ਸਿਆਸੀ ਹਦਾਇਤਨਾਮਿਆਂ ਦੀ ਉਲਝਾਈ ਹੋਈ ਪੰਜਾਬ ਦੀ ਸਿਆਸਤ

ਬਲਕਾਰ ਸਿੰਘ ਪ੍ਰੋਫੈਸਰ
ਫੋਨ: 93163-01328
ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਹੋ-ਜਿਹੀਆਂ ਸਿਆਸੀ ਕਿਆਸ-ਅਰਾਈਆਂ ਸਾਹਮਣੇ ਆ ਰਹੀਆਂ ਹਨ, ਉਸ ਨਾਲ ਪੰਜਾਬ ਦੀ ਤਰਸਯੋਗ ਹਾਲਤ ਵੱਲ ਇਸ਼ਾਰੇ ਤਾਂ ਹੋ ਰਹੇ ਹਨ, ਪਰ ਇਸ ਵਿਚੋਂ ਨਿਕਲਣ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ।

ਸਿਆਸੀ ਪੰਡਤਾਊਪੁਣੇ ਦੇ ਦਾਅਵੇਦਾਰ ਮੰਡੀਕਰਣ ਦੇ ਦਲਾਲਾਂ ਵਾਂਗ ਵਿਚਰਦੇ ਤਿਫਲ ਤਸੱਲੀਆਂ ਨਾਲ ਸਰਚਣ ਦਾ ਢੌਂਗ ਕਰਦਿਆਂ ਨੂੰ ਇਹ ਫਿਕਰ ਨਜ਼ਰ ਨਹੀਂ ਆਉਂਦਾ ਕਿ ਹੋ ਰਹੀ ਫਿਕਰੇਬਾਜ਼ੀ ਨੂੰ ਕੋਈ ਸਮਝ ਵੀ ਸਕਦਾ ਹੈ। ਪੰਜਾਬ ਭਾਰਤ ਦੀ ਸੂਬਾਈ ਸਿਆਸਤ ਦੇ ਪ੍ਰਸੰਗ ਵਿਚ ਇਹੋ ਜਿਹੀ ਮੁਥਾਜੀ ਦਾ ਇਸ ਤਰ੍ਹਾਂ ਸ਼ਿਕਾਰ ਕਦੇ ਨਹੀਂ ਹੋਇਆ ਸੀ। ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਸਮਝ ਸਕਾਂਗੇ ਕਿ ਪੰਜਾਬ ਦੀ ਸੁਤੇ ਸਮਝ ਵਿਚੋਂ ਪੈਦਾ ਹੋਇਆ ਸੁਭਾ ਤੁਰੰਤ ਫੈਸਲੇ ਲੈ ਕੇ ਉਸ ਤੇ ਪਹਿਰੇਦਾਰੀ ਵੀ ਕਰਦਾ ਰਿਹਾ ਹੈ। ਪੰਜਾਬੀਆਂ ਦੀ ਸੁਤੇ ਸਮਝ ਵੱਲੋਂ ਨਿਰਦੇਸ਼ਤ ਫੈਸਲਿਆਂ ਦਾ ਨਤੀਜਾ 2022 ਵਾਲੀ ਆਪ ਸਰਕਾਰ ਸੀ। 2027 ਵਾਲੀ ਸਰਕਾਰ ਨੂੰ ਧਿਆਨ ਵਿਚ ਰੱਖ ਕੇ ਜਿਹੋ ਜਿਹੀਆਂ ਧਾਰਨਾਵਾਂ ਰੇੜ੍ਹੀਆਂ ਜਾ ਰਹੀਆਂ ਹਨ, ਉਹ ਪੰਜਾਬ ਦੇ ਸੁਭਾ ਨਾਲ ਮੇਲ ਨਹੀਂ ਖਾਂਦੀਆਂ। ਇਕ ਸੁਜੱਗ ਅਤੇ ਸੁਸਿੱਖਿਅਤ ਪੱਤਰਕਾਰ ਦੱਸ ਰਿਹਾ ਸੀ ਕਿ ਪੰਜਾਬ ਜਿਤਾਉਣ ਲਈ ਘੱਟ ਅਤੇ ਹਰਾਉਣ ਲਈ ਵੱਧ ਵੋਟਾਂ ਪਾਉਂਦਾ ਆ ਰਿਹਾ ਹੈ। ਸਿਆਸੀ ਟਿਪਣੀਆਂ ਆਮ ਪੰਜਾਬੀ ਨੂੰ ਧਿਆਨ ਵਿਚ ਰੱਖ ਕੇ ਘੱਟ ਅਤੇ ਖਾਸ ਪੰਜਾਬੀ ਨੂੰ ਧਿਆਨ ਵਿਚ ਰੱਖ ਕੇ ਵੱਧ ਕੀਤੀਆਂ ਜਾ ਰਹੀਆਂ ਹਨ। ਇਕ ਵੇਲਾ ਸੀ ਜਦੋਂ ਪ੍ਰਿੰਟ ਮੀਡੀਆ ਵਿਚ ਨਪੀ ਤੁਲੀ ਜੁੰਮੇਵਾਰੀ ਨਾਲ ਲੋਕ-ਧਾਰਨਾ ਨੂੰ ਨਾਲ ਲ਼ੈ ਕੇ ਸਿਆਸੀ ਟਿਪਣੀਆਂ ਕੀਤੀਆਂ ਜਾਂਦੀਆਂ ਸਨ। ਪਰ ਅੱਜ ਕਲ ਤਾਂ ਪੱਤਰਕਾਰਤਾ ਦੀਆਂ ਦੁਕਾਨਾਂ ਖੁਲ੍ਹ ਗਈਆਂ ਹਨ ਅਤੇ ਇਨ੍ਹਾਂ ਰਾਹੀਂ ਆਪਣੇ-ਆਪਣੇ ਸਿਆਸੀ ਹਦਾਇਤਨਾਮੇ ਵੇਚੇ ਜਾ ਰਹੇ ਹਨ। ਵਿਕਦੇ ਮਾਲ ਦੀ ਕਾਵਾਂਰੌਲੀ ਵਿਚ ਠੀਕ ਵੀ ਗੁਆਚਿਆ ਹੋਇਆ ਲੱਗਦਾ ਹੈ ਅਤੇ ਸੱਚਾਈ ਵੀ ਬੌਂਦਲੀ ਫਿਰਦੀ ਲੱਗਦੀ ਹੈ। ਫਿਕਰੇਬਾਜ਼ੀਆਂ ਵਿਚ ਪ੍ਰਸੰਗਕਤਾ ਗੁਆਚੀ ਫਿਰਦੀ ਹੈ। ਸੌਖਿਆਂ ਰਾਏ ਬਨਾਉਣ ਦੀ ਹਨੇਰੀ ਵਿਚ ਅੱਖਾਂ ਖੋਲ੍ਹ ਕੇ ਤੁਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਇਹੋ ਜਿਹੀ ਸਥਿਤੀ ਵਿਚ ਪੈਰ ਰੋਕ ਕੇ ਸੋਚਣ ਦਾ ਮਸਲਾ ਪੈਦਾ ਹੋ ਗਿਆ ਹੈ। ਸੋਚਾਂਗੇ ਤਾਂ ਸਮਝ ਸਕਾਂਗੇ ਕਿ ਪੰਜਾਬ ਹੁੰਗਾਰਾ ਤਾਂ ਭਰਦਾ ਹੈ, ਪਰ ਮਗਰ ਲੱਗਣ ਵਾਲਾ ਅੰਧ-ਭਗਤ ਨਹੀਂ ਬਣਦਾ। ਜਿਸ ਤਰ੍ਹਾਂ ਦੀ ਮਾਨਸਿਕਤਾ ਭਾਰਤ ਦੀ ਵਰਤਮਾਨ ਸਿਆਸਤ ਨੂੰ ਚਾਹੀਦੀ ਹੈ, ਉਹ ਮਾਨਸਿਕਤਾ ਪੰਜਾਬੀਆਂ ਦੀ ਨਹੀਂ ਹੈ। ਏਸੇ ਕਰਕੇ ਚਾਣਕੀਆ ਨੀਤੀਵਾਨ ਕਹਾਉਣ ਵਾਲਿਆਂ ਨੂੰ ਵੀ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੀ ਸਿਆਸਤ ਬਾਰੇ ਫੈਸਲਾ ਤਾਂ ਬ੍ਰਹਮਾ ਵੀ ਨਹੀਂ ਕਰ ਸਕਦਾ। ਮਨ ਮੌਜੀਆਂ ਵਾਂਗ ਫੈਸਲੇ ਕਰ ਸਕਣ ਵਾਲਾ ਪੰਜਾਬ ਸੁਣਦਾ ਸਭ ਦੀ ਹੈ, ਪਰ ਮੰਨਦਾ ਕਿਸੇ ਦੀ ਨਹੀਂ। ਏਸੇ ਕਰਕੇ ਸਿਆਸਤਦਾਨਾਂ ਵਾਸਤੇ ਪੰਜਾਬ ਨੂੰ ਜੇਬ ਵਿਚ ਪਾ ਕੇ ਤੁਰਨ ਵਿਚ ਸਫਲਤਾ ਨਹੀਂ ਮਿਲ ਰਹੀ। ਪੰਜਾਬ ਨੇ ਜਿਵੇਂ ਸਿਆਸੀ ਹਦਾਇਤਨਾਮੇ ਪਰਵਾਸੀ ਪੰਜਾਬੀਆਂ ਦੇ ਅਣਡਿੱਠ ਕੀਤੇ ਹਨ, ਓਵੇਂ ਹੀ ਕੌਮੀ ਰਾਜਨੀਤੀ ਦੇ ਮੁਦੱਈਆਂ ਨੂੰ ਵੀ ਬਹੁਤਾ ਨਹੀਂ ਗੌਲਿਆ। ਪੰਜਾਬ ਦੀ ਸਿਆਸਤ ਨੂੰ ਸਿਆਸੀ ਪਾਰਟੀਆਂ ਦੀ ਥਾਂ ਆਮ ਪੰਜਾਬੀ ਰਾਹੀਂ ਸਮਝੇ ਜਾਣ ਦੀ ਲੋੜ ਹੈ। ਪੰਜਾਬ ਦੇ ਆਮ ਬੰਦੇ ਨੂੰ ਗੁੱਸੇ, ਉਦਾਸੀ ਅਤੇ ਚੁਫੇਰੇ ਨਾਲ ਰੱਬ ਦੇ ਰੰਗ ਵਿਚ ਨਿਭਣਾ ਆਉਂਦਾ ਹੈ। ਮੈਂ ਕਿਧਰੇ ਸਿੱਖ ਰੰਗ ਦੇ ਕਵੀ ਦੀ ਲਾਈਨ ਪੜ੍ਹੀ ਸੀ ਕਿ ‘ਗੁੱਸਾ ਨ ਕਰ ਬਹੀਂ ਤੂੰ ਪੰਜਾਬ ਮੇਰੇ ਦੀਆਂ ਵਾਦੀਆਂ ਨੇ।’ ਇਸ ਵਿਚ ਵਰਤਮਾਨ ਸਿਆਸਤ ਇਸ ਤਰ੍ਹਾਂ ਟਿਕੀ ਹੋਈ ਹੈ ਜਿਵੇਂ ਪੰਜਾਬ ਸਿਆਸਤ ਨਾਲ ਗਲ ਪਏ ਢੋਲ ਵਾਂਗ ਨਿਭੀ ਜਾ ਰਿਹਾ ਹੈ।
ਮੇਰਾ ਇਕ ਦੋਸਤ ਅਕਾਦਮਿਕ ਕਮਜ਼ੋਰੀ ਨਾਲ ਇਹ ਕਹਿ ਕੇ ਨਿਭਦਾ ਰਿਹਾ ਸੀ ਕਿ ਮਸਲਾ ਗੰਭੀਰ ਹੈ, ਖੋਜ ਜਾਰੀ ਹੈ। ਸਿਆਸਤਦਾਨਾਂ ਦਾ ਹਾਲ ਉਸ ਸੁਖਈ ਵਰਗਾ ਹੈ ਜੋ ਲੱਗੀ ਹੋਈ ਪੀਨਕ ਵਿਚੋਂ ਕਹਿ ਰਿਹਾ ਸੀ ਕਿ ਚੁੱਪ ਕਰ! ਜਿਥੇ ਜਿਥੇ ਕੋਈ ਹੈ ਸਭ ਆਨੰਦ ‘ਚ ਹੈ। ਓਸੇ ਸੁਖਈ ਨੇ ਡੁੱਬਦੇ ਸਾਥੀ ਦੇ ਉਠੇ ਹੋਏ ਹੱਥਾਂ ਦੇ ਜਵਾਬ ਵਿਚ ਗੱਜ ਕੇ ਫਤਹਿ ਬੁਲਾ ਦਿੱਤੀ ਸੀ। ਇਸ ਕਰਕੇ ਪੰਜਾਬ ਦੇ ਸਿਆਸਤਦਾਨ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਹਰ ਰੰਗ ਦੇ ਸਿਆਸਤਦਾਨ ਦਾ ਸਿਆਸੀ ਪੈਂਤੜਾ ਗੁਆਚਿਆ ਹੋਇਆ ਹੈ। ਸਿਆਸਤ ਕਰਨ ਦੀ ਥਾਂ ਸਿਆਸਤ ਖਰੀਦਣ ਦੇ ਭ੍ਰਿਸ਼ਟ ਸਰੋਕਾਰਾਂ ਨੇ ਲੀਡਰਸ਼ਿਪ ਨੂੰ ਆਮ ਬੰਦੇ ਨਾਲੋਂ ਤੋੜ ਦਿੱਤਾ ਹੈ। ਇਸ ਵਿਚੋਂ ਨਿਕਲਣ ਦੇ ਰਸਤੇ ਜਿਨ੍ਹਾਂ ਕਾਰਨਾਂ ਕਰਕੇ ਬੰਦ ਲੱਗਣ ਲੱਗ ਪਏ ਹਨ, ਉਨ੍ਹਾਂ ਦੀ ਨਿਸਾਨਦੇਹੀ ਕਰਕੇ ਹੱਲ ਲੱਭਣ ਵਾਲੀ ਕੋਈ ਧਿਰ ਨਜ਼ਰ ਨਹੀਂ ਆ ਰਹੀ।
ਪੰਜਾਬ ਨੂੰ ਪੁਰਖਿਆਂ ਵੱਲ ਪਰਤਣ ਦੀ ਲੋੜ ਹੈ, ਪਰ ਪੰਜਾਬ ਤਾਂ ਪੁਰਖਿਆਂ ਨੂੰ ਪੂਜਨ ਨਾਲ ਸੰਤੁਸ਼ਟ ਹੋ ਗਿਆ ਜਾਪਦਾ ਹੈ। ਪੰਜਾਬੀ ਸੰਤੁਸ਼ਟ ਹਨ ਕਿ ਉਨ੍ਹਾਂ ਵਰਗਾ ਕੋਈ ਨਹੀਂ ਹੈ ਕਿਉਂਕਿ ਪੰਜਾਬ ਰਿਸ਼ੀਆਂ-ਮੁਨੀਆਂ ਦੀ ਧਰਤੀ ਹੈ। ਇਸ ਪੁਰਾਣੇ ਪੰਜਾਬ ਨੂੰ ਪ੍ਰੋ. ਪੂਰਨ ਸਿੰਘ ਸਿੱਖ ਪੰਜਾਬ ਵਾਂਗ ਵਾਜਾਂ ਮਾਰਦਾ ਰਿਹਾ ਸੀ। ਪੰਜਾਬ ਵੱਲ ਪਰਤਣ ਲਈ ਪੰਜਾਬ ਉਸਾਰੀ ਦਾ ਏਜੰਡਾ ਅਪਨਾਏ ਜਾਣ ਦੀ ਲੋੜ ਹੈ। ਸਿਆਸਤਦਾਨਾਂ ਦੇ ਪੈਰੋਂ ਏਥੋਂ ਤੱਕ ਪਹੁੰਚੇ ਪੰਜਾਬ ਨੂੰ ਸਿਆਤਦਾਨਾਂ ਰਾਹੀਂ ਪੈਰਾਂ ਸਿਰ ਨਹੀਂ ਕੀਤਾ ਜਾ ਸਕਦਾ। ਪੰਜਾਬ ਜਿਵੇਂ ਆਲਮੀ ਪੰਜਾਬ ਬਣਿਆ ਹੈ, ਓਸੇ ਦੀ ਨਿਰੰਤਰਤਾ ਵਿਚ ਪੰਜਾਬ ਨੂੰ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਦੇ ਪੰਜਾਬ ਦੀ ਥਾਂ ਗੁਰੂ ਦੇ ਨਾਮ ਤੇ ਜਿਊਣ ਵਾਲਾ ਪੰਜਾਬ ਬਨਾਉਣ ਵੱਲ ਤੁਰਨਾ ਪਵੇਗਾ। ਤੁਰਾਂਗੇ ਤਾਂ ਧਰਮਨੁਮਾ ਸਿਆਸਤ ਅਤੇ ਸਿਆਸਤਨੁਮਾ ਧਰਮ ਵਿਚੋਂ ਨਿਕਲ ਕੇ ਸਰਬੱਤ ਦੇ ਭਲੇ ਵਾਲੇ ਵਿਰਾਸਤੀ ਪੰਜਾਬ ਦੀ ਪਹਿਰੇਦਾਰੀ ਨਾਲ ਜੁੜ ਸਕਾਂਗੇ। ਉਲਝੇ ਹੋਏ ਪੰਜਾਬ ਨੂੰ ਸਿਆਸੀ ਹਦਾਇਤਨਾਮਿਆਂ ਵਿਚ ਉਲਝਾਉਣ ਤੋਂ ਗੁਰੇਜ਼ ਕਰਾਂਗੇ ਤਾਂ ਧੰਧੇ ਦੀ ਸਿਆਸਤ ਤੋਂ ਬਚ ਸਕਾਂਗੇ। ਬਚਾਉ ਵਿਚ ਸੰਘਰਸ਼ ਦਾ ਸਿਆਸੀ ਰਾਹ ਵੀ ਕਿਸੇ ਕੰਮ ਨਹੀਂ ਆਇਆ। ਮਜਬੂਰੀਆਂ ਨੂੰ ਵੀ ਸ਼ੌਕ ਵਾਂਗ ਹੰਡਾਉਣ ਵਾਲਾ ਪੰਜਾਬ ਇਸ ਵੇਲੇ ਅਜਿਹੇ ਚੌਰਾਹੇ ਤੇ ਖੜਾ ਹੈ ਅਤੇ ਲੋੜੀਂਦੇ ਰਾਹ ਵਾਸਤੇ ਸਿਆਸਤਦਾਨਾਂ ਵੱਲ ਵੇਖੀ ਜਾ ਰਿਹਾ ਹੈ। ਚੌਰਾਹੇ ਤੋਂ ਚਾਰਾਂ ਰਾਹਾਂ ‘ਤੇ ਜਾ ਕੇ ਪੰਜਾਬ ਨੇ ਵੇਖ ਲਿਆ ਹੈ। ਚੁਫੇਰੇ ਪਸਰੀ ਸਿਆਸਤ ਵਿਚੋਂ ਨਿਕਲਣ ਦਾ ਇਕ ਰਾਹ ਸਿਆਸਤ ਹੈ। ਹੋਰ ਵੀ ਰਾਹ ਹੋ ਸਕਦੇ ਹਨ, ਇਸ ਬਾਰੇ ਪੰਜਾਬੀ ਚੇਤਨਾ ਨੂੰ ਸਿਰ ਜੋੜਣ ਅਤੇ ਸੰਵਾਦ ਕਰਨ ਵੱਲ ਤੁਰਨ ਵਾਸਤੇ ਸ਼ਾਹ ਮੁਹੰਮਦ ਦੇ ਇਹ ਬੋਲ ਪੁਗਾਣੇ ਪੈਣਗੇ- ‘ਧਾੜ ਬੁਰਛਿਆਂ ਦੀ ਸਾਡੇ ਪੇਸ਼ ਆਈ ਕੋਈ ਅਕਲ ਦਾ ਕਰੋ ਇਲਾਜ ਯਾਰੋ।’