ਗੌਰੀ ਸ਼ੰਕਰ ਦੀ ਠੱਗੀ

ਛਾਤੀ ਅੰਦਰਲੇ ਥੇਹ (12)
ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ ਜੀਵਨ ਅਤੇ ਤਜਰਬੇ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਵੱਖਰੇ ਢੰਗ ਨਾਲ ਕੀਤੀਆਂ ਹਨ ਜਿਹੜੀਆਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਇਨ੍ਹਾਂ ਗੱਲਾਂ ਦੀਆਂ ਤੰਦਾਂ, ਬੰਦੇ ਦੇ ਬੰਦਾ ਹੋਣ ਨਾਲ ਗਹਿਰੀਆਂ ਜੁੜੀਆਂ ਹੋਈਆਂ ਹਨ। ਆਸ ਹੈ, ਧੜਕਦੇ ਦਿਲ ਨਾਲ ਕੀਤੀਆਂ ਇਹ ਗੱਲਾਂ ਪਾਠਕਾਂ ਨੂੰ ਆਪਣੀਆਂ ਹੀ ਗੱਲਾਂ ਲੱਗਣਗੀਆਂ। -ਸੰਪਾਦਕ

ਗੁਰਦਿਆਲ ਦਲਾਲ
ਫੋਨ: 91-98141-85363
ਸਿਰ ਉਤੇ ਵੀਰ ਜੀ ਦਾ ਹੱਥ ਹੋਣ ਕਰ ਕੇ ਭਾਵੇਂ ਰੋਟੀ-ਪਾਣੀ ਅਤੇ ਕਾਲਜ ਦੀ ਫੀਸ ਦਾ ਕੋਈ ਫਿਕਰ ਨਹੀਂ ਸੀ ਪਰ ਕਾਲਜ ਪੜ੍ਹਦਿਆਂ ਕੁਝ ਹੋਰ ਲੋੜਾਂ ਵੀ ਤਾਂ ਹੁੰਦੀਆਂ ਹਨ; ਜਿਵੇਂ ਦੋਸਤਾਂ-ਮਿੱਤਰਾਂ ਵਿਚ ਖਰਚਾ ਕਰਨਾ, ਕੰਟੀਨ ਵਿਚੋਂ ਸਮੋਸੇ ਤੇ ਗੁਲਾਬ ਜਾਮਣਾਂ ਖਾਣੀਆਂ, ਪਿਕਚਰਾਂ ਦੇਖਣੀਆਂ ਤੇ ਨਾਲ ਪੜ੍ਹਦੇ ਮੁੰਡੇ ਕੁੜੀਆਂ ਨੂੰ ਖਾਸ ਮੌਕਿਆਂ ਉਤੇ ਤੋਹਫੇ ਦੇਣੇ। ਇਹ ਲੋੜਾਂ ਪੂਰੀਆਂ ਕਰਨ ਲਈ ਘਰੋਂ ਪੈਸੇ ਨਹੀਂ ਸਨ ਮਿਲ ਸਕਦੇ। ਵੀਰ ਜੀ ਅਤੇ ਭਾਬੀ ਦਾ ਵਿਚਾਰ ਸੀ ਕਿ ਜੇਬ ਖਰਚ ਨਾਲ ਮੁੰਡੇ ਵਿਗੜ ਜਾਂਦੇ ਹਨ। ਸੋ, ਮੈਂ ਕਈ ਮਿੱਤਰਾਂ ਕੋਲ ਆਪਣੀ ਇਹ ਇੱਛਾ ਜ਼ਾਹਿਰ ਕਰ ਚੁੱਕਾ ਸਾਂ ਕਿ ਜੇ ਮੈਨੂੰ ਕਿਸੇ ਘਰ ਵਿਚ ਟਿਊਸ਼ਨ ਪੜ੍ਹਾਉਣ ਲਈ ਇਕ ਦੋ ਬੱਚੇ ਮਿਲ ਜਾਣ ਤਾਂ ਕਾਫੀ ਸੌਖ ਹੋ ਜਾਵੇ। ਮੇਰੇ ਕਿਸੇ ਮਿੱਤਰ ਦੇ ਦੱਸ ਪਾਉਣ ਉਤੇ ਗੌਰੀ ਸ਼ੰਕਰ ਨਾਂ ਦਾ ਬੰਦਾ ਜਿਸ ਨੇ ਧੋਤੀ ਕਮੀਜ਼ ਪਹਿਨਿਆ ਹੋਇਆ ਸੀ ਤੇ ਮੱਥੇ ਉਤੇ ਤਿਲਕ ਲਾਇਆ ਹੋਇਆ ਸੀ, ਮੇਰੇ ਕਾਲਜ ਆਇਆ ਤੇ ਬੜੀ ਗਰਮਜੋਸ਼ੀ ਨਾਲ ਮੈਨੂੰ ਮਿਲਿਆ। ਉਸ ਨੇ ਆਪਣੀ ਜਾਣ-ਪਛਾਣ ਸ਼ਹਿਰ ਦੇ ਪ੍ਰਸਿੱਧ ਸੇਂਟ ਜੌਹਨ ਹਾਈ ਸਕੂਲ ਦੇ ਲਾਇਬ੍ਰੇਰੀਅਨ ਵਜੋਂ ਕਰਵਾਈ। ਤਨਖ਼ਾਹ ਵੀ ਚੋਖੀ ਦੱਸੀ। ਉਸ ਦੇ ਆਪਣੇ ਸਕੂਲ ਵਿਚ ਨੌਵੀਂ ਅਤੇ ਦਸਵੀਂ ਵਿਚ ਪੜ੍ਹਦੇ ਦੋ ਭੈਣ ਭਰਾ ਸਨ ਜਿਨ੍ਹਾਂ ਦਾ ਘਰ ਸਾਡੇ ਇਲਕੇਸ਼ਵਰ ਕਾਲੋਨੀ ਦੇ ਘਰ ਤੋਂ ਪੰਜ ਮੀਲ ਅਤੇ ਸਾਡੇ ਕਾਲਜ ਤੋਂ ਤਿੰਨ ਮੀਲ ਦੂਰ ਸੀ। ਉਨ੍ਹਾਂ ਦੇ ਘਰ ਜਾ ਕੇ ਪੜ੍ਹਾਉਣ ਦੇ ਸੱਠ ਰੁਪਏ ਮਹੀਨਾ ਮਿਲਦੇ ਸਨ। ਮੈਂ ‘ਹਾਂ’ ਕਰ ਦਿੱਤੀ ਤੇ ਕਾਲਜ ਮਗਰੋਂ ਉਨ੍ਹਾਂ ਘਰ ਜਾ ਕੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ।
ਉਹ ਬਹੁਤ ਸਾਫ਼ ਸੁਥਰਾ ਤੇ ਅਮੀਰ ਮੁਸਲਮਾਨ ਪਰਿਵਾਰ ਸੀ। ਘਰ ਵੀ ਕਾਫੀ ਲੰਮਾ ਚੌੜਾ ਅਤੇ ਰਈਸਾਂ ਵਾਲਾ ਸੀ। ਦੋਨੋਂ ਬੱਚੇ ਹੁਸੀਨਾ ਅਤੇ ਇੱਕੂ ਪੜ੍ਹਨ ਵਿਚ ਹੁਸ਼ਿਆਰ ਸਨ। ਦੋਨੋਂ ਖੂਬਸੂਰਤ ਵੀ ਪੁੱਜ ਕੇ ਸਨ। ਉਨ੍ਹਾਂ ਦੀ ਗੋਰੀ ਚਿੱਟੀ ਚਮੜੀ ਹਨ੍ਹੇਰੇ ਵਿਚ ਵੀ ਡਲ੍ਹਕਾਂ ਮਾਰਦੀ। ਉਨ੍ਹਾਂ ਦੀ ਮਾਂ ਦਾ ਮੈਥੋਂ ਪਰਦਾ ਕਰਨਾ ਮੈਨੂੰ ਬਹੁਤ ਓਪਰਾ ਲੱਗਿਆ। ਜਦੋਂ ਉਹ ਬੁਰਕੇ ਵਿਚ ਲਿਪਟੀ, ਪੜ੍ਹਾਉਣ ਵਾਲੇ ਕਮਰੇ ਵਿਚ ਟਰੇਅ ਵਿਚ ਚਾਹ ਅਤੇ ਖਾਣ-ਪੀਣ ਦੀ ਕੋਈ ਚੀਜ਼ ਚੁੱਕੀ ਆਉਂਦੀ ਤਾਂ ਉਸ ਦੀਆਂ ਗੋਰੀਆਂ, ਲੰਮੀਆਂ ਤੇ ਪਤਲੀਆਂ ਉਂਗਲਾਂ ਤੋਂ ਬਿਨਾਂ ਸਰੀਰ ਦਾ ਕੋਈ ਭਾਗ ਦਿਖਾਈ ਨਾ ਦਿੰਦਾ। ਉਦੋਂ ਮੇਰੀ ਉਮਰ 19 ਕੁ ਸਾਲ ਦੀ ਸੀ। ਜੋੜ ਘਟਾ ਕਰ ਕੇ ਹੀ ਮੈਂ ਅੰਦਾਜ਼ਾ ਲਾਉਂਦਾ ਕਿ ਉਹ ਪੈਂਤੀ ਕੁ ਵਰ੍ਹਿਆਂ ਦੀ ਹੋਵੇਗੀ। ਗੌਰੀ ਸ਼ੰਕਰ ਦਾ ਤੋਰਾ-ਫੇਰਾ ਉਸ ਘਰ ਵਿਚ ਆਮ ਰਹਿੰਦਾ। ਜਦੋਂ ਉਹ ਆਟੇ ਵਾਲੀ ਬੋਰੀ ਜਾਂ ਪੱਥਰ ਦੇ ਕੋਇਲੇ ਆਪਣੇ ਸਾਇਕਲ ਤੋਂ ਉਤਾਰ ਕੇ ਉਨ੍ਹਾਂ ਦੇ ਅੰਦਰ ਰੱਖਦਾ, ਮੈਨੂੰ ਲਗਦਾ ਜਿਵੇਂ ਉਹ ਘਰ ਦਾ ਨੌਕਰ ਹੋਵੇ ਪਰ ਜਦੋਂ ਅੰਦਰ ਲੰਘ ਕੇ ਔਰਤ ਨਾਲ ਹੱਸ-ਹੱਸ ਗੱਲਾਂ ਮਾਰਦਾ ਤੇ ਉਹ ਉਸ ਤੋਂ ਪਰਦਾ ਵੀ ਨਾ ਕਰਦੀ, ਤਾਂ ਉਹ ਘਰ ਦਾ ਮਾਲਕ ਲਗਦਾ।
ਕੱਟੜ ਜਿਹੀ ਦਿੱਖ ਵਾਲੇ ਹਿੰਦੂ ਬੰਦੇ ਦਾ ਮੁਸਲਮਾਨ ਪਰਿਵਾਰ ਨਾਲ ਘਿਉ-ਖਿਚੜੀ ਬਣੇ ਰਹਿਣਾ ਮੈਨੂੰ ਬੜਾ ਓਪਰਾ ਲੱਗਦਾ। ਘਰ ਵਿਚ ਮਾਂ ਅਤੇ ਬੱਚਿਆਂ ਤੋਂ ਬਿਨਾਂ ਕੋਈ ਚੌਥਾ ਬੰਦਾ ਤਾਂ ਹੈ ਨਹੀਂ ਸੀ। ਫਿਰ ਦੋਨੋਂ ਬੱਚੇ ਵੀ ਸਕੂਲ ਪੜ੍ਹਨ ਚਲੇ ਜਾਂਦੇ। ਪਿੱਛੋਂ ਉਹ ਘਰ ਵਿਚ ਇਕੱਲੀ ਹੁੰਦੀ। ਖ਼ੈਰ! ਮੈਂ ਐਵੇਂ ਸ਼ੱਕ ਵਿਚ ਪਿਆ ਰਿਹਾ। ਮੈਂ ਕੀ ਲੈਣਾ ਸੀ? ਪੜ੍ਹਾਉਣਾ ਸੀ ਤੇ ਫੀਸ ਲੈਣੀ ਸੀ। ਮੈਨੂੰ ਬੱਚਿਆਂ ਤੋਂ ਹੀ ਪਤਾ ਲੱਗਾ ਕਿ ਉਨ੍ਹਾਂ ਦਾ ਪਿਉ ਨੇਪਾਲ ਬਾਰਡਰ ਤੋਂ ਕੁਝ ਚੀਜ਼ ਇਧਰ-ਉਧਰ ਕਰ ਕੇ ਵੇਚਦਾ ਸੀ ਤੇ ਚੰਗੀ ਖੱਟੀ ਕਰਦਾ ਸੀ। ਸਾਲ ਛਿਮਾਹੀ ਮਗਰੋਂ ਹੀ ਘਰ ਗੇੜਾ ਮਾਰਦਾ ਸੀ। ਉਸ ਦਾ ਨਾਂ ਹਮੀਦ ਸੀ ਤੇ ਬੱਚਿਆਂ ਦੀ ਮਾਂ ਦਾ ਸਾਹਿਬਾਂ। ਬੱਚੇ ਗੌਰੀ ਸ਼ੰਕਰ ਨੂੰ ਮਾਮੂ ਕਹਿੰਦੇ ਸਨ। ਮੈਨੂੰ ਕੀ, ਪਏ ਕਹਿੰਦੇ ਰਹਿਣ!
ਮੈਂ ਆਪਣੇ ਕੰਮ ਤੱਕ ਮਤਲਬ ਰੱਖਿਆ ਤੇ ਸਭ ਕੁਝ ਠੀਕ ਚਲਦਾ ਰਿਹਾ। ਇਕ ਦਿਨ ਜਦੋਂ ਮੈਂ ਘਰ ਵਾਪਸ ਆਉਣ ਲਈ ਸਾਇਕਲ ਚੁੱਕਿਆ ਤਾਂ ਸਾਹਿਬਾਂ ਮੇਰੇ ਮਗਰ ਆ ਗਈ ਤੇ ਗੱਤੇ ਦਾ ਡੱਬਾ ਮੇਰੇ ਮੂਹਰੇ ਕਰਦੀ ਬੋਲੀ, “ਯੇ ਆਪ ਕੇ ਲੀਏ ਹੈ।”
“ਕਿਆ ਹੈ ਜੀ ਇਸ ਮੇਂ?” ਮੈਂ ਪੁੱਛਿਆ।
“ਪੈਂਟ-ਸ਼ਰਟ ਕਾ ਕੱਪੜਾ ਹੈ, ਆਪ ਲੇ ਜਾਈਏ। ਬਾਬੂ ਕਾ ਜਨਮ ਦਿਨ ਥਾ।” ਉਹ ਬੋਲੀ ਤਾਂ ਮੈਂ ਸਮਝ ਗਿਆ ਕਿ ਉਹ ਮੇਰੇ ‘ਤੇ ਇਹ ਉਪਕਾਰ ਕਿਉਂ ਕਰ ਰਹੀ ਸੀ। ਮੇਰੇ ਕੋਲ ਬਹੁਤ ਸਾਧਾਰਨ ਪੈਂਟ-ਕਮੀਜ਼ ਸਨ ਜਿਨ੍ਹਾਂ ਦਾ ਘਸ-ਘਸ ਕੇ ਰੰਗ ਫਿੱਕਾ ਪੈ ਗਿਆ ਸੀ। ਪੈਂਟ ਤਾਂ ਗੋਡੇ ਕੋਲੋਂ ਰਫੂ ਵੀ ਕਰਾਈ ਹੋਈ ਸੀ।
“ਐਸੇ ਨਹੀਂ ਲੇ ਜਾਊਂਗਾ। ਆਪ ਮੇਰੇ ਸੇ ਪਰਦਾ ਕਿਉਂ ਕਰਤੀ ਹੈਂ? ਯੇ ਮੁਝੇ ਅੱਛਾ ਨਹੀਂ ਲਗਤਾ। ਕਿਆ ਮੈਂ ਬੁਰਾ ਲੜਕਾ ਹੂੰ?” ਮੈਂ ਕਹਿ ਦਿੱਤਾ।
ਉਸ ਨੇ ਹੱਸ ਕੇ ਆਪਣੇ ਮੂੰਹ ਉਤੇ ਲਟਕਦੇ ਕਾਲੇ ਪਰਦੇ ਨੂੰ ਆਪਣੇ ਸਿਰ ਤੋਂ ਪਿੱਛੇ ਸੁੱਟ ਦਿੱਤਾ, ਤੇ ਬੱਦਲੀ ‘ਚੋਂ ਚੰਨ ਨਿਕਲ ਆਇਆ। ਮੋਟੀਆਂ-ਮੋਟੀਆਂ ਅੱਖਾਂ ਨਾਲ ਘੂਰਦੀ ਮੁਸਕਰਾਈ ਤੇ ਬੋਲੀ, “ਬੱਸ।”
ਉਸ ਵੱਲ ਦੇਖਦਿਆਂ ਮੈਂ ਡੱਬਾ ਫੜ ਲਿਆ। ਉਸ ਦਿਨ ਬੜੀ ਤੇਜ਼ ਸਾਇਕਲ ਚਲਾ ਕੇ ਪਹਿਲਾਂ ਦਰਜੀ ਕੋਲ ਗਿਆ ਤੇ ਫਿਰ ਆਪਣੇ ਮਿੱਤਰ ਰਾਮੇਸ਼ਵਰ ਕੋਲ। ਉਸ ਨੂੰ ਅੱਜ ਵਾਲੀ ਘਟਨਾ ਦੱਸੀ ਤਾਂ ਉਹ ਹੱਸ ਕੇ ਬੋਲਿਆ, “ਅਬੇ ਸਰਦਾਰ ਜੀ, ਮਾਰਾ ਗਿਆ ਅਬ ਤੂ। ਅਬ ਤੁਮਹੇਂ ਕੋਈ ਨਹੀਂ ਬਚਾ ਸਕਤਾ।”
ਗੌਰੀ ਸ਼ੰਕਰ ਵੀ ਦਿਨਾਂ ਵਿਚ ਹੀ ਮੇਰਾ ਗੂੜ੍ਹਾ ਮਿੱਤਰ ਬਣ ਗਿਆ। ਉਹ ਗੱਲਾਂ ਦਾ ਧਨੀ ਸੀ ਤੇ ਮੈਨੂੰ ਲੋਕਾਂ ਦੇ ਊਟ-ਪਟਾਂਗ ਸਬੰਧਾਂ ਦੀਆਂ ਕਹਾਣੀਆਂ ਸੁਣਾਉਂਦਾ ਰਹਿੰਦਾ। ਮੈਂ ਉਸ ਦੇ ਸਕੂਲ ਜਾਂ ਘਰ ਅਕਸਰ ਜਾਣ ਲੱਗਾ। ਉਹ ਰਾਜਾ ਮੰਡੀ ਦੇ ਛੋਟੇ ਜਿਹੇ ਘਰ ਵਿਚ ਕਿਰਾਏ ‘ਤੇ ਰਹਿੰਦਾ ਸੀ। ਉਸ ਨੇ ਵਿਆਹ ਵੀ ਨਹੀਂ ਸੀ ਕਰਵਾਇਆ ਹੋਇਆ। ਉਸ ਨੂੰ ਧੰਦੇ ਵਾਲੀਆਂ ਔਰਤਾਂ ਕੋਲ ਜਾਣ ਦਾ ਵੀ ਕੋਈ ਸ਼ੌਕ ਨਹੀਂ ਸੀ। ਮੈਂ ਉਸ ਨਾਲ ਕਦੀ ਕਦਾਈਂ ਕੋਈ ਪਿਕਚਰ ਵੀ ਦੇਖ ਆਉਂਦਾ। ਉਹ ਸਾਹਿਬਾਂ ਦੇ ਘਰ ਕਿਉਂ ਜਾਂਦਾ ਸੀ? ਉਸ ਦਾ ਉਸ ਨਾਲ ਕੀ ਸਬੰਧ ਸੀ? ਮੈਂ ਕਦੀ ਵੀ ਉਸ ਤੋਂ ਨਾ ਪੁੱਛ ਸਕਿਆ।
ਮੈਨੂੰ ਟਿਊਸ਼ਨ ਪੜ੍ਹਾਉਂਦੇ ਨੂੰ ਦੋ ਮਹੀਨੇ ਲੰਘ ਗਏ। ਕਿਸੇ ਨੇ ਪੈਸਿਆਂ ਦਾ ਨਾਂ ਹੀ ਨਾ ਲਿਆ। ਸਾਹਿਬਾਂ ਸਾਡੇ ਲਾਗੇ ਹੀ ਸੋਫੇ ‘ਤੇ ਬੈਠ ਜਾਂਦੀ ਤੇ ਨੰਗੇ ਮੂੰਹ ਕੁਝ ਬੁਣਦੀ ਰਹਿੰਦੀ। ਮੈਂ ਬੱਚਿਆਂ ਨੂੰ ਪੜ੍ਹਾਉਂਦਾ ਰਹਿੰਦਾ। ਮੇਰਾ ਮਨ ਕਰਦਾ ਕਿ ਉਸ ਤੋਂ ਪੈਸੇ ਮੰਗਾਂ ਪਰ ਮੇਰਾ ਹੌਸਲਾ ਹੀ ਨਾ ਪੈਂਦਾ। ਇਕ ਦਿਨ ਮੈਂ ਗੌਰੀ ਸ਼ੰਕਰ ਨੂੰ ਕਿਹਾ, “ਗੌਰੀ ਸ਼ੰਕਰ ਜੀ, ਦੋ ਮਹੀਨੇ ਬੀਤ ਗਏ ਹੈਂ। ਉਨਹੋਂ ਨੇ ਅਭੀ ਤੱਕ ਫੀਸ ਹੀ ਨਹੀਂ ਦੀ।” ਉਹ ਬੋਲਿਆ, “ਸ਼ਾਇਦ ਹਮੀਦ ਸਾਹਿਬ ਏਕ ਦੋ ਮਹੀਨੇ ਮੇਂ ਆ ਜਾਏਂਗੇ। ਸਭ ਚੁਕਤਾ ਕਰਵਾ ਦੂੰਗਾ। ਆਪ ਉਨਸੇ ਮਾਂਗਨਾ ਨਹੀਂ। ਬੜੇ ਲੋਕ ਹੈਂ, ਬੁਰਾ ਮਨਾਏਂਗੇ। ਇੱਤੀ ਸੀ ਬਾਤ ਪਰ ਬਿਗੜ ਜਾਏਂਗੇ।” ਮੈਂ ਚੁੱਪ ਕਰ ਗਿਆ ਤੇ ਡੇਢ ਮਹੀਨਾ ਹੋਰ ਲੰਘ ਗਿਆ। ਨਾ ਹਮੀਦ ਆਇਆ ਤੇ ਨਾ ਹੀ ਪੈਸੇ ਮਿਲੇ। ਇਕ ਦਿਨ ਫਿਰ ਗੌਰੀ ਸ਼ੰਕਰ ਨੂੰ ਕਿਹਾ ਕਿ ਭਾਈ ਮੈਂ ਤਾਂ ਟਿਊਸ਼ਨ ਆਪਣੀਆਂ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੀਤੀ ਸੀ। ਬਾਅਦ ਵਿਚ ਮੈਂ ਪੈਸੇ ਕੀ ਕਰਨੇ? ਈਦ ਪਿਛੋਂ ਮੈਂ ਤੰਬਾ ਫੂਕਣਾ ਏਂ? ਤੁਸੀਂ ਮੇਰੇ ਪੈਸੇ ਦੁਆਵੋ।
ਉਹ ਬੋਲਿਆ, “ਸਰਦਾਰ ਜੀ, ਆਪ ਘਬਰਾ ਕਿਉਂ ਰਹੇ ਹੈਂ। ਵੋ ਰਈਸ ਲੋਗ ਹੈਂ। ਦੋ-ਤੀਨ ਸੌ ਰੁਪਏ ਜ਼ਿਆਦਾ ਤੋ ਇਨਾਮ ਮੇਂ ਹੀ ਦੇ ਦੇਂਗੇ। ਬੱਚੇ ਆਪ ਸੇ ਸੰਤੁਸ਼ਟ ਹੈਂ। ਥੋੜ੍ਹਾ ਵੇਟ ਕਰੋ।”
ਚਾਰ ਮਹੀਨੇ ਬੀਤ ਗਏ। ਕਾਣੀ ਕੌਡੀ ਵੀ ਨਾ ਮਿਲੀ। ਮੈਂ ਬੁਰੀ ਤਰ੍ਹਾਂ ਫਸ ਗਿਆ ਸਾਂ। ਘਰੋਂ ਨਿੱਤ ਸੋਚ ਕੇ ਜਾਂਦਾ ਸਾਂ ਕਿ ਅੱਜ ਜ਼ਰੂਰ ਸਾਹਿਬਾਂ ਨੂੰ ਕਹਾਂਗਾ ਪਰ ਉਸ ਕੋਲ ਜਾਂਦਿਆਂ ਹੀ ਜੀਭ ਤਾਲੂਏ ਨਾਲ ਜੁੜ ਜਾਂਦੀ। ਹਿੰਮਤ ਹੀ ਨਾ ਪੈਂਦੀ। ਇਕ ਦਿਨ ਦਿਲ ਕਰੜਾ ਕਰ ਕੇ ਇੱਕੂ ਨੂੰ ਕਿਹਾ। ਉਸ ਨੇ ਆਪਣੀ ਮਾਂ ਨੂੰ ਦੱਸਿਆ। ਉਹ ਕਹਿਣ ਲੱਗੀ, “ਟਿਊਸ਼ਨ ਕੇ ਪਾਂਚ ਮਹੀਨੇ ਕੇ ਪਾਂਚ ਸੌ ਰੁਪਏ ਤੋ ਗੌਰੀ ਸ਼ੰਕਰ ਜੀ ਐਡਵਾਂਸ ਮੇਂ ਲੇ ਗਏ ਥੇ, ਆਪ ਕੋ ਨਹੀਂ ਦੀਏ?”
ਮੈਂ ਹੈਰਾਨ ਹੋਇਆ। ਉਹ ਬੰਦਾ ਤਾਂ ਦੋਹਾਂ ਨੂੰ ਰਗੜ ਗਿਆ ਸੀ। ਉਸੇ ਦਿਨ ਮੈਂ ਸਿੱਧਾ ਗੌਰੀ ਸ਼ੰਕਰ ਕੋਲ ਗਿਆ। ਉਹ ਕਹਿਣ ਲੱਗਾ, “ਪੈਸੇ ਤੋ ਮੈਂ ਲੇ ਆਇਆ ਥਾ ਲੇਕਿਨ ਮੇਰੀ ਮਾਂ ਕੀ ਬਿਮਾਰੀ ਪਰ ਲਗ ਗਏ। ਅਬ ਕਿਸੀ ਕੋ ਮਤ ਕਹਿਨਾ। ਧੀਰੇ-ਧੀਰੇ ਵਾਪਸ ਕਰ ਦੂੰਗਾ। ਤੁਮ ਚਿੰਤਾ ਮਤ ਕਰੋ।”
ਮੈਂ ਅਗਲੇ ਦਿਨ ਪੜ੍ਹਾਉਣ ਗਿਆ ਤਾਂ ਸਾਹਿਬਾਂ ਕਹਿਣ ਲੱਗੀ, “ਕੱਲ੍ਹ ਸ਼ਾਮ ਕੋ ਗੌਰੀ ਸ਼ੰਕਰ ਜੀ ਆਏ ਥੇ। ਵੋ ਕਹਿ ਰਹੇ ਹੈਂ, ਪਾਂਚ ਸੌ ਰੁਪਏ ਆਪ ਕੋ ਉਸੀ ਦਿਨ ਦੇ ਦੀਏ ਥੇæææਤੋ ਕਿਆ ਵੋ ਝੂਠ ਬੋਲੇਂਗੇ?”
“ਆਪ ਸਮਝਤੇ ਹੈਂ, ਮੈਂ ਝੂਠ ਬੋਲ ਰਹਾ ਹੂੰ।” ਮੈਂ ਕਿਹਾ।
“ਦੇਖੋ, ਮੈਂ ਤੋ ਦੇ ਚੁਕੀ। ਅਬ ਮੈਂ ਕਿਆ ਕਰ ਸਕਤੀ ਹੂੰ।” ਉਸ ਨੇ ਪੱਲਾ ਝਾੜ ਦਿੱਤਾ।
ਨਿਰਾਸ਼ ਹੋ ਕੇ ਮੈਂ ਟਿਊਸ਼ਨ ਛੱਡ ਦਿੱਤੀ ਤੇ ਗੌਰੀ ਸ਼ੰਕਰ ਕੋਲ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ। ਹਰ ਵਾਰੀ ਬੇਰੰਗ ਮੁੜਨ ਮਗਰੋਂ ਮੈਨੂੰ ਲਗਦਾ ਜਿਵੇਂ ਗੌਰੀ ਸ਼ੰਕਰ ਕੋਈ ਜੱਜ ਹੋਵੇ ਤੇ ਮੈਂ ਕੋਈ ਮੁਜਰਮ ਅਤੇ ਉਹ ਮੇਰੀ ਹਰ ਪੇਸ਼ੀ ਉਤੇ ਅਗਲੀ ਤਰੀਕ ਪਾ ਰਿਹਾ ਹੋਵੇ। ਪੰਦਰਾਂ-ਵੀਹ ਗੇੜਿਆਂ ਮਗਰੋਂ ਇਕ ਦਿਨ ਮੈਂ ਉਸ ਦੇ ਦਰ ‘ਤੇ ਥੁੱਕ ਆਇਆ।

ਇਕ ਦਿਨ ਸਹਿਜ ਹੀ ਬੈਠਾ ਮੈਂ ਹਿਸਾਬ ਲਾਉਣ ਲੱਗਾ ਕਿ ਜੇ ਗੌਰੀ ਸ਼ੰਕਰ ਮੈਨੂੰ ਉਦੋਂ 1965 ਵਿਚ ਪੰਜ ਸੌ ਰੁਪਏ ਦੇ ਦਿੰਦਾ ਤੇ ਮੈਂ ਉਨ੍ਹਾਂ ਦੀ ਐਫ਼ਡੀæ ਕਰਵਾ ਦਿੰਦਾ ਤਾਂ 1970 ਵਿਚ ਹਜ਼ਾਰ ਰੁਪਏ, 1975 ਵਿਚ ਦੋ ਹਜ਼ਾਰ, 1980 ਵਿਚ ਚਾਰ ਹਜ਼ਾਰ, 1985 ਵਿਚ ਅੱਠ ਹਜ਼ਾਰ, 1990 ਵਿਚ ਸੌਲਾਂ ਹਜ਼ਾਰ, 1995 ਵਿਚ ਬੱਤੀ ਹਜ਼ਾਰ, 2000 ਵਿਚ ਚੌਂਹਟ ਹਜ਼ਾਰ ਤੇ 2005 ਵਿਚ ਇਕ ਲੱਖ ਅਠਾਈ ਹਜ਼ਾਰ ਰੁਪਏ ਬਣ ਜਾਣੇ ਸਨ। ਇਹ ਹਵਾਈ ਕਿਲ੍ਹੇ ਉਸਾਰਦਿਆਂ ਹੌਲ ਪੈਣ ਲੱਗਾ। ਮੈਂ ਇਕ ਗੱਲੋਂ ਗੌਰੀ ਸ਼ੰਕਰ ਦਾ ਸ਼ੁਕਰਗੁਜ਼ਾਰ ਵੀ ਹਾਂ ਕਿ ਹਰ ਮਾੜਾ ਬੰਦਾ ਵੀ ਸਾਨੂੰ ਸਬਕ ਸਿਖਾਉਂਦਾ ਹੈ। ਜੇ ਇਹ ਘਟਨਾ ਨਾ ਵਾਪਰਦੀ ਤਾਂ ਪਤਾ ਨਹੀਂ ਕਿਸ ਕਿਸ ਤੋਂ ਹੋਰ ਮਾਰ ਖਾਈ ਜਾਂਦਾ।
(ਚਲਦਾ)

Be the first to comment

Leave a Reply

Your email address will not be published.