‘ਪੰਜਾਬ ਟਾਈਮਜ਼’ ਦੇ 23 ਨੰਵਬਰ ਦੇ ਅੰਕ ਵਿਚ ਪੰਜਾਬੀਆਂ ਦੇ ਹਰਮਨ ਪਿਆਰੇ ਕਵੀ ਦੀ ਪਤਨੀ ਅਰੁਣਾ ਬਟਾਲਵੀ ਨਾਲ ਸ਼ ਸੁਰਿੰਦਰ ਸਿੰਘ ਭਾਟੀਆ ਵਲੋ ਕੀਤੀ ਮੁਲਾਕਾਤ ‘ਲੋਕੀਂ ਪੂਜਣ ਰੱਬ ਮੈਂ ਤੇਰਾ ਬਿਰਹੜਾ…’ ਪੜ੍ਹੀ। ਲੇਖਕ ਦੀ ਵਾਰਤਕ ਸ਼ੈਲੀ, ਸੁਹਜ, ਸਹਿਜ ਅਤੇ ਸਲੀਕਾ ਅਤਿ ਸਲਾਹੁਣਯੋਗ ਹੈ। ਇਵੇਂ ਮਹਿਸੂਸ ਹੋਇਆ ਜਿਵੇਂ ਅਸੀਂ ਵੀ ਪੰਜਾਬ ਟਾਈਮਜ਼ ਦੇ ਦਫਤਰ ਬੈਠੇ ਹੋਈਏ ਤੇ ਇਹ ਗੱਲਾਂ ਸੁਣ ਰਹੇ ਹੋਈਏ। ਅਦਾਰੇ ਦਾ ਵੀ ਧੰਨਵਾਦ ਕਰਨਾ ਬਣਦਾ ਹੈ। ਅਜਿਹੇ ਦੁਰਲੱਭ ਲੇਖ ਅਖਬਾਰ ਦੀ ਵਿਲਖਣਤਾ ਨੂੰ ਹੋਰ ਵੀ ਚਮਕਾ ਦਿੰਦੇ ਹਨ।
ਮੈਂ ਆਪਣੇ ਪਿਆਰੇ ਸ਼ਾਇਰ ਸ਼ਿਵ ਦੀਆਂ ਕੁਝ ਤਸਵੀਰਾਂ (ਹਵਾਲਾ: ਸ਼ਿਵ ਕੁਮਾਰ, ਸੰਪੂਰਨ ਕਾਵਿ-ਸੰਗ੍ਰਿਹ, ਲਾਹੋਰ ਬੁੱਕ ਸ਼ਾਪ, 2012) ਅਤੇ ਉਸ ਦੀਆਂ ਹੋਰ ਕਵਿਤਾਵਾਂ ਦੇ ਅੰਸ਼ ਪੰਜਾਬ ਟਾਈਮਜ਼ ਦੇ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ।
ਸ਼ਿਵ ਨੇ ਯੁਵਾ ਅਵਸਥਾ 1960 ਵਿਚ ਹੀ ‘ਪੀੜਾਂ ਦਾ ਪਰਾਗਾ’ ਪੰਜਾਬੀ ਸਾਹਿਤ ਦੀ ਝੋਲੀ ਪਾਇਆ। ਕਈਆਂ ਨੇ ਗਿਲਾ ਕੀਤਾ ਕਿ ਸ਼ਿਵ ਦੇ ਗੀਤ ਤਾਂ ਕੌੜੇ-ਕਸੈਲੇ ਹਨ, ਇਨ੍ਹਾਂ ਵਿਚੋਂ ਨਿਰਾਸ਼ਾ ਅਤੇ ਨਾਕਾਮੀ ਝਲਕਦੀ ਹੈ। ਲੋਕ ਕੀ ਜਾਣਨ ਕਿ ਨੜੋਏ ਬੈਠੀ ਜਿੰਦ ਕਿਦਾਂ ਸੋਹਲੇ ਗਾ ਸਕਦੀ ਹੈ। ਸ਼ਿਵ ‘ਪੀੜਾਂ ਦਾ ਪਰਾਗਾ’ ਵਿਚ ਜੁਆਬ ਦਿੰਦਾ ਹੈ,
“ਪੀੜਾਂ ਦੇ ਧਰਕੋਨੇ ਖਾ ਖਾ,
ਹੋ ਗਏ ਗੀਤ ਕਸੈਲੇ ਵੇ
ਵਿਚ ਨੜੋਏ ਬੈਠੀ ਜਿੰਦੁ
ਕੀਕਣ ਸੋਹਲੇ ਗਾਏ ਵੇ।”
1963-64 ਵਿਚ ਛਪੇ ਕਾਵਿ-ਸੰਗ੍ਰਹਿ ‘ਮੈਨੂੰ ਵਿਦਾ ਕਰੋ’ ਵਿਚ ਇਸ ਬ੍ਰਹਿਮੰਡ ਵਿਚ ਸ਼ਿਵ ਆਪਣੀ ਹੌਂਦ ਸਮਿਲਤ ਹੋਣ ਲਈ ਲੋਚਦਾ ਹੈ,
‘ਵਾਰੋ ਪੀੜ ਮੇਰੀ ਦੇ ਸਿਰ ਤੋਂ,
ਨੈਣ ਸਰਾਂ ਦਾ ਪਾਣੀ,
ਇਸ ਪਾਣੀ ਨੂੰ ਜਗ ਵਿਚ ਵੰਡੋ,
ਹਰ ਇਕ ਆਸ਼ਕ ਤਾਣੀ।
ਪ੍ਰਭ ਜੀ, ਜੇ ਕੋਈ ਬੂੰਦ ਬਚੇ,
ਉਹਦਾ ਆਪ ਘੁਟ ਭਰੋ,
ਤੇ ਮੈਨੂੰ ਵਿਦਾ ਕਰੋ।’
1965 ਵਿਚ ਉਸ ਦੀ ਸ਼ਾਹਕਾਰ ਰਚਨਾ ‘ਲੂਣਾ’ ਪ੍ਰਕਾਸ਼ਿਤ ਹੋਈ। ਇਸ ਵਿਚ ਉਸ ਨੇ ਇਸਤਰੀ ਜਾਤੀ ਦੇ ਹੱਕਾਂ ਲਈ ਵਕਾਲਤ ਕੀਤੀ। ਉਸ ਨੇ ਸਮਾਜ ਨੂੰ ਢੋਲ ਤੇ ਡਗਾ ਮਾਰ ਕੇ ਕਿਹਾ ਕਿ ਇਸਤਰੀ ਦੇ ਵਿਆਹ ਲਈ ਵਰ ਹਮ-ਉਮਰ ਹੋਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਤੋਹਮਤਾਂ ਨਹੀਂ ਲਾਉਣੀਆਂ ਚਾਹੀਦੀਆਂ,
‘ਪਿਤਾ ਜੇ ਧੀ ਦਾ ਰੂਪ ਹੰਢਾਵੇ।
ਤਾਂ ਲੋਕਾਂ ਨੂੰ ਲਾਜ ਨਾ ਆਵੇ,
ਜੇ ਲੂਣਾ ਪੂਰਨ ਨੂੰ ਚਾਹਵੇ,
ਚਰਿੱਤਰਹੀਣ ਕਹੇ ਕਿਉਂ,
ਜੀਭ ਜਹਾਨ ਦੀ।’
ਮੈਂ ਇਕ ਵਾਰ ਪੜ੍ਹਿਆ ਸੀ ਕਿ ਸ਼ਿਵ ਹਸਪਤਾਲ ‘ਚ ਦਾਖਲ ਸੀ। ਉਸ ਦੀ ਨਜ਼ਰ ਖਿੜਕੀ ਦੇ ਬਾਹਰ ਦਰਖੱਤਾਂ ‘ਤੇ ਪਈ ਤਾਂ ਉਸ ਨੇ ‘ਰੁੱਖ’ ਨਾਂ ਦੀ ਇਕ ਕਵਿਤਾ ਲਿਖ ਕੇ ਆਪਣਾ ਰਿਸ਼ਤਾ ਰੁੱਖਾਂ ਨਾਲ ਜੋੜ ਲਿਆ ਅਤੇ ਆਪ ਅਗਲੀ ਜੂਨ ਰੁੱਖ ਦੀ ਲੋਚ ਲਈ,
‘ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ
ਕੁਝ ਰੁੱਖ ਲਗਦੇ ਮਾਂਵਾਂ।
ਕੁਝ ਰੁੱਖ ਨੂੰਹਾਂ ਧੀਆਂ ਲਗਦੇ
ਕੁਝ ਰੁੱਖ ਵਾਂਗ ਭਰਾਵਾਂ।
ਕੁਝ ਰੁੱਖ ਮੇਰੇ ਬਾਬੇ ਵਾਕਣ
ਪੁੱਤਰ ਟਾਵਾਂ ਟਾਵਾਂ।
ਕੁਝ ਰੁੱਖ ਮੇਰੀ ਦਾਦੀ ਵਰਗੇ
ਚੂਰੀ ਪਾਵਣ ਕਾਂਵਾਂ।
ਕੁਝ ਰੁੱਖ ਯਾਰਾਂ ਵਰਗੇ ਲਗਦੇ
ਚੁੰਮਾਂ ਤੇ ਗਲ ਲਾਵਾਂ।
ਇਕ ਮੇਰੀ ਮਹਿਬੂਬਾ ਵਾਕਣ
ਮਿੱਠਾ ਅਤੇ ਦੁਖਾਵਾਂ।
ਕੁਝ ਰੁੱਖ ਮੇਰਾ ਦਿਲ ਕਰਦਾ ਏ
ਮੋਢੇ ਚੁਕ ਖਿਡਾਵਾਂ।
ਕੁਝ ਰੁੱਖ ਮੇਰਾ ਦਿਲ ਕਰਦਾ ਏ
ਚੁੰਮਾਂ ਤੇ ਮਰ ਜਾਵਾਂ।
ਕੁਝ ਰੁੱਖ ਜਦ ਵੀ ਰਲ ਕੇ ਝੂਮਣ
ਤੇਜ਼ ਵਗਣ ਜਦ ਵਾਵਾਂ।
ਸਾਵੀਂ ਬੋਲੀ ਸਭ ਰੁੱਖਾਂ ਦੀ
ਦਿਲ ਕਰਦਾ ਲਿਖ ਜਾਵਾਂ।
ਮੇਰਾ ਵੀ ਇਹ ਦਿਲ ਕਰਦਾ ਏ
ਰੁੱਖ ਦੀ ਜੂਨੇ ਆਵਾਂ।
ਜੇ ਤੁਸਾਂ ਮੇਰਾ ਗੀਤ ਹੈ ਸੁਣਨਾ
ਮੈਂ ਰੁੱਖਾਂ ਵਿਚ ਗਾਵਾਂ।
ਰੁੱਖ ਤਾਂ ਮੇਰੀ ਮਾਂ ਵਰਗੇ ਨੇ
ਜਿਉਣ ਰੁੱਖਾਂ ਦੀਆਂ ਛਾਂਵਾਂ।’
ਸ਼ਿਵ ਦੀਆਂ ਇਹ ਸਤਰਾਂ ਤੱਕੋ:
ਲੋਕਾਂ ਮੇਰੇ ਗੀਤ ਸੁਣ ਲਏ
ਮੇਰਾ ਦੁੱਖ ਤਾਂ ਕਿਸੇ ਵੀ ਨਾ ਜਾਣਿਆ।
ਲੱਖਾਂ ਮੇਰਾ ਸੀਸ ਚੁੰਮ ਗਏ
ਪਰ ਮੁਖੜਾ ਨਾ ਕਿਸੇ ਵੀ ਪਛਾਣਿਆ।
ਅੱਜ ਏਸੇ ਮੁਖੜੇ ਤੋਂ
ਪਿਆ ਆਪਣਾ ਮੈਂ ਲੁਕਾਵਾਂ।
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਂਵਾਂ।
ਸਿਖਰ ਦੁਪਿਹਰ ਸਿਰ ‘ਤੇ
ਮੇਰਾ ਢਲ ਚੱਲਿਆ ਪਰਛਾਵਾਂ।’
ਉਸ ਮਹਾਨ ਸ਼ਾਇਰ ਨੂੰ ਹਜਾਰ ਹਜਾਰ ਵਾਰ ਸਜ਼ਦਾ ਜਿਸ ਦੀ ਸ਼ਾਇਰੀ ਸਦੀਆਂ ਸਦੀਆਂ ਤਕ ਲੋਕਾਂ ਦੀ ਰੂਹ ਰੁਸ਼ਨਾਉਂਦੀ ਰਹੇਗੀ।
-ਕੁਲਦੀਪ ਸਿੰਘ
ਫੋਨ: 510-676-0248
Leave a Reply