ਸੁਰਿੰਦਰ ਸਿੰਘ ਤੇਜ
ਫੋਨ: 91-98555-01488
ਆਪਣੇ ਜ਼ਮਾਨੇ ਦੀ ਸਭ ਤੋਂ ਵੱਡੀ ਸਟਾਰ ਸੀ ਸੁਰੱਈਆ। 1948 ਤੋਂ ਲੈ ਕੇ 1954 ਤਕ ਦੇ ਅਰਸੇ ਦੌਰਾਨ ਫਿਲਮਾਂ ਵਿਚ ਕੰਮ ਕਰਨ ਲਈ ਜਿੰਨੀ ਰਕਮ ਉਹ ਲੈਂਦੀ ਸੀ; ਉਹ ਨਰਗਿਸ, ਨਿੰਮੀ ਜਾਂ ਕਿਸੇ ਵੀ ਹੋਰ ਅਭਿਨੇਤਰੀ ਨੂੰ ਨਹੀਂ ਸੀ ਮਿਲਦੀ। ਇਸ ਦੀ ਇਕ ਵਜ੍ਹਾ ਸੀ ਕਿ ਉਹ ਆਪਣੇ ਗੀਤ ਖੁਦ ਗਾਉਂਦੀ ਸੀ ਅਤੇ ਇਹ ਗੀਤ ਮਕਬੂਲ ਵੀ ਖ਼ੂਬ ਹੁੰਦੇ ਸਨ। ਹਾਲਾਂਕਿ ਉਹ ਸਿੱਖਿਅਤ ਗਾਇਕਾ ਨਹੀਂ ਸੀ ਅਤੇ ਨਾ ਹੀ ਨਿਯਮਿਤ ਤੌਰ ‘ਤੇ ਰਿਆਜ਼ ਕਰਦੀ ਸੀ, ਫਿਰ ਵੀ ਉਸ ਦੀ ਆਵਾਜ਼ ਅੰਦਰਲੀ ਸ਼ਹਿਦਨੁਮਾ ਮਿਠਾਸ, ਗੀਤ ਦੇ ਬੋਲਾਂ ਅੰਦਰਲੇ ਹਾਵ-ਭਾਵ ਨੂੰ ਸਹਿਜ, ਸੁਹਜ ਤੇ ਸ਼ੁੱਧਤਾ ਨਾਲ ਪ੍ਰਗਟਾਉਣ ਦੀ ਅਮੀਰੀ ਅਤੇ ਉਸ ਦੇ ਗਲੇ ਅੰਦਰਲੀ ਮਿੱਠੀ ਜਿਹੀ ਦਿਲਗ਼ੀਰੀ ਉਸ ਦੇ ਗੀਤਾਂ ਨੂੰ ਅਮਰ ਬਣਾ ਜਾਂਦੇ ਸਨ। ਗੀਤ ਚਾਹੇ ‘ਧੜਕਤੇ ਦਿਲ ਕੀ ਤਮੰਨਾ ਹੋ’ ਹੋਵੇ ਜਾਂ ‘ਆਪ ਸੇ ਪਿਆਰ ਹੂਆ ਜਾਤਾ ਹੈ’ (ਦੋਵੇਂ ਫਿਲਮ ਸ਼ਮ੍ਹਾ, 1961) ਹੋਵੇ ਜਾਂ ਫ਼ਿਰ ‘ਨੁਕਤਾਚੀਨ ਐ ਗ਼ਮੇ ਦਿਲ’ ਹੋਵੇ ਜਾਂ ‘ਵੋ ਪਾਸ ਰਹੇਂ ਯਾ ਦੂਰ ਰਹੇਂ ਨਜ਼ਰੋਂ ਮੇਂ ਸਮਾਏ ਰਹਿਤੇ ਹੈਂ’ ਹੋਵੇ; ਸੁਰੱਈਆ ਦੀ ਆਵਾਜ਼ ਅੰਦਰਲੀ ਲੋਚ, ਮਿੱਠਤ ਤੇ ਰਵਾਨੀ ਇਨ੍ਹਾਂ ਅੰਦਰ ਅਨੂਠੀ ਜਾਨ ਪਾ ਦਿੰਦੀ ਸੀ।
ਸੁਰੱਈਆ ਨੇ ਕਦੇ ਵੀ ਆਪਣੇ ਆਪ ਨੂੰ ਪੇਸ਼ੇਵਰ ਗਾਇਕਾਵਾਂ ਦੀ ਕਤਾਰ ਵਿਚ ਨਹੀਂ ਰੱਖਿਆ। ਗਾਇਕੀ ਉਸ ਲਈ ਮਹਿਜ਼ ਸ਼ੌਕ ਸੀ। ਆਪਣੀਆਂ ਫਿਲਮਾਂ ਵਿਚ ਉਸ ਨੇ ਗੀਤ ਗਾਏ ਜ਼ਰੂਰ, ਪਰ ਸਿਰਫ ਅਦਾਕਾਰੀ ਦੀ ਐਕਸਟੈਨਸ਼ਨ ਦੇ ਰੂਪ ਵਿਚ। ਉਹ ਨੂਰਜਹਾਂ ਦੀ ਜੂਨੀਅਰ ਸੀ ਅਤੇ ਲਤਾ ਮੰਗੇਸ਼ਕਰ ਦੀ ਸੀਨੀਅਰ। ਆਪਣੀ ਇਸ ਪੁਜ਼ੀਸ਼ਨ ਨੂੰ ਉਹ ਗਾਇਕਾ ਵਜੋਂ ਬਹੁਤ ਚੰਗੀ ਤਰ੍ਹਾਂ ਭੁਨਾ ਵੀ ਸਕਦੀ ਸੀ, ਪਰ ਉਸ ਨੇ ਅਜਿਹਾ ਨਹੀਂ ਕੀਤਾ। 30 ਸਾਲਾਂ ਤੋਂ ਘੱਟ ਉਮਰ ਵਿਚ ਦਿਲਲਗੀ, ਦਿਲਦਾਰੀ ਤੇ ਦਿਲਕੁਸ਼ੀ ਤਕ ਦੇ ਬਿਖੜੇ ਸਫ਼ਰ ਵਿਚੋਂ ਗੁਜ਼ਰਨ ਮਗਰੋਂ ਉਸ ਨੇ ਫਿਲਮ ਸੰਗੀਤ ਪ੍ਰਤੀ ਵੀ ਉਹੀ ਉਦਾਸੀਨਤਾ ਆਪਣੇ ਅੰਦਰ ਜਗਾ ਲਈ ਜੋ ਅਦਾਕਾਰੀ ਪ੍ਰਤੀ ਆਪਣੇ ਅੰਦਰ ਜਗਾਈ ਸੀ। ਗਾਇਕਾ ਵਜੋਂ ਆਪਣੇ ਜੀਵਨ ਦੀ ਸ਼ੁਰੂਆਤ ਸੰਗੀਤਕਾਰ ਨੌਸ਼ਾਦ ਅਲੀ ਦੇ ਨਿਰਦੇਸ਼ਨ ਹੇਠ ਅਦਾਕਾਰਾ ਮਹਿਤਾਬ ਦੀ ਆਵਾਜ਼ ਦੇ ਰੂਪ ਵਿਚ ਸ਼ੁਰੂ ਕਰਨ ਅਤੇ ਤਿੰਨ ਫਿਲਮਾਂ ‘ਸ਼ਾਰਦਾ’ (1942), ‘ਕਾਨੂੰਨ’ (1943) ਤੇ ‘ਸੰਜੋਗ’ (1943) ਵਿਚ ਮਹਿਤਾਬ ਲਈ ਪਿੱਠਵਰਤੀ ਗਾਇਨ ਕਰਨ ਦੇ ਬਾਵਜੂਦ ਉਸ ਨੇ ਇਸ ਕਲਾ ਪ੍ਰਤੀ ਕਦੇ ਹੇਜ ਨਹੀਂ ਦਰਸਾਇਆ। 1949 ਵਿਚ ਸੁਰੱਈਆ ਦੇ ਗੀਤ ਲਗਾਤਾਰ ਹਿੱਟ ਹੋ ਰਹੇ ਸਨ ਅਤੇ ਸੰਗੀਤਕਾਰ ਉਸ ਨੂੰ ਲਤਾ ਨਾਲੋਂ ਵੱਧ ਅਹਿਮੀਅਤ ਦੇ ਰਹੇ ਸਨ, ਪਰ ਉਸ ਨੇ ਆਪਣੀ ਫ਼ਿਲਮ ‘ਦੁਨੀਆ’ ਦੇ ਗੀਤ ਲਤਾ ਤੋਂ ਗਵਾਉਣ ਦੀ ਜ਼ਿੱਦ ਸੰਗੀਤਕਾਰ ਸੀæ ਰਾਮਚੰਦਰ ਕੋਲ ਕੀਤੀ ਅਤੇ ਮਨਵਾਈ। ਉਹ ਇਸ ਲਈ ਕਿ ਉਹ ਰਿਕਾਰਡਿੰਗਜ਼ ਦੀ ਥਾਂ ਆਪਣਾ ਸਮਾਂ ਆਪਣੇ ਹਮਦਮ ਦੇਵ ਆਨੰਦ ਨਾਲ ਵੱਖ ਬਿਤਾਉਣਾ ਚਾਹੁੰਦੀ ਸੀ। ਆਪਣੇ ਕਰੀਅਰ ਦੀ ਸ਼ੁਰੂਆਤ ਸਮੇਂ ਰੌਸ਼ਨ, ਸੁਰੱਈਆ ਦੀ ਆਵਾਜ਼ ਤੋਂ ਇਸ ਹੱਦ ਤਕ ਕਾਇਲ ਸੀ ਕਿ ਫਿਲਮ ‘ਬਾਵਰੇ ਨੈਨ’ (1950) ਵਿਚ ਉਸ ਨੇ ਗੀਤਾ ਦੱਤ (ਉਦੋਂ ਗੀਤ ਰਾਏ) ਨੂੰ ਮੁਕੇਸ਼ ਨਾਲ ਡੂਏਟ ‘ਖਿਆਲੋਂ ਮੇਂ ਕਿਸੀ ਕੇ, ਇਸ ਤਰਹ ਆਇਆ ਨਹੀਂ ਕਰਤੇ’ ਸੁਰੱਈਆ ਵਾਲੇ ਅੰਦਾਜ਼ ਵਿਚ ਗਾਉਣ ਲਈ ਮਜਬੂਰ ਕੀਤਾ ਸੀ। ਰੌਸ਼ਨ ਨੂੰ ਸੁਰੱਈਆ ਨਾਲ ਖੁੱਲ੍ਹ ਕੇ ਕੰਮ ਕਰਨ ਦਾ ਮੌਕਾ ‘ਮਾਸ਼ੂਕਾ’ (1953) ਵਿਚ ਮਿਲਿਆ। ਫ਼ਿਲਮ ਦਾ ਨਾਇਕ (ਗਾਇਕ) ਮੁਕੇਸ਼ ਸੀ। ਸੁਰੱਈਆ ਦੇ ਇਸ ਵਿਚ ਚਾਰ ਸੋਲੋ ਤੇ ਇਕ ਦੋਗਾਣਾ ਸੀ। ਇਸ ਫ਼ਿਲਮ ਨੇ ਰੌਸ਼ਨ ਦੇ ਸੰਗੀਤ ਨੂੰ ਨਵੀਂ ਦਿਸ਼ਾ ਦਿੱਤੀ ਪਰ ਜਦੋਂ 1955 ਵਿਚ ਸੁਰੱਈਆ ਨੂੰ ਸਹਾਰੇ ਦੀ ਲੋੜ ਸੀ ਤਾਂ ਰੌਸ਼ਨ ਨੇ ਉਸ ਦੀ ਥਾਂ ਲਤਾ ‘ਤੇ ਟੇਕ ਰੱਖਣੀ ਵਾਜਬ ਸਮਝੀ।
15 ਜੂਨ 1929 ਨੂੰ ਗੁਜਰਾਂਵਾਲਾ (ਪੰਜਾਬ) ਵਿਚ ਜਨਮੀ ਸੁਰੱਈਆ ਜਮਾਲ ਸ਼ੇਖ ਦੇ ਪਿਤਾ ਫਰਨੀਚਰ ਦੀ ਦੁਕਾਨ ਦੇ ਮਾਲਕ ਸਨ। ਉਹ ਬਹੁਤ ਛੋਟੇ ਸੀ ਜਦੋਂ ਪਰਿਵਾਰ ਲਾਹੌਰ ਜਾ ਵਸਿਆ। ਫਿਰ ਮਾਮੇ ਤੇ ਨਾਨੀ ਦੀ ਜ਼ਿੱਦ ‘ਤੇ ਸੁਰੱਈਆ ਤੇ ਉਸ ਦੀ ਮਾਂ ਮੁੰਬਈ ਆ ਗਈਆਂ। ਮਾਮਾ ਜ਼ਹੂਰ ਫਿਲਮ ਅਦਾਕਾਰ ਸੀ ਅਤੇ ਉਸ ਦੇ ਕਹਿਣ ‘ਤੇ 1937 ਵਿਚ ਸੁਰੱਈਆ ਨੂੰ ਫਿਲਮ ‘ਉਸਨੇ ਕਿਆ ਸੋਚਾ’ ਵਿਚ ਬਾਲ ਕਲਾਕਾਰ ਵਜੋਂ ਰੋਲ ਮਿਲ ਗਿਆ। 1941 ਵਿਚ ਉਸ ਨੇ ਫਿਲਮ ‘ਤਾਜ ਮਹਿਲ’ ਵਿਚ ਮੁਮਤਾਜ਼ ਮਹਿਲ ਦੀ ਕਿਸ਼ੋਰ ਅਵਸਥਾ ਦੀ ਭੂਮਿਕਾ ਨਿਭਾਈ। ਕੁਝ ਫਿਲਮਾਂ ਵਿਚ ਬੇਬੀ ਸੁਰੱਈਆ ਵਜੋਂ ਭੂਮਿਕਾਵਾਂ ਕਰਨ ਮਗਰੋਂ 1943 ਵਿਚ ਉਸ ਨੇ ‘ਇਸ਼ਾਰਾ’ ਵਿਚ ਸੈਕਿੰਡ ਲੀਡ ਵਜੋਂ ਕੰਮ ਕੀਤਾ। ਇਸ ਫਿਲਮ ਵਿਚ ਮੁੱਖ ਭੂਮਿਕਾਵਾਂ ਪ੍ਰਿਥਵੀਰਾਜ ਕਪੂਰ ਤੇ ਸਵਰਨ ਲਤਾ ਦੀਆਂ ਸਨ। ਕਈ ਫਿਲਮਾਂ ਵਿਚ ਸਹਿ-ਨਾਇਕਾ ਬਣੇ ਰਹਿਣ ਮਗਰੋਂ ਸੁਰੱਈਆ ਨੂੰ ਲੀਡ ਰੋਲ ਕੁੰਦਨ ਲਾਲ ਸਹਿਗਲ ਦੀ ਸਿਫਾਰਸ਼ ‘ਤੇ ‘ਤਦਬੀਰ’ (1945) ਵਿਚ ਮਿਲਿਆ। ‘ਅਨਮੋਲ ਘੜੀ’ (1946) ਬਹੁਤ ਵੱਡੀ ਹਿੱਟ ਸੀ ਅਤੇ ਇਸ ਦੀ ਨਾਇਕਾ ਨੂਰਜਹਾਂ ਤੇ ਸਹਿ-ਨਾਇਕਾ ਸੁਰੱਈਆ ਸਨ। ਇਸ ਦੇ ਗੀਤਾਂ ਨੇ ਸੁਰੱਈਆ ਦੀ ਆਵਾਜ਼ ਨੂੰ ਚੋਖਾ ਮਕਬੂਲ ਬਣਾਇਆ। ਉਸ ਦਾ ਗਾਇਆ ਗੀਤ ‘ਮਨ ਲੇਤਾ ਹੈ ਅੰਗੜਾਈ’ ਸੁਪਰ ਹਿੱਟ ਸਾਬਤ ਹੋਇਆ। ਦਰਅਸਲ ਨੌਸ਼ਾਦ ਨੇ ਹੀ ਸੁਰੱਈਆ ਪਾਸੋਂ ਸਭ ਤੋਂ ਵਧ 51 ਗੀਤ ਗਵਾਏ। ਉਸ ਤੋਂ ਬਾਅਦ ਹੁਸਨ ਲਾਲ ਭਗਤਰਾਮ ਆਉਂਦੇ ਹਨ ਜਿਨ੍ਹਾਂ ਦੇ ਸੰਗੀਤ ਨਿਰਦੇਸ਼ਨ ਹੇਠ ‘ਬੜੀ ਬਹਿਨ’, ‘ਦਿਲਲਗੀ’ ਤੇ ‘ਪਿਆਰ ਕੀ ਜੀਤ’ ਫਿਲਮਾਂ ਵਿਚ ਸੁਰੱਈਆ ਵੱਲੋਂ ਗਾਏ ਗੀਤ ਸੁਪਰ ਹਿੱਟ ਹੋਏ। ਗੁਲਾਮ ਮੁਹੰਮਦ ਨੇ ਵੀ ਸੁਰੱਈਆ ਦੀ ਨਿਵੇਕਲੀ ਅਵਾਜ਼ ਦਾ ਭਰਪੂਰ ਲਾਹਾ ਲਿਆ। ਫਿਲਮਸਾਜ਼ ਸੋਹਰਾਬ ਮੋਦੀ ਦੀ ਫਿਲਮ ‘ਮਿਰਜ਼ਾ ਗਾਲਿਬ’ ਭਾਵੇਂ ਗਾਲਿਬ ਬਾਰੇ ਸੀ, ਪਰ ਇਸ ਨੂੰ ਸੁਰੱਈਆ ਨੇ ਆਪਣੀ ਆਵਾਜ਼ ਦੇ ਜ਼ਰੀਏ ਅਮਰਤਾ ਦੱਤੀ। ‘ਆਹ ਕੋ ਚਾਹੀਏ ਏ ਉਮਰ ਅਸਰ ਹੋਨੇ ਤਕ’, ‘ਯਿਹ ਨਾ ਥੀ ਹਮਾਰੀ ਕਿਸਮਤ’, ‘ਰਹੀਏ ਅਬ ਐਸੀ ਜਗ੍ਹਾ ਚਲਕਰ ਜਹਾਂ ਕੋਈ ਨਾ ਹੋ’, ‘ਦਿਲੇ ਨਾਦਾਨ ਤੁਝੇ ਹੂਆ ਕਿਆ ਹੈ’ ਉਹ ਗ਼ਜ਼ਲਾਂ ਹਨ ਜਿਨ੍ਹਾਂ ਅੰਦਰ ਸੁਰੱਈਆ ਨੇ ਆਪਣੀ ਪੁਰਸੋਜ਼ ਆਵਾਜ਼ ਦੇ ਜ਼ਰੀਏ ਨਵੀਂ ਰੂਹ ਭਰ ਦਿੱਤੀ। ਸੁਰੱਈਆ ਨੇ ਆਪਣਾ ਆਖਰੀ ਗੀਤ ‘ਰੁਸਤਮ ਔਰ ਸੋਹਰਾਬ’ (1964) ਵਿਚ ਗਾਇਆ। ਇਹ ਅਭਿਨੇਤਰੀ ਵਜੋਂ ਵੀ ਉਸ ਦੀ ਆਖਰੀ ਫ਼ਿਲਮ ਸੀ। ਦਰਅਸਲ, ਲਤਾ ਇਸ ਫਿਲਮ ਵਿਚ ਗਾਏ ਗੀਤ ‘ਐ ਦਿਲ ਰੁਬਾ, ਜਾਨੇ ਜਹਾਂ’ ਨੂੰ ਆਪਣੇ ਬਿਹਤਰੀਨ 10 ਗੀਤਾਂ ਵਿਚੋਂ ਇਕ ਮੰਨਦੀ ਹੈ ਪਰ ਇਸੇ ਫ਼ਿਲਮ ਵਿਚ ਸੁਰੱਈਆ ਦਾ ਸੋਲੋ ‘ਯਿਹ ਕੈਸੀ ਅਜਬ ਦਾਸਤਾਂ ਹੋ ਗਈ ਹੈ’ ਇੰਨਾ ਪੁਰਸੋਜ਼, ਇੰਨਾ ਕਰੁਣਾਮਈ ਹੈ ਕਿ ਇਸ ਨੂੰ ਫ਼ਿਲਮ ਦੀ ਅਸਲ ਪਛਾਣ ਮੰਨਿਆ ਜਾਂਦਾ ਹੈ। ਆਪਣੀ ਗਾਇਕੀ ਦੀ ਦਾਸਤਾਂ ਨੂੰ ਸੁਰੱਈਆ ਨੇ ਇਸ ਖ਼ੂਬਸੂਰਤ ਗੀਤ ਰਾਹੀਂ ਖ਼ਤਮ ਕਰਨਾ ਮੁਨਾਸਿਬ ਸਮਝਿਆ, ਇਹੀ ਉਸ ਦੀ ਮਹਾਨਤਾ ਦੀ ਨਿਸ਼ਾਨੀ ਸੀ।
Leave a Reply