ਨਵੀਂ ਦਿੱਲੀ:ਅਮਰੀਕਾ ਅਤੇ ਈਰਾਨ ਵਿਚਾਲੇ ਹੋਰਮੁਜ਼ ਸਟਰੇਟ ਨੂੰ ਲੈ ਕੇ ਤਣਾਅ ਮੁੜ ਵਧ ਗਿਆ ਹੈ। ਸ਼ਨਿਚਰਵਾਰ ਨੂੰ ਰਣਨੀਤਕ ਸਮੁੰਦਰੀ ਮਾਰਗ ‘ਚ ਇਕ ਟੈਂਕਰ ‘ਤੇ ਕਥਿਤ ਈਰਾਨੀ ਹਮਲੇ ਤੋਂ ਬਾਅਦ ਅਮਰੀਕਾ ਨੇ ਐਤਵਾਰ ਨੂੰ ਈਰਾਨ ਦੇ 10 ਫ਼ੌਜੀ ਟਿਕਾਣਿਆਂ ‘ਤੇ ਹਵਾਈ ਹਮਲੇ ਦਾ ਦਾਅਵਾ ਕੀਤਾ।
ਜਵਾਬ ‘ਚ ਈਰਾਨ ਨੇ ਬਹਿਰੀਨ ਤੇ ਕੁਵੈਤ ‘ਚ ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ ‘ਤੇ ਮਿਜ਼ਾਈਲ ਤੇ ਡ੍ਰੋਨ ਹਮਲੇ ਕਰਨ ਦਾ ਦਾਅਵਾ ਕੀਤਾ। . ਲਗਾਤਾਰ ਦੂਜੇ ਦਿਨ ਹੋਈ ਇਸ ਫ਼ੌਜੀ ਕਾਰਵਾਈ ਨਾਲ ਦੋਵਾਂ ਦੇਸ਼ਾਂ ‘ਚ ਹੋਏ ਅੰਤਰਿਮ ਜੰਗਬੰਦੀ ਸਮਝੌਤੇ ‘ਤੇ ਸੰਕਟ ਡੂੰਘਾ ਹੋ ਗਿਆ ਹੈ। ਇਨ੍ਹਾਂ ਹਮਲਿਆਂ ਨੂੰ ਜੰਗਬੰਦੀ ਦੇ ਦੌਰ ਦਾ ਸਭ ਤੋਂ ਭਿਆਨਕ ਹਮਲਾ ਮੰਨਿਆ ਜਾ ਰਿਹਾ ਹੈ। ਨਿਊਯਾਰਕ ਟਾਈਮਜ਼ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੁੱਥ ਸੋਸ਼ਲ ‘ਤੇ ਬੇਹੱਦ ਸਖ਼ਤ ਚਿਤਾਵਨੀ ਦਿੱਤੀ ਕਿ ਹੋ ਸਕਦਾ ਹੈ ਕਿ ਇਕ ਅਜਿਹਾ ਸਮਾਂ ਆਵੇ, ਜਦੋਂ ਅਸੀਂ ਸਮਝਦਾਰੀ ਨਾਲ ਕੰਮ ਨਾ ਲੈ ਸਕੀਏ ਤੇ ਸਾਨੂੰ ਉਸ ਸਮੇਂ ਕੰਮ ਨੂੰ ਫ਼ੌਜੀ ਤਰੀਕੇ ਨਾਲ ਪੂਰਾ ਕਰਨ ਲਈ ਮਜਬੂਰ ਹੋਣਾ ਪਵੇ, ਜਿਸ ਨੂੰ ਅਸੀਂ ਬਹੁਤ ਸਫਲਤਾਪੂਰਵਕ ਸ਼ੁਰੂ ਕੀਤਾ ਸੀ। ਉਨ੍ਹਾਂ ਅੱਗੇ ਲਿਖਿਆ ਕਿ ਜੇ ਅਜਿਹਾ ਹੋਇਆ ਤਾਂ ਈਰਾਨ ਦਾ ਵਜੂਦ ਹੀ ਨਹੀਂ ਬਚੇਗਾ।
ਦੂਜੇ ਪਾਸੇ, ਈਰਾਨ ਨੇ ਅਮਰੀਕੀ ਹਮਲਿਆਂ ਨੂੰ ਕਰੂਰ ਕਰਾਰ ਦਿੰਦੇ ਹੋਏ ਇਨ੍ਹਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਤੇ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ ਦੱਸਿਆ। ਤਹਿਰਾਨ ਨੇ ਚਿਤਾਵੀ ਦਿੱਤੀ ਕਿ ਜੇ ਹੋਰਮੁਜ਼ ਸਟਰੇਟ ‘ਚ ਉਸਦੀ ਪ੍ਰਭੂਸੱਤਾ ਨੂੰ ਚੁਣੌਤੀ ਦਿੱਤੀ ਗਈ ਤਾਂ ਪੂਰੇ ਖਾੜੀ ਖੇਤਰ ‘ਚ ਗੰਭੀਰ ਸਿੱਟੇ ਨਿਕਲਣਗੇ। ਅਮਰੀਕੀ ਫ਼ੌਜ ਅਨੁਸਾਰ, ਇਨ੍ਹਾਂ ਹਮਲਿਆਂ ‘ਚ ਫ਼ੌਜੀ ਨਿਗਰਾਨੀ ਪ੍ਰਣਾਲੀ, ਸੰਚਾਰ ਕੇਂਦਰ, ਏਅਰ ਡਿਫੈਂਸ, ਡ੍ਰੋਨ ਸਟੋਰ ਤੇ ਬਾਰੂਦੀ ਸੁਰੰਗ ਵਿਛਾਉਣ ਵਾਲੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸਦੇ ਜਵਾਬ ‘ਚ ਈਰਾਨ ਦੀ ਰੈਵੋਲਿਊਸ਼ਨਰੀ ਗਾਰਡਸ ਨੇ ਬਹਿਰੀਨ ਤੇ ਕੁਵੈਤ ‘ਚ ਅਮਰੀਕੀ ਫ਼ੌਜੀ ਟਿਕਾਣਿਆਂ ‘ਤੇ ਮਿਜ਼ਾਈਲ ਤੇ ਡ੍ਰੋਨ ਹਮਲੇ ਕਰਨ ਦਾ ਦਾਅਵਾ ਕੀਤਾ।
ਹਿਜ਼ਬੁੱਲਾ ਦੇ ਟਿਕਾਣਿਆਂ ‘ਤੇ ਕੀਤਾ ਹਮਲਾ: ਇਜ਼ਰਾਈਲ
ਏਐੱਨਆਈ ਅਨੁਸਾਰ, ਇਜ਼ਰਾਇਲੀ ਫ਼ੌਜ ਨੇ ਦਾਅਵਾ ਕੀਤਾ ਕਿ ਉਸਨੇ ਦੱਖਣੀ ਲਿਬਨਾਨ ਦੇ ਨਾਬਾਤੀਏਹ ਖੇਤਰ ‘ਚ ਰਾਕੇਟ ਲਾਂਚਰ ਤੇ ਹਿਜ਼ਬੁੱਲਾ ਦੇ ਕਈ ਲੜਾਕਿਆਂ ਨੂੰ ਨਿਸ਼ਾਨਾ ਬਣਾਇਆ। ਫ਼ੌਜ ਅਨੁਸਾਰ, ਹਮਲੇ ‘ਚ ਰਾਕੇਟ ਲਾਂਚਰ ਤਬਾਹ ਕਰ ਦਿੱਤੇ ਗਏ ਤੇ ਉਥੇ ਮੌਜੂਦ ਲੜਾਕੇ ਮਾਰੇ ਗਏ। ਹਿਜ਼ਬੁੱਲਾ ਨੇ ਇਸ ਦਾਅਵੇ ‘ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ, ਜਦਕਿ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਇਜ਼ਰਾਇਲੀ ਕਾਰਵਾਈ ਦੀ ਨਿੰਦਾ ਕੀਤੀ।
