੀਰ ਨਾਂ ਰਖਾ ਲਿਆ ਸਮਝੋ ਹਾਕੀ ਦਾ ਖਿਡਾਰੀ ਬਣ ਗਿਆ!
ਬਲਬੀਰ ਸਿੰਘ ਨੇ ਹਾਕੀ ਖੇਡਦਿਆਂ ਸੈਂਕੜੇ ਗੋਲ ਕੀਤੇ। ਮਲਾਇਆ ਸਿੰਗਾਪੁਰ ਦੇ ਟੂਰ ‘ਚ ਉਸ ਨੇ ਭਾਰਤੀ ਟੀਮ ਦੇ 121 ਗੋਲਾਂ ‘ਚੋਂ 83 ਗੋਲ ਕੀਤੇ ਸਨ। ਨਿਊਜ਼ੀਲੈਂਡ ਤੇ ਆਸਟ੍ਰੇਲੀਆ ‘ਚ ਖੇਡਦਿਆਂ 203 ਗੋਲਾਂ ‘ਚੋਂ 141 ਗੋਲ ਉਹਦੀ ਹਾਕੀ ਨਾਲ ਹੋਏ ਸਨ। ਕੋਈ ਉਸ ਨੂੰ ਹਾਕੀ ਦਾ ਉਡਣਾ ਬਾਜ, ਕੋਈ ਹਾਕੀ ਦਾ ਸ਼ਾਹਸਵਾਰ, ਕੋਈ ਦਲਾਂ ਦਾ ਮੋਹਰੀ, ਹਾਕੀ ਦਾ ਜੋਧਾ ਤੇ ਹਾਕੀ ਦਾ ਮਹਾਨ ਸੈਂਟਰ ਫਾਰਵਰਡ ਕਹਿੰਦਾ ਰਿਹਾ ਅਤੇ ਕੋਈ ਹਾਕੀ ਦਾ ਜਿਊਂਦਾ ਜਾਗਦਾ ਇਤਿਹਾਸ ਕਹਿੰਦਾ ਹੈ। ਉਹ ਇਕ ਲੀਜੈਂਡ ਹੈ। ਉਹ ਪੰਜਾਬ ਦਾ ਮਾਣ ਹੈ ਤੇ ਭਾਰਤ ਦੀ ਸ਼ਾਨ। ਅਜਿਹੇ ਖਿਡਾਰੀ ਦਾ ਸਨਮਾਨ ਕਰਨ ਨਾਲ ਭਾਰਤ ਦੀ ਕੌਮੀ ਖੇਡ ਹਾਕੀ ਦਾ ਵੀ ਮਾਣ ਵਧੇਗਾ।

Be the first to comment

Leave a Reply

Your email address will not be published.