ਗਦਰੀ ਬਾਬੇ ਦੀ ਭੋਪਾਲ ਯੂਨੀਵਰਸਟੀ

ਆਤਮਜੀਤ
ਭੋਪਾਲ ਵਿਚ ਸਥਿਤ ਸਟੇਟ ਯੂਨੀਵਰਸਟੀ ਦੀ ਕਾਰਜਕਾਰੀ ਕੌਂਸਲ ਨੇ ਇਕ ਮਤਾ ਪਾਸ ਕਰਕੇ ਮੱਧ ਪ੍ਰਦੇਸ਼ ਸਰਕਾਰ ਨੂੰ ਕਿਹਾ ਹੈ ਕਿ ਹੁਣ ਇਸਦਾ ਨਾਂ ਵਾਗਦੇਵੀ ਭੋਜਪਾਲ ਯੂਨੀਵਰਸਟੀ ਕਰ ਦਿੱਤਾ ਜਾਵੇ। ਵਾਗਦੇਵੀ ਸਰਸਵਤੀ ਨੂੰ ਕਹਿੰਦੇ ਹਨ ਅਤੇ ਭੋਜਪਾਲ ਭੋਪਾਲ ਦਾ ਪੁਰਾਣਾ ਨਾਂ ਹੈ

ਜੋ ਕਿ ਰਾਜਾ ਭੋਜ ਨਾਲ ਸੰਬੰਧ ਰੱਖਦਾ ਹੈ। ਸਰਸਵਤੀ ਵਿਦਿਆ ਅਤੇ ਬੁਧੀਮਾਨਤਾ ਦੀ ਦੇਵੀ ਹੈ ਤੇ ਰਾਜਾ ਭੋਜ ਬਹੁਤ ਵੱਡਾ ਦਾਨਿਸ਼ਵਰ। 1970 ਵਿਚ ਇਸ ਦਾ ਨਾਂ ਭੋਪਾਲ ਯੂਨੀਵਰਸਟੀ ਹੁੰਦਾ ਸੀ। ਇਹ ਮਤਾ ਉਦੋਂ ਤਕ ਸਹੀ ਜਾਪਦਾ ਹੈ ਜਦ ਤਕ ਪਤਾ ਨਹੀਂ ਲਗਦਾ ਕਿ 1988 ਵਿਚ ਕਾਂਗਰਸ ਦੇ ਮੁੱਖ ਮੰਤਰੀ ਅਰਜਨ ਸਿੰਘ ਦੇ ਵੇਲੇ ਇਸ ਦਾ ਨਾਂ ਬਰਕਤੁੱਲ੍ਹਾ ਯੂਨੀਵਰਸਟੀ ਕਰ ਦਿੱਤਾ ਗਿਆ ਸੀ ਜੋ ਕਿ ਗ਼ਦਰ ਪਾਰਟੀ ਦਾ ਵੱਡਾ ਸੁਤੰਤਰਤਾ ਸੰਗਰਾਮੀ ਸੀ। ਮੁੱਖ ਸਵਾਲ ਇਹ ਹੈ ਕਿ ਕੀ ਇਸ ਮਤੇ ਦਾ ਮਕਸਦ ਸਚਮੁਚ ਰਾਜਾ ਭੋਜ ਨੂੰ ਯਾਦ ਕਰਨਾ ਹੈ ਜਾਂ ਇਕ ਮੁਸਲਿਮ ਦੇ ਨਾਂ ਤੋਂ ਯੂਨੀਵਰਸਟੀ ਨੂੰ ਵੱਖ ਕਰਨਾ ਹੈ?
ਬਰਕਤੁੱਲ੍ਹਾ ਭੋਪਾਲੀ 1854 ਵਿਚ ਪੈਦਾ ਹੋਇਆ ਅਤੇ ਸਾਰੀ ਉਮਰ ਬਰਤਾਨੀਆ ਦੇ ਸਾਮਰਾਜੀ ਏਜੰਡੇ ਖ਼ਿਲਾਫ਼ ਗਲੋਬਲ ਪੱਧਰ ‘ਤੇ ਲੜਦਾ ਰਿਹਾ। ਉਹ ਸੈਕਰਾਮੈਂਟੋ (ਕੈਲੇਫ਼ੋਰਨੀਆ) ਵਿਚ ਸਥਾਪਿਤ ਹੋਈ ‘ਗ਼ਦਰ ਪਾਰਟੀ ਆਫ਼ ਇੰਡੀਆ’ ਦਾ ਮੋਢੀ ਮੈਂਬਰ ਸੀ ਜਿਸਦਾ ਮੰਤਵ ਹਿੰਦੁਸਤਾਨ ਵਿਚ ਬਸਤੀਵਾਦੀ ਸਰਕਾਰ ਨੂੰ ਖ਼ਤਮ ਕਰਨਾ ਸੀ। ਉਹ ਧਾਰਮਿਕ ਸਕਾਲਰ ਸੀ ਪਰ ਸਿਰੇ ਦਾ ਧਰਮ-ਨਿਰਪੱਖ ਅਤੇ ਦ੍ਰਿੜ ਕੌਮਪ੍ਰਸਤ ਇਨਸਾਨ ਸੀ। ਜਰਮਨੀ ਦੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਉਸਦੇ ਧਰਮ ਨਾਲੋਂ ਰਾਸ਼ਟਰਵਾਦ ਨੂੰ ਬਹੁਤ ਉੱਚਾ ਸਥਾਨ ਦਿੱਤਾ ਹੈ। ਉਨ੍ਹਾਂ ਦੀ ਪੜਚੋਲ ਦਾ ਆਧਾਰ ਇਹ ਹੈ ਕਿ ਬਰਕਤੁੱਲ੍ਹਾ ‘ਇੰਡੀਆ ਕੌਂਸਲ ਫਾਰ ਇੰਡੀਪੈਂਡੈਂਸ’ ਸਥਾਪਿਤ ਕਰਨ ਲਈ 1914 ਵਿਚ ਬਰਲਿਨ ਗਿਆ ਸੀ। ਇਸ ਗੱਲ ਦੇ ਬਾਵਜੂਦ ਕਿ ਭਾਰਤੀ ਸਿਪਾਹੀ ਇੰਗਲੈਂਡ ਦੀਆਂ ਫ਼ੌਜਾਂ ਲਈ ਲੜ ਰਹੇ ਸਨ, ਬਰਕਤੁੱਲ੍ਹਾ ਦੇ ਲੇਖਾਂ ਨੇ ਮੁਸਲਮਾਨਾਂ ਨੂੰ ਕਿਹਾ ਸੀ ਕਿ ਉਹ ਜਰਮਨੀ ਦਾ ਸਾਥ ਦੇਣ ਤਾਂ ਕਿ ਉਨ੍ਹਾਂ ਰਾਹੀਂ ਮੁਲਕ ਨੂੰ ਆਜ਼ਾਦ ਕਰਵਾਇਆ ਜਾ ਸਕੇ। 1924 ਵਿਚ ਛਪੀ ਆਪਣੀ ਪੁਸਤਕ ‘ਖਿਲਾਫ਼ਤ’ ਵਿਚ ਉਹ ਸਪੱਸ਼ਟ ਲਿਖਦਾ ਹੈ ਕਿ ਮੁਸਲਮਾਨ ਆਪਣੀ ਰੂਹਾਨੀਅਤ ਲਈ ਭਾਵੇਂ ਗਲੋਬਲ ਖ਼ਲੀਫ਼ਾ ਵੱਲ ਦੇਖ ਸਕਦੇ ਹਨ ਪਰ ਉਨ੍ਹਾਂ ਦੀ ਰਾਜਸੀ ਪ੍ਰਤੀਬੱਧਤਾ ਆਪਣੇ ਮੁਲਕ ਨਾਲ ਹੀ ਹੋਣੀ ਚਾਹੀਦੀ ਹੈ। 1915 ਵਿਚ ਕਾਬਲ ਵਿਚ ਭਾਰਤ ਦੀ ਪਹਿਲੀ ਪ੍ਰੋਵੀਜ਼ਨਲ ਸਰਕਾਰ ਬਣੀ ਤਾਂ ਰਾਜਾ ਮਹਿੰਦਰ ਪ੍ਰਤਾਪ ਸਿੰਘ ਉਸਦਾ ਪ੍ਰਧਾਨ ਅਤੇ ਬਰਕਤੁੱਲ੍ਹਾ ਪ੍ਰਧਾਨ ਮੰਤਰੀ ਬਣਿਆ ਸੀ। ਉਸਨੇ ਪੂਰੀ ਸੂਝ-ਸਿਆਣਪ ਨਾਲ ਆਪਣੀ ਇਸਲਾਮੀ ਵਿਚਾਰਧਾਰਾ ਵਿਚ ਖੱਬੇਪੱਖੀ ਵਿਚਾਰਾਂ ਨੂੰ ਸ਼ਾਮਿਲ ਕਰਕੇ ਵਕਤ ਦੇ ਹਾਣ ਦੀਆਂ ਗੱਲਾਂ ਕੀਤੀਆਂ ਜਿਨ੍ਹਾਂ ਵਿਚ ਕੋਈ ਸਵੈ-ਵਿਰੋਧ ਨਹੀਂ ਸੀ। ਉਸਦੀ ਮੁੱਢਲੀ ਸੋਚ ਇਹ ਸੀ ਕਿ ਮਾਰਕਸਵਾਦ ਅਤੇ ਇਸਲਾਮ ਦੋਵੇਂ ਦੱਬੇ-ਕੁਚਲੇ ਲੋਕਾਂ ਦੇ ਹੱਕ ਦੀ ਗੱਲ ਕਰਦੇ ਹਨ ਅਤੇ ਸਾਮਰਾਜੀ ਵਿਸਤਾਰਵਾਦ ਦੇ ਵਿਰੋਧੀ ਹਨ। ਉਹ ਅਰਬੀ, ਫ਼ਾਰਸੀ ਅਤੇ ਉਰਦੂ ਦਾ ਮਾਸਟਰ ਸੀ; ਲੰਡਨ ਵਿਚ ਇਹ ਬੋਲੀਆਂ ਪੜ੍ਹਾਉਂਦਾ ਵੀ ਰਿਹਾ। ਅੰਗਰੇਜ਼ੀ ਉਤੇ ਉਸਦੀ ਪੂਰੀ ਪਕੜ ਸੀ। ਪਰ ਬਾਕੀ ਸਾਰੇ ਸੰਸਾਰ ਨਾਲ ਜੁੜ ਕੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਕੁਝ ਕਰਨ ਦੀ ਇੱਛਾ ਕਾਰਨ ਉਸਨੇ ਤੁਰਕੀ, ਜਰਮਨ, ਫ਼ਰੈਂਚ ਅਤੇ ਜਪਾਨੀ ਬੋਲੀਆਂ ਵੀ ਸਿੱਖੀਆਂ; ਇਸੇ ਯੋਗਤਾ ਕਾਰਨ ਉਹ ਜਪਾਨ ਵਿਚ ਵੀ ਪੜ੍ਹਾਉਂਦਾ ਰਿਹਾ। ਉਹ ਖ਼ੁਦ ਮਾਰਕਸਵਾਦੀ ਨਹੀਂ ਸੀ ਪਰ ਉਸਨੇ ਭਾਰਤੀ ਯੋਧਿਆਂ ਨੂੰ ਦੁਨੀਆ ਦਾ ਸਹਿਯੋਗ ਦਿਵਾਉਣ ਵਾਸਤੇ ਹਰ ਤਰ੍ਹਾਂ ਦਾ ਸੰਘਰਸ਼ ਕੀਤਾ। ਇਸੇ ਆਸ਼ੇ ਅਧੀਨ ਰੂਸ ਤੋਂ ਆਰਥਿਕ ਅਤੇ ਰਾਜਸੀ ਮਦਦ ਲੈਣ ਲਈ ਉਸਨੇ ਰਾਜਾ ਮੋਹਿੰਦਰ ਪ੍ਰਤਾਪ ਦੇ ਸੰਗ ਮਈ 1919 ਵਿਚ ਲੈਨਿਨ ਨਾਲ ਮੁਲਾਕਾਤ ਕੀਤੀ। ਉਹ ਅਫ਼ਗਾਨਿਸਤਾਨ ਵਿਚ ਸਥਾਪਿਤ ਪਹਿਲੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਵਜੋਂ ਮੀਟਿੰਗ ਵਿਚ ਗਏ ਸਨ। ਲੈਨਿਨ ਨੇ ਉਨ੍ਹਾਂ ਦਾ ਸਾਥ ਦੇਣ ਦਾ ਵਚਨ ਦਿੱਤਾ ਪਰ ਬਰਤਾਨੀਆ ਨਾਲ ਅਫ਼ਗਾਨਿਸਤਾਨ ਦੀ ਸੰਧੀ ਹੋ ਜਾਣ ਕਾਰਨ ਉਹ ਓਥੋਂ ਭਾਰਤ ਦੀ ਸੁਤੰਤਰਤਾ ਲਈ ਕੋਈ ਕਦਮ ਨਹੀਂ ਪੁੱਟ ਸਕੇ। ਜਲਦੀ ਹੀ ਉਨ੍ਹਾਂ ਨੂੰ ਅਫ਼ਗਾਨਿਸਤਾਨ ਵਿਚੋਂ ਨਿਕਲਣਾ ਪਿਆ। 2021 ਵਿਚ ਮੋਹਿੰਦਰ ਪ੍ਰਤਾਪ ਸਿੰਘ ਦੇ ਨਾਂ ‘ਤੇ ਅਲੀਗੜ੍ਹ ਵਿਚ ਇਕ ਸਟੇਟ ਯੂਨੀਵਰਸਟੀ ਸਥਾਪਿਤ ਕੀਤੀ ਗਈ।
ਮੌਲਵੀ ਬਰਕਤੁੱਲ੍ਹਾ ਮੁਸਲਿਮ ਸਕਾਲਰ ਸੀ ਅਤੇ ਦੁਨੀਆਂ ਭਰ ਦੇ ਮੁਸਲਮਾਨਾਂ ਨੂੰ ਫਿਰੰਗੀਆਂ ਖਿਲਾਫ਼ ਇਕੱਠੇ ਕਰਨਾ ਚਾਹੁੰਦਾ ਸੀ ਪਰ ਗ਼ਦਰ ਪਾਰਟੀ ਦਾ ਸਾਰਾ ਇਤਿਹਾਸ ਉਸਨੂੰ ਇਕ ਪ੍ਰਤੀਬੱਧ ਕੌਮਪ੍ਰਸਤ ਦੇ ਰੂਪ ਵਿਚ ਪੇਸ਼ ਕਰਦਾ ਹੈ। ਲਾਲਾ ਹਰਦਿਆਲ ਅਤੇ ਬਾਬਾ ਸੋਹਨ ਸਿੰਘ ਭਕਨਾ ਨੇ ਜਦੋਂ 1913 ਵਿਚ ‘ਹਿੰਦੀ ਐਸੋਸੀਏਸ਼ਨ ਆਫ਼ ਪੈਸਿਫਿਕ ਕੋਸਟ’ ਬਣਾਈ ਤਾਂ ਮੌਲਵੀ ਉਨ੍ਹਾਂ ਨਾਲ ਸੀ। ਏਸੇ ਵਿਚੋਂ ਗ਼ਦਰ ਪਾਰਟੀ ਨਿਕਲੀ। ਉਸਦੀ ਸੂਝ-ਬੂਝ ਅਤੇ ਲਿਆਕਤ ਕਾਰਨ ਉਸਨੂੰ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ। ਉਸਨੇ ‘ਹਿੰਦੁਸਤਾਨ ਗ਼ਦਰ’ ਨਾਂ ਦੇ ਅਖ਼ਬਾਰ ਨੂੰ ਤਿਆਰ ਕਰਨ ਅਤੇ ਉਸਨੂੰ ਲੋਕਾਂ ਤਕ ਪੁਚਾਉਣ ਦੀ ਜ਼ਿੰਮੇਵਾਰੀ ਵੀ ਲਈ। ਜਦੋਂ 1914 ਵਿਚ ਲਾਲਾ ਹਰਦਿਆਲ ਗ੍ਰਿਫ਼ਤਾਰ ਹੋ ਗਿਆ, ਬਰਕਤੁੱਲ੍ਹਾ ਅਤੇ ਰਾਮ ਚੰਦਰ ਨੇ ਇਸ ਅਖ਼ਬਾਰ ਰਾਹੀਂ ਬਸਤੀਵਾਦ ਦੇ ਖ਼ਿਲਾਫ਼ ਆਪਣਾ ਪ੍ਰਚਾਰ ਜਾਰੀ ਰੱਖਿਆ। ਸਾਂ ਫ਼ਰਾਂਸਿਸਕੋ ਵਿਚ ਗ਼ਦਰੀਆਂ ਦੇ ਹੈੱਡ ਕੁਆਰਟਰ ਯੁਗਾਂਤਰ ਆਸ਼ਰਮ ਨਾਲ ਉਹਦਾ ਬੜਾ ਨੇੜਲਾ ਸੰਬੰਧ ਸੀ। ਇਸ ਦਫ਼ਤਰ ਨੂੰ ਸਥਾਪਿਤ ਕਰਨ ਵਿਚ ਉਸਦੀ ਅਹਿਮ ਭੂਮਿਕਾ ਸੀ। ਏਥੋਂ ਹੀ ਉਸਨੇ ਗ਼ਦਰੀ ਵਿਚਾਰਾਂ ਨੂੰ ਗਲੋਬਲ ਬਣਾਉਣ ਦੀ ਕੋਸ਼ਿਸ਼ ਕੀਤੀ। ‘ਗ਼ਦਰ’ ਅਖ਼ਬਾਰ ਦਾ ਦਫ਼ਤਰ ਵੀ ਏਹੋ ਸੀ। ਮਈ 1914 ਵਿਚ ਉਹ ਗਿਆਨੀ ਭਗਵਾਨ ਸਿੰਘ ਨਾਲ ਵੱਖ-ਵੱਖ ਥਾਵਾਂ ਤੇ ਲੋਕਾਂ ਵਿਚ ਲੈਕਚਰ ਕਰਨ ਲਈ ਅਤੇ ਉਨ੍ਹਾਂ ਨੂੰ ਹਿੰਦੁਸਤਾਨ ਜਾ ਕੇ ਤਖ਼ਤਾ ਪਲਟ ਵਾਸਤੇ ਤਿਆਰ ਕਰਨ ਲਈ ਨਿਕਲਿਆ। ਉਸਦਾ ਇਕ ਫ਼ਾਰਸੀ ਖ਼ਤ ਬੜਾ ਮਸ਼ਹੂਰ ਹੈ ਜਿਹੜਾ ਉਸਨੇ 1907 ਵਿਚ ਲਿਖਿਆ ਸੀ ਜੋ ਅਲੀਗੜ੍ਹ ਦੇ ਇਕ ਉਰਦੂ ਅਖ਼ਬਾਰ ਵਿਚ ਛਪਿਆ ਸੀ। ਉਸਨੂੰ ਦੁਨੀਆ ਦੇ ਇਤਿਹਾਸ ਦੀ ਭਵਿੱਖਬਾਣੀ ਵੀ ਮੰਨਿਆ ਜਾਂਦਾ ਹੈ। ਉਸ ਵਿਚ ਮੌਲਵੀ ਨੇ ਚਾਰ ਗੱਲਾਂ ਕਹੀਆਂ ਸਨ: 1) ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਪੂਰੀ ਏਕਤਾ ਤੋਂ ਬਿਨਾ ਆਜ਼ਾਦੀ ਸੰਭਵ ਨਹੀਂ। 2) ਉਸਨੇ ਭਾਰਤੀ ਮੁਸਲਮਾਨਾਂ ਨੂੰ ਬਾਹਰੀ ਮੁਸਲਮਾਨਾਂ ਨਾਲ ਸੰਬੰਧ ਰੱਖਦਿਆਂ ਵੀ ਮੁਲਕ ਪ੍ਰਤੀ ਵਫ਼ਾਦਾਰ ਰਹਿਣ ਲਈ ਕਿਹਾ 3) ਉਸਨੇ ਅੰਗਰੇਜ਼ਾਂ ਦੇ ਗ਼ਲਤ ਹੁਕਮਾਂ ਦਾ ਵਿਰੋਧ ਕਰਨ ਅਤੇ 4) ਸਵਦੇਸ਼ੀ ਅਪਣਾਉਣ ਦੀ ਸਲਾਹ ਦਿੱਤੀ। 1918 ਵਿਚ ਰੌਲੈਟ ਕਮਿਸ਼ਨ ਦੀ ਰਿਪੋਰਟ ਵਿਚ ਬਰਕਤੁੱਲ੍ਹਾ ਦੇ ਖ਼ਤ ਨੂੰ ਇਕ ਅੰਤਰਰਾਸ਼ਟਰੀ ਸਾਜ਼ਿਸ਼ ਦੀ ਰੂਪ-ਰੇਖਾ ਮੰਨਿਆ ਗਿਆ। ਇਸ ਰਿਪੋਰਟ ਦਾ ਸਰਕਾਰੀ ਨਾਂ ਸੀ ‘ਸੈਡੀਸ਼ਨ ਕਮਿਟੀ ਰਿਪੋਰਟ 1918’। ਜਦੋਂ ਰੌਲੈਟ ਐਕਟ ਬਣਿਆ ਤਾਂ ਉਸ ਨੂੰ ‘ਐਨਾਰਕੀਕਲ ਐਂਡ ਰੈਵੋਲਿਊਸ਼ਨਰੀ ਕਰਾਈਮਜ਼ ਐਕਟ 1919’ ਦਾ ਨਾਂ ਦਿੱਤਾ ਗਿਆ ਸੀ। ਇਹ ਐਕਟ ਅਸਲ ਵਿਚ ਬਰਕਤੁੱਲ੍ਹਾ ਵਰਗੇ ਲੋਕਾਂ ਦੀਆਂ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਹੀ ਬਣਾਇਆ ਗਿਆ ਸੀ ਅਤੇ ਇਸ ਦੀਆਂ ਧਾਰਾਵਾਂ ਬਹੁਤ ਕਠੋਰ ਸਨ। ਮਹਾਤਮਾ ਗਾਂਧੀ ਨੇ ਇਸ ਐਕਟ ਵਿਰੁੱਧ ਸਤਿਆਗ੍ਰਹਿ ਕੀਤਾ ਅਤੇ ਇਸੇ ਅਧੀਨ ਅੰਮ੍ਰਿਤਸਰ ਵਿਚ ਸੈਫ਼ੁਦੀਨ ਕਿਚਲੂ ਅਤੇ ਡਾਕਟਰ ਸਤਿਆਪਾਲ ਉਤੇ ਤਸ਼ਦਦ ਹੋਇਆ ਤੇ ਅੰਤ ਜਲਿ੍ਹਆਂਵਾਲਾ ਬਾਗ ਦਾ ਦੁਖਾਂਤ ਵਾਪਰਿਆ।
ਉਪਰੋਕਤ ਸਾਰੇ ਕਾਰਨਾਂ ਕਰੇ ਬਰਕਤੁੱਲ੍ਹਾ ਅੰਗਰੇਜ਼ਾਂ ਦੀ ਅੱਖ ਵਿਚ ਰੜਕਦਾ ਰਿਹਾ ਤੇ ਹਿੰਦੁਸਤਾਨ ਨਹੀਂ ਪਰਤ ਸਕਿਆ। 1927 ਵਿਚ ਸਾਂ ਫਰਾਂਸਿਸਕੋ ਵਿਚ ਉਹ ਫ਼ੌਤ ਹੋਇਆ; ਉਸਦੀ ਕਬਰ ਸੈਕਰਾਮੈਂਟੋ ਵਿਚ ਹੈ। ਉਹ ਆਪਣੇ ਆਖਰੀ ਦਿਨਾਂ ਵਿਚ ਵੀ ਯੁਗਾਂਤਰ ਆਸ਼ਰਮ ਨਾਲ ਜੁੜਿਆ ਰਿਹਾ। ਅਜਿਹੇ ਰਾਸ਼ਟਰਵਾਦੀ ਅਤੇ ਨਿਰਸੁਆਰਥ ਦਾਨਿਸ਼ਵਰ ਦੇ ਨਾਂ ਨੂੰ ਕਿਸੇ ਯੂਨੀਵਰਸਟੀ ਦੇ ਨਾਂ ਨਾਲੋਂ ਅਲੱਗ ਕਰ ਦੇਣਾ ਹੈਰਾਨੀਜਨਕ ਹੈ, ਇਸ ਨੂੰ ‘ਸਭਿਆਚਾਰਕ ਆਤਮਘਾਤ’ ਦਾ ਨਾਂ ਦਿੱਤਾ ਜਾਣਾ ਚਾਹੀਦਾ ਹੈ। ਪਰ ਇਸ ਪਿੱਛੇ ਕੰਮ ਕਰ ਰਹੀ ਸਿਆਸਤ ਬਹੁਤ ਸਪੱਸ਼ਟ ਹੈ। ਅਲਾਹਾਬਾਦ ਹੁਣ ਪ੍ਰਯਾਗਰਾਜ (2018) ਹੈ, ਔਰੰਗਾਬਾਦ ਛੱਤਰਪਤੀ ਸਾਂਭਾਜੀ ਨਗਰ (2023) ਬਣ ਗਿਆ ਹੈ। ਓਸਮਾਨਾਬਾਦ ਧਾਰਾਸ਼ਿਵ, ਫ਼ੈਜ਼ਾਬਾਦ ਅਯੋਧਿਆ ਅਤੇ ਮੁਗਲਸਰਾਇ ਪੰਡਿਤ ਦੀਨ ਦਿਆਲ ਉਪਾਧਿਆਇ ਨਗਰ ਹੋ ਗਿਆ ਹੈ। ਇਸ ਸਭ ਕੁਝ ਦੇ ਪਿੱਛੇ ਜਨਤਕ ਨਜ਼ਰਾਂ ਵਿਚ ਮੁਸਲਿਮ ਸਭਿਆਚਾਰ ਨੂੰ ਖ਼ਤਮ ਕਰਨ ਦਾ ਸੰਕੀਰਣ ਇਰਾਦਾ ਹੈ। ਪਰ ਹੁਣ ਤਕ ਜਿਹੜੇ ਨਾਂ ਬਦਲੇ ਗਏ ਹਨ ਉਹ ਮੁੱਖ ਤੌਰ ‘ਤੇ ਪੁਰਾਣੇ ਇਤਿਹਾਸ ਨਾਲ ਸੰਬੰਧ ਰੱਖਦੇ ਸਨ। ਬਰਕਤੁੱਲ੍ਹਾ ਵੀਹਵੀਂ ਸਦੀ ਦਾ ਆਧੁਨਿਕ ਰਾਸ਼ਟਰਵਾਦੀ ਨਾਇਕ ਹੈ। ਸੱਚੇ ਰਾਸ਼ਟਰਵਾਦੀ ਇਸ ਤਬਦੀਲੀ ਨੂੰ ਨਹੀਂ ਪਚਾ ਸਕਦੇ। ਆਰ.ਐਸ.ਐਸ. ਅਤੇ ਬੀ.ਜੇ.ਪੀ. ਨੂੰ ਇਹ ਚਾਲ ਮਹਿੰਗੀ ਪੈ ਸਕਦੀ ਹੈ। ਜੇ ਉਨ੍ਹਾਂ ਦਾ ਥਿੰਕ ਟੈਂਕ ਸੱਚਮੁਚ ਰਾਸ਼ਟਰਵਾਦੀ ਹੈ ਤਾਂ ਨਾਂ ਨਹੀਂ ਬਦਲੇਗਾ। ਪ੍ਰਸ਼ਨ ਇਹ ਵੀ ਹੈ ਕਿ ਜੋ ਹੋ ਚੁੱਕਾ ਹੈ, ਉਹ ਕਿਵੇਂ ਹੋਇਆ? ਯੂਨੀਵਰਸਟੀ ਦੀ ਕਾਰਜਕਾਰਨੀ ਕੌਂਸਲ ਦੇ ਮੈਂਬਰ ਧੀਰੇਂਦ੍ਰ ਚਤੁਰਵੇਦੀ ਨੇ ਇਹ ਮਤਾ ਪੇਸ਼ ਕੀਤਾ ਸੀ। ਉਹ ਸਰਕਾਰ ਵੱਲੋਂ ਨਾਮਜ਼ਦ ਨੁਮਾਇੰਦਾ ਹੈ। ਉਹ ‘ਪ੍ਰਗਿਆ ਪ੍ਰਵਾਹ’ ਨਾਂ ਦੀ ਸੰਸਥਾ ਦਾ ਪ੍ਰਾਂਤ ਸੰਯੋਜਕ ਹੈ। ਇਹ ਸੰਸਥਾ ਆਰ.ਐਸ.ਐਸ. ਦੀ ਬੌਧਿਕ ਸ਼ਾਖ ਹੈ। ਇਸਦਾ ਕੰਮ ਹਿੰਦੂਤਵ ਦੇ ਸਿਆਣਿਆਂ ਦੀ ਸਹਾਇਤਾ ਨਾਲ ਭਾਰਤ ਦੇ ਇਤਿਹਾਸ, ਦਰਸ਼ਨ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਦੀ ਪੁਨਰ-ਜਾਗਰਤੀ ਕਰਨਾ ਹੈ। ਇਸ ਸੰਸਥਾ ਨੂੰ ਬਾਲਾਸਾਹੇਬ ਦਿਓਰਸ ਅਤੇ ਕੇ.ਐਸ. ਸੁਦਰਸ਼ਨ ਵਰਗੇ ਅਤੀਤ ਦੇ ਆਰ ਐਸ ਐਸ ਮੁਖੀਆਂ ਨੇ ਖੜ੍ਹਾ ਕੀਤਾ ਸੀ। ਇਨ੍ਹਾਂ ਨੇ ਭਾਰਤ ਦੀਆਂ ਅਨੇਕਾਂ ਯੂਨੀਵਰਸਟੀਆਂ ਵਿਚ ਆਪਣੇ ਸੈੱਲ ਕਾਇਮ ਕਰ ਲਏ ਹਨ।
‘ਪ੍ਰਗਿਆ ਪ੍ਰਵਾਹ’ ਦੇ ਮੂਲ ਸਿਧਾਂਤਾਂ ਵਿਚ ‘ਸਮਾਜਿਕ ਸਮਰਸਤਾ’, ‘ਪਰਿਆਵਰਨ ਸੰਰਕਸ਼ਣ’, ‘ਸਵਦੇਸ਼ੀ ਆਚਰਣ’ ਅਤੇ ‘ਨਾਗਰਿਕ ਕਰਤੱਵਯ’ ਸ਼ਾਮਿਲ ਹਨ। ਜੇ ਇਨ੍ਹਾਂ ਸਿਧਾਂਤਾਂ ਦੀ ਦ੍ਰਿਸ਼ਟੀ ਤੋਂ ਵੀ ਦੇਖਿਆ ਜਾਵੇ ਤਾਂ ਮੌਲਵੀ ਬਰਕਤੁੱਲ੍ਹਾ ਦਾ ਨਾਂ ਭੋਪਾਲ ਦੀ ਯੂਨੀਵਰਸਟੀ ਤੋਂ ਅਲੱਗ ਕਰਨਾ ਸਮਝ ਵਿਚ ਨਹੀਂ ਆਉਂਦਾ। ਇਸੇ ਕਰਕੇ ਕੌਂਸਲ ਦੀ ਮੈਂਬਰ ਡਾਕਟਰ ਤਾਹਿਰਾ ਅਬਾਸੀ ਨੇ, ਜੋ ਕਿ ਇਸੇ ਯੂਨੀਵਰਸਟੀ ਵਿਚ ਪੜ੍ਹਾਉਂਦੀ ਹੈ, ਨੇ ਇਸ ਮਤੇ ਦਾ ਤਾਰਕਿਕ ਵਿਰੋਧ ਕੀਤਾ ਹੈ। ਮੌਲਵੀ ਬਰਕਤੁੱਲ੍ਹਾ ਪੜ੍ਹਿਆ-ਲਿਖਿਆ ਇਨਸਾਨ ਸੀ, ਸੁਲਝਿਆ ਹੋਇਆ ਲੇਖਕ ਅਤੇ ਬੁਲਾਰਾ ਸੀ, ਸਾਰੀ ਉਮਰ ਦੇਸ਼ ਵਾਸਤੇ ਲੜਦਾ ਰਿਹਾ, ਅਤੇ, ਅਨੇਕ ਕਿਸਮ ਦੀ ਰਾਜਸੀ ਉਥਲ-ਪੁਥਲ ਦੇ ਬਾਵਜੂਦ ਆਪਣੇ ਸੈਕੂਲਰ ਦੇਸ਼-ਪ੍ਰੇਮ ਨੂੰ ਨਹੀਂ ਤਿਆਗਿਆ। ਅਜਿਹੇ ਇਨਸਾਨ ਨੂੰ ਦਰਕਿਨਾਰ ਕਰਨ ਦਾ ਕੀ ਕਾਰਨ ਹੋ ਸਕਦਾ ਹੈ? ਯੂਨੀਵਰਸਟੀ ਦੇ ਵਾਈਸ ਚਾਂਸਲਰ ਸੁਰੇਸ਼ ਕੁਮਾਰ ਦੀ ਦਲੀਲ ਹੈ ਕਿ ਭੋਪਾਲ ਦੇ ਸਾਰੇ ਖਿੱਤੇ ਨੂੰ ਜੋ ਦੇਣ ਰਾਜਾ ਭੋਜ ਦੀ ਹੈ ਉਸਦੇ ਸਾਹਮਣੇ ਬਰਕਤੁੱਲ੍ਹਾ ਦਾ ਭੋਪਾਲ ਵਾਸਤੇ ਕੋਈ ਵਿਸ਼ੇਸ਼ ਕੰਮ ਨਹੀਂ। ਉਸਦੀ ‘ਦੇਸ਼ ਨੂੰ ਦੇਣ’ ਨੂੰ ਭੁਲਾ ਕੇ ‘ਭੋਪਾਲ ਨੂੰ ਦੇਣ’ ਦੇਖੀ ਜਾ ਰਹੀ ਹੈ। ਚਾਰ ਦਹਾਕਿਆਂ ਤੋਂ ਚੱਲ ਰਹੇ ਨਾਂ ਨੂੰ ਇਹੋ ਜੇਹੀ ਹਲਕੀ ਦਲੀਲ ਨਾਲ ਹਟਾਉਣਾ ਸ਼ਰਮਨਾਕ ਹੈ। ਇਸ ਤਰ੍ਹਾਂ ਤਾਂ ਦੇਸ਼ ਦੇ ਪੰਜਾਹ ਫ਼ੀਸਦੀ ਨਾਂ ਬਦਲੇ ਜਾਣੇ ਚਾਹੀਦੇ ਹਨ। ਵਤਨ ਤੇ ਮਰਨ ਵਾਲਿਆਂ ਦੇ ਨਿਸ਼ਾਨ ਇਸ ਤਰ੍ਹਾਂ ਮਿਟਾਏ ਜਾਣਗੇ ਇਹ ਗੱਲ ਸਮਝ ਤੋਂ ਪਰੇ ਹੈ। ਡਾਕਟਰ ਅੱਬਾਸੀ ਦੀ ਇਹ ਆਲੋਚਨਾ ਬਿਲਕੁਲ ਸਹੀ ਹੈ ਕਿ ਅਸੀਂ ਯੂਨੀਵਰਸਟੀ ਦਾ ਨਾਂ ਬਦਲ ਕੇ ਇਕ ਮਹਾਨ ਪਰੰਪਰਾ ਨੂੰ ਬੇਪੱਤ ਕਰ ਰਹੇ ਹਾਂ। ਉਸਦੀ ਰਾਏ ਹੈ ਕਿ ਰਾਜਾ ਭੋਜ ਨੂੰ ਉਸਦਾ ਸਹੀ ਸਥਾਨ ਦੇਣ ਵਾਸਤੇ ਨਵੀਂ ਯੂਨੀਵਰਸਟੀ ਸਥਾਪਿਤ ਕੀਤੀ ਜਾਵੇ। ਅਸੀਂ ਪੰਜਾਬ ਦੇ ਲੋਕ ਗ਼ਦਰ ਪਾਰਟੀ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਜਿਸ ਵਿਚ 150 ਲੋਕਾਂ ਨੇ ਆਪਣੀਆਂ ਜਾਨਾਂ ਵਾਰੀਆਂ, 300 ਲੋਕਾਂ ਉਮਰ-ਕੈਦਾਂ ਭੋਗੀਆਂ ਤੇ ਹੋਰ ਅਨੇਕਾਂ ਲੋਕਾਂ ਨੇ ਸਿੱਧੇ-ਅਸਿੱਧੇ ਦੁੱਖ ਝਾਗੇ। ਬਰਕਤੁੱਲ੍ਹਾ ਯੂਨੀਵਰਸਟੀ ਸਿਰਫ਼ ਇਕੋ-ਇਕ ਉਚ ਸਿੱਖਿਆ ਸੰਸਥਾ ਹੈ ਜੋ ਰਾਸ਼ਟਰ ਪੱਧਰ ‘ਤੇ ਗ਼ਦਰ ਲਹਿਰ ਦੀ ਯਾਦ ਕਰਾਉਂਦੀ ਹੈ। ਇਹ ਸਿਰਫ਼ ਬਰਕਤੁੱਲ੍ਹਾ ਦਾ ਨਹੀਂ, ਸਾਰੀ ਗਦਰ ਲਹਿਰ ਅਤੇ ਆਜ਼ਾਦੀ ਸੰਗਰਾਮ ਦਾ ਅਪਮਾਨ ਹੈ।
ਹਰ ਗੱਲ ‘ਤੇ ਪਾਕਿਸਤਾਨ ਨਾਲ ਤੁਲਨਾ ਕਰਨ ਵਾਲੀ ਬੀ.ਜੇ.ਪੀ. ਵਾਸਤੇ ਇਹ ਗੱਲ ਜਾਣ ਲੈਣੀ ਬਹੁਤ ਜ਼ਰੂਰੀ ਹੈ ਕਿ ਅੱਜ ਪਾਕਿਸਤਾਨ ਦੀ ਸੱਤਾ ਸਾਡੇ ਮੁਲਕ ਨਾਲੋਂ ਵਧ ਸੈਕੂਲਰ ਨਜ਼ਰ ਆ ਰਹੀ ਹੈ। ਉਨ੍ਹਾਂ ਨੇ 1947 ਤੋਂ ਬਾਅਦ ਗੁੱਸੇ ਵਿਚ ਜਿਹੜੇ ਥਾਵਾਂ ਦੇ ਨਾਵਾਂ ਦਾ ਇਸਲਾਮੀਕਰਨ ਕਰ ਦਿੱਤਾ ਸੀ ਉਨ੍ਹਾਂ ਨੂੰ ਸਰਕਾਰ ਨੇ ਮੁੜ ਤੋਂ ਹਿੰਦੂ ਨਾਂ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਜਿਹੜੇ ਥਾਂ ਕੁਝ ਵਕਤ ਪਹਿਲਾਂ ਇਸਲਾਮਪੁਰਾ, ਮੁਸਤਫ਼ਾਬਾਦ, ਬਾਬਰੀ ਮਸਜਿਦ ਚੌਕ, ਮੌਲਾਨਾ ਜ਼ਫ਼ਰ ਅਲੀ ਖਾਨ ਚੌਕ, ਸੁੰਨਤ ਨਗਰ ਅਤੇ ਰਹਿਮਾਨ ਗਲੀ ਬਣ ਗਏ ਸਨ, ਉਨ੍ਹਾਂ ਨੂੰ ਮੁੜ ਪੁਰਾਣੇ ਨਾਵਾਂ ਨਾਲ ਜਾਣਨ ਦਾ ਸਰਕਾਰੀ ਪ੍ਰਸਤਾਵ ਸੀ ਜਿਵੇਂ ਕ੍ਰਿਸ਼ਨ ਨਗਰ, ਧਰਮਪੁਰਾ, ਜੈਨ ਮੰਦਿਰ ਚੌਕ, ਲਕਸ਼ਮੀ ਚੌਕ, ਸੰਤ ਨਗਰ ਅਤੇ ਰਾਮ ਗਲੀ। ਭਾਵੇਂ ਕੱਟੜਪੰਥੀਆਂ ਨੇ ਅਜੇ ਇਸਨੂੰ ਲਾਗੂ ਨਹੀਂ ਹੋਣ ਦਿੱਤਾ ਪਰ ਸਟੇਟ ਨੇ ਸੈਕੂਲਰ ਹੋਣ ਦਾ ਸਬੂਤ ਜ਼ਰੂਰ ਦਿੱਤਾ ਹੈ। ਭਾਰਤੀ ਸਰਕਾਰ ਲਈ ਸਹੀ ਅਰਥਾਂ ਵਿਚ ਸੈਕੂਲਰ ਹੋਣਾ ਤਾਂ ਦੇਰ ਤੋਂ ਮੁਸ਼ਕਲ ਹੋ ਚੁੱਕਾ ਹੈ ਪਰ ਅਸੀਂ ਇਹ ਕਲਪਨਾ ਵੀ ਨਹੀਂ ਸੀ ਕੀਤੀ ਕਿ ਉਹ ਰਾਸ਼ਟਰਵਾਦੀ ਵੀ ਨਹੀਂ ਰਹੇਗੀ। 1915 ਵਿਚ ਜਦੋਂ ਦਿੱਲੀ ਦੀ ਔਰੰਗਜ਼ੇਬ ਰੋਡ ਦਾ ਨਾਂ ਅਬਦੁਲ ਕਲਾਮ ਦੇ ਨਾਂ ‘ਤੇ ਰੱਖਿਆ ਗਿਆ ਸੀ ਉਦੋਂ ਘੱਟੋ-ਘੱਟ ਰਾਸ਼ਟਰਵਾਦ ਨੂੰ ਪ੍ਰਮੁਖਤਾ ਦਿੱਤੀ ਗਈ ਸੀ। ਪਰ ਹੁਣ ਉਸਨੂੰ ਵੀ ਦਰਕਿਨਾਰ ਕਰਨ ਦੀ ਤਿਆਰੀ ਹੈ। ਪ੍ਰਸਿੱਧ ਅਖਾਣ ਹੈ ਕਿ ‘ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ?’ ਰਾਜਾ ਭੋਜ ਦੀ ਲਿਆਕਤ ਦਾ ਅਸੀਂ ਦਿਲੀ ਸਤਿਕਾਰ ਕਰਦੇ ਹਾਂ; ਉਹ ਨਿਸਚੇ ਹੀ ਵੱਡਾ ਦਾਨਿਸ਼ਵਰ ਸੀ ਪਰ ਇਹ ਵੀ ਸਪੱਸ਼ਟ ਤੌਰ ‘ਤੇ ਕਹਿਣਾ ਚਾਹੁੰਦੇ ਹਾਂ ਕਿ ਬਰਕਤੁੱਲ੍ਹਾ ਕੋਈ ਗੰਗੂ ਤੇਲੀ ਨਹੀਂ ਸੀ। ਮੈਂ ਮੱਧ ਪ੍ਰਦੇਸ਼ ਦੇ ਰਾਜਪਾਲ ਜੀ ਨੂੰ ਅਪੀਲ ਕਰਦਾ ਹਾਂ ਕਿ ਇਸ ਪ੍ਰਸਤਾਵ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ ਕਿਉਂਕਿ ਇਹ ਆਪਣੀ ਭਾਵਨਾ ਵਿਚ ਪੂਰੀ ਤਰ੍ਹਾਂ ਰਾਸ਼ਟਰ-ਵਿਰੋਧੀ ਕਦਮ ਹੈ।