ਸਿਰੜ ਅਤੇ ਸੁਹਿਰਦਤਾ ਦਾ ਨਾਮ ਸੀ ਅਮੋਲਕ ਸਿੰਘ ਜੰਮੂ। ਉਸਦੇ ਰੋਮ-ਰੋਮ ਵਿਚ ਧੜਕਦਾ ਸੀ ਪੰਜਾਬ। ਪੰਜਾਬ ਦੀਆਂ ਰਹਿਤਲਾਂ ਉਸ ਦੀ ਰਗ-ਰਗ ਵਿਚ ਰਮੀਆਂ ਹੋਈਆਂ ਸਨ। ਪੰਜਾਬ ਦੀ ਧਰਤੀ ਤੋਂ ਉੱਠ ਕੇ, ਪਿਛਲੀ ਸਦੀ ਦੇ ਆਖ਼ਰੀ ਸਾਲ ਵਿਚ ਅਮਰੀਕਾ ਦੇ ਰਮਣੀਕ ਇਲਾਕੇ ਵਿਚ ਵਸੇ ਇਤਿਹਾਸਿਕ ਸ਼ਹਿਰ ਸ਼ਿਕਾਗੋ ਦੀ ਫ਼ਿਜ਼ਾ ਵਿਚ
ਪੰਜਾਬੀਅਤ ਦੀ ਬੁਲੰਦ ਆਵਾਜ਼ ਦੀ ਮੋਹੜੀ ਗੱਡਣ ਵਾਲਾ ਇਹ ਸ਼ਖ਼ਸ ‘ਪੰਜਾਬ ਟਾਈਮਜ਼ ਯੂ.ਐਸ.ਏ.’ ਦੇ ਰੂਪ ਵਿਚ ਇਸ ਕਦਰ ਪ੍ਰਗਟ ਹੋਇਆ ਕਿ ਦੁਨੀਆ ਭਰ ਵਿਚ ਵਸਦੇ ਪੰਜਾਬੀ ਪਿਆਰੇ, ਉਸਦੀ ਲਗਨ, ਮਿਹਨਤ ਅਤੇ ਦੂਰ-ਅੰਦੇਸ਼ੀ ਉੱਤੇ ਅਸ਼-ਅਸ਼ ਕਰਨ ਲੱਗੇ।
‘ਪੰਜਾਬ ਟਾਈਮਜ਼’ ਦੇ ਪਹਿਲੇ ਹੀ ਅੰਕ ਦੇ ਸਫ਼ਿਆਂ ਉੱਤੇ ਉਸਨੇ ਪੰਜਾਬੀਅਤ ਦੇ ਵਿਭਿੰਨ ਰੰਗਾਂ ਅਤੇ ਰੂਪਾਂ ਦੇ ਅਜਿਹੇ ਜਲਵੇ ਬਿਖੇਰੇ ਕਿ ਸ਼ਿਕਾਗੋ ਸ਼ਹਿਰ ਦੇ ਆਸ-ਪਾਸ ਦਾ ਹਰ ਪੰਜਾਬੀ ‘ਪੰਜਾਬ ਟਾਈਮਜ਼’ ਦੇ ਹਰ ਸ਼ਬਦ ਨਾਲ ਕਤਰਾ-ਕਤਰਾ ਜੁੜ ਗਿਆ।
ਲੋਕ ਸਰੋਕਾਰਾਂ ਦਾ ਵਰੋਸਾਇਆ ਹੋਇਆ ਇਹ ਹਫ਼ਤਾਵਾਰੀ ਅਖ਼ਬਾਰ ਪੰਜਾਬੀਅਤ ਨਾਲ ਜੁੜੇ ਹਰ ਮੁੱਦੇ ਦਾ ਵਾਹਕ ਬਣ ਗਿਆ। ਧਰਮ, ਰਾਜਨੀਤੀ, ਸਾਹਿਤ, ਸੱਭਿਆਚਾਰ, ਖੇਡਾਂ, ਰਸਮੋ-ਰਿਵਾਜ, ਮੇਲੇ-ਮੁਸਾਵੇ, ਨੀਤੀ ਅਤੇ ਰੀਤੀ ਦੀਆਂ ਗੁੰਝਲਾਂ ਨੂੰ ਪਰਤ-ਦਰ-ਪਰਤ ਖੋਲ੍ਹਣ ਵਾਲਾ ਇਹ ਅਖ਼ਬਾਰ, ਜਿੰਨੀ ਤੇਜ਼ੀ ਨਾਲ ਦੇਸ਼ਾਂ-ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਿਚ ਮਕਬੂਲ ਹੋਇਆ ਇਸ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ।
ਇਸਦੇ ਖ਼ੂਬਸੂਰਤ ਰੰਗੀਨ ਸਫ਼ਿਆਂ ਉੱਤੇ ਚਮਕਦੀ ਸਚਿੱਤਰ ਸਮਗਰੀ ਵਿਚੋਂ ਸਮੁੱਚੇ ਪੰਜਾਬ ਦਾ ਜਨਜੀਵਨ ਝਲਕਦਾ ਦਿਸਦਾ ਹੈ।
‘ਫਿਲਮ ਲੋਕ’ ਅਤੇ ‘ਕਲਾ ਪਰਿਕ੍ਰਮਾ’ ਵਰਗੇ ਵੱਖਰੇ-ਵੱਖਰੇ ਸਫ਼ਿਆਂ ਦੇ ਨਾਲ ਨਾਲ ਸੰਪਾਦਕੀ ਸਫ਼ਾ ਅਤੇ ਭਖਦੇ ਮਸਲਿਆਂ ਦਾ ਸਮਕਾਲੀ ਕੈਨਵਸ ਬਣਿਆ ‘ਪੰਜਾਬ ਟਾਈਮਜ਼’ ਵਰਤਮਾਨ ਦਾ ਅਜਿਹਾ ਸ਼ੀਸ਼ਾ ਹੁੰਦਾ ਹੈ, ਜਿਸ ਵਿਚੋਂ ਹਰ ਪੰਜਾਬੀ ਸੁਭਾਵਿਕ ਹੀ ਆਪਣਾ ਅਕਸ ਵੇਖ ਸਕਦਾ ਹੈ, ਆਪਣਾ ਮੁਹਾਂਦਰਾ ਪਛਾਣ ਸਕਦਾ ਹੈ। ਇਹ ਅਖ਼ਬਾਰ ਹਰ ਹਫ਼ਤੇ ਬੁੱਧਵਾਰ ਨੂੰ ਸਵੇਰੇ-ਸਵੇਰੇ ਅੱਖ ਖੁਲ੍ਹਦਿਆਂ ਹੀ ਆਪ ਜੀ ਦੇ ਸਾਹਮਣੇ ਪੇਸ਼ ਹੋ ਜਾਂਦਾ ਹੈ- ਪੰਜਾਬ ਅਤੇ ਭਾਰਤ ਸਮੇਤ ਵਿਸ਼ਵ ਭਰ ਦੀਆਂ ਤਾਜ਼ਾ ਖ਼ਬਰਾਂ ਦੇ ਨਾਲ-ਨਾਲ ਜਨਜੀਵਨ ਦੀਆਂ ਸਰਗਰਮੀਆਂ ਦੀ ਸਾਰ ਲੈ ਕੇ, ਅਤੇ ਇਸ ਦੇ ਨਾਲ-ਨਾਲ ਵਿਸ਼ਵ ਭਰ ਵਿਚ ਕੁੱਝ ਵੀ ਹੋਣ ਵਾਪਰਨ ਵਾਲੇ ਦੇ ਵੇਰਵੇ ਲੈ ਕੇ। ਅਮਰੀਕਾ ਅਤੇ ਕਨੇਡਾ ਵਿਚ ਵਸਦੇ ਪੰਜਾਬੀਆਂ ਦੇ ਹੇਰਵੇ ਲੈ ਕੇ। ਉਨ੍ਹਾਂ ਦੀਆਂ ਵਰਤਮਾਨ ਮੱਲਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਲੈ ਕੇ।
ਦੁਨੀਆ ਭਰ ਵਿਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ‘ਪੰਜਾਬ ਟਾਈਮਜ਼’ ਨੂੰ ਮਿਲ ਰਿਹਾ ਭਰਪੂਰ ਹੁੰਗਾਰਾ ਇਸ ਗੱਲ ਦਾ ਲਿਖਾਇਕ ਹੈ ਕਿ ਅਮੋਲਕ ਸਿੰਘ ਜੰਮੂ ਜੀ ਨੇ, ਜੋ ਸੁਨਹਿਰੀ ਸੁਪਨੇ ਸਜ਼ਾ ਕੇ ‘ਪੰਜਾਬ ਟਾਈਮਜ਼’ ਦੀ ਸਥਾਪਨਾ ਕੀਤੀ ਸੀ, ਉਹੀ ਜਲੌਅ ‘ਪੰਜਾਬ ਟਾਈਮਜ਼’ ਦੇ ਹਰ ਪੰਨੇ ਵਿਚ ਅੱਜ ਵੀ ਡਲਕਾਂ ਮਾਰਦਾ ਦਿਸਦਾ ਹੈ। ਇਹ ਸਭ ਕੁਝ ਸਿਰਫ਼ ਅਦਾਰੇ ਦੀ ਮਿਹਨਤ ਕਰਕੇ ਹੀ ਸੰਭਵ ਨਹੀਂ ਹੋਇਆ, ਇਸ ਵਿਚ ਉਨ੍ਹਾਂ ਸਾਰੇ ਕਲਮਕਾਰਾਂ ਦਾ ਯੋਗਦਾਨ ਹੈ, ਜੋ ਹਰ ਹਫ਼ਤੇ ਨਵੇਂ ਤੋਂ ਨਵੇਂ ਮੁੱਦੇ ਬਾਰੇ ਆਪਣੇ ਲੇਖ ਲਿਖ ਕੇ ਭੇਜਦੇ ਹਨ। ਇਸ ਵਿਚ ਉਨ੍ਹਾਂ ਸਾਰੇ ਕਾਲਮਨਿਸਟਾਂ ਦਾ ਯੋਗਦਾਨ ਹੈ, ਜੋ ਸਮੇਂ ਸਿਰ ਆਪਣਾ ਕਾਲਮ ਲਿਖ ਕੇ ਭੇਜਦੇ ਹਨ। ਇਸ ਵਿਚ ਉਨ੍ਹਾਂ ਸਾਰੇ ਰਿਪੋਰਟਰਾਂ ਦਾ ਯੋਗਦਾਨ ਹੈ, ਜੋ ਦੇਸ਼-ਵਿਦੇਸ਼ ਵਿਚ ਬੈਠੇ ਹੋਏ ਪੰਜਾਬੀ ਸਰੋਕਾਰਾਂ ਨਾਲ ਜੁੜੀ ਹੋਈ ਹਰ ਘਟਨਾ ਦੀ ਖ਼ਬਰ ਤੁਰੰਤ ‘ਪੰਜਾਬ ਟਾਈਮਜ਼’ ਦੇ ਦਫ਼ਤਰ ਵਿਚ ਪੁੱਜਦੀ ਕਰਨ ਨੂੰ ਆਪਣਾ ਫਰਜ਼ ਸਮਝਦੇ ਹਨ।
‘ਪੰਜਾਬ ਟਾਈਮਜ਼’ ਦੀ ਇਸ ਅਪਾਰ ਸਫ਼ਲਤਾ ਵਿਚ ਸਭ ਤੋਂ ਵੱਡਾ ਯੋਗਦਾਨ ਉਨ੍ਹਾਂ ਪਾਠਕਾਂ ਦਾ ਹੈ, ਜੋ ਹਰ ਹਫ਼ਤੇ ਆਪਣੇ ਇਸ ਪਿਆਰੇ ਅਖ਼ਬਾਰ ਦੀ ਉਡੀਕ ਵਿਚ ਅੱਖਾਂ ਵਿਛਾ ਕੇ ਬੈਠੇ ਹੁੰਦੇ ਹਨ। ਇਹ ਸਭ ਕੁਝ ਤਾਂ ਹੀ ਸੰਭਵ ਹੁੰਦਾ ਹੈ, ਕਿਉਂਕਿ ਸਾਡੇ ਸਲਾਹਕਾਰਾਂ ਦੀ ਦੂਰ -ਅੰਦੇਸ਼ੀ ਇਸ ਦੀ ਰੂਪਰੇਖਾ ਨੂੰ, ਨਿੱਤ ਨਵੇਂ ਸਿਰੇ ਤੋਂ, ਨਵੇਂ ਤੋਂ ਨਵੇਂ ਅੰਦਾਜ਼ ਵਿਚ, ਨਿਹਾਰਦੀ ਰਹਿੰਦੀ ਹੈ ਅਤੇ ਕੁਝ ਨਾ ਕੁਝ ਨਵਾਂ ਕਰਨ ਲਈ ਸਾਨੂੰ ਪ੍ਰੇਰਨਾ ਦਿੰਦੀ ਰਹਿੰਦੀ ਹੈ। ਪ੍ਰੰਤੂ ਇਸ ਪ੍ਰੇਰਨਾ ਦੇ ਪੂਰ ਪਾਰ ਲੱਗਣੇ ਉਦੋਂ ਹੀ ਸੰਭਵ ਹੁੰਦੇ ਹਨ, ਜਦੋਂ ਸਾਡੇ ਸਹਿਯੋਗੀ ਸਾਡੀਆਂ ਝੋਲੀਆਂ ਨੂੰ ਮਾਇਆ ਨਾਲ ਭਰ ਦਿੰਦੇ ਹਨ।
ਅਥਾਹ ਆਰਥਿਕ ਤੰਗੀਆਂ ਨੂੰ ਝੇਲਦਾ ਹੋਇਆ ਵੀ ‘ਪੰਜਾਬ ਟਾਈਮਜ਼’ ਜੇਕਰ 26 ਪਤਝੜਾਂ ਦੇ ਨਾਲ-ਨਾਲ ਹੀ 26 ਬਹਾਰਾਂ ਵੀ ਹੰਢਾ ਚੁੱਕਿਆ ਹੈ ਤਾਂ ਇਸ ਦਾ ਸਾਰਾ ਸਿਹਰਾ ਸਾਡੇ ਆਰਥਿਕ ਸਹਿਯੋਗੀਆਂ ਦੇ ਸਿਰ ਹੈ।
ਸਾਡੇ ਆਸ਼ੇ ਬਹੁਤ ਸਪਸ਼ਟ ਹਨ:
-ਵਿਸ਼ਵ ਭਰ ਵਿਚ ਵਸਦੇ ਪੰਜਾਬੀ ਡਾਇਸਪੋਰਾ ਦੀਆਂ ਦੁਸ਼ਵਾਰੀਆਂ ਨੂੰ ਦੂਰ ਕਰਨ ਲਈ ਆਵਾਜ਼ ਬੁਲੰਦ ਕਰਨਾ ਅਤੇ ਉਨ੍ਹਾਂ ਦੀਆਂ ਆਕੰਖਿਆਵਾਂ ਦੀ ਪੂਰਤੀ ਲਈ ਚੰਗਾ ਸਮਾਜ ਸਿਰਜਣ ਲਈ ਬੌਧਿਕ ਮਾਹੌਲ ਪੈਦਾ ਕਰਨ ਦਾ ਯਤਨ ਕਰਨਾ।
-ਵੱਖ ਵੱਖ ਦੇਸ਼ਾਂ ਦੇ ਪੰਜਾਬੀ ਸਮਾਜਾਂ ਦੀਆਂ ਸਰਗਰਮੀਆਂ ਲਈ ਬਿਨਾਂ ਕਿਸੇ ਭਿੰਨ-ਭੇਦ ਦੇ ‘ਪੰਜਾਬ ਟਾਈਮਜ਼’ ਦਾ ਸਾਂਝਾ ਮੰਚ ਮੁਹਈਆ ਕਰਨਾ।
-ਸਾਫ਼-ਸੁਥਰੀ ਸਿਆਸਤ ਅਤੇ ਸਿਹਤਮੰਦ ਸਾਹਿਤ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ।
-ਦੇਸ਼ ਵਿਦੇਸ਼ ਵਿਚ ਫੈਲੇ ਪੰਜਾਬੀਆਂ ਦੇ ਹਿੱਸੇ ਆਈਆਂ ਸਫ਼ਲਤਾਵਾਂ ਨੂੰ, ਦੇਸ਼ ਵਿਦੇਸ਼ ਵਿਚ ਬੈਠੇ ਪੰਜਾਬੀਆਂ ਨਾਲ ਸਾਂਝਾ ਕਰਨਾ ਤਾਂ ਕਿ ਹਰ ਪੰਜਾਬੀ ਉਸ ਤੋਂ ਪ੍ਰੇਰਨਾ ਲੈ ਸਕੇ ਅਤੇ ਹੋਰ ਅੱਗੇ ਵਧ ਸਕੇ।
-‘ਪੰਜਾਬ ਟਾਈਮਜ਼’ ਨੂੰ ਸਹੀ ਅਰਥਾਂ ਵਿਚ ਪੰਜਾਬੀ ਸਰੋਕਾਰਾਂ ਦੀ ਹੱਕੀ ਆਵਾਜ਼ ਵਜੋਂ ਸਥਾਪਿਤ ਕਰੀ ਰੱਖਣਾ।
ਇਨ੍ਹਾਂ ਸਾਰੇ ਆਸ਼ਿਆਂ ਦੇ ਨਾਲ-ਨਾਲ ਸਾਡਾ ਇੱਕ ਭਾਵਕ ਆਸ਼ਾ ਇਹ ਵੀ ਹੈ ਕਿ ਸਵਰਗੀ ਅਮੋਲਕ ਸਿੰਘ ਜੰਮੂ ਵੱਲੋਂ ਸ਼ੁਰੂ ਕੀਤੇ ਗਏ ਇਸ ਆਦਰਸ਼ਕ ਅਖ਼ਬਾਰ ਨੂੰ ਉਨ੍ਹਾਂ ਦੀ ਯਾਦਗਾਰ ਵਜੋਂ ਹਰ ਹੀਲੇ ਚੱਲਦਾ ਰੱਖਿਆ ਜਾਵੇ ਤਾਂ ਕਿ ਉਹ ਜਿੱਥੇ ਕਿਤੇ ਹੋਣ ‘ਪੰਜਾਬ ਟਾਈਮਜ਼’ ਦੀ ਪ੍ਰਫੁੱਲਤਾ ਨੂੰ ਵੇਖ ਕੇ, ਉਨ੍ਹਾਂ ਦੀ ਰੂਹ ਖਿੜੀ ਰਹੇ।
ਇਸੇ ਭਾਵਨਾ ਅਤੇ ਜਜ਼ਬੇ ਨਾਲ ਅਸੀਂ ‘ਪੰਜਾਬ ਟਾਈਮਜ਼’ ਨੂੰ ਜਿਊਂਦਾ ਰੱਖਣ ਲਈ, ਆਪਣੇ ਲਹੂ ਦਾ ਕਤਰਾ-ਕਤਰਾ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਹਰ ਸਾਲ ਮਨਾਈ ਜਾਂਦੀ ‘ਪੰਜਾਬ ਟਾਈਮਜ਼ ਨਾਈਟ’ ਵੀ ਇਸੇ ਆਸ਼ੇ, ਭਾਵਨਾ ਅਤੇ ਜਜ਼ਬੇ ਦੀ ਲਿਖਾਇਕ ਹੈ। ਇਸ ਨਾਈਟ ਵਿਚ ਸ਼ਾਮਿਲ ਹੋਣ ਵਾਲੇ ਹਰ ਹਾਜ਼ਰੀਨ ਦਾ ਸਤਿਕਾਰ ਕਰਦੇ ਹੋਏ, ‘ਪੰਜਾਬ ਟਾਈਮਜ਼’ ਉਨ੍ਹਾਂ ਸਭ ਮਹਿਮਾਨਾਂ ਦਾ ਰਿਣੀ ਰਹੇਗਾ, ਜੋ ਇਸ ਸਾਲ ਵੀ 26 ਸਾਲਾਂ ਦੇ ਸੁਨਹਿਰੀ ਸਫ਼ਰ ਦੀ ਸੰਪੂਰਨਤਾ ਦੇ ਜਸ਼ਨਾਂ ਵਿਚ ਸ਼ਾਮਿਲ ਹੋ ਰਹੇ ਹਨ।
ਇਸ ਸ਼ਾਨਾਮੱਤੇ ਸਮੇਂ ਉੱਤੇ ‘ਪੰਜਾਬ ਟਾਈਮਜ਼’ ਨੂੰ ਹੋਰ ਬਿਹਤਰ ਬਣਾਉਣ ਦਾ ਪ੍ਰਣ ਕਰਦੇ ਹੋਏ ਇਹ ਦੁਆ ਕਰਦੇ ਹਾਂ ਕਿ ਪਰਮਾਤਮਾ ਇਹ ਸਫਰ ਨੂੰ ਹੋਰ, ਹੋਰ ਸੁਨਹਿਰੀ ਕਰਦਾ ਰਹੇ ਤਾਂ ਕਿ ਅਮੋਲਕ ਸਿੰਘ ਜੰਮੂ ਜੀ ਦਾ ਅਨਮੋਲ ਸੁਪਨਾ ਉਨ੍ਹਾਂ ਦੀ ਯਾਦ ਵਿੱਚ ਹਮੇਸ਼ਾ ਜਾਗਦਾ ਰਹੇ।
