ਪੰਜਾਬ ਕਾਂਗਰਸ ਦੀ ਉਲਝੀ ਤਾਣੀ ਹੋਰ ਉਲਝੀ

ਚੰਡੀਗੜ੍ਹ:ਪੰਜਾਬ ਕਾਂਗਰਸ ਦੀ ਉਲਝੀ ਤੰਦ ਸੁਲਝਣ ਦਾ ਨਾਂ ਨਹੀਂ ਲੈ ਰਹੀ। ਜਦੋਂ ਸੂਬਾ ਇੰਚਾਰਜ ਭੂਪੇਸ਼ ਬਘੇਲ ਇਕਜੁੱਟਤਾ ਦਾ ਪਾਠ ਪੜ੍ਹਾਉਣ ਲਈ ਤਿੰਨ ਸਹਿ ਇੰਚਾਰਜਾਂ ਨੂੰ ਲੈ ਕੇ ਚੰਡੀਗੜ੍ਹ ਪੁੱਜੇ ਤਾਂ ਚੰਨੀ ਧੜ੍ਹਾ ਉਨ੍ਹਾਂ ਨੂੰ ਰਿਸੀਵ ਕਰਨ ਤੱਕ ਨਹੀਂ ਪੁੱਜਾ।

ਕਾਂਗਰਸ ‘ਚ ਜਾਰੀ ਇਸ ਸੰਕਟ ਨੂੰ ਹੱਲ ਕਰਨ ਲਈ ਸੋਮਵਾਰ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੇ ਚੰਡੀਗੜ੍ਹ ਪੁੱਜਣ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਡੇਢ ਦਰਜਨ ਦੇ ਕਰੀਬ ਆਗੂਆਂ ਨਾਲ ਮੀਟਿੰਗ ਉਪਰੰਤ ਇਕ ਸਾਂਝੀ ਤਸਵੀਰ ‘ਏਕਤਾ ‘ਚ ਤਾਕਤ’ ਲਿਖ ਕੇ ਐਕਸ ਅਕਾਊਂਟ ‘ਤੇ ਸਾਂਝੀ ਕੀਤੀ। ਚੰਡੀਗੜ੍ਹ ‘ਚ ਭੂਪੇਸ਼ ਬਘੇਲ ਦਾ ਸਵਾਗਤ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ, ਸੂਬਾ ਇੰਚਾਰਜ ਰਾਜਾ ਵੜਿੰਗ ਤੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਕੀਤਾ। ਅਹਿਮ ਗੱਲ ਇਹ ਹੈ ਕਿ ਸੋਨੀ ਮੋਰਿੰਡਾ ‘ਚ ਚੰਨੀ ਦੇ ਘਰ ਹੋਈ ਬੈਠਕ ‘ਚ ਵੀ ਮੌਜੂਦ ਸਨ। ਬਾਜਵਾ ਦੇ ਘਰ ਸ਼ਾਮ ਨੂੰ ਸਾਰੇ ਨਵੇਂ ਚੁਣੇ ਗਏ ਕਮੇਟੀ ਚੇਅਰਮੈਨ ਇਕੱਠੇ ਹੋਏ। ਇਸ ਤੋਂ ਬਾਅਦ ਬਘੇਲ ਨੇ ਕਾਂਗਰਸ ਭਵਨ ‘ਚ ਮੈਨੀਫੈਸਟੋ ਕਮੇਟੀ ਦੇ ਪ੍ਰਧਾਨ ਸੰਸਦ ਮੈਂਬਰ ਡਾ. ਅਮਰ ਸਿੰਘ, ਚੋਣ ਇੰਚਾਰਜ ਤੇ ਤਾਲਮੇਲ ਕਮੇਟੀ ਦੇ ਮੁਖੀ ਵਿਜੇ ਇੰਦਰ ਸਿੰਗਲਾ, ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਸਮੇਤ ਕਈ ਸੀਨੀਅਰ ਨੇਤਾਵਾਂ ਨਾਲ ਵੱਖ-ਵੱਖ ਬੈਠਕਾਂ ਕੀਤੀਆਂ। ਇਸ ਦੌਰਾਨ ਕੈਂਪੇਨ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਤੇ ਕੋਰ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਦੇ ਨਾ ਪੁੱਜਣ ‘ਤੇ ਰਾਜਾ ਵੜਿੰਗ ਨੇ ਕਿਹਾ ਕਿ ਅਜੇ ਕਈ ਬੈਠਕਾਂ ਹੋਣੀਆਂ ਹਨ, ਜਿਸ ‘ਚ ਇੰਚਾਰਜ ਸਾਰੇ ਨੇਤਾਵਾਂ ਨਾਲ ਵਾਰੀ-ਵਾਰੀ ਗੱਲ ਕਰਨਗੇ। ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ‘ਚ ਧੜੇਬਾਜ਼ੀ ਨਹੀਂ ਹੈ। ਇਕ ਦੋ ਦਿਨਾਂ ‘ਚ ਸਾਰੇ ਨੇਤਾ ਇਕ ਮੰਚ ‘ਤੇ ਨਜ਼ਰ ਆਉਣਗੇ। ਬਾਜਵਾ ਨੇ ਵੀ ਮਤਭੇਦਾਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਜਥੇਬੰਧਕ ਨਿਯੁਕਤੀ ਹਾਈਕਮਾਨ ਦਾ ਵਿਸ਼ੇਸ਼ ਅਧਿਕਾਰ ਹੈ ਤੇ ਸਾਰੀਆਂ ਸ਼ਿਕਾਇਤਾਂ ਦਾ ਹੱਲ ਸੰਵਾਦ ਜ਼ਰੀਏ ਹੋਵੇਗਾ।