ਕੇਂਦਰ ਸਰਕਾਰ ਵਿਰੁੱਧ ਫੇਰ ਇਕੱਠੀਆਂ ਹੋਈਆਂ 22 ਵਿਰੋਧੀ ਪਾਰਟੀਆਂ

ਨਵੀਂ ਦਿੱਲੀ:ਵਿਰੋਧੀ ਗੱਠਜੋੜ ਆਈ. ਐੱਨ. ਡੀ. ਆਈ. ਏ. ‘ਚ ਸ਼ਾਮਲ 22 ਪਾਰਟੀਆਂ ਨੇ ਸੋਮਵਾਰ ਨੂੰ ਆਪਣਾ ਤਾਲਮੇਲ ਤੇ ਇਕਜੁਟਤਾ ਵਧਾਉਣ ਦਾ ਸੱਦਾ ਦਿੰਦੇ ਹੋਏ ਐੱਸਆਈਆਰ ਤੇ ‘ਵੋਟ ਲੁੱਟ’ ਦੇ ਮੁੱਦੇ ‘ਤੇ ਦੇਸ਼ ਦੇ ਚੀਫ ਜਸਟਿਸ ਨੂੰ ਪੱਤਰ ਭੇਜਣ ਦਾ ਫ਼ੈਸਲਾ ਕੀਤਾ।

ਨਾਲ ਹੀ ਨੀਟ ਪੇਪਰ ਲੀਕ ਤੇ ਸੀਬੀਐੱਸਈ 12ਵੀਂ ਬੋਰਡ ਦੀ ਨਵੀਂ ਓਐੱਸਐੱਮ ਦੀ ਖਾਮੀਆਂ ਵਾਲੀ ਮੁਲਾਂਕਣ ਪ੍ਰਣਾਲੀ ਵਿਵਾਦ ਨੂੰ ਲੈ ਕੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ। ਉਥੇ, ਵਿਰੋਧੀ ਖੇਮੇ ਦੇ ਵਿਚਾਲੇ ਸਹਿਯੋਗ ਤੇ ਤਾਲਮੇਲ ਵਧਾਉਣ ਲਈ ਹੁਣ ਹਰ ਦੋ ਮਹੀਨੇ ‘ਚ ਆਈਐੱਨਡੀਆਈਏ ਦੀ ਬੈਠਕ ਬੁਲਾਉਣ ‘ਤੇ ਸਾਰੀਆਂ ਮੈਂਬਰ ਪਾਰਟੀਆਂ ਨੇ ਇਕ ਸੁਰ ‘ਚ ਹਾਮੀ ਭਰੀ ਤੇ ਇਸ ਦੇ ਮੱਦੇਨਜ਼ਰ ਅਗਲੀ ਬੈਠਕ ਹੈਦਰਾਬਾਦ ‘ਚ ਅਗਸਤ ਮਹੀਨੇ ਬੁਲਾਉਣ ਦਾ ਫ਼ੈਸਲਾ ਵੀ ਲਿਆ ਗਿਆ।
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਪ੍ਰਧਾਨਗੀ ‘ਚ ਦਿੱਲੀ ‘ਚ ਹੋਈ ਇਸ ਬੈਠਕ ‘ਚ ਵਿਰੋਧੀ ਖੇਮੇ ਦੀਆਂ ਪਾਰਟੀਆਂ ਨੇ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਤੋਂ ਬਾਅਦ ਉੱਭਰ ਰਹੇ ਸਿਆਸੀ ਹਾਲਾਤ ਦੀ ਸਮੀਖਿਆ ਵੀ ਕੀਤੀ। ਇਸ ਦੌਰਾਨ ਚੋਣ ਕਮਿਸ਼ਨ, ਨਿਆਪਾਲਿਕਾ ਤੇ ਹੋਰ ਸੰਵਿਧਾਨਕ ਸੰਸਥਾਵਾਂ ਦੇ ਕੰਮ ਕਰਨ ਦੇ ਤੌਰ- ਤਰੀਕਿਆਂ ‘ਤੇ ਚਰਚਾ ਹੋਈ ਤਾਂ ਭਾਜਪਾ ਸਰਕਾਰ ਦੀ ਕਾਰਜਸ਼ੈਲੀ ਨਾਲ ਲੋਕਤੰਤਰ ਤੇ ਚੋਣ ਪ੍ਰਣਾਲੀ ‘ਤੇ ਗਹਿਰਾਉਂਦੇ ਸੰਕਟ ਦੇ ਮੁੱਦੇ ‘ਤੇ ਵੀ ਵਿਰੋਧੀ ਆਗੂਆਂ ਨੇ ਗੱਲਬਾਤ ਕੀਤੀ। ਵਿਰੋਧੀ ਪਾਰਟੀਆਂ ਦੀ । ਇਸ ਬੈਠਕ ਦੀ ਖਾਸੀਅਤ ਇਹ ਰਹੀ ਕਿ ਬੰਗਾਲ ਚੋਣਾਂ ‘ਚ ਤ੍ਰਿਣਮੂਲ ਕਾਂਗਰਸ ਦੀ ਹਾਰ ਤੋਂ ਬਾਅਦ ਮਮਤਾ ਬੈਨਰਜੀ ਹੁਣ ਆਈਐੱਨਡੀਆਈਏ ਦੀ ਸਰਗਰਮੀ ‘ਤੇ ਜ਼ਿਆਦਾ ਜ਼ੋਰ ਦੇ ਰਹੀ ਹੈ। ਤਾਮਿਲਨਾਡੂ ‘ਚ ਕਾਂਗਰਸ ਦੇ ਵਿਜੇ ਦੇ ਨਾਲ ਜਾਣ ਦੇ ਫ਼ੈਸਲੇ ਤੋਂ ਬਾਅਦ ਦਰਮੁਕ ਵਿਰੋਧੀ ਪਾਰਟੀਆਂ ਦੀ ਇਸ ਬੈਠਕ ‘ਚ ਸ਼ਾਮਲ ਨਹੀਂ ਹੋਈ।
ਆਮ ਆਦਮੀ ਪਾਰਟੀ ਬੀਤੀਆਂ ਦਿੱਲੀ ਚੋਣਾਂ ਤੋਂ ਬਾਅਦ ਹੀ ਆਈਐੱਨਡੀਆਈਏ ਤੋਂ ਵੱਖ ਹੋ ਚੁੱਕੀ ਹੈ। ਲੰਬੇ ਸਮੇਂ ਬਾਅਦ ਹੋਈ ਆਈਐੱਨਡੀਆਈਏ ਦੀ ਬੈਠਕ ਤੋਂ ਬਾਅਦ ਮੱਲਿਕਾਰਜੁਨ ਖੜਗੇ ਨੇ ਸਾਰੇ ਵਿਰੋਧੀ ਆਗੂਆਂ ਦੀ ਮੌਜੂਦਗੀ ‘ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਬੈਠਕ ‘ਚ ਪੰਜ ਬਿੰਦੂਆਂ ‘ਤੇ ਸਹਿਮਤੀ ਨਾਲ ਲਏ ਗਏ ਫ਼ੈਸਲੇ ਦੀ ਜਾਣਕਾਰੀ ਦਿੱਤੀ। ਖੜਗੇ ਨੇ ਕਿਹਾ ਕਿ ਸੰਪੂਰਨ ਵਿਰੋਧੀ ਧਿਰ ਵਿਚਾਲੇ ਇਹ ਸਹਿਮਤੀ ਬਣੀ ਹੈ ਕਿ ਐੱਸਆਈਆਰ, ਵੋਟਰ ਸੂਚੀ ‘ਚ ਹੇਰਫੇਰ ਤੇ ਚੋਣਾਂ ਦੀ ਨਿਰਪੱਖਤਾ ‘ਤੇ ਉੱਠੇ ਗੰਭੀਰ ਸਵਾਲਾਂ ਦੇ ਸਬੰਧ ‘ਚ ਭਾਰਤ ਦੇ ਚੀਫ ਜਸਟਿਸ ਨੂੰ ਜਲਦ ਹੀ ਇਕ ਪੱਤਰ ਭੇਜਿਆ ਜਾਵੇਗਾ।
ਸੂਤਰਾਂ ਮੁਤਾਬਕ, ਬੈਠਕ ‘ਚ ਸ਼ਾਮਲ ਮਸ਼ਹੂਰ ਵਕੀਲ ਤੇ ਰਾਜ ਸਭਾ ਦੇ ਆਜ਼ਾਦ ਸੰਸਦ ਮੈਂਬਰ ਕਪਿਲ ਸਿੱਬਲ ਨੇ ਸੀ.ਜੇ.ਆਈ. ਨੂੰ ਪੱਤਰ ਲਿਖਣ ਦਾ ਸੁਝਾਅ ਦਿੱਤਾ, ਜਿਸ ‘ਤੇ ਸਭ ਨੇ ਹਾਮੀ ਭਰੀ। ਇਸ ਦੌਰਾਨ ਪ੍ਰਸਤਾਵਿਤ ਪੱਤਰ ਦਾ ਖਰੜਾ ਵੀ ਸਾਂਝਾ ਕੀਤਾ ਗਿਆ।
ਤਾਲਮੇਲ ਬਣਾਈ ਰੱਖਣ ਲਈ ਮੌਨਸੂਨ ਸੈਸ਼ਨ ਦੌਰਾਨ ਹਰ ਰੋਜ਼ ਹੋਵੇਗੀ ਬੈਠਕ
ਵਿਰੋਧੀ ਆਗੂਆਂ ਵਿਚਾਲੇ ਇਸ ‘ਤੇ ਵੀ ਸਹਿਮਤੀ ਬਣੀ ਕਿ ਅਗਲੇ ਮੌਨਸੂਨ ਸੈਸ਼ਨ ਦੇ ਦੌਰਾਨ ਆਪਸੀ ਭਾਈਵਾਲੀ ਤੇ ਰਣਨੀਤਕ ਤਾਲਮੇਲ ਬਣਾਈ ਰੱਖਣ ਲਈ ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ ਦੇ ਦਫ਼ਤਰ ‘ਚ ਰੋਜ਼ਾਨਾ ਬੈਠਕ ਕੀਤੀ ਜਾਵੇਗੀ।
ਵਿਰੋਧੀ ਧਿਰ ਦੇ ਆਗੂਆਂ ਦੀ ਇਸ ਬੈਠਕ ‘ਚ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ, ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ, ਮਮਤਾ ਬੈਨਰਜੀ, ਜੰਮੂ-ਕਸ਼ਮੀਰ ਦੇ ਸੀਐੱਮ ਉਮਰ ਅਬਦੁੱਲਾ, ਆਰਜੇਡੀ ਆਗੂ ਤੇਜਸਵੀ ਯਾਦਵ, ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ, ਸੀਪੀਆਈ ਦੇ ਡੀ. ਰਾਜਾ, ਸੀਪੀਆਈ (ਐੱਮ) ਦੇ ਜਾਨ ਬ੍ਰਿਟਾਸ, ਸੀਪੀਆਈਐੱਮਐੱਲ ਦੇ ਦੀਪਾਂਕਰ ਭੱਟਾਚਾਰਿਆ ਆਦਿ ਸ਼ਾਮਲ ਹੋਏ।
ਜੇਐੱਮਐੱਮ ਆਗੂ ਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨੇ ਰਾਜ ਸਭਾ ਦੀ ਨਾਮਜ਼ਦਗੀ ਤੇ ਸ਼ਿਵ ਸੈਨਾ ਯੂਥੀਟੀ ਮੁਖੀ ਊਧਵ ਠਾਕਰੇ ਪਰਿਵਾਰਕ ਸਮਾਗਮ ਕਾਰਨ ਵਰਚੂਅਲ ਤਰੀਕੇ ਨਾਲ ਬੈਠਕ ‘ਚ ਸ਼ਾਮਲ ਹੋਏ। ਤਾਮਿਲਨਾਡੂ ‘ਚ ਕਾਂਗਰਸ ਦੀ ਨਵੀਂ ਭਾਈਵਾਲ ਸੀਐੱਮ ਵਿਜੇ ਦੀ ਪਾਰਟੀ ਟੀਵੀਕੇ ਬੈਠਕ ‘ਚ ਸ਼ਾਮਲ ਨਹੀਂ ਸੀ, ਕਿਉਂਕਿ ਇਸ ‘ਚ ਉਨ੍ਹਾਂ ਲੋਕਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ ਜੋ ਮੂਲ ਰੂਪ ਨਾਲ ਆਈ ਐੱਨ ਡੀ ਆਈ ਗੱਠਜੋੜ ਦਾ ਹਿੱਸਾ ਸਨ।