ਨਵੀਂ ਦਿੱਲੀ:ਅਮਰੀਕਾ ਤੇ ਈਰਾਨ ਵਿਚਕਾਰ ਐਤਵਾਰ ਨੂੰ ਸ਼ੁਰੂ ਹੋਇਆ ਫ਼ੌਜੀ ਟਕਰਾਅ ਲਗਾਤਾਰ ਜਾਰੀ ਹੈ। ਇਕ ਦੂਜੇ ‘ਤੇ ਹਮਲਿਆਂ ਵਿਚਾਲੇ ਦੋਵਾਂ ਦੇਸ਼ਾਂ ਨੇ ਸਟ੍ਰੇਟ ਆਫ ਹੋਰਮੁਜ਼ ‘ਤੇ ਆਪੋ-ਆਪਣੇ ਅਧਿਕਾਰ ਦਾ ਦਾਅਵਾ ਕਰਦੇ ਹੋਏ ਤਿੱਖੀ ਬਿਆਨਬਾਜ਼ੀ ਕੀਤੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਜਲਡਮਰੂਮੱਧ ਦਾ ਕੰਟਰੋਲ ਸੰਭਾਲੇਗਾ ਤੇ ਇਸ ਮਾਰਗ ‘ਤੋਂ ਲੰਘਣ ਵਾਲੇ ਮਾਲ ‘ਤੇ 20 ਫ਼ੀਸਦ ਫੀਸ ਵਸੂਲੇਗਾ। ਉਨ੍ਹਾਂ ਕਿਹਾ ਕਿ ਈਰਾਨ ‘ਤੇ ਅਮਰੀਕੀ ਨਾਕੇਬੰਦੀ ਮੁੜ ਲਾਗੂ ਕੀਤੀ ਜਾਵੇਗੀ। ਇਸ ਦੇ ਜਵਾਬ ‘ਚ ਈਰਾਨ ਨੇ ਕਿਹਾ ਕਿ ਹੋਰਮੁਜ਼ ‘ਤੇ ਉਸ ਦਾ ਪੂਰਾ ਅਧਿਕਾਰ ਹੈ ਤੇ ਅਮਰੀਕੀ ਦਖ਼ਲ ਖ਼ਤਮ ਹੋਣ ਤੱਕ ਉੱਥੋਂ ਜਹਾਜ਼ਾਂ ਦੀ ਆਵਾਜਾਈ ਬੰਦ ਰਹੇਗੀ।
ਹਾਲਾਂਕਿ ਸੇਂਟਕਾਮ ਨੇ ਈਰਾਨੀ ਦਾਅਵੇ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਇਹ ਰਣਨੀਤੀ ਸਮੁੰਦਰੀ ਮਾਰਗ ਖੁੱਲ੍ਹਾ ਹੈ ਤੇ ਪਿਛਲੇ 24 ਘੰਟਿਆਂ ‘ਚ 20 ਜਹਾਜ਼ ਹੋਰਮੁਜ਼ ਪਾਰ ਕਰ ਚੁੱਕੇ ਹਨ। ਉੱਥੇ ਹੀ ਮਰੀਨ ਟ੍ਰੈਫਿਕ ਮੁਤਾਬਕ 10 ਤੋਂ 12 ਜੁਲਾਈ ਵਿਚਾਲੇ ਜਹਾਜ਼ਾਂ ਦੀ ਆਵਾਜਾਈ ‘ਚ 52 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ। ਤਣਾਅ ਵਿਚਾਲੇ ਕੱਚੇ ਤੇਲ ਦੀ ਕੀਮਤ ਕਰੀਬ ਚਾਰ ਫ਼ੀਸਦ ਵਧ ਕੇ 1 80 ਡਾਲਰ ਪ੍ਰਤੀ ਬੈਰਲ ਪਹੁੰਚ ਗਈ ਹੈ।
ਟਰੰਪ ਨੇ ਦਾਅਵਾ ਕੀਤਾ ਹੈ ਕਿ ਈਰਾਨ ਨੇ ਅਮਰੀਕਾ ਨਾਲ ਹੋਇਆ ਇਕ ਤੈਅ ਸਮਝੌਤਾ ਤੋੜ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਸਮਝੌਤਾ ਕਦੋਂ ਤੇ ਕਿਸ ਵਿਸ਼ੇ ‘ਤੇ ਹੋਇਆ ਸੀ। ਟਰੰਪ ਨੇ ਟਰੁੱਥ ਸੋਸ਼ਲ ‘ਤੇ ਐਲਾਨ ਕੀਤਾ ਕਿ ਅਮਰੀਕਾ ਹੁਣ ਆਪਣੇ ਆਪ ਨੂੰ ਗਾਰਜੀਅਨ ਆਫ ਦਿ ਹੋਰਮੁਜ਼ ਸਟ੍ਰੇਟ ਦੇ ਰੂਪ ‘ਚ ਸਥਾਪਤ ਕਰੇਗਾ।
ਇਸ ਬਦਲੇ ਅਸੀਂ ਇਸ ਮਾਰਗ ‘ਤੋਂ ਲੰਘਣ ਵਾਲੇ ਸਾਰੇ ਮਾਲ ‘ਤੇ ਸੁਰੱਖਿਆ ਤੇ ਨਿਗਰਾਨੀ ਦੀ ਲਾਗਤ ਦੀ ਭਰਪਾਈ ਲਈ 20 ਫ਼ੀਸਦ ਫੀਸ ਲਵਾਂਗੇ। ਉਨ੍ਹਾਂ ਕਿਹਾ ਕਿ ਇਸ ਵਿਵਸਥਾ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਫ਼ੌਰੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਮਾਰਗ ਪੂਰੀ ਤਰ੍ਹਾਂ ਖੁੱਲ੍ਹਾ ਹੈ ਤੇ ਅੱਗੇ ਵੀ ਖੁੱਲ੍ਹਾ ਹੀ ਰਹੇਗਾ। ਭਾਵੇਂ ਈਰਾਨ ਇਸਦਾ ਸਮਰਥਨ ਕਰੇ ਜਾਂ ਨਾ। ਉਨ੍ਹਾਂ ਨੇ ਐਲਾਨ ਕੀਤਾ ਕਿ ਅਮਰੀਕਾ ਹੁਣ ਈਰਾਨੀ ਨਾਕਾਬੰਦੀ ਮੁੜ ਲਾਗੂ ਕਰੇਗਾ ਜਿਸ ਤਹਿਤ ਸਿਰਫ਼ ਈਰਾਨ ਦੇ ਜਹਾਜ਼ਾਂ ਤੇ ਉਸ ਦੇ ਗਾਹਕਾਂ ਦੇ ਜਹਾਜ਼ਾਂ ਨੂੰ ਆਉਣ ਜਾਣ ਤੋਂ ਰੋਕਿਆ ਜਾਵੇਗਾ, ਜਦਕਿ ਹੋਰ ਸਾਰੇ ਦੇਸ਼ਾਂ ਲਈ ਇਹ ਸਮੁੰਦਰੀ ਰਸਤਾ ਖੁੱਲ੍ਹਾ ਰਹੇਗਾ। ਓਧਰ ਈਰਾਨ ਦੀ ਸੰਯੁਕਤ ਫ਼ੌਜੀ ਕਮਾਨ ਖ਼ਾਤਮ ਅਲ ਅਨਬੀਆ ਸੈਂਟ੍ਰਲ ਹੈੱਡਕੁਆਰਟਰਸ ਨੇ ਕਿਹਾ ਕਿ ਸਟ੍ਰੇਟ ਹੋਰਮੁਜ਼ ਦੇ ਪ੍ਰਬੰਧਨ ‘ਚ ਅਮਰੀਕੀ ਦਖ਼ਲ ਕਿਸੇ ਵੀ ਕੀਮਤ ‘ਤੇ ਸਵੀਕਾਰ ਨਹੀਂ ਕੀਤਾ ਜਾਵੇਗਾ। ਜੇਕਰ ਅਮਰੀਕਾ ਬਦਲਵੇਂ ਸਮੁੰਦਰੀ ਮਾਰਗ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਹਮਲਿਆਂ ਦੀ ਨਿੰਦਾ ਕਰਦੇ ਹੋਏ ਦੱਸਿਆ ਕਿ ਹੋਰਮੁਜ਼ ਤੇ ਟ੍ਰਾਂਜ਼ਿਟ ਰੂਟ ਦੇ ਪ੍ਰਬਧਨ ਬਾਰੇ ਓਮਾਨ ਨਾਲ ਗੱਲਬਾਤ ਹੋਈ ਹੈ, ਪਰ ਅਮਰੀਕੀ ਦਬਾਅ ਕਾਰਨ ਆਖ਼ਰੀ ਫ਼ੈਸਲਾ ਨਹੀਂ ਹੋ ਸਕਿਆ।
