ਜਿਵੇਂ-ਜਿਵੇਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਉਵੇਂ-ਉਵੇਂ ਹੀ ਪੰਜਾਬ ਵਿਚ ਰਾਜਨੀਤਕ ਪਾਰਟੀਆਂ ਨੇ ਆਪੋ-ਆਪਣੇ ਢੰਗ-ਤਰੀਕੇ ਨਾਲ ਸਰਗਰਮੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਇੱਥੇ 3 ਦਿਨਾ ਫੇਰੀ ਨੂੰ ਵੀ ਇਸੇ ਕੜੀ ਵਜੋਂ ਦੇਖਿਆ ਜਾ ਰਿਹਾ ਹੈ। ਇਹ ਕਿਆਸਅਰਾਈਆਂ ਜਾਰੀ ਰਹੀਆਂ ਕਿ ਦੋਹਾਂ ਪਾਰਟੀਆਂ ਦੇ ਤੋੜ-ਵਿਛੋੜੇ ਤੋਂ ਬਾਅਦ ਇਕ ਵਾਰ ਭਾਜਪਾ, ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜ ਸਕਦੀ ਹੈ। ਪਰ ਜਿਸ ਤਰ੍ਹਾਂ ਭਾਜਪਾ ਨੇ ਬੜੀ ਤੇਜ਼ੀ ਨਾਲ ਸੂਬੇ ਵਿਚ ਸਿਆਸੀ ਹਲਚਲ ਵਧਾਈ ਹੈ, ਉਸ ਤੋਂ ਇਹ ਜ਼ਰੂਰ ਸਪੱਸ਼ਟ ਹੋਣਾ ਸ਼ੁਰੂ ਹੋ ਗਿਆ ਹੈ ਕਿ ਇਸ ਵਾਰ ਉਹ ਆਪਣੇ ਬਲਬੂਤੇ ‘ਤੇ ਹੀ ਚੋਣ ਮੈਦਾਨ ਵਿਚ ਉਤਰਨ ਦੀ ਇੱਛਾ ਰੱਖਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਥਿਤ ਵੀਡੀਓ ਕਾਰਨ ਅਕਾਲ ਤਖ਼ਤ ਸਾਹਿਬ ਅਤੇ ਮੁੱਖ ਮੰਤਰੀ ਵਿਚਕਾਰ ਸ਼ੁਰੂ ਹੋਈ ਖਿਚੋਤਾਣ ਨੇ ਵੀ ਮਾਹੌਲ ਕਾਫੀ ਗਰਮਾ ਰਖਿਆ ਹੈ।
ਬੰਗਾਲ ਦੀਆਂ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਭਾਜਪਾ ਦੇ ਹੌਸਲੇ ਵਧੇ ਹੋਏ ਦਿਖਾਈ ਦਿੰਦੇ ਹਨ। ਦੇਸ਼ ਦੇ ਬਹੁਤੇ ਸੂਬਿਆਂ ਵਿਚ ਉਸ ਦੀ ਹਕੂਮਤ ਬਣਨ ਨਾਲ ਵੀ ਉਸ ਦੇ ਵਿਸ਼ਵਾਸ ਵਿਚ ਵਾਧਾ ਹੋਇਆ ਹੈ। ਪੰਜਾਬ ਚੋਣਾਂ ਲਈ ਉਹ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀਆਂ ਸੇਵਾਵਾਂ ਨੂੰ ਵੀ ਵਰਤ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਇਸ ਦੇ ਕੇਂਦਰੀ ਆਗੂਆਂ ਨੇ ਸੂਬੇ ਦੇ ਵੱਖ-ਵੱਖ ਭਾਈਚਾਰਿਆਂ ‘ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਹੁਣ ਤੱਕ ਉਸ ਦੇ ਵੱਡੇ-ਛੋਟੇ ਆਗੂਆਂ ਨੇ ਲਗਭਗ ਸਾਰੇ ਹੀ ਖੇਤਰਾਂ ਵਿਚ ਆਪਣੇ ਰਾਹ ਬਣਾ ਲਏ ਹਨ। ਇਨ੍ਹਾਂ ਤਿਆਰੀਆਂ ਦੇ ਆਧਾਰ ‘ਤੇ ਉਹ ਆਪਣੇ ਬਲਬੂਤੇ ‘ਤੇ ਇਕ ਧਿਰ ਵਜੋਂ ਆਪਣੇ-ਆਪ ਨੂੰ ਸਥਾਪਿਤ ਕਰਨ ਲਈ ਯਤਨਸ਼ੀਲ ਹੈ। ਪਿਛਲੇ ਲੰਮੇ ਸਮੇਂ ਤੋਂ ਇਸ ਨੇ ਸੂਬੇ ਵਿਚ ਸਾਰੇ ਹੀ ਭਾਈਚਾਰਿਆਂ ਦੇ ਛੋਟੇ-ਵੱਡੇ ਆਗੂਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕਰਨ ਦਾ ਯਤਨ ਕੀਤਾ ਹੈ। ਇਸ ਵਿਚ ਉਹ ਵੱਡੀ ਹੱਦ ਤੱਕ ਕਾਮਯਾਬ ਵੀ ਰਹੀ ਹੈ। ਅੱਜ ਨਾ ਸਿਰਫ਼ ਬਹੁਤ ਸਾਰੇ ਅਕਾਲੀ ਦਲਾਂ ਦੇ ਜਾਣੇ-ਪਛਾਣੇ ਆਗੂ ਇਸ ਪਾਰਟੀ ਵਿਚ ਸ਼ਾਮਿਲ ਹੋਏ ਦਿਖਾਈ ਦਿੰਦੇ ਹਨ, ਸਗੋਂ ਇਸ ਨੇ ਸੂਬੇ ਵਿਚ ਕਾਂਗਰਸ ਦੇ ਕਈ ਵੱਡੇ ਆਗੂਆਂ ਨੂੰ ਵੀ ਆਪਣੀਆਂ ਸਫ਼ਾਂ ਵਿਚ ਦਾਖ਼ਲ ਕਰ ਲਿਆ ਹੈ। ਇੱਥੋਂ ਤੱਕ ਕਿ ਇਸ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਸਵਾਤੀ ਮਾਲੇਵਾਲ ਸਮੇਤ ਸੱਤ ਮੈਂਬਰਾਂ ਨੂੰ ਵੀ ਆਪਣੇ ਨਾਲ ਰਲਾਉਣ ਤੋਂ ਗੁਰੇਜ਼ ਨਹੀਂ ਕੀਤਾ।
ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਆਪਣੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਆਪਣੀਆਂ ਸਰਗਰਮੀਆਂ ਪੂਰੀ ਤਰ੍ਹਾਂ ਮਘਾ ਦਿੱਤੀਆਂ ਹਨ। ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤੋਂ ਬਾਅਦ ਇਸ ਨੇ ਅਮਨ-ਕਾਨੂੰਨ ਦੀ ਸਥਿਤੀ ‘ਤੇ ਕਾਬੂ ਪਾਉਣ ਲਈ ਪ੍ਰਭਾਵਸ਼ਾਲੀ ਕਦਮ ਉਠਾਏ ਹਨ। ਬਿਜਲੀ ਮੁਫ਼ਤ ਦੇਣ ਦੇ ਆਪਣੇ ਵਾਅਦੇ ਨੂੰ ਨਿਭਾਇਆ ਹੈ ਅਤੇ ਇਸੇ ਕੜੀ ਵਿਚ ਹੀ ਹੁਣ ਔਰਤਾਂ ਲਈ ਵੀ ਆਰਥਿਕ ਸਹਾਇਤਾ ਆਉਂਦੇ ਮਹੀਨੇ ਤੋਂ ਦੇਣੀ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ।
ਕਾਂਗਰਸ ਚਾਹੇ ਹੁਣ ਤੱਕ ਇਸ ਦੌੜ ਵਿਚ ਪਿੱਛੇ ਦਿਖਾਈ ਦੇ ਰਹੀ ਹੈ ਪਰ ਆਉਂਦੇ ਦਿਨਾਂ ਵਿਚ ਸੂਬੇ ਵਿਚ ਪਾਰਟੀ ਅੰਦਰ ਨਵੀਆਂ ਤਬਦੀਲੀਆਂ ਲਿਆ ਕੇ ਉਹ ਵੀ ਪੂਰੀ ਤਰ੍ਹਾਂ ਮੈਦਾਨ ਵਿਚ ਉਤਰਨਾ ਚਾਹੁੰਦੀ ਹੈ। ਵੱਖ-ਵੱਖ ਅਕਾਲੀ ਦਲ ਚਾਹੇ ਸਰਗਰਮੀ ਜ਼ਰੂਰ ਵਿਖਾ ਰਹੇ ਹਨ ਪਰ ਉਨ੍ਹਾਂ ਦੀਆਂ ਆਪਸੀ ਉਲਝਣਾਂ ਨੇ ਹੀ ਉਨ੍ਹਾਂ ਦੀ ਰਫ਼ਤਾਰ ਤੇ ਗਤੀ ਨੂੰ ਹਾਲੇ ਤੇਜ਼ ਨਹੀਂ ਹੋਣ ਦਿੱਤਾ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਇਸ ਦੌਰੇ ਨੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿਚ ਨਵਾਂ ਉਤਸ਼ਾਹ ਪੈਦਾ ਕੀਤਾ ਹੈ। ਨਿਤਿਨ ਨਬੀਨ ਨੇ ਇੱਥੇ ਆ ਕੇ ਉਨ੍ਹਾਂ ਮੁੱਦਿਆਂ ਨੂੰ ਕੇਂਦਰ ਬਿੰਦੂ ਬਣਾਇਆ ਹੈ, ਜੋ ਨਾ ਸਿਰਫ਼ ਸੂਬੇ ਲਈ ਅਹਿਮ ਹਨ, ਸਗੋਂ ਕਈ ਦਹਾਕਿਆਂ ਤੱਕ ਇਨ੍ਹਾਂ ਕਰਕੇ ਪੰਜਾਬ ਦੀ ਗਤੀ ਵੀ ਧੀਮੀ ਰਹੀ ਹੈ। ਚਾਹੇ ਪਹਿਲੀਆਂ ਅਕਾਲੀ, ਕਾਂਗਰਸੀ ਅਤੇ ਹੁਣ ‘ਆਪ’ ਦੀ ਸਰਕਾਰ ਨੇ ਵੀ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਪ੍ਰਭਾਵਸ਼ਾਲੀ ਕਦਮ ਉਠਾਏ ਹਨ ਪਰ ਸੂਬੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਇਸ ਨੂੰ ਵਿਕਾਸ ਦੇ ਰਾਹ ‘ਤੇ ਪਾਉਣ ਲਈ ਹਾਲੇ ਬਹੁਤ ਕੁਝ ਕਰਨ ਦੀ ਲੋੜ ਹੈ। ਆਉਂਦੇ ਸਮੇਂ ਵਿਚ ਵੱਖ-ਵੱਖ ਪਾਰਟੀਆਂ ਅਜਿਹੇ ਮੁੱਦਿਆਂ ਨੂੰ ਲੈ ਕੇ ਲੋਕਾਂ ਤੱਕ ਜਾਣਗੀਆਂ ਤੇ ਇਸ ਨਾਲ ਰਾਜ ਵਿਚ ਸਿਆਸੀ ਸਰਗਰਮੀਆਂ ਹੋਰ ਵੀ ਤੇਜ਼ ਹੋਣ ਦੀ ਸੰਭਾਵਨਾ ਬਣੀ ਨਜ਼ਰ ਆਉਂਦੀ ਹੈ।
ਪਰ ਪੰਜਾਬ ਸਰਕਾਰ ਅਤੇ ਅਕਾਲ ਤਖ਼ਤ ਸਾਹਿਬ ਵਿਚ ਪੈਦਾ ਹੋਇਆ ਟਕਰਾਉ ਆਉਂਦੇ ਦਿਨਾਂ ਵਿਚ ਕੀ ਮੋੜ ਲਵੇਗਾ ਇਸ ਦਾ ਪੰਜਾਬ ਦੀ ਸਿਆਸਤ ਉੱਤੇ ਗਹਿਰਾ ਪ੍ਰਭਾਵ ਪਵੇਗਾ। ਰਾਜਨੀਤਕ ਮਾਹਿਰਾਂ ਦਾ ਵਿਚਾਰ ਹੈ ਕਿ ਜਲਦੀ ਹੀ ਸਾਹਮਣੇ ਆਉਣ ਵਾਲਾ ਕਥਿਤ ਵੀਡੀਓ ਦਾ ਕੱਚ-ਸੱਚ ਪੰਜਾਬ ਦੇ ਚੋਣ ਦੰਗਲ ਨੂੰ ਨਵੀਂ ਦਿਸ਼ਾ ਦਿਖਾ ਸਕਦਾ ਹੈ।
