ਨਾਟਕਕਾਰ ਆਤਮਜੀਤ ਦਾ ਭਗਵੰਤ ਸਿੰਘ ਮਾਨ ਅਤੇ ਹਰਜੋਤ ਸਿੰਘ ਬੈਂਸ ਨੂੰ ਖੁਲ੍ਹਾ ਖ਼ਤ
ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ,
ਜਦੋਂ ਵੀ ਤੁਸੀਂ ਕਿਸੇ ਪੁਰਾਣੀ ਮਹੱਤਵਪੂਰਨ ਪੰਜਾਬੀ ਪੁਸਤਕ ਜਾਂ ਗ੍ਰੰਥ ਨੂੰ ਦੇਖਦੇ ਹੋ ਤਾਂ ਬਹੁਤੀ ਵੇਰ ਉਸਦੀ ਤਿਆਰੀ ਜਾਂ ਪ੍ਰਕਾਸ਼ਨ ਭਾਸ਼ਾ ਵਿਭਾਗ, ਪੰਜਾਬ ਦੁਆਰਾ ਕੀਤਾ ਹੁੰਦਾ ਹੈ । ਭਾਈ ਕਾਨ੍ਹ ਸਿੰਘ ਨਾਭਾ ਦਾ ‘ਮਹਾਨ ਕੋਸ਼’ (ਗੁਰ ਸ਼ਬਦ ਰਤਨਾਕਰ) ਭਾਵੇਂ ਭਾਸ਼ਾ ਵਿਭਾਗ ਦੀ ਸਥਾਪਨਾ ਤੋਂ ਬਹੁਤ ਪਹਿਲਾਂ ਤਿਆਰ ਹੋ ਗਿਆ ਸੀ ਪਰ ਇਸਨੂੰ ਛਾਪ ਕੇ ਹਜ਼ਾਰਾਂ ਵਿਦਿਆਰਥੀਆਂ ਅਤੇ ਵਿਦਵਾਨਾਂ ਦੇ ਹੱਥ ਪੁਚਾਉਣ ਦਾ ਸਿਹਰਾ ਇਸ ਵਿਭਾਗ ਦੇ ਸਿਰ ਹੈ।
‘ਪੰਜਾਬੀ ਵਿਸ਼ਵ ਕੋਸ਼’, ‘ਉਰਦੂ-ਪੰਜਾਬੀ-ਹਿੰਦੀ ਕੋਸ਼’, ‘ਪੰਜਾਬ ਕੋਸ਼’, ‘ਭਾਰਤੀ ਪਰਾਚੀਨ ਲਿਪੀਮਾਲਾ’, ‘ਹਿੰਦੂ ਮਿਥਿਹਾਸ ਕੋਸ਼’, ‘ਤਵਾਰੀਖ ਗੁਰੂ ਖਾਲਸਾ’, ‘ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ’, ਅਤੇ ਸਰੂਪ ਦਾਸ ਭੱਲਾ ਦੇ ਕਵਿਤਾ ਵਿਚ ਲਿਖੇ ‘ਮਹਿਮਾ ਪ੍ਰਕਾਸ਼’ ਵਰਗੇ ਵੱਡਮੁੱਲੇ ਗ੍ਰੰਥ ਇਸੇ ਵਿਭਾਗ ਦੀ ਦੇਣ ਹਨ। ਜੇਕਰ ਮੇਰੀ ਨਿਜੀ ਲਾਇਬ੍ਰੇਰੀ ਵਿਚ ‘ਮਹਾਨ ਕੋਸ਼’ ਦੇ ਨਾਲ-ਨਾਲ ‘ਤੁਕ-ਤਤਕਰਾ ਗੁਰੂ ਗ੍ਰੰਥ ਸਾਹਿਬ’ ਵਰਗੀ ਵਿਸ਼ੇਸ਼ ਪੁਸਤਕ ਨਾ ਹੁੰਦੀ ਤਾਂ ਮੇਰਾ ਆਪਣੀ ਬੋਲੀ ਦਾ ਗਿਆਨ ਹੁਣ ਨਾਲੋਂ ਅੱਧਾ ਹੀ ਹੁੰਦਾ। ਸਰਕਾਰੀ ਪ੍ਰਬੰਧ-ਸ਼ਬਦਾਵਲੀਆਂ ਅਤੇ ਵੱਖ-ਵੱਖ ਖਿੱਤਿਆਂ ਦੀਆਂ ਉਪ-ਬੋਲੀਆਂ ਦੇ ਸ਼ਬਦ-ਕੋਸ਼ਾਂ ਤੋਂ ਇਲਾਵਾ ਭਾਸ਼ਾ ਵਿਭਾਗ ਨੇ ਉਨ੍ਹਾਂ ਵੱਡੇ ਪੰਜਾਬੀ ਸਾਹਿਤਕਾਰਾਂ ਦੀਆਂ ਰਚਨਾਵਾਂ ਦੇ ਸੰਕਲਨ-ਗ੍ਰੰਥ ਵੀ ਪ੍ਰਕਾਸ਼ਿਤ ਕੀਤੇ ਹਨ, ਜਿਨ੍ਹਾਂ ਵੱਲ ਵਪਾਰਕ ਕਾਰਨਾਂ ਕਰਕੇ ਉਦੋਂ ਪ੍ਰਾਈਵੇਟ ਪ੍ਰਕਾਸ਼ਕਾਂ ਦਾ ਧਿਆਨ ਨਹੀਂ ਸੀ ਜਾਣਾ। ਇਨ੍ਹਾਂ ਵਿਚ ਸ਼ਾਹ ਹੁਸੈਨ, ਗੁਰੂ ਰਵਿਦਾਸ, ਬਾਵਾ ਬੁੱਧ ਸਿੰਘ, ਕਿਰਪਾ ਸਾਗਰ, ਬ੍ਰਿਜ ਲਾਲ ਸ਼ਾਸਤਰੀ, ਰਜਬ ਅਲੀ, ਧਨੀ ਰਾਮ ਚਾਤ੍ਰਿਕ, ਭਾਈ ਵੀਰ ਸਿੰਘ, ਪ੍ਰੋਫ਼ੈਸਰ ਪੂਰਨ ਸਿੰਘ ਵਰਗੇ ਲੇਖਕ ਸ਼ਾਮਿਲ ਹਨ। ‘ਮਹਾਂਭਾਰਤ’, ‘ਰਿਗਵੇਦ’, ‘ਸ਼ਾਹਨਾਮਾ ਫਿæਰਦੌਸੀ’, ‘ਬਾਲਮੀਕੀ ਰਮਾਇਣ’ ‘ਮਸਨਵੀ ਮੌਲਾਨਾ ਰੂਮੀ’ ਅਤੇ ਬਾਣ ਭੱਟ ਦੀ ਰਚਨਾ ‘ਕਾਦੰਬਰੀ’ ਵਰਗੇ ਕਲਾਸਿਕ ਗ੍ਰੰਥਾਂ ਨੂੰ ਪੰਜਾਬੀ ਵਿਚ ਤੁਹਾਡੇ ਇਸ ਵਿਭਾਗ ਨੇ ਪੇਸ਼ ਕੀਤਾ। 1950 ਵਿਚ ਵਿਭਾਗ ਨੇ ‘ਪੰਜਾਬੀ ਦੁਨੀਆ’ ਨਾਂ ਦਾ ਬਹੁਤ ਵਕਾਰੀ ਸਾਹਿਤਿਕ ਰਸਾਲਾ ਸ਼ੁਰੂ ਕੀਤਾ, ਜਿਸਦੇ ਅਨੇਕ ਵਿਸ਼ੇਸ਼ ਅੰਕ ਲੋਕਾਂ ਅੱਜ ਵੀ ਸਾਂਭ ਕੇ ਰੱਖੇ ਹੋਏ ਹਨ। ਇਵੇਂ ਹੀ ‘ਜਨ ਸਾਹਿਤ’ ਵਿਚ ਸਿਰਜਨਾਤਮਕ ਸਾਹਿਤ ਛਪਦਾ ਹੈ। ਭਾਵੇਂ ਆਪਣੇ ਢਾਂਚੇ ਦੀਆਂ ਕਮਜ਼ੋਰੀਆਂ ਕਰਕੇ ਸਰਕਾਰੀ ਸ਼ਰੋਮਣੀ ਐਵਾਰਡਾਂ ਦੀ ਚੋਣ ਉੱਤੇ ਅਕਸਰ ਉਂਗਲ ਉਠਦੀ ਹੈ ਜਿਸਦੀ ਪ੍ਰਕਿਰਿਆ ਅਦਾਲਤੀ ਕੇਸ ਕਾਰਨ ਰੁਕੀ ਹੋਈ ਹੈ, ਪਰ ਇਹ ਤੁਹਾਡੀ ਸਰਕਾਰ ਆਉਣ ਤੋਂ ਪਹਿਲਾਂ ਵਾਪਰਿਆ ਵਰਤਾਰਾ ਹੈ। ਉਂਜ ਸ਼ਾਇਦ ਹੀ ਕੋਈ ਅਜਿਹਾ ਨਾਮਚੀਨ ਪੰਜਾਬੀ ਲੇਖਕ ਹੋਵੇਗਾ ਜਿਸਨੂੰ ਇਹ ਪੁਰਸਕਾਰ ਪ੍ਰਾਪਤ ਨਾ ਹੋਇਆ ਹੋਵੇ। ਇਸੇ ਤਰ੍ਹਾਂ ਵਿਭਾਗ ਵੱਲੋਂ ਛਾਪੀਆਂ ਅਨੇਕਾਂ ਤਰਜਮਾ-ਪੁਸਤਕਾਂ ਨੇ ਵਿਸ਼ਵ ਭਰ ਦੇ ਸਾਹਿਤ ਨਾਲ ਪੰਜਾਬੀਆਂ ਨੂੰ ਜਾਣੂੰ ਕਰਵਾਇਆ ਹੈ। ਇਨ੍ਹਾਂ ਵਿਚ ‘ਯੂਟੋਪੀਆ’, ‘ਪਲੇਗ’, ‘ਦ ਵਿਕਾਰ ਆਫ਼ ਵੇਕਫ਼ੀਲਡ’, ‘ਮੋਪਾਸਾ ਦੀਆਂ ਕਹਾਣੀਆਂ’, ‘ਸ਼ੇਕਸਪੀਅਰ ਦੇ ਨਾਟਕ’ ਵਰਗੀਆਂ ਵਕਾਰੀ ਰਚਨਾਵਾਂ ਸ਼ਾਮਿਲ ਹਨ। ਇਕ ਵੇਲਾ ਸੀ ਇਹ ਵਿਭਾਗ ਪੰਜਾਬ ਦੀ ਸਭਿਆਚਾਰਕ ਆਤਮਾ ਹੁੰਦਾ ਸੀ। ਪ੍ਰਿੰਸੀਪਲ ਤੇਜਾ ਸਿੰਘ, ਗਿਆਨੀ ਲਾਲ ਸਿੰਘ, ਡਾਕਟਰ ਜੀਤ ਸਿੰਘ ਸੀਤਲ ਅਤੇ ਡਾਕਟਰ ਰਤਨ ਸਿੰਘ ਜੱਗੀ ਵਰਗੇ ਵਿਦਵਾਨਾਂ ਅਤੇ ਕਦਰਦਾਨਾਂ ਨੇ ਇਸ ਵਿਭਾਗ ਅਤੇ ਪੰਜਾਬੀ ਬੋਲੀ ਦੇ ਆਧੁਨਿਕ ਚਿਹਰੇ-ਮੋਹਰੇ ਨੂੰ ਘੜਨ ਵਿਚ ਆਪਣਾ ਖ਼ਾਸ ਯੋਗਦਾਨ ਪਾਇਆ।
ਮੈਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਤੁਸੀਂ ਦੋਵੇਂ ਪੰਜਾਬੀ ਬੋਲੀ ਦੇ ਸੁਹਿਰਦ ਸਮਰਥਕ ਅਤੇ ਰਾਖੇ ਹੋ। ਮਾਨ ਜੀ, ਤੁਹਾਡੇ ਬੋਲੀ ਨਾਲ ਮੋਹ-ਪਿਆਰ ਤੋਂ ਕੌਣ ਵਾਕਿਫ਼ ਨਹੀਂ? ਤੁਹਾਡੀ ਸਾਰਥਕ-ਸੁਥਰੀ ਕਾਮੇਡੀ ਇਸ ਦੀ ਗਵਾਹ ਹੈ। ਉੱਚ ਸਿੱਖਿਆ ਪ੍ਰਾਪਤ ਬੈਂਸ ਜੀ, ਤੁਹਾਡੀ ਸੀ.ਬੀ.ਐਸ.ਈ. ਵਿਚ ਪੰਜਾਬੀ ਵਿਤਕਰੇ ਬਾਰੇ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ, ਬੋਲੀ ਬਾਰੇ ਤੁਹਾਡੇ ਨਜ਼ਰੀਏ ਨੂੰ ਜੱਗ-ਜਾਹਰ ਕਰਦੀ ਹੈ। ਸੰਨ 2008 ਵਿਚ ਸਰਕਾਰੀ ਕੰਮਕਾਜ ਵਾਸਤੇ ਪੰਜਾਬੀ ਦੀ ਵਰਤੋਂ ਲਾਜ਼ਮੀ ਤਾਂ ਹੋ ਗਈ ਸੀ ਪਰ ਇਸ ਹੁਕਮ ਨੂੰ ਇਨ-ਬਿਨ ਲਾਗੂ ਕਰਨ ਦਾ ਸੁਪਨਾ ਅਧੂਰਾ ਰਿਹਾ। 2021 ਵਿਚ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜੁਰਮਾਨੇ ਅਤੇ ਹੋਰ ਸਜ਼ਾਵਾਂ ਨੂੰ ਕਰੜਾ ਕੀਤਾ ਗਿਆ, ਪਰ 2023 ਤੋਂ ਪਹਿਲਾਂ ਕਿਸੇ ਵਿਰੁੱਧ ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਇਹ ਕੰਮ ਤੁਹਾਡੀ ਸਰਕਾਰ ਨੇ ਕੀਤਾ। ਤੁਸੀਂ ਪੰਜਾਬੀ ਬੋਲੀ ਵਾਸਤੇ ਹੋਰ ਵੀ ਬਹੁਤ ਮਹੱਤਵਪੂਰਨ ਕਾਰਜ ਕੀਤੇ ਹਨ। ਪਿਛਲੇ ਵਰ੍ਹੇ ਸੀ.ਬੀ.ਐਸ.ਈ. ਵਿਚ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਉਣਾ ਤੁਹਾਡੀ ਪ੍ਰਾਪਤੀ ਹੈ। ਇਕ ਹੋਰ ਨਾਇਕੀ ਕਾਰਜ ਇਹ ਸੀ ਕਿ ਜੇਕਰ ਦਸਵੀਂ ਵਿਚ ਬੱਚੇ ਨੇ ਲਾਜ਼ਮੀ ਪੰਜਾਬੀ ਨਹੀਂ ਪੜ੍ਹੀ ਤਾਂ ਉਸਦੇ ਸਰਟੀਫ਼ਿਕੇਟ ਦੀ ਮਾਨਤਾ ਨਹੀਂ ਹੋਵੇਗੀ, ਭਾਵੇਂ ਉਹ ਕੇਂਦਰੀ ਬੋਰਡਾਂ ਨੇ ਹੀ ਕਿਉਂ ਨਾ ਦਿੱਤਾ ਹੋਵੇ। ਤੁਸੀਂ ਏਥੋਂ ਤਕ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਰਾਜ ਦਾ ਕੋਈ ਵੀ ਸਕੂਲ ਬੱਚਿਆਂ ਨੂੰ ਪੰਜਾਬੀ ਬੋਲਣ ਕਾਰਨ ਕੋਈ ਜੁਰਮਾਨਾ ਲਾਵੇਗਾ ਤਾਂ ਉਸਦੀ ਮਾਨਤਾ ਰੱਦ ਕਰਕੇ ਸਰਕਾਰ ਉਸ ਨੂੰ ਆਪਣੇ ਪ੍ਰਬੰਧ ਹੇਠ ਲੈ ਲਵੇਗੀ। ਇਹ ਈਮਾਨਦਾਰੀ, ਸਿਆਣਪ, ਜੁਰੱਅਤ ਅਤੇ ਦੂਰ-ਦ੍ਰਿਸ਼ਟੀ ਵਾਲਾ ਇਤਿਹਾਸਿਕ ਐਲਾਨ ਹੈ ਅਤੇ ਅਜਿਹੀ ਤਾਕਤ ਦਿਖਾਉਣ ਲਈ ਸਾਰਾ ਪੰਜਾਬ ਤੁਹਾਨੂੰ ਦਾਦ ਦੇਂਦਾ ਹੈ। ਦੁਕਾਨਾਂ ਦੇ ਸਾਈਨਬੋਰਡਾਂ ਵਿਚ ਗੁਰਮੁਖੀ ਵਿਚ ਪੰਜਾਬੀ ਲਿਖਣ ਵਾਸਤੇ ਤੁਸੀਂ 1958 ਦੇ ਨੇਮਾਂ ਵਿਚ ਤਬਦੀਲੀ ਕੀਤੀ। ਅਠਾਰਾਂ ਹਜ਼ਾਰ ਤੋਂ ਵੱਧ ਕਿਤਾਬਾਂ ਦੀ ਡਿਜਿਟਾਈਜ਼ੇਸ਼ਨ, 592 ਦੁਰਲੱਭ ਖਰੜਿਆਂ ਨੂੰ ਠੀਕ ਹਾਲਤ ਵਿਚ ਲਿਆ ਕੇ ਡਿਜੀਟਾਈਜ਼ ਕਰਨਾ, ‘ਆਨਲਾਈਨ ਇੰਟਰਨੈਸ਼ਨਲ ਪੰਜਾਬੀ ਬੋਲੀ ਉਲਿੰਪੀਆਡ’ ਦੀ ਐਪ ਅਤੇ ‘ਸ਼ਬਦਮਾਲਾ ਡਿਕਸ਼ਨਰੀ’ ਦੀ ਆਨ-ਲਾਈਨ ਸਹੂਲਤ ਅਜਿਹੇ ਕਾਰਜ ਹਨ, ਜਿਨ੍ਹਾਂ ਦਾ ਮੁੱਲ ਭਵਿੱਖ ਦੀਆਂ ਪੀੜ੍ਹੀਆਂ ਪਾਉਣਗੀਆਂ। ਮੇਰਾ ਖਿਆਲ ਹੈ ਕਿ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਉਣ। ਇਸ ਅਪੀਲ ਦਾ ਮਹੱਤਵ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਆਰ.ਐੱਸ.ਐੱਸ. ਦੇ ਪ੍ਰਸਿੱਧ ਵਿਚਾਰਕ ਅਤੇ ਸੀਨੀਅਰ ਪੱਤਰਕਾਰ ਵੇਦ ਪ੍ਰਤਾਪ ਵੇਦਿਕ ਨੇ ਮੇਰੀ ਹਾਜ਼ਰੀ ਵਿਚ ਪੰਚਕੂਲਾ ਵਿਚ ਆਪਣਾ ਗੁਨਾਹ ਸਵੀਕਾਰ ਕੀਤਾ ਸੀ। ਉਸਨੂੰ ਇਸ ਗੱਲ ਦਾ ਦੁੱਖ ਸੀ ਕਿ ਆਰ ਐਸ ਐਸ ਦੀ ਹਾਈ ਕਮਾਨ ਨੇ ਪ੍ਰਚਾਰਕਾਂ ਨੂੰ ਪੰਜਾਬ ਦੇ ਹਿੰਦੂਆਂ ਨੂੰ ਇਹ ਪ੍ਰੇਰਨਾ ਦੇਣ ਲਈ ਭੇਜਿਆ ਸੀ ਕਿ ਉਹ 1961 ਦੀ ਜਨ-ਗਣਨਾ ਵਕਤ ਆਪਣੀ ਬੋਲੀ ਹਿੰਦੀ ਲਿਖਵਾਉਣ। ਮੈਂ ਵੇਦਿਕ ਦੇ ਇਸ ਕਬੂਲਨਾਮੇ ਦੀ ਦਿਲੋਂ ਕਦਰ ਕਰਦਾ ਹਾਂ। ਪਰ ਸਤਿਕਾਰਯੋਗ ਮਾਨ ਜੀ, ਤੁਹਾਡੀ ਸਰਕਾਰ ਨੇ ਬਹੁਤ ਸਾਰੇ ਅਜਿਹੇ ਕਦਮ ਚੁੱਕੇ ਹਨ ਜਿਨ੍ਹਾਂ ਸਦਕਾ ਪੰਜਾਬੀ ਬੋਲੀ ਨੂੰ ਉਸਦਾ ਬਣਦਾ ਸਥਾਨ ਅਤੇ ਸਵੈਮਾਨ ਪ੍ਰਾਪਤ ਹੋਣ ਦੀਆਂ ਸੰਭਾਵਨਾਵਾਂ ਵਿਚ ਚੋਖਾ ਵਾਧਾ ਹੋਇਆ ਹੈ। ਇਸੇ ਦੇ ਨਤੀਜੇ ਵਜੋਂ ਐਮਿਟੀ ਸਕੂਲ ਨੂੰ ਸੰਨ 2023 ਵਿਚ ਪੰਜਾਹ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਭਾਸ਼ਾ ਵਿਭਾਗ ਨੇ ਐਡਵੋਕੇਟ ਜਨਰਲ ਪੰਜਾਬ ਅਤੇ ਹੋਰ ਅਫ਼ਸਰਾਂ ਨੂੰ ਵੀ ਪੰਜਾਬੀ ਦੀ ਵਰਤੋਂ ਬਾਰੇ ਚਿਤਾਵਨੀ-ਪੱਤਰ ਲਿਖੇ।
ਬਸ ਏਥੇ ਆ ਕੇ ਹੀ ਸਾਡੀ ਬੋਲੀ ਦਾ ਪੇਚ ਫਸ ਗਿਆ ਹੈ। ਭਾਵੇਂ ਭਾਸ਼ਾ ਵਿਭਾਗ ਦਾ ਨਿਰਦੇਸ਼ਕ ਆਪਣੇ ਅਧਿਕਾਰ ਖੇਤਰ ਦੇ ਅੰਦਰਵਾਰ ਕੰਮ ਕਰ ਰਿਹਾ ਹੈ ਪਰ ਵੱਡੇ ਪ੍ਰਬੰਧਕੀ ਅਧਿਕਾਰੀਆਂ ਨੂੰ ਇਹ ਚੰਗਾ ਨਹੀਂ ਲਗਦਾ ਕਿ ਡਾਇਰੈਕਟੋਰੇਟ ਪੱਧਰ ਦਾ ਕੋਈ ਅਫ਼ਸਰ ਉਨ੍ਹਾਂ ਨੂੰ ਨੇਮ ਯਾਦ ਕਰਾਵੇ। ਸਭ ਜਾਣਦੇ ਹਨ ਕਿ ਹਰ ਅਫ਼ਸਰ ਦੀ ਹਉਮੈ ਹੁੰਦੀ ਹੈ ਅਤੇ ਉਹ ਕੁਝ ਪੱਠੇ ਮੰਗਦੀ ਹੈ। ਪਰ ਭਾਸ਼ਾ ਵਿਭਾਗ ਦੇ ਸੰਬੰਧ ਵਿਚ ਜੋ ਸਥਿਤੀ ਬਣੀ ਹੋਈ ਹੈ ਉਸ ਮੁਤਾਬਕ ਤਾਂ ਅਫ਼ਸਰੀ ਹਉਮੈ ਸਾਰੀ ਖੇਤੀ ਮੰਗ ਰਹੀ ਹੈ। ਸ਼ਾਇਦ ਇਸੇ ਲਈ ਡਾਇਰੈਕਟਰ ਜਸਵੰਤ ਜ਼ਫ਼ਰ ਨੇ ਭਾਸ਼ਾ ਵਿਭਾਗ ਉਤੇ ਮੰਡਰਾਏ ਖ਼ਤਰੇ ਦੀ ਘੰਟੀ ਵਜਾਈ ਹੈ। ਉਹ ਅਫ਼ਸਰੀ ਹਉਮੈਂ ਨੂੰ ਨਾਜਾਇਜ਼ ਪੱਠੇ ਨਹੀਂ ਪਾਉਂਦਾ, ਇਸ ਲਈ ਉਸਨੂੰ ਡਰ ਹੈ ਕਿ ਬਾਬੂਸ਼ਾਹੀ ਦੀ ਪੱਧਰ ‘ਤੇ ਉਸਦੇ ਵਿਭਾਗ ਨੂੰ ਸਮੇਟਣ ਦੀ ਕੋਈ ਖਿਚੜੀ ਪੱਕ ਰਹੀ ਹੈ। ਮੇਰਾ ਪੱਕਾ ਵਿਸ਼ਵਾਸ ਹੈ ਕਿ ਆਪ ਜੀ ਦੇ ਹੁੰਦਿਆਂ ਇਹ ਅਨਰਥ ਨਹੀਂ ਹੋਵੇਗਾ ਪਰ ਹੁਣ ਜਦੋਂ ਜ਼ਫ਼ਰ ਦੇ ਕੰਮ ਵਿਚ ਬੇਸ਼ੁਮਾਰ ਰੁਕਾਵਟਾਂ ਪਾਈਆ ਜਾ ਰਹੀਆਂ ਹਨ, ਤਾਂ ਆਪਜੀ ਵੱਲੋਂ ਪੰਜਾਬੀ ਬੋਲੀ ਵਾਸਤੇ ਸ਼ੁਰੂ ਕੀਤਾ ਇਤਿਹਾਸਿਕ ਕੰਮ ਠੰਢੇ ਬਸਤੇ ਵਿਚ ਜਾ ਸਕਦਾ ਹੈ। ਜੇਕਰ ਸਰਕਾਰੀ ਦਫ਼ਤਰਾਂ ਦੇ ਬੋਰਡ ਪੰਜਾਬੀ ਵਿਚ ਨਾ ਲਿਖੇ ਗਏ ਅਤੇ ਅਫ਼ਸਰਾਂ ਨੇ ਆਪਣੀਆਂ ਫ਼ਾਈਲਾਂ ਉੱਤੇ ਟਿੱਪਣੀਆਂ ਅਤੇ ਦਫ਼ਤਰੀ ਹੁਕਮਾਂ ਨੂੰ ਪੰਜਾਬੀ ਵਿਚ ਜਾਰੀ ਕਰਨ ਦਾ ਕੰਮ ਸੁਹਿਰਦਤਾ ਜਾਂ ਪਾਬੰਦੀ ਨਾਲ ਨਾ ਕੀਤਾ ਤਾਂ ਮੈਨੂੰ ਡਰ ਹੈ ਕਿ ਹੌਲੀ-ਹੌਲੀ ਹਾਲਤਾਂ ਫੇਰ ਪੁਰਾਣੇ ਰਾਹ ਪੈ ਜਾਣਗੀਆਂ।
ਮੇਰੀ ਨਿਰਪੱਖ ਰਾਏ ਵਿਚ ਜ਼ਫ਼ਰ ਤੁਹਾਡੀ ਸੁਝਾਈ ਦਿਸ਼ਾ ਵੱਲ ਸੁਹਿਰਦਤਾ ਨਾਲ ਵਧ ਰਿਹਾ ਹੈ। ਉਸਦਾ ਆਪਣਾ ਕੋਈ ਸਵਾਰਥ ਨਜ਼ਰ ਨਹੀਂ ਆਉਂਦਾ। ਉਹ ਭ੍ਰਿਸ਼ਟ ਨਹੀਂ, ਉਸਦਾ ਕੋਈ ਵੱਡਾ ਅਹੁਦਾ ਲੈਣ ਦਾ ਸੁਪਨਾ ਵੀ ਨਹੀਂ। ਇਸੇ ਲਈ ਉਹ ਮਜ਼ਬੂਤ ਸਟੈਂਡ ਲੈਂਦਾ ਹੈ। ਉਸਦੀ ਕੋਈ ਰਾਜਸੀ ਇੱਛਾ ਨਹੀਂ ਹੈ। ਉਹ ਤਾਂ ਆਪਣੇ ਸਟਾਫ਼ ਨਾਲ ਵੀ ਖੰਡ-ਲਪੇਟੀਆਂ ਗੱਲਾਂ ਨਹੀਂ ਕਰਦਾ; ਲੋਕਾਂ ਤੋਂ ਵੋਟਾਂ ਕਿੱਦਾਂ ਮੰਗੇਗਾ? ਉਸਦਾ ਸਿਰਫ਼ ਇਕ ਮੰਤਵ ਹੈ ਕਿ ਉਹ ਆਪਣੀ ਬੋਲੀ ਦੀ ਸੇਵਾ ਕਰ ਸਕੇ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਕਵੀਆਂ-ਕਲਾਕਾਰਾਂ ਵਿਚ ਕੰਮ ਕਰਨ ਦਾ ਇਕ ਜਨੂੰਨ ਹੁੰਦਾ ਹੈ ਜੋ ਉਸ ਉਤੇ ਵੀ ਤਾਰੀ ਹੈ। ਉਹ ਅਣਥੱਕ ਕੰਮ ਕਰ ਰਿਹਾ ਹੈ ਜਿਵੇਂ ਪਿਛਲੇ ਕਈ ਸਾਲਾਂ ਦੀ ਖੜੋਤ ਦਾ ਬਦਲਾ ਲੈ ਰਿਹਾ ਹੋਵੇ। ਉਸਦਾ ਬੋਲੀ ਨਾਲ ਮੋਹ ਮਿਸਾਲੀ ਹੈ; ਇਸੇ ਲਈ ਲਗਾਤਾਰ ਕੰਮ ਕਰਦਾ ਹੈ। ਆਪਣੇ ਛੋਟੇ ਜੇਹੇ ਕਾਰਜ-ਕਾਲ ਵਿਚ ਉਸਨੇ ਕੀ-ਕੀ ਨਹੀਂ ਕੀਤਾ? ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਸਨੇ ਆਖਰੀ ਸਾਹਾਂ ‘ਤੇ ਪਹੁੰਚੇ ਇਸ ਵਿਭਾਗ ਵਿਚ ਕਿਵੇਂ ਜਾਨ ਪਾ ਦਿੱਤੀ ਹੈ। ਸਿਰਫ਼ ਦੋ ਸਾਲਾਂ ਵਿਚ ਇਹ ਇਕ ਵਾਰ ਫਿਰ ਪੰਜਾਬ ਦੀ ਸਾਹਿਤਿਕ ਅਤੇ ਸਭਿਆਚਾਰਕ ਜ਼ਿੰਦਗੀ ਦੀ ਧੜਕਣ ਬਣ ਚੁੱਕਾ ਹੈ। ਜ਼ਫ਼ਰ ਨੇ ਸਿਰਫ਼ 1967, 2008 ਅਤੇ 2021 ਦੇ ਐਕਟਾਂ ਦੀ ਪਾਲਣਾ ਦਾ ਕੰਮ ਹੀ ਨਹੀਂ ਕੀਤਾ ਬਲਿਕ ਪਿਛਲੇ ਸਾਲਾਂ ਦੇ ਬਕਾਇਆ ਪੁਸਤਕ-ਪੁਰਸਕਾਰਾਂ ਦਾ ਕਾਰਜ ਸੁਚੱਜ ਨਾਲ ਨਿਬੇੜਿਆ ਹੈ। ਉਸਨੇ ਵਿਭਾਗ ਦੀ ਵੈਬਸਾਈਟ ਨੂੰ ਪੂਰੀ ਤਰ੍ਹਾਂ ਸਜੀਵ ਕੀਤਾ ਹੈ। ਉਸ ਉਤੇ ਮੁਹਾਵਰਾ ਕੋਸ਼ ਅਤੇ ਅਖਾਣ ਕੋਸ਼ ਜੇਹੀ ਵੱਡਮੁੱਲੀ ਸਮੱਗਰੀ ਅਪਲੋਡ ਕੀਤੀ ਹੈ; ਬਹੁਤ ਸਾਰੀਆਂ ਆਡੀਓ ਪੁਸਤਕਾਂ ਵੀ ਉਪਲਬਧ ਕਰਵਾਈਆਂ ਹਨ। ਇਸ ਸਮੇਂ 8300 ਪੁਸਤਕਾਂ ਆਨਲਾਈਨ ਪ੍ਰਾਪਤ ਹੋ ਸਕਦੀਆਂ ਹਨ। ਵਿਭਾਗ ਵੱਲੋਂ ਲਾਏ ਗਏ ਪੁਸਤਕ ਲੰਗਰ ਵਿਚੋਂ ਮੁਫ਼ਤ ਕਿਤਾਬਾਂ ਵੀ ਮਿਲਦੀਆਂ ਹਨ। ਸ਼ਬਦਮਾਲਾ ਸਾਫ਼ਟਵੇਅਰ ਅਤੇ ਸਚਿਤਰ ਪੰਜਾਬੀ ਅਖਰਮਾਲਾ ਵਿਭਾਗ ਦੀਆਂ ਹੋਰ ਪ੍ਰਾਪਤੀਆਂ ਹਨ। ਉਸ ਨੇ ਭਾਸ਼ਾ ਬਾਰੇ ਅਨੇਕਾਂ ਵਰਕਸ਼ਾਪਾਂ ਅਤੇ ਗੋਸ਼ਟੀਆਂ ਦਾ ਆਯੋਜਨ ਕੀਤਾ ਹੈ। ਵਿਭਾਗੀ ਸਮਾਗਮਾਂ ਵਿਚ ਜੋ ਤਾਜ਼ਗੀ ਅਤੇ ਖੇੜਾ ਆਇਆ ਹੈ ਉਸਦਾ ਸ਼ਾਮਿਲ ਹੋਣ ਵਾਲਿਆਂ ਨੂੰ ਅਨੂਠਾ ਅਨੁਭਵ ਹੁੰਦਾ ਹੈ। ਉਸਨੇ ਸ਼ਹੀਦ ਭਗਤ ਸਿੰਘ ਦੇ ਸਾਹਿਤ ਉਤੇ ਗੋਸ਼ਟੀ ਕਰਵਾਈ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਜਨਮ ਦਿਨ ਨੂੰ ਸਾਹਿਤਕਾਰਾਂ ਸਮੇਤ ਪ੍ਰੀਤਨਗਰ ਵਿਚ ਮਨਾਇਆ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਉਤੇ ਮਟਨ (ਕਸ਼ਮੀਰ) ਵਿਚ ਗੋਸ਼ਟੀ ਕਰਵਾਈ, ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ‘ਤੇ ਸਰਾਭਾ ਵਿਚ ਗਦਰ ਸਾਹਿਤ ਅਤੇ ਗਦਰ ਲਹਿਰ ਬਾਰੇ ਵਿਚਾਰ ਚਰਚਾ ਅਤੇ ਕਵੀ ਦਰਬਾਰ ਹੋਇਆ। ਇਵੇਂ ਹੀ ਡਾਕਟਰ ਰਤਨ ਸਿੰਘ ਜੱਗੀ, ਬਲਰਾਜ ਸਾਹਨੀ, ਗੁਰਮੁਖ ਸਿੰਘ ਮੁਸਾਫ਼ਰ, ਪ੍ਰੇਮ ਪ੍ਰਕਾਸ਼ ਅਤੇ ਸ਼ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੂੰ ਢੁਕਵੇਂ ਤਰੀਕੇ ਨਾਲ ਯਾਦ ਕੀਤਾ ਗਿਆ। ਪਿਛਲੇ ਦੋ ਵਰਿ੍ਹਆਂ ਦੌਰਾਨ ਸਰਕਾਰੀ ਦਸਤਾਵੇਜ਼ਾਂ ਦਾ ਲਗਪਗ 3500 ਪੰਨਿਆਂ ਦਾ ਪੰਜਾਬੀ ਤਰਜਮਾ ਅਪਲੋਡ ਕੀਤਾ ਜਾ ਚੁੱਕਾ ਹੈ। ਇਸ ਵਿਚ ਬਹੁਤ ਸਾਰੇ ਸਰਕਾਰੀ ਐਕਟ ਵੀ ਸ਼ਾਮਿਲ ਹਨ।
ਪਿਆਰੇ ਮੁੱਖ ਮੰਤਰੀ ਜੀ, ਇਹ ਇਸ ਬੰਦੇ ਦਾ ਸਿਰਫ਼ ਦੋ ਸਾਲਾਂ ਦਾ ਕੰਮ ਹੈ। ਉਸਦੀ ਖ਼ੁਸ਼ਕਿਸਮਤੀ ਹੈ ਕਿ ਉਸ ਨੂੰ ਤੁਹਾਡੀ ਅਗਵਾਈ, ਹੱਲਾਸ਼ੇਰੀ ਅਤੇ ਸਹਿਯੋਗ ਪ੍ਰਾਪਤ ਹੈ। ਵਿਸ਼ਵਾਸ ਕਰੋ, ਤੁਹਾਨੂੰ ਵੀ ਉਹਦੇ ਵਰਗਾ ਸੱਚਾ-ਸੁੱਚਾ ਕਾਮਾ ਆਸਾਨੀ ਨਾਲ ਨਹੀਂ ਮਿਲੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਅਫ਼ਸਰੀ ਹਉਮੈ ਉਸਨੂੰ ਕੀ ਦੇ ਰਹੀ ਹੈ? ਉਸਨੇ ਆਪਣੀ ਬੇਬਸੀ ਨੂੰ ਆਪਣੇ ਬਿਆਨ ਨਾਲ ਲੋਕਾਂ ਸਾਹਮਣੇ ਰੱਖ ਦਿੱਤਾ ਹੈ। ਮੈਂ ਤੁਹਾਨੂੰ ਇਹ ਪੱਤਰ ਉਸਦਾ ਅੰਦਾਜ਼ਾ ਦੇਣ ਵਾਸਤੇ ਲਿਖ ਰਿਹਾ ਹਾਂ। ਮੈਂ ਤੁਹਾਡੇ ਰੁਝੇਵਿਆਂ ਤੋਂ ਭਲੀ-ਭਾਂਤ ਵਾਕਿਫ਼ ਹਾਂ ਪਰ ਮਾਂ-ਬੋਲੀ ਵਾਸਤੇ ਕੱਢਿਆ ਵਕਤ ਕਦੇ ਵੀ ਜ਼ਾਇਆ ਨਹੀਂ ਜਾਂਦਾ। ਉਸ ਅਨੁਸਾਰ, ‘ਅਸਲ ਵਿਚ ਨੌਕਰਸ਼ਾਹਾਂ ਨੂੰ ਉਹ ਤੇ ਉਨਾ ਕੁ ਹੀ ਭਾਸ਼ਾ ਵਿਭਾਗ ਚਾਹੀਦਾ ਹੈ, ਜਿਹੜਾ ਉਨ੍ਹਾਂ ਦੇ ਟੈਲੀਫ਼ੋਨ ਕਰਨ ਉੇਤੇ ਉਨ੍ਹਾਂ ਦੇ ਜਾਣਕਾਰਾਂ ਨੂੰ ‘ਪੰਜਾਬੀ ਪਾਸ’ ਦਾ, ਜਾਂ ‘ਟਾਈਪ ਪਾਸ’ ਦਾ ਆਦਰ-ਮਾਣ ਸਹਿਤ ਸਰਟੀਫਿਕੇਟ ਦੇ ਦੇਵੇ।’ ਏਥੋਂ ਜ਼ਫ਼ਰ ਅਤੇ ਨੌਕਰਸ਼ਾਹੀ ਵਿਚਲੇ ਤਣਾਅ ਦਾ ਕਾਰਨ ਸਾਫ਼ ਪਤਾ ਲੱਗ ਜਾਂਦਾ ਹੈ। ਗੱਲ ਹੈ ਵੀ ਠੀਕ ਕਿ ਜੇਕਰ ਭਾਸ਼ਾ ਵਿਭਾਗ ਨੂੰ ਬੰਦ ਕਰਵਾਉਣਾ ਹੀ ਸੀ ਤਾਂ ਉਦੋਂ ਕਰਵਾਉਂਦੇ ਜਦੋਂ ਉਹ ਲਗਪਗ ਮਰਿਆਂ ਵਰਗਾ ਸੀ। ਹੁਣ ਉਹ ਜੀਅ ਰਿਹਾ ਹੈ ਤਾਂ ਮਾਰਨ ਦੀ ਨੌਬਤ ਕਿਉਂ ਆ ਗਈ? ਸਿਰਫ਼ ਇਸ ਲਈ ਕਿ ਡਾਇਰੈਕਟਰ ਉਨ੍ਹਾਂ ਦੇ ਨਾਜਾਇਜ਼ ਕੰਮ ਕਰਨ ਲਈ ਤਿਆਰ ਨਹੀਂ ਹੈ? ਮਾਨ ਜੀ, ਤੁਹਾਨੂੰ ਅਫ਼ਸਰਸ਼ਾਹੀ ਦੇ ਘਰਾਂ ਵਿਚ ਜਾਣ ਦਾ ਮੌਕਾ ਨਹੀਂ ਮਿਲਦਾ। ਸਰਕਾਰੀ ਕਾਰਿੰਦੇ ਉੱਥੋਂ ਦੀ ਸਫ਼ਾਈ ਅਤੇ ਬਾਹਰਲਾ ਰੱਖ-ਰਖਾਵ ਬਹੁਤ ਕਮਾਲ ਨਾਲ ਕਰਦੇ ਹਨ। ਪਰ ਭਾਸ਼ਾ ਵਿਭਾਗ ਦਾ ਪੰਜ ਏਕੜ ਦਾ ਕੈਂਪਸ ਰੁਲ ਰਿਹਾ ਹੈ, ਕਿਉਂਕਿ ਜ਼ਿਲ੍ਹਾ ਦਫ਼ਤਰਾਂ ਸਮੇਤ ਕੋਈ ਸਫ਼ਾਈ ਕਰਮਚਾਰੀ, ਮਾਲੀ ਅਤੇ ਸੇਵਾਦਾਰ ਨਹੀਂ ਦਿੱਤਾ ਜਾ ਰਿਹਾ। ਵਿਭਾਗ ਨੇ ਇਸ ਕੰਮ ਨੂੰ ਆਊਟਸੋਰਸ ਕਰਨ ਦੀ ਬੇਨਤੀ ਢਾਈ-ਤਿੰਨ ਮਹੀਨੇ ਪਹਿਲਾਂ ਕੀਤੀ ਸੀ ਜਿਸ ਉਤੇ ਅਮਲ ਦੀ ਉਡੀਕ ਹੈ। ਇਵੇਂ ਹੀ ਸਰਕਾਰੀ ਛਾਪੇਖਾਨੇ ਬੰਦ ਹੋ ਚੁੱਕੇ ਹਨ। ਬਾਹਰੋਂ ਵੀ ਇਹ ਕੰਮ ਕਰਵਾਉਣਾ ਬਹੁਤ ਮੁਸ਼ਕਲ ਹੋ ਰਿਹਾ ਹੈ। ਵਿਭਾਗੀ ਮੈਗਜ਼ੀਨ ਵਕਤ ਉੱਤੇ ਨਾ ਛਪਣ ਕਾਰਨ ਲੇਖਕਾਂ ਅਤੇ ਪਾਠਕਾਂ ਦੋਹਾਂ ਵਿਚ ਉਨ੍ਹਾਂ ਦੀ ਭਰੋਸੇਯੋਗਤਾ ਖੁਰ ਰਹੀ ਹੈ। ਇਸੇ ਲਈ ਵਿਭਾਗ ਨੇ ਮਿਨੀ ਆਫ਼ਸੈਟ ਮਸ਼ੀਨ ਖਰੀਦਣ ਦੀ ਬੇਨਤੀ ਕੀਤੀ ਹੋਈ ਹੈ, ਜਿਸਦੀ 2026-27 ਦੇ ਬਜਟ ਵਿਚ ਵਿਵਸਥਾ ਨਹੀਂ ਕੀਤੀ ਗਈ। ਇਸੇ ਤਰ੍ਹਾਂ ਪੁਸਤਕਾਂ ਦੀ ਢੋਆ-ਢੁਆਈ ਅਤੇ ਵਿਕਰੀ ਵਾਸਤੇ ਵੈਨ ਖ਼ਰੀਦਣ ਦਾ ਪ੍ਰਸਤਾਵ ਕੁਝ ਸਾਲਾਂ ਤੋਂ ਫ਼ਾਈਲਾਂ ਵਿਚ ਹੀ ਯਾਤਰਾ ਕਰ ਰਿਹਾ ਹੈ। ਭਾਸ਼ਾ ਭਵਨ ਵਿਚ ਲੇਖਕਾਂ ਦੇ ਠਹਿਰਣ ਵਾਸਤੇ ਇਕ ਰੈਸਟ ਹਾਊਸ ਦਾ ਨਿਰਮਾਣ ਕੀਤਾ ਗਿਆ ਸੀ, ਉਹ ਵੀ ਵਿਭਾਗ ਕੋਲੋਂ ਚਿਰੋਕਣਾ ਖੋਹਿਆ ਜਾ ਚੁੱਕਾ ਹੈ। ਜ਼ਫ਼ਰ ਉਸਨੂੰ ਵਾਪਿਸ ਲੈਣ ਲਈ ਵੀ ਟੱਕਰਾਂ ਮਾਰ ਰਿਹਾ ਹੈ। ਵਿਭਾਗ ਵੱਲੋਂ ਜ਼ਿਲ੍ਹਾ ਹੈੱਡ ਕੁਆਰਟਰਾਂ ਵਿਚ ਚਲਾਏ ਜਾਂਦੇ ਕੰਪਿਊਟਰ ਟਰੇਨਿੰਗ ਸੈਂਟਰ ਇਨਸਟ੍ਰਕਟਰਾਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਬੰਦ ਪਏ ਹਨ। ਹੈਰਤ ਦੀ ਗੱਲ ਹੈ ਕਿ ਵਿਭਾਗ ਵਿਚ ਤਾਇਨਾਤ ਕਰਮਚਾਰੀਆਂ ਦੀਆਂ ਉਹ ਤਰੱਕੀਆਂ ਤਾਂ ਮਿਥੇ ਸਮੇਂ ‘ਤੇ ਹੋ ਜਾਂਦੀਆਂ ਹਨ, ਜਿਹੜੀਆਂ ਡਾਇਰੈਟੋਰੇਟ ਪੱਧਰ ‘ਤੇ ਹੋਣੀਆਂ ਹੁੰਦੀਆਂ ਹਨ, ਪਰ ਸਰਕਾਰੀ ਪੱਧਰ ‘ਤੇ ਹੋਣ ਵਾਲੀਆਂ ਤਰੱਕੀਆਂ ਸਾਲਾਂ ਬਧੀ ਰੁਕੀਆਂ ਰਹਿੰਦੀਆਂ ਹਨ। ਇਸ ਹਾਲਤ ਵਿਚ ਮਿਹਨਤੀ ਸੀਨੀਅਰ ਸਟਾਫ਼ ਦੇ ਉਤਸਾਹ ਨੂੰ ਕਾਇਮ ਰੱਖਣਾ ਕਿੰਨਾ ਮੁਸ਼ਕਲ ਹੈ।
ਸਤਿਕਾਰਯੋਗ ਮਾਨ ਜੀ ਅਤੇ ਬੈਂਸ ਜੀ, ਕੁਝ ਵਿਦਵਾਨਾਂ ਦਾ ਖ਼ਿਆਲ ਹੈ ਕਿ ਜਿਹੜੇ ਵਿਭਾਗ ਰਾਹੀਂ ਸਰਕਾਰ ਨੂੰ ਆਮਦਨ ਨਹੀਂ ਹੁੰਦੀ ਅਤੇ ਪਾਰਟੀ ਨੂੰ ਵੋਟਾਂ ਨਹੀਂ ਪੈਂਦੀਆਂ ਉਸਦਾ ਕੋਈ ਵਾਲੀ-ਵਾਰਿਸ ਨਹੀਂ ਹੁੰਦਾ। ਪਰ ਮੇਰਾ ਵਿਸ਼ਵਾਸ ਹੈ ਕਿ ਜਦੋਂ ਆਪਣੀ ਬੋਲੀ ਦੇ ਕਲਾਕਾਰ ਦੀ ਸਰਕਾਰ ਹੋਵੇ ਤਾਂ ਉਹ ਮਾਂ-ਬੋਲੀ ਦਾ ਨਾ ਤਾਂ ਖ਼ੁਦ ਕਿਸੇ ਕਿਸਮ ਦਾ ਸੌਦਾ ਕਰੇਗਾ ਤੇ ਨਾ ਹੀ ਕਿਸੇ ਹੋਰ ਨੂੰ ਕਰਨ ਦੇਵੇਗਾ। ਮੇਰਾ ਇਹ ਖ਼ਤ ਕਿਸੇ ਵੀ ਤਰ੍ਹਾਂ ਜ਼ਫ਼ਰ ਦੀ ਸਹਇਤਾ ਲਈ ਨਹੀਂ ਹੈ। ਜੇ ਤੁਸੀਂ ਉਸ ਜੇਹਾ ਜ਼ਹੀਨ, ਮਹੀਨ, ਮਿਹਨਤੀ, ਈਮਾਨਦਾਰ, ਜੁਰਅੱਤੀ ਅਤੇ ਪ੍ਰਤੀਬੱਧ ਬੰਦਾ ਲੱਭ ਸਕਦੇ ਹੋ ਤਾਂ ਉਸਨੂੰ ਬੇਸ਼ਕ ਬਦਲ ਦਿਉ। ਪਰ ਮੇਰੀ ਪਿਆਰੀ ਮਾਂ-ਬੋਲੀ ਦੇ ਇਸ ਅਦਾਰੇ ਨੂੰ, ਜੋ ਹੁਣ ਫਿਰ ਜੀ ਉੱਠਿਆ ਹੈ, ਨਾ ਸਿਰਫ਼ ਤੁਸੀਂ ਬਚਾਉਣਾ ਹੈ ਬਲਿਕ ਸੱਚਮੁਚ ਦੀ ਚੜ੍ਹਦੀ ਕਲਾ ਵਿਚ ਪੁਚਾਉਣਾ ਹੈ। ਮੈਂ, ਤੁਹਾਡਾ ਇਕ ਬਜ਼ੁਰਗ, ਇਹ ਜ਼ਿੰਮੇਵਾਰੀ ਤੁਹਾਨੂੰ ਸੌਂਪ ਕੇ ਚੈਨ ਨਾਲ ਬੈਠਣਾ ਚਾਹੁੰਦਾ ਹਾਂ।
ਜੀਉਂਦੇ ਰਹੋ!
ਤੁਹਾਡਾ ਆਪਣਾ,
ਆਤਮਜੀਤ
