ਚੀਫ ਖਾਲਸਾ ਦੀਵਾਨ ਦਾ ਵਿਦਿਅਕ ਪੱਖ

ਗੁਲਜ਼ਾਰ ਸਿੰਘ ਸੰਧੂ
ਏਸ ਮਹੀਨੇ ਦੀ ਵੱਡੀ ਵਿਦਿਅਕ ਖਬਰ ਚੀਫ ਖਾਲਸਾ ਦੀਵਾਨ ਦੇ ਵਿਦਿਅਕ ਕਾਂਡ ਦਾ ਪੁਨਰਗਠਨ ਹੈ| ਡਾ. ਸਰਬਜੀਤ ਸਿੰਘ ਛੀਨਾ ਨੂੰ ਦੂਜੀ ਵਾਰ ਆਨਰੇਰੀ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ| ਇਹ ਫੈਸਲਾ ਦੀਵਾਨ ਦੇ ਮੱਖੀਆਂ ਨੇ ਸਰਬਸੰਮਤੀ ਨਾਲ ਲਿਆ ਹੈ|

1902 ਵਿਚ ਸਥਾਪਤ ਹੋਇਆ ਚੀਫ ਖਾਲਸਾ ਕਈ ਵਿਦਿਅਕ ਸੰਸਥਾਵਾਂ ਤੇ ਯਤੀਮਖਾਨਾ ਆਦਿ ਲੋਕ ਭਲਾਈ ਦੇ ਕੰਮਾਂ ਨੂੰ ਪਰਣਾਇਆ ਹੋਇਆ ਹੈ| ਸ਼ਹੀਦ ਊਧਮ ਸਿੰਘ 12 ਸਾਲ ਏਥੇ ਰਹਿ ਕੇ ਵਿਦਿਆ ਪ੍ਰਾਪਤ ਕਰਦਾ ਰਿਹਾ ਸੀ|
ਚੀਫ ਖਾਲਸਾ ਦੀਵਾਨ ਯਤੀਮਖਾਨੇ ਤੋਂ ਬਿਨਾ ਕਈ ਹਸਪਤਾਲਾਂ, ਹੋਮਿਓਪੈਥਕ ਸੰਸਥਾਵਾਂ, ਦੰਦ ਪੀੜਤਾਂ ਦੀ ਵੀ ਸਹਾਇਤਾ ਕਰਦਾ ਹੈ| ਗੁਰੂ ਅਮਰਦਾਸ ਬਿਰਧ ਆਸ਼ਰਮ ਤੇ ਸੂਰਮਾ ਸਿੰਘ ਆਸ਼ਰਮ ਵੀ ਇਸਦੀ ਸਹਾਇਤਾ ਨਾਲ ਹੀ ਚਲ ਰਹੇ ਹਨ| ਚੇਤੇ ਰਹੇ ਕਿ ਦੀਵਾਨ ਦੀ ਸਥਾਪਨਾ ਦੇ ਮੁਢਲੇ ਸਾਲਾਂ ਵਿਚ ਸੁੰਦਰ ਸਿੰਘ ਮਜੀਠੀਆ ਤੇ ਸੁਰਜੀਤ ਸਿੰਘ ਮਜੀਠੀਆ ਦਾ ਯੋਗਦਾਨ ਵੀ ਮਹੱਤਵਪੂਰਨ ਸੀ|
ਬੀਤੇ ਕੁਝ ਸਾਲਾਂ ਵਿਚ ਭਾਗ ਸਿੰਘ ਅਣਖੀ, ਮਨਜੀਤ ਤਰਨਤਾਰਨੀ, ਡਾ. ਮਹਿੰਦਰ ਸਿੰਘ ਢਿੱਲੋਂ, ਡਾ. ਜਸਵਿੰਦਰ ਸਿੰਘ ਢਿੱਲੋਂ, ਸਰਬਜੀਤ ਸਿੰਘ ਛੀਨਾ ਤੇ ਡਾ. ਅਮਰਜੀਤ ਸਿੰਘ ਦੂਆ ਇਸਦੀ ਵਿਦਿਅਕ ਕਮੇਟੀ ਦੇ ਆਨਰੇਰੀ ਸੈਕਟਰੀ ਰਹਿ ਚੁੱਕੇ ਹਨ| ਡਾਕਟਰ ਛੀਨਾ ਇੱਕੋ ਇਕ ਵਿਅਕਤੀ ਹੈ ਜਿਹੜਾ ਦੂਜੀ ਵਾਰ ਆਨਰੇਰੀ ਸਕੱਤਰ ਚੁਣਿਆ ਗਿਆ ਹੈ|
ਡਾ. (ਪ੍ਰੋਫੈਸਰ) ਸਰਬਜੀਤ ਸਿੰਘ ਛੀਨਾ ਕੋਲ ਖੇਤੀ ਆਰਥਕਤਾ ਦੀ ਡਾਕਟਰੇਟ ਹੈ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਸੇਵਾਮੁਕਤ ਹੋਣ ਉਪ੍ਰੰਤ ਸਮਾਜ ਵਿਗਿਆਨ ਸੰਸਥਾ ਨਵੀਂ ਦਿੱਲੀ ਦੇ ਫੈਲੋ ਸਨਮਾਨਿਤ ਹਨ| ਉਹ ਗੁਰੂ ਨਾਨਕ ਦੇਵ ਯੂਨੀਵਰਸਟੀ ਦੀ ਸਿੰਡੀਕੇਟ ਤੇ ਸੈਨੇਟ ਦਾ ਮੈਂਬਰ ਵੀ ਰਹਿ ਚੁੱਕਿਆ ਹੈ| ਚੀਫ ਖਾਲਸਾ ਦੀਵਾਨ ਵਲੋਂ ਉਸਨੂੰ ਦੂਜੀ ਵਾਰ ਆਨਰੇਰੀ ਸਕੱਤਰ ਬਣਾਏ ਜਾਣ ਨਾਲ ਉਸਦੀ ਕਲਗੀ ਨੂੰ ਵਡੇਰਾ ਖੰਭ ਲੱਗਿਆ ਹੈ|
ਚੀਫ ਖਾਲਸਾ ਦੀਵਾਨ ਵਿਸ਼ਵ ਪਧਰ ਦੀਆਂ ਕਾਨਫਰੰਸਾਂ ਆਯੋਜਤ ਕਰਨ ਲਈ ਵੀ ਜਾਣਿਆ ਜਾਂਦਾ ਹੈ| ਇਨ੍ਹਾਂ ਕਾਨਫਰੰਸਾਂ ਵਿਚ ਭਾਰਤ ਦੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ, ਜ਼ਾਕਿਰ ਹੁਸੈਨ, ਫਖਰ ਉਲਦੀਨ ਅਲੀ ਅਹਿਮਦ, ਗਿਆਨੀ ਜ਼ੈਲ ਸਿੰਘ ਮੁਖ ਮਹਿਮਾਨਾਂ ਵਜੋਂ ਸ਼ਿਰਕਤ ਕਰਦੇ ਰਹੇ ਹਨ| ਇਨ੍ਹਾਂ ਤੋਂ ਬਿਨਾ ਦੇਸ ਪ੍ਰਦੇਸ਼ ਦੇ ਹੋਰ ਪਤਵੰਤੇ ਵੀ ਹਾਜ਼ਰੀ ਭਰਦੇ ਰਹੇ ਹਨ| ਆਪਣੇ ਵਿਹੜੇ ਨੂੰ ਵੱਧ ਤੋਂ ਵੱਧ ਪ੍ਰਭਾਵੀ ਬਣਾਉਣ ਲਈ ਚੀਫ ਖਾਲਸਾ ਦੀਵਾਨ ਦੀ ਪ੍ਰਮੁੱਖ ਸੰਸਥਾ ਹੀ ਨਹੀਂ ਇਸਦੀ ਵਿਦਿਅਕ ਸ਼ਾਖਾ ਵੀ ਆਪਣੀ ਕਾਰਜ-ਕਾਰਨੀ ਵਿਚ ਸੋਧਾਂ ਕਰਦੀ ਰਹੀ ਹੈ| 1907 ਵਿਚ ਹਰਬੰਸ ਸਿੰਘ ਅਟਾਰੀ ਸਮੇਤ ਕਈ ਅਹੁਦੇਦਾਰ ਮੁਸਲਿਮ ਐਜੂਕੇਸ਼ਨ ਸੰਸਥਾ ਦੀ ਕਾਰਜਕਾਰਨੀ ਦਾ ਜਾਇਜ਼ਾ ਲੈਣ ਕਰਾਚੀ ਗਏ ਤੇ ਉੱਥੋਂ ਐਨੇ ਪ੍ਰਭਾਵਤ ਹੋਏ ਕਿ ਆਪਣੀ ਸੰਸਥਾ ਵਿਚ ਵੀ ਲੋੜੀਂਦੇ ਸੁਧਾਰ ਕੀਤੇ| ਵਰਤਮਾਨ ਸਮੇਂ ਡਾ. ਛੀਨਾ ਨੂੰ ਆਪਣੇ ਵਿਦਿਅਕ ਪਖ ਦੀ ਜ਼ਿੰਮੇਵਾਰੀ ਦੁਬਾਰਾ ਸੌਂਪਣਾ ਵੀ ਉੱਤਮ ਹੈ|

ਅੰਤਿਕਾ
ਮੈਂ ਅਕੇਲਾ ਹੀ ਚਲਾ ਥਾ
ਜਾਨਣੇ ਮੰਜ਼ਿਲ ਮਗਰ
ਲੋਗ ਸਾਥ ਆਤੇ ਗਏ
ਕਾਰਵਾਂ ਬਨਤਾ ਗਿਆ।