ਸੁਰਜੀਤ ਹਾਂਸ ਦਾ ਪੰਜਾਬ ਤੇ ਉਸਦੇ ਵਾਰਿਸਾਂ ਦਾ ਮੈਲਬਰਨ (ਆਸਟਰੇਲੀਆ)

ਗੁਲਜ਼ਾਰ ਸਿੰਘ ਸੰਧੂ
ਜ਼ਿਲ੍ਹਾ ਲੁਦਿਹਾਣਾ ਦੇ ਪਿੰਡ ਸੁਜਾਨਪੁਰ ਦਾ ਜੰਮਪਲ ਅਤੇ ਅੰਮ੍ਰਿਤਸਰ ਤੋਂ ਦਿੱਲੀ ਤੱਕ ਦੇ ਕਾਲਜਾਂ ਵਿਚ ਇਤਿਹਾਸ ਤੇ ਅੰਗ੍ਰੇਜ਼ੀ ਪੜ੍ਹਾਉਣ ਵਾਲਾ ਸੁਰਜੀਤ ਹਾਂਸ ਮੇਰੇ ਬੁਧੀਜੀਵੀ ਮਿਤਰਾਂ ਦਾ ਸਿਰਤਾਜ ਸੀ| ਉਸਨੇ ਆਪਣੀ ਧੀ ਦਾ ਨਾਂ ਨਾਨਕੀ ਰੱਖਿਆ ਸੀ ਤੇ ਦੋਹਤੇ ਦਾ ਸੂਫੀ| ਉਸਦੀ ਵਿਦਿਆ ਤੇ ਦੂਰ-ਦ੍ਰਿਸ਼ਟੀ ਨੂੰ ਪੰਜਾਬੀ ਸਾਹਿਤ ਦਾ ਮਹਾਰਥੀ ਸੰਤ ਸਿੰਘ ਸੇਖੋਂ ਵੀ ਮੰਨਦਾ ਸੀ|

ਨਾਨਕੀ ਹਾਂਸ ‘ਅੰਗ੍ਰੇਜ਼ੀ ਟ੍ਰਿਬਿਊਨ’ ਦੇ ਸੰਪਾਦਕੀ ਅਮਲੇ ਵਿਚ ਕੰਮ ਕਰਕੇ ਸੇਵਾ ਮੁਕਤ ਹੋਈ ਹੈ ਤੇ ਸੂਫੀ 12 ਸਾਲ ਪਹਿਲਾਂ ਆਸਟਰੇਲੀਆ ਪੜ੍ਹਨ ਚਲਾ ਗਿਆ ਸੀ ਤੇ ਗਿੱਟਾ ਰੋਗਾਂ ਦਾ ਵਿਸ਼ੇਸ਼ਗ ਹੋ ਕੇ ਉੱਥੇ ਹੀ ਕੰਮ ਕਰ ਰਿਹਾ ਹੈ| ਕੰਮ ਕਰਦਿਆਂ ਉਸਦਾ ਮੇਲ ਸੈਲੀਨੀ ਨਾਂ ਦੀ ਇਕ ਮਹਿਲਾ ਨਾਲ ਹੋ ਗਿਆ ਜਿਹੜੀ ਬੈਂਕਰ ਹੈ| ਉਨ੍ਹਾਂ ਦਾ ਬੈਂਕ ਵੱਡੇ ਉਦਯੋਗਪਤੀਆਂ ਨੂੰ ਕਰਜ਼ੇ ਦਿੰਦਾ ਹੈ| ਉਂਝ ਉਸਦੇ ਮਾਪਿਆਂ ਦਾ ਫਾਰਮ ਹਾਊਸ ਬੱਲਾਰਾਬਟ ਵਿਖੇ ਹੈ ਜਿਹੜਾ ਮੈਲਬਰਨ ਤੋਂ 90 ਕਿਲੋਮੀਟਰ ਦੀ ਦੂਰੀ ਉੱਤੇ ਹੈ|
ਸੂਫੀ ਦੇ ਸਹੁਰਿਆਂ ਕੋਲ 1700 ਏਕੜ ਦੇ ਦੋ ਫਾਰਮ ਹਨ| ਦੋਵੇਂ ਬਰਾਬਰ ਦੇ ਰਕਬੇ ਵਿਚ ਹਨ| ਇੱਕ ਫਿਨਲੇ ਵਿਚ ਤੇ ਦੂਜਾ ਐਲਬਰੀ ਵਿਖੇ| ਉਹ ਇਕ ਵਿਚ ਕੇਵਲ ਵਾਹੀ ਖੇਤੀ ਕਰਦੇ ਹਨ ਤੇ ਦੂਜੇ ਵਿਚ ਖੇਤੀ ਤੋਂ ਬਿਨਾ 200 ਏਕੜ ਵਿਚ ਉਨ੍ਹਾਂ ਦੀ ਰਿਹਾਇਸ਼ ਹੈ, ਜਿਸਨੂੰ ਫਾਰਮ ਹਾਊਸ ਕਹਿੰਦੇ ਹਨ|
ਨਾਨਕੀ ਹਾਂਸ ਮਈ 2026 ਵਿਚ ਸੂਫੀ ਨੂੰ ਦੇਖਣ ਗਈ ਸਭ ਥਾਵਾਂ ਵੇਖ ਕੇ ਆਈ ਹੈ| ਆਪਣੇ ਭਾਰਤ ਵਿਚ ਤਾਂ ਆਪਾਂ 3400 ਏਕੜ ਦੀ ਮਾਲਕੀ ਵਾਲੇ ਜਟ ਜ਼ਿਮੀਂਦਾਰ ਹੋਣ ਦਾ ਸੁਪਨਾ ਹੀ ਲੈ ਸਕਦੇ ਹਾਂ|
ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਨਾਨਕੀ ਦੇ ਪਿਤਾ ਇੱਕ ਦਰਜਨ ਪੁਸਤਕਾਂ ਦਾ ਲੇਖਕ ਹੈ ਤਾਂ ਘਰ ਵਾਲੇ ਨਾਨਕੀ ਨੂੰ ਉਸ ਕਮਰੇ ਵਿਚ ਲੈ ਗਏ ਜਿਥੇ ਗੁੱਲੀਵਰ ਠਰਅਵੲਲਸ (ਗੁਲੀਵਰ ਦੇ ਸਫਰਨਾਮੇ) ਲਿਖਣ ਵਾਲੇ ਜਗਤ ਪ੍ਰਸਿੱਧ ਲੇਖਕ ਜੌਨਾਥਨ ਸਵਿਫਟ ਦੀ ਫਰੇਮ ਵਿਚ ਜੜੀ ਫੋਟੋ ਕੰਧ ਉੱਤੇ ਲਟਕ ਰਹੀ ਸੀ| ਉਨ੍ਹਾਂ ਦੱਸਿਆ ਜੌਨਾਥਨ ਸਵਿਫਟ ਉਨ੍ਹਾਂ ਦੀ ਇਕ ਚਾਚੀ ਦਾ ਵਡੇਰਾ ਸੀ| ਅਜਿਹੇ ਅਮਲ ਨੂੰ ਤਾਸ਼ ਖੇਡਣ ਵਾਲੇ ਰੰਗਾਂ ਦਾ ਪੱਤਾ ਚਲਣਾ ਕਹਿੰਦੇ ਹਨ|
ਸੈਲੀਨੀ ਆਪ ਤਾਂ ਵੱਡੇ ਕਾਰੋਬਾਰੀਆਂ ਨੂੰ ਕਰਜ਼ੇ ਦੇਣ ਵਾਲੇ ਬੈਂਕ ਨਾਲ ਸਬੰਧਤ ਹੈ ਪਰ ਉਸਦੀ ਮਾਂ ਜੌਨਾਥਨ ਸਵਿਫਟ ਦੀ ਪੜਪੋਤਰੀ ਹੈ| ਸੈਲੀਨੀ ਦੀ ਮਾਸੀ ਵਿਦਿਅਕ ਸੰਸਥਾਵਾਂ ਵਿਚ ਨਾਟਕਕਾਰੀ ਪੜ੍ਹਾਉਣ ਤੋਂ ਬਿਨਾ ਫਿਲਮਾਂ ਵਿਚ ਵੀ ਕੰਮ ਕਰਦੀ ਰਹੀ ਹੈ ਅਤੇ ਉਸ ਦਾ ਮਾਸੜ ਬੋਧੀ ਹੋ ਗਿਆ ਸੀ ਪਰ ਪਿਛੋਂ ਕਿਸੇ ਲਾਗ ਵਾਲੀ ਬਿਮਾਰੀ ਦਾ ਸ਼ਿਕਾਰ ਹੋ ਕੇ ਛੋਟੀ ਉਮਰੇ ਚੱਲ ਵੱਸਿਆ ਸੀ|
ਸੂਫੀ ਮੁਢਲੀ ਡਾਕਟਰੀ ਵਿਦਿਆ ਪੜ੍ਹਨ ਤੋਂ ਪਿੱਛੋਂ ਅੱਡੀ, ਗਿੱਟਾ ਤੇ ਪੈਰਾਂ ਦੇ ਰੋਗਾਂ ਦਾ ਮਾਹਿਰ ਬਣ ਚੁੱਕਿਆ ਹੈ| ਸੈਲੀਨੀ ਦੀ ਸਹੇਲੀ ਕਿਸੇ ਅਜਿਹੇ ਰੋਗੀ ਨੂੰ ਸੂਫੀ ਕੋਲ ਦਿਖਾਉਣ ਆਈ ਸੀ ਜਿੱਥੋਂ ਦੋਵਾਂ ਦੀ ਦੋਸਤੀ ਹੋ ਗਈ ਤੇ ਵਿਆਹ ਦੇ ਬੰਧਨ ਵਿਚ ਬੰਨ੍ਹੇ ਗਏ| ਆਸਟੇਰਲੀਆ ਨਾਲ ਮੇਰੀ ਵੀ ਸਾਂਝ ਹੈ| 1971 ਵਿਚ ਅੰਮ੍ਰਿਤਾ ਪ੍ਰੀਤਮ ਦੇ ਨਵੀਂ ਦਿੱਲੀ ਵਾਲੇ ਘਰ ਮੇਰੀ ਦੋਸਤੀ ਆਸਟਰੇਲੀਅਨ ਗਲਪਕਾਰ ਬੈਟੀ ਕਾਲਿਨਜ਼ ਨਾਲ ਹੋ ਗਈ ਜਿਹੜੀ ਚਾਰ ਦਹਾਕੇ ਪਹਿਲਾਂ ਬੈਟੀ ਦੇ ਅਕਾਲ ਚਲਾਣੇ ਤਕ ਰਹੀ|
ਮੈਂ ਉਸਨੂੰ ਆਪਣੀ ਕਾਰ ਵਿਚ ਬਿਠਾ ਕੇ ਦਿੱਲੀ ਤੇ ਨਵੀਂ ਦਿੱਲੀ ਦੀਆਂ ਇਤਿਹਾਸਕ ਇਮਾਰਤਾਂ ਵੀ ਦਿਖਾਈਆਂ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਂਦਾ ਆਪਣਾ ਜੱਦੀ ਪੁਸ਼ਤੀ ਪਿੰਡ ਤੇ ਸੰਤ ਸਿੰਘ ਸੇਖੋਂ ਦਾ ਦਾਖਾ ਵੀ ਦਿਖਾਇਆ| ਉਸਨੂੰ ਟਾਈਪ ਕਰਨਾ ਆਉਂਦਾ ਸੀ ਤੇ ਲੰਮੀਆਂ ਚਿੱਠੀਆਂ ਲਿਖਣ ਦਾ ਸ਼ੌਕ ਸੀ| ਉਸਨੂੰ ਭਾਰਤ ਦੀਆਂ ਇਤਿਹਾਸਕ ਥਾਵਾਂ ਏਨੀਆਂ ਪਸੰਦ ਸਨ ਕਿ ਕਿਸੇ ਨਾ ਕਿਸੇ ਬਹਾਨੇ ਏਥੇ ਆਉਂਦੀ ਰਹੀ ਹੈ| ਘੱਟੋ-ਘੱਟ ਤਿੰਨ ਵਾਰੀ|
ਇੱਕ ਵਾਰੀ ਜਦੋਂ ਉਹ ਸਿਡਨੀ ਤੋਂ ਮੈਲਬਰਨ ਜਾ ਰਹੀ ਸੀ ਤਾਂ ਟੈਕਸੀ ਇਹੋ ਜਿਹੀ ਥਾਂ ਖਰਾਬ ਹੋ ਗਈ ਜਿੱਥੋਂ ਉਪਰ-ਥੱਲੇ, ਸੱਜੇ-ਖੱਬੇ 50 ਕਿਲੋਮੀਟਰ ਤੱਕ ਕੋਈ ਵਸੋਂ ਨਹੀਂ ਸੀ| ਉਹ ਘਬਰਾ ਗਈ| ਫੇਰ ਹੀ ਡਰਾਈਵਰ ਨੇ ਉਸਨੂੰ ਆਕਾਸ਼ ਵਿਚ ਗੇੜੇ ਕਢਦਾ ਇੱਕ ਹੈਲੀਕਾਪਟਰ ਦਿਖਾ ਕੇ ਸ਼ਾਂਤ ਕਰ ਦਿੱਤਾ ਜਿਸ ਵਿਚ ਮਕੈਨਿਕ ਹੋ ਸਕਦਾ ਸੀ| ਜੇ ਟੈਕਸੀ ਨਾ ਵੀ ਠੀਕ ਹੁੰਦੀ ਤਾਂ ਹੈਲੀਕਾਪਟਰ ਟੈਕਸੀ ਨੂੰ ਉੱਥੇ ਛੱਡ ਕੇ ਬੈਠੀ ਕਾਲਿਨਜ਼ ਤੇ ਡਰਾਈਵਰ ਨੂੰ ਕਿਸੇ ਵਸੋਂ ਵਾਲੇ ਥਾਂ ਤਕ ਲਿਜਾ ਸਕਦਾ ਸੀ| ਬੈਟੀ ਨੂੰ ਉੱਕਾ ਹੀ ਨਹੀਂ ਸੀ ਪਤਾ ਕਿ ਉਸਦੇ ਦੇਸ਼ ਵਿਚ ਉਥੋਂ ਦੀ ਸਰਕਾਰ ਨੇ ਇਹ ਪ੍ਰਬੰਧ ਵੀ ਕੀਤੇ ਹੋਏ ਸਨ|
ਬੈਟੀ ਨੇ ਮੈਨੂੰ ਏਸ ਤਰ੍ਹਾਂ ਦੀ ਜਾਣਕਾਰੀ ਦੇ ਕੇ ਨਿਹਾਲ ਕਰ ਦਿਤਾ ਸੀ| ਕੇਵਲ ਸਿਡਨੀ ਬਾਰੇ ਨਹੀਂ ਤਸਮਾਨੀਆ ਤੇ ਪਾਪੂਆ ਨਿਊ ਗਿਨੀ ਬਾਰੇ ਵੀ|
ਨਾਨਕੀ ਦਾ ਸੂਫੀ ਤਾਂ ਉਥੇ 12 ਸਾਲ ਤੋਂ ਰਹਿ ਰਿਹਾ ਹੈ ਪਰ ਨਾਨਕੀ ਪਹਿਲੀ ਵਾਰ ਉੱਥੇ ਜਾ ਕੇ ਇੰਨੀ ਖ਼ੁਸ਼ ਪਰਤੀ ਹੈ ਕਿ ਹਰ ਸਾਲ ਉੱਥੇ ਕੁਝ ਨਾ ਕੁਝ ਸਮਾਂ ਲਾ ਕੇ ਆਇਆ ਕਰੇਗੀ|
ਅੰਤਿਕਾ
ਇੱਕ ਸ਼ੇਅਰ
ਐ ਗਰਦਸ਼-ਏ-ਅਯਾਮ ਤੇਰਾ ਸ਼ੁਕਰੀਆ
ਹਮ ਨੇ ਹਰ ਪਹਿਲੂ ਸੇ ਦੁਨੀਆਂ ਦੇਖ ਲੀ।