-ਜਤਿੰਦਰ ਪਨੂੰ
ਸੱਖਣੇ ਫੱਟੇ ਵਾਲੀ ਜਨਤਾ ਪਾਰਟੀ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਪ੍ਰਧਾਨ ਅਤੇ ਪਿਛਲੇ ਦਿਨੀਂ ਪਾਰਟੀ ਸਮੇਤ ਭਾਜਪਾ ਦੇ ਐਨ ਡੀ ਏ ਗੱਠਜੋੜ ਦਾ ਅੰਗ ਬਣ ਗਏ ਸੁਬਰਾਮਨੀਅਮ ਸਵਾਮੀ ਨੇ ਇੱਕ ਵਾਰੀ ਫਿਰ ਕਾਂਗਰਸ ਪਾਰਟੀ ਦੀ ਦੁਖਦੀ ਨਾੜ ਵਰਗੇ ਨਹਿਰੂ-ਗਾਂਧੀ ਪਰਿਵਾਰ ਉਤੇ ਸਿੱਧੇ ਦੋਸ਼ ਲਾਏ ਹਨ। ਇਸ ਵਾਰ ਉਸ ਨੇ ਇਸ ਪਰਿਵਾਰ ਉਤੇ ਕਾਂਗਰਸ ਪਾਰਟੀ ਦੇ ਫੰਡਾਂ ਦੀ ਆਪਣੇ ਹਿੱਤਾਂ ਲਈ ਵਰਤੋਂ ਕਰਨ ਦਾ ਦੋਸ਼ ਲਾ ਦਿੱਤਾ ਹੈ। ਨਹਿਰੂ-ਗਾਂਧੀ ਪਰਿਵਾਰ ਨਾਲ ਉਸ ਦੀ ਟੱਕਰ ਇੰਦਰਾ ਗਾਂਧੀ ਦੇ ਜ਼ਮਾਨੇ ਤੋਂ ਹੈ ਤੇ ਜਦੋਂ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਸੀ, ਉਦੋਂ ਉਸ ਕਤਲ ਨੂੰ ਵਰਤ ਕੇ ਉਸ ਨੇ ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਬਾਰੇ ਮਨਘੜਤ ਗੱਲਾਂ ਕਹਿ ਕੇ ਉਸ ਨੂੰ ਬੱਦੂ ਕਰਨ ਦੀ ਵਾਹ ਵੀ ਲਾਈ ਸੀ। ਇਸ ਕਰ ਕੇ ਕਈ ਲੋਕਾਂ ਨੂੰ ਉਸ ਦੇ ਲਾਏ ਹੁਣ ਵਾਲੇ ਦੋਸ਼ ਵੀ ਉਸੇ ਲੜੀ ਦਾ ਹਿੱਸਾ ਲੱਗਣਗੇ। ਸਵਾਮੀ ਨੇ ਜਦੋਂ ਟੂ-ਜੀ ਸਪੈਕਟਰਮ ਦਾ ਮਾਮਲਾ ਚੁੱਕਿਆ ਤੇ ਸੁਪਰੀਮ ਕੋਰਟ ਤੱਕ ਗਿਆ ਸੀ, ਉਦੋਂ ਵੀ ਇਹੋ ਜਾਪਦਾ ਸੀ, ਪਰ ਬਾਅਦ ਵਿਚ ਇਹ ਸਾਬਤ ਹੋ ਗਿਆ ਸੀ ਕਿ ਉਹ ਗੱਲ ਬਿਨਾਂ ਕਿਸੇ ਬੁਨਿਆਦ ਤੋਂ ਨਹੀਂ ਸੀ। ਹੁਣ ਵੀ ਇਹ ਦੋਸ਼ ਸਿਰਫ ਪੁਰਾਣੀ ਬਣੀ ਹੋਈ ਧਾਰਨਾ ਦਾ ਹਿੱਸਾ ਕਹਿ ਕੇ ਨਹੀਂ ਟਾਲੇ ਜਾ ਸਕਦੇ।
ਦੋਸ਼ ਹੁਣ ਇਹ ਲਾਇਆ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਨੱਬੇ ਕਰੋੜ ਰੁਪਏ ਦੇ ਫੰਡ ‘ਯੰਗ ਇੰਡੀਅਨ’ ਨਾਂ ਦੀ ਇੱਕ ਕੰਪਨੀ ਨੂੰ ਤਬਦੀਲ ਕੀਤੇ ਗਏ, ਜਿਸ ਵਿਚ ਸਭ ਤੋਂ ਵੱਧ ਸ਼ੇਅਰ ਸੋਨੀਆ ਗਾਂਧੀ ਅਤੇ ਉਸ ਦੇ ਪੁੱਤਰ ਰਾਹੁਲ ਗਾਂਧੀ ਦੇ ਹਨ। ਇਸ ਕੰਪਨੀ ਕੋਲ ਇੱਕ ਮੀਡੀਆ ਅਦਾਰੇ ਦੀ ਮਾਲਕੀ ਹੈ, ਜਿਹੜਾ ਆਜ਼ਾਦੀ ਲਹਿਰ ਦੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਇੱਕ ਸ਼ਾਖ ਸਮਝਿਆ ਜਾਂਦਾ ਰਿਹਾ ਹੈ ਅਤੇ ਇਸ ਦੀ ਮਾਲਕੀ ਦਾ ਵੀ ਝਗੜਾ ਪੈ ਸਕਦਾ ਹੈ। ਸਵਾਮੀ ਵੱਲੋਂ ਪੇਸ਼ ਕੀਤੀ ਇਸ ਸਾਰੀ ਕਹਾਣੀ ਨੂੰ ਬਹੁਤ ਸਾਰੇ ਲੋਕਾਂ ਵਾਂਗ ਠੀਕ ਮੰਨਦੇ ਹੋਏ ਦੇਸ਼ ਦੀ ਮੁੱਖ ਵਿਰੋਧੀ ਧਿਰ ਭਾਜਪਾ ਦੇ ਬੁਲਾਰਿਆਂ ਨੇ ਕੁਝ ਸਵਾਲ ਉਠਾਏ ਹਨ, ਤੇ ਠੀਕ ਹੀ ਉਠਾਏ ਹਨ। ਇਸ ਦਾ ਲਾਭ ਜਿਵੇਂ ਸੋਨੀਆ ਗਾਂਧੀ ਦੇ ਪਰਿਵਾਰ ਤੱਕ ਪਹੁੰਚ ਰਿਹਾ ਹੈ, ਉਸ ਬਾਰੇ ਭਾਜਪਾ ਦੀ ਮੰਗ ਹੈ, ਤੇ ਘੱਟੋ ਘੱਟ ਇਸ ਮਾਮਲੇ ਵਿਚ ਠੀਕ ਮੰਗ ਹੈ, ਕਿ ਸੋਨੀਆ ਗਾਂਧੀ ਨੂੰ ਇਸ ਦੀ ਇਖਲਾਕੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
ਭਾਰਤ ਵਿਚ ਹਰ ਕੋਈ ਨੇਕ ਸੋਚ ਵਾਲਾ ਬੰਦਾ ਇਸ ਗੱਲ ਨਾਲ ਸਹਿਮਤ ਹੋਵੇਗਾ ਕਿ ਇਹੋ ਜਿਹੇ ਮਾਮਲੇ ਦੀ ਇਖਲਾਕੀ ਜ਼ਿੰਮੇਵਾਰੀ ਲਈ ਜਾਣੀ ਚਾਹੀਦੀ ਹੈ, ਪਰ ਇਹ ਜ਼ਿੰਮੇਵਾਰੀ ਤਾਂ ਉਸੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਹਵਾ ਵਿਚ ਉਡਾ ਦਿੱਤੀ ਸੀ, ਜਿਸ ਦੇ ਬੁਲਾਰੇ ਨੇ ਹੁਣ ਮੰਗ ਕੀਤੀ ਹੈ। ਹਾਲੇ ਪਿਛਲੇ ਸਾਲ ਦੀ ਗੱਲ ਹੈ ਕਿ ਭਾਜਪਾ ਦਾ ਪ੍ਰਧਾਨ ਨਿਤਿਨ ਗਡਕਰੀ ਵਿਦੇਸ਼ ਦੌਰੇ ਉਤੇ ਸੀ। ਉਸ ਵੇਲੇ ਕਰਨਾਟਕਾ ਦੇ ਰਾਜਸੀ ਹਾਲਾਤ ਵਿਗੜ ਗਏ। ਰਾਜ ਦੇ ਲੋਕ ਆਯੁਕਤ ਦੀ ਅਦਾਲਤ ਨੇ ਜਦੋਂ ਭਾਜਪਾ ਦੇ ਮੁੱਖ ਮੰਤਰੀ ਯੇਦੀਯੁਰੱਪਾ ਨੂੰ ਸਰਕਾਰੀ ਜ਼ਮੀਨਾਂ ਆਪਣੇ ਪੁੱਤਰਾਂ ਤੇ ਜਵਾਈ ਨੂੰ ਸੌਂਪਣ ਦੇ ਮਾਮਲੇ ਵਿਚ ਦੋਸ਼ੀ ਦੱਸ ਕੇ ਕੇਸ ਚਲਾਉਣ ਲਈ ਕਹਿ ਦਿੱਤਾ, ਚਾਰੇ ਪਾਸੇ ਦੁਹਾਈ ਪੈ ਗਈ ਤਾਂ ਯੇਦੀਯੁਰੱਪਾ ਨੇ ਅੱਗੋਂ ਇਹ ਕਹਿ ਦਿੱਤਾ ਕਿ ਉਸ ਦਾ ਪਰਿਵਾਰ ਇਹ ਜ਼ਮੀਨ ਮੋੜਨ ਲਈ ਤਿਆਰ ਹੈ। ਇਸ ਨਾਲ ਹੋਰ ਵੀ ਇਹ ਗੱਲ ਸਾਬਤ ਹੋ ਗਈ ਕਿ ਉਸ ਦੇ ਪਰਿਵਾਰ ਨੇ ਸਰਕਾਰੀ ਜ਼ਮੀਨਾਂ ਨਾਜਾਇਜ਼ ਹੜੱਪੀਆਂ ਸਨ, ਪਰ ਗਰਦਨ ਫਸਦੀ ਵੇਖ ਕੇ ਮੋੜਨ ਲੱਗੇ ਹਨ। ਇਹ ਸਵਾਲ ਵਿਦੇਸ਼ ਬੈਠੇ ਭਾਜਪਾ ਪ੍ਰਧਾਨ ਨੂੰ ਕੀਤਾ ਗਿਆ। ਨਿਤਿਨ ਗਡਕਰੀ ਨੇ ਹੱਸ ਕੇ ਕਿਹਾ ਸੀ ਕਿ ਜਦੋਂ ਯੇਦੀਯੁਰੱਪਾ ਜ਼ਮੀਨ ਵਾਪਸ ਕਰਨ ਨੂੰ ਤਿਆਰ ਹੈ ਤਾਂ ਕਾਨੂੰਨੀ ਤੌਰ ਉਤੇ ਕੋਈ ਕੇਸ ਨਹੀਂ ਰਹਿੰਦਾ, ਸਿਰਫ ਇਖਲਾਕੀ ਤੌਰ ਉਤੇ ਗਲਤੀ ਕੀਤੀ ਹੈ, ਤੇ ਉਸ ਦਾ ਕੀ ਹੁੰਦਾ ਹੈ? ਗਡਕਰੀ ਵੱਲੋਂ ਇਖਲਾਕੀ ਗਲਤੀ ਨੂੰ ਇੰਜ ਹੱਸ ਕੇ ਟਾਲ ਦੇਣ ਦਾ ਸਾਰੇ ਦੇਸ਼ ਵਿਚ ਰੌਲਾ ਪਿਆ ਸੀ, ਪਰ ਭਾਜਪਾ ਉਦੋਂ ਆਪਣੇ ਪ੍ਰਧਾਨ ਦੇ ਨਾਲ ਖੜੋਤੀ ਰਹੀ ਸੀ।
ਜੇ ਉਦੋਂ ਭਾਜਪਾ ਆਪਣੇ ਪ੍ਰਧਾਨ ਦੇ ਨਾਲ ਖੜੀ ਸੀ ਤਾਂ ਅੱਜ ਕਾਂਗਰਸ ਪਾਰਟੀ ਆਪਣੀ ਪ੍ਰਧਾਨ ਤੇ ਉਸ ਦੇ ਪੁੱਤਰ ਦੇ ਨਾਲ ਖੜੀ ਹੈ। ਹਰ ਰਾਜਸੀ ਪਾਰਟੀ ਆਪਣੀ ਵਾਰੀ ਆਈ ਤੋਂ ਏਦਾਂ ਹੀ ਕਰਦੀ ਹੈ। ਦੇਸ਼ ਦੇ ਲੋਕ ਇਹ ਸੋਚਦੇ ਹਨ ਕਿ ਹਰ ਪਾਰਟੀ ਦੂਸਰੀ ਤੋਂ ਜਿਹੜੀ ਆਸ ਰੱਖਦੀ ਹੈ, ਉਹ ਆਪ ਕਿਉਂ ਨਹੀਂ ਕਰਦੀ? ਜਦੋਂ ਇਖਲਾਕੀ ਜ਼ਿੰਮੇਵਾਰੀ ਦਾ ਸਵਾਲ ਉਠਦਾ ਹੈ, ਉਦੋਂ ਬਹੁਤ ਦੂਰ ਤੱਕ ਚਲਾ ਜਾਂਦਾ ਹੈ, ਤੇ ਜਾਣਾ ਵੀ ਚਾਹੀਦਾ ਹੈ। ਬਹੁਤ ਜ਼ਿਆਦਾ ਪਿੱਛੇ ਮੁੜਨ ਦੀ ਲੋੜ ਨਹੀਂ, ਸਿਰਫ ਪੰਦਰਾਂ ਦਿਨਾਂ ਦੀਆਂ ਖਬਰਾਂ ਛਾਣ ਕੇ ਵੇਖ ਲਈਆਂ ਜਾਣ ਅਤੇ ਉਨ੍ਹਾਂ ਦੇ ਆਧਾਰ ਉਤੇ ਇਖਲਾਕੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਜਾਵੇ ਤਾਂ ਕਈ ਬਖੇੜੇ ਉਠ ਪੈਣਗੇ।
ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਨੂੰ ਇੱਕ ਰੀਅਲ ਐਸਟੇਟ ਕੰਪਨੀ ਡੀ ਐਲ ਐਫ ਵੱਲੋਂ ਬਹਾਨਾ ਬਣਾ ਕੇ ਕਈ ਸੌ ਕਰੋੜ ਰੁਪਏ ਦੀ ਕਮਾਈ ਕਰਵਾਏ ਜਾਣ ਤੇ ਹਰਿਆਣੇ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਇਸ ਉਤੇ ਪੋਚੇ ਪਾਉਣ ਦਾ ਮਾਮਲਾ ਛੋਟਾ ਨਹੀਂ। ਇਸ ਦੀ ਇਖਲਾਕੀ ਜ਼ਿੰਮੇਵਾਰੀ ਤੋਂ ਮੁੱਖ ਮੰਤਰੀ ਨੂੰ ਪਾਸੇ ਨਹੀਂ ਕੀਤਾ ਜਾ ਸਕਦਾ। ਉਸ ਮੁੱਖ ਮੰਤਰੀ ਨੂੰ ਤਾਂ ਚੌਧਰੀ ਭਜਨ ਲਾਲ ਦੀ ਹਰਿਆਣਾ ਜਨਹਿਤ ਕਾਂਗਰਸ ਪਾਰਟੀ ਦੇ ਛੇ ਵਿਧਾਇਕਾਂ ਨੂੰ ਤੋੜ ਕੇ ਕਾਂਗਰਸ ਵਿਚ ਲਿਆਉਣ ਦੇ ਮਾਮਲੇ ਵਿਚ ਵੀ ਇਖਲਾਕੀ ਜ਼ਿੰਮੇਵਾਰੀ ਤੋਂ ਨਹੀਂ ਭੱਜਣ ਦੇਣਾ ਚਾਹੀਦਾ। ਕਾਂਗਰਸ ਪਾਰਟੀ ਵੱਲੋਂ ਕੇਂਦਰੀ ਸਰਕਾਰ ਦੇ ਕੋਲਾ ਮੰਤਰੀ ਸ੍ਰੀਪ੍ਰਕਾਸ਼ ਜਾਇਸਵਾਲ ਅਤੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਬਾਰੇ ਵੀ ਇਖਲਾਕੀ ਜ਼ਿੰਮੇਵਾਰੀ ਆਪਣੇ ਸਿਰ ਲੈਣੀ ਚਾਹੀਦੀ ਹੈ ਅਤੇ ਕਾਮਨਵੈਲਥ ਖੇਡਾਂ ਦੀ ਜ਼ਿੰਮੇਵਾਰੀ ਚੁੱਕ ਕੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਵੀ ਖੁਦ ਹੀ ਪਾਸੇ ਹੋ ਜਾਣਾ ਚਾਹੀਦਾ ਹੈ।
ਸਥਿਤੀ ਦਾ ਦੂਸਰਾ ਪੱਖ ਇਹ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਇਸ ਮੌਕੇ ਇਹ ਸਵਾਲ ਉਠਾਇਆ ਹੈ ਕਿ ਰਾਜ ਕਰਦੀ ਪਾਰਟੀ ਦੀ ਪ੍ਰਧਾਨ ਨੂੰ ਆਪਣੀ ਇਖਲਾਕੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ, ਉਸ ਨੂੰ ਆਪ ਵੀ ਆਪਣੇ ਲੀਡਰਾਂ ਨੂੰ ਇਸ ਜ਼ਿੰਮੇਵਾਰੀ ਬਾਰੇ ਕੁਝ ਕਹਿਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਕਈ ਮਾਮਲੇ ਯਾਦ ਕਰਵਾਏ ਜਾ ਸਕਦੇ ਹਨ, ਜਦੋਂ ਇਹ ਜ਼ਿੰਮੇਵਾਰੀ ਲੈਣੀ ਬਣਦੀ ਸੀ, ਪਰ ਕਿਸੇ ਭਾਜਪਾ ਆਗੂ ਨੇ ਲਈ ਨਹੀਂ ਸੀ।
ਇੱਕ ਸਮਾਂ ਉਹ ਸੀ, ਜਦੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਪਾਰਲੀਮੈਂਟ ਅੰਦਰ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਸੀ ਕਿ ਨਰਸਿਮਹਾ ਰਾਓ ਦੀ ਸਰਕਾਰ ਨੂੰ ਬਚਾਉਣ ਲਈ ਝਾਰਖੰਡ ਮੁਕਤੀ ਮੋਰਚਾ ਦੇ ਮੈਂਬਰਾਂ ਨੇ ਇੱਕ-ਇੱਕ ਕਰੋੜ ਰੁਪਏ ਲੈ ਕੇ ਵੋਟਾਂ ਪਾਈਆਂ ਹਨ। ਇਹ ਸਵਾਲ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੈਸੇ ਲੈ ਕੇ ਕਾਂਗਰਸ ਨੂੰ ਵੋਟਾਂ ਪਾ ਚੁੱਕੇ ਇਨ੍ਹਾਂ ਬੰਦਿਆਂ ਨੂੰ ਤੁਸੀਂ ਹੁਣ ਕੀ ਦੇਣਾ ਕੀਤਾ ਹੈ? ਵਾਜਪਾਈ ਨੇ ਕਿਹਾ ਸੀ ਕਿ ਕੁਝ ਵੀ ਨਹੀਂ, ਏਥੋਂ ਤੱਕ ਕਿ ਇਨ੍ਹਾਂ ਨੂੰ ਅਗਲੀ ਚੋਣ ਦੀ ਟਿਕਟ ਵੀ ਭਾਜਪਾ ਨਹੀਂ ਦੇਵੇਗੀ। ਚੋਣਾਂ ਦੇ ਦਿਨ ਆਏ ਤਾਂ ਸਾਰਾ ਭੇਦ ਖੋਲ੍ਹਣ ਵਾਲੇ ਝਾਰਖੰਡ ਮੁਕਤੀ ਮੋਰਚਾ ਦੇ ਐਮ ਪੀ ਸ਼ੈਲੇਂਦਰ ਮਹਾਤੋ ਨੂੰ ਜੇਲ੍ਹ ਜਾਣਾ ਪੈ ਗਿਆ ਸੀ ਤੇ ਉਸ ਦੀ ਪਤਨੀ ਆਭਾ ਮਾਹਤੋ ਨੂੰ ਭਾਜਪਾ ਨੇ ਟਿਕਟ ਦੇ ਕੇ ਪਾਰਲੀਮੈਂਟ ਦੀ ਮੈਂਬਰ ਬਣਾ ਲਿਆ ਸੀ। ਇਹ ਸਵਾਲ ਵਾਜਪਾਈ ਜੀ ਨੂੰ ਫਿਰ ਕੀਤਾ ਗਿਆ ਸੀ ਕਿ ਤੁਸੀਂ ਮਹਾਤੋ ਨੂੰ ਨਾ ਸਹੀ, ਉਸ ਦੀ ਪਤਨੀ ਨੂੰ ਅੱਗੇ ਕਰ ਲਿਆ ਹੈ, ਕੀ ਇਹ ਗੱਲ ਰਾਜਸੀ ਸਦਾਚਾਰ ਦੇ ਪੱਖ ਤੋਂ ਗਿਰਾਵਟ ਵਾਲੀ ਨਹੀਂ? ਉਨ੍ਹਾ ਦਾ ਜਵਾਬ ਸੀ ਕਿ ‘ਹਮਾਰੇ ਦੇਸ਼ ਕੀ ਰਾਜਨੀਤੀ ਮੇਂ ਯੇ ਸਬ ਚਲਤਾ ਹੀ ਹੈ।’ ਯਾਨਿ ਇਖਲਾਕੀ ਗਿਰਾਵਟ ਕੋਈ ਮੁੱਦਾ ਹੀ ਨਹੀਂ ਸੀ। ਉਹ ਪੁਰਾਣੀ ਗੱਲ ਹੈ, ਜਿਸ ਸੁਰੇਸ਼ ਚੰਦੇਲ ਨੂੰ ਬਾਹਰੋਂ ਪੈਸੇ ਲੈ ਕੇ ਪਾਰਲੀਮੈਂਟ ਵਿਚ ਸਵਾਲ ਪੁੱਛਣ ਲਈ ਕਲੰਕੀ ਹੋਣ ਕਰ ਕੇ ਮੈਂਬਰੀ ਤੋਂ ਖਾਰਜ ਕਰ ਦਿੱਤਾ ਗਿਆ ਸੀ, ਉਸ ਨੂੰ ਹੁਣ ਭਾਜਪਾ ਨੇ ਵਿਧਾਨ ਸਭਾ ਦੀ ਟਿਕਟ ਦੇ ਦਿੱਤੀ ਹੈ। ਇਖਲਾਕੀ ਜ਼ਿੰਮੇਵਾਰੀ ਦਾ ਸਵਾਲ ਹੁੰਦਾ ਤਾਂ ਜਦੋਂ ਉਸ ਦੇ ਨਾਲ ਦੇ ਪਾਰਲੀਮੈਂਟ ਤੋਂ ਕੱਢੇ ਹੋਏ ਮੈਂਬਰਾਂ ਨੂੰ ਕਿਸੇ ਵੀ ਪਾਰਟੀ ਨੇ ਅਜੇ ਤੱਕ ਨੇੜੇ ਨਹੀਂ ਸੀ ਲਾਇਆ, ਭਾਜਪਾ ਵੀ ਨਾ ਲਾਉਂਦੀ, ਪਰ ਉਹ ਇਸ ਮਿਆਰ ਨੂੰ ਵੀ ਕਾਇਮ ਨਹੀਂ ਰੱਖ ਸਕੀ।
ਹੁਣੇ ਜਿਹੇ ਇੱਕ ਮੁੱਦਾ ਹੋਰ ਉਭਰਿਆ ਹੈ, ਤੇ ਉਹ ਮਾਮਲਾ ਵੀ ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਦਾ ਹੈ। ਜਦੋਂ ਉਹ ਮਹਾਰਾਸ਼ਟਰ ਵਿਚ ਭਾਜਪਾ-ਸ਼ਿਵ ਸੈਨਾ ਸਰਕਾਰ ਦਾ ਮੰਤਰੀ ਹੁੰਦਾ ਸੀ, ਉਸ ਦੌਰਾਨ ਉਸ ਨੇ ਇੱਕ ਕੰਪਨੀ ਖੜੀ ਕੀਤੀ ਸੀ, ਜਿਸ ਦਾ ਨਾਂ ਪੂਰਤੀ ਸਿੰਚਨ ਸਮਰਿਧੀ ਹੁੰਦਾ ਸੀ। ਇਹ ਉਨ੍ਹਾਂ ਕੰਪਨੀਆਂ ਵਿਚ ਸ਼ਾਮਲ ਨਹੀਂ, ਜਿਨ੍ਹਾਂ ਦੀ ਹੇਰਾਫੇਰੀ ਜ਼ਾਹਰ ਹੋਣ ਪਿੱਛੋਂ ਹੁਣ ਛਾਪੇ ਵੱਜ ਰਹੇ ਹਨ। ਵੱਖਰੀ ਖੋਲ੍ਹੀ ਗਈ ਇਸ ਕੰਪਨੀ ਨੇ ਮਹਾਰਾਸ਼ਟਰ ਦੇ ਗਰੀਬੀ ਮਾਰੇ ਕਿਸਾਨਾਂ ਨੂੰ ਇਹ ਲਾਰਾ ਲਾਇਆ ਸੀ ਕਿ ਜਿਹੜੇ ਲੋਕ ਇਸ ਕੰਪਨੀ ਵਿਚ ਪੈਸਾ ਲਾਉਣਗੇ, ਉਨ੍ਹਾਂ ਦੀ ‘ਸਮਰਿਧੀ’ (ਖੁਸ਼ਹਾਲੀ) ਹੋ ਜਾਵੇਗੀ, ਪਰ ਅਮਲ ਵਿਚ ਏਦਾਂ ਨਹੀਂ ਸੀ ਹੋਇਆ। ਕਿਸਾਨਾਂ ਨੂੰ ਏਥੋਂ ਤੱਕ ਕਿਹਾ ਗਿਆ ਸੀ ਕਿ ਜੇ ਉਹ ਕਿਸੇ ਥਾਂ ਤੋਂ ਕਰਜ਼ਾ ਫੜ ਕੇ ਵੀ ਇਸ ਵਿਚ ਪੈਸੇ ਲਾ ਦੇਣ ਤਾਂ ਜਦੋਂ ਇਹ ਕੰਪਨੀ ਗੰਨੇ ਦੀ ਖੇਤੀ ਤੋਂ ਕਮਾਈ ਕਰੇਗੀ, ਉਹ ਉਸ ਕਮਾਈ ਨਾਲ ਕਰਜ਼ੇ ਅਤੇ ਵਿਆਜ ਉਤਾਰ ਕੇ ਵੀ ਮਾਲਾਮਾਲ ਹੋ ਜਾਣਗੇ। ਸਾਲ 2003-04 ਵਿਚ ਬਣੀ ਇਸ ਕੰਪਨੀ ਤੋਂ ਹਾਲੇ ਤੱਕ ਕਿਸਾਨਾਂ ਨੂੰ ਕੋਈ ਲਾਭ ਨਹੀਂ ਮਿਲਿਆ ਤੇ ਜਿਨ੍ਹਾਂ ਲੋਕਾਂ ਨੇ ਝਾਂਸੇ ਵਿਚ ਆ ਕੇ ਕਰਜ਼ਾ ਫੜ ਕੇ ਇਸ ਕੰਪਨੀ ਵਿਚ ਪੈਸੇ ਲਾਏ ਸਨ, ਉਨ੍ਹਾਂ ਦਾ ਵਿਆਜ ਵਧ ਕੇ ਏਨਾ ਹੋ ਚੁੱਕਾ ਹੈ ਕਿ ਜ਼ਮੀਨਾਂ ਵੇਚ ਕੇ ਵੀ ਹੁਣ ਲੱਥਣਾ ਨਹੀਂ।
ਸਾਡੇ ਪੰਜਾਬ ਦੀ ਕਾਂਗਰਸ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਹੰਸਪਾਲ ਨੂੰ ਵੀ ਇਸੇ ਤਰ੍ਹਾਂ ਦੇ ਇੱਕ ਕੇਸ ਵਿਚ ਇਸ ਹਫਤੇ ਦਿੱਲੀ ਵਿਚ ਇੱਕ ਅਦਾਲਤ ਨੇ ਪੰਜ ਲੱਖ ਰੁਪਏ ਜੁਰਮਾਨਾ ਲਾਇਆ ਹੈ। ਉਥੇ ਵੀ ਮਾਮਲਾ ਇਹ ਸੀ ਕਿ ਲੋਕਾਂ ਨੂੰ ਇਹ ਕਿਹਾ ਗਿਆ ਸੀ ਕਿ ਉਹ ਕੰਪਨੀ ਵਿਚ ਪੈਸੇ ਲਾਉਣ, ਕੰਪਨੀ ਰੁੱਖ ਲਾ ਕੇ ਕਮਾਈ ਕਰੇਗੀ। ਕਮਾਈ ਦੀ ਝਾਕ ਵਿਚ ਜਿਨ੍ਹਾਂ ਲੋਕਾਂ ਨੇ ਪੈਸਾ ਲਾਇਆ, ਕਮਾਈ ਮਿਲਣ ਦੇ ਦਿਨ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਕੰਪਨੀ ਬੰਦ ਕਰ ਦਿੱਤੀ ਗਈ ਹੈ। ਸੱਤ ਸੌ ਲੋਕਾਂ ਨਾਲ ਇਹ ਠੱਗੀ ਹੋਈ ਸੀ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇੱਕ ਦਿਨ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ਪੈਸੇ ਰੁੱਖਾਂ ਨਾਲ ਨਹੀਂ ਲੱਗਦੇ, ਪਰ ਹੰਸਪਾਲ ਹੋਵੇ ਜਾਂ ਨਿਤਿਨ ਗਡਕਰੀ, ਦੋਵਾਂ ਵਾਸਤੇ ਪੈਸੇ ਰੁੱਖਾਂ ਨੂੰ ਲੱਗਣ ਦੀ ਗੱਲ ਸਾਬਤ ਹੋਈ ਹੈ। ਦੋਵੇਂ ਮਾਮਲੇ ਇੱਕੋ ਜਿਹੇ ਹੋਣ ਕਰ ਕੇ ਦੋਵਾਂ ਵੱਡੀਆਂ ਪਾਰਟੀਆਂ ਦੇ ਸਿਰ ਇਖਲਾਕੀ ਜ਼ਿੰਮੇਵਾਰੀ ਆਉਂਦੀ ਹੈ।
ਇਖਲਾਕ ਦਾ ਗਜ਼ ਹੁਣ ਸਿਰਫ ਆਮ ਆਦਮੀ ਲਈ ਰਹਿ ਗਿਆ ਹੈ। ਭਾਰਤ ਵਿਚ ਪ੍ਰਾਚੀਨ ਸਮਿਆਂ ਤੋਂ ‘ਸਮਰੱਥ ਕੋ ਨਹੀਂ ਦੋਸ ਗੁਸਾਈਂ’ ਦੀ ਧਾਰਨਾ ਬਣੀ ਆਈ ਹੈ, ਜਿਸ ਦਾ ਭਾਵ ਇਹ ਹੈ ਕਿ ਸਮਰੱਥਾਵਾਨ ਨੇ ਜਿੰਨੇ ਮਰਜ਼ੀ ਗੁਨਾਹ ਕੀਤੇ ਹੋਣ, ਉਸ ਦਾ ਕੋਈ ਦੋਸ਼ ਨਹੀਂ ਕੱਢਿਆ ਜਾ ਸਕਦਾ। ਪਾਕਿਸਤਾਨ ਵਿਚ ਜਨਰਲ ਜ਼ਿਆ ਉਲ ਹੱਕ ਦੇ ਫੌਜੀ ਰਾਜ ਵੇਲੇ ਇੱਕ ਵਾਰੀ ਇੱਕ ਯੂਨੀਵਰਸਿਟੀ ਦੇ ਇਮਤਿਹਾਨ ਦੇ ਰਾਜਨੀਤੀ ਦੇ ਪਰਚੇ ਵਿਚ ਸਵਾਲ ਪੁੱਛਿਆ ਗਿਆ ਕਿ ‘ਸਟੈਚੂ ਆਫ ਲਿਬਰਟੀ’ ਕੀ ਹੈ ਤੇ ਇਹ ਕਿਸ ਗੱਲ ਦਾ ਪ੍ਰਤੀਕ ਹੈ?’ ਬਾਕੀ ਵਿਦਿਆਰਥੀਆਂ ਨੇ ਜੋ ਵੀ ਲਿਖਿਆ ਹੋਵੇ, ਕੰਮ ਦੀ ਗੱਲ ਸਿਰਫ ਇੱਕ ਜਣੇ ਨੇ ਲਿਖੀ ਸੀ। ਉਸ ਦਾ ਜਵਾਬ ਸੀ ਕਿ ”ਅਮਰੀਕਾ ਵਿਚ ਲੱਗਾ ਇਹ ਅਜ਼ਾਦੀ ਦੀ ਦੇਵੀ ਦਾ ਬੁੱਤ ਹੈ, ਜਿਸ ਨੂੰ ਵੇਖਣ ਲਈ ਜਦੋਂ ਪਾਕਿਸਤਾਨੀ ਟੂਰਿਸਟ ਉਥੇ ਜਾਂਦੇ ਹਨ ਤਾਂ ‘ਲਿਬਰਟੀ, ਲਿਬਰਟੀ, ਲਿਬਰਟੀ’ (ਆਜ਼ਾਦੀ, ਆਜ਼ਾਦੀ, ਆਜ਼ਾਦੀ) ਕਹਿ ਕੇ ਹਉਕੇ ਲੈਣ ਲੱਗ ਜਾਂਦੇ ਹਨ।” ਭਾਰਤ ਵਿਚ ਅੱਜਕੱਲ੍ਹ ਕਿਸੇ ਥਾਂ ਬੀਬੀ ਸੋਨੀਆ ਗਾਂਧੀ ਨੂੰ ਦੁਰਗਾ ਮਾਤਾ ਵਜੋਂ ਪੇਸ਼ ਕਰਦੀ ਤਸਵੀਰ ਬਣਾਈ ਜਾਂਦੀ ਹੈ, ਕਿਸੇ ਥਾਂ ਭਾਜਪਾ ਦੀ ਆਗੂ ਵਸੁੰਧਰਾ ਰਾਜੇ ਨੂੰ ਦੇਵੀ ਦਾ ਅਵਤਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਕਿਸੇ ਹੋਰ ਥਾਂ ਬਹੁਜਨ ਸਮਾਜ ਪਾਰਟੀ ਦੀ ਬੀਬੀ ਮਾਇਆਵਤੀ ਨੂੰ ਦੇਵੀ ਦਾ ਰੂਪ ਦੇ ਦਿੱਤਾ ਜਾਂਦਾ ਹੈ। ਕਿਸੇ-ਕਿਸੇ ਥਾਂ ਹੁਣ ਭਾਰਤ-ਮਾਤਾ ਦੀ ਦੇਵੀ ਬਣਾ ਕੇ ਉਸ ਦੀ ਪੂਜਾ ਵੀ ਕਰਨ ਦਾ ਰੁਝਾਨ ਵੇਖਣ ਵਿਚ ਆਉਣ ਲੱਗ ਪਿਆ ਹੈ, ਪਰ ਜੇ ਇਸ ਦੇਸ਼ ਵਿਚ ਕਿਸੇ ਥਾਂ ‘ਇਖਲਾਕ ਦੀ ਦੇਵੀ’ ਦਾ ਬੁੱਤ ਲਾ ਦਿੱਤਾ ਜਾਵੇ ਤਾਂ ਕਿਸੇ ਵੀ ਹੋਰ ਤੀਰਥ ਤੋਂ ਵੱਧ ਲੋਕ ਉਥੇ ਮੱਥਾ ਟੇਕਣ ਅਤੇ ‘ਇਖਲਾਕ ਚਾਲੀਸਾ’ ਪੜ੍ਹਨ ਲਈ ਜਾਇਆ ਕਰਨਗੇ। ਇਹੋ ਇੱਕ ਕੰਮ ਹੁਣ ਬਾਕੀ ਰਹਿ ਗਿਆ ਹੈ, ਬਾਕੀ ਤਾਂ ਸਾਰਾ ਕੁਝ ਹੋਇਆ ਹੀ ਪਿਆ ਹੈ।
Leave a Reply