ਵੋਟਾਂ ਦੀ ਸੁਧਾਈ-ਚਿੰਤਾ ਲਿਆਈ

ਪੰਜਾਬ ‘ਚ ਵੋਟਾਂ ਦੀ ਵਿਸ਼ੇਸ਼ ਸੁਧਾਈ ਨਿੱਤ ਨਵੇਂ ਖ਼ਦਸ਼ੇ ਪੈਦਾ ਕਰ ਰਹੀ ਹੈ। ਇਹ ਖਦਸ਼ੇ ਵਿਦੇਸ਼ਾਂ ਜਾਂ ਦੂਸਰੇ ਸੂਬਿਆਂ ਵਿਚ ਵਸਦੇ ਪੰਜਾਬੀਆਂ ਦੀਆਂ ਵੋਟਾਂ ਲਈ ਖਤਰੇ ਦੀ ਘੰਟੀ ਅਤੇ ਚਿੰਤਾ ਦਾ ਵਿਸ਼ਾ ਹੋ ਸਕਦੇ ਹਨ। ਕੁਝ ਸਮਾਂ ਪਹਿਲਾਂ ਦੀਆਂ ਚੋਣਾਂ ਵੇਲੇ ਬਿਹਾਰ ‘ਚ 64 ਲੱਖ ਵੋਟਾਂ, ਅਤੇ ਬੰਗਾਲ ‘ਚ 27 ਲੱਖ ਵੋਟਾਂ ਕੱਟ ਦਿੱਤੀਆਂ ਗਈਆਂ।

ਪੰਜਾਬ ‘ਚ ਵੀ ਵੋਟਾਂ ਕੱਟਣ ਦਾ ਅਮਲ ਇਸੇ ਤਰ੍ਹਾਂ ਹੋਣ ਦਾ ਖਦਸ਼ਾ ਹੈ। ਨਿਯਮਾਂ ਅਨੁਸਾਰ ਨਾਗਰਿਕਤਾ ਤੈਅ ਕਰਨ ਵਾਸਤੇ 12 ਦਸਤਾਵੇਜ਼ਾਂ ਦੀ ਸੂਚੀ ਮੁਤਾਬਕ ਕੇਂਦਰ/ਰਾਜ ਸਰਕਾਰ/ਅਰਧ-ਸਰਕਾਰੀ ਅਦਾਰੇ ਵੱਲੋਂ ਜਾਰੀ ਪਛਾਣ ਪੱਤਰ/ਪੈਨਸ਼ਨ ਅਦਾਇਗੀ ਪੱਤਰ, ਭਾਰਤ ਵਿਚ ਸਰਕਾਰ/ਮਿਉਂਸਪਲ ਕਮੇਟੀ/ਬੈਂਕਾਂ/ਡਾਕਖਾਨਾ/ਜੀਵਨ ਬੀਮਾ/ਅਰਧ-ਸਰਕਾਰੀ ਅਦਾਰੇ ਵੱਲੋਂ 1.07.1987 ਤੋਂ ਪਹਿਲਾਂ ਦਾ ਜਾਰੀ ਕੀਤਾ ਪਛਾਣ ਪੱਤਰ/ ਸਰਟੀਫਿਕੇਟ/ ਦਸਤਾਵੇਜ਼, ਸਮਰੱਥ ਅਧਿਕਾਰੀ ਵੱਲੋਂ ਜਾਰੀ ਜਨਮ ਸਰਟੀਫਿਕੇਟ, ਪਾਸਪੋਰਟ, ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ ਵੱਲੋਂ ਜਾਰੀ ਦਸਵੀਂ/ਸਿੱਖਿਆ ਸਰਟੀਫਿਕੇਟ, ਰਾਜ ਸਰਕਾਰ ਦੇ ਸਮਰੱਥ ਅਧਿਕਾਰੀ ਵੱਲੋਂ ਜਾਰੀ ਪੱਕਾ ਬਾਸ਼ਿੰਦਾ ਹੋਣ ਦਾ ਸਰਟੀਫਿਕੇਟ, ਜੰਗਲਾਤ ਅਧਿਕਾਰ ਸਰਟੀਫਿਕੇਟ, ਸਮਰੱਥ ਅਧਿਕਾਰੀ ਵੱਲੋਂ ਜਾਰੀ ਹੋਰ ਪਛੜੀਆਂ ਸ਼੍ਰੇਣੀਆਂ/ਅਨੁਸੂਚਿਤ ਜਾਤੀ/ਕਬੀਲਾ ਸਰਟੀਫਿਕੇਟ, ਨਾਗਰਿਕਾਂ ਦਾ ਰਾਸ਼ਟਰੀ ਰਜਿਸਟਰ (ਜਿੱਥੇ ਕਿਤੇ ਬਣਿਆ ਹੋਵੇ), ਸਰਕਾਰੀ ਕਰਮਚਾਰੀਆਂ ਵੱਲੋਂ ਕਿਸੇ ਵੀ ਕਾਨੂੰਨ/ ਪ੍ਰਸ਼ਾਸਨਿਕ ਨਿਯਮ ਤਹਿਤ ਬਣਾਇਆ ਰਜਿਸਟਰ, ਸਰਾਕਰ ਵੱਲੋਂ ਜਾਰੀ ਮਕਾਨ/ਜ਼ਮੀਨ ਅਲਾਟਮੈਂਟ ਸਰਟੀਫਿਕੇਟ ਅਤੇ ਆਧਾਰ ਕਾਰਡ ਕਮਿਸ਼ਨ ਦੇ 9.9.2025 ਦੇ ਪੱਤਰ ਅਨੁਸਾਰ ਹੈ। ਹੁਣ ਕਮਿਸ਼ਨ ਨੇ ਇਹ ਲਿਖ ਦਿੱਤਾ ਹੈ ਕਿ ਇਹ ਸੂਚੀ ਮੁਕੰਮਲ ਨਹੀਂ।
ਨਵੇਂ ਫੁਰਮਾਨ ਅਨੁਸਾਰ ਪਾਸਪੋਰਟ ਕੇਵਲ ਯਾਤਰਾ ਦਸਤਾਵੇਜ਼ ਹੈ।
ਗਣਨਾ ਫਾਰਮ ਭਰੇ ਜਾ ਰਹੇ ਹਨ। ਘਰ ਦਾ ਕੋਈ ਵੀ ਜੀਅ ਬਾਕੀ ਸਾਰਿਆਂ ਦੇ ਫਾਰਮ ਭਰ ਕੇ ਆਪਣੇ ਦਸਤਖ਼ਤ ਕਰਕੇ ਆਪਣਾ ਉਸ ਨਾਲ ਸੰਬੰਧ ਦਰਜ ਕਰਕੇ ਜਮ੍ਹਾਂ ਕਰਵਾ ਸਕਦਾ ਹੈ। ਆਪਣੇ ਸਾਰੇ ਜੀਆਂ ਦਾ ਜੇਕਰ ਉਹ ਕਿਤੇ ਗਏ ਵੀ ਹਨ, ਆਪਣੇ ਦਸਤਖ਼ਤਾਂ ਨਾਲ ਫਾਰਮ ਜਮ੍ਹਾਂ ਕਰਵਾਉਣ ਦਾ ਅਧਿਕਾਰ ਵਰਤਣਾ ਚਾਹੀਦਾ ਹੈ। ਜਿਹੜੇ ਪੰਜਾਬੀ ਮਕਾਨ/ਪਿੰਡ/ਸ਼ਹਿਰ ਬਦਲ ਗਏ, ਜਿਹੜੇ ਲੋਕ ਪਿੰਡਾਂ ‘ਚੋਂ ਸ਼ਹਿਰਾਂ ‘ਚ ਚਲੇ ਗਏ ਜਾਂ ਪਿੰਡਾਂ/ਸ਼ਹਿਰਾਂ ‘ਚ ਮਕਾਨ ਕਿਰਾਏ ਦਾ ਹੋਣ ਕਰਕੇ ਜਾਂ ਪਰਿਵਾਰ ਵੱਖਰੇ ਹੋਣ ਕਰਕੇ/ ਕਿਸੇ ਕਾਰਨ ਕਿਸੇ ਹੋਰ ਵਾਰਡ/ਮੁਹੱਲਾ/ਬਸਤੀ/ ਅਗਵਾੜ/ਪੱਤੀ ‘ਚ ਚਲੇ ਗਏ ਜਾਂ ਪਿੰਡ ‘ਚੋਂ ਦੂਜੇ ਪਿੰਡ ‘ਚ ਚਲੇ ਗਏ ਜਾਂ ਜਿਹੜੀਆਂ ਲੜਕੀਆਂ ਵਿਆਹ ਕੇ ਚਲੀਆਂ ਗਈਆਂ, ਜੇ 2024 ਵਾਲੀ ਵੋਟਰ ਸੂਚੀ ‘ਚ ਉਨ੍ਹਾਂ ਦਾ ਪਤਾ ਠੀਕ ਮੌਜੂਦਾ ਵਾਲਾ ਹੈ ਤਾਂ ਉਹ ਕੇਵਲ 2003 ਵਾਲੀ ਸੂਚੀ ਦਾ ਆਪਣਾ ਜਾਂ ਆਪਣੇ ਮਾਪਿਆਂ ਦਾ ਹਵਾਲਾ ਦੇਣ ਲਈ ਦਰਸਾਇਆ ਹੈ, ਉਨ੍ਹਾਂ ਦੀ ਵੋਟ ਨਹੀਂ ਕੱਟ ਸਕਦੀ। ਜੇ ਨਵਾਂ ਪਤਾ ਨਹੀਂ ਤਾਂ ਉਹ ਜੇ ਵਿਧਾਨ ਸਭਾ ਹਲਕਾ ਬਦਲਣ/ਨਾ-ਬਦਲਣ ਲਈ ਫਾਰਮ ਨੰਬਰ 8/8ਏ ਭਰ ਕੇ, ਵੋਟਰ ਰਜਿਸਟ੍ਰੇਸ਼ਨ ਨਿਯਮ 1960 ਦੇ ਨਿਯਮ 13(3) ਅਤੇ 26 ਤਹਿਤ ਮਿਲੇ ਹੱਕ ਨੂੰ ਵਰਤ ਕੇ ਪਤਾ ਬਦਲਵਾਉਣ। ਜੇਕਰ ਉਨ੍ਹਾਂ ਦਾ ਨਾਮ 2003 ਦੀ ਸੂਚੀ ‘ਚ ਹੈ ਤਾਂ ਸੀ.ਈ.ਓ. ਪੰਜਾਬ ਗੂਗਲ ‘ਤੇ ਪਾ ਕੇ ਐੱਸ.ਆਈ.ਆਰ. 2026 ਖੋਲ੍ਹ ਕੇ 2003 ਦੀ ਸੂਚੀ ‘ਚ ਆਪਣਾ ਵਿਧਾਨ ਸਭਾ ਹਲਕਾ ਭਰ ਕੇ ਆਪਣਾ ਬੂਥ ਨੰਬਰ ਖੋਲ੍ਹ ਕੇ ਆਪਣਾ ਤੇ ਆਪਣੇ ਘਰ ਦੇ ਜੀਆਂ ਦਾ ਨਾਮ ਲੱਭ ਲੈਣ ਜਾਂ ਜੇ ਉਹ ਪਹਿਲੀ ਜੁਲਾਈ 1987 ਤੋਂ ਬਾਅਦ 2 ਦਸੰਬਰ 2004 ਤੱਕ ਜਨਮੇ ਹਨ ਤਾਂ ਜੋ ਉਨ੍ਹਾਂ ਦੇ ਮਾਪਿਆਂ ‘ਚੋ ਇਕ ਦਾ ਨਾਮ 2003 ਦੀ ਸੂਚੀ ‘ਚ ਦਰਜ ਹੈ, ਉਹ ਦਰਸਾ ਸਕਦੇ ਹਨ। ਇਸ ਤੋਂ ਇਲਾਵਾ ਜੇ ਉਹ 2 ਦਸੰਬਰ 2004 ਤੋਂ ਬਾਅਦ ਜਨਮੇ ਹਨ ਤਾਂ ਉਨ੍ਹਾਂ ਦੇ ਮਾਂ-ਪਿਉ ਦੋਹਾਂ ਦਾ ਨਾਮ 2003 ਦੀ ਸੂਚੀ ‘ਚ ਜੇ ਦਰਜ ਹੈ ਤਾਂ ਉਨ੍ਹਾਂ ਦਾ ਨਾਮ ਨਹੀਂ ਕੱਟ ਸਕਦੇ। ਬਲਕਿ ਉਨ੍ਹਾਂ ਨੂੰ ਇਹ ਕਿਹਾ ਜਾਵੇ ਕਿ ਫਾਰਮ 8/8 ਏ ਤੁਹਾਨੂੰ ਦਿੱਤਾ ਜਾਵੇ ਅਤੇ ਭਰਵਾਇਆ ਜਾਵੇ, ਨਵੀਂ ਜਗ੍ਹਾ ‘ਤੇ ਤੁਹਾਡੀ ਵੋਟ ਚਲੀ ਜਾਵੇਗੀ। ਜੇਕਰ ਤੁਸੀਂ ਐੱਨ.ਆਰ.ਆਈ. ਹੋ ਅਤੇ ਕਿਸੇ ਹੋਰ ਦੇਸ਼ ਦੇ ਨਾਗਰਿਕ ਨਹੀਂ ਹੋ ਤਾਂ ਤੁਸੀਂ ਆਪਣੇ ਪਹਿਲਾਂ ਵਾਲੇ ਹਲਕੇ ‘ਚ ਪੁਰਾਣੇ ਪਤੇ ‘ਤੇ ਹੀ ਸਮੁੰਦਰੋਂ ਪਾਰ (ਓਵਰ ਸੀਜ਼ ਵੋਟਰ) ਦੀ ਵੰਨਗੀ ‘ਚ ਫਾਰਮ 6-ਏ ਭਰ ਕੇ ਵੋਟ ਬਣਵਾ ਸਕਦੇ ਹੋ ਅਤੇ ਆਨਲਾਈਨ ਬਾਹਰੋਂ ਹੀ ਵੋਟ ਪਾ ਸਕਦੇ ਹੋ। ਜੇਕਰ ਕਿਸੇ ਵੀ ਗ਼ਲਤੀ ਨਾਲ ਕਿਸੇ ਦਾ ਨਾਮ ਕੱਟ ਜਾਂਦਾ ਹੈ ਤਾਂ ਵੋਟਰ ਰਜਿਸਟ੍ਰੇਸ਼ਨ ਨਿਯਮ 1960 ਦੇ ਨਿਯਮ 21 ਤਹਿਤ ਜ਼ਰੂਰੀ ਹੈ ਕਿ ਸਥਾਨਕ ਚੋਣ ਅਧਿਕਾਰੀ ਅਜਿਹੇ ਕੱਟੇ ਨਾਮਾਂ ਦੀ ਸੂਚੀ ਜਾਰੀ ਕਰੇ ਅਤੇ ਅਜਿਹੇ ਲੋਕਾਂ ਨੂੰ ਇੱਕ ਥਾਂ ਇਕੱਠੇ ਕਰਕੇ ਗੱਲ ਸੁਣ ਕੇ ਲੋੜੀਂਦੇ ਦਸਤਾਵੇਜ਼ ਵੇਖ ਕੇ ਨਿਪਟਾਰੇ ਕਰ ਦੇਵੇ ਅਤੇ ਬਣਦੇ ਨਾਮ ਵੋਟਰ ਸੂਚੀ ਵਿਚ ਦਰਜ ਕਰ ਦੇਵੇ, ਕੋਈ ਹੋਰ ਫਾਰਮ ਭਰਨ ਦੀ ਲੋੜ ਨਹੀਂ।
ਆਪਣੇ ਅਧਿਕਾਰ ਪ੍ਰਤੀ ਸੁਚੇਤ ਹੋ ਕੇ ਹੀ ਤੁਸੀਂ ਆਪਣੀ ਵੋਟ ਬਚਾ ਸਕੋਗੇ। ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੂੰ ਵਧੇਰੇ ਚੇਤੰਨ ਹੋਣ ਦੀ ਲੋੜ ਹੈ।