ਇਨਕਲਾਬੀ ਆਗੂ ਬਰਕਤਉੱਲ੍ਹਾ ਅਤੇ ਇਤਿਹਾਸ ਨੂੰ ਮਿਟਾਉਣ ਦੀ ਸਿਆਸਤ

-ਬੂਟਾ ਸਿੰਘ ਮਹਿਮੂਦਪੁਰ
ਸ਼ਹਿਰਾਂ, ਸੜਕਾਂ ਦੇ ਇਤਿਹਾਸਕ ਨਾਵਾਂ ਦੀ ਸਥਾਪਤ ਪਛਾਣ ਨੂੰ ਮਿਟਾ ਕੇ ਆਪਣੇ ਮਨਪਸੰਦ ਹਿੰਦੂ ਨਾਂ ਥੋਪਣ ਦਾ ਭਗਵਾ ਪ੍ਰੋਜੈਕਟ ਸਿਲਸਿਲੇਵਾਰ ਤਰੀਕੇ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਅਲਾਹਾਬਾਦ ਦਾ ਨਾਂ ਬਦਲ ਕੇ ‘ਪ੍ਰਯਾਗਰਾਜ’, ਮੁਗ਼ਲਸਰਾਏ ਦਾ ‘ਦੀਨ ਦਿਆਲ ਉਪਾਧਿਆਏ ਨਗਰ’, ਗੁੜਗਾਓਂ ਦਾ ‘ਗੁਰੂਗ੍ਰਾਮ’, ਔਰੰਗਾਬਾਦ ਦਾ ‘ਛਤਰਪਤੀ ਸੰਭਾਜੀ ਨਗਰ ਕਰਨ’ ਅਤੇ ਹੋਰ ਪਤਾ ਨਹੀਂ ਕੀ-ਕੀ ਕਰਨ ਤੋਂ ਬਾਅਦ ਹੁਣ ਭਗਵਾ ਫਿਰਕਾਪ੍ਰਸਤਾਂ ਨੇ ਉਨ੍ਹਾਂ ਯੂਨੀਵਰਸਿਟੀਆਂ ਉੱਪਰ ਝਪਟਣਾ ਸ਼ੁਰੂ ਕਰ ਦਿੱਤਾ ਹੈ

ਜਿਨ੍ਹਾਂ ਦੇ ਨਾਮ ਮੁਸਲਮਾਨ ਹਨ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਬਰਕਤਉੱਲ੍ਹਾ ਯੂਨੀਵਰਸਿਟੀ ਦੀ ਕਾਰਜਕਾਰੀ ਕੌਂਸਲ ਨੇ 3 ਜੂਨ 2026 ਨੂੰ ਇਸ ਸੰਸਥਾ ਦਾ ਨਾਂ ਬਦਲਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਕੇ ਅਗਲੀ ਕਾਰਵਾਈ ਲਈ ਗਵਰਨਰ ਨੂੰ ਭੇਜ ਦਿੱਤੀ ਹੈ। 1970 ਵਿਚ ਬਣਾਈ ਗਈ ਭੋਪਾਲ ਯੂਨੀਵਰਸਿਟੀ ਦਾ ਨਾਮ 1988 ਵਿਚ ਬਦਲ ਕੇ ਮਹਾਨ ਵਿਦਵਾਨ ਅਤੇ ਕੱਦਾਵਰ ਇਨਕਲਾਬੀ ਮੁਹੰਮਦ ਬਰਕਤਉੱਲ੍ਹਾ ਦੇ ਸਨਮਾਨ ਵਿਚ ‘ਬਰਕਤਉੱਲ੍ਹਾ ਯੂਨੀਵਰਸਿਟੀ’ ਰੱਖਿਆ ਗਿਆ ਸੀ। ਉਸਦੀ ਮੌਤ ਤੋਂ 100 ਸਾਲ ਬਾਅਦ ਭਗਵਾ ਬਰਗੇਡ ਯੂਨੀਵਰਸਿਟੀ ਦੇ ਨਾਂ ਵਿਚੋਂ ਉਸਦਾ ਨਾਂ ਮਿਟਾ ਕੇ ਵੱਕਾਰੀ ਸੰਸਥਾ ਦਾ ਨਾਂ ‘ਵਾਗਦੇਵੀ ਭੋਜਪਾਲ ਯੂਨੀਵਰਸਿਟੀ’ ਰੱਖਣ ਲਈ ਤਾਹੂ ਹੈ।
‘ਵਾਗਦੇਵੀ’ ਦੇਵੀ ਸਰਸਵਤੀ ਨੂੰ ਕਿਹਾ ਜਾਂਦਾ ਹੈ ਜਿਸਨੂੰ ਹਿੰਦੂ ਧਰਮ ਵਿਚ ਵਿਦਿਆ ਤੇ ਬੁੱਧੀ ਦੀ ਦੇਵੀ ਮੰਨਿਆ ਜਾਂਦਾ ਹੈ। ‘ਭੋਜਪਾਲ’ 11ਵੀਂ ਸਦੀ ਦੇ ਰਾਜਾ ਭੋਜ ਨਾਲ ਜੋੜ ਕੇ ਭੋਪਾਲ ਲਈ ਵਰਤਿਆ ਜਾਂਦਾ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਭੋਪਾਲ ਦੀ ਸਥਾਪਨਾ ਕੀਤੀ ਸੀ। ਨਵਾਂ ਨਾਂ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਮੌਲਾਨਾ ਬਰਕਤਉੱਲ੍ਹਾ ਦਾ ਭੋਪਾਲ ਨਾਲ ਬਸ ਏਨਾ ਕੁ ਸੰਬੰਧ ਸੀ ਕਿ ਉਹ ਇਸੇ ਸ਼ਹਿਰ ਦਾ ਜੰਮਪਲ ਸੀ। ਉਨ੍ਹਾਂ ਦੀ ਦਲੀਲ ਹੈ ਕਿ ਉਸਦੀ ਤੁਲਨਾ ਰਾਜਾ ਭੋਜ ਨਾਲ ਕਰੋ ਜਿਸਨੇ ਇਹ ਸ਼ਹਿਰ ਵਸਾਇਆ। ਫਿਰ ਕਿਉਂ ਨਾ ਨਵਾਂ ਨਾਂ ਭੋਪਾਲ ਦੀ ਇਤਿਹਾਸਕ ਤੇ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੋਇਆ ਰੱਖਿਆ ਜਾਵੇ।
ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਨਾਂ ਬਦਲਣ ਵਾਲਿਆਂ ਨੂੰ ਬਰਕਤਉੱਲ੍ਹਾ ਦੇ ਇਤਿਹਾਸਕ ਯੋਗਦਾਨ ਦੀ ਜਾਣਕਾਰੀ ਨਹੀਂ ਹੈ। ਉਪਰੋਕਤ ਯੂਨੀਵਰਸਿਟੀ ਦੀ ਆਪਣੀ ਵੈੱਬਸਾਈਟ ਉੱਪਰ ਉੱਘੜਵੇਂ ਰੂਪ ’ਚ ਦਰਜ ਹੈ ਕਿ ਯੂਨੀਵਰਸਿਟੀ ਦਾ ਨਾਂ ‘1988 ’ਚ ਬਦਲ ਕੇ ਭੋਪਾਲ ਦੇ ਮਹਾਨ ਸੁਤੰਤਰਤਾ ਸੈਨਾਨੀ ਪ੍ਰੋ. ਬਰਕਤਉੱਲ੍ਹਾ ਦੀ ਯਾਦ ਵਿਚ ਬਰਕਤਉੱਲ੍ਹਾ ਯੂਨੀਵਰਸਿਟੀ ਰੱਖਿਆ ਗਿਆ।’ ਸਾਵਰਕਰ ਕਿਆਂ ਨੂੰ ਸਭ ਪਤਾ ਹੈ ਅਤੇ ਉਹ ਸੁਚੇਤ ਰੂਪ ’ਚ ਖ਼ਾਸ ਇਤਿਹਾਸਕ ਤੇ ਵਿਰਾਸਤੀ ਚਿੰਨ੍ਹਾਂ ਨੂੰ ਮਿਟਾ ਕੇ ਆਪਣਾ ਖੋਟਾ ਇਤਿਹਾਸ ਅਤੇ ਆਪਣੇ ਮਿੱਥਹਾਸਕ ਚਿੰਨ੍ਹ ਸਥਾਪਤ ਕਰਨਾ ਚਾਹੁੰਦੇ ਹਨ।
ਮੌਲਾਨਾ ਵਜੋਂ ਜਾਣੇ ਜਾਂਦੇ ਬਰਕਤਉੱਲ੍ਹਾ ਵਿਦਵਤਾ, ਦੇਸ਼ਭਗਤੀ ਅਤੇ ਮਾਨਵਤਾ ਦੀ ਮੁਕਤੀ ਲਈ ਆਪਾ ਵਾਰਨ ਦੀ ਉੱਚਕੋਟੀ ਦੀ ਮਿਸਾਲ ਸਨ। ਉਹ ਜ਼ਹੀਨ ਪੱਤਰਕਾਰ, ਸ਼ਾਨਦਾਰ ਵਕਤਾ, ਇਸਲਾਮ ਦੇ ਉੱਘੇ ਵਿਦਵਾਨ, ਮਾਨਵਤਾਵਾਦੀ ਚਿੰਤਕ, ਸੱਚੇ ਵਤਨ-ਪ੍ਰੇਮੀ, ਕਈ ਪੁਸਤਕਾਂ ਦੇ ਰਚੇਤਾ, ਸੱਤ ਤੋਂ ਵੱਧ ਭਾਸ਼ਾਵਾਂ ਦੇ ਗਿਆਤਾ ਸ਼ਖ਼ਸੀਅਤ ਹਨ। ਉਨ੍ਹਾਂ ਨੂੰ ਇਨਕਲਾਬੀ ਦੇਸ਼ਭਗਤਾਂ ਨੇ ਭਾਰਤ ਦੀ ਪਹਿਲੀ ‘ਜਲਾਵਤਨ ਸਰਕਾਰ’ ਦਾ ਪ੍ਰਧਾਨ ਮੰਤਰੀ ਬਣਾਏ ਜਾਣ ਦਾ ਮਾਣ ਓਦੋਂ ਬਖ਼ਸ਼ਿਆ ਸੀ, ਜਦੋਂ ਭਗਵਾ ਧਿਰ ਦਾ ‘ਵੀਰ’ ਅੰਡਮਾਨ ਜੇਲ੍ਹ ਵਿਚੋਂ ਬਾਹਰ ਆਉਣ ਲਈ ਮਾਫ਼ੀਨਾਮੇ ਲਿਖ ਕੇ ਅੰਗਰੇਜ਼ ਹਕੂਮਤ ਦੀਆਂ ਲੇਲੜੀਆਂ ਕੱਢ ਰਿਹਾ ਸੀ। ਬਰਕਤਉੱਲ੍ਹਾ ਨੇ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਮੁਕਾਬਲਾ ਕਰਦਿਆਂ ਭਾਰਤ ਦੀ ਜੰਗੇ-ਆਜ਼ਾਦੀ ਵਿਚ ਵੱਡਾ ਯੋਗਦਾਨ ਪਾਇਆ। ਜਦੋਂ ਬਰਤਾਨਵੀ ਖ਼ੁਫ਼ੀਆ ਏਜੰਟ ਸਾਰੇ ਮੁਲਕਾਂ ਵਿਚ ਦਿਨ-ਰਾਤ ਇਨਕਲਾਬੀ ਸਰਗਰਮੀਆਂ ਦੀ ਸੂਹ ਲੈਣ ਲਈ ਹਰਲ-ਹਰਲ ਕਰਦੇ ਫਿਰਦੇ ਹੋਣ, ਓਦੋਂ ਦੁਨੀਆ ਵਿਚ ਘੁੰਮ ਕੇ ਇਨਕਲਾਬੀ ਤਾਣਾ-ਬਾਣਾ ਉਸਾਰਨ ’ਚ ਜੁੱਟੇ ਰਹਿਣਾ ਮਾਮੂਲੀ ਗੱਲ ਨਹੀਂ ਹੈ। ਬਰਕਤਉੱਲ੍ਹਾ ਅਤੇ ਉਸਦੇ ਗ਼ਦਰੀ ਸਾਥੀਆਂ ਨੇ ਮੁਕੰਮਲ ਆਜ਼ਾਦੀ ਲਈ ਬਗ਼ਾਵਤ ਦਾ ਝੰਡਾ ਉਦੋਂ ਬੁਲੰਦ ਕੀਤਾ ਜਦੋਂ ਜ਼ਿਆਦਾਤਰ ਕਥਿਤ ਦੇਸ਼ਭਗਤ ਤਾਕਤਾਂ ਅੰਗਰੇਜ਼ੀ ਰਾਜ ਤੋਂ ਡੁਮੀਨੀਅਨ ਸਟੇਟਸ ਦੀ ਮੰਗ ਕਰਨ ਤੱਕ ਸੀਮਤ ਸਨ। ਵਿਰੋਧੀ ਹਾਲਾਤਾਂ ਅਤੇ ਮੁਸ਼ਕਲਾਂ ਦੇ ਬਾਵਜੂਦ ਉਸ ਨੇ ਆਪਣੀ ਪ੍ਰਤਿਭਾ ਅਤੇ ਕਠੋਰ ਮਿਹਨਤ ਦੇ ਜ਼ੋਰ ਕਈ ਖੇਤਰਾਂ ਵਿਚ ਵਿਸ਼ੇਸ਼ ਸਥਾਨ ਹਾਸਲ ਕੀਤੇ। ਯੂਨੀਵਰਸਿਟੀ ਦਾ ਨਾਂ ਉਸਦੀ ਮਹਾਨ ਘਾਲਣਾ ਦਾ ਬਹੁਤ ਨਿੱਕਾ ਜਿਹਾ ਸਨਮਾਨ ਸੀ। ਸਾਵਰਕਰ ਕਿਆਂ ਤੋਂ ਇਹ ਵੀ ਜਰਿਆ ਨਹੀਂ ਜਾ ਰਿਹਾ। ਉਹ ਉਸ ਸ਼ਖ਼ਸੀਅਤ ਨੂੰ ਲੋਕਾਈ ਦੇ ਚੇਤਿਆਂ ਵਿਚੋਂ ਮਿਟਾਉਣਾ ਚਾਹੁੰਦੇ ਹਨ ਜਿਸਦੀ ਸਮੁੱਚੀ ਜ਼ਿੰਦਗੀ ਧਰਮਨਿਰਪੱਖਤਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਦੇਸ਼ਭਗਤੀ ਦਾ ਚਿੰਨ੍ਹ ਹੈ।
ਬਰਕਤਉੱਲ੍ਹਾ ਦਾ ਜਨਮ 7 ਜੁਲਾਈ 1854 ਨੂੰ ਮੱਧ ਪ੍ਰਦੇਸ਼ ਦੇ ਭੋਪਾਲ ਸ਼ਹਿਰ ਵਿਚ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁੱਢਲੀ ਤੋਂ ਲੈ ਕੇ ਕਾਲਜ ਪੱਧਰ ਦੀ ਪੜ੍ਹਾਈ ਭੋਪਾਲ ਵਿਚ ਕੀਤੀ। ਫਿਰ ਉੱਚ ਪੜ੍ਹਾਈ ਲਈ ਉਹ ਬੰਬਈ ਅਤੇ ਲੰਡਨ ਗਏ। ਉਨ੍ਹਾਂ ਨੇ ਆਪਣੀ ਪ੍ਰਤਿਭਾ, ਦ੍ਰਿੜਤਾ ਅਤੇ ਮਿਹਨਤ ਦੇ ਜ਼ੋਰ ਉੱਚੇ ਮੁਕਾਮ ਹਾਸਲ ਕੀਤੇ। ਇਸ ‘ਬਹੁਤ ਹੀ ਤੇਜ਼ ਬੁੱਧੀ ਵਾਲੇ ਨੌਜਵਾਨ’ ਨੇ ਮਦਰੱਸਾ-ਏ-ਸੁਲੇਮਾਨੀਆ ਵਿਖੇ ਅਰਬੀ, ਇਰਾਨੀ, ਉਰਦੂ ਜ਼ਬਾਨਾਂ ਅਤੇ ਮੁਸਲਿਮ ਫ਼ਲਸਫ਼ੇ ਦਾ ਅਧਿਐਨ ਕੀਤਾ ਅਤੇ ਉੱਨੀ ਵਰਿ੍ਹਆਂ ਦੀ ਉਮਰ ‘ਚ ਬੰਬਈ ਤੇ ਖੰਡਵਾ ਵਿਚ ਅਧਿਆਪਕ ਦੀਆਂ ਸੇਵਾਵਾਂ ਦੇਣ ਦੇ ਉਦੇਸ਼ ਨਾਲ ਘਰ ਛੱਡ ਦਿੱਤਾ। ਸਰਬ-ਇਸਲਾਮਿਕ ਸੁਧਾਰਕ ਸਈਅਦ ਜਮਾਲ ਅਲ-ਦੀਨ ਅਫ਼ਗਾਨੀ ਨੂੰ ਮਿਲ ਕੇ ਉਹ ਬਹੁਤ ਪ੍ਰਭਾਵਤ ਹੋਏ। ਇਸ ਮੁਲਾਕਾਤ ਨੇ ਉਸਦਾ ਸੰਸਾਰ ਨਜ਼ਰੀਆ ਤਰਾਸ਼ਣ ਅਤੇ ਇਸਲਾਮਿਕ ਜਗਤ ਤੇ ਏਸ਼ੀਆ ਉੱਪਰ ਪੱਛਮੀ ਸਾਮਰਾਜੀ ਕੰਟਰੋਲ ਨੂੰ ਤੋੜਨ ਲਈ ਲੜਨ ਦਾ ਰਾਹ ਅਖ਼ਤਿਆਰ ਕਰਨ ਲਈ ਪ੍ਰੇਰਨ ’ਚ ਅਹਿਮ ਭੂਮਿਕਾ ਨਿਭਾਈ। 1895 ‘ਚ ਉਹ ਲਿਵਰਪੂਲ ਯੂਨੀਵਰਸਿਟੀ ਵਿਖੇ ਓਰੀਐਂਟਲ ਕਾਲਜ ਵਿਚ ਅਰਬੀ ਪੜ੍ਹਾਉਣ ਲਈ ਇੰਗਲੈਂਡ ਚਲੇ ਗਏ। ਇੱਥੇ ਉਹ ਭਾਰਤੀ ਇਨਕਲਾਬੀਆਂ ਦੇ ਸੰਪਰਕ ’ਚ ਆਏ ਅਤੇ ਉਨ੍ਹਾਂ ਦੀਆਂ ਅੰਗਰੇਜ਼ ਹਕੂਮਤ ਤੇ ਨਸਲਵਾਦ ਵਿਰੁੱਧ ਲਿਖਤਾਂ ਅਤੇ ਸਰਗਰਮੀਆਂ ਕਾਰਨ ਬਰਤਾਨਵੀ ਹਕੂਮਤ ਨੇ ਸਖ਼ਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਉਹ ਲੰਦਨ ਵਿਚ ਮੁਸਲਿਮ ਦੇਸ਼ਭਗਤ ਲੀਗ ਦੀਆਂ ਮੀਟਿੰਗਾਂ ਵਿਚ ਹਿੱਸਾ ਲੈਂਦੇ ਸਨ ਅਤੇ ਦੀ ‘ਕਰੈਸੈਂਟ’ ਨਾਂ ਦਾ ਅਖ਼ਬਾਰ ਤੇ ‘ਦੀ ਇਸਲਾਮਿਕ ਵਰਲਡ’ ਨਾਂ ਦੇ ਰਸਾਲੇ ਦੇ ਸੰਪਾਦਕੀ ਕੰਮਾਂ ਵਿਚ ਹੱਥ ਵਟਾ ਰਹੇ ਸਨ। ਇਸ ਦੌਰਾਨ 1909 ’ਚ ਉਹ ਜਪਾਨ ਦੀ ਟੋਕਿਓ ਯੂਨੀਵਰਸਿਟੀ ਵਿਚ ਪੂਰਬੀ ਭਾਸ਼ਾਵਾਂ ਦੇ ਪ੍ਰੋਫੈਸਰ ਨਿਯੁਕਤ ਕਰ ਲਏ ਗਏ। ਉਨ੍ਹਾਂ ਨੇ ਦੇਸ਼ਭਗਤ ਇਨਕਲਾਬੀਆਂ ਅਤੇ ਮੌਲਾਨਾ ਹਸਰਤ ਮੋਹਾਨੀ ਵਰਗੀਆਂ ਆਗੂ ਸ਼ਖ਼ਸੀਅਤਾਂ ਨਾਲ ਸੰਪਰਕ ਬਣਾਈ ਰੱਖਿਆ। ਅੰਗਰੇਜ਼ੀ ਰਾਜ ਵਿਰੁੱਧ ਲਿਖਣ ਅਤੇ ਸਰਗਰਮੀਆਂ ਕਾਰਨ 1914 ਵਿਚ ਯੂਨੀਵਰਸਿਟੀ ਨੇ ਉਨ੍ਹਾਂ ਦੀ ਨਿਯੁਕਤੀ ਬਰਖ਼ਾਸਤ ਕਰ ਦਿੱਤੀ ਗਈ। ਉੱਥੋਂ ਉਹ ਸਮੁੰਦਰੀ ਜਹਾਜ਼ ਰਾਹੀਂ ਨਿਊਯਾਰਕ ਚਲੇ ਗਏ। ਸੈਮੂਅਲ ਲੁਕਾਸ ਜੋਸ਼ੀ ਵਰਗੀਆਂ ਸ਼ਖ਼ਸੀਅਤਾਂ ਨਾਲ ਮਿਲ ਕੇ ਉਨ੍ਹਾਂ ਨੇ ਸਰਬ-ਆਰੀਅਨ ਐਸੋਸੀਏਸ਼ਨ ਬਣਾਈ ਜਿਸਦਾ ਨਿਸ਼ਾਨਾ ਬਰਤਾਨਵੀ ਰਾਜ ਵਿਰੁੱਧ ਪ੍ਰਚਾਰ ਕਰਦੇ ਹੋਏ ਅਤੇ ਹਿੰਦੂਆਂ ਤੇ ਮੁਸਲਮਾਨਾਂ ਦਰਮਿਆਨ ਸਦਭਾਵਨਾ ਨੂੰ ਉਤਸ਼ਾਹਤ ਕਰਦੇ ਹੋਏ ਭਾਰਤ ਅਤੇ ਅਮਰੀਕਾ ਦਰਮਿਆਨ ਸੰਬੰਧ ਮਜ਼ਬੂਤ ਕਰਨਾ ਸੀ।
ਅਮਰੀਕਾ ਵਿਚ ਗ਼ਦਰ ਪਾਰਟੀ ਬਣਾਏ ਜਾਣ ਸਮੇਂ ਉਹ ਇਸਦੇ ਬਾਨੀ ਮੈਂਬਰਾਂ ’ਚ ਸ਼ੁਮਾਰ ਸਨ। ਉਨ੍ਹਾਂ ਨੂੰ ਗ਼ਦਰ ਪਾਰਟੀ ਦੇ ਮੀਤ ਪ੍ਰਧਾਨ ਬਣਾਉਣਾ ਬਹੁਤ ਵੱਡੀ ਗੱਲ ਸੀ। 1915 ਵਿਚ ਉਹ ਗ਼ਦਰ ਪਾਰਟੀ ਦੇ ਤੁਰਕੀ-ਜਰਮਨ ਮਿਸ਼ਨ ਦੇ ਤਹਿਤ ਕਾਬੁਲ ਗਏ। ਕਾਬੁਲ ਵਿਚ ਮਸ਼ਹੂਰ ਇਨਕਲਾਬੀ ਉਬੈਦੁੱਲ੍ਹਾ ਸਿੰਧੀ ਅਤੇ ਰਾਜਾ ਮਹਿੰਦਰ ਪ੍ਰਤਾਪ ਨਾਲ ਮਿਲ ਕੇ 1 ਦਸੰਬਰ 1915 ਨੂੰ ਭਾਰਤ ਦੀ ਜੋ ਜਲਾਵਤਨ ਸਰਕਾਰ ਬਣਾਈ ਗਈ ਉਸਦੇ ਪ੍ਰਧਾਨ ਮੰਤਰੀ ਬਰਕਤਉੱਲ੍ਹਾ ਨੂੰ ਬਣਾਇਆ ਗਿਆ। ਉਨ੍ਹਾਂ ਨੇ ਗ਼ਦਰੀ ਲੀਡਰਸ਼ਿੱਪ ਦੀ ਯੋਜਨਾ ਅਨੁਸਾਰ ਬਦੇਸ਼ਾਂ ਵਿਚ ਇਨਕਲਾਬੀ ਤਾਕਤਾਂ ਨੂੰ ਜੋੜਨ ਅਤੇ ਅੰਗਰੇਜ਼ੀ ਸਾਮਰਾਜ ਵਿਰੋਧੀ ਹੋਰ ਤਾਕਤਾਂ ਦੀ ਮੱਦਦ ਲੈਣ ਦੇ ਮਿਸ਼ਨ ਤਹਿਤ ਬਹੁਤ ਸਾਰੇ ਮੁਲਕਾਂ ਦੇ ਦੌਰੇ ਕੀਤੇ। 1920ਵਿਆਂ ਦੇ ਮੁੱਢਲੇ ਸਾਲਾਂ ਵਿਚ ਉਨ੍ਹਾਂ ਨੇ ਜਰਮਨੀ, ਫਰਾਂਸ ਅਤੇ ਸੋਵੀਅਤ ਰੂਸ ਵਿਚ ਜਾ ਕੇ ਪਰਦੇਸਾਂ ਵਿਚ ਰਹਿ ਰਹੇ ਭਾਰਤੀਆਂ ਨੂੰ ਗ਼ਦਰ ਲਹਿਰ ਨਾਲ ਜੋੜਨ ਲਈ ਬਹੁਤ ਯਤਨ ਕੀਤੇ। ਉਨ੍ਹਾਂ ਨੇ ਸਾਮਰਾਜਵਾਦ ਵਿਰੋਧੀ ਲੀਗ ਦੇ ਸੰਮੇਲਨ ਸਮੇਂ ਅਤੇ ਹੋਰ ਕਈ ਸੰਸਥਾਵਾਂ ਨਾਲ ਸੰਪਰਕ ਬਣਾਉਣ ਤੇ ਚਰਚਾਵਾਂ ਕਰਨ ਵਿਚ ਹਿੰਦੁਸਤਾਨੀ ਗ਼ਦਰ ਪਾਰਟੀ ਦੀ ਅਧਿਕਾਰਕ ਨੁਮਾਇੰਦਗੀ ਕੀਤੀ।
ਉਹ ਸੋਵੀਅਤ ਯੂਨੀਅਨ ਵਿਚ ਪ੍ਰਮੁੱਖ ਬਾਲਸ਼ਵਿਕ ਆਗੂ ਲੈਨਿਨ ਨੂੰ ਮਿਲੇ ਅਤੇ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਵਿਚ ਸੋਵੀਅਤ ਰਾਜ ਦੇ ਸਹਿਯੋਗ ਬਾਰੇ ਉਸ ਨਾਲ ਵਿਚਾਰ-ਵਟਾਂਦਰਾ ਕੀਤਾ। ਲੈਨਿਨ ਇਸਲਾਮ ਬਾਰੇ ਉਸ ਦੀ ਮਾਨਵਤਾਵਾਦੀ ਦ੍ਰਿਸ਼ਟੀ, ਮੱਧ ਏਸ਼ੀਆ ਬਾਰੇ ਉਸਦੇ ਗਿਆਨ ਅਤੇ ਪਕੜ ਤੋਂ ਬਹੁਤ ਪ੍ਰਭਾਵਿਤ ਹੋਏ। ਲੈਨਿਨ ਨੇ ਆਪਣੇ ਬਦੇਸ਼ ਮੰਤਰੀ ਨੂੰ ਉਨ੍ਹਾਂ ਦੇ ਇਕ ਪੈਂਫਲੈੱਟ ਨੂੰ ਵੱਡੀ ਗਿਣਤੀ ਵਿਚ ਛਪਵਾਉਣ ਲਈ ਕਿਹਾ। ਬੇਸ਼ੱਕ ਬਰਕਤਉੱਲ੍ਹਾ ਆਪਣੇ ਸਮਕਾਲੀ ਹੋਰ ਮੁਸਲਮਾਨ ਵਿਦਵਾਨਾਂ ਅਤੇ ਕਾਰਕੁਨਾਂ ਵਾਂਗ ਕਮਿਊਨਿਸਟ ਨਹੀਂ ਬਣੇ, ਉਹ ਸਾਮਰਾਜੀ ਸਰਮਾਏਦਾਰੀ, ਖ਼ਾਸ ਕਰਕੇ ਏਸ਼ੀਆ ਵਿਚ ਅੰਗਰੇਜ਼ ਸਾਮਰਾਜ ਦੇ ਗ਼ਲਬੇ ਵਿਰੁੱਧ ਮਾਨਵਤਾ ਦੀ ਲੜਾਈ ਵਿਚ ਇਸਲਾਮ ਅਤੇ ਕਮਿਊਨਿਜ਼ਮ ਦੀ ਸਾਂਝ ਦੇ ਨੁਕਤਿਆਂ ਉੱਪਰ ਲਗਾਤਾਰ ਜ਼ੋਰ ਦਿੰਦੇ ਰਹੇ। ਉਨ੍ਹਾਂ ਦੀਆਂ ਲਿਖਤਾਂ ਵਿਚ ਇਹ ਪਹਿਲੂ ਬਹੁਤ ਹੀ ਸਪਸ਼ਟ ਅਤੇ ਉੱਭਰਵੇਂ ਰੂਪ ’ਚ ਦਰਜ ਕੀਤਾ ਮਿਲਦਾ ਹੈ। ਬਾਲਸ਼ਵਾਦ ਅਤੇ ਇਸਲਾਮਿਕ ਸੰਸਥਾ ਸਿਆਸਤ ਨਾਂ ਦੇ ਪਰਚੇ ਵਿਚ ਉਨ੍ਹਾਂ ਸੱਦਾ ਦਿੱਤਾ: ‘ਸਾਥੀਓ ਤੇ ਭਰਾਵੋ…ਅਸੀਂ ਸਨਮਾਨਜਨਕ ਅਮਨ ਹਾਸਲ ਕਰਨ ਦਾ ਤਹੱਈਆ ਕਰ ਰੱਖਿਆ ਹੈ, ਅਸੀਂ ਆਪਣੇ ਬੈਨਰ ਉੱਪਰ ਦੁਨੀਆ ਦੀਆਂ ਦੱਬੀਆਂ-ਕੁਚਲੀਆਂ ਕੌਮਾਂ ਨੂੰ ਮੁਕਤੀ ਤੇ ਨਿਆਂ ਦੇਣ ਦਾ ਆਪਣਾ ਇਰਾਦਾ ਉੱਕਰਿਆ ਹੋਇਆ ਹੈ। ਐ ਪੂਰਬੀ ਮੁਲਕਾਂ ਦੇ ਮੁਸਲਮਾਨੋ, ਅਸੀਂ ਤੁਹਾਡੇ ਤੋਂ ਇਸ ਨੇਕ ਰਾਹ ਉੱਪਰ ਸੰਜੀਦਗੀ ਨਾਲ ਚੱਲਣ ਅਤੇ ਸਾਡੇ ਮਨੋਰਥ ਨੂੰ ਨੇਪਰੇ ਚਾੜ੍ਹਨ ਲਈ ਸਰਗਰਮ ਮੱਦਦ ਦੇਣ ਦੀ ਉਮੀਦ ਰੱਖਦੇ ਹਾਂ।’
ਬੀਮਾਰੀਆਂ ਨਾਲ ਜੂਝਦੇ ਹੋਏ ਮੁਲਕ ਦੀ ਆਜ਼ਾਦੀ ਲਈ ਲੜਾਕੂ ਤਾਕਤ ਉਸਾਰਨ ਦੀਆਂ ਅਣਥੱਕ ਕੋਸ਼ਿਸ਼ਾਂ ਕਰਦਿਆਂ 20 ਸਤੰਬਰ 1927 ਨੂੰ ਸਾਨਫ੍ਰਾਂਸਿਸਕੋ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸੈਕਰਾਮੈਂਟੋ ਦੇ ਓਲਡ ਸਿਟੀ ਕਬਰਿਸਤਾਨ ਵਿਚ ਬਣੀ ਮਹਾਨ ਇਨਕਲਾਬੀ ਦੀ ਕਬਰ ਵਤਨ ਦੀ ਆਜ਼ਾਦੀ ਲਈ ਉਨ੍ਹਾਂ ਦੇ ਲੰਮੇ ਸੰਘਰਸ਼ਸ਼ੀਲ ਸਫ਼ਰ ਦੀ ਗਵਾਹੀ ਦਿੰਦੀ ਹੈ। ਉਨ੍ਹਾਂ ਦੀ ਬਹੁਪੱਖੀ ਬੌਧਿਕ ਘਾਲਣਾ ਦਾ ਬਹੁਤ ਕੁਝ ਅਜੇ ਸਾਹਮਣੇ ਆਉਣਾ ਬਾਕੀ ਹੈ। ਬਰਕਤਉੱਲ੍ਹਾ ਉਨ੍ਹਾਂ ਸਿਰਕੱਢ ਵਿਦਵਾਨਾਂ ਵਿਚੋਂ ਇਕ ਹਨ, ਜਿਨ੍ਹਾਂ ਨੇ ਕੱਟੜ ਮਜ਼੍ਹਬੀ ਸਿਆਸਤ ਦਾ ਵਾਹਕ ਬਣਨ ਦੀ ਬਜਾਏ ਮੁਸਲਮਾਨ ਭਾਈਚਾਰੇ ਅੱਗੇ ਆਪਣੇ ਧਾਰਮਿਕ ਅਕੀਦੇ ਅਤੇ ਆਪਣੇ ਵਤਨ ਪ੍ਰਤੀ ਦੋਹਰੇ ਫਰਜ਼ਾਂ ਨੂੰ ਪਛਾਨਣ ਅਤੇ ਇਸ ਖ਼ਾਤਰ ਹਿੰਦੂ ਭਾਈਚਾਰੇ ਨਾਲ ਮਜ਼ਬੂਤ ਏਕਤਾ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੁਸਲਮਾਨ ਭਾਈਚਾਰੇ ਨੂੰ ਮਾਨਵਤਾ ਦੀ ਸੱਚੀ ਮੁਕਤੀ ਦੇ ਮਿਸ਼ਨ ਨਾਲ ਜੋੜਨ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ। ਹਿੰਦੂ-ਮੁਸਲਮਾਨ ਏਕਤਾ ਦਾ ਚਿੰਨ੍ਹ ਅਜਿਹੀਆਂ ਸ਼ਖ਼ਸੀਅਤਾਂ ਦੀ ਮਕਬੂਲੀਅਤ ਭਗਵਾ ਹਕੂਮਤ ਨੂੰ ਖ਼ਾਸ ਕਰਕੇ ਚੁੱਭਦੀ ਹੈ ਕਿਉਂਕਿ ਉਨ੍ਹਾਂ ਨੂੰ ਭਾਰਤ ਨੂੰ ਵੰਡਣ ਵਾਲਿਆਂ ਵਜੋਂ ਪੇਸ਼ ਕਰਕੇ ਉਹ ਆਪਣੇ ਮੁਸਲਮਾਨ ਵਿਰੋਧੀ ਪ੍ਰੋਜੈਕਟ ਦੇ ਸੰਦ ਵਜੋਂ ਨਹੀਂ ਵਰਤ ਸਕਦੇ।
ਇਸ ਲਈ, ਜਿੱਥੇ ਭਗਵਾਕਰਨ ਦੇ ਇਸ ਹਮਲੇ ਦਾ ਡੱਟ ਕੇ ਵਿਰੋਧ ਕਰਨਾ ਜ਼ਰੂਰੀ ਹੈ, ਉੱਥੇ ਉਸ ਇਤਿਹਾਸ ਅਤੇ ਸਾਂਝੇ ਵਿਰਸੇ ਦੇ ਮਹਾਨ ਚਿੰਨ੍ਹਾਂ ਦੇ ਮਹੱਤਵ ਨੂੰ ਵਾਰ-ਵਾਰ ਲੋਕਾਈ ਦੇ ਚੇਤਿਆਂ ਵਿਚ ਤਾਜ਼ਾ ਕਰਨਾ ਇਸ ਤੋਂ ਵੀ ਵਧੇਰੇ ਜ਼ਰੂਰੀ ਹੈ ਜਿਨ੍ਹਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਗਵਾ ਤਾਕਤਾਂ ਦੇ ਨਿਸ਼ਾਨੇ ’ਤੇ ਸਿਰਫ਼ ਮੁਸਲਮਾਨ ਪਛਾਣ ਨਹੀਂ ਹੈ, ਉਹ ਤਾਂ ਇਸਤੋਂ ਬਹੁਤ ਅੱਗੇ ਵਧ ਕੇ ਭਾਈਚਾਰਕ ਸਾਂਝ ਅਤੇ ਇਨਕਲਾਬੀ ਵਿਰਾਸਤ ਦਾ ਨਾਮੋ-ਨਿਸ਼ਾਨ ਮਿਟਾਉਣਾ ਚਾਹੁੰਦੇ ਹਨ। ਸੰਸਥਾਵਾਂ ਦੇ ਨਾਂ ਬਦਲਣ ਨਾਲ ਨਾ ਤਾਂ ਸਿੱਖਿਆ ਦੀ ਗੁਣਵੱਤਾ ਵਿਚ ਸੁਧਾਰ ਹੁੰਦਾ ਹੈ ਅਤੇ ਨਾ ਹੀ ਯੂਨੀਵਰਸਿਟੀਆਂ ਮਜ਼ਬੂਤ ਹੁੰਦੀਆਂ ਹਨ। ਅਜਿਹਾ ਕਰਨ ਵਾਲਿਆਂ ਦੀ ਮਨਸ਼ਾ ਤਾਂ ਜਨਤਕ ਚੇਤਿਆਂ ’ਚੋਂ ਅਤੇ ਅਗਲੀਆਂ ਪੀੜ੍ਹੀਆਂ ਦੀ ਇਤਿਹਾਸ ਦੀ ਚੇਤਨਾ ‘ਚੋਂ ਅਜਿਹੀਆਂ ਸ਼ਖ਼ਸੀਅਤਾਂ ਨੂੰ ਮਿਟਾ ਦੇਣ ਦੀ ਹੈ। ਬਰਕਤਉੱਲ੍ਹਾ ਦਾ ਨਾਮ ਹਟਾਉਣ ਦੀ ਕੋਸ਼ਿਸ਼ ਉਸ ਇਨਕਲਾਬੀ ਵਿਰਾਸਤ ਨੂੰ ਲੋਕਾਈ ਦੇ ਚੇਤਿਆਂ ’ਚੋਂ ਮਿਟਾ ਦੇਣ ਦਾ ਖ਼ਤਰਾ ਪੈਦਾ ਕਰਦੀ ਹੈ ਜਿਸ ਨੇ ਆਪਣੀ ਪੂਰੀ ਜ਼ਿੰਦਗੀ ਵਤਨ ਦੀ ਆਜ਼ਾਦੀ ਅਤੇ ਮਾਨਵਤਾ ਦੀ ਬਿਹਤਰੀ ਦੇ ਲੇਖੇ ਲਾ ਦਿੱਤੀ। ਇਸ ਮਹਾਨ ਵਿਰਾਸਤ ਦੀ ਰਾਖੀ ਲਈ ਡੱਟਣਾ ਅੱਜ ਜ਼ਿਆਦਾ ਜ਼ਰੂਰੀ ਹੋ ਗਿਆ ਹੈ।