ਪ੍ਰਿੰ. ਸਰਵਣ ਸਿੰਘ
ਵਿਰਾਟ ਕੋਹਲੀ ਦਾ ਕੋਈ ਸਾਨੀ ਨਹੀਂ। ਕ੍ਰਿਕਟ ਦੀ ਦੁਨੀਆ ਵਿਚ 2008 ਤੋਂ ਉਹਦੀ ਬੱਲੇ-ਬੱਲੇ ਹੈ। 38ਵੇਂ ਸਾਲ ਦੀ ਉਮਰੇ ਵੀ ਉਹ ਚੌਕਿਆਂ-ਛੱਕਿਆਂ ਦੀ ਹਨ੍ਹੇਰੀ ਲਿਆਈ ਜਾ ਰਿਹੈ। ਚੀਕੂ, ਕਿੰਗ ਕੋਹਲੀ, ਚੇਜ਼ ਮਾਸਟਰ, ਰੱਨ ਮਸ਼ੀਨ, ਵੀ.ਕੇ, ਉਹਦੇ ਨਿੱਕਨੇਮ ਹਨ। ਉਹ ਕਮਾਲ ਦਾ ਕ੍ਰਿਕਟਰ, ਕਮਾਲ ਦਾ ਬੱਲੇਬਾਜ਼, ਗੇਂਦਬਾਜ਼, ਕੈਚਬਾਜ਼ ਤੇ ਕਪਤਾਨਾਂ ਦਾ ਕਪਤਾਨ ਹੈ। ਉਹ ਏਨੇ ਮੈਚ ਖੇਡ ਚੁੱਕੈ, ਏਨੇ ਰਿਕਾਰਡ ਰੱਖ ਚੁੱਕੈ ਤੇ ਏਨੀਆਂ ਜਿੱਤਾਂ ਜਿੱਤ ਚੁੱਕੈ ਕਿ ਉਹਦੀ ਵਾਹ-ਵਾਹ ਦਾ ਕੋਈ ਅੰਤ ਨਹੀਂ। ਅੰਤਰਰਾਰਸ਼ਟਰੀ ਪੱਧਰ `ਤੇ 2011 ਤੋਂ 2020 ਤੱਕ 20 ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲਾ ਵਿਸ਼ਵ ਦਾ ਉਹ ਪਹਿਲਾਂ ਕ੍ਰਿਕਟਰ ਹੈ। ਉਸ ਨੇ ਸੈਂਕੜੇ ਅਰਧ ਸੈਂਚਰੀਆਂ, ਸੈਂਚਰੀਆਂ ਤੇ ਦੂਹਰੀਆਂ ਸੈਂਚਰੀਆਂ ਮਾਰੀਆਂ ਹਨ। ਅਜੇ ਕਿਹੜਾ ਬੱਸ ਹੈ!
ਉਸ ਨੂੰ ਦਸ ਵਾਰ ਆਈਸੀਸੀ ਅਵਾਰਡ ਮਿਲੇ ਜੋ ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਵੱਧ ਹਨ। ਉਹ 2012, 17, 18 ਤੇ 23 ਵਿਚ ‘ਓਡੀਆਈ ਪਲੇਅਰ ਆਫ਼ ਦਾ ਯੀਅਰ’ ਦੇ ਅਵਾਰਡ ਜਿੱਤਿਆ। 2019 `ਚ ਉਸ ਨੂੰ ‘ਸਪਿਰਟ ਆਫ਼ ਦਾ ਡੀਕੇਡ’ ਦੇ ਅਵਾਰਡ ਨਾਲ ਸਨਮਾਨਿਆ ਗਿਆ। ਤਿੰਨ ਸਾਲ ਉਸ ਨੂੰ ‘ਵਿਜ਼ਡਨ ਲੀਡਿੰਗ ਕ੍ਰਿਕਟਰ ਇਨ ਦਾ ਵਰਲਡ’ ਐਲਾਨਿਆ ਜਾਂਦਾ ਰਿਹਾ। ਪੰਜੇ ਮਹਾਂਦੀਪਾਂ ਵਿਚ ਉਸ ਦੀ ਝੰਡੀ ਹੈ। ‘ਟਾਈਮ’ ਤੇ ‘ਫੋਰਬਸ’ ਵਰਗੇ ਵਿਸ਼ਵ ਮੈਗਜ਼ੀਨਾਂ ਨੇ ਉਹਦੀਆਂ ਤਸਵੀਰਾਂ ਮੁੱਖ ਪੰਨਿਆਂ `ਤੇ ਲਾਈਆਂ ਹਨ। 2022 ਦੇ ਸਾਲ `ਚ ਉਹਦੀ ਕ੍ਰਿਕਟ ਦੀ ਕਮਾਈ 66 ਮਿਲੀਅਨ ਅਮਰੀਕਨ ਡਾਲਰ ਹੋ ਗਈ ਸੀ ਜਿਸ ਦੇ 634 ਕਰੋੜ ਰੁਪਏ ਬਣਦੇ ਹਨ। ਉਹਦਾ ਪਿਛੋਕੜ ਪੰਜਾਬ ਦਾ, ਜੰਮਪਲ ਦਿੱਲੀ ਦਾ ਤੇ ਅਜੋਕਾ ਵਾਸੀ ਗੁਰੂਗ੍ਰਾਮ ਦਾ ਹੈ। ਕੋਹਲੀ ਪਰਿਵਾਰ 2015 ਤਕ ਮੀਰਾ ਬਾਗ, ਪੱਛਮ ਵਿਹਾਰ, ਦਿੱਲੀ ਰਹਿੰਦਾ ਰਿਹਾ ਤੇ ਫਿਰ ਗੁੜਗਾਓਂ ਜਾ ਵਸਿਆ।
ਉਹਦੀਆਂ ਖੇਡ ਪ੍ਰਾਪਤੀਆਂ ਸਦਕਾ ਭਾਰਤ ਸਰਕਾਰ ਵੱਲੋਂ ਉਸ ਨੂੰ ਅਰਜਨ ਅਵਾਰਡ, ਖੇਲ ਰਤਨ ਅਵਾਰਡ ਤੇ ਪਦਮ ਸ਼੍ਰੀ ਪੁਰਸਕਾਰ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਸਚਿਨ ਤੇਂਦੁਲਕਰ ਵਾਂਗ ਭਾਰਤ ਰਤਨ ਦੇਣਾ ਹੀ ਬਾਕੀ ਹੈ ਜੋ ਜਾਪਦੈ ਕਦੇ ਨਾ ਕਦੇ ਮਿਲ ਹੀ ਜਾਵੇਗਾ। ਇਹ ਵੱਖਰੀ ਗੱਲ ਹੈ ਕਿ ਓਲੰਪਿਕ ਖੇਡਾਂ `ਚ ਗੋਲਡ ਮੈਡਲਾਂ ਦੇ ਗੋਲਡਨ ਹੈਟ ਟ੍ਰਿਕ ਮਾਰਨ ਵਾਲੇ ਧਿਆਨ ਚੰਦ ਤੇ ਬਲਬੀਰ ਸਿੰਘ ਵਰਗੇ ਹਾਕੀ ਦੇ ਕਿਸੇ ਭਾਰਤੀ ਖਿਡਾਰੀ ਨੂੰ ਅਜੇ ਤਕ ਭਾਰਤ ਰਤਨ ਪੁਰਸਕਾਰ ਨਹੀਂ ਮਿਲਿਆ। ਪਰ ਕਾਰਪੋਰੇਟਾਂ ਨੂੰ ਵਾਰਾ ਖਾਂਦੀ ਖੇਡ ਕ੍ਰਿਕਟ ਦੇ ਖਿਡਾਰੀ ਵਿਰਾਟ ਕੋਹਲੀ ਨੂੰ ਉਹਦੇ ਜੀਂਦੇ ਜੀਅ ਭਾਰਤ ਰਤਨ ਮਿਲਣ ਦੀ ਕਾਫੀ ਸੰਭਾਵਨਾ ਹੈ। ਕਦੇ ਕ੍ਰਿਕਟ ਦੀ ਖੇਡ ਇੰਗਲੈਂਡ ਦੇ ਲਾਰਡਾਂ ਤੇ ਇੰਡੀਆ ਦੇ ਰਾਜਿਆਂ, ਮਹਾਰਾਜਿਆਂ, ਨਵਾਬਾਂ ਤੇ ਰਈਸਾਂ ਦੀ ਖੇਡ ਹੁੰਦੀ ਸੀ ਜੋ ਮੰਡੀ ਤੇ ਮੁਨਾਫ਼ੇ ਦੀ ਦੌੜ `ਚ ਰੁੱਝੀ ਖਲਕਤ ਦੀ ਖੇਡ ਬਣਾ ਦਿੱਤੀ ਗਈ ਹੈ।
ਪੋਠੋਹਾਰੀ ਮੂਲ ਦਾ ਵਿਰਾਟ ਕੋਹਲੀ ਦਿੱਲੀ ਦਾ ਜੰਮਪਲ ਹੈ। 1947 `ਚ ਦੇਸ਼ ਦੀ ਵੰਡ ਵੇਲੇ ਲੱਖਾਂ ਪੰਜਾਬੀ, ਪੱਛਮੀ ਪੰਜਾਬ `ਚੋਂ ਉੱਜੜ ਕੇ ਪੂਰਬੀ ਪੰਜਾਬ, ਪੈਪਸੂ ਤੇ ਦਿੱਲੀ ਆਣ ਵਸੇ ਸਨ। ਉਨ੍ਹਾਂ ਸ਼ਰਨਾਰਥੀਆਂ ਵਿਚ ਹੀ ਵਿਰਾਟ ਕੋਹਲੀ ਦੇ ਵਡੇਰੇ ਦਿੱਲੀ ਪਹੁੰਚੇ ਸਨ। ਉਦੋਂ ਰੋਹਤਕ, ਗੁੜਗਾਵਾਂ ਤੇ ਮਹਿੰਦਰਗੜ੍ਹ ਪੂਰਬੀ ਪੰਜਾਬ ਦੇ ਜ਼ਿਲ੍ਹੇ ਸਨ। ਪੱਛਮੀ ਪੰਜਾਬ ਦੇ ਬਸ਼ਿੰਦਿਆਂ ਨਾਲ ਭਰਪੂਰ ਦਿੱਲੀ ਨੂੰ ਪੰਜਾਬੀਆਂ ਦਾ ਸ਼ਹਿਰ ਮੰਨਿਆ ਜਾਣ ਲੱਗ ਪਿਆ ਸੀ ਤੇ ਦਿੱਲੀ ਦਾ ਮਾਹੌਲ ਲਾਹੌਰ ਵਰਗਾ ਬਣ ਗਿਆ ਸੀ। ਉਦੋਂ ਦਿੱਲੀ ਦੇ ਅੱਧੋਂ ਵੱਧ ਵਾਸੀਆਂ ਦੀ ਮਾਤ ਭਾਸ਼ਾ ਪੰਜਾਬੀ ਸੀ। ਉਰਦੂ ਤੇ ਹਿੰਦੀ ਦੋਮ ਭਾਸ਼ਾਵਾਂ ਸਨ। 1947-48 ਦੌਰਾਨ ਦਿੱਲੀ ਦਾ ਡਿਪਟੀ ਕਮਿਸ਼ਨਰ ਡਾ. ਮਹਿੰਦਰ ਸਿੰਘ ਰੰਧਾਵਾ ਸੀ ਜਿਸ ਨੇ ਪੰਜਾਬੀ ਸ਼ਰਨਾਰਥੀਆਂ ਨੂੰ ਦਿੱਲੀ ਵਸਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ ਸੀ।
ਜਿਵੇਂ ਵਿਰਾਟ ਕੋਹਲੀ ਦਾ ਪਿਛੋਕੜ ਪੋਠੋਹਾਰ ਦੇ ਸ਼ਹਿਰ ਹਜ਼ਾਰੇ ਤੇ ਰਾਵਲਪਿੰਡੀ ਵੱਲ ਦਾ ਸੀ ਉਵੇਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਹਲੀ ਦਾ ਜਨਮ ਸਥਾਨ ਵੀ ਪੋਠੋਹਾਰ ਦੇ ਪਿੰਡ ਗਾਹ ਜ਼ਿਲ੍ਹਾ ਚਕਵਾਲ ਦਾ ਸੀ। ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਤੇ ਫਿਲਮੀ ਅਦਾਕਾਰ ਬਲਰਾਜ ਸਾਹਨੀ ਵੀ ਪੋਠੋਹਾਰ ਦੇ ਜੰਮਪਲ ਸਨ। ਐਕਟਰ ਦਲੀਪ ਕੁਮਾਰ ਤੇ ਪ੍ਰਿਥਵੀ ਰਾਜ ਕਪੂਰ ਦਾ ਖਾਨਦਾਨ ਵੀ ਪੱਛਮੀ ਪੰਜਾਬ `ਚੋਂ ਆਇਆ ਸੀ। ਉਨ੍ਹਾਂ ਸਭਨਾਂ ਦੀ ਸ਼ੋਭਾ ਕੌਮਾਂਤਰੀ ਪੱਧਰ `ਤੇ ਹੋਈ। ਪੱਛਮੀ ਪੰਜਾਬ ਦੇ ਜ਼ਿਲ੍ਹਾ ਮੁਜੱLਫਰਗੜ੍ਹ ਦੇ ਜੰਮੇ ਜਾਏ ਫਲਾਈਂਗ ਸਿੱਖ ਮਿਲਖਾ ਸਿੰਘ, ਲਾਇਲਪੁਰ ਜ਼ਿਲ੍ਹੇ ਦੇ ਜੰਮੇ ਫੁੱਟਬਾਲਰ ਜਰਨੈਲ ਸਿੰਘ ਤੇ ਨਨਕਾਣਾ ਸਾਹਿਬ ਦੇ ਜਾਏ ਹਾਕੀ ਖਿਡਾਰੀ ਪ੍ਰਿਥੀਪਾਲ ਸਿੰਘ ਹੋਰੀਂ ਸਭ ਓਧਰੋਂ ਏਧਰ ਆਏ ਸਨ।
ਕੋਹਲੀ ਪ੍ਰਾਕ੍ਰਿਤ ਦੇ ਸ਼ਬਦ ‘ਕੋਹ’ ਦਾ ਵਧਵਾਂ ਰੂਪ ਹੈ। ਕੋਹ ਦਾ ਅਰਥ ਹੈ ਪਹਾੜ। ਪੋਠੋਹਾਰ ਦੇ ਨੀਮ ਪਹਾੜੀ ਇਲਾਕਿਆਂ `ਚ ਵਸਦੇ ਲੋਕ ਕੋਹਲੀ ਅਖਵਾਏ। ਚੜ੍ਹਾਈਆਂ ਚੜ੍ਹਨਾ ਕੋਹਲੀਆਂ ਦਾ ਵਿਰਸਾ ਸੀ। ਵਿਰਾਟ ਕੋਹਲੀ ਨੇ ਕ੍ਰਿਕਟ ਦੇ ਉੱਚੇ ਨੀਵੇਂ ਸਾਰੇ ਪਹਾੜ ਸਰ ਕਰ ਲਏ ਹਨ। ਉਹਦਾ ਜਨਮ 5 ਨਵੰਬਰ 1988 ਨੂੰ ਮਾਤਾ ਸਰੋਜ ਕੋਹਲੀ ਦੀ ਕੁੱਖੋਂ ਪ੍ਰੇਮਜੀ ਕੋਹਲੀ ਦੇ ਘਰ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਹੋਇਆ ਸੀ। ਉਹਦੀ ਮਾਤਾ ਘਰੇਲੂ ਸੁਆਣੀ ਤੇ ਪਿਤਾ ਵਕੀਲ ਸੀ। ਉਨ੍ਹਾਂ ਦੇ ਤਿੰਨ ਬੱਚੇ ਸਨ। ਵਿਕਾਸ ਕੋਹਲੀ, ਭਾਵਨਾ ਤੇ ਵਿਰਾਟ ਕੋਹਲੀ। ਉਹ ਸਾਰੇ ਵਿਆਹੇ ਵਰੇ ਤੇ ਬਾਲ ਬੱਚੇਦਾਰ ਹਨ। ਉਨ੍ਹਾਂ ਦੇ ਪਿਤਾ ਦੀ ਮ੍ਰਿਤੂ ਦਸੰਬਰ 2006 ਵਿਚ ਹੋ ਗਈ ਸੀ।
ਵਿਰਾਟ ਕੋਹਲੀ ਦਾ ਜੁੱਸਾ ਛਾਂਟਵਾਂ ਤੇ ਕੱਦ 5 ਫੁੱਟ 9 ਇੰਚ ਹੈ। ਉਹਦੇ ਵਿਆਹ ਦੀ ਕਹਾਣੀ ਫਿਲਮੀ ਹੀਰੋਆਂ ਵਰਗੀ ਹੀ ਹੈ। ਕ੍ਰਿਕਟ ਸਟਾਰਾਂ ਦੇ ਵਧੇਰੇ ਵਿਆਹ ਫਿਲਮ ਸਟਾਰ ਐਕਟ੍ਰੈੱਸਾਂ ਨਾਲ ਹੁੰਦੇ ਆ ਰਹੇ ਹਨ। ਪਹਿਲਾਂ ਪਹਿਲ ਵਿਰਾਟ ਕੋਹਲੀ ਦੇ ਵੀ ਦੋ ਐਕਟ੍ਰੈਸਾਂ ਨਾਲ ਦੋਸਤੀਆਂ ਦੇ ਕਿੱਸੇ ਛਿੜੇ ਸਨ ਜੋ ਵਿਆਹ ਲਈ ਸਿਰੇ ਨਾ ਚੜ੍ਹੇ। 2013 `ਚ ਫਿਲਮੀ ਅਦਾਕਾਰਾ ਅਨੁਸ਼ਕਾ ਸ਼ਰਮਾ ਉਹਦੇ ਸੰਪਰਕ ਵਿਚ ਆਈ। ਪਹਿਲੀ ਵਾਰ ਉਹ ਕਿਸੇ ਇਨਾਮ ਵੰਡ ਸਮਾਗਮ ਵਿਚ ਮਿਲੇ ਤਾਂ ਇਕ ਦੂਜੇ ਵੱਲ ਖਿੱਚੇ ਗਏ। ਫਿਰ ਮਾਡਰਨ ਤੌਰ ਤਰੀਕਿਆਂ ਮੁਤਾਬਿਕ ਉਨ੍ਹਾਂ ਵਿਚਕਾਰ ਡੇਟਿੰਗ ਸ਼ੁਰੂ ਹੋਈ ਜੋ ਵਿਆਹ ਕਰਾਉਣ ਦੇ ਵਾਅਦੇ ਤਕ ਅਪੜ ਗਈ। ਉਨ੍ਹਾਂ ਦਾ ਰੁਮਾਂਸ ਮੀਡੀਏ ਦੀ ਚਰਚਾ ਬਣਦਾ ਰਿਹਾ। ਨਾਲ ਦੀ ਨਾਲ ਦੋਹੇਂ ਆਪੋ ਆਪਣੇ ਖੇਤਰਾਂ ਭਾਵ ਖੇਡ ਤੇ ਅਦਾਕਾਰੀ ਵਿਚ ਵੀ ਰੁੱਝੇ ਰਹੇ। ਆਖ਼ਰ ਵਿਆਹ ਕਰਾਉਣ ਦਾ ਦਿਨ ਮਿਥ ਲਿਆ ਗਿਆ। ਉਨ੍ਹਾਂ ਦੀ ਸ਼ਾਦੀ 11 ਦਸੰਬਰ 2017 ਨੂੰ ਇਟਲੀ ਦੇ ਮਿਲਾਨ ਸ਼ਹਿਰ ਵਿਚ ਹੋਈ ਤੇ ਉਨ੍ਹਾਂ ਦੇ ਘਰ ਇਕ ਧੀ ਤੇ ਇਕ ਪੁੱਤਰ ਨੇ ਜਨਮ ਲਿਆ।
23 ਅਕਤੂਬਰ 2022 ਨੂੰ ਜੋ ਸੰਦੇਸ਼ ਅਨੁਸ਼ਕਾ ਨੇ ਵਿਰਾਟ ਨੂੰ ਭੇਜਿਆ ਉਹਦੀ ਇਬਾਰਤ ਕੁਝ ਇਸ ਤਰ੍ਹਾਂ ਦੀ ਸੀ: ਸੋਹਣਿਆ! ਅੱਜ ਰਾਤ ਤੁਸੀਂ ਭਾਰਤੀ ਲੋਕਾਂ ਦੇ ਦਿਲਾਂ ਵਿਚ ਖ਼ਾਸ ਖ਼ੁਸ਼ੀ ਦੀ ਲਹਿਰ ਪੈਦਾ ਕੀਤੀ ਤੇ ਉਹ ਵੀ ਖ਼ੁਸ਼ੀਆਂ ਦੇ ਤਿਉਹਾਰ ਦਿਵਾਲੀ ਦੇ ਮੌਕੇ। ਮੇਰੇ ਪਿਆਰੇ, ਤੂੰ ਕਮਾਲ ਦਾ ਕ੍ਰਿਕਟਰ ਹੈਂ। ਤੇਰਾ ਸਾਹਸ ਤੇ ਅਕੀਦਾ ਅਤੇ ਦ੍ਰਿੜਤਾ ਤੇ ਦਮ, ਦਿਲਾਂ ਦਿਮਾਗਾਂ ਨੂੰ ਟੁੰਬਣ ਵਾਲੇ ਹਨ। ਅੱਜ ਮੈਂ ਆਪਣੀ ਜਿੰLਦਗੀ ਦਾ ਬਿਹਤਰੀਨ ਮੈਚ ਵੇਖਿਆ ਹੈ। ਤੁਹਾਡੀ ਸ਼ਾਨਦਾਰ ਪਾਰੀ ਦੀ ਬਦੌਲਤ ਮੈਲਬੌਰਨ `ਚ ਖੇਡੇ ਬੇਹੱਦ ਰੁਮਾਂਚਿਕ ਮੈਚ ਵਿਚ ਭਾਰਤੀ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੂੰ ਜਿੱਤਣ ਲਈ ਆਖ਼ਰੀ ਓਵਰ ਵਿਚ 16 ਦੌੜਾਂ ਬਣਾਉਣੀਆਂ ਪੈਣੀਆਂ ਸਨ ਜੋ ਬਣਦੀਆਂ ਨਜ਼ਰ ਨਹੀਂ ਸਨ ਆ ਰਹੀਆਂ। ਪਰ ਤੁਹਾਡੇ ਬੱਲੇ ਦੀ ਆਖ਼ਰੀ ਛੋਹ ਨਾਲ ਐਸੀ ਕਰਾਮਾਤ ਵਾਪਰੀ ਕਿ ਭਾਰਤ ਨੇ ਜਿੱਤ ਦਾ ਟੀਚਾ ਹਾਸਲ ਕਰ ਲਿਆ।
ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉਪਰ ਇਹ ਸਤਰਾਂ ਲਿਖੀਆਂ, ‘ਭਾਵੇਂ ਸਾਡੀ ਬੱਚੀ ਅਜੇ ਬਹੁਤ ਨਿਆਣੀ ਹੈ ਅਤੇ ਉਸ ਨੂੰ ਇਹ ਸਮਝ ਨਹੀਂ ਕਿ ਉਸ ਦੀ ਮਾਂ ਕਮਰੇ ਵਿਚ ਕਿਉਂ ਨੱਚਦੀ ਗਾਉਂਦੀ ਫਿਰਦੀ ਹੈ! ਪਰ ਰਤਾ ਵੱਡੀ ਹੋ ਕੇ ਉਹ ਸਮਝ ਜਾਵੇਗੀ ਕਿ ਉਸ ਦੇ ਪਿਤਾ ਨੇ ਉਸ ਰਾਤ ਆਪਣੇ ਜੀਵਨ ਦੀ ਬਿਹਤਰੀਨ ਪਾਰੀ ਖੇਡੀ ਸੀ। ਉਹ ਵੀ ਉਸ ਪੜਾਅ `ਤੇ ਜਦੋਂ ਉਹਦੀ ਸਭ ਤੋਂ ਵੱਧ ਲੋੜ ਸੀ। ਉਦੋਂ ਉਸ ਦਾ ਪਿਆਰਾ ਪਿਤਾ ਤੇ ਮੇਰਾ ਪਤੀ ਉਸ ਫੈਸਲਾਕੁਨ ਸਥਿਤੀ ਵਿਚ ਹੋਰ ਸੁਚੇਤ ਤੇ ਹੋਰ ਮਜ਼ਬੂਤ ਬਣ ਕੇ ਉਭਰਿਆ।’
ਵਿਰਾਟ ਅਜੇ ਤਿੰਨ ਸਾਲ ਦਾ ਬੱਚਾ ਸੀ ਜਦੋਂ ਗਲੀ ਮਹੱਲੇ ਵਿਚ ਹਾਣੀਆਂ ਨਾਲ ਕ੍ਰਿਕਟ ਖੇਡਣ ਲੱਗ ਪਿਆ ਸੀ। ਫਿਰ ਸਕੂਲੇ ਪੜ੍ਹਦਿਆਂ ਉਸ ਨੇ ਪੱਛਮੀ ਦਿੱਲੀ ਦੀ ਕ੍ਰਿਕਟ ਅਕੈਡਮੀ ਵਿਚ ਸਿਖਲਾਈ ਲੈਣੀ ਸ਼ੁਰੂ ਕੀਤੀ। ਪਠੀਰ ਉਮਰੇ ਉਹ ਦਿੱਲੀ ਦੀ ਅੰਡਰ-15 ਸਾਲਾ ਟੀਮ ਵਿਚ ਚੁਣਿਆ ਗਿਆ। ਉਸ ਨੂੰ ਸਟੇਟ ਤੇ ਫਿਰ ਦੇਸ਼ ਪੱਧਰ ਦੇ ਕ੍ਰਿਕਟ ਟੂਰਨਾਮੈਂਟ ਖੇਡਣ ਦੇ ਮੌਕੇ ਮਿਲਣ ਲੱਗੇ। 2008 ਵਿਚ ਉਹ ਅੰਤਰਰਾਸ਼ਟਰੀ ਪੱਧਰ `ਤੇ ਕ੍ਰਿਕਟ ਖੇਡਣ ਲੱਗਾ ਤੇ ਇਕ ਦੋ ਸਾਲਾਂ ਵਿਚ ਹੀ ਭਾਰਤੀ ਟੀਮ ਦਾ ਪ੍ਰਮੁੱਖ ਖਿਡਾਰੀ ਬਣ ਗਿਆ। 2010 `ਚ ਉਹ ਭਾਰਤ ਵੱਲੋਂ 20 ਓਵਰਾਂ ਵਾਲਾ ਮੈਚ ਤੇ 2011 ਵਿਚ ਪਹਿਲਾ ਟੈੱਸਟ ਮੈਚ ਖੇਡਿਆ। 2013 ਵਿਚ ਉਹ ਵਨ ਡੇਅ ਬੱਲੇਬਾਜ਼ਾਂ ਲਈ ਆਈਸੀਸੀ ਰੈਂਕਿਗ `ਚ ਪਹਿਲੇ ਨੰਬਰ ਉਤੇ ਜਾ ਪਹੁੰਚਿਆ। 2014 ਦੇ ਟੀ-20 ਵਿਸ਼ਵ ਕੱਪ ਦੌਰਾਨ ਉਸ ਨੇ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਰੱਖਿਆ।
2018 ਵਿਚ ਉਸ ਨੇ ਇਕ ਹੋਰ ਮੀਲ ਪੱਥਰ ਗੱਡਿਆ। ਉਹ ਵਿਸ਼ਵ ਭਰ `ਚ ਚੋਟੀ ਦਾ ਦਰਜਾ ਪ੍ਰਾਪਤ ਕਰਨ ਵਾਲਾ ਟੈੱਸਟ ਬੱਲੇਬਾਜ਼ ਬਣ ਗਿਆ। ਭਾਰਤ ਦਾ ਉਹ ਇਕਲੌਤਾ ਖਿਡਾਰੀ ਸੀ ਜੋ ਕ੍ਰਿਕਟ ਦੇ ਤਿੰਨੇ ਫਾਰਮੈਟਾਂ, ਟੈੱਸਟ ਮੈਚਾਂ, ਵਨ ਡੇ ਮੈਚਾਂ ਤੇ ਟੀ-20 ਮੈਚਾਂ ਵਿਚ ਚੋਟੀ `ਤੇ ਪੁੱਜਾ। ਉਸ ਦੀ ਇਹ ਪ੍ਰਫਾਰਮੈਂਸ 2020 ਤਕ ਜਾਰੀ ਰਹੀ। ਉਹ 2010-20 ਦੇ ਦਹਾਕੇ ਦੌਰਾਨ 20ਹਜ਼ਾਰ ਦੌੜਾਂ ਬਣਾਉਣ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼ ਬਣਿਆ। ਤਦ ਤੱਕ ਉਹ ਭਾਰਤੀ ਟੀਮਾਂ ਦੀਆਂ ਕਈ ਵਾਰ ਕਪਤਾਨੀਆਂ ਕਰ ਚੁੱਕਾ ਸੀ। 2021 `ਚ ਉਹਨੇ ਟੀ-20 ਲਈ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਛੱਡ ਦਿੱਤੀ ਤੇ 2022 ਦੇ ਆਰੰਭ ਵਿਚ ਭਾਰਤੀ ਟੈੱਸਟ ਟੀਮ ਦੀ ਕਪਤਾਨੀ ਵੀ ਕਿਸੇ ਹੋਰ ਖਿਡਾਰੀ ਨੂੰ ਸੌਂਪ ਦੇਣ ਲਈ ਕਿਹਾ। ਉਸ ਪਿੱਛੋਂ ਉਹ ਬੇਸ਼ਕ ਭਾਰਤੀ ਕ੍ਰਿਕਟ ਟੀਮਾਂ ਦਾ ਕਪਤਾਨ ਨਹੀਂ ਸੀ ਹੁੰਦਾ ਪਰ ਖੇਡਦਾ ਕਪਤਾਨਾਂ ਵਾਂਗ ਹੀ ਰਿਹਾ। 2025 ਤੇ 2026 ਦੀਆਂ ਆਈਪੀਐੱਲ ਟੀ-20 ਦੀਆਂ ਟਰਾਫੀਆਂ ਉਸ ਦੀ ਟੀਮ ਰਾਇਲ ਚੈਲੰਜਰਜ਼ ਬੰਗਲੂਰੂ ਨੇ ਹੀ ਜਿੱਤੀਆਂ।
ਕ੍ਰਿਕਟ ਅਜਿਹੀ ਖੇਡ ਹੈ ਜਿਸ ਦੇ ਵੱਖ ਵੱਖ ਤਰ੍ਹਾਂ ਦੇ ਰਿਕਾਰਡਾਂ ਦਾ ਅੰਤ ਨਹੀਂ। ਉਨ੍ਹਾਂ ਦੀ ਵੰਨਗੀ ਬੇਸ਼ੁਮਾਰ ਹੈ। ਇਸ ਲਈ ਉਸ ਦੇ ਸਾਰੇ ਰਿਕਾਰਡਾਂ ਦਾ ਇਕੋ ਅਖ਼ਬਾਰੀ ਲੇਖ ਵਿਚ ਵੇਰਵਾ ਦੇਣਾ ਦਰਕਾਰ ਨਹੀਂ। 2010 ਤੋਂ 2026 ਤਕ ਅੰਤਰਰਾਸ਼ਟਰੀ ਪੱਧਰ `ਤੇ ਖੇਡਦਿਆਂ ਉਸ ਨੇ ਅਨੇਕ ਰਿਕਾਰਡ ਬਣਾਏ ਤੇ ਅਨੇਕ ਮਾਣ ਸਨਮਾਨ ਹਾਸਲ ਕੀਤੇ। 2012 ਵਿਚ ਉਸ ਨੂੰ ਆਈਸੀਸੀ ਵਨ ਡੇ ਪਲੇਅਰ ਆਫ਼ ਦਿ ਈਅਰ ਵਜੋਂ ਮਾਨਤਾ ਦਿੱਤੀ ਗਈ ਸੀ। 2017 ਤੇ 2018 ਵਿਚ ਫਿਰ ਆਈਸੀਸੀ ਵਨ ਡੇ ਪਲੇਅਰ ਆਫ਼ ਦਿ ਈਅਰ ਮਾਨਤਾ ਨਾਲ ਸਰ ਗਾਰਫੀਲਡ ਸੋਬਰਸ ਟਰਾਫੀ ਜਿੱਤੀ। 2018 ਵਿਚ ਉਹ ਆਈਸੀਸੀ ਟੈਸਟ ਮੈਚਾਂ ਦਾ ਵੀ ਪਲੇਅਰ ਆਫ਼ ਦਾ ਈਅਰ ਬਣ ਗਿਆ। ਉਹ ਇਕੋ ਸਾਲ ਟੀ-20 ਤੇ ਟੈੱਸਟ ਮੈਚ ਦੋਵੇਂ ਮੀਰੀ ਅਵਾਰਡ ਜਿੱਤਣ ਵਾਲਾ ਪਹਿਲਾ ਕ੍ਰਿਕਟ ਖਿਡਾਰੀ ਹੈ। 2013 ਵਿਚ ਭਾਰਤ ਸਰਕਾਰ ਨੇ ਉਸ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ। 2017 ਵਿਚ ਪਦਮ ਸ਼੍ਰੀ ਦੀ ਉਪਾਧੀ ਦਿੱਤੀ ਤੇ 2018 ਵਿਚ ਭਾਰਤ ਦੇ ਸਰਵਉੱਚ ਖੇਡ ਸਨਮਾਨ ‘ਖੇਡ ਰਤਨ’ ਨਾਲ ਸਨਮਾਨਿਤ ਕੀਤਾ। 2016 `ਚ ਉਸ ਨੂੰ ਈਐਸਪੀਐੱਨ ਵੱਲੋਂ ਦੁਨੀਆ ਦੇ ਸਭ ਤੋਂ ਮਸ਼ਹੂਰ ਖਿਡਾਰੀਆਂ ਵਿਚੋਂ ਇੱਕ ਅਤੇ ਵਿਸ਼ਵ ਪੱਧਰੀ ਵਪਾਰਕ ਮੈਗਜ਼ੀਨ ‘ਫੋਰਬਸ’ ਦੁਆਰਾ ਸਭ ਤੋਂ ਕੀਮਤੀ ਐਥਲੀਟ ਬ੍ਰਾਂਡਾਂ ਵਿਚੋਂ ਇੱਕ ਦਾ ਦਰਜਾ ਦਿੱਤਾ ਗਿਆ। 2018 ਵਿਚ ਵਿਸ਼ਵ ਪ੍ਰਸਿੱਧ ਮੈਗਜ਼ੀਨ ‘ਟਾਈਮ’ ਨੇ ਵਿਰਾਟ ਕੋਹਲੀ ਦਾ ਨਾਂ ਵਿਸ਼ਵ ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿਚ ਪ੍ਰਕਾਸ਼ਿਤ ਕੀਤਾ।
ਵਿਰਾਟ ਕੋਹਲੀ ਦੀ ਉਸਤਤ ਵਿਚ ਲੱਖਾਂ ਲਫ਼ਜ਼ ਲਿਖੇ ਗਏ ਤੇ ਬਿਜਲਈ ਮੀਡੀਏ ਤੋਂ ਉਹਦੇ ਚੌਕੇ-ਛਿੱਕੇ ਵਿਖਾਉਂਦਿਆਂ ਲੱਖਾਂ ਵਾਰ ਉਹਦਾ ਨਾਂ ਉਚਾਰਿਆ। ਉਸ ਨੇ ਟੈੱਸਟ ਮੈਚਾਂ ਤੋਂ ਲੈ ਕੇ ਟੀ-20 ਤੇ 50 ਓਵਰਾਂ ਦੇ ਇੱਕ ਰੋਜ਼ਾ ਮੈਚਾਂ, ਵਰਲਡ ਕੱਪਾਂ, ਚੈਂਪੀਅਨਜ਼ ਟਰਾਫੀਆਂ, ਕ੍ਰਿਕਟ ਲੀਗਾਂ, ਗੱਲ ਕੀ ਹਰ ਤਰ੍ਹਾਂ ਦੇ ਮੁਕਾਬਲਿਆਂ `ਚ ਭਾਗ ਲਿਆ। ਉਹਨੇ ਐਨੀਆਂ ਟੀਮਾਂ ਦੀ ਕਪਤਾਨੀ ਕੀਤੀ ਕਿ ਉਸ ਨੂੰ ਕ੍ਰਿਕਟ ਦੇ ਕਪਤਾਨਾਂ ਦਾ ਕਪਤਾਨ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ।
ਆਈਪੀਐਲ-2025 ਦੀ ਟਰਾਫੀ ਜਿੱਤਣ ਲਈ ਉਹ ਆਰਸੀਬੀ ਦਾ ਅੰਗ ਬਣ ਕੇ 18 ਸਾਲਾਂ ਤੋਂ ਜੂਝ ਰਿਹਾ ਸੀ। ਚਾਰ ਵਾਰ ਉਨ੍ਹਾਂ ਦੀ ਟੀਮ ਫਾਈਨਲ ਵਿਚ ਪਹੁੰਚੀ। ਫਾਈਨਲ ਵਿਚ ਮੁਕਾਬਲਾ ਪੰਜਾਬ ਕਿੰਗਜ਼ ਦੀ ਟੀਮ ਨਾਲ ਸੀ ਜੋ ਬੜਾ ਫਸਵਾਂ ਹੋਇਆ। ਪੰਜਾਬ ਕਿੰਗਜ਼ ਦੀ ਟੀਮ ਮੈਚ ਜਿੱਤਦੀ-ਜਿੱਤਦੀ ਕੇਵਲ 6 ਦੌੜਾਂ `ਤੇ ਹਾਰ ਗਈ। ਆਖ਼ਰ 18 ਸਾਲਾਂ ਦੀ ਲੰਮੀ ਉਡੀਕ ਬਾਅਦ ਆਈਪੀਐੱਲ ਦੀ ਟਰਾਫੀ ਕੋਹਲੀ ਹੋਰਾਂ ਦੇ ਹੱਥ ਆਈ ਜਿਸ ਨੂੰ ਵਰਿ੍ਹਆਂ ਤੋਂ ਵਿਛੜੇ ਮਹਿਬੂਬ ਵਾਂਗ ਉਸ ਨੇ ਚੁੰਮਿਆ ਤੇ ਬੇਹੱਦ ਭਾਵੁਕ ਹੋਇਆ। ਉਹਦੀਆਂ ਅੱਖਾਂ `ਚ ਮਸੀਂ ਮਿਲੇ ਮਹਿਬੂਬ ਵਾਂਗ ਹੰਝੂਆਂ ਦੇ ਹੜ੍ਹ ਵੀ ਆਏ ਤੇ ਹੱਸਦੇ ਦੇ ਮੁੱਖੋਂ ਖ਼ੁਸ਼ੀਆਂ ਦੇ ਮੋਤੀ ਵੀ ਝੜਦੇ ਦਿਸੇ। ਵਿਰਾਟ ਕੋਹਲੀ ਨੇ ਇਸ ਇਤਿਹਾਸਕ ਜਿੱਤ ਤੋਂ ਬਾਅਦ ਭਾਵਕ ਹੁੰਦਿਆਂ ਕਿਹਾ ਸੀ, ‘ਇਹ ਜਿੱਤ ਮੇਰੇ ਲਈ ਖ਼ਾਸ ਹੈ। ਇਹ ਸਿਰਫ਼ ਇਕ ਟੀਮ ਦੀ ਜਿੱਤ ਨਹੀਂ ਬਲਕਿ ਸਾਰੇ ਆਰਸੀਬੀ ਪਰਿਵਾਰ ਦੀ ਜਿੱਤ ਹੈ। ਮੇਰੀ 18 ਸਾਲ ਦੀ ਤਪੱਸਿਆ ਸਫਲ ਹੋਈ ਹੈ। ਅੱਜ ਦੀ ਰਾਤ ਮੈਂ ਬੱਚੇ ਵਾਂਗ ਬੇਫਿਕਰ ਸੌਵਾਂਗਾ।’ ਉਸ ਨੇ ਆਪਣੇ ਸਾਥੀ ਖਿਡਾਰੀਆਂ, ਕੋਚਿੰਗ ਸਟਾਫ ਤੇ ਹਰ ਰੋਜ਼ ਹੌਂਸਲਾ ਦੇਣ ਵਾਲੇ ਦਰਸ਼ਕਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।
4 ਜੂਨ 2025 ਦੀ ਡੂੰਘੀ ਸ਼ਾਮ ਤੇ ਰੰਗੀਨ ਰਾਤ ਨੂੰ ਜੋ ਦ੍ਰਿਸ਼ ਅਹਿਮਦਾਬਾਦ ਦੇ ਕ੍ਰਿਕਟ ਸਟੇਡੀਅਮ ਵਿਚ ਵੇਖਣ ਨੂੰ ਮਿਲੇ ਉਹ ਦੇਰ ਤਕ ਨਹੀਂ ਭੁੱਲ ਸਕਣਗੇ। ਤੇ ਨਾ ਉਹ ਦੁਖਾਂਤ ਭੁੱਲੇਗਾ ਜਦੋਂ ਆਰਸੀਬੀ ਦੀ ਟੀਮ ਦਾ ਸਵਾਗਤ ਕਰਨ ਲਈ ਬੰਗਲੂਰੂ ਦੇ ਚਿੰਨਾਸਵਾਮੀ ਸਟੇਡੀਅਮ ਮੂਹਰੇ ਬੇਮੁਹਾਰੀਆਂ ਭੀੜਾਂ `ਚ ਧੱਕਾ ਪਿਆ ਤੇ 11 ਜਣੇ ਅਨਿਆਈ ਮੌਤ ਮਾਰੇ ਗਏ। ਜਿਵੇਂ ਜਿੱਤ ਦੀ ਖ਼ੁਸ਼ੀ ਮਿਲੀ ਸੀ ਉਵੇਂ ਕ੍ਰਿਕਟ ਦੇ ਭਮੱਕੜਾਂ ਦੀ ਅਨਿਆਈ ਮੌਤ ਨਾਲ ਗ਼ਮੀ ਵੀ ਓਨੀ ਹੀ ਹੋਈ। ਵਿਰਾਟ ਕੋਹਲੀ ਨੇ ਵਿਛੜ ਗਿਆਂ ਦਾ ਦੁੱਖ ਵੰਡਾਇਆ ਤੇ ਆਪਣੀ ਟੀਮ ਵੱਲੋਂ ਸ਼ਰਧਾਂਜਲੀ ਭੇਟ ਕੀਤੀ।
ਫਿਰ ਆਈਪੀਐੱਲ-2026 `ਚ ਲਗਾਤਾਰ ਦੂਜੀ ਵਾਰ ਰਾਇਲ ਚੈਲੰਜਰਜ਼ ਬੰਗਲੂਰੂ ਵੱਲੋਂ ਟਰਾਫੀ ਜਿੱਤਣਾ ਕੋਹਲੀ ਦਾ ਹੋਰ ਵੱਡਾ ਕਮਾਲ ਸੀ। ਕੋਹਲੀ ਦੀ ਸਫਲਤਾ ਸਿਰਫ਼ ਦੌੜਾਂ ਬਣਾਉਣ ਤਕ ਹੀ ਨਹੀਂ, ਗੇਂਦਬਾਜ਼ੀ ਕਰਨ ਜਾਂ ਕੈਚ ਲੈਣ ਤਾਈਂ ਹੀ ਨਹੀਂ ਬਲਕਿ ਇਕ ਆਦਰਸ਼ਕ ਖਿਡਾਰੀ ਦੇ ਸਾਲਾਂਬੱਧੀ ਜੂਝਦੇ ਰਹਿਣ ਦੀ ਮਾਣ-ਮੱਤੀ ਗਾਥਾ ਹੈ ਜਿਸ ਨੇ ਲੱਖਾਂ ਲੋਕਾਂ ਦੇ ਦਿਲਾਂ ਵਿਚ ਹਿੰਮਤ ਤੇ ਹੌਂਸਲੇ ਦੀ ਅੱਗ ਬਾਲੀ। ਕਈ ਇਸ ਨੂੰ ਵਿਰਾਟ ਕੋਹਲੀ ਦੀ ਸੰਪੂਰਨ ਜਿੱਤ ਅਤੇ ਉਹਦੀ ਸਫਲ ਖੇਡ ਯਾਤਰਾ ਮੰਨਣ ਲੱਗ ਪਏ ਸਨ। ਅਜੇ ਵੀ ਵਿਰਾਟ ਕੋਹਲੀ ਅੰਦਰ ਅੱਗ ਮਘ ਰਹੀ ਹੈ, ਵੇਖਦੇ ਹਾਂ ਕਦੋਂ ਤਕ ਮਘਦੀ ਹੈ?
