ਚੰਪਤ ਰਾਏ, ਅਨਿਲ ਮਿਸ਼ਰਾ ਦੇ ਅਸਤੀਫ਼ੇ ਮਨਜ਼ੂਰ, ਗੋਪਾਲ ਰਾਓ ਨੂੰ ਵੀ ਹਟਾਇਆ

ਅਯੁੱਧਿਆ:ਸ੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਦੀ ਸੋਮਵਾਰ ਨੂੰ ਮਹੱਤਵਪੂਰਨ ਬੈਠਕ ‘ਚ ਜਨਰਲ ਸਕੱਤਰ ਚੰਪਤ ਰਾਏ ਤੇ ਟਰੱਸਟੀ ਡਾ. ਅਨਿਲ ਕੁਮਾਰ ਮਿਸ਼ਰਾ ਦੇ ਅਸਤੀਫ਼ੇ ਮਨਜ਼ੂਰ ਕਰ ਲਏ ਗਏ। ਇਸ ਦੇ ਨਾਲ ਹੀ ਟਰੱਸਟ ਦੇ ਸੀਨੀਅਰ ਮੈਂਬਰ ਕ੍ਰਿਸ਼ਣ ਮੋਹਨ ਨੂੰ ਅੰਤਰਿਮ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਬੈਠਕ ‘ਚ ਵਿਸ਼ੇਸ਼ ਸੱਦੇ ਦੇ ਮੈਂਬਰ ਤੇ ਸਾਬਕਾ ਮੰਦਰ ਮੈਨੇਜਰ ਗੋਪਾਲ ਰਾਓ ਨੂੰ ਵੀ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।

ਟਰੱਸਟ ਦੀ ਅਗਲੀ ਬੈਠਕ 22 ਜੁਲਾਈ ਨੂੰ ਹੋਵੇਗੀ।
ਰਾਮ ਜਨਮ ਭੂਮੀ ਕੰਪਲੈਕਸ ਸਥਿਤ ਕੇਂਦਰ ‘ਚ ਹੋਈ ਬੈਠਕ ਦੀ ਪ੍ਰਧਾਨਗੀ ਟਰੱਸਟ ਦੇ ਪ੍ਰਧਾਨ ਮਹੰਤ ਨਰਿਤਿਆਗੋਪਾਲ ਦਾਸ ਨੇ ਕੀਤੀ। ਬੈਠਕ ‘ਚ ਟਰੱਸਟ ਦੇ ਸੀਨੀਅਰ ਮੈਂਬਰ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੇ ਪਰਾਸਰਨ ਨੇ ਟਰੱਸਟ ਦੀ ਨਿਯਮਾਵਲੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਸਤੀਫ਼ਾ ਦਿੱਤੇ ਜਾਣ ਦੇ ਬਾਅਦ ਉਸ ‘ਤੇ ਮੁੜ ਵਿਚਾਰ ਦੀ ਵਿਵਸਥਾ ਨਹੀਂ ਹੈ। ਇਸ ਲਈ ਚੰਪਤ ਰਾਏ ਤੇ ਅਨਿਲ ਮਿਸ਼ਰਾ ਦੇ ਅਸਤੀਫ਼ੇ ਨਿਯਮਾਂ ਦੇ ਮੁਤਾਬਕ ਖ਼ੁਦ ਅਮਲ ‘ਚ ਆ ਗਏ। ਟਰੱਸਟ ਨੇ ਮੰਦਰ ‘ਚ ਪ੍ਰਾਪਤ ਚੜ੍ਹਾਵੇ ਤੇ ਭੇਟਾਂ ਦਾ ਵਿਸਥਾਰਤ ਵਿੱਤੀ ਵੇਰਵਾ ਵੀ ਜਨਤਕ ਕੀਤਾ। ਟਰੱਸਟ ਦੇ ਮੁਤਾਬਕ, ਹੁਣ ਤੱਕ ਫੰਡ ਸਮਰਪਣ ਅਭਿਆਨ ਤੇ ਹੋਰ ਵਸੀਲਿਆਂ ਤੋਂ ਕੁੱਲ 3264 ਕਰੋੜ ਰੁਪਏ ਮੰਦਰ ਨਿਰਮਾਣ ਤੇ ਹੋਰ ਪੂੰਜੀਗਤ ਕੰਮਾਂ ‘ਤੇ ਖ਼ਰਚ ਕੀਤੇ ਜਾ ਚੁੱਕੇ ਹਨ। ਉੱਥੇ ਸਥਾਪਨਾ ਤੋਂ ਲੈ ਕੇ ਇਸ ਸਾਲ 31 ਮਾਰਚ ਤੱਕ ਰਾਮਲਲਾ ਦੇ ਚੜ੍ਹਾਵੇ ਦੇ ਰੂਪ ‘ਚ 582 ਕਰੋੜ ਰੁਪਏ ਪ੍ਰਾਪਤ ਹੋਏ, ਜਿਨ੍ਹਾਂ ‘ਚੋਂ 391 ਕਰੋੜ ਰੁਪਏ ਆਪ੍ਰੇਸ਼ਨ ਸਬੰਧੀ ਕੰਮਾਂ ‘ਤੇ ਖ਼ਰਚ ਕੀਤੇ ਗਏ ਹਨ। ਬਾਕੀ ਰਕਮ ਟਰੱਸਟ ਦੇ ਬੈਂਕ ਖਾਤਿਆਂ ‘ਚ ਸੁਰੱਖਿਅਤ ਹੈ। ਖ਼ਜ਼ਾਨਚੀ ਨੇ ਕਿਹਾ ਕਿ ਨਕਦ ਦਾਨ ਤੋਂ ਇਲਾਵਾ ਸ਼ਰਧਾਲੂਆਂ ਨੇ 2926 ਚੀਜ਼ਾਂ ਵੀ ਭੇਟ ਕੀਤੀਆਂ ਹਨ। ਇਨ੍ਹਾਂ ਸਾਰਿਆਂ ਦਾ ਤਰੀਕ ਮੁਤਾਬਕ ਰਜਿਸਟਰ ‘ਚ ਰਿਕਾਰਡ ਦਰਜ ਹੈ। ਬੈਠਕ ‘ਚ ਟਰੱਸਟ ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੀ ਚੋਣ ਲਈ ਤਿੰਨ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ।
ਐੱਸ.ਆਈ.ਟੀ. ਰਿਪੋਰਟ `ਚ ਮਿਸ਼ਰਾ ਦੋਸ਼ੀ,ਚੰਪਤ ਦਾ ਨਾਂ ਨਹੀਂ
ਲਖਨਊ:ਅਯੁੱਧਿਆ ਦੇ ਸ੍ਰੀ ਰਾਮ ਜਨਮ ਭੂਮੀ ਮੰਦਰ ‘ਚ 70 ਵਾਰ ਚੜ੍ਹਾਵੇ ਦੀ ਚੋਰੀ ਕੀਤੇ ਜਾਣ ਦੀ ਪੁਸ਼ਟੀ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਦੀ ਜਾਂਚ ‘ਚ ਹੋਈ ਹੈ। ਇਸ ਮਾਮਲੇ ਦੀ ਜਾਂਚ ਲਈ ਸਰਕਾਰ ਵੱਲੋਂ ਗਠਿਤ ਐੱਸਆਈਟੀ ਦੀ ਸ਼ੁਰੂਆਤੀ ਜਾਂਚ ਰਿਪੋਰਟ ‘ਚ ਕਈ ਖੁਲਾਸੇ ਕੀਤੇ ਗਏ ਹਨ। ਰਿਪੋਰਟ ਮੁਤਾਬਕ ਕਰੋੜਾਂ ਰੁਪਏ ਦਾ ਚੜ੍ਹਾਵਾ ਚੋਰੀ ਕੀਤਾ ਗਿਆ ਹੈ। ਸੀਸੀਟੀਵੀ ਦੀ ਫੁਟੇਜ ‘ਚ ਚੜ੍ਹਾਵੇ ਦੀ ਗਿਣਤੀ ਦੌਰਾਨ 27 ਅਪ੍ਰੈਲ ਤੋਂ ਪੰਜ ਜੂਨ 2026 ਵਿਚਾਲੇ ਭਾਵ 40 ਦਿਨਾਂ ‘ਚ 70 ਵਾਰ ਚੜ੍ਹਾਵੇ ਦੀ ਚੋਰੀ ਕੀਤੀ ਗਈ ਹੈ। ਗਿਣਤੀ ‘ਚ ਲੱਗੇ ਕੁਝ ਮੁਲਾਜ਼ਮਾਂ ਦੀ ਨੋਟ ਲੁਕਾਉਂਦੇ ਹੋਏ ਫੁਟੇਜ ਵੀ ਮਿਲੀ ਹੈ। ਰਿਪੋਰਟ ‘ਚ ਛੇ ਮੁਲਜ਼ਮਾਂ ‘ਤੇ ਐੱਫਆਈਆਰ ਦੀ ਸਿਫ਼ਾਰਸ਼ ਕੀਤੀ ਗਈ ਹੈ। ਨਾਲ ਹੀ ਟਰੱਸਟ ਬੈਂਕ ਦੀ ਨਿਗਰਾਨੀ ਵਿਵਸਥਾ ‘ਤੇ ਗੰਭੀਰ ਸਵਾਲ ਚੁੱਕੇ ਹਨ। ਰਿਪੋਰਟ ‘ਚ ਜਿੱਥੇ ਟਰੱਸਟ ਦੇ ਮੈਂਬਰ ਡਾ. ਅਨਿਲ ਕੁਮਾਰ ਮਿਸ਼ਰਾ ‘ਤੇ ਦੋਸ਼ ਲੱਗੇ ਹਨ, ਉਥੇ ਜਨਰਲ ਸਕੱਤਰ ਚੰਪਤ ਰਾਏ ਦਾ ਜ਼ਿਕਰ ਨਹੀਂ ਹੈ।
ਡਾ. ਅਨਿਲ ਮਿਸ਼ਰਾ ‘ਤੇ ਨਿਗਰਾਨੀ ਤੇ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜਰ (ਐੱਸਓਪੀ) ਨੂੰ ਲਾਗੂ ਕਰਵਾਉਣ ‘ਚ ਨਾਕਾਮ ਰਹਿਣ ਦਾ ਦੋਸ਼ ਲਗਾਇਆ ਗਿਆ ਹੈ।