ਨਵੀਂ ਦਿੱਲੀ:ਈਰਾਨ ਦੇ ਸਾਬਕਾ ਸਰਬਉੱਚ ਨੇਤਾ ਆਇਤੁੱਲ੍ਹਾ ਅਲੀ ਖ਼ਾਮਨੇਈ ਦੀ ਅੰਤਿਮ ਯਾਤਰਾ ਤੇਹਰਾਨ ਦੀਆਂ ਸੜਕਾਂ ‘ਤੇ ਕੱਢੀ ਗਈ, ਜਿਸ ‘ਚ ਲੱਖਾਂ ਦੀ ਗਿਣਤੀ ‘ਚ ਲੋਕ ਸ਼ਾਮਲ ਹੋਏ। ਰਾਜਧਾਨੀ ਦੀਆਂ ਮੁੱਖ ਸੜਕਾਂ ‘ਤੇ ਕਾਲੇ ਕੱਪੜਿਆਂ ‘ਚ ਸੋਗ ਮਨਾਉਣ ਵਾਲਿਆਂ ਦਾ ਸੈਲਾਬ ਉਮੜ ਪਿਆ।
ਕਈ ਸਥਾਨਾਂ ‘ਤੇ ਭੀੜ ਨੇ ਅਮਰੀਕਾ ਤੇ ਇਜ਼ਰਾਈਲ ਵਿਰੋਧੀ ਨਾਅਰੇ ਲਗਾਏ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਵੀ ਗੁੱਸਾ ਜ਼ਾਹਿਰ ਕੀਤਾ। ਨਿਊਯਾਰਕ ਟਾਈਮਸ ਅਨੁਸਾਰ ਖ਼ਾਮਨੇਈ ਦਾ ਰਾਸ਼ਟਰੀ ਝੰਡੇ ‘ਚ ਲਿਪਟਿਆ ਤਾਬੂਤ ਤੇ ਉਨ੍ਹਾਂ ਦੇ ਚਾਰ ਪਰਿਵਾਰਕ ਮੈਂਬਰਾਂ ਦੇ ਤਾਬੂਤ ਇਕ ਵਿਸ਼ੇਸ਼ ਤੌਰ ‘ਤੇ ਸੱਜੇ ਟਰੱਕ ‘ਤੇ ਰੱਖੇ ਗਏ ਸਨ।
ਅੰਤਿਮ ਯਾਤਰਾ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਤੇ ਇਜ਼ਰਾਈਲ ਵਿਰੁੱਧ ਪੋਸਟਰ ਤੇ ਬੈਨਰ ਲਹਿਰਾਏ। ਕੁਝ ਬੈਨਰਾਂ ‘ਤੇ ਟਰੰਪ ਵਿਰੁੱਧ ਬਦਲੇ ਦੀ ਮੰਗ ਵੀ ਲਿਖੀ ਗਈ ਸੀ। ਈਰਾਨ ਸਰਕਾਰ ਇਸ ਵਿਸ਼ਾਲ ਅੰਤਿਮ ਯਾਤਰਾ ਨੂੰ ਰਾਸ਼ਟਰੀ ਇਕਜੁਟਤਾ ਤੇ ਮੌਜੂਦਾ ਲੀਡਰਸ਼ਿਪ ਪ੍ਰਤੀ ਸਮਰਥਨ ਦੇ ਪ੍ਰਦਰਸ਼ਨ ਦੇ ਰੂਪ ‘ਚ ਪੇਸ਼ ਕਰ ਰਹੀ ਹੈ। ਸਮਾਰੋਹ ‘ਚ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਸਮੇਤ ਕਈ ਸੀਨੀਅਰ ਨੇਤਾ ਸ਼ਾਮਲ ਹੋਏ ਪਰ ਖ਼ਾਮਨੇਈ ਦੇ ਬੇਟੇ ਤੇ ਵਾਰਿਸ ਮੋਜਤਬਾ ਖ਼ਾਮਨੇਈ ਜਨਤਕ ਤੌਰ ‘ਤੇ ਨਜ਼ਰ ਨਹੀਂ ਆਏ।
