ਰੂਪੀ

ਪੰਜਾਬੀ ਸਮਾਜ ਵਿਚ ਅੱਜ ਵੀ ਧੀਆਂ ਨੂੰ ਬੋਝ ਸਮਝਿਆ ਜਾਂਦਾ ਹੈ ਜਦੋਂਕਿ ਸੱਚ ਇਹ ਹੈ ਕਿ ਮਾਪਿਆਂ ਨੂੰ ਅਸਲ ਮੋਹ ਧੀਆਂ ਹੀ ਦਿੰਦੀਆਂ ਹਨ। ਧੀਆਂ ਨੂੰ ਪੱਥਰ ਪੱਥਰ ਆਖ ਕੋਸਣ ਵਾਲੇ ਮਾਪੇ ਪਤਾ ਨਹੀਂ ਕਦੋਂ ਆਪਣੀ ਇਹ ਸੋਚ ਬਦਲਣਗੇ? ਕੁਝ ਅਜਿਹਾ ਹੀ ਸਵਾਲ ਇਸ ਕਹਾਣੀ ਵਿਚ ਕਹਾਣੀਕਾਰ ਸੁਰਜੀਤ ਕੌਰ ਕਲਪਨਾ ਨੇ ਉਠਾਇਆ ਹੈ। -ਸੰਪਾਦਕ

ਸੁਰਜੀਤ ਕੌਰ ਕਲਪਨਾ
ਉਹ ਬੜੀ ਬੇਸਬਰੀ ਨਾਲ ਫਰੰਟ ਰੂਮ ਦੇ ਜਾਲੀਦਾਰ ਪਰਦਿਆਂ ਵਿਚੋਂ ਖਿੜਕੀ ਦੇ ਬਾਹਰ ਝਾਕਦਾ, ਐਂਬੂਲੈਂਸ ਦੀ ਉਡੀਕ ਕਰ ਰਿਹਾ ਸੀ। ਐਂਬੂਲੈਂਸ ਹੁਣੇ ਆਈ ਕਿ ਆਈ। ਐਂਬੂਲੈਂਸ ਆਉਂਦਿਆ ਹੀ ਉਸ ਦੀ ‘ਜੇਠੀ ਆਸਵੰਦ ਧੀ’ ਨੂੰ ਝੱਬਦੇ ਹਸਪਤਾਲ ਪੁਜਦੇ ਕਰੂ। ਪਰ ਐਂਬੂਲੈਂਸ ਸੀ ਕਿ ਪੁੱਜ ਹੀ ਨਹੀਂ ਸੀ ਰਹੀ। ਉਪਰਲੇ ਬੈਡਰੂਮ ਵਿਚੋਂ ਦਰਦ ਭਰੀ ‘ਹਾਏ ਹਾਏ’ ਦੀ ਆਵਾਜ਼ ਜਿਵੇਂ ਉਸ ਦੇ ਕਾਲਜੇ ਦਾ ਰੁੱਗ ਭਰ ਕੇ ਲਈ ਜਾ ਰਹੀ ਸੀ। ਰੂਪੀ, ਉਸ ਦੀ ਜੇਠੀ ਧੀ ਦਾ ਪਤੀ ਜਿੰਦਰ ਵੀ ਆਪਣੀ ਪਤਨੀ ਦੀ ਹਾਲਤ ਦੇਖਕੇ ਤਰਲੋਮੱਛੀ ਹੋ ਰਿਹਾ ਸੀ। ਇਕ ਪਾਸੇ ਪੀੜਾਂ ਨਾਲ ਕਰਾਹ ਰਹੀ ਰੂਪੀ ਸੀ ਤੇ ਦੂਜੇ ਪਾਸੇ ‘ਵੀਲ੍ਹ ਚੇਅਰ’ ‘ਤੇ ਬੈਠਾ ਚਿੰਤਤ ਰੂਪੀ ਦਾ ਪਿਤਾ ਸੀ, ਜਿੰਦਰ ਕਰੇ ਤਾਂ ਕੀ ਕਰੇ? ਐਂਬੂਲੈਂਸ ਨੇ ਪਤਾ ਨਹੀਂ ਇੰਨੀ ਦੇਰ ਕਿਉਂ ਲਾ ਦਿਤੀ ਸੀ।
ਰੂਪੀ ਦੇ ਪਿਤਾ ਨੇ ਆਪਣੇ ਜਵਾਈ ਜਿੰਦਰ ਦੇ ਚਿਹਰੇ ਵਲ ਵੇਖਿਆ। ਖੁਲ੍ਹੀ ਕਿਤਾਬ ਦੀ ਨਿਆਈਂ ਉਸ ਝਟ ਪੜ੍ਹ ਲਿਆ ਕਿ ਜਿੰਦਰ ‘ਪਿਤਾ ਪਦ’ ਦੀ ਪਰਾਪਤੀ ਲਈ ਅਧੀਰ ਅਤੇ ਫਿਕਰਮੰਦ ਹੈ। ਉਹ ਘਬਰਾਇਆ ਹੋਇਆ ਕਦੇ ਪੌੜੀਆਂ ਚੜ੍ਹ ਕੇ ਉਪਰਲੇ ਕਮਰੇ ਵਿਚ ਜਾ ਕੇ ਰੂਪੀ ਨੂੰ ਦਿਲਾਸਾ ਦਿੰਦਾ ਅਤੇ ਕਦੇ ਬਾਹਰਲੇ ਦਰਵਾਜ਼ੇ ਵਲ ਝਾਕਦਾ। ਉਸ ਨੂੰ ਰੂਪੀ ਪ੍ਰਤੀ ਉਸ ਦੇ ਪਤੀ ਜਿੰਦਰ ਦੀ ਅਪਣਤ ਭਰੀ ਬੌਖਲਾਹਟ ਚੰਗੀ ਲੱਗੀ। ਆਪਣੀ ਧੀ ਦੀ ਕਦਰ, ਉਸ ਦੇ ਪਤੀ ਜਿੰਦਰ ਦੀਆਂ ਨਜ਼ਰਾਂ ਵਿਚ ਭਾਂਪਦਿਆਂ ਉਸ ਨੂੰ ਕੁਝ ਸਕੂਨ ਜਿਹਾ ਮਿਲਿਆ। ਐਬੂਲੈਂਸ ਸੀ ਕਿ ਆ ਹੀ ਨਹੀਂ ਸੀ ਰਹੀ। ਇੰਤਜ਼ਾਰ ਕਰਨੀ ਕਿੰਨੀ ਔਖੀ ਹੋ ਗਈ ਸੀ।
ਕੰਧ ਤੇ ਲੱਗੀ ਘੜੀ ਦੀਆਂ ਸੂਈਆਂ ਜਿਵੇਂ ਚਲਣਾ ਭੁਲ ਕੇ ਉਂਘਲਾ ਰਹੀਆਂ ਸਨ। ਉਸ ਦੀਆਂ ਬੇਸਬਰ ਨਜ਼ਰਾਂ ਜਿਵੇਂ ਘੜੀ ਨੂੰ ਘੂਰਦੀਆਂ ਸੁਸਤ ਘਿਸਰਦੀਆਂ ਸੂਈਆਂ ਦਾ ਮਾਤਮ ਕਰ ਰਹੀਆਂ ਸਨ। ਪੰਦਰਾਂ ਮਿੰਟ, ਪੰਦਰਾਂ ਸਾਲ ਵਾਂਗ ਬੀਤੇ। ਜਿੰਦਰ ਨੇ ਸੁਖ ਦਾ ਸਾਹ ਲਿਆ ਜਦੋਂ ‘ਐਂਬੂਲੈਂਸ ਮੈਨ’ ਨੇ ਦਰਵਾਜ਼ਾ ਖੜਕਾਇਆ। ਰੂਪੀ ਤੇ ਜਿੰਦਰ ਨੂੰ ਲੈ ਕੇ ਐਂਬੂਲੈਂਸ ਤੁਰ ਪਈ। ਉਸ ਨੂੰ ਲੱਗਾ ਕਿ ਰੂਪੀ ਦੇ ਨਾਲ ਹੀ ਉਸ ਦੀ ਜਾਨ ਚਲੀ ਗਈ ਹੋਵੇ ਅਤੇ ਉਸ ਦੀ ਸਾਹ ਸਤਹੀਣ ਲੋਥ ‘ਵੀਲ੍ਹ ਚੇਅਰ’ ਉਤੇ ਰਹਿ ਗਈ ਹੋਵੇ। ਉਹੀ ਰੂਪੀ ਆਪੂੰ ਹਸਪਤਾਲ ਗਈ ਸੀ ਜਿਸ ਨੂੰ ਡਾਕਟਰ ਤੇ ਨਰਸਾਂ ‘ਤੇ ਯਕੀਨ ਨਹੀਂ ਸੀ। ਇਸੇ ਲਈ ਉਹ ਆਪਣੇ ਅਪਾਹਜ ਪਿਤਾ ਨੂੰ ਹਸਪਤਾਲ ਨਹੀਂ ਸੀ ਜਾਣ ਦਿੰਦੀ। ਘਰ ਰਖ ਕੇ ਆਪਣੇ ਹਥੀਂ ਤਨੋਂ ਮਨੋਂ ਇੰਨੀ ਸੇਵਾ ਕਰਦੀ ਸੀ ਕਿ ਕਈ ਵਾਰ ਉਹ ਆਪਣੇ ਆਪ ਵਿਚ ਸ਼ਰਮ ਹਯਾ ਨਾਲ ਪਾਣੀ ਪਾਣੀ ਹੋਇਆ ਰੂਪੀ ਨਾਲ ਅੱਖਾਂ ਮਿਲਾਉਣੋਂ ਵੀ ਝਿਜਕਦਾ ਸੀ।
ਰੂਪੀ ਬਾਲੜੀ ਜਿਹੀ ਉਮਰ ਵਿਚ ਹੀ ਆਪਣੀਆਂ ਨੰਨੀਆਂ ਮੁੰਨੀਆਂ ਭੈਣਾਂ ਦੀ ਜ਼ਿੰਮੇਵਾਰੀ ਮਾਂ ਵਾਂਗ ਆਪਣੇ ਕੋਮਲ ਕੰਧਿਆਂ ‘ਤੇ ਚੁਕੀ ਫਿਰਦੀ। ਪਰ ਕਦੇ ਵੀ ਉਹਦੇ ਭਾਗਾਂ ਭਰੇ ਮੱਥੇ ਉਤੇ ਵੱਟ ਨਹੀਂ ਸੀ ਪਿਆ। ਬਚਪਨ ਤੋਂ ਜਵਾਨੀ ਵਿਚ ਉਸ ਨੇ ਕਦੋਂ ਪੈਰ ਧਰਿਆ, ਰੂਪੀ ਨੂੰ ਹੋਸ਼ ਨਹੀਂ ਸੀ। ਉਸ ਵਿਚਾਰੀ ਨੂੰ ਤਾਂ ਕੰਮ ਅਤੇ ਗ਼ਮ ਤੋਂ ਬਿਨਾਂ ਕਦੇ ਕੁਝ ਆਪਣੇ ਬਾਰੇ ਸੋਚਣ ਦੀ ਫੁਰਸਤ ਹੀ ਨਹੀਂ ਸੀ ਮਿਲੀ। ਜਿਸ ਉਮਰ ਵਿਚ ਕੁੜੀਆਂ ਆਪਣੇ ਨੈਣੀਂ ਕੱਜਲ ਦੀ ਧਾਰ ਪਾਉਣੀ ਸਿੱਖਦੀਆਂ ਹਨ, ਉਸ ਉਮਰ ਤਕ ਤਾਂ ਸਮੇਂ ਦੀ ਧਾਰਾ ਨੇ ਉਸ ਨੂੰ ਘਰ ਦੀ ਪੂਰਨ ਸੁਘੜ ਸਿਆਣੀ ਬਣਾ ਦਿਤਾ ਸੀ।
ਰੂਪੀ ਨੂੰ ਜੋ ਵੀ ਵੇਖਦਾ, ਇਹੀ ਕਹਿੰਦਾ ਕਿ ਇਹ ਤਾਂ ਆਪਣੀ ਮਾਂ ਉਤੇ ਗਈ ਹੈ। ਉਸ ਦੀ ਨੁਹਾਰ, ਡੀਲ ਡੌਲ ਅਤੇ ਕਦ ਕਾਠ ਨਿਰਾ ਪੁਰਾ ਆਪਣੀ ਮਾਂ ਵਾਂਗ ਹੀ ਸੀ। ਭੋਲੀ ਭਾਲੀ ਨਿਰਛਲ ਮਾਸੂਮੀਅਤ ਦੀ ਸ਼ਾਖਸਾਤ ਮੂਰਤ ਸੀ। ਉਸ ਦੀਆਂ ਮੁਸਕਾਨਾਂ ਵਿਚੋਂ ਜਿਵੇਂ ਬਸੰਤ ਬਹਾਰ ਆਉਣ ਦਾ ਹੀਆ ਕਰਦੀ। ਬੋਲਦੀ ਤਾਂ ਕੋਮਲ ਜਿਹੇ ਸੋਹਲ ਕਲੀਆਂ ਵਰਗੇ ਹੋਂਠ ਜਿਵੇਂ ਕੋਈ ਸੰਗੀਤ ਛੋਂਹਦੇ ਮੋਤੀ ਬਿਖੇਰਦੇ। ਉਹ ਸਿਰਫ ਨਾਮ ਦੀ ਹੀ ਰੂਪੀ ਨਹੀਂ ਸੀ, ਉਹ ਤਾਂ ਅਰਸ਼ੋਂ ਉਤਰੀ ਕੋਈ ਦੇਵੀ ਵਾਂਗ ਰੂਪ ਦਾ ਭੰਡਾਰ ਸੀ। ਨਾਗਣ ਕਾਲੀਆਂ ਜ਼ੁਲਫਾਂ, ਸਾਵਣ ਭਾਦਰੋਂ ਦੀ ਉਠਦੀ ਕਾਲੀ ਘਟਾ ਨੂੰ ਮਾਤ ਪਾਉਂਦੀਆਂ। ਰੂਪੀ ਦੀ ਸ਼ਕਲ ਦੇ ਆਇਨੇ ਵਿਚ, ਪਾਰਬਤੀ ਦਾ ਅਕਸ ਵੇਖਦਿਆਂ ਹੀ ਉਸ ਦੀ ਵੀਲ੍ਹ ਚੇਅਰ ਦੇ ਵੀਲ਼੍ਹ ਥਾਂ ਹੀ ਜਾਮ ਹੋ ਗਏ। ਉਸ ਦੀ ਨੀਝ ਸਲੇਟੀ ਰੰਗ ਦੀ ਸੁਰਮਈ ਜਿਹੀ ਸੁੰਨੀ ਸੜਕ ਨੂੰ ਵਿਹੰਦਿਆ ਉਚੀਆਂ ਨੀਵੀਆਂ ਕਾਲੀ ਲੁਕ ਵਿਚ ਖੁਭੀਆਂ ਬਜਰੀ ਦੀਆਂ ਬੱਟੀਆਂ ਵਾਂਗ ਵਿਚੇ ਹੀ ਗੁੰਮ ਗਈ।
ਪਾਰਬਤੀ, ਉਸ ਦੀ ਪਤਨੀ, ਜਿਸ ਦੀ ਜੁਦਾਈ ਉਸ ਨੂੰ ਜਲ ਵਿਹੂਣੀ ਮਛਲੀ ਵਾਂਗ ਤੜਫਾਉਂਦੀ ਸੀ, ਉਹ ਉਸ ਦੇ ਪਰੀ ਵਰਗੇ ਹੁਸਨ ਉਤੇ ਸਦਕੇ ਜਾਂਦਾ ਸੀ, ਵੇਖ ਵੇਖ ਨਾ ਰਜਦਾ ਸੀ। ਸਵਛ ਪੌਣ ਵਿਚੋਂ ਉਸ ਨੂੰ ਪਾਰਬਤੀ ਦੇ ਸਾਹਾਂ ਦੀ ਮਹਿਕ ਚੰਬੇ-ਮੋਤੀਏ ਦੇ ਫੁੱਲਾਂ ਵਾਂਗ ਆਉਂਦੀ ਅਤੇ ਆਕਾਸ਼ ਦੇ ਚੰਦ ਤਾਰਿਆਂ ਵਿਚੋਂ ਉਸ ਦਾ ਤੇਜ ਪਰਤਾਪ ਵਾਲਾ ਸੁੰਦਰ ਮੁਖ ਝਲਕਾਰੇ ਮਾਰਦਾ ਦੀਂਹਦਾ। ਪਾਰਬਤੀ ਦੇ ਮ੍ਰਿਗ ਨੈਣਾਂ ਦੇ ਸ਼ਰਾਬ ਭਰੇ ਪਿਆਲਿਆਂ ਵਿਚੋਂ ਜਾਮ ਪੀ ਜਾਣਾ ਚਾਹੁੰਦਾ ਹੋਇਆ ਵੀ, ਉਸ ਦੀਆਂ ਰੇਸ਼ਮੀ ਜ਼ੁਲਫਾਂ ਵਿਚ ਜਿਵੇਂ ਕੈਦ ਹੋ ਗਿਆ ਸੀ। ਪਾਰਬਤੀ ਦੇ ਪੈਰ ਭਾਰੇ ਹੋਣ ਤੇ ਉਸ ਦਾ ਚਾਅ ਨਾ ਥੰਮਦਾ। ਉਹ ਉਸੇ ਪਲ ਤੋਂ ਮਖਣ ਦੇ ਪੇੜੇ ਵਰਗੇ ਗੋਭਲ੍ਹ ਜਿਹੇ ਪੁਤਰ ਦਾ ਕਿਆਸ ਕਰਦਾ ਖੁਆਬ ਵੇਖਦਾ।
ਜੇ ਭਲਾ ਆਪ ਦੀ ਆਸ ਦੇ ਉਲਟ ਪੁੱਤਰ ਦੀ ਥਾਂ ਧੀ ਆ ਗਈ ਤਾਂ ਫਿਰ…? ਪਾਰਬਤੀ ਉਸ ਦੀ ਖੁਸ਼ੀ ਭਰੀ ਹਾਲਤ ਨੂੰ ਮਹਿਸੂਸ ਕਰਦਿਆਂ ਡਰਦੀ ਪੁਛਦੀ। ਫਿਰ ਆਪ ਹੀ ਉਸ ਦੇ ਚਿਹਰੇ ਵੱਲ ਟਿਕਟਿਕੀ ਲਾ ਕੇ ਉਸ ਦੇ ਹਾਵ ਭਾਵ ਦੇਖਣ ਲਗਦੀ। ‘ਇਹ ਨਹੀਂ ਹੋ ਸਕਦਾ। ਤੇਰੇ ਆਸਾਰ ਮੁੰਡਿਆਂ ਵਰਗੇ ਹਨ। ਮੇਰੇ ਘਰ ਰਾਜ ਦੁਲਾਰਾ ਪੁੱਤ ਪਧਾਰੇਗਾ, ਤੂੰ ਦੇਖੀਂ ਤਾਂ ਸਹੀ!’ ਉਸ ਦੇ ਮੂੰਹ ਉਤੇ ਲਾਲੀ ਭਰੀ ਮੁਸਕਾਨ ਟੱਲੀ ਵਾਂਗ ਟਾਹ ਟਾਹ ਕਰਦੀ, ਜਿਵੇਂ ਇੱਟ ਵਰਗੇ ਪੱਕੇ ਭਰੋਸੇ ਨਾਲ ਕਹਿੰਦਾ ਉਹ ਉਸ ਵੱਲ ਵਿਹੰਦਾ।
ਅੰਤ ਉਸ ਪਲ ਨੇ ਆਣ ਬੂਹੇ ਉਤੇ ਦਸਤਕ ਦਿਤੀ ਜਿਸ ਦੀ ਉਹ ਬੇਚੈਨੀ ਨਾਲ ਉਡੀਕ ਕਰ ਰਿਹਾ ਸੀ। ਪਾਰਬਤੀ ਦੇ ਇਕ ਇਕ ਸਾਹ ਨੂੰ ਉਹ ਕੰਨ ਲਾ ਕੇ ਸੁਣ ਰਿਹਾ ਸੀ। ਹਸਪਤਾਲ ਦੇ ਖਾਲੀ ਬੈਂਚ ਉਤੇ ਬੈਠਿਆਂ ਬੈਠਿਆਂ ਉਸ ਦੇ ਕੰਨੀਂ ਕੌਂਗਰੈਚੂਲੇਸ਼ਨ ਦੀਆਂ ਆਵਾਜ਼ਾਂ ਮੰਦਰ ਦੀਆਂ ਟੁਣਕਦੀਆਂ ਟਲੀਆਂ ਵਾਂਗ ਅਗੰਮੋਂ ਸੁਣਾਈ ਦੇਣ ਲੱਗੀਆਂ। ਉਹ ਗੱਜ ਵੱਜ ਕੇ ਪਾਰਟੀ ਕਰੇਗਾ, ਭੰਗੜੇ ਪੈਣਗੇ। ਉਹ ਜਾਗਦੇ ਹੀ ਜਿਵੇਂ ਸੁਪਨੇ ਦੇਖ ਰਹੇ ਨੂੰ ਇਕ ਛਮਕ ਛੱਲੋ ਜਿਹੀ ਸੁੰਦਰ ਨਢੀ ਨਰਸ ਨੇ ‘ਕੌਂਗਰੈਚੂਲੇਸ਼ਨ’ ਆਣ ਕਹੀ। ਉਹ ਜਿਵੇਂ ਨੀਂਦ ਵਿਚ ਉਭੜਵਾਹਿਆ ਜਾਗਿਆ ਹੋਵੇ। ਚਾਅ ਨਾਲ ਉਸ ਦਾ ਚਿਹਰਾ ਗੁਲਾਬ ਦੇ ਫੁਲ ਵਾਂਗ ਖਿੜ ਗਿਆ ਜਿਵੇਂ ਕੋਈ ਅਣਮੁਲਾ ਖਜ਼ਾਨਾ ਨਸੀਬ ਹੋਇਆ ਹੋਵੇ। ਉਸ ਨੂੰ ਖੁਸ਼ੀ ਵਿਚ ਕੁਝ ਸੁਝ ਹੀ ਨਹੀਂ ਸੀ ਰਿਹਾ। ਉਸ ਮਸਾਂ ਹੀ ‘ਥੈਂਕਯੂ’ ਕਿਹਾ।
‘ਯੂਅਰ ਬੇਬੀ ਗਰਲ ਇਜ਼ ਸੋ ਸਵੀਟ, ਸੋ ਬਿਊਟੀਫੁੱਲ, ਵੈਰੀ ਹੈਲਦੀ, ਏ ਲਿਟਲ ਏਂਜਲ’, ਨਰਸ ਨੇ ਉਸ ਦੇ ਹਸੂੰ ਹਸੂੰ ਕਰਦੇ ਡੁਲ੍ਹ ਡੁਲ੍ਹ ਪੈਂਦੇ ਚਿਹਰੇ ਨੂੰ ਤਾੜਦਿਆਂ, ਬੱਚੀ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਦਿਤੇ। ‘ਵੱਟ੍ਹ? ਵੱਟ੍ਹ? ਮਾਈ ਬੇਬੀ ਇਜ਼ ਏ ਗਰਲ? ਆਰ ਯੂ ਸ਼ੋਅਰ?’ ਇਕ ਦਮ ਹੀ ਉਸ ਦੇ ਚਿਹਰੇ ਦੀ ਲਾਲੀ ਕਿਤੇ ਉਡ ਗਈ ਤੇ ਉਸ ਨੇ ਹੈਰਾਨੀ ਭਰੀ ਨਜ਼ਰ ਨਰਸ ਦੇ ਚਿਹਰੇ ਤੇ ਸੁੱਟਦਿਆਂ ਪੁਛਿਆ। ‘ਯੈਸ ਮਿਸਟਰ’ ਕਹਿੰਦਿਆਂ ਨਰਸ ਵੀ ਉਸ ਦੇ ਬਦਲਦੇ ਚਿਹਰੇ ਨੂੰ ਵੇਖ ਜਾਣ ਗਈ ਸੀ ਕਿ ਏਸ਼ੀਆਈ ਲੋਕ ਧੀਆਂ ਦੇ ਜੰਮਣ ਸਮੇਂ ਖੁਸ਼ੀ ਦੀ ਥਾਂ ਮਾਤਮ ਮਨਾਉਂਦੇ ਹਨ। ਉਸ ਨੇ ਜੋ ਸੁਣਿਆ ਹੋਇਆ ਸੀ, ਅੱਜ ਅੱਖੀਂ ਦੇਖ ਲਿਆ ਸੀ। ‘ਨਾਉ ਯੂ ਕੈਨ ਸੀ ਯੂਅਰ ਲਵਲੀ ਡੌਟਰ ਐਂਡ ਵਾਈਫ’, ਨਰਸ ਨੇ ਕਿਹਾ ਅਤੇ ਉਥੋਂ ਤੁਰ ਪਈ।
ਉਸ ਨੂੰ ਲੱਗਾ ਜਿਵੇਂ ਨਰਸ ਨੇ ਉਸ ਨੂੰ ਪਤੰਗ ਵਾਂਗ ਆਸਮਾਨ ਵਿਚ ਉਡਾ ਕੇ ਮੁੜ ਡੋਰ ਕਟਦਿਆਂ, ਹੇਠਾਂ ਪਟਕਾ ਮਾਰਿਆ ਹੋਵੇ। ਉਸ ਦੀਆਂ ਰਾਂਗਲੀਆਂ ਸਧਰਾਂ ਦਾ ਖੂਨ ਇਕੋ ਹੀ ਵਾਰ ਨਾਲ ਕਰ ਦਿਤਾ ਹੋਵੇ, ਜਿਵੇਂ ਉਸ ਦੀ ਜੀਭ ਘੰਡੀ ਤੋਂ ਹੇਠਾਂ ਉਤਰ ਗਈ ਹੋਵੇ ਅਤੇ ਮੋਰ ਵਾਂਗ ਪੈਲਾਂ ਪਾਉਂਦੀ ਖੁਸ਼ੀ ਕਿਸੇ ਨੇ ਚੁਰਾ ਲਈ ਹੋਵੇ, ਜਿਵੇਂ ਉਸ ਦੇ ਸਿਰ ਵਿਚ ਸੌ ਘੜੇ ਠੰਡਾ ਪਾਣੀ ਪਾ ਦਿਤਾ ਹੋਵੇ। ਉਹ ਛਿਥਾ ਜਿਹਾ ਪੈ ਕੇ ਪੈਰ ਘਸੀਟਣ ਲੱਗਾ ਜਿਵੇਂ ਨਰਸ ਨੇ ਉਸ ਨੂੰ ਭਬੰਤਰੀ ਲਾ ਦਿਤੀ ਹੋਵੇ। ਉਸ ਨੇ ਉਦਾਸ ਲੰਬਾ ਹਉਕਾ ਲਿਆ ਤੇ ਪਾਰਬਤੀ ਨੂੰ ਵੇਖ ਕੇ ਮੁੜ ਆਇਆ। ਪਰ ਉਸ ਤੋਂ ਆਪਣੀ ਬੱਚੀ ਵੱਲ ਨਿਗਾਹ ਭਰ ਕੇ ਦੇਖਿਆ ਵੀ ਨਾ ਗਿਆ।
ਮਸਾਂ ਹੀ ਉਸ ਦਾ ਮਨ ਟਿਕਾਣੇ ਆਇਆ। ਭਵਿਖ ਵਿਚੋਂ ਜਿਵੇਂ ਉਸ ਫਿਰ ਕਿਸੇ ਨਵੀਂ ਆਸ ਦਾ ਲੜ ਫੜਿਆ ਹੋਵੇ। ਵਰਤਮਾਨ ਨੂੰ ਭੁਲ ਉਹ ਆਉਣ ਵਾਲੇ ਸੁਨਹਿਰੀ ਕਲ੍ਹ ਦੀ ਆਸ ਵਿਚ ਜਿਊਣ ਲੱਗਾ। ਪਰ ਫਿਰ ਵੀ ਦੋ ਸਾਲਾਂ ਦੇ ਫਰਕ ਨਾਲ ਤਿੰਨ ਧੀਆਂ ਨੇ ਹੀ ਜਨਮ ਲਿਆ। ਅਖੀਰਲੀ ਵਾਰੀ ਤਾਂ ਉਸ ਅਰਜੋਈਆਂ ਕੀਤੀਆਂ, ਸੁਖਣਾਂ ਸੁਖੀਆਂ ਪਰ ਪਥਰ ‘ਤੇ ਪਥਰ ਹੀ ਡਿਗਦੇ ਰਹੇ। ਇਸ ਵਾਰ ਤਾਂ ਜਿਵੇਂ ਕਹਿਰ ਦਾ ਪਹਾੜ ਹੀ ਉਸ ਉਤੇ ਡਿਗ ਪਿਆ ਹੋਵੇ। ਪਾਰਬਤੀ ਨੂੰ ਉਹ ਹਸਪਤਾਲ ਛਡ ਜ਼ਰੂਰ ਆਇਆ ਸੀ ਪਰ ਮੁੜ ਉਹ ਬੱਚੀ ਪੈਦਾ ਹੋਣ ਤੋਂ ਬਾਅਦ ਉਸ ਦੀ ਜਿਊਂਦੀ ਮੋਈ ਦੀ ਖਬਰ ਲੈਣ ਤਕ ਨਹੀਂ ਸੀ ਗਿਆ।
ਪਾਰਬਤੀ ਟੈਕਸੀ ਕਰਕੇ ਬੱਚੀ ਨੂੰ ਕੁਛੜ ਚੁਕੀ ਭਰੇ ਦਿਲ ਨਾਲ ਘਰ ਆਈ। ਉਸ ਦਾ ਉਤਰਿਆ ਚਿਹਰਾ ਵੇਖ ਕੇ ਪਾਰਬਤੀ ਨੇ ਆਉਂਦਿਆਂ ਹੀ ਘਰ ਦਾ ਸਾਰਾ ਕੰਮ ਕਰਨਾ ਸ਼ੁਰੂ ਕਰ ਦਿਤਾ। ਘਰ ਆਈ ਪਾਰਬਤੀ ਨੂੰ ਉਸ ਝੂਠੇ ਸਚਿਉਂ ਬੁਲਾਇਆ ਤਕ ਨਹੀਂ ਸੀ। ਪਥਰਾਂ ਦੀ ਭੀੜ ਵਿਚ ਉਸ ਨੂੰ ਉਹ ਵੀ ਇਕ ਪਥਰ ਹੀ ਲਗਦੀ ਸੀ। ਹੌਲੀ ਹੌਲੀ ਉਸ ਦੀ ਹੋਂਦ ਵੀ ਕਿਧਰੇ ਉਨ੍ਹਾਂ ਵਿਚ ਹੀ ਗੁੰਮ ਗਈ। ਉਸ ਨੂੰ ਆਸ ਦੀ ਕਿਰਨ ਹੁਣ ਭਵਿਖ ਦੇ ਘੋਰ ਅੰਧੇਰੇ ਵਿਚੋਂ, ਲੈਂਪ ਦੇ ਤੇਲ ਮੁਕਣ ਵਾਂਗ ਮੁਕਦੀ ਲਗਦੀ ਸੀ। ਪੁਤਰ ਭਾਲਦਿਆਂ ਭਾਲਦਿਆਂ ਉਸ ਦਾ ਧੀਆਂ ਨਾਲ ਵਿਹੜਾ ਭਰ ਗਿਆ ਸੀ। ਉਹ ਪਾਰਬਤੀ ਤੋਂ ਇੰਜ ਦੂਰ ਰਹਿੰਦਾ ਜਿਵੇਂ ਉਹ ਕਿਸੇ ਛੂਤ ਦੀ ਬਿਮਾਰੀ ਦੀ ਸ਼ਿਕਾਰ ਹੋਵੇ। ਬੱਚੀਆਂ ਤਾਂ ਉਸ ਨੂੰ ਲੇਹ ਦੇ ਕੰਡਿਆਂ ਵਾਂਗ ਚੁਭਦੀਆਂ। ਉਨ੍ਹਾਂ ਨੂੰ ਵੇਖਦਿਆ ਹੀ ਉਸ ਦਾ ਦਿਲ ਲੀਰੋ ਲੀਰ ਹੋ ਜਾਂਦਾ।
ਉਸ ਲਈ ਧੀਆਂ ਪਥਰਾਂ ਨਿਆਈਂ ਸਨ ਪਰ ਮਾਂ ਦੀਆਂ ਤਾਂ ਉਹ ਅਣਟੁਟ ਆਦਰਾਂ, ਆਪਣੇ ਲਹੂ ਮਾਸ ਦੀਆਂ ਬੋਟੀਆਂ ਸਨ। ਉਹ ਚਿੜੀਆਂ ਦੇ ਬੋਟਾਂ ਵਾਂਗ ਉਨ੍ਹਾਂ ਨੂੰ ਖੁਆਉਂਦੀ ਪਿਲਾਉਂਦੀ। ਕਦੀ ਹਿਕ ਨਾਲ ਲਾ ਕੇ ਆਪੇ ਹੀ ਸੋਚਦੀ, ‘ਕਿਤੇ ਤੁਹਾਡੇ ਵਿਚੋਂ ਇਕ ਵੀ ਪੁਤਰ ਬਣ ਕੇ ਆਉਂਦੀ’; ਫਿਰ ਠੰਡਾ ਹਉਕਾ ਭਰਦੀ ਆਪਣੇ ਘਰ ਦੇ ਕੰਮ ਵਿਚ ਜੁਟ ਜਾਂਦੀ। ਉਹ ਤਾਂ ਇਸ ਚੀਂਗੜ ਬੋਟ ਦੇ ਮਥੇ ਲਗਣੋਂ ਵੀ ਕਤਰਾਉਂਦਾ, ਰਾਤ ਵੇਲੇ ਫਿਸ਼ ਚਿਪਸ ਹੀ ਖਾ ਕੇ ਨਸ਼ੇ ਵਿਚ ਧੁਤ, ਖਾੜ ਖਾੜ ਬੂਹੇ ਮਾਰਦਾ ਸਿਧਾ ਬਿਸਤਰੇ ਵਿਚ ਜਾ ਵੜਦਾ। ਜਿਵੇਂ ਕਿਸੇ ਨਾਲ ਉਸ ਦਾ ਕੋਈ ਵਾਹ-ਵਾਸਤਾ ਹੀ ਨਾ ਹੋਵੇ।
ਪਾਰਬਤੀ ਝੂਰਦੀ, ਦਿਨ ਰਾਤ ਆਪਣਾ ਆਪ ਖਪਾਉਂਦੀ ਰਹਿੰਦੀ। ਆਪਣੇ ਸਾਜਨ ਦੇ ਐਸੇ ਰੁਖੇ ਵਤੀਰੇ ਬਾਰੇ ਤਾਂ ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ। ਉਸ ਨੂੰ ਐਸਾ ਬੇਇਲਾਜ ਘੁਣ ਲੱਗਾ ਸੀ ਕਿ ਉਸ ਦੀ ਕੁੰਦਨ ਵਰਗੀ ਦੇਹੀ ਦਿਨਾਂ ਵਿਚ ਹੀ ਅੰਦਰੋਂ ਅੰਦਰੀ ਨਿਘਰਨ ਲੱਗੀ। ਸੋਚ ਸੋਚ ਦਰਦ ਨਾਲ ਮਥਾ ਫਟਦਾ, ਸਿਰ ਵਿਚ ਜਿਵੇਂ ਹਥੌੜੇ ਪੈਂਦੇ। ਗੋਲੀਆਂ ਖਾ ਖਾ ਅੱਕ ਜਾਂਦੀ। ਦੋਹੀਂ ਹਥੀਂ ਆਪਣਾ ਸਿਰ ਨਪਦੀ। ਵਡੀ ਪਲੇਠੀ ਦੀ ਧੀ ਰੂਪੀ, ਮਾਂ ਨੂੰ ਦਰਦ ਵਿਚ ਦੇਖਦੀ ਅਤੇ ਆਪਣੀਆਂ ਅੱਖਾਂ ਵਿਚ ਅਥਰੂ ਭਰ ਕੇ ਆਪਣੇ ਨਿਕੇ ਹਥੀਂ ਮਾਂ ਦਾ ਸਿਰ ਘੁਟਦੀ। ਉਸ ਦੀ ਕੋਮਲ ਜਿਹੀ ਸੂਰਤ ਮਾਂ ਨੂੰ ਹੋਰ ਵੀ ਲਾਡਲੀ ਲਗਦੀ। ਆਪਣੇ ਦਿਲ ਦੇ ਟੁਕੜੇ ਨੂੰ ਹਿਰਦੇ ਨਾਲ ਘੁਟ ਲੈਂਦੀ। ਉਸ ਦੀ ਹੂਕ ਜਿਹੀ ਨਿਕਲ ਜਾਂਦੀ। ਉਸ ਦਾ ਮੋਹ ਬੇਸੁਰ ਬੇਤਾਲ ਹੋਈ ਬੇਕਦਰੀ ਜ਼ਿੰਦਗੀ ਨਾਲੋਂ ਟੁਟ ਚੁਕਾ ਸੀ। ਪਰ ਬਲੂਰ ਜਿਹੀਆਂ ਧੀਆਂ ਨੂੰ ਵੇਖ ਉਨ੍ਹਾਂ ਲਈ ਰਬ ਪਾਸੋਂ ਫਿਰ ਜ਼ਿੰਦਗੀ ਮੰਗਦੀ।
ਉਹ ਨਿਕਰਮਣ ਕੀ ਜਾਣੇ ਕਿ ਮੰਗਿਆਂ ਤਾਂ ਮੌਤ ਵੀ ਨਹੀਂ ਮਿਲਦੀ ਤੇ ਉਸ ਨੂੰ ਜ਼ਿੰਦਗੀ ਕਿਵੇਂ ਮਿਲੂ? ਕੱਚੇ ਰੰਗਾਂ ਵਾਂਗ ਉਸ ਦਾ ਡੁਲ੍ਹ ਡੁਲ੍ਹ ਪੈਂਦਾ ਜੋਬਨ ਦਿਨਾਂ ਵਿਚ ਹੀ ਖੁਰ ਗਿਆ। ਪਤੀ ਦੇ ਬੋਲ ਕਦੇ ਅੰਮ੍ਰਿਤ ਵਰਸਾਉਂਦੇ ਸਨ, ਹੁਣ ਵਿਸ਼ ਭਰੇ ਤੀਰਾਂ ਵਾਂਗ ਸੀਨਾ ਵਿੰਨ੍ਹਦੇ ਚੀਰਦੇ ਲੰਘ ਜਾਂਦੇ। ਉਸ ਦੇ ਆਉਣ ਤੋਂ ਪਹਿਲਾਂ ਉਹ ਬਥੇਰਾ ਕੋਸ਼ਿਸ਼ ਕਰਦੀ ਕਿ ਬੱਚੀਆਂ ਨੂੰ ਸੁਆ ਦੇਵੇ ਪਰ ਫਿਰ ਵੀ ਕੋਈ ਜਾਗਦੀ ਹੁੰਦੀ, ਰੋਂਦੀ ਹੁੰਦੀ। ‘ਇਟਾਂ ਪਥਰਾਂ ਨਾਲ ਮੇਰਾ ਘਰ ਭਰ ਦਿਤਾ। ਟੈਂ ਟੈਂ ਲੁਆ ਰਖੀ ਐ। ਰਾਤ ਵੇਲੇ ਵੀ ਇਨ੍ਹਾਂ ਨੂੰ ਮੌਤ ਨਹੀਂ ਪੈਂਦੀ’, ਉਹ ਖਿਝਦਾ ਸੜੂੰ ਸੜੂੰ ਕਰਦਾ, ਨਫਰਤ ਦੀ ਮੋਹਲੇਧਾਰ ਵਰਖਾ ਕਰਦਾ ਪਤਾ ਨਹੀਂ ਦਿਲੋਂ ਕਿੰਨਾ ਕੁ ਦੂਰ ਹੋ ਗਿਆ ਸੀ। ‘ਪਥਰਾਂ ਦੀ ਥਾਂ ਤੂੰ ਮੇਰੀ ਝੋਲੀ ਲਾਲ ਜਵਾਹਰ ਪਾ ਦਿੰਦਾ, ਮੈਂ ਕਦੋਂ ਨਾਂਹ ਕੀਤੀ ਸੀ। ਇਹ ਵੀ ਤੇਰੀ ਹੀ ਕੀਤੀ ਹੋਈ ਬਖਸ਼ਿਸ਼ ਹੈ’, ਪਾਰਬਤੀ ਦੀ ਆਤਮਾ ਅੰਦਰੋਂ ਅੰਦਰੀ ਸੋਚਦੀ ਰਹਿੰਦੀ। ਪਰ ਦੰਦ ਮੋਤੀਆਂ ਨੂੰ ਹੋਠਾਂ ਹੇਠਾਂ ਸਾਂਭ, ਉਹ ਮੂੰਹ ਤੇ ਚੁਪ ਦੀ ਪੱਟੀ ਬੰਨ੍ਹੀ ਰਖਦੀ।
ਆਥਣ ਵੇਲੇ ਇਕ ਦਿਨ ਜਦ ਉਹ ਪਬ ਨੂੰ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਉਸ ਹੌਸਲਾ ਕਰਕੇ ਕਿਹਾ, ‘ਮੇਰਾ ਕਈ ਦਿਨਾਂ ਤੋਂ ਸਿਰ ਫਟ ਰਿਹਾ ਹੈ, ਮੈਂ ਗੋਲੀਆਂ ਖਾ ਖਾ ਅੱਕ ਗਈ ਹਾਂ। ਜੇ ਇਨ੍ਹਾਂ ਪਾਸ ਘੜੀ ਭਰ ਬੈਠੋ ਤਾਂ ਮੈਂ ਜ਼ਰਾ ਲੇਟ ਲਵਾਂ!’ ਪਾਰਬਤੀ ਨੇ ਸਹਿਮੀ ਜਿਹੀ ਆਵਾਜ਼ ਵਿਚ ਤਰਲਾ ਮਾਰਿਆ ਸੀ। ‘ਤੂੰ ਇਨ੍ਹਾਂ ਨੂੰ ਖਾਹ, ਇਹ ਤੈਨੂੰ ਖਾਣ, ਮੈਂ ਇਨ੍ਹਾਂ ਦੀ ਚੈਂ ਚੈਂ ਵਿਚ ਪਲ ਵੀ ਨਹੀਂ ਠਹਿਰ ਸਕਦਾ’, ਉਸ ਪਾਰਬਤੀ ਦੇ ਪਾਏ ਤਰਲੇ ਨੂੰ ਕਰੋਧ ਦਾ ਠੁਡਾ ਮਾਰਦਿਆਂ ਬਾਹਰ ਦਾ ਦਰਵਾਜ਼ਾ ਬੰਦ ਕਰ ਦਿਤਾ ਅਤੇ ਪਿਛੇ ਮੁੜ ਕੇ ਨਾ ਵੇਖਿਆ।
ਪਾਰਬਤੀ ਪਾਸੋਂ ਖੜੋਤਾ ਨਾ ਗਿਆ। ਉਸ ਸਿਰਦਰਦ ਦੀਆਂ ਗੋਲੀਆਂ ਦੀ ਅਧੀ ਸ਼ੀਸ਼ੀ ਖਤਮ ਕਰ ਦਿਤੀ ਸੀ। ਉਸ ਦੀਆਂ ਅੱਖਾਂ ਵਿਚੋਂ ਹਿਰਖ, ਦਰਦ ਅਤੇ ਬੱਚੀਆਂ ਲਈ ਮਮਤਾ ਭਰੇ ਹੰਝੂ ਨਿਕਲ ਆਏ। ਕਦੇ ਉਹ ਸੋਚਦੀ ਕਿ ਹਸਪਤਾਲ ਜਾਵਾਂ ਤਾਂ ਇਨ੍ਹਾਂ ਦਾ ਕੀ ਹੋਊ। ਰੂਪੀ ਨਸ ਕੇ ਮਾਂ ਦੇ ਗਲੇ ਆਣ ਲੱਗੀ ਤੇ ਉਸ ਦਾ ਸਿਰ ਦਬਣ ਲੱਗੀ। ‘ਮੰਮੀ ਪਾਣੀ ਲਿਆਵਾਂ, ਗੋਲੀ ਖਾ ਲਵੋ’ ਰੂਪੀ ਦੇ ਪਿਆਰ ਭਰੇ ਬੋਲ ਸਨ। ਰੂਪੀ ਦੇ ਅਪਣਤ ਭਰੇ ਬੋਲ ਸੁਣ ਕੇ ਉਸ ਦਾ ਦਿਲ ਮੋਮ ਵਾਂਗ ਪਿਘਲ ਕੇ ਵਹਿ ਤੁਰਿਆ। ਰੂਪੀ ਨੂੰ ਅਨੋਖੀ ਜਿਹੀ ਤਕਣੀ ਤਕਦਿਆਂ ਉਸ ਕਿਹਾ, ‘ਜੇ ਮੈਨੂੰ ਕੁਸ਼ ਹੋ ਗਿਆ ਤਾਂ ਤੁਹਾਨੂੰ ਕੌਣ ਕਾਲਜੇ ਲਾਊ?’ ਬੱਚੀਆਂ ਨੂੰ ਕੁਝ ਖੁਆਣ ਲਈ ਸੋਚਦਿਆਂ ਹਿੰਮਤ ਕਰਕੇ ਉਸ ਖੜੀ ਹੋਣ ਦਾ ਯਤਨ ਕੀਤਾ। ਪਰ ਐਸਾ ਜ਼ੋਰ ਦਾ ਚਕਰ ਆਇਆ ਕਿ ਉਹ ਥਾਂਏਂ ਹੀ ਡਿਗ ਪਈ। ਰੂਪੀ ਭੈਅ ਭੀਤ ਹੋਈ ਕੰਬਣ ਲੱਗੀ। ਨਿਕੀਆਂ ਨੇ ਡਰਦਿਆਂ ਮਾਂ ਨੂੰ ਚੰਬੜ ਕੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ।
ਭਵੰਤਰਿਆਂ ਵਾਂਗ ਰੂਪੀ ਗੁੰਮ ਸੁੰਮ ਹੋਈ ਮਾਂ ਨੂੰ ਡਿਗੀ ਨੂੰ ਵੇਖਦੀ ਰਹੀ। ਉਹ ਦੇਰ ਨਾਲ ਪਬ ਤੋਂ ਮੁੜਿਆ। ਬੂਹੇ ਨੂੰ ਚਾਬੀ ਲਾਉਂਦਿਆ, ਬੱਚੀਆਂ ਦਾ ਰੋਣਾ ਸੁਣ ਕੇ ਉਸ ਦੇ ਮੂੰਹੋਂ ਅੰਗਾਰ ਵਰ੍ਹਨ ਲਗੇ, ‘ਕੀਹਨੂੰ ਕੀਰਨੇ ਪਾਉਂਦੀਆਂ ਹੋ, ਕੀ ਤੁਹਾਡੀ ਮਾਂ ਮਰ ਗਈ ਹੈ? ਕਿਥੇ ਉਜੜੀ ਹੈ ਇਸ ਵੇਲੇ? ਕਿਹੜਾ ਤੁਹਾਨੂੰ ਸਪ ਲੜ ਗਿਆ ਹੈ?’ ਉਸ ਦੇ ਡਾਇਨਿੰਗ ਰੂਮ ਵਿਚ ਵੜ੍ਹਦਿਆਂ ਹੀ ਬੱਚੀਆਂ ਦੇ ਸਾਹ ਸੂਤੇ ਗਏ। ਛੋਟੀਆਂ ਮਾਂ ਨੂੰ ਛਡ ਕੇ ਰੂਪੀ ਦੁਆਲੇ ਝੁਰਮਟ ਪਾ ਕੇ ਖੜ੍ਹ ਗਈਆਂ। ‘ਇਹ ਤੀਵੀਂ ਵੀ ਨਵੇਂ ਹੀ ਢਕਵੰਜ ਘੜਦੀ ਆ। ਕਦੀ ਸਿਰ ਦਾ ਨਖਰਾ, ਕਦੇ ਕੋਈ ਨਵਾਂ ਚਲਿਤਰ!’ ਉਸ ਡਿੱਗੀ ਪਾਰਬਤੀ ਨੂੰ ਬੜੇ ਬੇਰਹਿਮ ਹਥਾਂ ਨਾਲ ਝੰਜੋੜਿਆ। ਠੰਡਾ ਪਾਣੀ ਉਸ ਦੇ ਮੂੰਹ ਉਤੇ ਡੋਲ੍ਹਿਆ। ਪਰ ਉਹ ਟਸ ਤੋਂ ਮਸ ਨਾ ਹੋਈ। ਉਸ ਨੇ ਅਕ ਕੇ ਐਂਬੂਲੈਂਸ ਬੁਲਾ ਲਈ ਪਰ ਉਸ ਦਾ ਖੇਖਣਾਂ ਵਾਲਾ ਸ਼ੱਕ ਹੁਣ ਕੁਝ ਅਸਲੀਅਤ ਵਿਚ ਬਦਲਣ ਲੱਗਾ।
ਪਾਰਬਤੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਠੰਡੀ ਨੀਂਦੇ ਸੌਂ ਗਈ ਸੀ। ਥੋੜੀ ਦੇਰ ਬਾਦ ਇਕ ਡਾਕਟਰ ਨੇ ਨੀਵੀਂ ਪਾਈ, ਮੂੰਹ ਲਟਕਾਈ ਉਸ ਦੇ ਮੋਢੇ ਉਤੇ ਹਥ ਰਖਦਿਆਂ ਕਿਹਾ ਸੀ, ‘ਸੌਰੀ ਸਰ, ਵੀ ਕਾਂਟ ਸੇਵ ਯੂਅਰ ਵਾਈਫ। ਸ਼ੀ ਹੈਡ ਬਰੇਨ ਹੈਮਰੇਜ, ਯੂ ਕੈਨ ਸੀ ਹਰ’ (ਅਫਸੋਸ, ਅਸੀਂ ਤੁਹਾਡੀ ਪਤਨੀ ਨੂੰ ਨਹੀਂ ਬਚਾ ਸਕੇ, ਉਸ ਨੂੰ ਬਰੇਨ ਹੈਮਰੇਜ ਹੋਇਆ ਸੀ। ਤੁਸੀਂ ਉਸ ਨੂੰ ਦੇਖ ਸਕਦੇ ਹੋ)। ਡਾਕਟਰ ਕਹਿ ਕੇ ਅਗੇ ਵਲ ਨੂੰ ਤੁਰ ਗਿਆ ਤੇ ਉਹ ਪਿਛੇ ਪਿਛੇ। ਡਾਕਟਰ ਨੇ ਪਾਰਬਤੀ ਦੇ ਮੂੰਹ ਤੋਂ ਚਿੱਟਾ ਕਪੜਾ ਚੁਕ ਦਿਤਾ। ਉਹ ਗੂੜ੍ਹੀ ਨੀਂਦੇ ਸੁੱਤੀ ਪਈ ਸੀ। ਉਹ ਪਥਰ ਦਾ ਬੁਤ ਬਣਿਆ ਉਸ ਦੀ ਬਾਹੀ ਫੜ੍ਹ ਕੇ ਖੜ੍ਹਾ ਉਸ ਦੇ ਪੀਲੇ ਭੂਕ ਚਿਹਰੇ ਵਲ ਇੰਜ ਤਕ ਰਿਹਾ ਸੀ ਜਿਵੇਂ ਬਹੁਤ ਦਿਨਾਂ ਬਾਅਦ ਅਜ ਫਿਰ ਉਸ ਨੂੰ ਮਿਲਿਆ ਹੋਵੇ। ਉਸ ਨੂੰ ਲੱਗਾ ਜਿਵੇਂ ਉਹ ਉਸ ਅਗੇ ਤਰਲਾ ਪਾ ਕੇ ਕਹਿ ਰਹੀ ਹੋਵੇ, ‘ਭਲਿਆ ਲੋਕਾ, ਹੁਣ ਪਲ ਭਰ ਨਹੀਂ, ਸਦਾ ਲਈ ਸਾਂਭੇਂਗਾ। ਤੇਰੇ ਲਈ ਤਾਂ ਇਹ ਪਥਰ ਹੀ ਹਨ ਪਰ ਮੇਰੀਆਂ ਇਹ ਆਂਦਰਾਂ ਹਨ। ਵਾਸਤਾ ਈ ਰਬ ਦਾ, ਇਨ੍ਹਾਂ ਕੰਜਕਾਂ ਜਿਹੀਆਂ ਦੇਵੀਆਂ ਨੂੰ ਨਾ ਰੋਲੀਂ!’ ਹਾਲੇ ਵੀ ਉਸ ਦੀ ਜਿਵੇਂ ਆਤਮਾ ਰਹਿਮ ਦੀ ਭੀਖ ਮੰਗ ਰਹੀ ਹੋਵੇ। ਡਾਕਟਰ ਨੇ ਮੁੜ ਮੂੰਹ ਕਜ ਦਿਤਾ ਤੇ ਉਸ ਨੂੰ ਬਾਹਰ ਜਾਣ ਦਾ ਇਸ਼ਾਰਾ ਕਰ ਦਿਤਾ।
ਜੋ ਕੁਝ ਵਾਪਰ ਗਿਆ ਸੀ, ਉਸ ਨੂੰ ਉਸ ਬਾਰੇ ਕਦੀ ਤੌਖਲਾ ਹੀ ਨਹੀਂ ਸੀ ਹੋਇਆ। ਪਹਿਲੀ ਵਾਰ ਉਸ ਨੇ ਬੱਚੀਆਂ ਨੂੰ ਗਲ ਨਾਲ ਲਾਇਆ। ਪਛਤਾਵੇ ਦੀ ਅਗ ਵਿਚ ਲਹੂ ਚੋਣ ਲੱਗਾ। ਮਾਂ ਮਸ਼ੋਹਰ ਧੱਕੇ ਧੋੜੇ ਖਾਂਦੀਆਂ ਬੱਚੀਆਂ, ਰੁਲ ਖੁਲ ਪਲ ਗਈਆਂ। ਆਪ ਅਪਾਹਜ ਹੋ ਕੇ ਹੁਣ ਦਿਨ ਰਾਤ ਵੀਲ੍ਹ ਚੇਅਰ ਦਾ ਮੁਥਾਜ ਬਣਿਆ ਬੈਠਾ ਸੀ। ਉਹੀ ਉਸ ਦੇ ਅਗੇ ਪਿਛੇ ਨੱਸੀਆਂ ਫਿਰਦੀਆਂ। ਪੱਥਰਾਂ ਵਿਚੋਂ ਹੁਣ ਉਸ ਨੂੰ ਸੁੱਚੇ ਮੋਤੀ ਦਿਸਦੇ, ਪੋਹਲੀ ਦੇ ਕੰਡੇ ਨਹੀਂ। ਉਹਨੂੰ ਦੁਖ ਦੀਆਂ ਸਾਂਝਣਾਂ ਧੀਆਂ ਮੋਹ ਮਾਰੀਆਂ ਮਾਪਿਆ ਦੀਆਂ ਧਿਰਾਂ ਦਿਸਦੀਆਂ। ਉਹ ਚੰਡਾਲ ਵਾਂਗ ਆਪਣੇ ਆਪ ਨੂੰ ਹੀਣਤਾ ਦੀ ਭਾਵਨਾ ਨਾਲ ਗਰਕ ਜਾਣਾ ਚਾਹੁੰਦਾ। ਉਸ ਨੂੰ ਲਗਦਾ ਉਸ ਨੂੰ ਪਾਰਬਤੀ ਦੀ ਹਾਅ ਲੱਗੀ ਹੈ। ਉਸ ਦਾ ਹੀ ਸਰਾਪ ਲੱਗਾ ਹੈ। ਕਮੀਨੇ ਵਤੀਰੇ ਦਾ ਰਬ ਨੇ ਠੀਕ ਹੀ ਖਮਿਆਜ਼ਾ ਉਸ ਨੂੰ ਦਿਤਾ ਹੈ। ਪਾਰਬਤੀ ਦੇ ਕਦਮਾਂ ਉਤੇ ਡਿਗ ਕੇ ਮਾਫੀ ਮੰਗਣ ਲਈ ਤਰਸਦਾ। ਪਰ ਉਹ ਤਾਂ ਕਿਸੇ ਦੇਵੀ ਵਾਂਗ ਖਾਮੋਸ਼ ਜਬਰ ਜ਼ੁਲਮ ਨੂੰ ਸਹਿੰਦੀ ਹੋਈ ਕੂਚ ਕਰ ਗਈ ਸੀ। ਦਰਿਆ ਦੇ ਵਹਿਣ ਵਾਂਗ ਹੰਝੂ ਵਹਿ ਤੁਰੇ। ਉਸ ਦਾ ਧਾਹਾਂ ਮਾਰਨ ਨੂੰ ਜੀਅ ਕੀਤਾ। ਤੂਫਾਨ ਨੇ ਜਿਵੇਂ ਉਸ ਨੂੰ ਬੇਗਿਣਤ ਟੁਕੜਿਆਂ ਵਿਚ ਵੰਡ ਦਿਤਾ ਹੋਵੇ।
‘ਕੌਂਗਰੈਚੂਲੇਸ਼ਨ ਡੈਡ’, ਜਿੰਦਰ ਮਠਿਆਈ ਦਾ ਡੱਬਾ ਉਸ ਵੱਲ ਅਗੇ ਵਧਾਉਂਦਿਆਂ ਬੋਲਿਆ। ਗੁਟਕੂੰ ਗੁਟਕੂੰ ਕਰਦੀ ਖੁਸ਼ੀ ਭਰੀ ਆਵਾਜ਼ ਨੇ ਉਸ ਨੂੰ ਜਿਵੇਂ ਪਤਾਲ ਤੋਂ ਧਰਤੀ ਉਤੇ ਲੈ ਆਂਦਾ ਹੋਵੇ। ਜਿੰਦਰ ਕਹਿ ਰਿਹਾ ਸੀ, ‘ਡੈਡ, ਬੇਬੀ ਗਰਲ ਇਜ਼ ਸੋ ਸਵੀਟ, ਸੋ ਨਾਈਸ, ਵੈਰੀ ਬਿਊਟੀਫੁੱਲ, ਲਾਈਕ ਏ ਲਿਟਲ ਏਂਜਲ!’ (ਡੈਡੀ, ਕੁੜੀ ਬਹੁਤ ਹੀ ਸੋਹਣੀ ਹੈ ਜਿਵੇਂ ਅਕਾਸ਼ੋਂ ਉਤਰੀ ਪਰੀ ਹੋਵੇ)। ਉਸ ਦੇ ਮੂੰਹੋਂ ਜਿਵੇਂ ਖੁਸ਼ੀ ਭਰੇ ਫੁੱਲ ਕਿਰ ਰਹੇ ਸਨ। ਉਸ ਨੂੰ ਲੱਗਾ ਜਿਵੇਂ ਉਸ ਸੁੰਦਰ ਨਰਸ ਦੇ ਬੋਲ ਜਿੰਦਰ ਨੇ ਅੱਜ ਫਿਰ ਦੁਹਰਾਏ ਹਨ। ਆਪਣੀ ਸੌੜੀ ਸੋਚ ਉਤੇ ਉਸ ਨੂੰ ਸ਼ਰਮ ਆਈ। ਜਿੰਦਰ ਦੀ ਨਵੀਂ ਪੀੜ੍ਹੀ ਦੀ ਅਗਾਂਹਵਧੂ ਸੋਚਣੀ ਨਾਲ ਉਹ ਦਿਲੋਂ ਸਹਿਮਤ ਹੋਇਆ। ‘ਸਦਾ ਖੁਸ਼ ਰਹੋ, ਜਿਉਂਦੇ ਵਸਦੇ ਰਹੋ, ਮੇਰੇ ਵਰਗੇ ਉਜੱਡ, ਮੂੜ੍ਹ ਪਸ਼ੂ ਬਿਰਤੀ ਮਨੁੱਖ ਆਪਣੇ ਹੱਥੀਂ ਸਭ ਕੁਝ ਸਾੜਕੇ ਸੁਆਹ ਕਰ ਦਿੰਦੇ ਹਨ। ਧੀਆਂ ਨੂੰ ਮਾਣ ਬਖਸ਼ਣ ਵਾਲਿਉ, ਤੁਸੀਂ ਹੀ ਇਸ ਦੁਨੀਆਂ ਵਿਚ ਜਿਉਣ ਦੇ ਕਾਬਲ ਹੋ। ਨਵੀਂ ਸੋਚ ਦੇ ਮਾਲਕੋ, ਸਦਾ ਜੀਉ!’ ਉਸ ਨੇ ਪੈਰਾਂ ਵੱਲ ਉਲਰ ਰਹੇ ਜਿੰਦਰ ਦੀ ਪਿੱਠ ਉਤੇ ਥਾਪੀ ਦਿਤੀ।

Be the first to comment

Leave a Reply

Your email address will not be published.