ਸਰਬਜੀਤ ਧਾਲੀਵਾਲ
ਪਿਛਲੇ ਕੁਝ ਦਿਨਾਂ ਤੋਂ ਮੇਰੀ ਸੁਰਤਿ ਜਗਤਾਰ ਦੀ ਰੂਹ ਦੀ ਪਰਿਕਰਮਾ ਕਰ ਰਹੀ ਹੈ। ਇਸ ਦੀ ਖਾਸ ਵਜ੍ਹਾ ਹੈ। ਵਜ੍ਹਾ ਦੀ ਗੱਲ ਅੱਗੇ ਜਾ ਕੇ ਕਰਦੇ ਹਾਂ। ਜਗਤਾਰ ਦਾ ਜ਼ਿਕਰ ਆਇਆ, ਪਹਿਲਾਂ ਉਸ ਦਰਵੇਸ਼ ਦੀ ਗੱਲ ਕਰ ਲਈਏ। ਇਹ ਸੁਭਾਵਕ ਹੀ ਹੈ ਕਿ ਤੁਸੀਂ ਪੁਛੋਗੇ ਕਿਹੜੇ ਜਗਤਾਰ ਦੀ ਗੱਲ।
ਜਗਤਾਰ ਤਾਂ ਸਾਡੇ ਆਲੇ-ਦੁਆਲੇ ਹਜ਼ਾਰਾਂ ਹੀ ਨੇ। ਮਾਫ ਕਰਨਾ ਮੈਂ ਦੁਨਿਆਵੀ ਭੀੜ ‘ਚ ਘੁੰਮਦੇ-ਫਿਰਦੇ ਜਗਤਾਰਾਂ ਦੀ ਗੱਲ ਨਹੀਂ ਕਰ ਰਿਹਾ। ਜਿਸਦਾ ਜ਼ਿਕਰ ਮੈਂ ਕਰ ਰਿਹਾ ਹਾਂ ਉਹ ਪੰਜਾਬੀ ਸਾਹਿਤ ਦੇ ਅੰਬਰ ਦਾ ਤਾਰਾ ਹੈ। ਪੰਜਾਬੀ ਕਾਵਿ ਸਾਹਿਤ ਦੀ ਅਮਰ ਰੂਹ। ‘ਹਰ ਮੋੜ ‘ਤੇ ਸਲੀਬਾਂ’ ਵਾਲੀ ਜੁਝਾਰੂ ਕਵਿਤਾ ਲਿਖਣ ਵਾਲਾ ਜਗਤਾਰ। ਕਦੇ ਵੀ ਜਦੋਂ ਅਣਖੀ ਲੋਕ ਆਪਣੇ ਹੱਕਾਂ ਲਈ ਸੰਘਰਸ਼ ਕਰਨਗੇ, ਲੜਨਗੇ, ਤੇ ਜਗਤਾਰ ਦੀ ਕਵਿਤਾ ‘ਹਰ ਮੋੜ ‘ਤੇ ਸਲੀਬਾਂ’ ਉਨ੍ਹਾਂ ਲਈ ਸੰਜੀਵਨੀ ਬੂਟੀ ਦਾ ਕੰਮ ਕਰੇਗੀ।
ਪਹਿਲੀ ਵਾਰ ਮੈਂ ਜਗਤਾਰ ਨੂੰ ਸਰਕਾਰੀ ਕਾਲਜ ਹੁਸ਼ਿਆਰਪੁਰ ਮਿਲਿਆ ਸੀ ਤੇ ਦੂਸਰੀ ਵਾਰ ਉਨ੍ਹਾਂ ਦੇ ਘਰੇ ਜਲੰਧਰ। ਹੁਸ਼ਿਆਰਪੁਰ ਉਨ੍ਹਾਂ ਨਾਲ ਮੇਰੀ ਮੁਲਾਕਾਤ ਮੇਰੇ ਦੋਸਤ ਕੌਮੀ ਖਿਡਾਰੀ ਦਰਸ਼ਨ ਸਿੰਘ ਮਾਨਸ਼ਾਹੀਆ ਕੋਚ ਨੇ ਕਰਵਾਈ ਸੀ। ਉਸਦਾ ਕੋਚਿੰਗ ਸੈਂਟਰ ਉਸੇ ਕਾਲਜ ਵਿਚ ਸੀ। ਹਲਕੇ ਜਿਹੇ ਸਾਂਵਲੇ ਰੰਗ ਤੇ ਗੂੜ੍ਹੇ ਨਾਭੀ ਰੰਗ ਦੀ ਮਾਵੇ ਵਾਲੀ ਪੱਗ ਬੰਨ੍ਹ ਕੇ ਰੱਖਣ ਵਾਲਾ ਜਗਤਾਰ ਧੀਮੀ ਤੇ ਨੀਵੀਂ ਸੁਰ ਵਿਚ ਬੋਲਦਾ, ਪਰ ਉਸਦੀ ਸਾਧਾਰਣ ਗੱਲ ਵੀ ਕਵਿਤਾ ਵਰਗੀ ਹੁੰਦੀ। ਆਓ! ਜਗਤਾਰ ਦੀ ਇਸ ਕਵਿਤਾ, ਜਿਸਦਾ ਪਾਠ ਸੰਘਰਸ਼ਾਂ ਸਮੇਂ ਕਈ ਦਹਾਕਿਆਂ ਤੋਂ ਹੁੰਦਾ ਆ ਰਿਹਾ ਹੈ ਤੇ ਕਈ ਸਦੀਆਂ ਚਲਦਾ ਰਹੇਗਾ, ਦੇ ਕੁਝ ਬੋਲਾਂ ਦੇ ਤੁਹਨੂੰ ਦਰਸ਼ਨ ਕਰਵਾਈਏ:
ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।
ਪੱਥਰ ‘ਤੇ ਨਕਸ਼ ਹਾਂ ਮੈਂ, ਮਿੱਟੀ ‘ਤੇ ਤਾਂ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੂੰਘੇਰਾ।
ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ, ਖ਼ਾਮੋਸ਼ ਖ਼ੂਨ ਮੇਰਾ।
ਜਗਤਾਰ ਦੀ ਮਿੱਠੀ ਯਾਦ ਆਉਣ ‘ਤੇ ਉਸਦੀ ਇਹ ਅਮਰ ਕਵਿਤਾ ਦਾ ਜ਼ਿਕਰ ਕਰਨ ਦੀ ਵਜ੍ਹਾ ਹੈ-ਔਰਤ ਜਾਤੀ ਲਈ ਮਾਣ, ਸਨਮਾਨ, ਹੌਂਸਲਾ ਤੇ ਦਲੇਰੀ ਬਣੀ ਹੋਈ ਵਿਨੇਸ਼ ਫੋਗਾਟ। ਅੰਤਰ- ਰਾਸ਼ਟਰੀ ਕੁਸ਼ਤੀ ਮੁਕਬਾਲਿਆਂ ਦੀ ਸੁਪਰ-ਸਟਾਰ ਵਿਨੇਸ਼। ਖੇਡ ਪ੍ਰਬੰਧਨ ਵਿਚ ਛੁਪੀਆਂ ਕੁਝ ਕਾਮੀ ਕਤੀਹੜਾਂ ਨੂੰ ਕੁਸ਼ਤੀ ਅਖਾੜੇ ਵਿਚ ਖੜ੍ਹ ਕੇ ਵੰਗਾਰਨ ਵਾਲੀ ਵਿਨੇਸ਼ ਫੋਗਾਟ।
ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ, ਵਿਨੇਸ਼ ਨੇ ਮੁੜ ਬੁਲਬਲੀ ਚੀਕ ਮਾਰੀ ਹੈ, ਤੇ ਭਾਰਤੀ ਕੁਸ਼ਤੀ ਸੰਘ ਦੀਆਂ ਕੰਧਾਂ ਹਿਲਾ ਦਿਤੀਆਂ ਨੇ। ਭਾਵੇਂ ਵਿਨੇਸ਼ ਆਉਣ ਵਾਲੀਆਂ ਏਸ਼ਿਆਈ ਖੇਡਾਂ -2026 ਵਾਸਤੇ ਕੁਆਲੀਫਾਈ ਨਹੀਂ ਕਰ ਸਕੀ, ਪਰ ਪਿਛਲੇ ਸ਼ਨਿਚਰਵਾਰ ਉਸਨੇ ਜੋ ਲਲਕਾਰਾ ਕੁਸ਼ਤੀ ਅਖਾੜੇ ਵਿਚ ਖੜ੍ਹ ਕੇ ਭਾਰਤੀ ਕੁਸ਼ਤੀ ਸੰਘ ਦੇ ਚੌਧਰੀਆਂ ਵੱਲ ਮੂੰਹ ‘ਤੇ ਉਂਗਲ ਕਰਕੇ ਮਾਰਿਆ ਹੈ ਉਸਨੇ ਚੌਧਰੀਆਂ ਤੇ ਉਨ੍ਹਾਂ ਦੇ ਗੜਬਈਆਂ ਦੀ ਨੀਂਦ ਜ਼ਰੂਰ ਹਰਾਮ ਕਰ ਦਿੱਤੀ ਹੋਣੀ ਹੈ। ਏਸ਼ਿਆਈ ਖੇਡਾਂ ਵਾਸਤੇ ਟਰਾਇਲ ਵਿਚ ਵਿਨੇਸ਼ ਦੀ ਸੈਮੀ-ਫਾਈਨਲ ਵਿਚ ਮੀਨਾਕਸ਼ੀ ਹੱਥੋਂ ਹੋਈ ਵਿਵਾਦਿਤ ਹਾਰ ਤੋਂ ਬਾਅਦ, ਅਖਾੜੇ ਵਿਚ ਖੜ੍ਹੇ ਹੋ ਕੇ ਉਸਨੇ ਕੁਸ਼ਤੀ ਸੰਘ ਨਾਲ ਜੁੜੇ ਕੁਝ ਚੌਧਰੀਆਂ ਨੂੰ ਵੰਗਾਰਦਿਆਂ ਕਿਹਾ ‘ਮੈਂ ਅਖਾੜੇ ਵਿਚ ਫਿਰ ਵਾਪਿਸ ਆਵਾਂਗੀ।’
ਕਈ ਦਿਨ ਲਗਾਤਾਰ ਅਦਾਲਤਾਂ ‘ਚ ਸ਼ਕਤੀਸ਼ਾਲੀ ਭਾਰਤੀ ਕੁਸ਼ਤੀ ਸੰਘ ਦੇ ਚੌਧਰੀਆਂ ਖ਼ਿਲਾਫ਼ ਘੋਲ ਲੜਦੀ ਹੋਈ ਵਿਨੇਸ਼ ਆਪਣੀ ਹਿੱਕ ਦੇ ਜ਼ੋਰ ਨਾਲ ਏਸ਼ਿਆਈ ਖੇਡਾਂ ਵਾਸਤੇ ਟਰਾਇਲਾਂ ਵਿਚ ਸ਼ਾਮਿਲ ਹੋਈ ਸੀ। ਉਸਨੂੰ ਟਰਾਇਲ ਦੇਣ ਤੋਂ ਰੋਕਣ ਲਈ ਕੁਸ਼ਤੀ ਸੰਘ ਸੁਪਰੀਮ ਕੋਰਟ ਤੱਕ ਗਿਆ। ਸੁਪਰੀਮ ਕੋਰਟ ਨੇ ਵਿਨੇਸ਼ ਦੇ ਹੱਕ ਵਿਚ ਫੈਸਲਾ ਦਿੱਤਾ। ਪਰ ਗੱਲ ਇੱਥੇ ਖਤਮ ਨਹੀਂ ਹੋਈ। ਸ਼ਨਿਚਰਵਾਰ (30 ਮਈ) ਨੂੰ ਸਵੇਰੇ ਵਿਨੇਸ਼ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਚ ਟਰਾਇਲ ਦੇਣ ਪਹੁੰਚੀ ਤਾਂ ਉਸਨੂੰ ਹੁਕਮ ਸੁਣਾ ਦਿੱਤਾ ਗਿਆ ਕਿ ਉਹ ਤਾਂ 50 ਕਿਲੋ ਭਾਰ ਵਾਲੇ ਕੁਸ਼ਤੀ ਮੁਕਾਬਲੇ ਵਿਚ ਹੀ ਟਰਾਇਲ ਦੇ ਸਕਦੀ ਹੈ, ਕਿਉਂਕਿ ਉਸਨੇ ਸਾਲ 2024 ਵਿਚ ਪੈਰਿਸ ਓਲੰਪਿਕ ਖੇਡਾਂ ਵਿਚ ਇਸੇ 50 ਕਿਲੋ ਭਾਰ ਵਾਲੇ ਮੁਕਾਬਲੇ ਵਿਚ ਹਿੱਸਾ ਲਿਆ ਸੀ। ਵਿਨੇਸ਼ ਅੜ ਗਈ। ਉਸਨੇ ਕੁਸ਼ਤੀ ਮੁਕਾਬਲੇ ਦੇ ਰੈਫਰੀ ਤੇ ਜੱਜਾਂ ਨੂੰ ਕਿਹਾ ਕਿ ਅਦਾਲਤ ਨੇ ਉਨ੍ਹਾਂ ਨੂੰ ਮੇਰਾ ਟਰਾਇਲ ਲੈਣ ਦਾ ਹੁਕਮ ਦਿੱਤਾ ਹੈ। ਇਹ ਫੈਸਲਾ ਮੈਂ ਕਰਨਾ ਹੈ ਕਿ ਮੈਂ ਕਿਹੜੇ ਭਾਰ ਵਰਗ (ਕੈਟਾਗਰੀ) ਵਿਚ ਹਿੱਸਾ ਲੈਣਾ ਤੇ ਟਰਾਇਲ ਦੇਣੇ ਨੇ। ਵਿਨੇਸ਼ 53 ਕਿੱਲੋ ਵਰਗ ਵਿਚ ਟਰਾਇਲ ਦੇਣ ਲਈ ਤਿਆਰ ਹੋ ਕੇ ਆਈ ਸੀ, ਕਿਉਂਕਿ ਉਸਦਾ ਭਾਰ ਟਰਾਇਲ ਤੋਂ ਪਹਿਲਾਂ 53 ਕਿਲੋ 900 ਗ੍ਰਾਮ ਸੀ। ਬੜੀ ਬਹਿਸ ਹੋਈ। ਕੁਸ਼ਤੀ ਸੰਘ ਵਾਲੇ ਕਹਿਣ ਲੱਗੇ ਕਿ ਅਦਾਲਤ ਦਾ ਹੁਕਮ ਦਿਖਾਓ। ਕਾਫੀ ਦੇਰ ਕਸ਼ਮਕਸ਼ ਚਲੀ। ਅਖੀਰ ਕੁਸ਼ਤੀ ਸੰਘ ਵਾਲਿਆਂ ਨੂੰ ਵਿਨੇਸ਼ ਅੱਗੇ ਝੁਕਣਾ ਪਿਆ।
ਜ਼ਿਕਰਯੋਗ ਹੈ ਕਿ ਟਰਾਇਲ ਲੈਂਦੇ ਸਮੇਂ ਵਿਨੇਸ਼ ਨੂੰ ਇਸ ਵਰਗ ਵਿਚ ਉਨ੍ਹਾਂ ਨਾਲ ਮੁਕਾਬਲਾ ਕਰਨ ਵਾਲੀ ਸੂਚੀ ਵਿਚ ਰੱਖਿਆ ਗਿਆ ਸੀ, ਜਿਸ ਵਿਚ ਚੋਟੀ ਦੀਆਂ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਮਾਅਰਕਾ ਮਾਰ ਚੁੱਕੀਆਂ ਪਹਿਲਵਾਨਣੀਆਂ ਸਨ। ਜਯੋਤੀ ਖ਼ਿਲਾਫ ਪਹਿਲਾ ਮੁਕਾਬਲਾ ਵਿਨੇਸ਼ ਨੇ ਸਹਿਜ ਨਾਲ ਹੀ 7-1 ਅੰਕਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ। ਕੁਆਟਰ-ਫਾਈਨਲ ਵਿਚ ਉਸਦੀ ਕੁਸ਼ਤੀ ਨਿਸ਼ੂ ਨਾਲ ਹੋਈ। ਸ਼ੁਰੂ ਵਿਚ ਵਿਨੇਸ਼ ਕਾਫੀ ਪਛੜ ਗਈ ਸੀ ਤੇ 0-5 ਦੇ ਫਰਕ ਨਾਲ ਪਿੱਛੇ ਸੀ। ਚੌਧਰੀ ਖੁਸ਼ੀ ਵਿਚ ਖੀਵੇ ਹੋ ਰਹੇ ਸੀ। ਵਿਨੇਸ਼ ਦੇ ਪਤੀ ਪਹਿਲਵਾਨ ਸੋਮਵੀਰ ਨੇ ਰੌਲਾ ਪਾਇਆ ਕਿ ਵਿਨੇਸ਼ ਨਾਲ ਰੈਫਰੀ ਤੇ ਜੱਜ ਪੱਖਪਾਤ ਕਰ ਰਹੇ ਨੇ। ਇਸ ਦਾ ਅਸਰ ਹੋਇਆ। ਅਖੀਰ ਵਿਨੇਸ਼ ਇਹ ਮੁਕਬਲਾ ਵੀ ਜਿੱਤ ਗਈ। ਸੈਮੀਫਾਈਨਲ ਵਿਚ ਉਸਦੀ ਕੁਸ਼ਤੀ ਮੀਨਾਕਸ਼ੀ ਨਾਲ ਹੋਈ। ਇਸ ਮੁਕਾਬਲੇ ਸਮੇਂ ਵੀ ਪੱਖਪਾਤ ਵਾਲੀ ਗੱਲ ਮੁੜ ਉਭਰੀ। ਵਿਨੇਸ਼ ਹਾਰ ਗਈ। ਚੌਧਰੀਆਂ ਦੇ ਕਾਲਜੇ ਠੰਢ ਪੈ ਗਈ। ਤਾੜੀਆਂ ਮਾਰਨ ਲਈ ਉਹ ਆਪਣੇ ਨਾਲ ਆਪਣੇ ਪਿਆਦੇ ਵੀ ਲੈ ਕੇ ਆਏ ਸੀ। ਦੂਸਰੇ ਪਾਸੇ ਵਿਨੇਸ਼ ਨਾਲ ਉਸਦਾ ਪਤੀ ਤੇ ਦੋ-ਚਾਰ ਸਮਰਥਕ ਸਨ।
ਵਿਨੇਸ਼ ਲਲਕਾਰਾ ਮਾਰ ਕੇ ਕੁਸ਼ਤੀ ਅਖਾੜੇ ਵਿਚੋਂ ਬਾਹਰ ਆ ਗਈ। ਉਸ ਲਲਕਾਰੇ ਨੂੰ ਵੇਖ ਕੇ ਜਗਤਾਰ ਦੀ ਕਵਿਤਾ ‘ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ’ ਦੀਆਂ ਇਹ ਲਾਈਨਾਂ ਮੇਰੀ ਯਾਦ ਵਿਚ ਤਾਰੀਆਂ ਲਾਉਣ ਲੱਗੀਆਂ। ਫਾਈਨਲ ਮੁਕਾਬਲੇ ਵਿਚ ਮੀਨਾਕਸ਼ੀ ਤੇ ਅੰਤਿਮਾ ਦਾ ਪੇਚਾ ਪਿਆ। ਮੀਨਾਕਸ਼ੀ ਹਾਰ ਗਈ। ਉਸਨੇ ਵੀ ਪੱਖਪਾਤ ਦਾ ਦੋਸ਼ ਲਾਇਆ ਤੇ ਉਹ ਵੀ ਜਾਂਦੀ ਹੋਈ ਭਾਰਤੀ ਕੁਸ਼ਤੀ ਸੰਘ ਦੇ ਚੌਧਰੀਆਂ ਨੂੰ ‘ਸਿੱਧੀਆਂ ਸੁਣਾ’ ਕੇ ਆ ਗਈ।
ਤੁਹਾਨੂੰ ਯਾਦ ਹੀ ਹੋਣਾ ਕਿ ਵਿਨੇਸ਼ ਪੈਰਿਸ ਓਲੰਪਿਕ ਵਿਚ 50 ਕਿਲੋ ਵਾਲੇ ਕੁਸ਼ਤੀ ਮੁਕਾਬਲੇ ਵਿਚ ਫਾਈਨਲ ਵਿਚ ਸੋਨੇ ਦਾ ਤਮਗਾ ਜਿੱਤ ਕੇ ਵੀ ਹਾਰ ਗਈ ਸੀ। 50 ਕਿਲੋ ਵਾਲੇ ਕੁਸ਼ਤੀ ਵਰਗ ਵਿਚ ਭਾਗ ਲੈਂਦਿਆਂ ਵਿਨੇਸ਼ ਨੇ ਪੈਰਿਸ ਓਲੰਪਿਕ ਵਿਚ ਚਾਰ ਵਾਰ ਵਿਸ਼ਵ ਕੁਸ਼ਤੀ ਮੁਕਬਾਲੇ ਜਿੱਤਣ ਵਾਲੀ ਤੇ ਟੋਕੀਓ ਓਲੰਪਿਕ ਖੇਡਾਂ ਵਿਚ ਸੋਨੇ ਦਾ ਤਮਗਾ ਜਿੱਤਣ ਵਾਲੀ ਯੁਈ ਸੁਸਾਕੀ ਨੂੰ ਹਰਾਇਆ ਸੀ। ਪਰ ਜਦੋਂ ਵਿਨੇਸ਼ ਦਾ ਭਾਰ ਤੋਲਿਆ ਗਿਆ ਤਾਂ ਇਹ 100 ਗ੍ਰਾਮ ਵੱਧ ਪਾਇਆ ਗਿਆ। ਉਸ ਸਮੇਂ ਉਸਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ ਤੇ ਉਸਨੂੰ ਕੋਈ ਵੀ ਮੈਡਲ ਨਹੀਂ ਸੀ ਮਿਲਿਆ ਹਾਲਾਂਕਿ ਇਸ ਓਲੰਪਿਕ ਵਿਚ ਸੈਮੀ ਫਾਈਨਲ ਵਿਚ ਉਸਦਾ ਭਾਰ 49 ਕਿਲੋ 900 ਗ੍ਰਾਮ ਸੀ ਤੇ ਉਸਨੇ ਇਹ ਮੁਕਬਲਾ ਧੜੱਲੇ ਨਾਲ ਜਿੱਤਿਆ ਸੀ। ਘਟੋ-ਘੱਟ ਉਹ ਚਾਂਦੀ ਦੇ ਤਮਗ਼ੇ ਦੀ ਤਾਂ ਹੱਕਦਾਰ ਸੀ। ਪਰ ਅੰਤਰ-ਰਾਸ਼ਟਰੀ ਕੁਸ਼ਤੀ ਸੰਘ ਦੇ ਨਿਯਮ ਹੀ ਅਜੇਹੇ ਨੇ ਕਿ ਜੇਕਰ ਕੋਈ ਮੈਡਲ ਰਾਊਂਡ ਡਿਸਕੁਆਲੀਫਾਈ ਹੋ ਜਾਵੇ, ਫਿਰ ਉਸਨੂੰ ਕੋਈ ਮੈਡਲ ਨਹੀਂ ਮਿਲਦਾ। ਕਿਹਾ ਜਾਂਦਾ ਹੈ ਕਿ ਉਸ ਸਮੇਂ ਵੀ ਵਿਨੇਸ਼ ਕਿਸੇ ਵੱਡੀ ਅੰਦਰੂਨੀ ਸਾਜ਼ਿਸ਼ ਦਾ ਸ਼ਿਕਾਰ ਹੋਈ ਸੀ। ਵਿਨੇਸ਼ ਨੇ ਉਸਨੂੰ ਡਿਸਕੁਆਲੀਫਾਈ ਕਰਨ ਦੇ ਫੈਸਲੇ ਖ਼ਿਲਾਫ ਅਪੀਲ ਕੀਤੀ ਸੀ, ਪਰ ਓਲੰਪਿਕ ਦੀ ਸਾਲਸੀ ਕਮੇਟੀ ਨੇ ਇਹ ਅਪੀਲ ਠੁਕਰਾ ਦਿਤੀ ਤੇ ਫੈਸਲਾ ਉਸਦੇ ਖ਼ਿਲਾਫ ਦੇ ਦਿੱਤਾ ਸੀ। ਓਲੰਪਿਕ ਤਾਂ 7 ਅਗਸਤ ਨੂੰ ਖ਼ਤਮ ਹੋ ਗਈ ਸੀ। ਵਿਨੇਸ਼ ਨੂੰ ਫੈਸਲੇ ਦੀ ਉਡੀਕ ਵਿਚ ਕਈ ਦਿਨ ਬਾਅਦ ਵਿਚ ਵੀ ਪੈਰਿਸ ਠਹਿਰਨਾ ਪਿਆ ਸੀ।
ਪੈਰਿਸ ਓਲੰਪਿਕ ਵਿਚ ਫਾਈਨਲ ਵਿਚ ਪਹੁੰਚਣ ਤੋਂ ਪਹਿਲਾਂ ਵਿਨੇਸ਼ ਨੂੰ ਇਕ ਦਿਨ ਵਿਚ ਹੀ ਤਿੰਨ ਮੁਕਾਬਲੇ ਲੜਨੇ ਪਏ ਸੀ ਤੇ ਤਿੰਨਾਂ ਵਿਚ ਹੀ ਉਸਨੇ ਫਤਿਹ ਹਾਸਿਲ ਕੀਤੀ ਸੀ। ਉਸ ਸਮਂੇ ਵੀ ਭਾਰਤੀ ਕੁਸ਼ਤੀ ਸੰਘ ਦੀ ਕਾਰਗੁਜ਼ਾਰੀ ‘ਤੇ ਸਵਾਲ ਉੱਠੇ ਸਨ। ਕਿਹਾ ਗਿਆ ਸੀ ਕਿ ਸੰਘ ਵਾਲਿਆਂ ਨੂੰ ਡਰਾਅ ਕੱਢਣ ਸਮਂੇ ਪਤਾ ਨਹੀਂ ਲੱਗਿਆ ਕਿ ਉਸਦੇ ਇਕ ਸਟਾਰ ਪਹਿਲਵਾਨ ਨੂੰ ਇਕ ਦਿਨ ਵਿਚ ਤਿੰਨ ਮੁਕਾਬਲੇ ਲੜਨੇ ਪੈਣੇ ਨੇ ਤੇ ਇਸਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ। ਇਸ ਤਰ੍ਹਾਂ ਤਾਂ ਪੇਂਡੂ ਖੇਡ ਮੇਲਿਆਂ ਵਿਚ ਵੀ ਨਹੀਂ ਹੁੰਦਾ ਕਿ ਇਕ ਖਿਡਾਰੀ ਨੂੰ ਅਜੇਹੀ ਅਗਨੀ ਪ੍ਰੀਖਿਆ ਵਿਚੋਂ ਲੰਘਣ ਲਈ ਮਜਬੂਰ ਕੀਤਾ ਜਾਵੇ। ਓਲੰਪਿਕ ਵਿਚ ਅਜੇਹਾ ਕਿਵੇਂ ਹੋ ਗਿਆ। ਵਿਨੇਸ਼ ਪਹਿਲਾਂ ਏਸ਼ਿਆਈ ਅਤੇ ਕਾਮਨਵੈਲਥ ਖੇਡ ਮੁਕਬਾਲਿਆਂ ਵਿਚ ਗੋਲਡ ਮੈਡਲ ਜਿੱਤ ਚੁੱਕੀ ਸੀ, ਪਰ ਓਲੰਪਿਕ ਵਾਲੇ ਗੋਲਡ ਮੈਡਲ ਦਾ ਤਾਂ ਜਲਵਾ ਹੀ ਵੱਖਰਾ ਹੁੰਦਾ ਹੈ। ਕੁਸ਼ਤੀ ਵਿਚ ਗੋਲਡ ਮੈਡਲ ਜਿੱਤਣ ਵਾਲੀ ਭਾਰਤ ਦੀ ਉਸ ਪਹਿਲੀ ਔਰਤ ਹੋਣਾ ਸੀ, ਜੇਕਰ ਵੱਧ ਭਾਰ ਵਾਲਾ ਚੱਕਰ ਨਾ ਪੈਂਦਾ। ਫਾਈਨਲ ਤੋਂ ਪਹਿਲਾਂ ਉਸਦੇ ਭਾਰ ਵਿਚ ਯੱਕਲਖਤ ਵਾਧਾ ਹੋਇਆ ਤੇ ਇਸ ਮੁਕਾਬਲੇ ਤੋਂ ਪਹਿਲਾਂ ਉਹ ਸਾਰੀ ਰਾਤ ਭਾਰ ਘਟਾਉਣ ਲਈ ਵਰਜਿਸ਼ ਕਰਦੀ ਰਹੀ ਸੀ। ਸੱਚ ਇਹ ਹੈ ਕਿ ਉਹ ਪੈਰਿਸ ਓਲੰਪਿਕ ਵਿਚ ਵੀ 53 ਕਿੱਲੋ ਵਾਲੀ ਕੈਟਾਗਰੀ ਵਿਚ ਹਿੱਸਾ ਲੈਣਾ ਚਾਹੁੰਦੀ ਸੀ, ਪਰ ਉਸਨੂੰ ਇਸ ਵਰਗ ਵਿਚ ਟਰਾਇਲ ਦੇਣ ਦੀ ਕੁਸ਼ਤੀ ਸੰਘ ਨੇ ਇਜਾਜ਼ਤ ਨਹੀਂ ਸੀ ਦਿੱਤੀ। ਜਿਸਨੂੰ ਇਸ ਵਰਗ ਵਿਚ ਲਿਜਾਇਆ ਗਿਆ ਸੀ, ਉਹ ਪਹਿਲੇ ਗੇੜ ਵਿਚ ਹੀ ਹਾਰ ਗਈ। ਵਿਨੇਸ਼ ਨੂੰ 50 ਕਿਲੋ ਵਾਲੀ ਕੈਟਾਗਰੀ ਵਿਚ ਟਰਾਇਲ ਦੇਣ ਲਈ ਫਿੱਟ ਹੋਣ ਲਈ ਉਸ ਸਮੇਂ ਭਾਰ ਘਟਾਉਣਾ ਪੈਣਾ ਸੀ। ਇਸ ਕਾਰਜ ਲਈ ਉਸਨੂੰ ਬੜੀ ਮੁਸ਼ੱਕਤ ਕਰਨੀ ਪਈ ਸੀ।
ਪੈਰਿਸ ਓਲੰਪਿਕ ਵਿਚ ਉਸ ਨਾਲ ਵਾਪਰੇ ਭਾਣੇ ਤੋਂ ਬਾਅਦ ਵਿਨੇਸ਼ ਨੇ ਆਪਣੀ ਕੈਂਸਰ ਤੋਂ ਪੀੜਤ ਮਾਂ ਨੂੰ ਬਹੁਤ ਹੀ ਸਵੰਦੇਨਾ ਭਰਪੂਰ ਖ਼ਤ ਲਿਖਿਆ ਸੀ। ਉਸਦੀਆਂ ਕੁਝ ਸਤਰਾਂ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਬਣਦੀਆਂ ਨੇ:
‘ਮਾਂ ਕੁਸ਼ਤੀ ਜਿੱਤ ਗਈ, ਮੈਂ ਹਾਰ ਗਈ। ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ। ਤੁਹਾਡੇ ਸੁਪਨੇ ਤੇ ਮੇਰੀ ਹਿੰਮਤ ਸੱਭ ਕੁਝ ਟੁੱਟ ਗਿਆ ਹੈ। ਮੇਰੇ ਕੋਲ ਹੁਣ ਹੋਰ ਤਾਕਤ ਨਹੀਂ। ਕੁਸ਼ਤੀ ਨੂੰ ਅਲਵਿਦਾ। ਮੈਂ ਤੁਹਾਡੇ ਸਾਰਿਆਂ ਦੀ ਸ਼ੁਕਰਗੁਜ਼ਾਰ ਹਾਂ।’ ਜਦੋਂ ਪੈਰਿਸ ਤੋਂ ਵਿਨੇਸ਼ ਦੇਸ਼ ਪਰਤੀ, ਉਸ ਸਮੇਂ ਲੋਕਾਂ ਨੇ ਜੋ ਸਨਮਾਨ ਉਸਨੂੰ ਦਿੱਤਾ, ਉਹ ਆਪਣੇ ਆਪ ਵਿਚ ਯਾਦਗਾਰ ਬਣ ਗਿਆ। ਉਸਨੂੰ ਗੱਡੀਆਂ ਦੇ ਵੱਡੇ ਕਾਫਲੇ ਵਿਚ ਪਿੰਡ ਲਿਆਂਦਾ ਗਿਆ। ਹਰਿਆਣੇ ਦੀਆਂ ਖਾਪ ਪੰਚਾਇਤਾਂ ਨੇ ਉਸਦੇ ਸਨਮਾਨ ਵਿਚ ਵੱਡੇ ਸਮਾਗਮ ਕੀਤੇ ਸਨ। ਪੰਜਾਬ ਦੇ ਲੋਕਾਂ ਨੇ ਵੀ ਉਸ ਨਾਲ ਬੜਾ ਮੋਹ ਜਤਾਇਆ ਸੀ ਤੇ ਉਸਨੂੰ ਸਨਮਾਨਿਆ ਸੀ। ਲੋਕ ਸਮਝਦੇ ਸੀ ਕਿ ਪੈਰਿਸ ਵਿਚ ਉਸ ਨਾਲ ਧੱਕਾ ਹੋਇਆ ਹੈ। ਲੋਕਾਂ ਨੇ ਉਸਦੇ ਡਿੱਗੇ ਹੋਏ ਮਨੋਬਲ ਨੂੰ ਮੁੜ ਬਹਾਲ ਕਰਨ ਵਿਚ ਪੂਰਾ ਜ਼ੋਰ ਲਾਇਆ।
ਕਿਸਾਨ ਪਰਿਵਾਰ ਵਿਚ ਜਨਮੀ ਵਿਨੇਸ਼ ਦਾ ਇੱਕ ਭਰਾ ਤੇ ਇਕ ਭੈਣ ਹੈ। ਪਿਤਾ ਹਰਿਆਣਾ ਰੋਡਵੇਜ਼ ਵਿਚ ਡਰਾਈਵਰ ਸੀ। ਉਸਦਾ ਪਿੰਡ ਵਿਚ ਜ਼ਮੀਨ ਦੇ ਝਗੜੇ ਨੂੰ ਲੈ ਕੇ ਕਤਲ ਹੋ ਗਿਆ ਸੀ। ਮਾਂ ਨੇ ਤਿੰਨੇ ਬੱਚੇ ਬੜਾ ਸੰਘਰਸ਼ ਕਰਕੇ ਪਾਲੇ। ਵਿਨੇਸ਼ ਨੂੰ ਪਹਿਲਵਾਨ ਬਣਾਉਣ ਦੀ ਜ਼ਿੰਮੇਵਾਰੀ ਉਸਦੇ ਤਾਊ ਮਹਾਂਵੀਰ ਨੇ ਨਿਭਾਈ। ਲੜਕੀਆਂ ਬਾਰੇ ਹਰਿਆਣਵੀ ਧਾਰਨਾਵਾਂ ਦੀ ਪ੍ਰਵਾਹ ਨਾ ਕਰਦੇ ਹੋਏ ਤਾਊ ਨੇ ਆਪਣੀਆਂ ਬੇਟੀਆਂ ਗੀਤਾ, ਬਬੀਤਾ, ਪ੍ਰਿਯੰਕਾ ਤੇ ਵਿੰਕਲ ਨੂੰ ਵੀ ਪਹਿਲਵਾਨ ਬਣਾਇਆ। ਜੇਕਰ ਤੁਸੀਂ ‘ਦੰਗਲ’ ਫਿਲਮ ਦੇਖੀ ਹੈ ਤਾਂ ਤੁਹਾਨੂੰ ਇਸ ਪਰਿਵਾਰ ਬਾਰੇ ਜ਼ਰੂਰ ਪਤਾ ਹੋਣਾ ਹੈ।
ਪੈਰਿਸ ਓਲੰਪਿਕ ਤੋਂ ਬਾਅਦ ਪੂਰੀ ਤਰ੍ਹਾਂ ਅੰਦਰੋਂ ਟੁੱਟੀ ਹੋਈ ਵਿਨੇਸ਼ ਨੇ ਪਿਛਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਚੋਣ ਲੜੀ ਤੇ ਜਿੱਤ ਹਾਸਿਲ ਕੀਤੀ। ਉਸਨੇ ਵਿਆਹ ਵੀ ਕਰ ਲਿਆ ਹੈ ਤੇ ਉਸਦੇ ਇਕ ਬੱਚਾ ਵੀ ਹੈ। ਭਾਰਤੀ ਕੁਸ਼ਤੀ ਸੰਘ ਦੇ ਕੁਝ ਚੌਧਰੀ ਇਸ ਲਈ ਉਸਦਾ ਵਿਰੋਧ ਕਰਦੇ ਸੀ ਕਿ ਉਸਦੇ ਤਾਂ ਹੁਣ ਬੱਚਾ ਵੀ ਹੈ ਤੇ ਉਹ ਖੇਡਾਂ ਵਿਚ ਭਾਗ ਨਹੀਂ ਲੈ ਸਕਦੀ। ਪਰ ਜਿਨ੍ਹਾਂ ਦੇ ‘ਸੀਨੇ ਖਿੱਚ ਪੈਂਦੀ ਹੋਵੇ’ ਉਹ ਇਹੋ ਜਿਹੀਆਂ ਗੱਲਾਂ ਦੀ ਕੀ ਪ੍ਰਵਾਹ ਕਰਦੇ ਨੇ।
ਵਿਨੇਸ਼ ਉਹ ਪਹਿਲਵਾਨ ਹੈ ਜਿਸਨੇ ਕੁਸ਼ਤੀ ਸੰਘ ਦੇ ਇਕ ਰਾਜਨੀਤਕ ਤੌਰ ‘ਤੇ ਸ਼ਕਤੀਸ਼ਾਲੀ ਸਾਬਕਾ ਚੌਧਰੀ ਦੇ ਖ਼ਿਲਾਫ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਸਨ ਤੇ ਉਸਦੇ ਖ਼ਿਲਾਫ ਜਨਤਕ ਸੰਘਰਸ਼ ਵਿੱਢਿਆ ਸੀ ਤੇ ਚੌਧਰੀ ਦੀ ਗੋਡੀ ਲਵਾ ਦਿਤੀ ਸੀ। ਲਗਦਾ ਹੈ ਕਿ ਇਸੇ ਖਾਰ ਕਰਕੇ ਹੁਣ ਵਿਨੇਸ਼ ਦੇ ਰਾਹ ਵਿਚ ਕੰਡੇ ਵਿਛਾਏ ਗਏ ਸੀ। ਮੁੜ ਯਾਦ ਆ ਰਹੀਆਂ ਨੇ ਜਗਤਾਰ ਦੀ ਇਹ ਲਾਈਨਾਂ:
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।
ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ, ਖ਼ਾਮੋਸ਼ ਖ਼ੂਨ ਮੇਰਾ।
ਵਿਨੇਸ਼ ਦੇ ਸਵੈਮਾਣ ਨੇ ਇਕ ਵੱਡੀ ਅੰਗੜਾਈ ਲਈ ਹੈ। ਉਸਦੇ ਖੂਨ ਨੇ ਆਪਣੀ ਖ਼ਾਮੋਸ਼ੀ ਤੋੜੀ ਹੈ। ਇਕ ਵਾਰ ਫਿਰ ਉਹ ਮੈਦਾਨ ਵਿਚ ਡੱਟ ਗਈ ਹੈ। ਉਸਦੀ ਲਲਕਾਰ ਮੇਰੇ ਕੰਨਾਂ ਵਿਚ ‘ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰਾਖਿਓ’ ਬਣ ਕੇ ਗੂੰਜ ਰਹੀ ਹੈ।
