ਗ਼ੁਲਾਮ ਰਹੇ ਭਾਈਚਾਰਿਆਂ ਦੇ ਪੈਰਾਂ ਉੱਤੇ ਟਿਕੀ ਗੋਰੀ ਦੁਨੀਆ

ਐੱਮ. ਜੇ. ਵਿਜੇਅਨ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਨਵੀਂ ਦਿੱਲੀ ਦੇ ਵਸਨੀਕ ਐੱਮ.ਜੇ. ਵਿਜੇਅਨ ਫੁੱਟਬਾਲ ਦੇ ਪੁਰਜੋਸ਼ ਕਦਰਦਾਨ, ਸਮਾਜ-ਰਾਜਨੀਤਿਕ ਵਿਸ਼ਲੇਸ਼ਣਕਾਰ ਅਤੇ ਲੇਖਕ ਹਨ। ਉਨ੍ਹਾਂ ਨੇ ਵਿਸ਼ਵ ਫੁੱਟਬਾਲ ਵਿਚ ‘ਗੋਰੀਆਂ ਕੌਮਾਂ’ ਲਈ ਖੇਡਣ ਵਾਲੇ ਉਨ੍ਹਾਂ ਖਿਡਾਰੀਆਂ ਦੇ ਸ਼ਾਨਾਮੱਤੇ ਯੋਗਦਾਨ ਦੀ ਚਰਚਾ ਕੀਤੀ ਹੈ,

ਜੋ ਬਸਤੀਆਂ ਦੇ ਉਸ ਪਿਛੋਕੜ ਤੋਂ ਹਨ, ਜਿਨ੍ਹਾਂ ਨੂੰ ਕਦੇ ਬਸਤੀਵਾਦੀ ਰਾਜ ਹੀਣ ਸਮਝ ਕੇ ਦੁਰਕਾਰਦੇ ਅਤੇ ਕੁਚਲਦੇ ਰਹੇ। ਲੇਖਕ ਨੇ ਵਿਸ਼ਵ ਫੁੱਟਬਾਲ ਦੇ ਇਸ ਬਹੁਤ ਹੀ ਰੌਚਕ ਪਹਿਲੂ ਨੂੰ ਛੂਹਿਆ ਹੈ, ਵਿਸ਼ੇ ਦੇ ਮਹੱਤਵ ਦੇ ਮੱਦੇਨਜ਼ਰ ਇਸਦਾ ਪੰਜਾਬੀ ਰੂਪ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਜਿਸਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ। – ਸੰਪਾਦਕ ॥
ਗ਼ੌਰ ਨਾਲ ਦੇਖੋ। ਵਿਸ਼ਵ ਫੁੱਟਬਾਲ ਦੀਆਂ ਕਥਿਤ ‘ਗੋਰੀਆਂ ਕੌਮਾਂ’ ਹੁਣ ਸਿਰਫ਼ ਚਿੱਟੇ ਜਿਸਮਾਂ, ਚਿੱਟੇ ਇਤਿਹਾਸਾਂ, ਚਿੱਟੇ ਗਿਰਜਾਘਰਾਂ ਜਾਂ ਗੋਰੀ ਚਮੜੀ ਵਾਲੀਆਂ ਔਲਾਦਾਂ ਦੇ ਸਹਾਰੇ ਨਹੀਂ ਖੜ੍ਹੀਆਂ। ਉਹ ਵਾਰ-ਵਾਰ ਅਫ਼ਰੀਕਾ, ਕੈਰੇਬੀਅਨ, ਅਰਬ ਜਗਤ, ਏਸ਼ੀਆ ਅਤੇ ਲਾਤੀਨੀ ਅਮਰੀਕਾ ਦੀਆਂ ਔਲਾਦਾਂ ਦੇ ਮੋਢਿਆਂ ਉੱਤੇ ਟਿਕੀਆਂ ਹੋਈਆਂ ਹਨ—ਪ੍ਰਵਾਸੀ ਬਸਤੀਆਂ, ਸ਼ਰਨਾਰਥੀ ਪਰਿਵਾਰਾਂ, ਕਿਰਤੀ ਉੱਪਨਗਰਾਂ ਅਤੇ ਬਸਤੀਵਾਦ ਦੀਆਂ ਯਾਦਾਂ ਵਿਚੋਂ ਨਿੱਕਲੀਆਂ ਨਵੀਆਂ ਪੀੜ੍ਹੀਆਂ ਦੇ ਸਹਾਰੇ। ਇਹੀ ਇਸ ਕਹਾਣੀ ਦਾ ਸਾਰ ਹੈ।
ਅੱਜ ਫੀਫਾ ਵਿਸ਼ਵ ਕੱਪ ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਕੀ ਖੜ੍ਹਾ ਕਰਦਾ ਹੈ? ਕੀ ਇਹ, ਕਿ ਕਿਸ ਨੇ ਗੋਲ ਕੀਤਾ, ਕਿਸ ਨੇ ਆਪਣੀ ਟੋਲੀ ਵਿਚ ਪਹਿਲਾ ਸਥਾਨ ਹਾਸਲ ਕੀਤਾ, ਜਾਂ ਕੌਣ ਅਗਲੇ ਦੌਰ ਵਿਚ ਪਹੁੰਚਿਆ? ਨਹੀਂ। ਅਸਲ ਸਵਾਲ ਇਹ ਹੈ— ਆਖ਼ਿਰ ਸਾਬਕਾ ਸਾਮਰਾਜਾਂ ਦੇ ਸੁਪਨਿਆਂ ਨੂੰ ਆਪਣੇ ਪੈਰਾਂ ਉੱਤੇ ਚੁੱਕ ਕੇ ਕੌਣ ਦੌੜ ਰਿਹਾ ਹੈ?
ਫਰਾਂਸ ਨੂੰ ਦੇਖੋ। ਇੰਗਲੈਂਡ ਨੂੰ ਦੇਖੋ। ਬੈਲਜੀਅਮ, ਸਪੇਨ, ਜਰਮਨੀ, ਨੀਦਰਲੈਂਡ, ਸਵਿਟਜ਼ਰਲੈਂਡ, ਪੁਰਤਗਾਲ, ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਨੂੰ ਦੇਖੋ। ਪਰ ਇਨ੍ਹਾਂ ਨੂੰ ਆਲਸੀ ਕੌਮਵਾਦੀ ਨਜ਼ਰ ਨਾਲ ਨਹੀਂ, ਸਗੋਂ ਰਾਜਨੀਤੀ ਅਤੇ ਇਤਿਹਾਸ ਦੀ ਨਜ਼ਰ ਨਾਲ ਦੇਖੋ। ਵਿਸ਼ਵ ਫੁੱਟਬਾਲ ਦੀਆਂ ਇਹ ਕਥਿਤ ‘ਗੋਰੀਆਂ ਕੌਮਾਂ’ ਹੁਣ ਸਿਰਫ ਚਿੱਟੇ ਸਰੀਰਾਂ, ਚਿੱਟੇ ਇਤਿਹਾਸਾਂ, ਚਿੱਟੀਆਂ ਈਸਾਈ ਪਰੰਪਰਾਵਾਂ ਜਾਂ ਚਿੱਟੀ ਚਮੜੀ ਵਾਲੀਆਂ ਔਲਾਦਾਂ ਨਾਲ ਨਹੀਂ ਚਲਾਈਆਂ ਜਾ ਰਹੀਆਂ। ਇਨ੍ਹਾਂ ਨੂੰ ਵਾਰ-ਵਾਰ ਅਫਰੀਕਾ, ਕੈਰੇਬੀਅਨ, ਅਰਬ ਜਗਤ, ਏਸ਼ੀਆ ਅਤੇ ਲਾਤੀਨੀ ਅਮਰੀਕਾ ਦੀਆਂ ਔਲਾਦਾਂ ਅੱਗੇ ਵਧਾ ਰਹੀਆਂ ਹਨ—ਉਹ ਲੋਕ ਜੋ ਪ੍ਰਵਾਸੀ ਮੁਹੱਲਿਆਂ, ਸ਼ਰਨਾਰਥੀ ਘਰਾਂ, ਮਜ਼ਦੂਰ ਬਸਤੀਆਂ ਅਤੇ ਬਸਤੀਵਾਦ ਦੀ ਵਿਰਾਸਤ ਵਿਚੋਂ ਨਿੱਕਲ ਕੇ ਆਏ ਹਨ। ਇਹ ਕਿ ਆਲਮੀ ਉੱਤਰ ਅੱਜ ਆਪਣੇ ਪੈਰਾਂ ਉੱਤੇ ਆਲਮੀ ਦੱਖਣ ਨੂੰ ਲੈ ਕੇ ਚੱਲ ਰਿਹਾ ਹੈ, ਫੁੱਟਬਾਲ ਦਾ ਕੋਈ ਨਿੱਕਾ-ਜਿਹਾ ਫੁੱਟਨੋਟ ਨਹੀਂ ਹੈ। ਇਹੀ ਪੂਰੀ ਕਹਾਣੀ ਹੈ।
ਫਰਾਂਸ ਇਸਦੀ ਸਭ ਤੋਂ ਪ੍ਰਭਾਵਸ਼ਾਲੀ ਮਿਸਾਲ ਹੈ। ਪੈਰਿਸ ਵਿਚ ਜੰਮੇ ਕਿਲੀਅਨ ਐਮਬਾਪੇ, ਜਿਸ ਦੀਆਂ ਜੜ੍ਹਾਂ ਕੈਮਰੂਨ ਅਤੇ ਅਲਜੀਰੀਆ ਨਾਲ ਜੁੜੀਆਂ ਹਨ, ਫਰਾਂਸੀਸੀ ਟੀਮ ਵਿਚ ਕੋਈ ਅਪਵਾਦ ਨਹੀਂ ਹੈ। ਉਹ ਕਿਤੇ ਵਿਆਪਕ ਸੱਚਾਈ ਦੇ ਕੇਂਦਰ ਵਿਚ ਖੜ੍ਹਾ ਹੈ। ਉਸ ਦੇ ਆਲੇ-ਦੁਆਲੇ ਓਸਮਾਨ ਡੈਂਬੇਲੇ, ਔਰੇਲੀਅਨ ਚੁਆਮੇਨੀ, ਐਨ’ਗੋਲੋ ਕਾਂਤੇ, ਮਾਈਕ ਮੈਨਾਨ, ਵਿਲੀਅਮ ਸਾਲੀਬਾ, ਇਬਰਾਹੀਮਾ ਕੋਨਾਤੇ, ਜੂਲਸ ਕੁੰਦੇ, ਦਾਇਓ ਉਪਾਮੇਕਾਨੋ, ਮਾਈਕਲ ਓਲੀਸੇ, ਰਾਇਆਨ ਸ਼ੇਰਕੀ, ਬ੍ਰੈਡਲੀ ਬਾਰਕੋਲਾ, ਮਾਰਕਸ ਥੁਰਾਮ, ਦੇਜ਼ੀਰੇ ਦੋਏ ਅਤੇ ਅਨੇਕ ਹੋਰ ਖਿਡਾਰੀ ਖੜ੍ਹੇ ਹਨ। ਉਹ ਸਾਰੇ ਫਰਾਂਸੀਸੀ ਹਨ। ਪਰ ਉਹ ਉਨ੍ਹਾਂ ਇਤਿਹਾਸਾਂ ਦੀ ਵੀ ਔਲਾਦ ਹਨ ਜਿਨ੍ਹਾਂ ਉੱਪਰ ਕਦੇ ਫਰਾਂਸ ਰਾਜ ਕਰਦਾ ਰਿਹਾ ਹੈ, ਜਿਨ੍ਹਾਂ ਦੀ ਕਰੂਰ ਲੁੱਟ-ਖਸੁੱਟ ਕੀਤੀ ਗਈ, ਜਿਨ੍ਹਾਂ ਦੇ ਸਾਧਨਾਂ ਨੂੰ ਲੁੱਟਿਆ ਗਿਆ, ਜਿਨ੍ਹਾਂ ਉੱਤੇ ਪੁਲਸੀ ਕੰਟਰੋਲ ਸਥਾਪਤ ਕੀਤਾ ਗਿਆ, ਜਿਨ੍ਹਾਂ ਨੂੰ ਨਸਲੀ ਭੇਦਭਾਵ ਦਾ ਸ਼ਿਕਾਰ ਬਣਾਇਆ ਗਿਆ ਅਤੇ ਜਿਨ੍ਹਾਂ ਨੂੰ ‘ਬਾਹਰਲੇ’ ਕਿਹਾ ਗਿਆ।
ਅੱਜ ਉਹੀ ‘ਬਾਹਰਲੇ’ ਲੋਕ ਫਰਾਂਸ ਦਾ ਕੇਂਦਰ ਬਣ ਚੁੱਕੇ ਹਨ।
ਪੁਰਾਣਾ ਸਾਮਰਾਜ ਕਿਰਤ ਤਾਂ ਚਾਹੁੰਦਾ ਸੀ, ਪਰ ਬਰਾਬਰੀ ਨਹੀਂ। ਬਸਤੀ ਤਾਂ ਚਾਹੁੰਦਾ ਸੀ, ਪਰ ਨਾਗਰਿਕਤਾ ਨਹੀਂ। ਸਾਧਨ ਤਾਂ ਚਾਹੁੰਦਾ ਸੀ, ਪਰ ਇਤਿਹਾਸ ਦੀ ਯਾਦ ਨਹੀਂ। ਸੱਭਿਆਚਾਰ ਤਾਂ ਚਾਹੁੰਦਾ ਸੀ, ਪਰ ਨਿਆਂ ਨਹੀਂ। ਫੁੱਟਬਾਲ ਨੇ ਇਸ ਪੂਰੀ ਵਿਵਸਥਾ ਨੂੰ ਬੇਕਿਰਕੀ ਨਾਲ ਉਲਟਾ ਦਿੱਤਾ ਹੈ। ਅੱਜ ਗ਼ੁਲਾਮ ਬਸਤੀਆਂ ਰਹੇ ਲੋਕਾਂ ਦੀਆਂ ਔਲਾਦਾਂ ‘ਲਾ ਮਾਰਸੇਯੇਜ਼’ ਗਾਉਂਦੀਆਂ ਹਨ, ਫਰਾਂਸ ਦੀ ਨੀਲੀ ਜਰਸੀ ਪਹਿਨਦੀਆਂ ਹਨ, ਟਰਾਫੀਆਂ ਜਿੱਤਦੀਆਂ ਹਨ, ਪੈਨਲਟੀ ਲੈਂਦੀਆਂ ਹਨ, ਨਸਲਵਾਦੀ ਗਾਲ੍ਹਾਂ ਸਹਿੰਦੀਆਂ ਹਨ ਅਤੇ ਫਿਰ ਵੀ ਉਸ ਗਣਰਾਜ ਨੂੰ ਉਸਦੀ ਆਪਣੀ ਸੰਕੀਰਨ ਸਵੈ-ਕਲਪਨਾ ਤੋਂ ਬਾਹਰ ਕੱਢਦੀਆਂ ਹਨ।
ਇਹ ਵਿਡੰਬਨਾ ਚਿੰਨ੍ਹਾਤਮਕ ਨਹੀਂ ਹੈ। ਇਹ ਇਤਿਹਾਸ ਦੀ ਵਿਡੰਬਨਾ ਹੈ।
ਇੰਗਲੈਂਡ ਦੀ ਕਹਾਣੀ ਵੀ ਹੁਣ ਕਥਿਤ ‘ਟਾਪੂ-ਪਵਿੱਤਰਤਾ’ ਦੀ ਮਿੱਥ ਨਾਲ ਨਹੀਂ ਸਮਝੀ ਜਾ ਸਕਦੀ। ਅੱਜ ਇੰਗਲੈਂਡ ਦੀਆਂ ਫੁੱਟਬਾਲ ਸਬੰਧੀ ਉਮੀਦਾਂ ਬੁਕਾਯੋ ਸਾਕਾ, ਜੂਡ ਬੇਲਿੰਗਹੈਮ, ਮਾਰਕਸ ਰੈਸ਼ਫੋਰਡ, ਏਬੇਰੇਚੀ ਏਜ਼ੇ, ਕੋਬੀ ਮੈਨੂ, ਨੋਨੀ ਮਾਡੁਏਕੇ, ਮਾਰਕ ਗੁਏਹੀ, ਏਜ਼ਰੀ ਕੌਨਸਾ, ਇਵਾਨ ਟੋਨੀ, ਜੇਡ ਸਪੈਂਸ ਅਤੇ ਅਨੇਕ ਹੋਰ ਖਿਡਾਰੀਆਂ ਦੇ ਪੈਰਾਂ ਉੱਤੇ ਦੌੜਦੀਆਂ ਹਨ। ਇਨ੍ਹਾਂ ਵਿਚੋਂ ਕੁਝ ਅਫਰੀਕੀ ਜਾਂ ਕੈਰੇਬੀਆਈ ਮੂਲ ਦੇ ਹਨ। ਕੁਝ ਪ੍ਰਵਾਸੀ ਪਰਿਵਾਰਾਂ ਤੋਂ ਆਉਂਦੇ ਹਨ। ਕੁਝ ਅਜਿਹੇ ਨਾਮ ਅਤੇ ਇਤਿਹਾਸ ਆਪਣੇ ਨਾਲ ਲੈ ਕੇ ਚੱਲਦੇ ਹਨ ਜਿਨ੍ਹਾਂ ਨੂੰ ਕਦੇ ‘ਅੰਗਰੇਜ਼ੀਅਤ’ ਦੇ ਘੇਰੇ ਤੋਂ ਬਾਹਰ ਰਹਿਣ ਲਈ ਕਿਹਾ ਗਿਆ ਸੀ। ਪਰ ਅੱਜ ਇਨ੍ਹਾਂ ਤੋਂ ਬਿਨਾਂ ਇੰਗਲੈਂਡ ਵਿਸ਼ਵ ਕੱਪ ਜਿੱਤਣ ਦਾ ਦਾਅਵੇਦਾਰ ਨਹੀਂ ਰਹਿ ਜਾਂਦਾ। ਉਹ ਮਹਿਜ਼ ਚਿੱਟੀ ਜਰਸੀ ਵਿਚ ਲਪੇਟੀ ਹੋਈ ਪੁਰਾਣੀ ਯਾਦ (ਨੋਸਟਅਲਗਿਅ) ਬਣ ਕੇ ਰਹਿ ਜਾਂਦਾ ਹੈ। ਅਤੇ ਫਿਰ ਧਰਮ ਦਾ ਸਵਾਲ ਵੀ ਹੈ। ਯੂਰਪ, ਜੋ ਅੱਜ ਵੀ ਆਪਣੇ ਆਪ ਨੂੰ ਈਸਾਈ ਸਭਿਅਤਾਗਤ ਖੇਤਰ ਦੇ ਰੂਪ ਵਿਚ ਦੇਖਣਾ ਪਸੰਦ ਕਰਦਾ ਹੈ, ਹੁਣ ਆਪਣੇ ਫੁੱਟਬਾਲ ਦੇ ਭਵਿੱਖ ਨੂੰ ਮੁਸਲਮਾਨ, ਪ੍ਰਵਾਸੀ ਅਤੇ ਘੱਟਗਿਣਤੀ ਭਾਈਚਾਰਿਆਂ ਦੇ ਇਤਿਹਾਸਾਂ ਦੁਆਰਾ ਗਹਿਰਾਈ ਨਾਲ ਘੜੇ-ਤਰਾਸ਼ੇ ਜਾਂਦੇ ਦੇਖਦਾ ਹੈ।
ਸਪੇਨ ਦਾ ਲਾਮੀਨ ਯਾਮਾਲ ਇਸਦੀ ਸਭ ਤੋਂ ਚਮਕੀਲੀ ਮਿਸਾਲ ਹੈ। ਕੈਟਾਲੋਨੀਆ ਵਿਚ ਜੰਮੇ ਯਾਮਾਲ ਦੇ ਪਿਤਾ ਮੋਰਾਕੋ ‘ਤੋਂ ਹਨ ਅਤੇ ਉਨ੍ਹਾਂ ਦੀ ਮਾਂ ਇਕਵੇਟੋਰੀਅਲ ਗਿਨੀ ‘ਤੋਂ ਹੈ। ਉਹ ਵਿਸ਼ਵ ਫੁੱਟਬਾਲ ਦੀਆਂ ਸਭ ਤੋਂ ਵਿਲੱਖਣ ਨੌਜਵਾਨ ਪ੍ਰਤਿਭਾਵਾਂ ਵਿਚੋਂ ਇੱਕ ਹੈ। ਉਸ ਦੀ ਮੌਜੂਦਗੀ ਹੀ ਪੁਰਾਣੀ ਪਛਾਣ-ਪ੍ਰਣਾਲੀ ਨੂੰ ਚੁਣੌਤੀ ਦਿੰਦੀ ਹੈ। ਕੀ ਉਹ ਸਪੇਨੀ ਹੈ? ਹਾਂ। ਕੀ ਉਸ ਦੀ ਖ਼ਾਨਦਾਨੀ ਪਰੰਪਰਾ ਅਫਰੀਕੀ ਹੈ? ਹਾਂ। ਕੀ ਉਹ ਪ੍ਰਵਾਸੀ ਸੰਘਰਸ਼ਾਂ ਦੀ ਔਲਾਦ ਹੈ? ਹਾਂ। ਕੀ ਉਸ ਨੂੰ ਇਨ੍ਹਾਂ ਇਤਿਹਾਸਾਂ ਵਿਚੋਂ ਸਿਰਫ਼ ਇੱਕ ਨੂੰ ਚੁਣਨਾ ਚਾਹੀਦਾ ਹੈ? ਨਹੀਂ।
ਇਹੀ ਉਹ ਗੱਲ ਹੈ ਜੋ ਫੁੱਟਬਾਲ ਅੱਜ ਯੂਰਪ ਨੂੰ ਸਿਖਾ ਰਿਹਾ ਹੈ— ਪਛਾਣ ਕੋਈ ਜੇਲ੍ਹ ਨਹੀਂ ਹੈ। ਉਹ ਅਜਿਹੀ ਨਦੀ ਹੈ, ਜਿਸਨੂੰ ਬੰਨ੍ਹ ਮਾਰ ਕੇ ਹਮੇਸ਼ਾ ਲਈ ਕੈਦ ਨਹੀਂ ਰੱਖਿਆ ਜਾ ਸਕਦਾ। ਇੰਗਲੈਂਡ ਦੀ ਟੀਮ ਵਿਚ ਜੇਡ ਸਪੈਂਸ ਦਾ ਇੱਕ ਮੁਸਲਮਾਨ ਨੁਮਾਇੰਦੇ ਦੇ ਰੂਪ ਵਿਚ ਉੱਭਰਨਾ ਮਹਿਜ਼ ਖੇਡ ਨਾਲ ਜੁੜੀ ਰੌਚਕ ਜਾਣਕਾਰੀ ਨਹੀਂ ਹੈ। ਇਹ ਇੱਕ ਰਾਜਨੀਤਿਕ ਤਸਵੀਰ ਹੈ। ਇੱਕ ਅਜਿਹੇ ਮੁਲਕ ਦੀ ਰਾਸ਼ਟਰੀ ਟੀਮ ਵਿਚ ਇੱਕ ਮੁਸਲਮਾਨ ਖਿਡਾਰੀ, ਜਿੱਥੇ ਇਸਲਾਮੀ ਹਊਏ ਨੂੰ ਅਖ਼ਬਾਰਾਂ, ਰਾਜਨੇਤਾਵਾਂ ਅਤੇ ਸੜਕ ਉੱਤੇ ਫੈਲੇ ਨਸਲਵਾਦ ਨੇ ਆਮ ਬਣਾ ਦਿੱਤਾ ਹੈ। ਇੱਕ ਅਜਿਹਾ ਖਿਡਾਰੀ, ਜਿਸਦਾ ਪਿਛੋਕੜ ਘੱਟਗਿਣਤੀ ਹੈ, ਉਸ ਮੁਲਕ ਦੀ ਜਰਸੀ ਪਹਿਨ ਰਿਹਾ ਹੈ ਜੋ ਅੱਜ ਵੀ ਇਹ ਸਵੀਕਾਰ ਕਰਨ ਲਈ ਸੰਘਰਸ਼ ਕਰ ਰਿਹਾ ਹੈ ਕਿ ਉਸਦੇ ਸਾਮਰਾਜ ਨੇ ਦੁਨੀਆ ਨਾਲ ਕੀ ਕੀਤਾ ਸੀ।
ਇਹ ਮਹਿਜ਼ ਦਿਖਾਵੇ ਦੀ ਵੰਨ-ਸੁਵੰਨਤਾ ਨਹੀਂ ਹੈ। ਇਹ ਨਵੀਂ ਜਨਸੰਖਿਆਤਮਕ ਸੱਚਾਈ ਹੈ, ਜੋ ਪੁਰਾਣੇ ਕੌਮਵਾਦੀ ਝੂਠ ਨੂੰ ਤੋੜਦੀ ਹੋਈ ਸਾਹਮਣੇ ਆ ਰਹੀ ਹੈ।
ਜਰਮਨੀ ਦੀ ਕਹਾਣੀ ਵੀ ਇਸੇ ਤਰ੍ਹਾਂ ਅੱਗੇ ਵਧਦੀ ਹੈ। ਅੰਤੋਨੀਓ ਰੂਡੀਗਰ, ਜਮਾਲ ਮੁਸਿਆਲਾ, ਮਲਿਕ ਥਿਆਵ, ਪਹਿਲੀਆਂ ਟੀਮਾਂ ਵਿਚ ਕਰੀਮ ਅਦੇਯੇਮੀ ਅਤੇ ਹੁਣ ਕੁਰਦ-ਯਜ਼ੀਦੀ ਵਿਰਾਸਤ ਵਾਲੇ ਜਰਮਨੀ ਵਿਚ ਜੰਮੇ ਖਿਡਾਰੀ ਡੇਨਿਜ਼ ਉਨਦਾਵ ਇਹ ਸਾਬਤ ਕਰਦੇ ਹਨ ਕਿ ਜਰਮਨੀ ਦੀ ਫੁੱਟਬਾਲ ਟੀਮ ਹੁਣ ਉਸਦੇ ਅਤੀਤ ਦੀ ਉਸ ‘ਆਰੀਅਨ ਪਵਿੱਤਰਤਾ’ ਵਾਲੀ ਹਨੇਰੀ ਮਿੱਥ ਦੀ ਨੁਮਾਇੰਦਗੀ ਨਹੀਂ ਕਰਦੀ।
ਉਨਦਾਵ ਦੀ ਕਹਾਣੀ ਵਿਸ਼ੇਸ਼ ਤੌਰ ਉੱਤੇ ਭਾਵੁਕ ਕਰਨ ਵਾਲੀ ਹੈ। ਇੱਕ ਸਤਾਏ ਗਏ ਯਜ਼ੀਦੀ ਸ਼ਰਨਾਰਥੀ ਪਰਿਵਾਰ ਦੇ ਪੁੱਤਰ ਦੇ ਰੂਪ ਵਿਚ ਉਹ ਅੱਜ ਜਰਮਨੀ ਲਈ ਖੇਡਦਾ ਹੈ ਅਤੇ ਲੰਮੇ ਸਮੇਂ ਤੋਂ ਅੱਤਿਆਚਾਰ ਝੱਲ ਰਹੇ ਵਤਨ-ਵਿਹੂਣੇ ਪੀੜਤ ਭਾਈਚਾਰੇ ਦੇ ਸਨਮਾਨ ਦਾ ਚਿੰਨ੍ਹ ਬਣ ਗਿਆ ਹੈ। ਇਹ ਉਹ ਕੰਮ ਹੈ ਜੋ ਫੁੱਟਬਾਲ ਕਰ ਰਿਹਾ ਹੈ, ਜਦੋਂ ਕਿ ਪਾਰਲੀਮੈਂਟਾਂ ਅਕਸਰ ਅਜਿਹਾ ਕਰਨ ਤੋਂ ਇਨਕਾਰ ਕਰ ਦਿੰਦੀਆਂ ਹਨ ਯਾਨੀ ਅਦਿੱਖ ਲੋਕਾਂ ਨੂੰ ਦਿਸਣਯੋਗ ਬਣਾਉਣਾ।
ਬੈਲਜੀਅਮ ਦੀ ਕਹਾਣੀ ਵੀ ਉਨੀ ਹੀ ਪ੍ਰਭਾਵਸ਼ਾਲੀ ਹੈ। ਜੇਰੇਮੀ ਡੋਕੂ, ਰੋਮੇਲੂ ਲੁਕਾਕੂ, ਅਮਾਦੂ ਓਨਾਨਾ, ਡੋਡੀ ਲੁਕੇਬਾਕੀਓ, ਯੂਰੀ ਟੀਲੇਮਾਂਸ ਅਤੇ ਅਨੇਕ ਹੋਰ ਖਿਡਾਰੀ ਅਜਿਹੇ ਮੁਲਕ ਦੀ ਨੁਮਾਇੰਦਗੀ ਕਰਦੇ ਹਨ ਜਿਸਦੀ ਖ਼ੁਸ਼ਹਾਲੀ ਇਤਿਹਾਸਕ ਤੌਰ ’ਤੇ ਕਾਂਗੋ ਅਤੇ ਪੂਰੇ ਅਫਰੀਕਾ ਦੀ ਬੇਕਿਰਕ ਲੁੱਟਖਸੁੱਟ ਨਾਲ ਜੁੜੀ ਰਹੀ ਹੈ। ਅੱਜ ਬੈਲਜੀਅਮ ਦੇ ਫੁੱਟਬਾਲ ਦੇ ਗੌਰਵ ਨੂੰ ਅਫਰੀਕੀ ਮੂਲ ਦੇ ਖਿਡਾਰੀਆਂ ਤੋਂ ਵੱਖ ਕਰਕੇ ਸੋਚਿਆ ਹੀ ਨਹੀਂ ਜਾ ਸਕਦਾ। ਜਿਨ੍ਹਾਂ ਲੋਕਾਂ ਦੇ ਪੁਰਖੇ ਕਦੇ ਗ਼ੁਲਾਮ ਬਸਤੀ ਬਣਾਏ ਗਏ, ਨਸਲੀ ਭੇਦਭਾਵ ਦੇ ਸ਼ਿਕਾਰ ਹੋਏ ਅਤੇ ਜਿਨ੍ਹਾਂ ਨੂੰ ਹੀਣ ਸਮਝਿਆ ਗਿਆ, ਅੱਜ ਉਨ੍ਹਾਂ ਨੇ ਉਸ ਮੁਲਕ ਦਾ ਝੰਡਾ ਚੁੱਕਿਆ ਹੋਇਆ ਹੈ ਜੋ ਕਦੇ ਬਸਤੀਵਾਦੀ ਕਰੂਰਤਾ ਤੋਂ ਮੁਨਾਫ਼ੇ ਕਮਾਉਂਦਾ ਰਿਹਾ ਹੈ।
ਇਤਿਹਾਸ ਦਾ ਖੱਬਾ ਪੈਰ ਵੀ ਅਜੀਬ ਢੰਗ ਨਾਲ ਗੇਂਦ ਨੂੰ ਮੋੜਾ ਦੇ ਦਿੰਦਾ ਹੈ।
ਨੀਦਰਲੈਂਡ, ਸਵਿਟਜ਼ਰਲੈਂਡ, ਸਵੀਡਨ ਅਤੇ ਪੁਰਤਗਾਲ ਵੀ ਹੁਣ ਸੱਭਿਆਚਾਰਕ ਤੌਰ ਉੱਤੇ ਬੰਦ ਯੂਰਪੀ ਟੀਮਾਂ ਨਹੀਂ ਰਹਿ ਗਈਆਂ ਹਨ। ਉਹ ਪ੍ਰਵਾਸ, ਸਾਮਰਾਜਵਾਦ, ਕਿਰਤ ਅਤੇ ਸ਼ਰਣ ਦੀਆਂ ਕਹਾਣੀਆਂ ਤੋਂ ਬਣੀਆਂ ਟੀਮਾਂ ਹਨ। ਵਰਜਿਲ ਫਾਨ ਡਾਈਕ, ਕੋਡੀ ਗਾਕਪੋ, ਜ਼ਾਵੀ ਸਿਮੋਨਸ, ਡੈਂਜ਼ੇਲ ਡਮਫਰੀਜ਼, ਮੈਨੁਅਲ ਅਕਾਂਜੀ, ਬ੍ਰੀਲ ਐਮਬੋਲੋ, ਅਲੈਕਜ਼ੈਂਡਰ ਇਸਾਕ, ਰਾਫਾਏਲ ਲਿਆਓ, ਨੂਨੋ ਮੈਂਡੇਸ, ਦਾਨੀਲੋ ਪਰੇਰਾ ਅਤੇ ਅਨੇਕ ਹੋਰ ਖਿਡਾਰੀ ਸਾਨੂੰ ਇਹ ਚੇਤੇ ਕਰਾਉਂਦੇ ਹਨ ਕਿ ਯੂਰਪ ਦੀ ਫੁੱਟਬਾਲ ਸਮਰੱਥਾ ਕਿਸੇ ਨਸਲੀ ਪਵਿੱਤਰਤਾ ਦੀ ਦੇਣ ਨਹੀਂ ਹੈ, ਸਗੋਂ ਬਹੁਲਤਾਵਾਦ ਦੀ ਉਪਜ ਹੈ।
ਉੱਤਰੀ ਅਮਰੀਕਾ ਵੀ ਇਹੀ ਕਹਾਣੀ ਕਹਿੰਦਾ ਹੈ, ਬਸ ਉਸਦੀ ਭਾਸ਼ਾ ਕੁਝ ਵੱਖਰੀ ਹੈ।
ਸੰਯੁਕਤ ਰਾਜ ਅਮਰੀਕਾ ਦੀ ਰਾਸ਼ਟਰੀ ਟੀਮ ਕਿਸੇ ‘ਗੋਰੀ ਅਮਰੀਕੀ’ ਕਹਾਣੀ ਦਾ ਨਾਮ ਨਹੀਂ ਹੈ। ਹਾਂ, ਉਸ ਵਿਚ ਈਸਾਈ ਪੁਲੀਸਿਕ ਹਨ, ਪਰ ਉਸਦੇ ਨਾਲ ਟਿਮ ਵੇਆ, ਵੈਸਟਨ ਮੈਕੇਨੀ, ਟਾਇਲਰ ਐਡਮਜ਼, ਫੋਲਾਰਿਨ ਬਾਲੋਗੁਨ, ਹਾਜੀ ਰਾਈਟ, ਮਲਿਕ ਟਿਲਮੈਨ, ਸਰਜੀਨੋ ਡੇਸਟ, ਐਂਤੋਨੀ ਰੌਬਿਨਸਨ, ਕ੍ਰਿਸ ਰਿਚਰਡਜ਼, ਮਾਰਕ ਮੈਕੈਂਜ਼ੀ, ਮਾਈਲਜ਼ ਰੌਬਿਨਸਨ, ਆਸਟਨ ਟ੍ਰਸਟੀ, ਰਿਕਾਰਡੋ ਪੈਪੀ ਅਤੇ ਅਲੇਜਾਂਦਰੋ ਜ਼ੈਂਦੇਖਾਸ ਵਰਗੇ ਖਿਡਾਰੀ ਵੀ ਹਨ।
ਇਹ ਟੀਮ ਕਾਲੇ ਅਮਰੀਕਾ, ਅਫਰੀਕੀ ਪ੍ਰਵਾਸ, ਕੈਰੇਬੀਆਈ ਮਾਰਗਾਂ, ਲਾਤੀਨੀ ਅਮਰੀਕੀ ਇਤਿਹਾਸਾਂ, ਮਿਸ਼ਰਤ ਪਰਿਵਾਰਾਂ ਅਤੇ ਲਗਾਤਾਰ ਹੋ ਰਹੇ ਮਾਨਵੀ ਆਵਾਗਮਨ ਦੀਆਂ ਔਲਾਦਾਂ ਦੀ ਕਹਾਣੀ ਹੈ। ਇੱਕ ਅਜਿਹੇ ਮੁਲਕ ਵਿਚ, ਜਿੱਥੇ ਨਸਲਵਾਦ ਅੱਜ ਵੀ ਢਾਂਚਾਗਤ ਹੈ ਅਤੇ ਪੁਲਸੀ ਹਿੰਸਾ ਅਜੇ ਵੀ ਰਾਜਨੀਤਿਕ ਸਵਾਲ ਬਣੀ ਹੋਈ ਹੈ, ਉੱਥੋਂ ਦੀ ਕੌਮੀ ਫੁੱਟਬਾਲ ਟੀਮ ਚੁੱਪ-ਚਾਪ ਉਸ ਅਮਰੀਕਾ ਦੀ ਝਲਕ ਦਿਖਾਉਂਦੀ ਹੈ ਜੋ ਗਣਰਾਜ ਹੁਣ ਤੱਕ ਪੂਰੀ ਤਰ੍ਹਾਂ ਬਣ ਨਹੀਂ ਪਾਇਆ ਹੈ। ਸੰਖੇਪ ਵਿਚ ਕਹੀਏ ਤਾਂ, ਫੀਫਾ ਵਿਸ਼ਵ ਕੱਪ ਵਿਚ ਸੰਯੁਕਤ ਰਾਜ ਅਮਰੀਕਾ ਦੀ ਫੁੱਟਬਾਲ ਟੀਮ ਹਰ ਉਸ ਚੀਜ਼ ਦਾ ਪ੍ਰਤੱਖ ਖੰਡਨ ਕਰਦੀ ਹੈ, ਜਿਸਦੇ ਦੇ ਹੱਕ ਵਿਚ ਡੋਨਾਲਡ ਟਰੰਪ ਅਤੇ ਜੜ੍ਹ ਹੋ ਚੁੱਕੀ ਰਿਪਬਲਿਕਨ ਰਾਜਨੀਤੀ ਖੜ੍ਹੀ ਦਿਖਾਈ ਦਿੰਦੀ ਹੈ। ਜਿਵੇਂ ਘਾਹ ਦੇ ਮੈਦਾਨ ਉੱਤੇ ਹੀ ਉਨ੍ਹਾਂ ਦੀ ਰਾਜਨੀਤੀ ਹਾਰ ਰਹੀ ਹੋਵੇ।
ਕੈਨੇਡਾ ਦੀ ਕਹਾਣੀ ਵੀ ਵੱਖਰੀ ਨਹੀਂ ਹੈ। ਘੁੰਗਰਾਲੇ ਵਾਲਾਂ ਵਾਲੇ ਇਨ੍ਹਾਂ ਖਿਡਾਰੀਆਂ ਤੋਂ ਬਿਨਾਂ ਅੱਜ ਕੈਨੇਡਾ ਦੀ ਕੌਮੀ ਟੀਮ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। 2026 ਫੀਫਾ ਵਿਸ਼ਵ ਕੱਪ ਵਿਚ ਅੰਤਿਮ-16 ਰਾਊਂਡ ਵਿਚ ਪਹੁੰਚਣ ਵਾਲੀ ਪਹਿਲੀ ਟੀਮ ਬਣਨ ਵਾਲਾ ਕੈਨੇਡਾ, ਅਲਫੋਂਸੋ ਡੇਵਿਸ, ਜੋਨਾਥਨ ਡੇਵਿਡ, ਇਸਮਾਏਲ ਕੋਨੇ, ਤਾਜੋਨ ਬੁਕੈਨਨ, ਮੋਇਜ਼ ਬੌਮਬਿਟੋ, ਅਲੀ ਅਹਿਮਦ, ਕਾਇਲ ਲਾਰਿਨ, ਤਾਨੀ ਓਲੁਵਾਸੇਈ, ਪ੍ਰੌਮਿਸ ਡੇਵਿਡ ਅਤੇ ਅਨੇਕ ਹੋਰ ਖਿਡਾਰੀਆਂ ਤੋਂ ਬਿਨਾਂ ਕੁਝ ਵੀ ਨਹੀਂ ਹੈ। ਇਹ ਅਜਿਹਾ ਮੁਲਕ ਹੈ ਜਿਸਦੀ ਫੁੱਟਬਾਲ ਵਿਚ ਤਰੱਕੀ ਕਾਲੇ, ਕੈਰੇਬੀਆਈ, ਅਫਰੀਕੀ ਅਤੇ ਪ੍ਰਵਾਸੀ ਮੂਲ ਦੇ ਖਿਡਾਰੀਆਂ ਦੀ ਪ੍ਰਤਿਭਾ ਉੱਤੇ ਆਧਾਰਤ ਹੈ। ਮੈਦਾਨ ਉੱਪਰ ਦਿਖਾਈ ਦੇਣ ਵਾਲਾ ਨਵਾਂ ਕੈਨੇਡਾ, ਸੈਟਲਰ ਬਸਤੀਵਾਦ ਦੇ ਉਸ ਪੁਰਾਣੇ ਅਤੇ ਸਵੈ-ਸੰਤੁਸ਼ਟ ਅਕਸ ਤੋਂ ਕਿਤੇ ਅੱਗੇ ਨਿਕਲ ਚੁੱਕਾ ਹੈ, ਜੋ ਆਪਣੇ ਆਪ ਨੂੰ ਨਿਰਦੋਸ਼ ਮੰਨਦਾ ਸੀ।
ਇਹੀ ਕਾਰਨ ਹੈ ਕਿ ਫੁੱਟਬਾਲ ਰਾਜਨੀਤਿਕ ਹੈ—ਅਤੇ ਸ਼ਾਇਦ ਦੁਨੀਆ ਦੀ ਸਭ ਤੋਂ ਰਾਜਨੀਤਿਕ ਖੇਡ ਵੀ।
ਇਸ ਲਈ ਨਹੀਂ ਕਿ ਖਿਡਾਰੀਆਂ ਨੂੰ ਐਲਾਨਨਾਮੇ ਜਾਰੀ ਕਰਨੇ ਚਾਹੀਦੇ ਹਨ। ਸਗੋਂ ਇਸ ਲਈ ਕਿ ਉਨ੍ਹਾਂ ਦੇ ਜਿਸਮ ਆਪਣੇ ਆਪ ਵਿਚ ਇਤਿਹਾਸ ਨੂੰ ਲੈ ਕੇ ਚੱਲਦੇ ਹਨ। ਐਮਬਾਪੇ ਦੀ ਹਰ ਤੇਜ਼ ਦੌੜ, ਯਾਮਾਲ ਦੀ ਹਰ ਡ੍ਰਿਬਲਿੰਗ, ਰੂਡੀਗਰ ਦਾ ਹਰ ਟੈਕਲ, ਸਾਕਾ ਦਾ ਹਰ ਹਮਲਾ, ਡੋਕੂ ਦੀ ਹਰ ਰਫ਼ਤਾਰ ਅਤੇ ਮੈਨਾਨ ਦਾ ਹਰ ਸ਼ਾਨਦਾਰ ਬਚਾਅ—ਜਿਨ੍ਹਾਂ ਉੱਤੇ ਕੌਮਵਾਦੀ ਦਰਸ਼ਕ ਤਾੜੀਆਂ ਵਜਾਉਂਦੇ ਹਨ—ਦਰਅਸਲ ਨਸਲ, ਸਾਮਰਾਜ, ਜਿੱਤ, ਅਪਣੱਤ ਅਤੇ ਕੌਮ ਦੀ ਧਾਰਨਾ ਉੱਤੇ ਜਿਊਂਦੀ-ਜਾਗਦੀ ਟਿੱਪਣੀ ਵੀ ਹੁੰਦੀ ਹੈ। ਇਹ ਬਸਤੀਵਾਦ ਦੇ ਵਿਰੁੱਧ ਲਿਖੀ ਗਈ ਇੱਕ ਕਵਿਤਾ ਹੈ— ਲਹੂ ਅਤੇ ਪਸੀਨੇ ਨਾਲ ਲਿਖੀ ਗਈ ਕਵਿਤਾ।
ਸੱਜੇਪੱਖੀ ਇਸ ਸੱਚਾਈ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਸੇ ਕਰਕੇ ਜਿਵੇਂ ਹੀ ਇਨ੍ਹਾਂ ਖਿਡਾਰੀਆਂ ਤੋਂ ਕਿਸੇ ਪੈਨਲਟੀ ਦਾ ਨਿਸ਼ਾਨਾ ਖੁੰਝ ਜਾਂਦਾ ਹੈ, ਉਨ੍ਹਾਂ ਉੱਤੇ ਸਭ ਤੋਂ ਪਹਿਲਾਂ ਸੱਜੇਪੱਖੀ ਹਮਲਾ ਕਰਦੇ ਹਨ। ਉਹ ਗੋਲ ਕਰ ਦੇਣ ਤਾਂ ਫਰਾਂਸੀਸੀ ਕਹਾਉਂਦੇ ਹਨ। ਨਿਸ਼ਾਨਾ ਖੁੰਝ ਜਾਵੇ ਤਾਂ ਅਫਰੀਕੀ ਜਾਂ ਅਰਬ ਬਣਾ ਦਿੱਤੇ ਜਾਂਦੇ ਹਨ। ਉਹ ਜਿੱਤ ਦਿਵਾਉਣ ਤਾਂ ਅੰਗਰੇਜ਼ ਹੁੰਦੇ ਹਨ। ਹਾਰ ਜਾਣ ਤਾਂ ‘ਪ੍ਰਵਾਸੀ’ ਕਹੇ ਜਾਂਦੇ ਹਨ। ਉਹ ਬੈਲਜੀਅਮ ਲਈ ਸ਼ਾਨਦਾਰ ਡ੍ਰਿਬਲਿੰਗ ਕਰਨ ਤਾਂ ਬੈਲਜੀਅਨ ਹਨ। ਪਰ ਜਿਉਂ ਹੀ ਉਹ ਸਨਮਾਨ ਅਤੇ ਬਰਾਬਰੀ ਦੀ ਮੰਗ ਕਰਨ, ਉਨ੍ਹਾਂ ਨੂੰ ‘ਕਾਂਗੋਲੀ’ ਕਹਿ ਕੇ ਵੱਖਰੇ ਕਰ ਦਿੱਤਾ ਜਾਂਦਾ ਹੈ। ਨਸਲਵਾਦੀ ਜ਼ਿਹਨੀਅਤ ਚਾਹੁੰਦੀ ਹੈ ਕਿ ਘੱਟਗਿਣਤੀ ਭਾਈਚਾਰਿਆਂ ਦੇ ਜਿਸਮ ਕੌਮੀ ਗੌਰਵ ਤਾਂ ਪੈਦਾ ਕਰਨ, ਪਰ ਕੌਮੀ ਬਰਾਬਰੀ ਦਾ ਦਾਅਵਾ ਹਰਗਿਜ਼ ਨਾ ਕਰਨ।
ਪਰ ਫੁੱਟਬਾਲ ਇਸ ਸੌਦੇ ਨੂੰ ਲਗਾਤਾਰ ਹਰਾ ਰਿਹਾ ਹੈ। ਗ਼ੁਲਾਮ ਰਹੇ ਲੋਕ ਹੁਣ ਸਿਰਫ਼ ਪ੍ਰਵੇਸ਼ ਦੀ ਮੰਗ ਨਹੀਂ ਕਰ ਰਹੇ। ਉਨ੍ਹਾਂ ਦੀਆਂ ਔਲਾਦਾਂ ਦੇ ਹੱਥਾਂ ਵਿਚ ਹੁਣ ਚਾਬੀਆਂ ਹਨ। ਉਹ ਯੂਰਪ ਦੇ ਘਰ ਵਿਚ ਮਹਿਮਾਨ ਨਹੀਂ ਹਨ। ਉਹ ਉਸ ਘਰ ਦਾ ਪੁਨਰ-ਨਿਰਮਾਣ ਕਰ ਰਹੇ ਹਨ। ਉਹ ਕਿਸੇ ਦੀ ਦਇਆ ਜਾਂ ਉਦਾਰਤਾ ਦੇ ਚਿੰਨ੍ਹ ਨਹੀਂ ਹਨ। ਉਹ ਕੌਮੀ ਗੌਰਵ ਦੇ ਉਸਰੱਈਏ ਹਨ। ਨਸਲਵਾਦੀ ਜਿਸ ਤਰ੍ਹਾਂ ਉਨ੍ਹਾਂ ਨੂੰ ਪਤਨ ਦਾ ਸਬੂਤ ਦੱਸਦੇ ਹਨ, ਉਹ ਉਸਦੇ ਉਲਟ ਹਨ। ਉਹ ਇਸ ਗੱਲ ਦਾ ਜਿਊਂਦਾ-ਜਾਗਦਾ ਸਬੂਤ ਹਨ ਕਿ ਬਹੁਲਤਾਵਾਦ ਕੰਮ ਕਰਦਾ ਹੈ।
ਇਸ ਲਈ ਇਹ ਵਿਸ਼ਵ ਕੱਪ ਸਿਰਫ਼ ਗਲੋਬਲੀ ਅਤੇ ਚਮਕ-ਦਮਕ ਨਾਲ ਭਰਿਆ ਹੋਇਆ ਟੂਰਨਾਮੈਂਟ ਨਹੀਂ ਹੈ। ਇਹ ਆਧੁਨਿਕ ਇਤਿਹਾਸ ਦੀ ਲੋਕਾਈ ਦੁਆਰਾ ਕੀਤੀ ਗਈ ਮਰਦਮਸ਼ੁਮਾਰੀ ਹੈ—ਇੱਕ ਅਜਿਹੀ ਮਰਦਮਸ਼ੁਮਾਰੀ, ਜੋ ਸੈਟਲਰ ਬਸਤੀਵਾਦ ਦੀ ਅਗਿਆਨਤਾ ਅਤੇ ਮਿੱਥਾਂ ਦੇ ਵਿਰੁੱਧ ਸੀਨਾ ਤਾਣ ਕੇ ਖੜ੍ਹੀ ਹੈ। ਇਹ ਸਾਨੂੰ ਦੱਸਦੀ ਹੈ ਕਿ— ਕੋਈ ਵੀ ਕੌਮ ਪਵਿੱਤਰ ਨਹੀਂ ਹੁੰਦੀ। ਕੋਈ ਵੀ ਝੰਡਾ ਪੂਰੀ ਤਰ੍ਹਾਂ ਨਿਰਦੋਸ਼ ਨਹੀਂ ਹੁੰਦਾ। ਕੋਈ ਵੀ ਕੌਮੀ-ਤਰਾਨਾ ਕਿਸੇ ਇੱਕ ਨਸਲ ਦੀ ਜਾਗੀਰ ਨਹੀਂ ਹੁੰਦਾ। ਅਤੇ ਕੋਈ ਵੀ ਸਾਮਰਾਜ ਉਨ੍ਹਾਂ ਲੋਕਾਂ ਦੀਆਂ ਔਲਾਦਾਂ ਨੂੰ ਹਮੇਸ਼ਾ ਲਈ ਕਾਬੂ ਵਿਚ ਨਹੀਂ ਰੱਖ ਸਕਦਾ, ਜਿਨ੍ਹਾਂ ਉੱਤੇ ਉਸਨੇ ਕਦੇ ਰਾਜ ਕੀਤਾ ਸੀ। ਬਸਤੀਵਾਦ ਦੀਆਂ ਸਦੀਆਂ ਬਾਅਦ ਹੁਣ ਇਤਿਹਾਸ ਦਾ ਪਹੀਆ ਘੁੰਮ ਚੁੱਕਾ ਹੈ। ਗੇਂਦ ਵਾਪਸ ਉਨ੍ਹਾਂ ਵੱਲ ਹੀ ਲੁੜਕ ਆਈ ਹੈ। ਬਸਤੀਆਂ ਦੀਆਂ ਔਲਾਦਾਂ, ਪ੍ਰਵਾਸੀਆਂ ਦੀਆਂ ਔਲਾਦਾਂ, ਮੁਸਲਮਾਨਾਂ, ਅਫਰੀਕੀਆਂ, ਅਰਬਾਂ, ਏਸ਼ੀਆਈ, ਕੈਰੇਬੀਆਈ ਭਾਈਚਾਰਿਆਂ ਅਤੇ ਸ਼ਰਨਾਰਥੀਆਂ ਦੀਆਂ ਔਲਾਦਾਂ ਨੇ ਹੁਣ ਉਨ੍ਹਾਂ ਹੀ ਮੁਲਕਾਂ ਲਈ ਆਸ ਦਾ ਸੰਦੇਸ਼ ਬਣਨਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਨੇ ਕਦੇ ਉਨ੍ਹਾਂ ਨੂੰ ਹੀਣ ਸਮਝਿਆ ਸੀ।
ਅਤੇ ਉਹ ਇਹ ਸੰਦੇਸ਼ ਫੁਸਫੁਸਾ ਕੇ ਨਹੀਂ ਦੇ ਰਹੇ। ਉਹ ਗੋਲ ਕਰ ਰਹੇ ਹਨ। ਉਹ ਦਹਾੜ ਰਹੇ ਹਨ। ਉਹ ਆਪਣੀ ਖੇਡ ਨਾਲ ਕਰੋੜਾਂ ਦਿਲ ਜਿੱਤ ਰਹੇ ਹਨ—ਠੀਕ ਉਵੇਂ ਹੀ, ਜਿਵੇਂ ਉਹ ਹਨ।