ਕਿਹੋ ਜਿਹਾ ਹੋਵੇਗਾ ਹਿੰਦੂ ਰਾਸ਼ਟਰ?

ਪ੍ਰਭਾਤ ਪਟਨਾਇਕ
ਪ੍ਰਭਾਤ ਪਟਨਾਇਕ ਉੱਘੇ ਅਰਥ-ਸ਼ਾਸਤਰੀ ਅਤੇ ਰਾਜਨੀਤਕ ਤਬਸਰਾਕਾਰ ਹਨ ਜੋ 1974 ਤੋਂ 2010 ਤੱਕ ਜੇ.ਐੱਨ.ਯੂ. ਨਵੀਂ ਦਿੱਲੀ ਵਿਚ ਪ੍ਰੋਫੈਸਰ ਰਹਿ ਚੁੱਕੇ ਹਨ। ਉਨ੍ਹਾਂ ਦਾ ਲੇਖ ਭਾਰਤ ਵਿਚ ਮੋਦੀ ਸਰਕਾਰ ਦੇ ਤਹਿਤ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਏ ਜਾਣ ਅਤੇ ਇਸ ਪਿੱਛੇ ਕੰਮ ਕਰਦੇ ਇਜਾਰੇਦਾਰ ਸਰਮਾਏਦਾਰਾ ਹਿਤਾਂ ਦਾ ਸਟੀਕ ਵਿਸ਼ਲੇਸ਼ਣ ਕਰਨਾ ਹੈ। ਇਸਦਾ ਪੰਜਾਬੀ ਰੂਪ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। – ਸੰਪਾਦਕ॥

ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦਾ ਟੀਚਾ ਭਾਰਤ ਵਿਚ ਇੱਕ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨਾ ਹੈ। ਪਰ, ਹਿੰਦੂ ਰਾਸ਼ਟਰ ਦਾ ਠੀਕ-ਠੀਕ ਮਤਲਬ ਕੀ ਹੈ? ਇਸ ਸਵਾਲ ਦਾ ਸੁੱਤੇਸਿੱਧ, ਸਪਸ਼ਟ ਅਤੇ ਇਕਦਮ ਆਉਣ ਵਾਲਾ ਜਵਾਬ ਤਾਂ ਇਹੀ ਹੋਵੇਗਾ ਕਿ ਮੌਜੂਦਾ ਭਾਰਤ ਦੇਸ਼ ਵਿਚ ਸਾਰੇ ਨਾਗਰਿਕਾਂ ਲਈ, ਉਨ੍ਹਾਂ ਦਾ ਧਰਮ ਭਾਵੇਂ ਕੋਈ ਵੀ ਕਿਉਂ ਨਾ ਹੋਵੇ, ਜੋ ਸੰਵਿਧਾਨ ਦੇ ਜ਼ਰੀਏ ਬਰਾਬਰੀ ਦੀ ਗਾਰੰਟੀ ਦਿੱਤੀ ਗਈ ਹੈ ਉਸ ਦੀ ਥਾਂ `ਤੇ ਹਿੰਦੂ ਰਾਸ਼ਟਰ ਵਿਚ ਹਿੰਦੂਆਂ ਨੂੰ ਦੂਸਰੇ ਧਰਮਾਂ ਦੇ ਲੋਕਾਂ ਦੇ ਮੁਕਾਬਲੇ, ਅਤੇ ਖਾਸ ਤੌਰ ‘ਤੇ ਮੁਸਲਮਾਨਾਂ ਦੇ ਮੁਕਾਬਲੇ ਜੋ ਇਸ ਦੇਸ਼ ਵਿਚ ਸਭ ਤੋਂ ਵੱਡਾ ਘੱਟ-ਗਿਣਤੀ ਭਾਈਚਾਰਾ ਹੈ, ਉੱਚਾ ਦਰਜਾ ਦਿੱਤਾ ਜਾਵੇਗਾ।
ਪਰ ਇਸ ਤਰ੍ਹਾਂ ਦੀ ਨਾਬਰਾਬਰੀ ਨੂੰ ਵਿਸ਼ੇਸ਼ ਤੌਰ ‘ਤੇ ਜਾਬਰ ਰਾਜ ਦੇ ਬਿਨਾਂ ਤਾਂ ਚਲਾਇਆ ਨਹੀਂ ਜਾ ਸਕਦਾ। ਉਂਝ ਤਾਂ ਜਾਤੀ ਜਾਬਰ ਸਮਾਜ ਵਿਚ ਹਰੇਕ ਰਾਜ ਹੀ ਜਾਬਰ ਹੁੰਦਾ ਹੈ, ਪਰ ਉਸ ਰਾਜ ਨੂੰ ਜੋ ਇਸ ਤਰ੍ਹਾਂ ਦੀ ਨਾਬਰਾਬਰੀ ਨੂੰ ਸੰਸਥਾਗਤ ਰੂਪ ਦੇਣ ਦਾ ਕੰਮ ਕਰੇਗਾ, ਉਸ ਨੂੰ ਤਾਂ ਹੋਰ ਵੀ ਜਾਬਰ ਹੋਣ ਦੀ ਜ਼ਰੂਰਤ ਹੋਵੇਗੀ। ਤਾਂ ਫਿਰ ਕੀ ਹਿੰਦੂ ਰਾਸ਼ਟਰ ਦਾ ਮਤਲਬ, ਸਮੂਹਕ ਤੌਰ ‘ਤੇ ਹਿੰਦੂਆਂ ਦੀ ਤਾਨਾਸ਼ਾਹੀ ਹੋਵੇਗੀ, ਜੋ ਦੂਸਰੇ ਧਰਮਾਂ ਨੂੰ ਮੰਨਣ ਵਾਲਿਆਂ ਉੱਪਰ ਚਲਾਈ ਜਾਏਗੀ।
ਜਿਵੇਂ ਹੀ ਇਹ ਸਵਾਲ ਉਠਾਇਆ ਜਾਂਦਾ ਹੈ, ਉਸੇ ਵਕਤ ਜਵਾਬ ਆਉਂਦਾ ਹੈ -ਨਹੀਂ। ਹਿੰਦੂ ਰਾਜ ਵਿਚ ਵੀ ਇੱਕ ਰਿਕਸ਼ਾ ਚਲਾਉਣ ਵਾਲਾ ਤਾਂ ਰਿਕਸ਼ਾ ਚਲਾਉਣ ਵਾਲਾ ਹੀ ਰਹੇਗਾ, ਉਸ ਦਾ ਧਰਮ ਭਾਵੇਂ ਕੋਈ ਵੀ ਕਿਉਂ ਨਾ ਹੋਵੇ। ਹਿੰਦੂ ਰਾਜ ਵਿਚ ਇਕ ਚਪੜਾਸੀ ਤਾਂ ਚਪੜਾਸੀ ਹੀ ਰਹੇਗਾ, ਉਸਦਾ ਧਰਮ ਭਾਵੇਂ ਜੋ ਵੀ ਹੋਵੇ, ਇੱਕ ਗਿਗ ਵਰਕਰ ਤਾਂ ਗਿਗ ਵਰਕਰ ਹੀ ਰਹੇਗਾ, ਭਾਵੇਂ ਹੀ ਉਸਦਾ ਧਰਮ ਕੁਝ ਵੀ ਹੋਵੇ। ਇਸ ਤਰ੍ਹਾਂ ਅਖੌਤੀ ਹਿੰਦੂ ਰਾਜ ਹਿੰਦੂਆਂ ਦੀ ਬਹੁਗਿਣਤੀ ਦੀ ਅਲੌਕਿਕ ਜ਼ਿੰਦਗੀ ਵਿਚ ਕੋਈ ਬਦਲਾਅ ਲਿਆਉਣ ਦਾ ਨਾ ਤਾਂ ਵਾਅਦਾ ਕਰਦਾ ਹੈ ਅਤੇ ਨਾ ਅਜਿਹਾ ਬਦਲਾਅ ਲਿਆਵੇਗਾ। ਪਰ ਫਿਰ, ਸਵਾਲ ਇਹ ਹੈ ਕਿ ਇਸ ਤਰ੍ਹਾਂ ਦੇ ਰਾਸ਼ਟਰ ਵਿਚ ਲਾਜ਼ਮੀ ਤੌਰ ‘ਤੇ ਜੋ ਤਾਨਾਸ਼ਾਹੀ ਵਾਲਾ ਰਾਜ ਚੱਲ ਰਿਹਾ ਹੋਵੇਗਾ, ਉਹ ਕਿਸੇ ਦੇ ਹਿਤ ਪੂਰ ਰਿਹਾ ਹੋਵੇਗਾ? ਇਸ ਸਵਾਲ ਦਾ ਆਪਣੇ ਆਪ ਵਿਚ ਸਪਸ਼ਟ ਜਵਾਬ ਹੈ-ਇਜਾਰੇਦਾਰ ਪੂੰਜੀ ਦੇ ਹਿਤਾਂ ਨੂੰ ਹੀ ਪੂਰਾ ਕਰਨਾ। ਇਸ ਦੇ ਨਾਮ ਤੋਂ ਜੋ ਅਕਸ ਬਣਦਾ ਹੈ ਉਸਦੇ ਉਲਟ, ਇੱਕ ਹਿੰਦੂ ਰਾਜ ਇਜਾਰੇਦਾਰ ਪੂੰਜੀ ਦੀ ਤਾਨਾਸ਼ਾਹੀ ਦੇ ਸਿਵਾਏ ਹੋਰ ਕੁਝ ਨਹੀਂ ਹੋ ਸਕਦਾ। ਬੇਸ਼ੱਕ, ਅਜਿਹੇ ਹਿੰਦੂ ਰਾਜ ਵਿਚ ਸਰਕਾਰੀ ਸਮਾਗਮਾਂ ‘ਤੇ ਹਿੰਦੂ ਕਰਮਕਾਂਡ ਅਤੇ ਹਿੰਦੂ ਧਾਰਮਿਕ ਵਿਚਾਰਾਂ ਦਾ ਲੇਪ ਚੜ੍ਹਾਇਆ ਜਾਵੇਗਾ। ਇਸ ਵਿਚ ਵੀ ਸ਼ੱਕ ਨਹੀਂ ਹੈ ਕਿ ਅਜਿਹੇ ਰਾਜ ਵਿਚ ਨੌਕਰੀਆਂ ਲਈ ਚੋਣ ਵਿਚ ਦੂਸਰੇ ਧਰਮਾਂ ਨੂੰ ਮੰਨਣ ਵਾਲਿਆਂ ਦੇ ਮੁਕਾਬਲੇ ਹਿੰਦੂਆਂ ਨੂੰ ਤਰਜੀਹ ਦਿੱਤੀ ਜਾਵੇਗੀ। ਪਰ ਅਜਿਹੇ ਰਾਜ ਵਿਚ ਵੀ ਨਵੀਆਂ ਨੌਕਰੀਆਂ ਉਸੇ ਤਰ੍ਹਾਂ ਹੀ ਦੁਰਲਭ ਹੋਣਗੀਆਂ ਜਿਸ ਤਰ੍ਹਾਂ ਕਿ ਅੱਜ ਦੁਰਲਭ ਹਨ ਸਗੋਂ ਕਾਰਪੋਰੇਟਾਂ ਦੇ ਬਣਾਉਟੀ ਬੁੱਧੀ ਨੂੰ ਵਰਤੋਂ ਵਿਚ ਲਿਆਉਣ ਦੇ ਚਲਦਿਆਂ ਅੱਜ ਜੋ ਨੌਕਰੀਆਂ ਹਨ ਵੀ, ਉਨ੍ਹਾਂ ਵਿਚੋਂ ਵੀ ਬਹੁਤ ਸਾਰੀਆਂ ਗਾਇਬ ਹੋ ਜਾਣਗੀਆਂ। ਇਸ ਤਰ੍ਹਾਂ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਜਿਹੇ ਰਾਜ ਵਿਚ ਮੁਸਲਮਾਨਾਂ ਅਤੇ ਦੂਸਰੇ ਘੱਟ-ਗਿਣਤੀ ਧਰਮ ਵਾਲੇ ਸਮੂਹਾਂ ਦੇ ਲੋਕਾਂ ਨੂੰ ਭਾਰੀ ਅਤੇ ਬਹੁਪਰਤੀ ਪਰੇਸ਼ਾਨੀਆਂ ਝੱਲਣੀਆਂ ਪੈਣਗੀਆਂ, ਪਰ ਅਜਿਹੇ ਰਾਜ ਵਿਚ ਹਿੰਦੂਆਂ ਨੂੰ ਵੀ ਆਪਣੀ ਪਰੇਸ਼ਾਨੀ ਵਿਚ ਕੋਈ ਕਮੀ ਮਹਿਸੂਸ ਕਰਨ ਦਾ ਮੌਕਾ ਨਹੀਂ ਮਿਲੇਗਾ। ਦੂਜੇ ਪਾਸੇ, ਇੱਕ ਵਰਗ ਜਿਸ ਦੀ ਤਾਕਤ ਅਜਿਹੇ ਰਾਜ ਵਿਚ ਬਹੁਤ ਵਧ ਜਾਵੇਗੀ, ਉਹ ਹੈ ਇਜਾਰੇਦਾਰ ਪੂੰਜੀਪਤੀ ਜਮਾਤ ਅਤੇ ਇਸ ਜਮਾਤ ਦੇ ਅੰਦਰ ਵੀ ਇਜਾਰੇਦਾਰ ਪੂੰਜੀਪਤੀਆਂ ਦੇ ਸਮੂਹ ਦੀ ਤਾਕਤ ਵਿਸ਼ੇਸ਼ ਤੌਰ ‘ਤੇ ਵਧ ਜਾਵੇਗੀ। ਦੂਸਰੇ ਸ਼ਬਦਾਂ ਵਿਚ ਹਿੰਦੂ ਰਾਜ ਇਕ ਅਜਿਹਾ ਰਾਜ ਹੋਵੇਗਾ ਜਿਸ ਵਿਚ ਆਮ ਤੌਰ ‘ਤੇ ਵੱਡੇ ਭਾਰਤੀ ਕਾਰਪੋਰੇਟ ਰਾਜ ਕਰਨਗੇ ਅਤੇ ਖਾਸ ਤੌਰ ‘ਤੇ ਅਡਾਨੀਆਂ ਅਤੇ ਅੰਬਾਨੀਆਂ ਦਾ ਰਾਜ ਹੋਵੇਗਾ। ਇਹ 1930 ਦੇ ਦਹਾਕੇ ਦੇ ਜਰਮਨੀ ਦੀ ਯਾਦ ਦਿਵਾਉਂਦਾ ਹੈ। ਉੱਥੇ ਵੀ ਨਾਜੀਆਂ ਦਾ ਦਾਅਵਾ ਇਹੀ ਸੀ ਕਿ ਉਹ-ਗ਼ੈਰਆਰੀਆ- ਆਬਾਦੀਆਂ ਵਰਗੇ ਯਹੂਦੀਆਂ (ਨਾਜੀਆਂ ਦਾ ਮੰਨਣਾ ਸੀ ਕਿ ਕੋਈ ਬੰਦਾ ਆਰੀਆ ਯਹੂਦੀ-ਤਾਂ ਹੋ ਹੀ ਨਹੀਂ ਸਕਦਾ ਸੀ) ਅਤੇ ਜਿਪਸੀਆਂ ਜਾਂ ਵਣਜਾਰਿਆਂ (ਉਸੇ ਤਰ੍ਹਾਂ ਨਾਜੀਆਂ ਦੇ ਹਿਸਾਬ ਨਾਲ -ਆਰੀਆ ਜਿਪਸੀ ਵੀ ਹੋ ਹੀ ਨਹੀਂ ਸਕਦਾ ਸੀ) ਦੇ ਦਮਨ ਜ਼ਰੀਏ ਆਰੀਆ ਉੱਤਮਤਾ ਨੂੰ ਸਥਾਪਤ ਕਰ ਰਹੇ ਸਨ। ਖ਼ੈਰ, ਨਾਜੀ ਰਾਜ ਕੋਈ -ਆਰਿਆ ਰਾਜ ਨਹੀਂ ਸੀ। ਇਸ ਰਾਜ ਨੇ ਜੋ ਤਾਨਾਸ਼ਾਹੀ ਕਾਇਮ ਕੀਤੀ ਸੀ, 1935 ਵਿਚ ਹੋਈ ਕਮਿਊਨਿਸਟ ਇੰਟਰਨੈਸ਼ਨਲ ਦੀ ਸੱਤਵੀਂ ਕਾਂਗਰਸ ਵਿਚ, ਉਸਦੇ ਪ੍ਰਧਾਨ ਜਾਰਜੀ ਦਿਮਿਤਰੋਵ ਦੇ ਸੰਬੋਧਨ ਦੇ ਸ਼ਬਦਾਂ ਵਿਚ-ਵਿੱਤੀ ਪੂੰਜੀ ਦੇ ਸਭ ਤੋਂ ਪਿਛਾਖੜੀ, ਸਭ ਤੋਂ ਸੰਕੀਰਣਵਾਦੀ ਅਤੇ ਸਭ ਤੋਂ ਸਾਮਰਾਜਵਾਦੀ ਤੱਤਾਂ ਦੀ ਸ਼ਰ੍ਹੇਆਮ ਦਹਿਸ਼ਤਵਾਦੀ ਤਾਨਾਸ਼ਾਹੀ ਸੀ।
ਕਿਸੇ ਰਾਜ ਦੀ ਪਛਾਣ ਉਸ ਨੂੰ ਚਲਾਉਣ ਵਾਲਿਆਂ ਦੀ ਪਛਾਣ ਨਾਲ ਕਰਨਾ, ਕੋਈ ਜ਼ਰੂਰੀ ਨਹੀਂ ਹੈ ਕਿ ਉਸ ਰਾਜ ਦੀ ਸੱਚੀ ਪਛਾਣ ਕਰਵਾਉਂਦਾ ਹੋਵੇ। ਪੁੱਛਣ ਵਾਲਾ ਅਸਲੀ ਸਵਾਲ ਤਾਂ ਇਹ ਹੁੰਦਾ ਹੈ ਕਿ ਉਹ ਕਿਹੜਾ ਵਰਗ ਹੈ ਜੋ ਆਪਣੇ ਹੀ ਸਵਾਰਥਾਂ ਨੂੰ ਅੱਗੇ ਵਧਾਉਣ ਲਈ ਸੰਬੰਧਤ ਰਾਜ ਦੀ ਵਰਤੋਂ ਕਰਦਾ ਹੈ। ਅਤੇ ਅੱਜ ਦੇ ਜ਼ਮਾਨੇ ਵਿਚ ਤਾਂ ਜਿੰਨੇ ਵੀ ਰਾਜ ਕਿਸੇ ਖਾਸ ਨਸਲ ਜਾਂ ਧਾਰਮਿਕ ਜਾਂ ਭਾਸ਼ਾਈ ਸਮੂਹ ਦੇ ਹਿਤਾਂ ਨੂੰ ਅੱਗੇ ਵਧਾਉਣ ਦਾ ਦਾਅਵਾ ਕਰਦੇ ਹਨ ਅਤੇ ਇਸ ਲਈ ਜਮਹੂਰੀਅਤ ਦੇ ਖੰਭ ਕੁਤਰਦੇ ਹਨ ਅਤੇ ਦੂਸਰੇ ਭਾਈਚਾਰਿਆਂ ਨੂੰ ਦੂਸਰੇ ਦਰਜੇ ਦੇ ਨਾਗਰਿਕ ਬਣਾ ਕੇ ਰੱਖਦੇ ਹਨ, ਅਸਲ ਵਿਚ ਇਜਾਰੇਦਾਰ ਪੂੰਜੀ ਦੀ ਤਾਨਾਸ਼ਾਹੀ ਕਾਇਮ ਕਰਨ ਅਤੇ ਨਸਲੀ ਧਾਰਮਿਕ ਜਾਂ ਭਾਸ਼ਾਈ ਆਧਾਰ ‘ਤੇ ਮਿਹਨਤਕਸ਼ ਜਨਤਾ ਨੂੰ ਦਬਾਉਣ ਜ਼ਰੀਏ ‘ਆਰੀਆ ਉੱਤਮਤਾ’ ਨੂੰ ਸਥਾਪਤ ਕਰ ਰਹੇ ਸਨ।
ਇੱਕ ਅਜੋਕੇ, ਬਹੁ-ਭਾਈਚਾਰਕ ਸਮਾਜ ਵਿਚ, ਕਿਸੇ ਇੱਕ ਭਾਈਚਾਰੇ ਜਾਂ ਸਮੂਹ ਦਾ ਰਾਜ ਥੋਪਿਆ ਜਾਣਾ, ਅਸਲ ਵਿਚ ਇਜਾਰੇਦਾਰ ਪੂੰਜੀ ਦੀ ਤਾਨਾਸ਼ਾਹੀ ਥੋਪੀ ਜਾਣਾ ਹੀ ਹੁੰਦਾ ਹੈ। ਇਹ ਸਵਾਲ ਕੀਤਾ ਜਾ ਸਕਦਾ ਹੈ ਕਿ ਆਖਿਰਕਾਰ, ਵਰਤਮਾਨ ਧਰਮ-ਨਿਰਪੱਖ ਰਾਜ ਵਿਚ ਵੀ ਤਾਂ ਇਜਾਰੇਦਾਰ ਪੂੰਜੀ ਦਾ ਹੀ ਬੋਲਬਾਲਾ ਹੁੰਦਾ ਹੈ। ਤਦ ਇਜਾਰੇਦਾਰੀ ਪੂੰਜੀ ਨੂੰ ਆਪਣੀ ਤਾਨਾਸ਼ਾਹੀ ਦੀ ਤਸਵੀਰ ਦੇ ਰੂਪ ਵਿਚ ਇਕ ਅਜਿਹੇ ਨਵੇਂ ਅਤੇ ਮੁਕੰਮਲ ਤੌਰ ‘ਤੇ ਵੱਖਰੇ, ਹਿੰਦੂ ਉੱਤਮਤਾਵਾਦੀ ਰਾਜ ਦੀ ਅਤੇ ਇਸ ਲਈ ਅਜਿਹੇ ਰਾਜ ਦੇ ਕਾਇਮ ਹੋਣ ਵਿਚ ਮਦਦ ਕਰਨ ਦੀ ਜ਼ਰੂਰਤ ਹੀ ਕੀ ਹੈ? ਜ਼ਾਹਿਰ ਹੈ ਕਿ ਇਸ ਤਰ੍ਹਾਂ ਦੇ ਬਦਲਾਅ ਦੀ ਲੋੜ ਫਿਰ ਹੀ ਹੁੰਦੀ ਹੈ, ਜਦੋਂ ਰਾਜ ਦੇ ਪਹਿਲਾਂ ਵਾਲੇ ਰੂਪ ਲਈ ਗੰਭੀਰ ਖ਼ਤਰਾ ਪੈਦਾ ਹੋ ਜਾਂਦਾ ਹੈ। ਅਤੇ ਇਹ ਅਜਿਹੇ ਦੌਰ ਵਿਚ ਹੁੰਦਾ ਹੈ ਜਦੋਂ ਅਰਥ-ਵਿਵਸਥਾ ਖੜੋਤ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਬੇਰੁਜ਼ਗਾਰੀ ਬਹੁਤ ਵਧ ਜਾਂਦੀ ਹੈ। ਹਿੰਦੂ ਰਾਜ ਦੇ ਨਾਮ ‘ਤੇ, ਇਸ ਸਮੇਂ ਇਜਾਰੇਦਾਰ ਪੂੰਜੀ ਦੀ ਤਾਨਾਸ਼ਾਹੀ ਦੀ ਦਿਸ਼ਾ ਵਿਚ ਜੋ ਅੱਗੇ ਵਧ ਰਿਹਾ ਹੈ, ਉਹ ਨਵ-ਉਦਾਰਵਾਦੀ ਨਿਜ਼ਾਮ ਦੇ ਬੰਦ ਗਲੀ ਵਿਚ ਫਸਣ ਨੂੰ ਹੀ ਦਰਸਾਉਂਦਾ ਹੈ, ਜਿੱਥੇ ਇਹ ਨਿਜ਼ਾਮ ਆਰਥਿਕਤਾ ਵਿਚ ਖੜੋਤ ਅਤੇ ਵਧੀ ਹੋਈ ਬੇਰੁਜ਼ਗਾਰੀ ਲੈ ਆਇਆ ਹੈ ਅਤੇ ਮਿਹਨਤਕਸ਼ ਆਵਾਮ ਦੀ ਵੱਡੀ ਗਿਣਤੀ ਲਈ ਭਾਰੀ ਬਦਹਾਲੀ ਲਿਆਇਆ ਹੈ।
ਜਮਹੂਰੀ, ਮਿਹਨਤਕਸ਼ ਜਨਤਾ ਨੂੰ ਵਿਰੋਧ ਅਤੇ ਸੰਘਰਸ਼ ਕਰਨ ਲਈ ਜ਼ਿਆਦਾ ਗੁੰਜਾਇਸ਼ ਦਿੰਦਾ ਹੈ। ਇਸੇ ਲਈ ਸੰਕਟ ਦੇ ਹਰੇਕ ਦੌਰ ਵਿਚ ਜਮਹੂਰੀਅਤ ਨੂੰ ਕੁਤਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਇਸ ਦਾ ਮਕਸਦ ਹੁੰਦਾ ਹੈ, ਇਜਾਰੇਦਾਰ ਪੂੰਜੀ ਦੇ ਵੱਕਾਰ ਲਈ ਖ਼ਤਰਿਆਂ ਨੂੰ ਰੋਕ ਲਾ ਕੇ ਰੱਖਣਾ। ਪਰ, ਜਦੋਂ ਸੰਕਟ ਲੰਮਾ ਚੱਲ ਰਿਹਾ ਹੋਵੇ ਅਤੇ ਉਸਦੇ ਵੱਕਾਰ ਲਈ ਖ਼ਤਰਾ ਲਗਾਤਾਰ ਬਣ ਰਿਹਾ ਹੋਵੇ, ਤਾਂ ਇਜਾਰੇਦਾਰ ਪੂੰਜੀ ਹੋਰ ਜ਼ਿਆਦਾ ਅੱਤਵਾਦੀ ਕਦਮ ਚੁੱਕ ਲੈਂਦੀ ਹੈ। ਹੁਣ ਉਹ ਅਜਿਹੀ ਕਿਸੇ ਵੀ ਤਾਕਤ ਨਾਲ ਗੱਠਜੋੜ ਕਰ ਲੈਂਦੀ ਹੈ, ਜੋ ਲੋਕਾਂ ਨੂੰ ਵੰਡਣ ਵਿਚ ਸਭ ਤੋਂ ਜ਼ਿਆਦਾ ਸਮਰੱਥ ਹੋਵੇ। ਇਸ ਜ਼ਰੀਏ ਲੋਕਾਂ ਦਾ ਧਿਆਨ ਵੰਡਣ ਲਈ ਇਕ ਬਦਲਾਅ ਲਿਆਂਦਾ ਜਾਂਦਾ ਹੈ ਤਾਂ ਕਿ ਮਿਹਨਤਕਸ਼ ਲੋਕਾਂ ਨੂੰ ਜਥੇਬੰਦਕ ਸੰਘਰਸ਼ ਕਰਨ ਤੋਂ ਰੋਕਿਆ ਜਾ ਸਕੇ। ਭਾਰਤੀ ਪ੍ਰਸੰਗ ਵਿਚ ਇਸੇ ਦਾ ਨਾਮ ਹਿੰਦੂ ਰਾਜ ਹੈ। ਭਾਜਪਾ-ਆਰਐਸਐਸ ਦੇ ਸਲਾਹ-ਮਸ਼ਵਰੇ ਦੀ ਧਿਆਨ ਭਟਕਾਊ ਬਿਰਤੀ ਅੱਜ ਮੁਕੰਮਲ ਤੌਰ ‘ਤੇ ਆਪਣੇ ਆਪ ਵਿਚ ਸਪਸ਼ਟ ਹੈ। ਅੱਜ, ਜਦੋਂ ਦੇਸ਼ ਦੀ ਕਿਰਤ ਸ਼ਕਤੀ, ਖਾਸ ਤੌਰ ‘ਤੇ ਨੌਜਵਾਨ ਕਿਰਤ ਸ਼ਕਤੀ, ਬੇਰੁਜ਼ਗਾਰੀ ਦੇ ਭਾਰ ਹੇਠ ਦੱਬੀ ਪਈ ਹੈ ਅਤੇ ਪੜ੍ਹਿਆ-ਲਿਖਿਆ ਸਿੱਖਿਅਤਾਂ ਵਿਚ ਬੇਰੁਜ਼ਗਾਰੀ ਦਾ ਅਨੁਪਾਤ ਬਹੁਤ ਜ਼ਿਆਦਾ ਹੈ, ਇਸ ਭਖਦੇ ਮਸਲੇ ‘ਤੇ ਕਹਿਣ ਲਈ ਦੇਸ਼ ਦੇ ਹੁਕਮਰਾਨਾਂ ਕੋਲ ਇੱਕ ਸ਼ਬਦ ਤੱਕ ਨਹੀਂ ਹੈ। ਇਸ ਦੀ ਬਜਾਏ ਉਹ ਬੰਗਲਾਦੇਸ਼ ਜ਼ਰੀਏ ਘੁਸਪੈਠ ਦਾ ਰੌਲਾ ਪਾ ਰਹੇ ਹਨ। ਵਿਡੰਬਨਾ ਇਹ ਹੈ ਕਿ ਭਾਜਪਾ ਖੁਦ ਇਹ ਮੰਨਦੀ ਹੈ ਕਿ ਕਿਸੇ ਦੇਸ਼ ਦੀ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਪਜ ਹੀ ਉਸਦੀ ਤਰੱਕੀ ਦਾ ਸਹੀ ਸੂਚਕ ਹੁੰਦਾ ਹੈ ਅਤੇ ਕੌਮਾਂਤਰੀ ਮੁਦਰਾ ਕੋਸ਼ ਦੇ ਹਿਸਾਬ ਨਾਲ ਬੰਗਲਾਦੇਸ਼ ਦੀ ਪ੍ਰਤੀ/ਵਿਅਕਤੀ ਆਮਦਨ ਇਸ ਸਮੇਂ ਭਾਰਤ ਨਾਲੋਂ ਜ਼ਿਆਦਾ ਹੈ ਯਾਨੀ ਉਸ ਨੂੰ ਭਾਰਤ ਨਾਲੋਂ ਵੱਧ ਵਿਕਸਤ ਮੰਨਿਆ ਜਾਣਾ ਚਾਹੀਦਾ ਹੈ। ਫਿਰ ਭਾਜਪਾ ਜਿਸ ਤਰ੍ਹਾਂ ਦੀ ਭਾਰੀ ਘੁਸਪੈਠ ਦਾ ਦਾਅਵਾ ਕਰ ਰਹੀ ਹੈ, ਉਸ ਤਰ੍ਹਾਂ ਦੀ ਘੁਸਪੈਠ ਇੱਕ ਘੱਟ ਵਿਕਸਤ ਦੇਸ਼ ਵੱਲ ਵੱਧ ਵਿਕਸਤ ਦੇਸ਼ ਦੇ ਲੋਕਾਂ ਵੱਲੋਂ ਕਿਉਂ ਹੋ ਸਕਦੀ ਹੈ? ਉਦਾਰਵਾਦੀ ਸੋਚ ਦੇ ਲੋਕ ਪਿਛਲੇ ਕੁਝ ਸਮੇਂ ਤੋਂ ਇਸ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੇ ਆ ਰਹੇ ਹਨ ਕਿ ਪਿਛਲੇ ਕੁਝ ਸਮੇਂ ’ਚ ਭਾਰਤ ਵਿਚ ਹਿੰਦੂਤਵ ਦਾ ਅਜਿਹਾ ਉਭਾਰ ਕਿਉਂ ਆਇਆ ਹੈ। ਪਰ, ਉਦਾਰਵਾਦੀ ਵਿਚਾਰ ਇਸ ਦਾ ਧਿਆਨ ਰੱਖਣ ਵਿਚ ਅਸਫਲ ਰਹਿੰਦਾ ਹੈ ਕਿ ਭਾਰਤ ਵਿਚ ਹਿੰਦੂਤਵ ਦਾ ਉਭਾਰ, ਦੁਨੀਆ ਭਰ ਵਿਚ ਨਵ-ਫਾਸ਼ੀਵਾਦ ਦੇ ਉਭਾਰ ਦਾ ਹਿੱਸਾ ਹੈ। ਇਸ ਲਈ ਉਸਦੇ ਉਭਾਰ ਦੀ ਕੋਈ ਵੀ ਸਿਰਫ ਭਾਰਤ ਵਿਸ਼ੇਸ਼ ਵਿਆਖਿਆ ਢੁਕਵੀਂ ਨਹੀਂ ਹੋਵੇਗੀ। ਦੂਸਰੇ ਸ਼ਬਦਾਂ ਵਿਚ ਹਿੰਦੂਤਵ ਦਾ ਇਹ ਉਭਾਰ ਵਿਸ਼ੇਸ਼ ਜਾਂ ਸਥਾਨਕ ਵਰਤਾਰਾ ਨਹੀਂ ਹੈ। ਬਹੁਤ ਹੱਦ ਤੱਕ ਇਸ ਨੂੰ ਭਾਰਤ ਵਿਚ ਵੀ ਵਿੱਤੀ ਅਤੇ ਮੀਡੀਆ ਦੀ ਮੱਦਦ ਜ਼ਰੀਏ, ਇਜਾਰੇਦਾਰ ਪੂੰਜੀ ਦੁਆਰਾ ਉਸੇ ਤਰ੍ਹਾਂ ਉਕਸਾਇਆ ਗਿਆ ਹੈ, ਜਿਸ ਤਰ੍ਹਾਂ ਨਾਲ ਅਰਜਨਟੀਨਾ ਤੋਂ ਅਮਰੀਕਾ, ਇਟਲੀ , ਫਰਾਂਸ, ਜਰਮਨੀ ਅਤੇ ਯੂ.ਕੇ. ਆਦਿ ਤੱਕ ਵਿਚ ਉਕਸਾਇਆ ਗਿਆ ਹੈ। ਅਤੇ ਇਹ ਨਵ-ਉਦਾਰਵਾਦੀ ਪੂੰਜੀਵਾਦ ਦੁਆਰਾ ਆਲਮੀ ਆਰਥਿਕਤਾ ਨੂੰ ਬੰਦ ਗਲੀ ਵਿਚ ਪਹੁੰਚਾ ਦਿੱਤੇ ਜਾਣ ਦੇ ਪਿਛੋਕੜ ਵਿਚ ਹੋ ਰਿਹਾ ਹੈ। ਆਰਐਸਐਸ ਨੇ ਪਿਛਲੇ ਹੀ ਦਿਨੀਂ ਆਪਣੀ ਸ਼ਤਾਬਦੀ ਮਨਾਈ। ਅੱਜ ਉਹ ਅਚਾਨਕ ਖੁਦ ਨੂੰ ਸੱਤਾ ਵਿਚ ਬੈਠਾ ਦੇਖ ਰਿਹਾ ਹੈ, ਜਦੋਂ ਕਿ ਸੌ ਸਾਲ ਤੱਕ ਸੱਤਾ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚ ਸਕਿਆ ਸੀ। ਇੰਨਾ ਹੀ ਨਹੀਂ ਉਹ ਆਪਣੇ -ਦੁਨੀਆ ਦੀ ਸਭ ਤੋਂ ਅਮੀਰ ਸਿਆਸੀ ਪਾਰਟੀ- ਹੋਣ ਦੀ ਸ਼ੇਖੀ ਵੀ ਮਾਰ ਸਕਦਾ ਹੈ। ਇਹ ਸਭ ਉਸ ਸਮੇਂ ਉਸਨੂੰ ਇਜਾਰੇਦਾਰ ਪੂੰਜੀ ਤੋਂ ਮਿਲ ਰਹੇ ਭਾਰੀ ਹਮਾਇਤ ਦਾ ਹੀ ਨਤੀਜਾ ਹੈ। ਪਰ, ਅਜਿਹਾ ਵੀ ਨਹੀਂ ਹੈ ਕਿ ਸਿਰਫ ਇਜਾਰੇਦਾਰੀ ਪੂੰਜੀ ਨੇ ਹੀ ਹਿੰਦੂਤਵ ਪ੍ਰਤੀ ਹਮਾਇਤ ਦਾ ਰੁਖ਼ ਅਪਣਾਅ ਲਿਆ ਹੈ। ਹਿੰਦੂਤਵਵਾਦੀ ਅਨਸਰਾਂ ਨੇ ਵੀ ਇਜਾਰੇਦਾਰ ਪੂੰਜੀ ਪ੍ਰਤੀ ਆਪਣਾ ਰੁਖ਼ ਬਦਲਿਆ ਹੈ। ਪਹਿਲਾਂ ਆਰਐਸਐਸ ਦਾ ਮੁੱਖ ਹਮਾਇਤ ਆਧਾਰ ਛੋਟੇ ਦੁਕਾਨਦਾਰਾਂ, ਛੋਟੇ ਪੂੰਜੀਪਤੀਆਂ ਅਤੇ ਸ਼ਹਿਰੀ ਮੱਧ ਵਰਗ ਦਰਮਿਆਨ ਹੀ ਹੋਇਆ ਕਰਦਾ ਸੀ ਅਤੇ ਉਸ ਨੂੰ ਕੁਝ ਜਗੀਰੂ ਅਨਸਰਾਂ ਤੋਂ ਵਿੱਤੀ ਸਹਾਇਤਾ ਵੀ ਹਾਸਲ ਹੋਇਆ ਕਰਦੀ ਸੀ। ਬੇਸ਼ੱਕ, ਜਰਮਨੀ ਦੇ ਉਲਟ ਜਿੱਥੇ ਨਾਜੀਆਂ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪ੍ਰਤੱਖ ਤੌਰ ‘ਤੇ ਇੱਕ ਇਜਾਰੇਦਾਰੀ ਰੁਖ ਅਪਣਾਈ ਰੱਖਿਆ ਸੀ, ਆਰਐਸਐਸ ਨੇ ਕਦੀ ਇਜਾਰੇਦਾਰੀ ਵਿਰੁੱਧ ਬੋਲੀ ਬੋਲਣਾ ਮਨਜ਼ੂਰ ਨਹੀਂ ਕੀਤਾ ਸੀ, ਫਿਰ ਵੀ ਆਰਐਸਐਸ ਸਿਰਫ ਇਜ਼ਾਰੇਦਾਰ ਪੂੰਜੀ ਪ੍ਰਸਤ ਵੀ ਨਹੀਂ ਰਿਹਾ ਸੀ। ਪਹਿਲਾਂ ਹਿੰਦੂਤਵਵਾਦੀ ਖੇਮੇ ਵਿਚ ਆਰਥਿਕ ਨੀਤੀ ਦੇ ਸੰਬੰਧ ਵਿਚ ਬਦਲਵੀਂ ਆਵਾਜ਼ ਵੀ ਹੋਇਆ ਕਰਦਾ ਸੀ, ਹਾਲਾਂਕਿ ਆਰਥਿਕ ਨੀਤੀ ਆਪਣੇ ਆਪ ਵਿਚ ਹਿੰਦੂਤਵਵਾਦੀ ਤਾਕਤਾਂ ਦੀ ਖਾਸ ਚਿੰਤਾ ਦਾ ਵਿਸ਼ਾ ਕਦੀ ਵੀ ਨਹੀਂ ਰਿਹਾ ਸੀ। ਨਰੇਂਦਰ ਮੋਦੀ ਦਾ ਯੋਗਦਾਨ ਇਸ ਸਭ ਨੂੰ ਬਦਲ ਦੇਣ ਵਿਚ ਹੀ ਹੈ। ਹਿੰਦੂਤਵ ਦੀ ਪੈੜ ਵਿਚ ਉਨ੍ਹਾਂ ਦਾ ਮਹੱਤਵ ਇਸੇ ਵਿਚ ਹੈ ਕਿ ਨਰੇਂਦਰ ਮੋਦੀ ਕਾਰਪੋਰੇਟ-ਹਿੰਦੂਤਵ ਗੱਠਜੋੜ ਦਾ ਘਾੜੇ ਬਣ ਗਿਆ ਹੈ। ਅਤੇ ਉਹ ਗੱਠਜੋੜ ਕਾਇਮ ਕਰਨ ਦੇ ਜ਼ੋਰ ‘ਤੇ ਹੀ ਹਿੰਦੂਤਵ ਸੱਤਾ ਵਿਚ ਆਇਆ ਹੈ। ਅਸਲ ਵਿੱਚ ਨਰੇਂਦਰ ਮੋਦੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਅੱਗੇ ਵਧਾਏ ਜਾਣ ਦਾ ਵਿਚਾਰ ਹੀ ਗੁਜਰਾਤ ਵਿਚ-ਇਨਵੈਸਟਰ ਸਿਖ਼ਰ ਸੰਮੇਲਨ ਵਿਚ ਪੂੰਜੀਪਤੀਆਂ ਦੇ ਇਕ ਜਮਾਵੜੇ ਵਿਚ ਪੇਸ਼ ਕੀਤਾ ਗਿਆ ਸੀ, ਜੋ ਕਿ ਓਦੋਂ ਦੀ ਗੱਲ ਹੈ ਜਦੋਂ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਸੀ। ਬਦਲੇ ਵਿਚ ਨਰੇਂਦਰ ਮੋਦੀ ਇਜਾਰੇਦਾਰ ਪੂੰਜੀ ਦੇ ਅਤੇ ਉਸ ਵਿਚ ਵੀ ਖਾਸ ਤੌਰ ‘ਤੇ ਇਸ ਪੂੰਜੀ ਦੇ ਨਵੇਂ ਪੈਦਾ ਹੋਏ ਜਾਂ ਸਿਖਾਂਦਰੂ ਅਨਸਰਾਂ ਦਾ ਬੇਝਿਜਕ, ਕੁਝ ਵੀ ਕਰਨ ਨੂੰ ਤਿਆਰ, ਪਰਮੋਟਰ ਬਣ ਗਿਆ। ਇਸ ਪ੍ਰਕਿਰਿਆ ਵਿਚ ਉਹ ਕੌਮਾਂਤਰੀ ਵਿੱਤੀ ਪੂੰਜੀ ਦਾ ਵੀ ਪ੍ਰਮੋਟਰ ਬਣ ਗਿਆ, ਜਿਸ ਨਾਲ ਨਵ-ਉਦਾਰਵਾਦੀ ਦੌਰ ਵਿਚ ਭਾਰਤੀ ਇਜਾਰੇਦਾਰਾਨਾ ਪੂੰਜੀ ਨੇ ਗੰਢ ਲਿਆ ਸੀ। ਨਵ-ਉਦਾਰਵਾਦੀ ਪੂੰਜੀਵਾਦ ਦੀ ਖੜੋਤ ਦੇ ਦੌਰ ਵਿਚ, ਆਪਣੇ ਨਵੇਂ-ਫਾਸ਼ੀਵਾਦੀ ਏਜੰਡੇ ਨਾਲ ਮੋਦੀ, ਭਾਰਤੀ ਇਜਾਰੇਦਾਰ ਪੂੰਜੀ ਲਈ ਖਾਸ ਤੌਰ ‘ਤੇ ਲਾਹੇਵੰਦ ਸੰਪੱਤੀ ਬਣ ਗਿਆ ਹੈ।