ਨਵੀਂ ਦਿੱਲੀ:ਬੰਗਾਲ ਵਿਧਾਨ ਸਭਾ ਵਾਂਗ ਲੋਕ ਸਭਾ ‘ਚ ਵੀ ਤ੍ਰਿਟਮੂਲ ਕਾਂਗਰਸ ਦੀ ਵੱਡੀ ਟੁੱਟ ਸਾਹਮਣੇ ਆਈ ਹੈ। ਸੰਸਦ ਮੈਂਬਰ ਕਾਕੋਲੀ ਘੋਸ਼ ਦਸਤੀਦਾਰ ਨੇ 20 ਲੋਕ ਸਭਾ ਮੈਂਬਰਾਂ ਦੇ ਨਾਲ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਇਸ ਸਮੇਂ ਲੋਕ ਸਭਾ ‘ਚ ਤ੍ਰਿਣਮੂਲ ਕਾਂਗਰਸ ਦੇ 28 ਮੈਂਬਰ ਹਨ, ਜਿਨ੍ਹਾਂ ‘ਚੋਂ ਇਕ ਐੱਮ.ਪੀ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਵਿਧਾਨ ਸਭਾ ‘ਚ ਰਿਤਬਤ ਚੈਟਰਜੀ ਦੀ ਅਗਵਾਈ ‘ਚ ਤ੍ਰਿਣਮੂਲ ਕਾਂਗਰਸ ਦੇ 58 ਵਿਧਾਇਕਾਂ ਨੂੰ ਵੱਖ ਧੜੇ ਦੇ ਰੂਪ ‘ਚ ਮਾਨਤਾ ਮਿਲ ਚੁੱਕੀ ਹੈ। ਇਸ ਦੌਰਾਨ ਰਾਜ ਸਭਾ ‘ਚ ਤ੍ਰਿਣਮੂਲ ਕਾਂਗਰਸ ਦੇ ਐੱਮਪੀ ਸੁਪੇਂਦੂ ਸ਼ੇਖਰ ਰਾਏ ਨੇ ਰਾਜ ਸਭਾ ਦੇ ਨਾਲ-ਨਾਲ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਇਲਾਵਾ, ਰਾਜ ਸਭਾ ਦੇ ਮੈਂਬਰ ਕੋਇਲ ਮਲਿਕ ਦੇ ਵੀ ਅਸਤੀਫ਼ਾ ਦੇਣ ਦੀ ਚਰਚਾ ਹੈ। ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਤੇ ਅਭਿਸ਼ੇਕ ਬੈਨਰਜੀ ਦੇ ਆਈਐੱਨਡੀਆਈਏ ਗੱਠਜੋੜ ਦੀ ਬੈਠਕ ‘ਚ ਹਿੱਸਾ ਲੈਣ ਦੌਰਾਨ ਹੀ ਪਾਰਟੀ ਦੇ ਇਕ ਦਰਜਨ ਤੋਂ ਜ਼ਿਆਦਾ ਸੰਸਦ ਮੈਂਬਰਾਂ ਨੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਸ ਦੌਰਾਨ ਬੰਗਾਲ ਦੇ ਮੁੱਖ ਮੰਤਰੀ ਸੁਭੇਦੁ ਅਧਿਕਾਰੀ ਵੀ ਮੌਜੂਦ ਸਨ। ਮੰਨਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਦੇ ਟੁੱਟਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋ ਗਈ ਹੈ।
ਲੋਕ ਸਭਾ ਦੇ ਸਪੀਕਰ ਦੀ ਇਜਾਜ਼ਤ ਤੋਂ ਬਾਅਦ ਇਨ੍ਹਾਂ ਸੰਸਦ ਮੈਂਬਰਾਂ ਨੂੰ ਸੰਸਦ ‘ਚ ਤ੍ਰਿਣਮੂਲ ਤੋਂ ਵੱਖ ਧੜੇ ਦੇ ਰੂਪ ‘ਚ ਐਲਾਨਿਆ ਜਾ ਸਕਦਾ ਹੈ ਤੇ ਉਨ੍ਹਾਂ ਦੇ ਬੈਠਣ ਦੀ ਵਿਵਸਥਾ ਵੀ ਵੱਖ ਹੋ ਸਕਦੀ ਹੈ। ਵੈਸੇ ਤਾਂ ਲੋਕ ਸਭਾ ‘ਚ 20 ਸੰਸਦ ਮੈਂਬਰਾਂ ਦੇ ਨਾਲ ਦੋ ਤਿਹਾਈ ਬਹੁਮਤ ਤੋਂ ਬਾਅਦ ਇਹ ਸੰਸਦ ਮੈਂਬਰ ਦਲਬਦਲੀ ਵਿਰੋਧੀ ਕਾਨੂੰਨ ਦੇ ਤਹਿਤ ਕਾਰਵਾਈ ਤੋਂ ਬਚ ਜਾਣਗੇ, ਪਰ ਇਸ ਲਈ ਉਨ੍ਹਾਂ ਨੂੰ ਭਾਜਪਾ ‘ਚ ਆਪਣੇ ਧੜੇ ਦਾ ਰਲੇਵਾਂ ਕਰਨਾ ਪਵੇਗਾ। ਸੰਵਿਧਾਨ ਦੀ ਅਨੁਸੂਚੀ 10 ‘ਚ ਪਾਰਟੀ ਦੇ ਕਿਸੇ ਧੜੇ ਦੇ ਵੱਖ ਹੋਣ ਦੀ ਕੋਈ ਵਿਵਸਥਾ ਨਹੀਂ ਹੈ। 2003 ‘ਚ ਕੀਤੀ ਗਈ ਸੋਧ ‘ਚ ਇਸ ਨੂੰ ਹਟਾ ਦਿੱਤਾ ਗਿਆ ਸੀ। ਇਸ ਤਹਿਤ ਸਿਰਫ਼ ਦੋ ਤਿਹਾਈ ਤੋਂ ਜ਼ਿਆਦਾ ਮੈਂਬਰ ਕਿਸੇ ਹੋਰ ਪਾਰਟੀ ‘ਚ ਆਪਣਾ ਰਲੇਵਾਂ ਕਰ ਸਕਦੇ ਹਨ, ਜਿਵੇਂ ਕਿ ਹਾਲੀਆ ਰਾਘਵ ਚੱਢਾ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਨੇ ਕੀਤਾ। ਹਾਲਾਂਕਿ ਤ੍ਰਿਣਮੂਲ ਕਾਂਗਰਸ ਦੇ ਵੱਖ ਹੋਣ ਵਾਲੇ ਸੰਸਦ ਮੈਂਬਰ ਭਾਜਪਾ ‘ਚ ਰਲੇਵੇਂ ਦੀ ਬਜਾਏ ਵੱਖ ਧੜੇ ਦੇ ਰੂਪ ‘ਚ ਮਾਨਤਾ ਦੇਣ ਦੀ ਗੱਲ ਕਰ ਰਹੇ ਹਨ।
ਖ਼ੁਦ ਨੂੰ ਮੂਲ ਪਾਰਟੀ ਵਜੋਂ ਹੀ ਸਥਾਪਤ ਕਰੇਗਾ ਇਹ ਧੜਾ
ਸਪੱਸ਼ਟ ਹੈ ਕਿ ਦੋਵਾਂ ਸਦਨਾਂ ਤੇ ਸੰਗਠਨ ‘ਚ ਵੀ ਆਪਣਾ ਬਹੁਮਤ ਸਾਬਿਤ ਕਰ ਕੇ ਇਹ ਧੜਾ ਮੂਲ ਤ੍ਰਿਣਮੂਲ ਕਾਂਗਰਸ ਦੇ ਰੂਪ ‘ਚ ਖ਼ੁਦ ਨੂੰ ਸਥਾਪਤ ਕਰੇਗਾ। ਕੋਰਟ ਤੋਂ ਵੀ ਅਜਿਹੇ ਧੜੇ ਨੂੰ ਹੀ ਮੂਲ ਪਾਰਟੀ ਦੀ ਮਾਨਤਾ ਮਿਲਦੀ ਹੈ। ਮਹਾਰਾਸ਼ਟਰ ‘ਚ ਸ਼ਿਵ ਸੈਨਾ ਤੇ ਐੱਨਸੀਪੀ ਦੇ ਮਾਮਲੇ ‘ਚ ਅਜਿਹਾ ਹੀ ਹੋਇਆ ਜਦੋਂ ਏਕਨਾਥ ਸ਼ਿੰਦੇ ਦੇ ਨਾਲ ਟੁੱਟੇ ਧੜੇ ਨੂੰ ਮੂਲ ਸ਼ਿਵ ਸੈਨਾ ਦਾ ਦਰਜਾ ਮਿਲਿਆ ਤੇ ਅਜੀਤ ਪਵਾਰ ਦੇ ਨਾਲ ਗਏ ਧੜੇ ਨੂੰ ਮੂਲ ਐੱਨਸੀਪੀ ਦਾ। ਅਜਿਹਾ ਹੀ ਸ਼ਾਇਦ ਤ੍ਰਿਣਮੂਲ ਦੇ ਆਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
