ਮੇਰੇ ਆਪਣੇ: ਬਾਬੇ ਧੰਨੂ ਦਾ ਅੱਡਾ

ਡਾ. ਗੁਰਬਖ਼ਸ਼ ਸਿੰਘ ਭੰਡਾਲ
ਆਦਿਕਾ
ਪੰਜਾਬ, ਪਿੰਡਾਂ ਵਿਚ ਵੱਸਦਾ ਤੇ ਪਿੰਡਾਂ ਵਿਚ ਰੱਬ ਵੱਸਦਾ ਕਿਉਂਕਿ ਪਿੰਡਾਂ ਵਿਚ ਹੀ ਵੱਸਦੇ ਸਨ ਰੱਬ ਵਰਗੇ ਫਰਿਸ਼ਤਾ ਲੋਕ। ਪਿੰਡ ਦੇ ਸਮਾਜਿਕ ਰੰਗਾਂ ਦੀ ਖੂਬਸੂਰਤੀ ਵਿਚ ਵੱਖ-ਵੱਖ ਕਿੱਤਿਆਂ, ਜਾਤਾਂ ਤੇ ਧਰਮਾਂ ਦੇ ਲੋਕਾਂ ਦਾ ਆਪਸੀ ਸਹਿਚਾਰ, ਭਾਈਚਾਰਕ ਸਾਂਝ, ਇਕ ਦੂਜੇ ਦੇ ਕੰਮ ਆਉਣ ਦਾ ਜਜ਼ਬਾ, ਲੋੜਾਂ ਤੇ ਥੋੜ੍ਹਾਂ ਨੂੰ ਸਮਝਣ ਅਤੇ ਪੂਰਾ ਕਰਨ ਦੀ ਤਤਪਰਤਾ ਆਦਿ ਸਭ ਸ਼ਾਮਲ ਹੁੰਦਾ ਸੀ।

ਪੇਂਡੂਆਂ ਦੇ ਮਨਾਂ ਦੀ ਪਾਕੀਜ਼ਗੀ ਤੇ ਸਾਦਗੀ ਦੀ ਸੰਗਤ ਵਿਚ ਮੌਲਦੀਆਂ ਨਸਲਾਂ ਨੇ ਆਪਣੇ ਪੁਰਖਿਆਂ ਦੀਆਂ ਸੁਮੱਤਾਂ ਅਤੇ ਸਮਝੌਤਿਆਂ ਵਿਚੋਂ ਆਪਣੀ ਸੁਪਨਸਾਜ਼ੀ ਨੂੰ ਪ੍ਰਵਾਜ਼ ਦਿੱਤੀ। ਕੁਝ ਲੋਕ ਆਮ ਹੁੰਦਿਆਂ ਵੀ ਖਾਸਮ-ਖਾਸ ਹੋਏ ਮੇਰੇ ਚੇਤਿਆਂ ਵਿਚ ਵੱਸਦੇ ਨੇ ਜਿਨ੍ਹਾਂ ਦਾ ਸ਼ਾਬਦਿਕ ਚਿੱਤਰ ਪੰਜਾਬੀ ਪਿਆਰਿਆਂ ਲਈ ਹਾਜ਼ਰ ਹੈ। ਸ਼ਾਇਦ ਇਹ ਲੋਕ ਸਾਡੇ ਸਾਰਿਆਂ ਦੇ ਹੀ ਚੇਤਿਆਂ ਵਿਚ ਵੱਸਦੇ ਹਨ ਕਿਉਂਕਿ ਇਹ ਸਾਡੇ ਆਪਣੇ ਲੋਕ ਸਨ। ਤੁਸੀਂ ਇਨ੍ਹਾਂ ਰਾਹੀਂ ਆਪਣੇ ਵਿਰਸੇ ਨੂੰ ਜ਼ਰੂਰ ਯਾਦ ਕਰਨਾ। ਇਹੀ ਉਨ੍ਹਾਂ ਨੂੰ ਸਭ ਤੋਂ ਵੱਡੀ ਅਕੀਦਤ ਹੋਵੇਗੀ।

ਪਿੰਡ ਦੇ ਕੇਂਦਰ ਵਿਚ ਉੱਚਾ ਥੜ੍ਹਾ। ਗਲੀ ਵਾਲੇ ਪਾਸੇ ਖੁੱਲ੍ਹਦਾ ਇਕਹਿਰਾ ਕਮਰਾ। ਨਿੱਕਾ ਜਿਹਾ ਲੱਕੜ ਦਾ ਦਰਵਾਜ਼ਾ। ਦਿਨ ਵੇਲੇ ਇਹ ਦਰਵਾਜ਼ਾ ਮਰਜ਼ੀ ਨਾਲ ਖੁੱਲ੍ਹਦਾ। ਕੋਈ ਨਿਸ਼ਚਿਤ ਸਮਾਂ ਨਹੀਂ ਸੀ ਹੁੰਦਾ ਇਸਦੇ ਖੁੱਲ੍ਹਣ ਅਤੇ ਬੰਦ ਹੋਣ ਦਾ। ਗਲੀ ਵੱਲ ਦਾ ਕਮਰਾ ਦਰਅਸਲ ਬਾਬੇ ਧੰਨੂ ਦਾ ਜੁੱਤੀਆਂ ਗੰਢਣ ਵਾਲਾ ਅੱਡਾ। ਇਸਦੇ ਪਿਛਵਾੜੇ ਵਿਚ ਵਸਦਾ-ਰਸਦਾ ਸੀ ਉਸਦਾ ਪਰਿਵਾਰ। ਇਥੇ ਬਹਿ ਕੇ ਉਹ ਟੁੱਟੀਆਂ ਜੁੱਤੀਆਂ ਗੰਢਦਾ, ਨਵੀਆਂ ਜੁੱਤੀਆਂ ਤਿਆਰ ਕਰਦਾ, ਇਕ ਪਾਸੇ ਬਣਾਉਣ ਵਾਲੀਆਂ ਜੁੱਤੀਆਂ ਦੇ ਮੇਚ ਲੈ ਕੇ ਰੱਖੇ ਹੋਏ। ਕਿਸੇ ਦਾ ਪਤਾਵਾ ਪਾਉਣਾ, ਕਿਸੇ ਨੂੰ ਗੰਢਣਾ ਅਤੇ ਕਿਸੇ ਦੀ ਉਖੜੀ ਅੱਡੀ ਨੂੰ ਠੀਕ ਕਰਨਾ ਆਦਿ। ਪੱਤੀ ਦੇ ਸਾਰੇ ਸੇਪੀ ਵਾਲੇ ਘਰ ਉਸਦੇ ਗਾਹਕ। ਉਹ ਮਨਮਰਜ਼ੀ ਦਾ ਮਾਲਕ। ਅੱਡੇ ‘ਤੇ ਬੈਠਦੇ ਸਾਰ ਹੁੱਕੇ ਵਿਚ ਚਿਲਮ ਪਾਉਂਦਾ, ਪਾਣੀ ਭਰਦਾ ਅਤੇ ਹੁੱਕੇ ਦੀ ਗੁੜ-ਗੁੜ ਦੀ ਮਸਤੀ ਵਿਚ ਉਹ ਆਪਣੇ ਕੰਮ ਕਰਦਿਆਂ, ਹਮੇਸ਼ਾ ਨੀਵੀਂ ਪਾਈ ਰੱਖਦਾ। ਉਹ ਕਦੇ-ਕਦੇ ਸ਼ੇਵ ਕਰਦਾ ਪਰ ਉਸਦੀਆਂ ਮੁੱਛਾਂ ਵਿਚਲਾ ਤਾਅ ਹਮੇਸ਼ਾ ਭਲਵਾਨੀ ਦਿੱਖ ਦਾ ਭਰਮ ਪਾਉਂਦਾ। ਸਿਰ ‘ਤੇ ਵਲੇਵੇਂ ਮਾਰ ਕੇ ਬੱਝੀ ਘਸਮੈਲੀ ਜਿਹੀ ਪੱਗ ਦਾ ਲੰਮਾ ਲੜ ਉਸਦੇ ਢਿੱਡ ਤੱਕ ਪਹੁੰਚਦਾ। ਇਸਨੂੰ ਬਹੁਤ-ਭਾਂਤੀ ਵਰਤਦਾ। ਇਹੀ ਲੜ ਉਸਦਾ ਤੌਲੀਆ ਵੀ ਹੁੰਦਾ ਮੂੰਹ ਸਾਫ਼ ਕਰਨ ਜਾਂ ਮੁੜ੍ਹਕਾ ਪੂੰਝਣ ਲਈ।
ਉਸਦੀ ਬੋਲ-ਬਾਣੀ ਬਹੁਤ ਕੁਰੱਖ਼ਤ। ਕਦੇ ਵੀ ਸਿੱਧੇ ਮੂੰਹ ਨਾ ਬੋਲਦਾ। ਪਰ ਉਹ ਗੁਣੀ ਬਹੁਤ ਸੀ। ਕਦੇ ਵੀ ਕਿਸੇ ਬੱਚੇ ਨੇ ਜੁੱਤੀ ਗੰਢਾਉਣ ਜਾਣਾ ਤਾਂ ਸਭ ਤੋਂ ਪਹਿਲਾਂ ਉਸਦਾ ਰੁੱਖਾ ਜਿਹਾ ਬੋਲ ਹੁੰਦਾ ਕਿ ਇਥੇ ਰੱਖ ਦੇ। ਤੇ ਜੇ ਕਦੇ ਪੁੱਛ ਲੈਣਾ ਕਿ ਕਦੋਂ ਲੈਣ ਆਵਾਂ, ਤਾਂ ਕਹਿਣਾ, ਆ ਜਾਵੀਂ। ਜੇ ਠੀਕ ਹੋ ਗਈ ਤਾਂ ਲੈ ਜਾਵੀਂ ਨਹੀਂ ਤਾਂ ਫੇਰ ਆ ਜਾਵੀਂ। ਕਿੰਨੀ ਕੁ ਦੂਰ ਆ ਤੇਰਾ ਘਰ? ਗੇੜਾ ਮਾਰਦਾ ਰਹੀਂ। ਕਈ ਗੇੜਿਆਂ ਤੋਂ ਬਾਅਦ ਜੁੱਤੀ ਗੰਢੀ ਜਾਂਦੀ ਪਰ ਮੁਰੰਮਤ ਹੁੰਦੀ ਸਿੱਕੇਬੰਦ।
ਉਸਦੇ ਹੱਥਾਂ ਵਿਚ ਹੁਨਰ ਸੀ। ਪੈਰਾਂ ਦਾ ਮੇਚ ਲੈ ਕੇ ਬੱਚਿਆਂ ਦੇ ਮੌਜੇ ਬਣਾਉਣ ਦੀ ਉਸਨੂੰ ਬਹੁਤ ਮੁਹਾਰਤ ਸੀ ਅਤੇ ਮੌਜੇ ਟੁੱਟਦਿਆਂ ਵੀ ਨਹੀਂ ਸੀ ਟੁੱਟਦੇ। ਉਹ ਵੱਡਿਆਂ ਦੀਆਂ ਜੁੱਤੀਆਂ ਵੀ ਬਣਾਉਂਦਾ ਪਰ ਸਾਈ ਲੈ ਕੇ ਕਈ ਮਹੀਨੇ ਲਾ ਦਿੰਦਾ। ਪਰ ਪੱਤੀ ਦੇ ਹਰ ਵਿਅਕਤੀ ਦੀ ਪਹਿਲੀ ਪਸੰਦ ਹੁੰਦੀ ਕਿ ਜੁੱਤੀ ਉਸ ਕੋਲੋਂ ਹੀ ਬਣਵਾਈ ਜਾਵੇ, ਕਿਉਂਕਿ ਉਸਦੀ ਬਣਾਈ ਜੁੱਤੀ ਕਈ ਰੁੱਤਾਂ ਹੰਢਾ ਕੇ ਵੀ ਨਹੀਂ ਸੀ ਟੁੱਟਦੀ। ਦਰਅਸਲ ਉਨ੍ਹਾਂ ਸਮਿਆਂ ਵਿਚ ਜੁੱਤੀਆਂ ਬਜ਼ਾਰੋਂ ਕੌਣ ਲੈਣ ਜਾਂਦਾ ਸੀ? ਸਾਰੇ ਜੀਅ ਹੀ ਪਿੰਡ ਦੇ ਮੋਚੀ ਦੀਆਂ ਬਣਾਈਆਂ ਹੋਈਆਂ ਜੁੱਤੀਆਂ ਹੀ ਪਾਉਂਦੇ। ਵੈਸੇ ਵੀ ਉਨ੍ਹਾਂ ਸਮਿਆਂ ਵਿਚ ਪੈਰੀਂ ਜੁੱਤੀ ਪਾਉਣ ਦਾ ਰਿਵਾਜ਼ ਬਹੁਤ ਘੱਟ ਸੀ। ਸਾਰਾ ਦਿਨ ਹੀ ਨੰਗੇ ਪੈਰੀਂ ਰਹਿਣਾ ਭਾਵੇਂ ਖੇਤੀਂ ਕੰਮ ਕਰਨਾ ਹੋਵੇ, ਹਲ਼ ਵਾਹੁਣਾ ਹੋਵੇ, ਪੱਠੇ ਵੱਢਣੇ ਹੋਣ, ਗੋਡੀ ਕਰਨੀ ਹੋਵੇ ਜਾਂ ਖੂਹ ‘ਤੇ ਜਾਣਾ ਹੋਵੇ ਆਦਿ। ਬਹੁਤੀ ਵਾਰ ਤਾਂ ਬੱਚੇ ਸਕੂਲੇ ਵੀ ਨੰਗੇ ਪੈਰੀਂ ਹੀ ਜਾਂਦੇ ਸਨ। ਜੁੱਤੀ ਤਾਂ ਖਾਸ ਮੌਕਿਆਂ ਜਿਵੇਂ ਵਾਂਢੇ ਜਾਣ, ਮੇਲੇ ਜਾਂ ਮੱਸਿਆ ਜਾਣ ਲਈ ਹੁੰਦੀ। ਪਰ ਜੁੱਤੀ ਸਿਰਫ਼ ਨੇੜੇ ਜਾ ਕੇ ਹੀ ਪਾਈ ਜਾਂਦੀ ਕਿਉਂਕਿ ਇਹ ਫ਼ਿਕਰ ਹੁੰਦਾ ਕਿ ਜੁੱਤੀ ਮੈਲੀ ਨਾ ਹੋ ਜਾਵੇ। ਵੈਸੇ ਵੀ ਕਦੇ-ਕਦਾਈਂ ਜੁੱਤੀ ਪਾਉਣ ਨਾਲ ਪੈਰਾਂ ਵਿਚ ਛਾਲੇ ਹੋਣ ਦਾ ਡਰ ਵੀ ਬਣਿਆ ਰਹਿੰਦਾ ਸੀ। ਵੈਸੇ ਉਨ੍ਹਾਂ ਸਮਿਆਂ ਵਿਚ ਮੰਗਵੀਂ ਜੁੱਤੀ, ਖੁੱਸਾ, ਚਿੱਟਾ ਚਾਦਰਾ, ਕੁੜਤਾ ਆਦਿ ਮੰਗ ਕੇ ਵਿਆਹਾਂ ‘ਤੇ ਜਾਣ ਦਾ ਰਿਵਾਜ਼ ਆਮ ਸੀ।
ਬਾਬਾ ਧੰਨੂ ਬਹੁ-ਪੱਖੀ ਸ਼ਖਸ ਸੀ। ਸਾਡੀ ਪੱਤੀ ਦੇ ਹਰ ਘਰ ਵਿਚ ਹੋਣ ਵਾਲੇ ਕਿਸੇ ਵੀ ਸਮਾਗਮ, ਭੋਗ, ਮੰਗਣੀ, ਮਰਗ ਆਦਿ ‘ਤੇ ਉਸ ਨੂੰ ਸਭ ਤੋਂ ਪਹਿਲਾਂ ਸੱਦਿਆ ਜਾਂਦਾ ਕਿਉਂਕਿ ਉਹ ਹਰ ਘਰ ਸੱਦਾ ਦੇਣ ਦਾ ਕਾਰਜ ਬਹੁਤ ਬਾਖੂਬੀ ਕਰਦਾ। ਹੱਥ ਵਿਚਲਾ ਅਣਘੜ ਡੰਡਾ ਖੜਕਾਉਂਦਾ ਅਤੇ ਠਿੱਬੀ ਜਹੀ ਜੁੱਤੀ ਨਾਲ ਇਕ ਵੱਖਰਾ ਹੀ ਰਾਗ ਪੈਦਾ ਕਰਦਾ, ਉਹ ਘਰ ਦਾ ਬੂਹਾ ਖੜਕਾਉਂਦਾ। ਖਾਸ ਸਮੇਂ ਅਤੇ ਵਿਸ਼ੇਸ਼ ਥਾਂ ‘ਤੇ ਆਉਣ ਲਈ ਸੱਦਾ ਦਿੰਦਾ। ਕਿਸੇ ਨੂੰ ਚੁੱਲ੍ਹੇ ਨਿਊਂਦ ਅਤੇ ਕਿਸੇ ਨੂੰ ਨਿਊਂਦਾ ਦਿੰਦਾ। ਉਸਨੂੰ ਸਭ ਪਤਾ ਹੁੰਦਾ ਕਿ ਸੱਦਾ ਭੇਜਣ ਵਾਲੇ ਪਰਿਵਾਰ ਦੀ ਕਿਸ ਪਰਿਵਾਰ ਨਾਲ ਕਿੰਨੀ ਕੁ ਨੇੜਤਾ ਹੈ? ਕਿਹੜੇ ਘਰ ਨੂੰ ਨਿਉਂਦਾ ਜਾਂ ਚੁੱਲ੍ਹੇ ਨਿਊਂਦ ਦੇਣੀ ਹੈ?
ਬਾਬਾ ਧੰਨੂ ਅਕਸਰ ਹੀ ਖੰਘਦਾ ਰਹਿੰਦਾ ਕਿਉਂਕਿ ਉਹ ਹੁੱਕਾ ਪੀਣ ਦਾ ਆਦੀ ਸੀ। ਪਰ ਜੇ ਕਿਧਰੇ ਸਿਗਰਟ ਜਾਂ ਬੀੜੀ ਮਿਲ ਜਾਂਦੀ ਤਾਂ ਉਸਦਾ ਵੀ ਸੂਟਾ ਲਾ ਲੈਂਦਾ। ਪਰ ਉਸਦੀ ਇਹ ਸੱਭ ਤੋਂ ਵੱਡੀ ਖੂਬਸੂਰਤ ਆਦਤ ਸੀ ਕਿ ਉਹ ਕਦੇ ਵੀ ਜੱਟਾਂ ਦੇ ਘਰ ਆ ਕੇ ਹੁੱਕਾ ਨਹੀਂ ਸੀ ਪੀਂਦਾ ਕਿਉਂਕਿ ਉਹ ਜਾਣਦਾ ਸੀ ਕਿ ਸਿੱਖ ਪਰਿਵਾਰ ਤੰਮਾਕੂ ਨੂੰ ਨਫ਼ਰਤ ਕਰਦੇ ਹਨ।
ਬਾਬਾ ਧੰਨੂ ਪੱਤੀ ਵਿਚਲੇ ਹਰ ਘਰ ਦਾ ਪਰਿਵਾਰਕ ਮੈਂਬਰ ਸੀ। ਬਿਨਾਂ ਕਿਸੇ ਉਚੇਚ ਤੋਂ ਉਹ ਕਿਸੇ ਵੀ ਘਰ ਦਾ ਬੂਹਾ ਖੜਕਾ ਦਿੰਦਾ, ਲੋੜ ਦੱਸਦਾ ਅਤੇ ਕੋਈ ਵੀ ਘਰ ਉਸਦੀ ਲੋੜ ਪੂਰਤੀ ਕਰਨ ਤੋਂ ਨਹੀਂ ਸੀ ਉਕਦਾ।
ਦਰਅਸਲ ਪਿੰਡ ਦੇ ਸਮਾਜ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਸੀ ਕਿ ਉਥੇ ਕਿਸੇ ਦੀ ਜਾਤ ਨਹੀਂ ਸੀ ਪਰਖੀ ਜਾਂਦੀ। ਭਾਵੇਂ ਬਾਬਾ ਧੰਨੂ ਕਿੱਤੇ ਵਜੋਂ ਮੋਚੀ ਸੀ। ਪਰ ਹਰ ਘਰ ਵਿਚ ਉਸਨੂੰ ਪੂਰਨ ਇੱਜ਼ਤ ਮਿਲਦੀ ਸੀ। ਪਿੰਡ ਵਿਚ ਸਾਰੇ ਲਾਗੀ ਹੀ ਸਮਾਜਿਕ ਅਤੇ ਪਰਿਵਾਰਕ ਸਮਾਗਮਾਂ ਦਾ ਸਭ ਤੋਂ ਅਹਿਮ ਹਿੱਸਾ ਮੰਨੇ ਜਾਂਦੇ ਸਨ ਕਿਉਂਕਿ ਹਰ ਸਮਾਗਮ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਪੂਰਨ ਹੁੰਦਾ ਸੀ। ਹਰ ਜਾਤ ਅਤੇ ਕਿੱਤੇ ਨਾਲ ਸਬੰਧਤ ਵਿਅਕਤੀ ਆਪਣਾ ਯੋਗਦਾਨ ਪਾਉਂਦਾ ਤਾਂ ਕਿ ਕਿਸੇ ਕਿਸਮ ਦੀ ਘਾਟ ਜਾਂ ਕੁਤਾਹੀ ਮਹਿਮਾਨਾਂ ਦੇ ਸਾਹਮਣੇ ਨਾ ਹੋਵੇ। ਸਬੰਧਤ ਘਰ ਦੀ ਇਜ਼ਤ ਅਤੇ ਸ਼ਾਨ ਦਾ ਖਾਸ ਖ਼ਿਆਲ ਰੱਖਿਆ ਜਾਂਦਾ ਸੀ।
ਬਾਬਾ ਧੰਨੂ ਦੀ ਇਹ ਵੀ ਖ਼ਾਸੀਅਤ ਸੀ ਕਿ ਉਸਦਾ ਬੱਚਿਆਂ ਨਾਲ ਬਹੁਤ ਵਾਹ ਪੈਂਦਾ ਸੀ। ਹਰ ਕਿਸਮ ਦੇ ਸੁੱਖ-ਸੁਨੇਹੇ ਦੇਣ ਲਈ ਹਰ ਘਰ ਵਿਚ ਗਾਹੇ-ਬਗਾਹੇ ਉਸਦਾ ਆਣਾ-ਜਾਣਾ ਬਣਿਆ ਰਹਿੰਦਾ ਸੀ। ਇਸ ਲਈ ਜਵਾਨ ਹੋ ਰਹੇ ਬੱਚੇ ਇਸ ਗੱਲ ਦਾ ਖਾਸ ਧਿਆਨ ਰੱਖਦੇ ਕਿ ਉਨ੍ਹਾਂ ਕੋਲੋਂ ਕੋਈ ਗਲਤੀ ਨਾ ਹੋ ਜਾਵੇ ਕਿਉਂਕਿ ਬਾਬਾ ਧੰਨੂ ਦੀ ਬਾਜ ਅੱਖ ਜਵਾਨ ਹੋ ਰਹੇ ਬੱਚਿਆਂ ਨੂੰ ਵਾਚਣ ਵਿਚ ਬੜੀ ਮਾਹਿਰ ਸੀ। ਉਹ ਕਿਸੇ ਵੀ ਬੱਚੇ ਦੀ ਗਲਤੀ ਬਾਰੇ ਉਸਦੇ ਮਾਪਿਆਂ ਨੂੰ ਦੱਸਣ ਲੱਗਿਆਂ ਜ਼ਰਾ ਵੀ ਡਰਦਾ ਜਾਂ ਹਿਚਕਾਉਂਦਾ ਨਹੀਂ ਸੀ। ਉਸਦੀ ਸਲਾਹ ਨੂੰ ਹਰ ਕੋਈ ਅਹਿਮੀਅਤ ਦਿੰਦਾ। ਇਸਦੀ ਬਦੌਲਤ ਉਨ੍ਹਾਂ ਸਮਿਆਂ ਵਿਚ ਪ੍ਰਵਾਨ ਚੜ੍ਹੀ ਨੌਜਵਾਨ ਪੀੜ੍ਹੀ ਨੇ ਸਾਬਤ ਕਦਮੀਂ ਆਪਣੀਆਂ ਜੀਵਨ-ਰਾਹਾਂ ਨੂੰ ਬਾਖੂਬੀ ਸਿਰਜਿਆ ਅਤੇ ਆਪਣੀ ਪਛਾਣ ਬਣਾਈ।
ਬਾਬਾ ਧੰਨੂ ਦੀ ਸ਼ਖਸੀਅਤ ਦਾ ਇਹ ਕੇਹਾ ਆਲਮ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰ ਗਾਹੁੰਦਿਆਂ, ਦੇਸ਼-ਵਿਦੇਸ਼ਾਂ ਵਿਚ ਘੁੰਮਦਿਆਂ ਅਤੇ ਜੀਵਨ ਦੇ ਰੁਝੇਵਿਆਂ ਦੇ ਬਾਵਜੂਦ ਵੀ ਮੈਨੂੰ ਉਸਦੀ ਯਾਦ ਕਦੇ ਕਦਾਈਂ ਜੁੱਤੀ ਪਾਉਣ ਵੇਲੇ ਆ ਜਾਂਦੀ। ਅਧੁਨਿਕਤਾ ਦੇ ਦੌਰ ਵਿਚ ਕੌਣ ਹੁਣ ਪਿੰਡ ਦੇ ਮੋਚੀ ਕੋਲੋਂ ਜੁੱਤੀਆਂ ਗੰਢਾਉਂਦਾ ਅਤੇ ਕਿਹੜਾ ਮੇਚ ਦੇ ਕੇ ਸਾਈ ‘ਤੇ ਜੁੱਤੀਆਂ ਬਣਵਾਉਂਦਾ? ਉਸਦਾ ਪੁੱਤ ਜੀਤ ਸਿੰਘ ਉਰਫ਼ ਜੀਤੂ ਕੁਝ ਸਮਾਂ ਤੱਕ ਪਿੰਡ ਦੇ ਬੱਸ ਅੱਡੇ ‘ਤੇ ਜੁੱਤੀਆਂ ਗੰਢਦਾ ਰਿਹਾ। ਪਰ ਹੁਣ ਉਸਨੇ ਵੀ ਇਹ ਕੰਮ ਛੱਡ ਦਿਤਾ ਹੈ। ਉਸਦੀ ਔਲਾਦ ਹੋਰ ਕਿੱਤਿਆਂ ਵਿਚ ਰੁੱਝੀ ਆਪਣੇ ਜੀਵਨ ਨੂੰ ਆਪਣੇ ਰੰਗ-ਢੰਗ ਨਾਲ ਬਿਤਾ ਰਹੀ ਹੈ।
ਅਜੋਕੇ ਦੌਰ ਵਿਚ ਅਸੀਂ ਕੇਹੀ ਭਟਕਣ ਦਾ ਸ਼ਿਕਾਰ ਹੋ, ਪਿੰਡ ਦੇ ਅਜੇਹੇ ਸੱਚੇ-ਸੁੱਚੇ ਕਿਰਤੀਆਂ ਤੋਂ ਹੀ ਬੇਮੁੱਖ ਹੋ ਗਏ, ਜੋ ਜਿਮੀਂਦਾਰਾਂ ਦੇ ਸਹਿਯੋਗੀ ਹੁੰਦੇ ਸਨ ਅਤੇ ਉਨ੍ਹਾਂ ਦੇ ਹਰ ਦੁੱਖ-ਸੁੱਖ ਦੇ ਭਾਈਵਾਲ। ਇਕ ਦੂਜੇ ਦੀਆਂ ਲੋੜਾਂ ਦੀ ਪੂਰਤੀ ਦਾ ਅਹਿਸਾਸ ਵੀ ਹੁੰਦਾ ਸੀ। ਹਰ ਵਿਅਅਤੀ ਮਾਣਮੱਤੇ ਸਮਾਜ ਦਾ ਸਭ ਤੋਂ ਮਾਣਮੱਤਾ ਅਤੇ ਅਹਿਮ ਅੰਗ ਹੁੰਦਾ ਸੀ। ਸਰਬ ਭਾਈਵਾਲਤਾ ਪਿੰਡ ਦੀ ਸਭ ਤੋਂ ਵਧੀਆ ਤਹਿਜ਼ੀਬ ਹੁੰਦੀ ਸੀ। ਇਹ ਤਹਿਜ਼ੀਬ ਰੁੱਸ ਗਈ ਹੈ। ਹੁਣ ਹਰ ਪਰਿਵਾਰ ਆਪਣੇ ਆਪ ਵਿਚ ਸੁੰਗੜਿਆ ਆਪਣੀਆਂ ਤਰਜੀਹਾਂ ਮਿਥਦਾ, ਦੂਸਰੇ ਦੀ ਅਵੱਗਿਆ ਅਤੇ ਅਣਦੇਖੀ ਵਿਚੋਂ ਹੀ ਆਪਣਾ ਮੁਫ਼ਾਦ ਭਾਲਦਾ।
ਹੁਣ ਅਸੀਂ ਬਰਾਂਡਡ ਮਹਿੰਗੀਆਂ ਜੁੱਤੀਆਂ ਖਰੀਦਦੇ ਹਾਂ ਅਤੇ ਆਪਣੇ ਆਪ ਨੂੰ ਵੱਡੇ ਰੁਤਬੇ ਦਾ ਮਾਲਕ ਕਹਿਲਾਉਂਦੇ ਹਾਂ। ਪਰ ਬਾਬਾ ਧੰਨੂ ਦੇ ਬਣਾਏ ਮੌਜਿਆਂ ਨੂੰ ਪਾ ਕੇ ਵਾਂਢੇ ਜਾਂ ਕਿਸੇ ਮੱਸਿਆ/ਮੇਲੇ ‘ਤੇ ਜਾਣ ਵੇਲੇ ਵੱਖਰੀ ਹੀ ਟੌਹਰ ਹੁੰਦੀ ਸੀ। ਨੰਗੇ ਪੈਰੀਂ ਰਹਿਣ ਕਾਰਨ ਮੌਜੇ ਦਾ ਚਮੜਾ ਸਖ਼ਤ ਹੋ ਜਾਂਦਾ ਸੀ। ਇਸ ਲਈ ਪੈਰੀਂ ਪਾਉਣ ਤੋਂ ਪਹਿਲਾਂ ਇਸਨੂੰ ਸਰ੍ਹੋਂ ਦਾ ਤੇਲ ਲਾ ਕੇ ਇਕ ਦਿਨ ਪਹਿਲਾਂ ਹੀ ਨਰਮ ਕਰ ਲਈਦਾ ਸੀ। ਨਵੇਂ ਮੌਜੇ ਤਾਂ ਕਦੇ ਕਦਾਈਂ ਖਾਸ ਮੌਕਿਆਂ ‘ਤੇ ਪਾਈਦੇ ਸਨ। ਇਨ੍ਹਾਂ ਮੌਜਿਆਂ ਵਿਚ ਬਾਬਾ ਧੰਨੂ ਦੇ ਹੱਥਾਂ ਦੀ ਛੋਹ, ਉਸਦੀ ਕਾਰੀਗਰੀ ਦਾ ਕਮਾਲ, ਮੌਜੇ ਦੀ ਬਣਤਰ ਅਤੇ ਤਿਆਰੀ ਵਿਚ ਸੁੱਚੀਆਂ ਭਾਵਨਾਵਾਂ ਦੇ ਅਹਿਸਾਸ ਬਰਾਂਡਡ ਜੁੱਤੀਆਂ ਵਿਚ ਕਿਥੋਂ ਮਿਲਦੇ ਹਨ?
ਬਾਬਾ ਧੰਨੂ ਵਰਗੇ ਫੱਕਰ/ਮਲੰਗ ਲੋਕ ਆਪਣੇ ਰੰਗ ਵਿਚ ਆਪਣਾ ਜੀਵਨ ਜਿਊਣ ਵਾਲੇ, ਬਾਹਰੋਂ ਕੁਰੱਖਤ ਹੁੰਦਿਆਂ ਵੀ ਅੰਦਰੋਂ ਮਲਾਈ ਵਰਗੀ ਨਰਮੀ ਰੱਖਣ ਵਾਲੇ ਅਤੇ ਹਰ ਬੱਚੇ ਦੇ ਸਿਰ ‘ਤੇ ਅਛੋਪਲੇ ਜਿਹੇ ਅਸੀਸ ਭਰਿਆ ਹੱਥ ਰੱਖਣ ਵਾਲੇ ਲੋਕ ਜਦ ਗੁੰਮ ਹੋ ਜਾਂਦੇ ਤਾਂ ਬੱਚਿਆਂ ਨੂੰ ਮਿਲਣ ਵਾਲੀਆਂ ਦੁਆਵਾਂ ਵੀ ਰੁੱਸ ਜਾਂਦੀਆਂ। ਸ਼ਾਇਦ ਇਹ ਰੁੱਸੀਆਂ ਹੋਈਆਂ ਦੁਆਵਾਂ ਅਤੇ ਅਸੀਸਾਂ ਦਾ ਅਸਰ ਹੀ ਹੈ ਕਿ ਅੱਜ-ਕੱਲ੍ਹ ਪਿੰਡਾਂ ਵਿਚਲੀ ਨੌਜਵਾਨ ਪੀੜ੍ਹੀ ਆਪਣੇ ਅਕੀਦਿਆਂ ਤੋਂ ਥਿੜਕੀ, ਟੀਚਿਆਂ ਤੋਂ ਭਟਕੀ, ਆਪਣੇ ਸੁਪਨਿਆਂ ਨੂੰ ਸੂਲੀ ‘ਤੇ ਟੰਗ, ਨਸ਼ਿਆਂ ਵਿਚ ਅਜੇਹੀ ਗਲਤਾਨ ਹੋ ਗਈ ਕਿ ਪਿੰਡਾਂ ਵਿਚੋਂ ਜਵਾਨੀ ਵੀ ਰੁੱਸ ਗਈ। ਪੜਾਕੂਆਂ ਦੇ ਘਰ ਵੀ ਪਰਵਾਸ ਕਰ ਗਏ। ਅੱਧੀ-ਅੱਧੀ ਰਾਤ ਤੱਕ ਪਿੰਡ ਦੀ ਫਿਰਨੀ ਵਿਚ ਖੇਡਣ ਵਾਲੇ ਜੁਆਕ ਹੁਣ ਨਸ਼ਿਆਂ ਦੀ ਦਲਦਲ ਵਿਚ ਗਵਾਚੇ ਰਾਤ ਦਾ ਹਨੇਰਾ ਹੀ ਬਣ ਗਏ।
ਕਾਸ਼! ਬਾਬਾ ਧੰਨੂ ਵਰਗੇ ਲੋਕ ਅਚੇਤ ਰੂਪ ਵਿਚ ਬੱਚਿਆਂ ਦੀ ਪਾਕ ਮਾਨਸਿਕਤਾ ਵਿਚ ਸੁਮੱਤਾਂ ਧਰਨ। ਹਰ ਘਰ ਦੀਆਂ ਸੁੱਖਾਂ ਮੰਗਣ ਵਾਲੀ ਪਿੰਡ ਦੀ ਵਿਰਾਸਤ ਤੋਂ ਜੇਕਰ ਨੌਜਵਾਨ ਪੀੜ੍ਹੀ ਕੋਈ ਸੇਧ ਲੈ ਲਵੇ ਤਾਂ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਇਹ ਨਿੱਕੇ-ਨਿੱਕੇ ਜਿਹੇ ਆਖੇ ਜਾਣ ਵਾਲੇ ਲੋਕਾਂ ਦੀਆਂ ਬਹੁਤ ਵੱਡੀਆਂ ਦੇਣਾਂ ਸਨ- ਸਮਾਜ ਅਤੇ ਪਰਿਵਾਰ ਨੂੰ। ਤਾਂ ਹੀ ਉਨ੍ਹਾਂ ਸਮਿਆਂ ਵਿਚ ਹਰ ਪਰਿਵਾਰ ਦੇ ਬੱਚਿਆਂ ਨੇ ਆਪਣੇ ਹਿੱਸੇ ਦਾ ਅੰਬਰ ਅਤੇ ਧਰਤ ਨੂੰ ਤਲਾਸ਼ਣ ਵਿਚ ਕੋਈ ਕਸਰ ਨਹੀਂ ਛੱਡੀ।
ਬਾਬਾ ਧੰਨੂ ਵਰਗੇ ਕਿਰਤੀਆਂ ਨੂੰ ਤਹਿ ਦਿਲ ਤੋਂ ਸਲਾਮ ਕਿ ਉਹ ਹੁਣ ਤੀਕ ਵੀ ਉਨ੍ਹਾਂ ਲੋਕਾਂ ਦੇ ਚੇਤਿਆਂ ਵਿਚ ਵੱਸਦੇ ਨੇ, ਜਿਨ੍ਹਾਂ ਨੇ ਕਈ ਦਹਾਕੇ ਪਹਿਲਾਂ ਪਿੰਡ ਤੋਂ ਉਡਾਰੀ ਮਾਰ ਲਈ ਸੀ। ਅਜੇਹੇ ਅਣਗੌਲੇ ਲੋਕ ਹੀ ਦਰਅਸਲ ਪਿੰਡ ਦਾ ਮਾਣਮੱਤਾ ਸਿਰਨਾਵਾਂ ਸਨ ਜਿਨ੍ਹਾਂ ਨੂੰ ਯਾਦ ਕਰਨਾ ਸਾਡੀ ਤਹਿਰੀਕ ਸਾਨੂੰ ਸਮਝਾਉਂਦੀ ਹੈ।
ਬਾਬਾ ਧੰਨੂ ਦਾ ਪਰਿਵਾਰ ਭਾਵੇਂ ਕਿੰਨੀ ਵੀ ਤਰੱਕੀ ਕਰ ਲਵੇ ਪਰ ਉਸਦੀ ਵਿਰਾਸਤ ਤੱਕ ਪਹੁੰਚਣਾ ਅਸਾਨ ਨਹੀਂ।
ਬਾਬਾ ਧੰਨੂ ਤੇਰੀ ਕੀਰਤੀ ਨੂੰ ਰੂਹ ਤੋਂ ਸਲਾਮ।