ਨਵੀਂ ਦਿੱਲੀ:ਬੰਗਾਲ ਚੋਣਾਂ ਵਿਚ ਹਾਰ ਤੋਂ ਬਾਅਦ ਤ੍ਰਿਟਮੂਲ ਕਾਂਗਰਸ ਦੇ ਟੁੱਟਣ ਦੀ ਹਲਚਲ ਐਤਵਾਰ ਨੂੰ ਆਖਰ ਉਸ ਦੇ 20 ਲੋਕ ਸਭਾ ਮੈਂਬਰਾਂ ਦੇ ਟੁੱਟਣ ਨਾਲ ਆਪਣੇ ਅਖੀਰਲੇ ਪੜਾਅ ‘ਤੇ ਪਹੁੰਚ ਗਈ। ਬਾਗ਼ੀਆਂ ਨੇ ਟੀ.ਐੱਮ.ਸੀ. ਦੇ 28 ਵਿਚੋਂ 20 ਮੈਂਬਰਾਂ ਦੇ ਸਮਰਥਨ ਦਾ ਦਾਅਵਾ ਕੀਤਾ ਅਤੇ ਆਪਣੇ ਆਪ ਨੂੰ ਤ੍ਰਿਪੁਰਾ ਦੀ ਅਣਜਾਣੀ ਪਾਰਟੀ ਨੈਸ਼ਨਲ ਸਿਟੀਜ਼ਨ ਪਾਰਟੀ (ਐਨਸੀਪੀ) ਵਿਚ ਸ਼ਾਮਲ ਹੋਣ
ਦਾ ਐਲਾਨ ਕਰਦਿਆਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਉਨ੍ਹਾਂ ਨੂੰ ਮਾਨਤਾ ਦੇਣ ਲਈ ਅਰਜ਼ੀ ਦੇ ਦਿੱਤੀ। ਇਨ੍ਹਾਂ ਬਾਗ਼ੀ ਮੈਂਬਰਾਂ ਨੇ ਸਪੀਕਰ ਦੇ ਸਾਹਮਣੇ ਇਹ ਵੀ ਸਾਫ਼ ਕਰ ਦਿੱਤਾ ਕਿ ਉਹ ਸਦਨ ਵਿਚ ਵੱਖ ਧੜੇ ਦੇ ਤੌਰ ‘ਤੇ ਬੈਠਣਾ ਚਾਹੁੰਦੇ ਹਨ। ਟੀਐੱਮਸੀ ਦੇ ਇਨ੍ਹਾਂ ਬਾਗ਼ੀ ਮੈਂਬਰਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦਾ ਸਮਰਥਨ ਕਰਨਗੇ।
ਟੀ.ਐੱਮ.ਸੀ. ਦੇ ਬਾਗ਼ੀ ਮੈਂਬਰਾਂ ਦੀ ਅਗਵਾਈ ਕਰ ਰਹੀ ਲੋਕ ਸਭਾ ਮੈਂਬਰ ਕਾਕੋਲੀ ਘੋਸ਼ ਦਸਤੀਦਾਰ ਅਤੇ ਸੁਦੀਪ ਬੰਦਯੋਪਾਧਿਆਇ ਸਮੇਤ ਹੋਰਾਂ ਨੇ ਸ਼ਾਮ ਨੂੰ ਸਪੀਕਰ ਬਿਰਲਾ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਤੇ ਐੱਨਸੀਪੀ ਵਿਚ ਸ਼ਾਮਲ ਹੋਣ ਅਤੇ ਵੱਖ ਧੜੇ ਵਜੋਂ ਮਾਨਤਾ ਦੀ ਮੰਗ ਕੀਤੀ। ਸਪੀਕਰ ਨਾਲ ਮੁਲਾਕਾਤ ਤੋਂ ਬਾਅਦ ਕਾਕੋਲੀ ਨੇ ਪੱਤਰਕਾਰਾਂ ਨੂੰ ਕਿਹਾ, “ਟੀਐੱਮਸੀ ਤੋਂ ਚੁਣੇ ਗਏ ਅਸੀਂ 20 ਮੈਂਬਰ ਸਪੀਕਰ ਨੂੰ ਮਿਲੇ ਹਾਂ ਅਤੇ ਉਨ੍ਹਾਂ ਨੂੰ ਇਕ ਪੱਤਰ ਦੇ ਕੇ ਅਰਜ਼ੀ ਦਿੱਤੀ ਹੈ ਕਿ ਸਾਨੂੰ ਵੱਖ ਧੜੇ ਵਜੋਂ ਬੈਠਣ ਦੀ ਮਨਜ਼ੂਰੀ ਦਿੱਤੀ ਜਾਵੇ।“
20 ਮੈਂਬਰਾਂ ਦੀ ਇਹ ਗਿਣਤੀ ਟੀਐੱਮਸੀ ਦੇ ਚੁਣੇ ਗਏ ਮੈਂਬਰਾਂ ਦੇ ਦੋ ਤਿਹਾਈ ਤੋਂ ਵੱਧ ਹੈ। ਹੁਣ ਅਸੀਂ ਸਾਰੇ ‘ਨੈਸ਼ਨਲਿਸਟ ਸਿਟੀਜ਼ਨ ਪਾਰਟੀ ਆਫ ਇੰਡੀਆ’ ਦੇ ਨਾਲ ਹਾਂ। ਅਸੀਂ ਦੇਸ਼ ਲਈ ਕੰਮ ਕਰਾਂਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਐੱਨਡੀਏ ਦੇ ਨਾਲ ਮਿਲ ਕੇ ਕੰਮ ਕਰਾਂਗੇ। ਕਾਕੋਲੀ ਨੇ ਚਾਹੇ 20 ਮੈਂਬਰਾਂ ਦੇ ਨਾਲ ਹੋਣ ਦਾ ਦਾਅਵਾ ਕੀਤਾ, ਪਰ ਐਤਵਾਰ ਨੂੰ ਸਪੀਕਰ ਨਾਲ ਬਾਗ਼ੀ ਧੜੇ ਦੀ ਹੋਈ ਮੁਲਾਕਾਤ ਵਿਚ ਸਿਰਫ਼ 19 ਮੈਂਬਰ ਹੀ ਮੌਜੂਦ ਸਨ।
ਮਮਤਾ ਬੈਨਰਜੀ ਦੇ ਸਭ ਤੋਂ ਭਰੋਸੇਮੰਦ ਅਤੇ ਲੋਕ ਸਭਾ ਵਿਚ ਪਾਰਟੀ ਦੇ ਆਗੂ ਰਹੇ ਸੁਦੀਪ ਬੰਦਯੋਪਾਧਿਆਇ ਨੇ ਕਿਹਾ ਕਿ ਅਸੀਂ ਐੱਨਸੀਪੀ ਵਿਚ ਸ਼ਾਮਲ ਹੋ ਗਏ ਹਾਂ, ਜੋ ਇਕ ਮਾਨਤਾ ਪ੍ਰਾਪਤ ਖੇਤਰੀ ਪਾਰਟੀ ਹੈ। ਟੀਐੱਮਸੀ ‘ਤੇ ਦਾਅਵਾ ਕਰਨ ਵਾਲੇ ਬਾਗ਼ੀਆਂ ਦੇ ਇਰਾਦੇ ਨੂੰ ਸਾਫ਼ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਦਾਲਤ ਤੈਅ ਕਰੇਗੀ ਕਿ “ਅਸਲੀ ਤ੍ਰਿਣਮੂਲਾ“ ਕਿਹੜੀ ਹੈ।
ਸਪੀਕਰ ਨੂੰ ਮਿਲ ਕੇ ਐੱਨਸੀਪੀ ਵਿਚ ਸ਼ਾਮਲ ਹੋਣ ਦੇ ਕਾਗ਼ਜ਼ ਸੌਂਪਣ ਤੋਂ ਪਹਿਲਾਂ, ਟੀਐੱਮਸੀ ਦੇ ਬਾਗ਼ੀ ਮੈਂਬਰਾਂ ਦਾ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਭੁਪਿੰਦਰ ਯਾਦਵ ਦੇ ਘਰ ਲੰਬੀਆਂ ਬੈਠਕਾਂ ਦਾ ਦੌਰ ਚੱਲਿਆ। ਇਸ ਵਿਚ ਸਿਆਸੀ ਅਤੇ ਕਾਨੂੰਨੀ ਪੱਖਾਂ ‘ਤੇ ਸਲਾਹ-ਮਸ਼ਵਰਾ ਕੀਤਾ ਗਿਆ ਅਤੇ ਇਸ ਤੋਂ ਬਾਅਦ ਸ਼ਾਮ ਨੂੰ ਬਿਰਲਾ ਦੀ ਰਿਹਾਇਸ਼ ‘ਤੇ ਜਾ ਕੇ ਬਾਗ਼ੀ ਮੈਂਬਰਾਂ ਨੇ ਤ੍ਰਿਣਮੂਲ ‘ਚ ਟੁੱਟ ਨੂੰ ਅੰਜਾਮ ਤੱਕ ਪਹੁੰਚਾਇਆ।
