ਨਵੀਂ ਦਿੱਲੀ:ਪੱਛਮੀ ਏਸ਼ੀਆ ‘ਚ ਸਾਢੇ ਤਿੰਨ ਮਹੀਨੇ ਤੋਂ ਜਾਰੀ ਤਣਾਅ ਤੇ ਜੰਗ ਦੇ ਮਾਹੌਲ ਵਿਚਾਲੇ ਸੋਮਵਾਰ ਨੂੰ ਇਕ ਵੱਡੀ ਕੂਟਨੀਤਕ ਸਫ਼ਲਤਾ ਸਾਹਮਣੇ ਆਈ। ਅਮਰੀਕਾ ਤੇ ਈਰਾਨ ਨੇ ਜੰਗ ਖ਼ਤਮ ਕਰਨ ਲਈ ਤਜਵੀਜ਼ਸ਼ੁਦਾ ਸਮਝੌਤਾ ਖਰੜਾ (ਐੱਮਓਯੂ) ‘ਤੇ ਸਹਿਮਤੀ ਬਣਾ ਲਈ।
ਜੰਗ ਨਾਲ ਪ੍ਰਭਾਵਿਤ ਲੱਖਾਂ ਲੋਕਾਂ ਤੇ ਵਿਸ਼ਵ ਅਰਥਚਾਰੇ ਲਈ ਇਹ ਸਮਝੌਤਾ ਉਮੀਦ ਦੀ ਇਕ ਨਵੀਂ ਕਿਰਨ ਲੈ ਕੇ ਆਇਆ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਸਮਝੌਤੇ ‘ਤੇ ਅਮਰੀਕਾ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਪਰਾਸ਼ਟਰਪਤੀ ਜੇਡੀ ਵੇਂਸ ਤੇ ਈਰਾਨ ਵੱਲੋਂ ਸੰਸਦ ਦੇ ਚੇਅਰਮੈਨ ਗਲੀਬਾਫ ਨੇ ਇਲੈਕਟ੍ਰਾਨਿਕ ਹਸਤਾਖਰ ਕੀਤੇ। ਦੋਵਾਂ ਦੇਸ਼ਾਂ ਦੇ ਨੁਮਾਇੰਦੇ 19 ਜੂਨ ਨੂੰ ਸਵਿਟਜ਼ਲੈਂਡ ਦੇ ਜਿਨੇਵਾ ‘ਚ ਇਸ ਸਮਝੌਤੇ ‘ਤੇ ਰਸਮੀ ਦਸਤਖ਼ਤ ਕਰਨਗੇ। ਅਮਰੀਕੀ ਉਪਰਾਸ਼ਟਰਪਤੀ ਜੇਡੀ ਵੇਂਸ ਤੇ ਈਰਾਨੀ ਸੰਸਦ ਦੇ ਚੇਅਰਮੈਨ ਮੁਹੰਮਦ ਬਾਕਿਰ ਗਲੀਬਾਫ ਦਸਤਖ਼ਤ ਸਮਾਗਮ ਦੀ ਅਗਵਾਈ ਕਰ ਸਕਦੇ ਹਨ। ਟਰੰਪ ਨੇ ਵੀ ਸਮਾਗਮ ‘ਚ ਸ਼ਾਮਲ ਹੋਣ ਦੀ ਉਮੀਦ ਪ੍ਰਗਟਾਈ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੁੱਥ ਸੋਸ਼ਲ ‘ਤੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਈਰਾਨ ਨਾਲ ਸਮਝੌਤਾ ਪੂਰਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਤੋਂ ਦੁਨੀਆ ਦੀ ਊਰਜਾ ਸਪਲਾਈ ਦੀ ਜੀਵਨਰੇਖਾ ਮੰਨੇ ਜਾਣ ਵਾਲੇ ਸਟ੍ਰੇਟ ਆਫ ਹੋਰਮੁਜ਼ ਨੂੰ ਸਾਰੇ ਜਹਾਜ਼ਾਂ ਲਈ ਖੋਲ੍ਹ ਦਿੱਤਾ ਜਾਏਗਾ ਤੇ ਅਮਰੀਕੀ ਜਲ ਸੈਨਿਕ ਨਾਕੇਬੰਦੀ ਵੀ ਖ਼ਤਮ ਕਰ ਦਿੱਤੀ ਜਾਏਗੀ। ਹਾਲਾਂਕਿ, ਉਨ੍ਹਾਂ ਦਾਅਵਾ ਕੀਤਾ ਕਿ ਹੋਰਮੁਜ਼ ਤੋਂ ਕੁਝ ਜਹਾਜ਼ਾਂ ਦਾ ਨਿਕਲਣਾ ਸ਼ੁਰੂ ਹੋ ਗਿਆ ਹੈ। ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਈਰਾਨ ਨੇ ਆਖ਼ਰੀ ਪਰਮਾਣੂ ਸਮਝੌਤੇ ਨੂੰ ਮੰਨਣ ਤੋਂ ਇਨਕਾਰ ਕੀਤਾ ਤਾਂ ਉਹ ਫਿਰ ਫ਼ੌਜੀ ਹਮਲਾ ਕਰਨਗੇ ਤੇ ਪੱਛਮੀ ਏਸ਼ੀਆ ਦੇ ਰੱਖਿਅਕ ਬਣ ਕੇ ਇੱਥੋ ਹੋਣ ਵਾਲੀ ਕਮਾਈ ਦਾ ਵੀ 20 ਫ਼ੀਸਦੀ ਹਿੱਸਾ ਵਸੂਲਣਗੇ।
ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਤੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਆਨ ਨੇ ਵੀ ਸਮਝੌਤੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸ਼ੁੱਕਰਵਾਰ ਨੂੰ ਰਸਮੀ ਦਸਤਖ਼ਤ ਕੀਤੇ ਜਾਣਗੇ। ਦੱਸਣਯੋਗ ਹੈ ਕਿ ਇਸ ਜੰਗੀ ਸਮਝੌਤੇ ਦੀ ਖ਼ਬਰ ਆਉਂਦੇ ਹੀ ਦੁਨੀਆ ਭਰ ‘ਚ ਰਾਹਤ ਦਾ ਮਾਹੌਲ ਦੇਖਣ ਨੂੰ ਮਿਲਿਆ। ਜੰਗ ਤੇ ਤੇਲ ਸਪਲਾਈ ਨੂੰ ਲੈ ਕੇ ਬਣੀ ਗ਼ੈਰਯਕੀਨੀ ਘੱਟ ਹੋਣ ਨਾਲ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਕਰੀਬ ਪੰਜ ਫ਼ੀਸਦੀ ਦੀ ਗਿਰਾਵਟਆਈ। ਹਾਲਾਂਕਿ ਸਮਝੌਤੇ ਦੀਆਂ ਪੂਰੀਆਂ ਸ਼ਰਤਾਂ ਜਨਤਕ ਨਹੀਂ ਕੀਤੀਆਂ ਗਈਆਂ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਜੰਗਬੰਦੀ, ਸਟ੍ਰੇਟ ਆਫ ਹੋਰਮੁਜ਼ ਨੂੰ ਖੋਲ੍ਹਣਾ, ਈਰਾਨ ‘ਤੇ ਲੱਗੀਆਂ ਕੁਝ ਪਾਬੰਦੀਆਂ ‘ਚ ਰਾਹਤ, ਵਿਦੇਸ਼ ‘ਚ ਫਰੀਜ਼ ਲਗਪਗ 25 ਅਰਬ ਡਾਲਰ ਦੀ ਈਰਾਨੀ ਜਾਇਦਾਦ ਨੂੰ ਜਾਰੀ ਕਰਨਾ ਤੇ 60 ਦਿਨਾਂ ਦੀ ਜੰਗਬੰਦੀ ‘ਚ ਈਰਾਨ ਦੇ ਪਰਮਾਣੂ ਪ੍ਰੋਗਰਾਮ ‘ਤੇ ਵਿਸਥਾਰਤ ਗੱਲਬਾਤ ਸ਼ਾਮਲ ਹੈ।
ਕਤਰ ਮੁੜ ਬਣਿਆ ਵਿਚੋਲਗੀ ਦਾ ਮਾਸਟਰ
ਰਾਇਟਰ ਦੇ ਮੁਤਾਬਕ, ਸਮਝੌਤੇ ਨੂੰ ਅੰਤਿਮ ਰੂਪ ਦੇਣ ‘ਚ ਕਤਰ ਨੇ ਅਹਿਮ ਭੂਮਿਕਾ ਨਿਭਾਈ। ਐਤਵਾਰ ਨੂੰ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁੱਲ ਰਹਿਮਾਨ ਅਲ ਥਾਨੀ ਦੀ ਅਗਵਾਈ ‘ਚ ਵਫ਼ਦ ਨੇ ਕਰੀਬ 15 ਘੰਟੇ ਤੱਕ ਲਗਾਤਾਰ ਵਿਚੋਲਗੀ ਕਰ ਕੇ ਦੋਵਾਂ ਧਿਰਾਂ ਨੂੰ ਸਹਿਮਤੀ ਤੱਕ ਪਹੁੰਚਾਇਆ।ਇਸ ਸਬੰਧ ‘ਚ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਘਾਈ ਨੇ ਕਿਹਾ ਹੈ ਕਿ ਲਿਬਨਾਨ ਦੀ ਸਰਕਾਰ ਦਾ ਇਸ ਸਮਝੌਤੇ ‘ਚ ਮਹੱਤਵਪੂਰਨ ਸਹਿਯੋਗ ਹੈ। ਖਰੜੇ ‘ਚ ਲਿਬਨਾਨ ਦਾ ਤਿੰਨ ਵਾਰੀ ਜ਼ਿਕਰ ਕੀਤਾ ਗਿਆ ਹੈ ਤੇ ਉਸ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੇ ਸਨਮਾਨ ਦੀ ਗੱਲ ਕਹੀ ਗਈ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜੇਮ ਗਰੀਬਾਬਾਦੀ ਨੇ ਕਿਹਾ ਕਿ 60 ਦਿਨਾਂ ਦੀ ਜੰਗਬੰਦੀ ਦੌਰਾਨ ਵਿਆਪਕ ਤੇ ਸਥਾਈ ਸਮਝੌਤੇ ‘ਤੇ ਗੱਲਬਾਤ ਜਾਰੀ ਰਹੇਗੀ।
