ਚੰਡੀਗੜ੍ਹ:ਆਖ਼ਰ ਪੰਜਾਬ ਸਰਕਾਰ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ‘ਚ ਸੋਧ ਕਰਨ ਦਾ ਫ਼ੈਸਲਾ ਕਰ ਲਿਆ ਹੈ। ਪੰਜਾਬ ਸਰਕਾਰ ਇਸ ਮਹੀਨੇ ਦੇ ਤੀਸਰੇ ਜਾਂ ਚੌਥੇ ਹਫ਼ਤੇ ‘ਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਸਕਦੀ ਹੈ।
ਹਾਲਾਂਕਿ ਸੈਸ਼ਨ ਦੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਪਰ ਕਈ ਵਿਧਾਇਕਾਂ ਨੇ ਸੈਸ਼ਨ ਬੁਲਾਉਣ ਬਾਰੇ ਸਰਕਾਰ ਵੱਲੋ ਵਿਚਾਰ ਕਰਨ ਬਾਰੇ ਪੁਸ਼ਟੀ ਕੀਤੀ ਹੈ।ਸਭ ਤੋਂ ਅਹਿਮ ਗੱਲ ਹੈ ਕਿ ਸਰਕਾਰ ਇਸ ਮਾਮਲੇ ‘ਚ ਹੁਣ ਕਿਸੇ ਤਰ੍ਹਾਂ ਦੀ ਢਿੱਲ ਨਹੀ ਵਰਤਣਾ ਚਾਹੁੰਦੀ ਤੇ ਐਕਟ ‘ਚ ਸੋਧ ਕਰਨ ਬਾਰੇ ਤਿਆਰ ਕੀਤੇ ਜਾ ਰਹੇ ਮਸੌਦੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਵਿਦਵਾਨਾਂ ਨਾਲ ਸਲਾਹ ਮਸ਼ਵਰਾਂ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੀ ਸਹਿਮਤੀ ਮਿਲਣ ਬਾਅਦ ਹੀ ਸਰਕਾਰ ਐਕਟ ‘ਚ ਸੋਧ ਕਰੇਗੀ।
ਇੱਥੇ ਦੱਸਿਆ ਜਾਂਦਾ ਹੈ ਕਿ ਸੂਬਾ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤਣ ਤੇ ਸਜ਼ਾਵਾ ਦੇਣ ਲਈ ਵਿਸਾਖੀ ਵਾਲੇ ਦਿਨ 14 ਅਪ੍ਰੈਲ ਨੂੰ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026’ ‘ਚ ਸੋਧ ਕੀਤੀ ਸੀ। ਐਕਟ ‘ਚ ਭਾਸ਼ਾ, ਸ਼ਬਦਾਂ ਤੇ ਕਈ ਧਰਾਵਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ, ਸਿੱਖ ਵਿਦਵਾਨਾਂ ਨੇ ਇਤਰਾਜ਼ ਉਠਾਏ ਸਨ। ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਤਲਬ ਕਰ ਕੇ ਇਤਰਾਜ਼ ਮੱਦਾਂ ਤੇ ਸ਼ਬਦ ਹਟਾਉਣ ਦੀ ਗੱਲ ਕਹੀ, ਪਰ ਮੁੱਖ ਮੰਤਰੀ ਨੇ ਐਕਟ ‘ਚ ਸੋਧ ਕਰਨ ਤੋਂ ਸਪਸ਼ਟ ਮਨ੍ਹਾਂ ਕਰ ਦਿੱਤਾ ਸੀ।
ਇਸ ਤੋਂ ਬਾਅਦ ਸਾਰੇ ਸਿੱਖ ਵਿਧਾਇਕਾਂ ਤੇ ਮੰਤਰੀਆਂ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਗਿਆ। ਬਹੁਤ ਸਾਰੇ ਵਿਧਾਇਕਾਂ ਨੇ ਮੰਨਿਆਂ ਕਿ ਉਨ੍ਹਾਂ ਨੇ ਐਕਟ ਪੜ੍ਹਿਆ ਨਹੀ ਸੀ। ਪੰਜ ਸਿੰਘ ਸਾਹਿਬਾਨ ਨੇ ਵਿਧਾਇਕਾਂ ਨੂੰ ਇਕ ਮਹੀਨੇ ਦੇ ਅੰਦਰ ਅੰਦਰ ਐਕਟ ‘ਚ ਸੋਧ ਕਰਨ ਦੇ ਹੁਕਮ ਦਿੱਤੇ ਸਨ।
ਜਾਣਕਾਰੀ ਅਨੁਸਾਰ ਹੁਣ ਸਰਕਾਰ ਸਿੱਖ ਧਾਰਮਿਕ ਮਰਿਆਦਾ ਅਨੁਸਾਰ ਕਾਨੂੰਨ ‘ਚ ਸੋਧ ਕਰਨ ਲਈ ਸਹਿਮਤ ਹੋ ਗਈ ਹੈ। ਰਾਜ ਸਰਕਾਰ ਨੇ ਸਿੱਖ ਸੰਗਠਨਾਂ ਵੱਲੋਂ ਉਠਾਏ ਗਏ ਸੁਝਾਵਾਂ ਤੇ ਇਤਰਾਜ਼ਾਂ ਅਨੁਸਾਰ ਕਾਨੂੰਨ ‘ਚ ਸੋਧ ਦਾ ਖਰੜਾ ਤਿਆਰ ਕਰਨ ਲਈ ਵਿਸ਼ੇਸ਼ ਤੌਰ ‘ਤੇ ਕਾਨੂੰਨੀ ਮਾਹਿਰਾਂ ਨੂੰ ਸ਼ਾਮਲ ਕੀਤਾ ਹੈ। ਇਹ ਖਰੜਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿਚ ਪੇਸ਼ ਕੀਤਾ ਜਾਵੇਗਾ।
ਚਾਰਜਸ਼ੀਟ `ਚ 52 ਸ਼ਬਦਾਂ ਨੂੰ ਮਰਿਆਦਾ ਅਨੁਸਾਰ ਲਿਖਣ ਦੇ ਹੋ ਚੁੱਕੇ ਹਨ ਹੁਕਮ
ਅਕਾਲ ਤਖ਼ਤ ਸਾਹਿਬ ਵੱਲੋ ਕਾਨੂੰਨ ‘ਚ ਸੋਧ ਕੀਤੇ ਜਾਣ ਦੇ ਹੁਕਮ ਤੋਂ ਬਾਅਦ ਪੰਜਾਬ ਪੁਲਿਸ ਨੇ ਸਮਹੂ iਜ਼ਿ੍ਹਆਂ ਦੇ ਐੱਸਐੱਸਪੀਜ਼ ਤੇ ਪੁਲਿਸ ਕਮਿਸ਼ਨਰਾਂ ਨੂੰ ਸਿੱਖ ਮਰਿਆਦਾ ਨਾਲ ਸਬੰਧਤ 52 ਸ਼ਬਦਾਂ ਦੀ ਸੂਚੀ ਭੇਜ ਕੇ ਹੁਕਮ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਿਤ ਮਾਮਲਿਆਂ ‘ਚ ਚਾਰਜਸ਼ੀਟ ਦਾਖ਼ਲ ਕਰਨ ਵੇਲੇ ਇਹਨਾਂ ਸ਼ਬਦਾਂ (ਸਿੱਖ ਮਰਿਆਦਾ ਵਾਲੇ ਸ਼ਬਦ) ਦਾ ਅੰਗਰੇਜ਼ੀ ਵਿਚ ਅਨੁਵਾਦ ਕਰਦੇ ਹੋਏ ਵੀ ਪੰਜਾਬੀ ਵਾਂਗ ਲਿਖਣਾ ਹੈ। ਭਾਵ ਪੰਜਾਬੀ ਦਾ ਅੰਗਰੇਜ਼ੀ ਵਿਚ ਲਿਪੀਅੰਤਰ ਕੀਤਾ ਜਾਵੇਗਾ ਅਨੁਵਾਦ ਨਹੀਂ।
