‘ਪੰਜਾਬ ਟਾਈਮਜ਼’ ਅਮਰੀਕਾ ਦਾ ਇੱਕ ਨਵਾਂ ਨਿਵੇਕਲਾ ਹਫ਼ਤਾਵਾਰ ਅਖ਼ਬਾਰ ਹੈ, ਜੋ ਹਰ ਵਰਗ ਦੇ ਪਾਠਕਾਂ ਨੂੰ ਉਨ੍ਹਾਂ ਦੇ ਸੁਹਜ-ਸੁਆਦ ਅਨੁਸਾਰ ਪੜ੍ਹਨ ਸਮਗਰੀ ਪ੍ਰਦਾਨ ਕਰਦਾ ਹੈ ਤੇ ਪਾਠਕ ਬੜੀ ਉਤਸੁਕਤਾ ਨਾਲ ਨਵੇਂ ਅੰਕ ਦੀ ਉਡੀਕ ਕਰਦੇ ਹਨ।
ਪੰਜਾਬੀ ਦਾ ਆਲੰਬਰਦਾਰ ਹਰਕਾਰਾ ‘ਪੰਜਾਬ ਟਾਈਮਜ਼’ ਹਰ ਬੁੱਧਵਾਰ ਸਵੇਰੇ ਤੜਕੇ ਉਨ੍ਹਾਂ ਦੇ ਦਰਾਂ/ਡੈਸਕਟਾਪ ਤੇ ਦਸਤਕ ਦਿੰਦਾ ਗੁੱਡ ਮਾਰਨਿੰਗ ਕਹਿੰਦਾ ਸੋਮਨ ਕਰਦਾ ਹੈ। ‘ਪੰਜਾਬ ਟਾਈਮਜ਼’ ਅਖ਼ਬਾਰ ਪੜ੍ਹਨੀ ਹਰ ਬੁੱਧੀਜੀਵੀ ਵਰਗ ਲਈ ਮਜਬੂਰੀ ਵੀ ਬਣ ਜਾਂਦੀ ਹੈ ਕਿਉਂਕਿ ਇਹ ਭਰੋਸੇਯੋਗ ਖ਼ਬਰਾਂ, ਧਾਰਮਿਕ, ਆਰਥਿਕ, ਸਭਿਆਚਾਰਕ, ਸਾਹਿੱਤਕ ਅਤੇ ਹੋਰ ਚਲੰਤ ਵਿਸ਼ਿਆਂ ਨਾਲ ਸੰਬੰਧਿਤ ਮਸਲਿਆਂ ਤੇ ਨਿਰਪੱਖ ਚਰਚਾ/ਸਮਾਧਾਨ ਕਰਦਾ ਹੈ। ਇਸ ਵਿਚ ਕੋਈ ਵੀ ਖ਼ਬਰ ਛਪਣ ਤੋਂ ਪਹਿਲਾਂ ਇਕ ਨੀਯਤ ਕਸਵੱਟੀ ਰਾਹੀਂ ਚੰਗੀ ਤਰ੍ਹਾਂ ਪੁਣ-ਛਾਣ ਹੁੰਦੀ ਹੈ। ਇਸ ਪਰਚੇ ਵਿਚ ਝੂਠੀਆਂ ਅਫ਼ਵਾਹਾਂ ਜਾਂ ਗੁਮਰਾਹਕੁਨ ਖ਼ਬਰਾਂ ਦੀ ਕੋਈ ਗੁੰਜਾਇਸ਼ ਨਹੀਂ। ਏਸੇ ਕਾਰਨ ਇਸ ਦੇ ਸੂਝਵਾਨ ਪਾਠਕਾਂ ਦੀ ਗਿਣਤੀ ਹਜ਼ਾਰਾਂ ਵਿਚ ਵਧਦੀ ਜਾਂਦੀ ਹੈ।
ਲੋਹੇ ਨੂੰ ਚੁੰਬਕ ਦੇ ਖਿੱਚਣ ਵਾਂਗ ਚੰਗੇ ਪੱਤਰਕਾਰ/ਲੇਖਕ ਆਪਣੇ-ਆਪ ‘ਪੰਜਾਬ ਟਾਈਮਜ਼’ ਵੱਲ ਖਿੱਚੇ ਆਉਂਦੇ ਨੇ ਤੇ ਚੰਗੇ ਇੱਧਰ ਆ ਕੇ ਪਾਰਸ ਸੋਨਾ ਹੋ ਕੇ ਹੋਰ ਨਿੱਖਰ ਜਾਂਦੇ ਨੇ। ਇੱਕ ਚੰਗਾ ਪਰਚਾ ਲੇਖਕ ਨੂੰ ਚੰਗਾ ਲੇਖਕ ਤੇ ਚੰਗੇ ਲੇਖਕ ਨੂੰ ਹੋਰ ਪ੍ਰੋੜ੍ਹਤਾ ਤੇ ਪਕਿਆਈ ਦੀ ਕੁਠਾਲੀ ਵਿਚ ਢਾਲ ਕੇ ਪਰਪੱਕ ਕਰ ਦਿੰਦਾ ਹੈ। ਕਈ ਵੇਰਾਂ ‘ਲੱਕੜ ਨਾਲ ਲੋਹਾ ਵੀ ਤਰ ਜਾਂਦਾ ਹੈ’ ਵਾਲਾ ਮੁਹਾਵਰਾ ਇੱਥੇ ਫ਼ੇਲ੍ਹ ਹੋ ਜਾਂਦਾ ਹੈ, ਕਿਉਂਕਿ ਇੱਥੇ ਸਿਰਫ਼ ਤਰਨ ਵਾਲੀ ਵਸਤੂ ਹੀ ਤਰਦੀ ਹੈ, ਲੋਹਾ ਨਹੀਂ ਤਰ ਸਕਦਾ, ਜਿੰਨਾ ਮਰਜ਼ੀ ਲੁੱਕ ਛਿਪ ਕੇ ਆਵੇ, ਆਪ ਹੀ ਪਰਖਿਆ ਜਾਂਦਾ ਹੈ। ਅੰਨ੍ਹੇ ਨੂੰ ਕਾਣਾ ਸੌ ਵਲ ਭੰਨ ਕੇ ਮਿਲ ਪੈਂਦਾ ਹੈ ਤੇ ਸੁਜਾਖੇ ਨੂੰ ਸੁਜਾਖਾ। ‘ਪੰਜਾਬ ਟਾਈਮਜ਼’ ਕੋਲ ਪਾਰਖੂ ਅੱਖ ਹੈ, ਜਿਸ ਕਰ ਕੇ ਵਿਦਵਾਨ ਲੇਖਕ ਆਪਣੇ ਆਪ ਇੱਧਰ ਖਿੱਚੇ ਚਲੇ ਆਉਂਦੇ ਨੇ। ਇਸ ਨਾਲ ਉਨ੍ਹਾਂ ਦਾ ਆਪਣਾ ਕੱਦ ਵੀ ਹੋਰ ਉੱਚਾ ਹੋ ਜਾਂਦਾ ਹੈ ਤੇ ‘ਪੰਜਾਬ ਟਾਈਮਜ਼’ ਕਾਫ਼ਲੇ ਵਿਚ ਜ਼ਿਕਰਯੋਗ ਵਾਧਾ ਹੁੰਦਾ ਹੈ। ਇਹ ਧਰਮਰਾਜ ਦਾ ਦਰਬਾਰ ਹੈ, ਜਿੱਥੇ ਨਾ ਸਿਫ਼ਾਰਿਸ਼ ਚੱਲਦੀ ਹੈ, ਨਾ ਧੌਂਸ, ਨਾ ਡਾਲਰਾਂ ਦਾ ਲਾਲਚ। ਇੱਥੇ ਸਿਰਫ਼ ਕਰਮਾਂ ਦੇ ਨਿਬੇੜੇ ਹੁੰਦੇ ਹਨ, ਜਿਸ ਲਿਖਤ ਵਿਚ ਜਾਨ ਹੁੰਦੀ ਹੈ, ਜਿਸ ਲੇਖਕ ਵਿਚ ਕਹਿਣ ਤੇ ਪ੍ਰਗਟਾਉਣ ਦੀ ਸੂਝ ਸਿਆਣਪ ਹੈ, ਉਹ ਆਪਣੇ ਆਪ ਬੋਲਦੀ ‘ਪੰਜਾਬ ਟਾਈਮਜ਼’ ਦੀ ਨਜ਼ਰੀਂ ਚੜ੍ਹ ਜਾਂਦੀ ਹੈ। ਇਹੋ ਕਾਰਨ ਹੈ ਕਿ ‘ਪੰਜਾਬ ਟਾਈਮਜ਼’ ਦੇ ਸਾਰੇ ਲੇਖਕ ਇਕ ਵੱਡੇ ਗੁਲਦਸਤੇ ਦੇ ਸੁੰਦਰ ਫੁੱਲਾ ਵਾਂਗ ਆਪਣੀਆਂ ਲਿਖਤਾਂ ਰਾਹੀਂ ਇਸ ਦੀ ਸ਼ਾਨ ਵਧਾਉਂਦੇ ਆਪਣੀ ਕਲਗ਼ੀ ਉੱਚੀ ਰੱਖਦੇ ਹਨ।
‘ਪੰਜਾਬ ਟਾਈਮਜ਼’ ਦੇ ਸੰਸਥਾਪਕ, ਮਾਲਕ, ਸੰਪਾਦਕ ਸ. ਅਮੋਲਕ ਸਿੰਘ ਆਪਣੀ ਸਿਹਤ ਢਿੱਲੀ ਹੋਣ ਦੇ ਬਾਵਜੂਦ ਕੰਮ ਕਰਦੇ ਆਪਣੇ ਆਖ਼ਰੀ ਸਵਾਸਾਂ ਤੱਕ ਚੜ੍ਹਦੀ ਕਲਾ ਵਿਚ ਰਹਿਣ ਦਾ ਸੰਦੇਸ਼ ਦਿੰਦੇ ਰਹੇ ਹਨ। ਉਹ ਚੰਗੀ ਨਰੋਈ ਲਿਖਤ ਲਿਖਦੇ ਤੇ ਅਸਲੀ ਉਸਾਰੂ ਲੇਖਣੀ ਦੀ ਕਦਰ ਕਰਦੇ ਸਨ। ਉਨ੍ਹਾਂ ਦੀ ਨਿਧੜਕ ਬੇਬਾਕ ਤੇ ਦਿੱਬ-ਦ੍ਰਿਸ਼ਟੀ ਵਾਲੀ ਲੇਖਣੀ ਨਾਲ ਉਨ੍ਹਾਂ ਨੂੰ ਕਈ ਵੇਰਾਂ ਕਈ ਮੁਸ਼ਕਲਾਂ ਤੇ ਵਿਰੋਧਤਾਵਾਂ ਦਾ ਮੁਕਾਬਲਾ ਕਰਨਾ ਪਿਆ ਪਰ ਉਨ੍ਹਾਂ ਆਪਣੀ ਸਾਫ਼ ਨਿਧੜਕ ਨਿਰਪੱਖ ਪੱਤਰਕਾਰੀ ਦਾ ਸਹੀ ਮਾਰਗ ਨਹੀਂ ਛੱਡਿਆ। ਵੱਡਾ ਹੋਵੇ ਜਾਂ ਛੋਟਾ, ਉਨ੍ਹਾਂ ਆਪਣੀ ਪੱਤਰਕਾਰੀ ਦਾ ਧਰਮ ਬਾਖ਼ੂਬੀ ਨਿਭਾਇਆ ਹੈ। ਅਗਲਾ ਰੋਵੇ ਚਾਹੇ ਪਿੱਟੇ, ਸਿਰ ਲਾਓ ਨਾਲੇ ਗੋਡੇ ਗਿੱਟੇ। ਅੰਮ੍ਰਿਤਧਾਰਾ ਵਾਂਗ ਬਾਅਦ ਵਿਚ ਜਦ ਇਸ ਦਾ ਮੂਲ ਮਤਲਬ ਪਿਛੋਕੜ ਸਮਝਦਾ ਹੈ ਤਾਂ ਧੰਨਵਾਦ ਕਰਦਾ ਹੈ ਕਿ ਚੰਗਾ ਹੀ ਕੀਤਾ। ਉਨ੍ਹਾਂ ਦੀ ਰਹਿਨੁਮਾਈ ਵਿਚ ‘ਪੰਜਾਬ ਟਾਈਮਜ਼’ ਬਹੁਤ ਬੁਲੰਦ ਚੜ੍ਹਦੀ ਕਲਾ ਵਿਚ ਉਜਾਗਰ ਹੋਇਆ ਤੇ ਹੁਣ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਦੇ ਉਨ੍ਹਾਂ ਦੀ ਪਤਨੀ ਬੀਬੀ ਜਰਪ੍ਰੀਤ ਕੌਰ ਨੇ ਇਸ ਬੂਟੇ ਨੂੰ ਚਾਲੂ ਰੱਖਣ ਦਾ ਤਹੱਈਆ ਸਿਰੜ ਨਾਲ ਕੀਤਾ ਹੋਇਆ ਹੈ ਤੇ ਸਾਰਾ ਪੰਜਾਬੀ ਜਗਤ ਉਸ ਦੀ ਪਿੱਠ ਤੇ ਖੜ੍ਹਾ ਹੈ।
ਇੱਕ ਮਹਾਨ ਨਿਰਭੈ ਨਿਰਪੱਖ ਪੱਤਰਕਾਰੀ ਦਾ ਸੂਚਕ ਤੇ ਨਿਸ਼ਕਾਮ ਸਮਾਜ ਸੇਵਕ ਸ. ਅਮੋਲਕ ਸਿੰਘ ਭਾਵੇਂ ਜਿਸਮਾਨੀ ਤੌਰ ਤੇ 21 ਅਪ੍ਰੈਲ 2021 ਨੂੰ ਆਪਣੀ ਸੰਸਾਰਕ ਯਾਤਰਾ ਸਫਲ ਕਰ ਗਏ ਪਰ ਉਨ੍ਹਾਂ ਦੀ ਸਦੀਵੀ ਯਾਦ/ਪਛਾਣ ‘ਪੰਜਾਬ ਟਾਈਮਜ਼’ ਖਿੜਦਾ ਮੌਲਦਾ ਹਰ ਵੇਲੇ ਯਾਦ ਤਾਜਾ ਰੱਖਦਾ ਰਹਿੰਦਾ ਹੈ। ਕੁੱਝ ਕੋਵਿਡ ਦੀ ਮਾਰ ਤੇ ਬਾਕੀ ਉਨ੍ਹਾਂ ਦੇ ਜਾਣ ਕਾਰਨ ਹੋਰ ਆਰਥਿਕ ਮਜਬੂਰੀਆਂ ਕਾਰਨ ਅਖ਼ਬਾਰ ਨੂੰ ਜਰਾ ਕੁ ਮੁਸ਼ਕਲਾਂ ਝੱਲਣੀਆਂ ਪਈਆਂ ਪਰ ਪੰਜਾਬੀ ਪਿਆਰਿਆ ਨੇ ਇਸ ਨੂੰ ਆਂਚ ਨਹੀਂ ਆਉਣ ਦਿੱਤੀ। ਹੁਣ ਜਦ ਸਮੇਂ ਤੇ ਸਰੋਤਾਂ ਦੀ ਕਿੱਲਤ ਕਾਰਨ ਬਹੁਤ ਸਾਰੇ ਪਰਚੇ ਗ਼ਾਇਬ ਹੋ ਗਏ ਨੇ, ‘ਪੰਜਾਬ ਟਾਈਮਜ਼’ ਸਿਰ ਉੱਚਾ ਕਰ ਕੇ ਚੱਲਦਾ ਰਿਹਾ ਹੈ। ਪੰਜਾਬੀ ਪਿਆਰਿਆਂ ਦਾ ਅੱਗੇ ਵੀ ਹੋਰ ਫ਼ਰਜ਼ ਬਣਦਾ ਹੈ ਕਿ ਇਸ ਸੁੰਦਰ ਫੁਲਵਾੜੀ ਨੂੰ ਸਿੰਜਣ, ਚੜ੍ਹਦੀਆਂ ਕਲਾ ਵਿਚ ਜੀਵਤ ਰੱਖਣ ਤੇ ਪੰਜਾਬੀ ਸਮਾਜ ਨੂੰ ਜਗਾਉਂਦੀ-ਹਸਾਉਂਦੀ ਬੁਲੰਦੀਆਂ ਤੱਕ ਰੁਸ਼ਨਾਉਂਦੀ ‘ਪੰਜਾਬ ਟਾਈਮਜ਼’ ਨੂੰ ਜਾਰੀ ਰੱਖਣ ਵਿਚ ਸਹਿਯੋਗ ਦਿੰਦੇ ਰਹਿਣ। ਵੀਹ ਜੂਨ 2026 ਨੂੰ ਪੰਜਾਬ ਟਾਈਮਜ਼ ਆਪਣੇ ਸ਼ਾਨਾਂਮੱਤਾ ਸਫਰ ਦਾ ਜਸ਼ਨ ਮਨਾ ਰਿਹਾ ਹੈ। ਮੈਂ ਆਪਣੇ ਇਸ ਪਿਆਰੇ-ਨਿਆਰੇ ਪਰਚੇ ਦੀ ਸਤਾਈਵੀਂ ਵਰ੍ਹੇਗੰਢ ਤੇ ਸ਼ੁੱਭ ਕਾਮਨਾ ਕਹਿੰਦਾ ਇਸ ਦੀ ਚੜ੍ਹਦੀ ਕਲਾ ਵਾਸਤੇ ਕਾਮਨਾ ਕਰਦਾ ਹਾਂ।
– ਚਰਨਜੀਤ ਸਿੰਘ ਪੰਨੂ ਸਖੀਰਾ, ਸੈਨਹੋਜ਼ੇ ਕੈਲੀਫੋਰਨੀਆ
—
ਸਵਰਗੀ ਸ. ਅਮੋਲਕ ਸਿੰਘ ਜੰਮੂ ਜੀ ਵਲੋਂ ਨਿੱਗਰ ਪੱਤਰਕਾਰੀ ਅਤੇ ਪੰਜਾਬੀ ਅਦਬ ਨੂੰ ਪ੍ਰਮੁੱਖਤਾ ਦੇਣ ਵਾਲੀ ਅਤੇ ਉਤਰੀ ਅਮਰੀਕਾ ਵਿਚ ਪੰਜਾਬੀਅਤ ਅਤੇ ਪੰਜਾਬੀਆਂ ਦੀ ਬੁਲੰਦਗੀ ਦੀ ਅਵਾਜ਼ ਬਣ ਕੇ ਆਪਣੀ ਵਿਲੱਖਣ ਪਛਾਣ ਸਿਰਜਣ ਵਾਲੀ ਅਖਬਾਰ ‘ਪੰਜਾਬ ਟਾਈੰਮਜ਼’ ਦੀ 27ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਸਮੂਹ ਪੰਜਾਬੀਆਂ ਪਿਆਰਿਆਂ ਨੂੰ ਮੁਬਾਰਕਾਂ। ‘ਪੰਜਾਬ ਟਾਈਮਜ਼’ ਦੇ ਇਸ ਮਾਣਮੱਤੇ ਸਫ਼ਰ ਵਿਚ ਜੰਮੂ ਜੀ ਦੀ ਪ੍ਰਤੀਬੱਧਤਾ, ਸਿਰੜ-ਸਾਧਨਾ ਤੇ ਸਮਰਪਿੱਤਾ ਦਾ ਪ੍ਰਮਾਣ ਹੀ ਹੈ ਕਿ ਇਹ ਅਖਬਾਰ ਸੱਚੀ ਤੇ ਸਟੀਕ ਜਾਣਕਾਰੀ ਰਾਹੀਂ ਪੰਜਾਬ, ਪੰਜਾਬੀਆਂ ਅਤੇ ਪਰਵਾਸੀਆਂ ਦੇ ਹੱਕਾਂ ਅਤੇ ਫ਼ਰਜ਼ਾਂ ਦਾ ਬੁਲਾਰਾ ਬਣ ਕੇ, ਹਰ ਅੰਕ ਨਾਲ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ‘ਪੰਜਾਬ ਟਾਈਮਜ਼’ ਨਾਲ ਜੁੱੜੇ ਪੰਜਾਬੀਆਂ ਦਾ ਮੋਹ, ਪੰਜਾਬੀ ਅਦਬ ਦੀਆਂ ਸਤਿਕਾਰਤ ਸ਼ਖਸ਼ੀਅਤਾਂ ਦਾ ਸਹਿਯੋਗ ਅਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਬਿਜਨਿਸਮੈਨਾਂ ਦੀ ‘ਪੰਜਾਬ ਟਾਈਮਜ਼’ ਪ੍ਰਤੀ ਨੇਕਨੀਤੀ ਅਤੇ ਪੂਰਨ ਮਿਲਵਰਤਨ, ਅਖਬਾਰ ਦਾ ਹਾਸਲ ਹੈ। ‘ਪੰਜਾਬ ਟਾਈਮਜ’L ਜੰਮੂ ਜੀ ਦੀਆਂ ਸਿਰਜੀਆਂ ਰਾਹਾਂ ‘ਤੇ ਤੁੱਰਦਾ, ਉਨ੍ਹਾਂ ਦੀ ਧਰਮਪਤਨੀ ਜਸਪ੍ਰੀਤ ਕੌਰ ਜੀ ਦੀ ਸੁਯੋਗ ਰਹਿਨੁਮਾਈ ਸਦਕਾ ਨਵੀਆਂ ਪੇਸ਼ਬੰਦੀਆਂ ਦਾ ਸਿਰਨਾਵਾਂ ਬਣਿਆ ਰਹੇਗਾ, ਇਹ ਮੇਰਾ ਵਿਸ਼ਵਾਸ਼ ਹੈ। ਇਸ ਮਹੱਤਵਪੂਰਨ ਮੌਕੇ ਤੇ ਮੇਰੇ ਵਲੋਂ ‘ਪੰਜਾਬ ਟਾਈਮਜ’L ਦੇ ਸਮੁੱਚੇ ਅਦਾਰੇ, ਪ੍ਰਬੰਧਕਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਸੁਹਿਰਦ ਸੱਜਣਾਂ ਦਾ ਧੰਨਵਾਦ, ਜਿਨ੍ਹਾਂ ਸਦਕਾ ਇਸ ਨੇ ਆਪਣੇ ਅਦਬੀ ਅਤੇ ਪੱਤਰਕਾਰੀ ਦੇ ਮਿਆਰ ਨੂੰ ਕਾਇਮ ਰiੱਖਆ ਹੋਇਆ ਹੈ।
-ਡਾ. ਗੁਰਬਖ਼ਸ਼ ਸਿੰਘ ਭੰਡਾਲ
