ਤਿਉਹਾਰਾਂ ਮੌਕੇ ਖ਼ਰੀਦੋ ਮਿੱਟੀ ਦੀਆਂ ਮੂਰਤੀਆਂ: ਮੋਦੀ

ਨਵੀਂ ਦਿੱਲੀ:ਗਣੇਸ਼ ਉਤਸਵ ਤੇ ਉਸ ਤੋਂ ਬਾਅਦ ਆਉਣ ਵਾਲੇ ਤਿਉਹਾਰਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਮਿੱਟੀ ਦੀਆਂ ਮੂਰਤੀਆਂ ਖ਼ਰੀਦਣ ਦੀ ਅਪੀਲ ਕੀਤੀ ਹੈ। ਸ਼ਰਧਾ ਤੇ ਕੁਦਰਤ ਵਿਚਾਲੇ ਤਾਲਮੇਲ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਥਾਨਕ ਕਾਰੀਗਰਾਂ ਤੋਂ ਮੂਰਤੀਆਂ ਖ਼ਰੀਦਣ ਨਾਲ ‘ਵੋਕਲ ਫਾਰ ਲੋਕਲ’ ਦਾ ਸੰਕਲਪ ਮਜ਼ਬੂਤ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਰਿਵਾਰ ਦੀ ਸੁਰੱਖਿਆ ਲਈ ਦੁਰਘਟਨਾ ਬੀਮਾ ਅਤੇ ਜੀਵਨ ਬੀਮਾ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ. ਪਹੁੰਚਾਉਣ ਦੀ ਅਪੀਲ ਕੀਤੀ।

‘ਮਨ ਕੀ ਬਾਤ’ ਦੇ 135ਵੇਂ ਐਡੀਸ਼ਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਗਣੇਸ਼ ਉਤਸਵ ਸਮੇਤ ਹੋਰ ਤਿਉਹਾਰਾਂ ਵਿਚ ਪਲਾਸਟਰ ਆਫ ਪੈਰਿਸ ਨਾਲ ਬਣੀਆਂ ਮੂਰਤੀਆਂ ਨੂੰ ਕੁਦਰਤ ਲਈ ਨੁਕਸਾਨਦਾਇਕ ਦੱਸਦੇ ਹੋਏ ਉਨ੍ਹਾਂ ਨੂੰ ਬਿਲਕੁਲ ਨਾ ਖ਼ਰੀਦਣ ਦੀ ਅਪੀਲ ਕੀਤੀ। ਤਿਉਹਾਰਾਂ ਤੋਂ ਕਾਫੀ ਪਹਿਲਾਂ ਮੂਰਤੀਆਂ ਬਣਾਉਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਪੀਐੱਮ ਨੇ ਕਾਰੀਗਰਾਂ ਨੂੰ ਮਿੱਟੀ ਦੀਆਂ ਹੀ ਮੂਰਤੀਆਂ ਬਣਾਉਣ ਦੀ ਅਪੀਲ ਕੀਤੀ। ਨਾਲ ਹੀ ਲੋਕਾਂ ਨੂੰ ਮੂਰਤੀ ਖ਼ਰੀਦਦੇ ਸਮੇਂ ਉਸ ਦੀ ਨਿਰਮਾਣ ਸਮੱਗਰੀ ਅਤੇ ਨਿਰਮਾਤਾ ਹੀ ਦੇਸ਼ ਬਾਰੇ ਜਾਣਕਾਰੀ ਲੈਣ ਲਈ ਕਿਹਾ। ਤਿਉਹਾਰਾਂ ਦੌਰਾਨ ਚੀਨ ਵਿਚ ਬਣੀਆਂ ਪਲਾਸਟਰ ਆਫ ਪੈਰਿਸ ਦੀਆਂ ਮੂਰਤੀਆਂ ਦੀ ਵਿਕਰੀ ਦੇਖਦੇ ਹੋਏ ਪ੍ਰਧਾਨ ਮੰਤਰੀ ਦੀ ਇਸ ਅਪੀਲ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ ਦੇ ਸੰਕਟ ਦੌਰਾਨ ਵਿਦੇਸ਼ ਯਾਤਰਾ ਘੱਟ ਕਰਨ, ਇਕ ਸਾਲ ਤੱਕ ਸੋਨਾ ਨਾ ਖਰੀਦਣ ਅਤੇ ਕਾਰ ਪੂਲਿੰਗ ਦੀ ਅਪੀਲ ‘ਤੇ ਅਮਲ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਨਾ ਸਿਰਫ ਮੇਰੀ ਅਪੀਲ ਦਾ ਸਮਰਥਨ ਕੀਤਾ ਹੈ, ਬਲਕਿ ਹਰ ਤਰ੍ਹਾਂ ਦਾ ਸਰਗਰਮ ਸਹਿਯੋਗ ਵੀ ਦਿੱਤਾ ਹੈ।
ਰੱਖਿਆ ਖੇਤਰ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਸਮੁੰਦਰ ਤੋਂ ਲੈ ਕੇ ਆਕਾਸ਼ ਤੱਕ ਦੇਸ਼ ਕਿਸ ਤਰ੍ਹਾਂ ਵੱਧ ਸੁਰੱਖਿਅਤ ਅਤੇ ਆਤਮ-ਨਿਰਭਰ ਬਣ ਰਿਹਾ ਹੈ। ਇਸ ਸਿਲਸਿਲੇ ਵਿਚ ਉਨ੍ਹਾਂ ਭਾਰਤ ਵਿਚ ਬਣੇ ਸੀ-295 ਜਹਾਜ਼ ਦੀ ਪਹਿਲੀ ਉਡਾਣ ਅਤੇ ਲੰਬੀ ਦੂਰੀ ਦੀ ਸਵਦੇਸ਼ੀ ਕਰੂਜ਼ ਮਿਜ਼ਾਈਲ ਦੇ ਸਫਲ ਪ੍ਰੀਖਣ ਦਾ ਮਿਸਾਲ ਦਿੱਤੀ। ਮਹਾਰਾਸ਼ਟਰ ਦੇ ਨੰਦੇੜ ਵਿਚ ਇਕ ਪਰਿਵਾਰ ਵੱਲੋਂ ਵਿਆਹ ਮੌਕੇ ਪਿੰਡ ਦੇ ਸਾਰੇ ਲੋਕਾਂ ਨੂੰ ਦੁਰਘਟਨਾ ਬੀਮਾ ਦਾ ਤੋਹਫ਼ਾ ਦੇਣ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਦੋ ਯੋਜਨਾਵਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਸਿਰਫ 20 ਰੁਪਏ ਸਾਲਾਨਾ ਦੇਣ ‘ਤੇ ਦੋ ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਮਿਲਦਾ ਹੈ। ਇਸ ਯੋਜਨਾ ਨਾਲ ਹੁਣ ਤੱਕ 58 ਕਰੋੜ ਲੋਕ ਜੁੜ ਚੁੱਕੇ ਹਨ, ਜਿਨ੍ਹਾਂ ਵਿਚ 28 ਕਰੋੜ ਔਰਤਾਂ ਹਨ।ਇਸ ਯੋਜਨਾ ਤਹਿਤ 3700 ਕਰੋੜ ਰੁਪਏ ਕਲੇਮ ਵਿਚ ਦਿੱਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਮੌਤ ਹੋਣ ‘ਤੇ ਦੋ ਲੱਖ ਰੁਪਏ ਤੱਕ ਕਵਰ ਮਿਲਦਾ ਹੈ। ਇਸ ਲਈ ਸਾਲ ਵਿਚ ਸਿਰਫ਼ 436 ਰੁਪਏ ਦੇਣੇ ਹੁੰਦੇ ਹਨ। ਇਸ ਯੋਜਨਾ ਨਾਲ ਵੀ 27 ਕਰੋੜ ਲੋਕ ਜੁੜ ਚੁੱਕੇ ਹਨ ਅਤੇ 11 ਲੱਖ ਪਰਿਵਾਰਾਂ ਨੂੰ 22 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਮਿਲ ਚੁੱਕੀ ਹੈ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ
ਦਿੱਲੀ ਵਿਚ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਡਾਟਾ ਸਾਇੰਸ ਵਿਚ ਬੀਟੈੱਕ ਪਾਠਕ੍ਰਮ ਸ਼ੁਰੂ ਕਰ ਰਿਹਾ ਹੈ। ਇਹ ਭਾਰਤ ਦੇ ਰਵਾਇਤੀ ਗਿਆਨ ਨਾਲ ਆਧੁਨਿਕ ਤਕਨਾਲੋਜੀ ਨੂੰ ਜੋੜਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ।ਹਜ਼ਾਰਾਂ ਸਾਲ ਪੁਰਾਣੀ ਨਾਲੰਦਾ ਯੂਨੀਵਰਸਿਟੀ ਹੁਣ ਇਕ ਨਵੇਂ ਰੂਪ ਵਿਚ ਭਾਰਤ ਦਾ ਭਵਿੱਖ ਸੰਵਾਰ ਰਹੀ ਹੈ। ਇਸ ਯੂਨੀਵਰਸਿਟੀ ਨੇ ਸਾਡੀ ‘ਸ਼ਾਸਤਰਾਰਥ’ ਯਾਨੀ ਬੌਧਿਕ ਚਰਚਾ ਦੀ ਪ੍ਰਾਚੀਨ ਰਵਾਇਤ ਨੂੰ ਮੁੜ ਸੁਰਜੀਤ ਕੀਤਾ ਹੈ। ਭਾਰਤੀ ਸੰਸਕ੍ਰਿਤੀ ਦੁਨੀਆ ਦੇ ਵੱਖ- ਵੱਖ ਕੋਨਿਆਂ ਤੱਕ ਪਹੁੰਚ ਰਹੀ ਹੈ।ਡੋਮਿਨਿਕਨ ਰਿਪਬਲਿਕ ਵਿਚ ਭਾਰਤੀ ਆਬਾਦੀ ਸਿਰਫ਼ 100 ਦੇ ਆਸ-ਪਾਸ ਹੈ। ਉੱਥੇ ਸਪੈਨਿਸ਼ ਬੋਲਣ ਵਾਲੇ ਕੁਝ ਸਥਾਨਕ ਲੋਕਾਂ ਨੇ ਇਕ ਟੀਮ ਬਣਾਈ ਹੈ ਅਤੇ ਉਸ ਦਾ ਨਾਂ ‘ਬ੍ਰਹਮਕਮਲ ਡੋਮਿਨਿਕਾਨਾ’ ਰੱਖਿਆ ਹੈ
ਅਸਾਮ ਦੇ ਕੁਝ ਇਲਾਕਿਆਂ ਵਿਚ ਹਰਗਿਲਾ ਪੰਛੀ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ। ਜੀਵ ਵਿਗਿਆਨੀ ਪੁੰਨਿਆ ਦੇਵੀ ਬਰਮਨ ਨੇ ਲੋਕਾਂ, ਦੀਆਂ ਗਲਤਫਹਿਮੀਆਂ ਨੂੰ ਦੂਰ ਕਰਨ ਦਾ ਸੰਕਲਪ ਲਿਆ ਜਿਸ ਨਾਲ ਵੱਡਾ ਬਦਲਾਅ ਆਇਆ। ਜਿਸ ਪੰਛੀ ਨੂੰ ਕਦੇ ਅਸ਼ੁੱਭ ਮੰਨ ਕੇ ਭਜਾ ਦਿੱਤਾ ਜਾਂਦਾ ਸੀ, ਉਹ ਪਿੰਡਾਂ ਦੀ ਪਛਾਣ ਬਣਨ ਲੱਗਾ।