ਅਸੀਂ ਕਾਲੇ ਲੋਕ ਸਦੀਂਦੇ, ਕੋਹੇਤੂਰ ਪਹਾੜ ਦਾ ਸੁਰਮਾ ਕਾਲਾ, ਲੋਕੀਂ ਵਿਚ ਅੱਖੀਂ ਘਤੀਂਦੇ
ਸਰਬਜੀਤ ਧਾਲੀਵਾਲ
ਫੋਨ: 98141-23338
ਕਿਸੇ ਅਕਲੋਂ ਅੰਨ੍ਹੇ ਬੰਦੇ ਨੇ ਮਜਨੂੰ ਨੂੰ ਮੇਹਣਾ ਮਾਰਿਆ ਕਿ ਤੇਰੀ ਲੈਲਾ ਰੰਗ ਦੀ ਕਾਲੀ ਹੈ। ਮਜਨੂੰ ਨੇ ਜੋ ਜਵਾਬ ਦਿੱਤਾ ਉਸਨੂੰ ਵੱਡੇ ਤੋਂ ਵੱਡੇ ਗਾਇਕ ਗਾ-ਗਾ ਸ਼ੋਹਰਤ ਦੀਆਂ ਝੋਲੀਆਂ ਭਰ ਚੁਕੇ ਨੇ ਤੇ ਭਰ ਰਹੇ ਨੇ।
ਲੈਲਾ ਨੂੰ ਬੇਹੱਦ ਪਿਆਰ ਕਰਨ ਵਾਲੇ ਮਜਨੂੰ ਨੇ ਕਿਹਾ, ਭਲਿਆ ਮਾਣਸਾ ਤੇਰੇ ਕੋਲੇ ਤਾਂ ਉਹ ਅੱਖ ਹੀ ਨਹੀਂ ਜਿਹੜੀ ਉਹਦਾ ਰੰਗ ਪਛਾਣ ਸਕੇ- ਤੇਰੀ ਅੱਖ ਨਾ ਦੇਖਣ ਵਾਲੀ। ਇਸ ਤਰ੍ਹਾਂ ਦੀ ਬੇਅਕਲੀ ਫਾਸਿਸਟ ਤੇ ਵਹਿਸ਼ੀ ਬਿਰਤੀ ਦੇ ਮਾਲਕ ਹਿਟਲਰ ਨੇ ਵੀ ਵਿਖਾਈ ਸੀ। ਉਸਨੂੰ ਭਰਮ ਹੋ ਗਿਆ ਸੀ ਕੇ ਚਿੱਟੀ ਚਮੜੀ ਵਾਲੇ ਹੀ ਸਿਰਫ ਬੰਦੇ ਨੇ ਤੇ ਬਾਕੀ ਸਾਰੀ ਦੁਨੀਆਂ ਰਹਿੰਦ-ਖੁਹੰਦ ਹੈ। ਉਸਨੇ ਆਪਣੀ ਆਰੀਅਨ ਨਸਲ ਨੂੰ ਸੱਭ ਤੋਂ ਉੱਤਮ ਕਹਿ ਕੇ ਵਡਿਆਇਆ। ਉਹਦਾ ਮੰਨਣਾ ਸੀ ਭੂਰੇ ਘੁੰਗਰਾਲੇ ਵਾਲਾਂ (ਬਲੌਂਡ ਤੇ ਸਮੁੰਦਰ ਦੇ ਨੀਲੇ ਪਾਣੀ ਦੇ ਰੰਗ ਵਰਗੀਆਂ ਅੱਖਾਂ ਵਾਲੇ ਲੋਕ ਹੀ ਇਨਸਾਨੀ ਨਸਲ ਹੈ ਤੇ ਬਾਕੀ ਸਭ ਕੂੜਾ-ਕਰਕਟ। ਹਿਟਲਰ ਦਾ ਇਹ ਭਰਮ ਉਸਦੇ ਆਪਣੇ ਦੇਸ਼ ਵਿਚ ਹੀ, ਉਸਦੇ ਸਾਹਮਣੇ, ਕਾਲੇ ਰੰਗ ਦੇ ਖੇਤ ਮਜਦੂਰ ਦੇ ਮੁੰਡੇ ਅਫਰੀਕਨ ਮੂਲ ਦੇ ਅਮਰੀਕਨ ਜੈਸੀ ਓਵੇਨ ਨੇ 1936 ਵਿਚ ਬਰਲਿਨ ਓਲੰਪਿਕ ਖੇਡਾਂ ਵਿਚ ਤੋੜਿਆ।
ਹਿਟਲਰ 1933 ਵਿਚ ਪੂਰੀ ਤਰਾਂ ਜਰਮਨੀ ਦੇ ਡਿਕਟੇਟਰ ਦੇ ਰੂਪ ਵਿਚ ਸਥਾਪਿਤ ਹੋ ਗਿਆ ਸੀ। ਉਸਦੇ ਮੂੰਹ ਵਿਚੋਂ ਨਿਕਲੇ ਬੋਲ ਹੀ ਉਸ ਸਮੇਂ ਜਰਮਨੀ ਦਾ ਕਾਨੂੰਨ ਸਮਝੇ ਜਾਂਦੇ ਸੀ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ 1936 ਦੀਆਂ ਓਲੰਪਿਕ ਖੇਡਾਂ ਜਰਮਨੀ ਦੇ ਪ੍ਰਸਿੱਧ ਸ਼ਹਿਰ ਬਰਲਿਨ ਵਿਚ ਕਰਵਾਉਣ ਦਾ ਫੈਸਲਾ ਕਰ ਲਿਆ ਸੀ। ਅਪ੍ਰੈਲ 1933 ਵਿਚ ਜਰਮਨੀ ਦੇ ਸਪੋਰਟ ਆਫਿਸ ਨੇ ਹੁਕਮ ਜਾਰੀ ਕਰ ਦਿੱਤਾ ਕਿ ਜਰਮਨੀ ਦੇ ਸਿਰਫ ਆਰੀਅਨ ਨਸਲ ਦੇ ਲੋਕ ਹੀ ਓਲੰਪਿਕ ਵਿਚ ਭਾਗ ਲੈਣਗੇ। ਇਸ ਬਾਬਤ ਕਾਫੀ ਰੌਲਾ-ਰੱਪਾ ਅਮਰੀਕਾ ਦੇ ਹੋਰ ਦੇਸ਼ਾਂ ਵਿਚ ਪਿਆ। ਓਲੰਪਿਕ ਕਮੇਟੀ ਨੇ ਜਾਂਚ ਕੀਤੀ। ਖੈਰ 1 ਅਗਸਤ 1936 ਨੂੰ ਓਲੰਪਿਕ ਖੇਡਾਂ ਸ਼ੁਰੂ ਹੋ ਗਈਆਂ। ਜੇਕਰ ਕੋਈ ਗੋਰੀ ਚਮੜੀ ਵਾਲਾ ਮੈਡਲ ਜਿੱਤਦਾ ਸੀ, ਹਿਟਲਰ ਉਸਨੂੰ ਵਧਾਈ ਦਿੰਦਾ ਤੇ ਦੂਸਰਿਆਂ ਬਾਰੇ ਚੁੱਪ ਰਹਿੰਦਾ। ਅਖੀਰ ਓਲੰਪਿਕ ਕਮੇਟੀ ਦੇ ਪ੍ਰੋਟੋਕੋਲ ਵਿੰਗ ਨੂੰ ੂੰ ਕਹਿਣਾ ਪਿਆ ਜਾਂ ਤਾਂ ਉਹ ਸਭ ਮੈਡਲ ਜਿੱਤਣ ਵਾਲਿਆਂ ਨੂੰ ਵਧਾਈ ਦੇਵੇ ਜਾਂ ਫਿਰ ਕਿਸੇ ਨੂੰ ਵੀ ਨਹੀਂ।
ਕਿਸੇ ਵੇਲੇ ਅਮਰੀਕਾ ਦੇ ਖੇਤਾਂ ਵਿਚ ਕਪਾਹ ਚੁਗਣ ਵਾਲੇ ਜੈਸੀ ਓਵੇਨ ਨੇ ਉਸ ਓਲੰਪਿਕ ਵਿਚ ਚਾਰ ਗੋਲਡ ਮੈਡਲ- ਲੰਬੀ ਛਾਲ,100 ਤੇ 200 ਮੀਟਰ ਤੇ 4ਯ 100 ਮੀਟਰ ਰੀਲੇਅ ਰੇਸ- ਵਿਚ ਜਿੱਤੇ ਤੇ ਉਹ ਪਹਿਲਾ ਕਾਲੇ ਰੰਗ ਦਾ ਅਥਲੀਟ ਸੀ ਜਿਸਨੇ ਇੰਨੀ ਵੱਡੀ ਪ੍ਰਾਪਤੀ ਕੀਤੀ ਤੇ ਤਹਿਲਕਾ ਮਚਾ ਦਿੱਤਾ ਸੀ। ਹਿਟਲਰ ਨੇ ਜੈਸੀ ਨਾਲ ਹੱਥ ਨਹੀਂ ਮਿਲਾਇਆ। ਇਹ ਵੀ ਕਿਹਾ ਜਾਂਦਾ ਹੈ ਹਿਟਲਰ ਸਟੇਡੀਅਮ ਵਿਚੋ ਉੱਠ ਕੇ ਚਲਾ ਗਿਆ ਕਿਉਂਕਿ ਉਸਦੇ ਆਰੀਅਨ ਨਸਲ ਦੇ ਸਰਵ ਉੱਤਮ ਹੋਣ ਵਾਲੇ ਸਿਧਾਂਤ ਨੂੰ ਜੈਸੀ ਨੇ ਉਸਦੇ ਸਾਹਮਣੇ ਹੀ ਆਪਣੇ ਪੈਰਾਂ ਹੇਠ ਲਤਾੜ ਦਿੱਤਾ ਸੀ।
ਜੈਸੀ ਨੇ ਬਾਅਦ ਵਿਚ ਦੱਸਿਆ ਕਿ ਜਦੋਂ ਉਹ ਉਸ ਬਾਕਸ ਦੇ ਨੇੜੇ ਗਿਆ, ਜਿਥੇ ਹਿਟਲਰ ਬੈਠਾ ਸੀ ਤਾਂ ਉਹ ਉਸਨੂੰ ਵੇਖ ਕੇ ਮੁਸਕਰਾਇਆ ਤੇ ਉਸਨੇ ਉਸਨੂੰ ਸਲੂਟ ਵੀ ਕੀਤਾ ਸੀ। ਜੈਸੀ ਨੂੰ ਹਿਟਲਰ ਨਾਲੋਂ ਵੱਧ ਅਫਸੋਸ ਆਪਣੇ ਹੀ ਦੇਸ਼ ਦੇ ਰਾਸ਼ਟਰਪਤੀ ਫਰੈਂਕਲਿਨ ਰੂਜਵੈਲਟ ਬਾਰੇ ਸੀ, ਜਿਸਨੇ ਬਰਲਿਨ ਓਲੰਪਿਕ ਤੋਂ ਬਾਅਦ ਵ੍ਹਾਈਟ ਹਾਊਸ ਵਿਚ ਆਉਣ ਦਾ ਸੱਦਾ ਮੈਡਲ ਜਿੱਤਣ ਵਾਲੇ ਸਿਰਫ ਚਿੱਟੀ ਚਮੜੀ ਵਾਲੇ ਅਥਲੀਟਾਂ ਨੂੰ ਹੀ ਦਿੱਤਾ ਸੀ। ਕਾਲੇ ਰੰਗ ਵਾਲੇ ਅਥਲੀਟਾਂ ਨੂੰ ਨਹੀਂ ਸੀ ਬੁਲਾਇਆ ਗਿਆ। ਇਸ ਗੱਲ ਦਾ ਜੈਸੀ ਨੂੰ ਸਾਰੀ ਉਮਰ ਰੰਜ ਰਿਹਾ। ਰੰਗ ‘ਤੇ ਅਧਾਰਿਤ ਨਸਲੀ ਭੇਦ-ਭਾਵ ਵਾਲੀ ਹੋਈ ਖੁਨਾਮੀ ਦੀ ਦੁਰਸਤੀ 80 ਸਾਲ ਬਾਅਦ ਅਮਰੀਕੀ ਰਾਸ਼ਟਰਪਤੀ ਬਾਰਾਕ ਓਬਾਮਾ ਨੇ ਉਨ੍ਹਾਂ ਕਾਲੇ ਰੰਗ ਦੇ ਅਥਲੀਟਾਂ ਦੇ ਪਰਿਵਾਰਾਂ ਨੂੰ 2016 ਵਿਚ ਵ੍ਹਾਈਟ ਹਾਉਸ ਵਿਚ ਬੁਲਾ ਕੇ ਕੀਤੀ, ਜਿਨ੍ਹਾਂ ਅਥਲੀਟਾਂ ਨੇ 1936 ਦੀ ਓਲੰਪਿਕ ਵਿਚ ਬਰਲਿਨ ਵਿਚ ਮੈਡਲ ਜਿੱਤੇ ਸੀ। ਇਹ ਵੀ ਸੱਚ ਹੈ ਕਿ ਜੈਸੀ ਨੂੰ ਆਪਣੇ ਦੇਸ਼ ਅਮਰੀਕਾ ਵਿਚ ਬਹੁਤ ਵਾਰ ਘੋਰ ਅਪਮਾਨ ਦਾ ਸਾਹਮਣਾ ਕਰਨਾ ਪਿਆ। ਉਸਨੇ ਉਹ ਦਿਨ ਵੀ ਦੇਖੇ ਜਦੋਂ ਉਹ ਆਪਣੇ ਦੇਸ਼ ਵਿਚ ਬੱਸ ਦੀ ਅਗਲੀ ਤਾਕੀ ਰਾਹੀਂ ਨਹੀਂ ਸੀ ਚੜ੍ਹ ਸਕਦਾ। ਕਿਉਂਕਿ ਅਗਲੀ ਬਾਰੀ ਰਾਹੀਂ ਸਿਰਫ ਨੀਲੀਆਂ ਅੱਖਾਂ ਵਾਲੇ ਹੀ ਚੜ੍ਹ ਸਕਦੇ ਸੀ। ਉਸਨੂੰ ਆਪਣੇ ਗੁਜਾਰੇ ਲਈ ਘੋੜਿਆਂ ਤੇ ਕੁੱਤਿਆਂ ਦੇ ਬਰਾਬਰ ਭੱਜਣਾ ਪਿਆ ਕਿਉਂਕਿ ਟੱਬਰ ਪਾਲਣ ਲਈ ਉਸਨੂੰ ਪੈਸੇ ਚਾਹੀਦੇ ਸੀ।
ਇਹ ਗ਼ਲਤ ਹੋਵੇਗਾ ਜੇਕਰ ਇੱਥੇ ਚਿੱਟੀ ਚਮੜੀ ਵਾਲੇ ਜਰਮਨ ਅਥਲੀਟ ਲੁਜ਼ ਲੌਂਗ ਦਾ ਜ਼ਿਕਰ ਨਾ ਕੀਤਾ ਜਾਵੇ। ਲੁਜ਼ ਨੇ ਜੈਸੀ ਨਾਲ ਲੰਬੀ ਛਾਲ ਵਿਚ ਭਾਗ ਲਿਆ ਸੀ। ਕੁਆਲੀਫਾਇੰਗ ਰਾਉਂਡ ਵਿਚ ਜੈਸੀ ਦੇ ਪਹਿਲੇ ਦੋ ਜੰਪ ਫੌਲ ਕਰਾਰ ਦੇ ਦਿੱਤੇ ਗਏ। ਤੀਜੇ ਜੰਪ ਤੋਂ ਪਹਿਲਾਂ ਲੁਜ਼ ਨੇ ਜੈਸੀ ਨੂੰ ਸੁਝਾਅ ਦਿੱਤਾ ਕਿ ਉਹ ਆਪਣਾ ਰਨ-ਵੇ ਥੋੜਾ ਠੀਕ ਕਰੇ ਤੇ ਜਿਥੋਂ ਲੰਬੀ ਛਾਲ ਮਾਰਨ ਲਈ ਹਵਾ ਵਿਚ ਕੁੱਦਣਾ ਹੈ, ਉਹ ਪੁਆਇੰਟ ਥੋੜਾ ਜਿਹਾ ਪਿੱਛੇ ਹਟਾ ਲਵੇ। ਜੈਸੀ ਨੇ ਸੁਝਾਅ ਮੰਨ ਲਿਆ ਤੇ ਉਸਦਾ ਅਗਲਾ ਜੰਪ ਸਹੀ ਕਰਾਰ ਦਿੱਤਾ ਗਿਆ। ਅਗਲੇ ਦਿਨ ਆਖਰੀ ਰਾਉਂਡ ਵਿਚ ਜੈਸੀ ਨੇ ਗੋਲਡ ਮੈਡਲ ਤੇ ਲੁਜ਼ ਨੇ ਚਾਂਦੀ ਦਾ ਤਗਮਾ ਜਿਤਿਆ। ਲੁਜ਼ ਨੇ ਹਿਟਲਰ ਤੇ ਉਸਦੇ ਚੇਲਿਆਂ-ਚਪਾਟਇਆਂ ਦੀ ਪ੍ਰਵਾਹ ਨਾ ਕਰਦੇ ਹੋਏ ਜੈਸੀ ਨੂੰ ਘੁੱਟ ਕੇ ਜੱਫੀ ਪਾਈ ਤੇ ਉਸ ਨਾਲ ਸਟੇਡੀਅਮ ਵਿਚ ਗੇੜਾ ਦਿੱਤਾ। ਉਸ ਸਮੇਂ ਸਟੇਡੀਅਮ ਵਿਚ 1 ਲੱਖ ਤੋਂ ਵੱਧ ਲੋਕ ਹਾਜ਼ਰ ਸਨ। ਲੁਜ਼ ਤੇ ਜੈਸੀ ਉਮਰ ਭਰ ਲਈ ਦੋਸਤ ਬਣ ਗਏ ਤੇ ਫਿਰ ਦੋਨਾਂ ‘ਤੇ ਫਿਲਮ ਵੀ ਬਣੀ।
ਇਤਿਹਾਸ ਦੱਸਦਾ ਹੈ ਕੇ ਜਿੰਨੇ ਜ਼ੁਲਮ ਨੀਲੀਆਂ ਅੱਖਾਂ ਵਾਲਿਆਂ ਦੇ ਵੱਡ-ਵਡੇਰਿਆਂ ਨੇ ਕਾਲੇ ਰੰਗ ਦੇ ਲੋਕਾਂ ‘ਤੇ ਕੀਤੇ ਨੇ, ਉਸਦਾ ਭਾਰ ਤਾਂ ਧਰਤੀ ਵੀ ਨਹੀਂ ਝੱਲਦੀ। ਕਾਲੇ ਲੋਕਾਂ ਨੂੰ ਗੁਲਾਮ ਬਣਾ ਕੇ ਉਨ੍ਹਾਂ ਦਾ ਕੋਈ 300 ਸਾਲ ਵਪਾਰ ਕਰਦੇ ਰਹੇ ਨੇ ਚਿੱਟੀ ਚਮੜੀ ਵਾਲੇ ਲੋਕ। ਉਨ੍ਹਾਂ ਨੂੰ ਮੰਡੀ ਵਿਚ ਵਸਤੂਆਂ ਵਾਂਗ ਵੇਚਦੇ ਤੇ ਖਰੀਦਦੇ ਰਹੇ ਨੇ। ਧਾੜਵੀ ਬਣ ਕੇ ਅਫ਼ਰੀਕਾ ਜਾਂਦੇ ਤੇ ਜ਼ਬਰਦਸਤੀ ਉਨ੍ਹਾਂ ਨੂੰ ਸਮੁੰਦਰੀ ਜਹਾਜ਼ਾਂ ਵਿਚ ਸੰਗਲੀਆਂ ਨਾਲ ਬੰਨ੍ਹ ਕੇ ਪਸ਼ੂਆਂ ਵਾਂਗ ਲੱਦ ਕੇ ਲਿਆਉਂਦੇ। ਇਹ ਕੰਮ 15ਵੀਂ ਸਦੀ ਦੇ ਅਖੀਰ ਵਿਚ ਸ਼ੁਰੂ ਹੋਇਆ। ਅਫਰੀਕਨਾਂ ਨੂੰ ਇਸਤੋਂ ਮੁਕਤੀ ਪਾਉਣ ਲਈ ਬੜੀਆਂ ਕੁਰਬਾਨੀਆਂ ਦੇਣੀਆਂ ਪਾਈਆਂ ਤੇ ਕਸ਼ਟ ਝੱਲਣੇ ਪਏ। ਜਦੋਂ ਕਿਤੇ ਵੇਹਲ ਮਿਲੇ ਤਾਂ ਐਲੈਕਸ ਹੇਲੀ ਦਾ ਨਾਵਲ ‘ਰੂਟਸ’ ਪੜਨਾ। ਉਹ ਕਾਲੇ ਰੰਗ ਦੇ ਅਫਰੀਕਨ ਦੀ ਖੂਨ ਨਾਲ ਲੱਥ-ਪੱਥ ਦਾਸਤਾਨ ਹੈ। ਅਜੇ ਵੀ ਅਫਰੀਕੀ ਮੂਲ ਦੇ ਕਾਲੇ ਰੰਗ ਦੇ ਲੋਕਾਂ ਪ੍ਰਤੀ ਨੀਲੀਆਂ ਅੱਖਾਂ ਦਾ ਟੀਰ ਸਿੱਧਾ ਨਹੀਂ ਹੋਇਆ। ਉਨ੍ਹਾਂ ਨਾਲ ਜਿਆਦਤੀਆਂ ਹੁੰਦੀਆਂ ਨੇ, ਨਸਲੀ ਭੇਦ ਭਾਵ ਹੁੰਦਾ ਹੈ। ਉਹ ਭਾਵੇਂ ਅਮਰੀਕਾ, ਇੰਗਲੈਂਡ ਹੋਵੇ ਜਾਂ ਕੋਈ ਹੋਰ ਦੇਸ਼। ਪਰ ਦੁਨੀਆਂ ਦੇ ਵੱਡੇ ਹਿੱਸੇ ਨੇ ਇਸ ਰੰਗ ਦੇ ਲੋਕਾਂ ਨੂੰ ਮਜਨੂੰ ਦੀ ਅੱਖ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਹੈ।
ਉਪਰ ਜੋ ਜ਼ਿਕਰ ਕੀਤਾ ਗਿਆ ਹੈ ਉਹ ਚੱਲ ਰਹੇ ਵਰਲਡ ਫ਼ੁਟਬਾਲ ਕੱਪ ਤੇ ਸਮੁੱਚੇ ਖੇਡ ਸੰਸਾਰ ਨੂੰ ਮੁਖ ਰੱਖ ਕੇ ਕੀਤਾ ਗਿਆ ਹੈ। ਕਦੇ ਆਪਣੇ-ਆਪ ਨੂੰ ਇਹ ਸਵਾਲ ਪੁੱਛਿਓ ਕਿ ਜੇਕਰ ਅਫਰੀਕਨ ਮੂਲ ਦੇ ਲੋਕ ਨਾ ਹੁੰਦੇ, ਖੇਡ ਸੰਸਾਰ ਕਿਸ ਤਰ੍ਹਾਂ ਦਾ ਹੁੰਦਾ। ਕੀ ਇਹ ਇਨਾ ਹੀ ਦਿਲਚਸਪ, ਸੁੰਦਰ ਤੇ ਖਿੱਚ ਵਾਲਾ ਹੋਣਾ ਸੀ? ਨਹੀ! ਜਰਾ ਸੋਚੋ, ਜੇਕਰ ਦੁਨੀਆਂ ਦੇ ਖੇਡ ਇਤਿਹਾਸ ਵਿਚ ਬਾਕਸਿੰਗ ਦੇ ਕਿੰਗ ਮੁਹੰਮਦ ਅਲੀ (ਕੈਸ਼ੀਅਰ ਕਲੇ) ਬਾਸਕਟਬਾਲ ਦੇ ਮਾਈਕਲ ਜੌਰਡਨ, ਟੈਨਿਸ ਖਿਡਾਰੀ ਸਰੀਨਾ ਵਿਲੀਅਮ, 100 ਤੇ 200 ਮੀਟਰ ਵਾਲਾ ਉਸੈਨ ਬੋਲਟ, ਕਾਰਲ ਲਿਉ ਤੇ ਖਿਡਾਰਨ ਫਲੌਰੈਂਸ ਗ੍ਰਿਫ਼ਥ, ਫ਼ੁਟਬਾਲ ‘ਚੋਂ ਪੇਲੇ ਤੇ ਮਬਾਪੇ, ਜਿਮਨਾਸਟਿਕ ਵਿਚੋਂ ਸੀਮੋਨ ਬਾਈਲਜ, ਕ੍ਰਿਕਟ ਵਿਚੋਂ ਗੈਰੀ ਸੋਬਰਜ, ਬ੍ਰੇਨ ਲਾਰਾ, ਵਿਵੀਅਨ ਰਿਚਰਡ, ਐਂਡੀ ਰਾਬਰਟਸ, ਮਈਕਲ ਹੋਲਡਿੰਗ, ਗੌਲਫ ‘ਚੋਂ ਟਾਈਗਰ ਵੁਡਜ ਨੂੰ ਮਨਫੀ ਕਰ ਦੇਈਏ ਜਾ ਮੇਟ ਦੇਈਏ ਤੇ ਫਿਰ ਬਾਕੀ ਕੀ ਬਚੇਗਾ? ਬਾਕੀ ਬਚੇਗਾ, ਜੇਕਰ ਨਵਜੋਤ ਸਿੱਧੂ ਵਾਲਾ ਫਿਕਰਾ ਵਰਤ ਲਿਆ ਜਾਵੇ- ਬਾਬਾ ਜੀ ਦਾ ਠੁਲੂ। ਇਹ ਤਾਂ ਮੈਂ ਅਜੇ ਕੁੱਝ ਕੁ ਨਾਵਾਂ ਦਾ ਇਸ਼ਾਰਾ ਮਾਤਰ ਜ਼ਿਕਰ ਕੀਤਾ ਹੈ। ਹੋਰ ਬਹੁਤ ਵੱਡੇ ਨਾਮ ਨੇ, ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਹੈ।
ਚਲ ਰਹੇ ਫ਼ੁਟਬਾਲ ਵਰਲਡ ਕੱਪ ਤੇ ਜ਼ਰਾ ਨਜ਼ਰ ਮਾਰੋ। ਇਸ ਵਿਚ 48 ਟੀਮਾਂ ਨੇ ਭਾਗ ਲਿਆ। 16 ਟੀਮਾਂ ਵਾਲਾ ਰਾਉਂਡ ਵੀ ਸਮਾਪਤ ਹੋ ਗਿਆ। ਕੁਆਰਟਰ ਫਾਈਨਲ ਦੇ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਨੇ। ਵਰਲਡ ਕੱਪ ਵਿਚੋਂ ਵੀ ਕਈ ਵੱਡੀਆਂ ਟੀਮਾਂ ਬਾਹਰ ਹੋ ਗਈਆਂ ਨੇ ਤੇ ਘਰ ਪਰਤ ਗਈਆਂ ਨੇ। ਪੰਜ ਵਾਰ ਵਰਲਡ ਕੱਪ ਜਿੱਤਣ ਵਾਲਾ ਬ੍ਰਾਜ਼ੀਲ, ਚਾਰ ਵਾਰ ਵਰਲਡ ਕੱਪ ਜੇਤੂ ਜਰਮਨੀ, ਕ੍ਰਿਸਟੀਨ ਰੋਨਾਲਡੋ ਦਾ ਪੁਰਤਗਾਲ ਅਖਾੜੇ ਤੋਂ ਬਾਹਰ ਹੋ ਗਏ ਨੇ। ਨੀਂਦਰਲੈਂਡ, ਪੈਰਾਗੁਏ, ਕੈਨੇਡਾ, ਅਮਰੀਕਾ, ਮੈਕਸੀਕੋ ਵੀ ਘਰ ਪਰਤ ਚੁਕੇ ਨੇ। ਵਰਲਡ ਕੱਪ ਵਿਚ ਇਕ ਦੋ ਟੀਮਾਂ ਨੂੰ ਛੱਡ ਕੇ ਕੋਈ ਅਜਿਹੀ ਟੀਮ ਨਜ਼ਰ ਨਹੀਂ ਆਈ ਜਿਸ ਵਿਚ ਅਫਰੀਕੀ ਮੂਲ ਦੇ ਖਿਡਾਰੀ ਨਾ ਹੋਣ। ਫਰਾਂਸ ਦੀ ਟੀਮ ਦੀ ਗੱਲ ਕਰ ਲੈਂਦੇ ਹਾਂ। ਇਹ ਨੀਲੀਆਂ ਅੱਖਾਂ ਵਾਲਿਆਂ ਦਾ ਦੇਸ਼ ਹੈ। ਇਸ ਨੇ ਬਹੁਤ ਦੇਸ਼ਾਂ ਤੇ ਕਾਬਜ਼ ਹੋ ਕੇ ਰਾਜ ਕੀਤਾ ਤੇ ਉਨ੍ਹਾਂ ਨੂੰ ਆਪਣੀਆਂ ਕਾਲੋਨੀਆਂ ਬਣਾਇਆ। ਉਨ੍ਹਾਂ ਕਾਲੋਨੀਆਂ ਦੇ ਬਹੁਤ ਸਾਰੇ ਲੋਕ ਕਈ ਪੀੜੀਆਂ ਤੋਂ ਇਸ ਦੇਸ਼ ਦੇ ਹੁਣ ਪੱਕੇ ਬਾਸ਼ਿੰਦੇ ਬਣ ਗਏ ਨੇ। ਇਸ ਟੀਮ ਦਾ ਕਪਤਾਨ ਮਬਾਪੇ ਵੀ ਉਨ੍ਹਾਂ ਵਿਚੋਂ ਇਕ ਹੈ। ਕਿਸੇ ਸਮੇਂ ਫਰਾਂਸ ਦਾ ਸਭ ਤੋਂ ਧਾਕੜ ਰਿਹਾ ਖਿਡਾਰੀ ਜੀਦੇਨ ਵੀ ਉਨ੍ਹਾਂ ਵਿਚੋਂ ਸੀ। ਇਸ ਵੇਲੇ ਇਸ ਟੀਮ ਵਿਚ 6-7 ਹੋਰ ਕਾਲੇ ਰੰਗ ਦੇ ਖਿਡਾਰੀ ਨੇ। ਜੇਕਰ ਫਰਾਂਸ ਇਸ ਵਾਰ ਵਰਲਡ ਕੱਪ ਜਿੱਤਦਾ ਹੈ ਤਾਂ ਇਨ੍ਹਾਂ ਖਿਡਾਰੀਆਂ ਦਾ ਰੋਲ ਪ੍ਰਮੁੱਖ ਹੋਵੇਗਾ। ਮਬਾਪੇ ਤਾਂ ਤਿੰਨ ਫੀਫਾ ਕੱਪਾਂ ਵਿਚ 19 ਗੋਲ਼ ਕਰ ਚੁੱਕਿਆ ਹੈ ਤੇ ਮੈਸੀ ਤੋਂ ਇਕ ਗੋਲ਼ ਹੀ ਪਿੱਛੇ ਹੈ। ਫਰਾਂਸ ਦੇ 24 ਸਾਲਾ ਖਿਡਾਰੀ ਮਾਈਕਲ ਓਲੀਸੇ ਨੂੰ ਖੇਡਦੇ ਵੇਖ ਕੇ ਅਨੰਦ ਆ ਜਾਂਦਾ ਹੈ, ਉਸਦੀ ਇਸ ਵਰਲਡ ਕੱਪ ਵਿਚ ਚਰਚਾ ਜੋਰਾਂ ‘ਤੇ ਹੈ।
ਇਸ ਵਰਲਡ ਕੱਪ ਵਿਚ ਨੌਂ ਅਫਰੀਕਨ ਟੀਮਾਂ ਨੇ 32 ਟੀਮਾਂ ਵਾਲੇ ਰਾਉਂਡ ਵਿਚ ਪ੍ਰਵੇਸ਼ ਕੀਤਾ ਸੀ। ਇਨ੍ਹਾਂ ਵਿਚ ਅਲਜੇਰੀਆ, ਕਾਬੋ ਵਰਦੇ, ਡੀਆਰ ਕਾਂਗੋ, ਮੋਰਾਕੋ, ਸੈਨੇਗਲ, ਸਾਊਥ ਅਫ਼ਰੀਕਾ, ਆਈਵਰੀ ਕੋਸਟ ਸ਼ਾਮਿਲ ਸਨ। ਬਾਕੀ ਸਾਰੀਆਂ ਕੱਪ ਤੋਂ ਬਾਹਰ ਹੋ ਗਈਆਂ ਨੇ, ਮੋਰਾਕੋ ਹੀ ਮੈਦਾਨ ਵਿਚ ਡੱਟੀ ਹੋਈ ਹੈ। ਕਾਂਗੋ ਦੀ ਟੀਮ ਨੇ ਇੰਗਲੈਂਡ ਨੂੰ ਨੌਕ ਆਊਟ ਰਾਉਂਡ ਵਿਚ ਇਨੀ ਸਖਤ ਟੱਕਰ ਦਿਤੀ ਕਿ ਲੱਗਿਆ ਇਕ ਹੋਰ ਵੱਡੀ ਟੀਮ ਵਰਲਡ ਕੱਪ ਤੋਂ ਬਾਹਰ ਦਾ ਰਸਤਾ ਦੇਖ ਰਹੀ ਹੈ। ਮੈਚ ਦੇ ਆਖਰੀ 15 ਮਿੰਟਾਂ ਵਿਚ ਇਸ ਮੁਕਾਬਲੇ ਦਾ ਪਾਸਾ ਪਲਟਿਆ ਤੇ ਇੰਗਲੈਂਡ ਨੂੰ ਸੁੱਖ ਦਾ ਸਾਹ ਆਇਆ। ਮੋਰਾਕੋ ਦੀ ਟੀਮ ਨੀਂਦਰਲੈਂਡ ਦੀ ਟੀਮ ਨੂੰ ਟੂਰਨਾਮੈਂਟ ‘ਚੋਂ ਬਾਹਰ ਕਰ ਚੁਕੀ ਹੈ ਤੇ ਪੈਰਾਗੁਏ ਨੇ ਚਾਰ ਵਰਲਡ ਕਪ ਜਿੱਤ ਚੁਕੀ ਜਰਮਨੀ ਦੀ ਟੀਮ ਨੂੰ ਬਾਹਰ ਦਾ ਰਸਤਾ ਦਿਖਾਇਆ। ਛੋਟੇ ਦੇਸ਼ ਵੱਡੀਆਂ ਕਮਾਲਾਂ ਕਰ ਰਹੇ ਨੇ। ਕਾਬੋ ਵਰਦੇ ਦਾ ਕਮਾਲ ਤੁਸੀ ਦੇਖ ਹੀ ਚੁਕੇ ਹੋ। ਜੋ ਉਸਨੇ ਅਰਜਨਟਾਈਨਾ ਦਾ ਬੁਰਾ ਹਾਲ ਕੀਤਾ ਸੀ, ਉਹ ਯਾਦ ਰਹੇਗਾ। ਕਾਬੋ ਵਰਦੇ ਨੂੰ ਅਰਜਨਟਾਈਨਾ ਨੇ ਹਰਾ ਜਰੂਰ ਦਿੱਤਾ ਪਰ ਲੋਕਾਂ ਦੀ ਨਜ਼ਰ ਵਿਚ ਉਸ ਮੁਕਾਬਲੇ ਵਿਚ ਕਾਬੋ ਦੀ ਟੀਮ ਵਧੀਆ ਖੇਡੀ। ਪੈਰਾਗੁਏ ਦੇ 26 ਸਾਲਾਂ ਦੇ ਉਮਰ ਗੋਲ਼ ਕੀਪਰ ਓਰਨਾਲਡੋ ਗਿੱਲ ਨੇ ਜਰਮਨੀ ਦੇ ਖਿਲਾਫ ਆਪਣੀ ਗੋਲਕੀਪਿੰਗ ਦਾ ਜੋ ਮੁਜਾਹਰਾ ਕੀਤਾ ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਜਰਮਨੀ ਪੈਨਲਟੀ ਸ਼ੂਟ ਵਿਚ ਦੁਨੀਆਂ ਦੀ ਸੱਭ ਤੋਂ ਵਧੀਆ ਟੀਮ ਮੰਨੀ ਜਾਂਦੀ ਰਹੀ ਹੈ। ਇਸ ਵਾਰ ਉਸਦੀ ਸ਼ੂਟਆਉਟ ਮੁਕਾਬਲੇ ਵਿਚ ਹਾਰਨ ਦੀ ਵਜ੍ਹਾ ਸਿਰਫ ਤੇ ਸਿਰਫ ਵਿਰੋਧੀ ਧਿਰ ਦਾ ਗੋਲਕੀਪਰ ਗਿੱਲ ਸੀ।
ਫ਼ੁਟਬਾਲ ਦੀ ਗੱਲ ਕਰਦੇ-ਕਰਦੇ ਤੇ ਫਿਰ ਅਫਰੀਕਨ ਮੂਲ ਦੇ ਕਾਲੇ ਰੰਗ ਦੇ ਖਿਡਾਰੀਆਂ ਤੇ ਅਥਲੀਟਾਂ ਦੇ ਚੇਹਰੇ ਮੇਰੇ ਮਨ-ਮੰਦਿਰ ਵਿਚ ਘੁੱਮਣੇ ਸ਼ੁਰੂ ਹੋ ਗਏ। ਉਸੈਨ ਬੋਲਟ, ਕਾਰਲ ਲਿਉਸ, ਸੀਮੋਨ, ਪੇਲੇ, ਮਬਾਪੇ, ਓਲੀਸੇ, ਮੁਹੰਮਦ ਅਲੀ, ਬ੍ਰੇਨ ਲਾਰਾ, ਫਲੌਰੈਂਸ, ਤੇ ਅੱਲੜ ਉਮਰ ਦੇ ਫ਼ੁਟਬਾਲ ਖਿਡਾਰੀ ਯਮਾਲ ਵਰਗੇ ਇਹ ਲੋਕ ਸਾਧਾਰਨ ਮਨੁੱਖ ਨਹੀਂ। ਇਹ ਖੇਡ ਸੰਸਾਰ ਦੇ ਖੇੜੇ ਤੇ ਖੁਸ਼ੀਆਂ ਨੇ। ਇਹ ਖੇਡ ਸੰਸਾਰ ਦਾ ਸੋਹਜ ਨੇ। ਇਨ੍ਹਾਂ ਨੂੰ ਦੇਖ ਕੇ ਰੂਹ ਰੱਜ ਜਾਂਦੀ ਹੈ ਤੇ ਇਨ੍ਹਾਂ ਖੇਡਦੇ, ਭੱਜਦੇ ਵੇਖ ਕੇ ਰੂਹ ਅੰਬਰ ਵਿਚ ਉਡਾਰੀਆਂ ਲਾਉਣ ਲੱਗਦੀ ਹੈ। ਮਨ ਗੱਦ-ਗੱਦ ਕਰ ਉੱਠਦਾ ਹੈ। ਯਮਾਲ ਵੀ ਅਫਰੀਕਨ ਮੂਲ ਦਾ ਹੈ। ਉਸਦਾ ਪਿਤਾ ਮੋਰਾਕੋ ਦਾ ਜੰਮਪਲ ਹੈ ਤੇ ਇਹ ਪਰਿਵਾਰ ਸਪੇਨ ਵਿਚ ਰਹਿੰਦਾ ਹੈ ਤੇ ਯਮਾਲ 16 ਸਾਲ ਦੀ ਉਮਰ ਵਿਚ ਹੀ ਫ਼ੁਟਬਾਲ ਦਾ ਯੂਰੋਪੀਅਨ ਚੈਂਪੀਅਨ ਬਣ ਗਿਆ ਸੀ ਤੇ ਹੁਣ ਉਹ 18 ਸਾਲ ਦਾ ਹੈ ਤੇ ਇਸ ਵਰਲਡ ਕੱਪ ਵਿਚ ਵੀ ਗੋਲ਼ ਕਰ ਚੁੱਕਿਆ ਹੈ। ਉਸਦੇ ਪੈਰਾਂ ਵਿਚ ਜਾਦੂ ਹੈ ਤੇ ਉਸਦੇ ਸਰੀਰ ਵਿਚ ਤੇਜ ਹਵਾ ਵਿਚ ਝੂਮਦੇ ਦਰਖਤ ਵਰਗੀ ਲਰਜਿਸ਼।
ਅਫਰੀਕਨ ਮੂਲ ਦੇ ਲੋਕ ਬਹੁਤ ਅਣਖੀ ਲੋਕ ਨੇ। ਉਹ ਆਪਣੀ ਅਣਖ ਦਾ ਪ੍ਰਗਟਾਵਾ ਖੇਡ ਦੇ ਮੈਦਾਨਾਂ ਵਿਚ ਕਰਦੇ ਨੇ। ਹੋਰ ਮਹਿਰਲਿਆਂ ‘ਤੇ ਉਹ ਲੜ ਨਹੀਂ ਸਕਦੇ ਕਿਉਂਕਿ ਉਥੇ ਕਈ ਵਾਰ ਫੈਸਲੇ ਪੱਖ-ਪਾਤ ਦੀ ਬਿਮਾਰੀ ਤੋਂ ਗ੍ਰਸਤ ਮਨੁੱਖਾਂ ਨੇ ਕਰਨੇ ਹੁੰਦੇ ਨੇ। ਜਦੋਂ ਰੇਸ ਲੱਗਦੀ ਹੈ ਤਾਂ ਉਸਦਾ ਫੈਸਲਾ ਘੜੀ ਕਰਦੀ ਹੈ ਕਿ ਕੌਣ ਤੇਜ ਭੱਜਦਾ ਹੈ। ਜੇਕਰ ਇਹ ਫੈਸਲਾ ਮਨੁੱਖ ਦੇ ਹੱਥ ਹੁੰਦਾ, ਤਾਂ ਫਿਰ ਭੇਦ-ਭਾਵ ਹੋਣ ਦੀ ਗੁੰਜਾਇਸ਼ ਬਹੁਤ ਸੀ। ਇਸੇ ਲਈ ਕਾਲੇ ਰੰਗ ਦੇ ਲੋਕ ਦੌੜਾਂ ਵਿਚ ਸੱਭ ਤੋਂ ਵੱਧ ਦਿਲਚਸਪੀ ਲੈਂਦੇ ਨੇ ਤੇ ਮੇਹਨਤ ਕਰਦੇ ਨੇ। ਉਹ ਆਪਣੇ ਅਪਮਾਨ ਦਾ ਬਦਲਾ ਖੇਡ ਮੈਦਾਨ ਵਿਚ ਲੈਂਦੇ ਨੇ।
ਕਾਲੇ ਰੰਗ ਦੇ ਲੋਕ ਖੇਡਾਂ ਦੀ ਦੁਨੀਆਂ ਦੀ ਅਮੀਰੀ ਨੇ। ਜੇਕਰ ਉਹ ਨਾ ਹੋਣ ਤਾਂ ਖੇਡ ਸੰਸਾਰ ਨੇ ਕਿੰਨਾ ਗਰੀਬ ਹੋਣਾ ਸੀ, ਇਸ ਦਾ ਅੰਦਾਜਾ ਹੀ ਨਹੀਂ ਲਾਇਆ ਜਾ ਸਕਦਾ। ਕਿਸੇ ਸਮੇਂ ਸ਼ਕਤੀ (ਪਾਵਰ) ਨੂੰ ਮਿਣਨ ਲਈ ਮੈਥੇਮੈਟਿਸ਼ਨਾਂ ਨੇ ਘੋੜਿਆਂ ਦੀ ਸ਼ਕਤੀ (ਪਾਵਰ) ਨੂੰ ਮੁਖ ਮੰਨਿਆ ਸੀ। ਹੁਣ ਤੱਕ ਉਹੀ ਵਿਧੀ ਚਲ ਰਹੀ ਹੈ। ਇਸ ਲਈ ਕਿਹਾ ਜਾਂਦਾ ਹੈ ਕੇ ਇਹ ਮੋਟਰ ਕਿੰਨੇ ਹੌਰਸਪਾਵਰ (ਐਚ ਪੀ) ਦੀ ਹੈ। ਭਾਵ ਇਸ ਵਿਚ ਕਿੰਨੇ ਘੋੜਿਆਂ ਜਿੰਨੀ ਤਾਕਤ ਹੈ। ਉਸ ਸਮੇਂ ਯੂਰਪ ਵਿਚ ਤੇ ਵਿਕਸਤ ਦੇਸ਼ਾਂ ਵਿਚ ਘੋੜੇ ਨੂੰ ਹੀ ਸਭ ਤੋਂ ਤਾਕਤਵਾਰ ਘੇਰਲੂ ਜਾਨਵਰ ਮੰਨਿਆ ਜਾਂਦਾ ਸੀ। ਪਤਾ ਨਹੀਂ ਮੈਥੇਮੈਟਿਸ਼ਨਾਂ ਦੇ ਮਨ ਵਿਚ ਕਿਉਂ ਕਾਲੇ ਰੰਗ ਦੇ ਲੋਕਾਂ ਦਾ ਖਿਆਲ ਨਹੀਂ ਆਇਆ। ਸ਼ਾਇਦ ਉਨ੍ਹਾਂ ‘ਤੇ ਨਸਲੀ ਭੇਦ-ਭਾਵ ਦੀ ਭਾਵਨਾ ਭਾਰੂ ਪੈ ਗਈ ਹੋਵੇ।
