ਡਾ. ਆਸਾ ਸਿੰਘ ਘੁੰਮਣ-ਨਡਾਲਾ
97798-53245 (ਵਟਸਐਪ)
ਤਕਰੀਬਨ ਸੌ ਸਾਲ ਪਹਿਲਾਂ 1925 ਵਿਚ ਮਹਾਤਮਾ ਗਾਂਧੀ ਜੀ ਨੇ ਅਹਿੰਸਾ ਦੇ ਵੱਡੇ ਪੂਜਕ-ਪ੍ਰਸ਼ੰਸਕ ਹੁੰਦਿਆਂ ਗੁਰੂ ਗੋਬਿੰਦ ਸਿੰਘ ਜੀ ਨੂੰ ‘ਭੁਲੱਕੜ ਦੇਸ਼-ਭਗਤ’ ਜਾਂ ‘ਕੁਰਾਹੀਆ ਦੇਸ਼-ਭਗਤ’ (ਮਿਸਗਾਈਡਡ ਪੈਟਰੀਓਟ) ਕਿਹਾ ਸੀ। ਸਿੱਖ ਸੰਗਤਾਂ ਵਿਚ ਇਸ ਸੰਬੰਧੀ ਅਜਿਹੀਆਂ ਬੇ-ਬੁਨਿਆਦ ਗੱਲਾਂ ਵੀ ਉੱਭਰਦੀਆਂ ਰਹਿੰਦੀਆਂ ਹਨ ਕਿ
ਗੁਰੂ ਜੀ ਨੂੰ ਅਜਿਹਾ ਕਹੇ ਜਾਣ ਕਾਰਨ ਸਿੱਖਾਂ ਵਿਚ ਏਨਾ ਰੋਸ ਸੀ ਕਿ ਕਿਸੇ ਨੇ ਇਸ ਗੁੱਸੇ ਵਿਚ ਉਨ੍ਹਾਂ ਨੂੰ ਥੱਪੜ ਤੱਕ ਮਾਰ ਦਿੱਤਾ ਸੀ। ਸੋਸ਼ਲ ਮੀਡੀਆ ‘ਤੇ ਮਹਾਤਮਾ ਗਾਂਧੀ ਨਾਲ ਆਹਮੋ-ਸਾਹਮਣੇ ਟਾਕਰੇ ਦੀ ਗੱਲ ਕਿਤੇ ਪਿੰ੍ਰਸੀਪਲ ਗੰਗਾ ਸਿੰਘ ਦੇ ਨਾਂ ਲਾਈ ਜਾਂਦੀ ਹੈ ਅਤੇ ਕਈ ਥਾਈਂ ਗਾਂਧੀ ਦੇ ਥੱਪੜ ਤੱਕ ਮਾਰਨ ਦੀ ਕਹਾਣੀ ਕਿਸੇ ਕੈਪਟਨ ਜਗਤ ਸਿੰਘ ਜਾਂ ਜਤਿੰਦਰ ਸਿੰਘ ਦੇ ਨਾਂ ਬਹਾਦਰੀ ਵਜੋਂ ਜੋੜੀ ਜਾਂਦੀ ਹੈ। ਪਿੰ੍ਰ. ਗੰਗਾ ਸਿੰਘ ਦਾ ਜ਼ਿਕਰ ਗਿਆਨੀ ਸੰਤ ਸਿੰਘ ਮਸਕੀਨ ਆਪਣੇ ਇਕ ਲੈਕਚਰ ਵਿਚ ਵੀ ਕਰਦੇ ਹਨ। ਉਨ੍ਹਾਂ ਅਨੁਸਾਰ ਬੜੋਦਾ ਵਿਖੇ ਕਿਸੇ ਮੀਟਿੰਗ ਵਿਚ ਮਹਾਤਮਾ ਗਾਂਧੀ ਵੱਲੋਂ ਵਿਵਾਦ-ਗ੍ਰਸਤ ਕਥਨਾਂ ਬਾਰੇ ਸਪਸ਼ਟੀਕਰਨ ਦਾ ਅਦਾਨ-ਪ੍ਰਦਾਨ ਕਰਨ ਲਈ ਪ੍ਰਿੰਸੀਪਲ ਗੰਗਾ ਸਿੰਘ, ਜੋ ਕਿ ਸ਼ਹੀਦ ਮਿਸ਼ਨਰੀ ਕਾਲਜ, ਅੰਮ੍ਰਿਤਸਰ ਦੇ ਪਹਿਲੇ ਪ੍ਰਿੰਸੀਪਲ ਸਨ, ਸਾਬਰਮਤੀ ਆਸ਼ਰਮ ਪਹੁੰਚ ਗਏ ਸਨ। ਗਿਆਨੀ ਜੀ ਅਨੁਸਾਰ ਪਿੰ੍ਰਸੀਪਲ ਗੰਗਾ ਸਿੰਘ ਨੇ ਵਿਚਾਰਾਂ ਦੇ ਅਦਾਨ-ਪ੍ਰਦਾਨ ਵਿਚ ਮਹਾਤਮਾ ਗਾਂਧੀ ਨੂੰ ਮੁਆਫੀ ਮੰਗਣ ਲਈ ਮਜਬੂਰ ਕਰ ਦਿਤਾ ਸੀ ਪਰ ਗਿਆਨੀ ਜੀ ਵਲੋਂ ਦਿਤੇ ਇਸ ਹਵਾਲੇ ਦਾ ਗੰਗਾ ਸਿੰਘ ਜੀ ਦੀਆਂ ਲਿਖਤਾਂ ਵਿਚ ਕਿਤੇ ਜ਼ਿਕਰ ਨਹੀਂ ਮਿਲਦਾ ਅਤੇ ਨਾ ਹੀ ਕਿਸੇ ਹੋਰ ਵਿਸ਼ਵਾਸਯੋਗ ਸੂਤਰਾਂ ਤੋਂ ਇਸ ਬਾਰੇ ਜਾਣਕਾਰੀ ਮਿਲਦੀ ਹੈ। ਜਗਤ ਸਿੰਘ ਹੁਰਾਂ ਵਾਲੀ ਗਾਥਾ ਇਸ ਤੋਂ ਵੀ ਵੱਧ ਕਾਲਪਨਿਕ ਲੱਗਦੀ ਹੈ ਕਿਉਂਕਿ ਨਾ ਤਾਂ ਅੱਜ ਤੱਕ ਕਿਸੇ ਨੂੰ ਇਸ ਕੈਪਟਨ ਜਗਤ ਸਿੰਘ ਬਾਰੇ ਪਤਾ ਹੈ ਤੇ ਨਾ ਹੀ ਦੱਸੇ ਜਾਂਦੇ ਵੇਰਵਿਆਂ ਦਾ ਕੋਈ ਸਬੂਤ ਉਪਲਬਧ ਹੈ। ਕੁਦਰਤਨ, ਇਹ ਜਾਨਣ ਦੀ ਜਗਿਆਸਾ ਪ੍ਰਬਲ ਹੋ ਜਾਂਦੀ ਹੈ ਕਿ ਆਖਰਕਾਰ ਇਸ ਦੀ ਅਸਲੀਅਤ ਕੀ ਸੀ।
ਖ਼ੈਰ! ਜੋ ਵੀ ਹੈ! ‘ਭੁਲੱਕੜ ਦੇਸ਼-ਭਗਤ’ ਵਾਲੀ ਵਾਰਤਾ ‘ਯੰਗ ਇੰਡੀਆ’ ਮੈਗਜ਼ੀਨ ਦੇ ਅਪਰੈਲ 1925 ਦੇ ਅੰਕ ਵਿਚ ‘ਮਾਈ ਫਰੈਂਡ ਦਾ ਰੈਵੋਲੂਸ਼ਨਰੀ’ (ਮੇਰਾ ਇਨਕਲਾਬੀ ਦੋਸਤ) ਸਿਰਲੇਖ ਹੇਠ ਛਪੀ ਸੀ। ਇਸ ਲੇਖ ਵਿਚ ਮਹਾਤਮਾ ਗਾਂਧੀ ਗੁਰੂ ਗੋਬਿੰਦ ਸਿੰਘ ਨੂੰ ਵਸ਼ਿੰਗਟਨ, ਗੈਰੀਬਾਲਡੀ, ਲੈਨਿਨ, ਕਮਲ ਪਾਸ਼ਾ, ਡੀ. ਵਲੇਰੋ, ਸ਼ਿਵਾ ਜੀ, ਰਾਣਾ ਪ੍ਰਤਾਪ ਆਦਿ ਦੇ ਸਮੂਹ ਵਿਚ ਸ਼ਾਮਲ ਕਰਦਿਆਂ ਸਭ ਨੂੰ ਹਿੰਸਾਵਾਦੀ ਅਤੇ ਕੁਰਾਹੇ ਪਏ ਦੇਸ਼-ਭਗਤ ਕਹਿੰਦਾ ਹੈ ਅਤੇ ਨਾਲ ਹੀ ਲਿਖਦਾ ਹੈ ਕਿ ਜੇ ਉਹ ਇਨ੍ਹਾਂ ਦੇ ਜੀਵਨ-ਕਾਲ ਵਿਚ ਜਿਉਂਦਾ ਹੁੰਦਾ ਅਤੇ ਉਨ੍ਹਾਂ ਦਾ ਦੇਸ਼-ਵਾਸੀ ਹੁੰਦਾ, ਤਾਂ ਉਨ੍ਹਾਂ ਵੱਲੋਂ ਅਪਣਾਏ ਰਸਤੇ ‘ਤੇ ਕਦੀ ਨਾ ਚੱਲਦਾ। ਪਰ ਮਹਾਤਮਾ ਗਾਂਧੀ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਲਏ ਗਏ ਨਾਵਾਂ ਵਿਚ ਸ਼ਾਮਲ ਵਿਅਕਤੀ ਸਭ ਰਾਜਨੀਤਕ ਆਗੂ ਜਾਂ ਜਰਨੈਲ ਸਨ ਜਦੋਂਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜਿਆ ਗਿਆ ਯੁੱਧ ‘ਧਰਮ-ਯੁੱਧ’ ਸੀ ਅਤੇ ਸਵੈ-ਰੱਖਿਆ ਲਈ ਵਿੱਢਣਾ ਪਿਆ ਸੀ। ਗੁਰੂ ਗੋਬਿੰਦ ਸਿੰਘ ਧਰਮੀ-ਗੁਰੂ ਹੋਣ ਕਰਕੇ ਸਿੱਖਾਂ ਲਈ ਉਹੀ ਕੁਝ ਸਨ ਜੋ ਕ੍ਰਿਸ਼ਨ ਮਹਾਰਾਜ ਮਹਾਤਮਾ ਗਾਂਧੀ ਲਈ ਸਨ: ‘ਰੱਬੀ-ਸਰੂਪ, ਸੰਪੂਰਨ ਰੂਪ ਵਿਚ ਬੇ-ਦਾਗ…ਲੱਖਾਂ ਹੀ ਲੋਕਾਂ ਦੇ ਉਤਸ਼ਾਹ-ਵਰਧਕ, ਰੱਬੀ ਰੂਹ ਫੂਕ ਦੇਣ ਵਾਲੇ… ਬ੍ਰਹਿਮੰਡ-ਮਾਲਕ; ਸਿਰਜਣਹਾਰੇ, ਸਾਂਭਣਹਾਰੇ ਅਤੇ ਸੰਹਾਰਕ (ਇਕੋ ਵਕਤ ਤਿੰਨੋਂ)। ਸਿਰਜਣਹਾਰੇ ਹੋਣ ਕਰਕੇ ਉਹ ਵਿਨਾਸ਼ਕਾਰੀ ਹੋਣ ਦਾ ਹੱਕ ਰੱਖਦੇ ਸਨ’ (ਮਹਾਤਮਾ ਗਾਂਧੀ ਦੇ ਕ੍ਰਿਸ਼ਨ ਮਹਾਰਾਜ ਸੰਬੰਧੀ ਵਰਤੇ ਗਏ ਸ਼ਬਦ)। ਸਿੱਖਾਂ ਦੇ ਮਨਾਂ ਵਿਚਲੀ ਸ਼ਰਧਾ ਅਤੇ ਸੰਵੇਦਨਸ਼ੀਲਤਾ ਦੀ ਗਹਿਰਾਈ ਅਤੇ ਉਚਾਈ ਦਾ ਉਸ ਸਮੇਂ ਸ਼ਾਇਦ ਮਹਾਤਮਾ ਗਾਂਧੀ ਨੂੰ ਅੰਦਾਜ਼ਾ ਨਹੀਂ ਸੀ। ਉਹ ਕੀ ਜਾਣੇ ਕਿ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਲਈ ਸੱਚੇ ਪਾਤਸ਼ਾਹ ਹਨ ਅਤੇ ਗੁਰੂ ਜੀ ਦੇ ਨਿਰਦੋਸ਼ ਪੁੱਤਰਾਂ ਨੂੰ ਸਿੱਖ ਵਡਿਆ ਕੇ ਸਾਹਿਬਜ਼ਾਦੇ ਕਹਿੰਦੇ ਹਨ। ਉਨ੍ਹਾਂ ਦੀ ਕੁਰਬਾਨੀ ਦੀ ਦਾਸਤਾਂ ਸੁਣਦੇ-ਸੁਣਾਉਂਦੇ ਸਿੱਖ ਸ਼ਰਧਾਲੂ ਫਿਸ-ਫਿਸ ਪੈਂਦੇ ਸਨ, ਕਿਰ-ਕਿਰ ਜਾਂਦੇ ਸਨ, ਪੋਟਾ-ਪੋਟਾ ਵਿੰਨੇ ਜਾਂਦੇ ਸਨ।
‘ਯੰਗ ਇੰਡੀਆ’ ਵਿਚ ਛਪੇ ਇਸ ਆਰਟੀਕਲ ਵਿਚ ਮਹਾਤਮਾ ਗਾਂਧੀ ‘ਭੁਲੱਕੜ ਦੇਸ਼-ਭਗਤ’ ਦੇ ਨਾਲ-ਨਾਲ ਦੋ ਹੋਰ ਮਸਲੇ ਉਠਾ ਦੇਂਦਾ ਹੈ: ਇਕ ਇਹ ਕਿ ਸਿੱਖ ਹਰ ਵੇਲੇ ਕਿਰਪਾਨ ਕਿਉਂ ਲਈ ਫਿਰਦੇ ਹਨ ਦੂਸਰਾ ਕਿ ਸਿੱਖ ਵੀ ਹਿੰਦੂ ਹੀ ਹਨ।
ਮਹਾਤਮਾ ਗਾਂਧੀ ਦੇ ਇਤਰਾਜ਼ਯੋਗ ਲਫਜ਼ਾਂ ਨੂੰ ਲੈ ਕੇ ਸਿਖ ਵੱਖ-ਵੱਖ ਸਮਿਆਂ ‘ਤੇ ਆਪਣਾ ਨਿੱਕਾ-ਮੋਟਾ ਪ੍ਰਤੀਕਰਮ ਤਾਂ ਦੇਂਦੇ ਰਹੇ ਪਰ ਕਿਸੇ ਵੀ ਸਿੱਖ ਬੁੱਧੀਜੀਵੀ ਨੇ ਮਹਾਤਮਾ ਗਾਂਧੀ ਨੂੰ ਮਸਲੇ ਦੀ ਸੰਜੀਦਗੀ ਤੋਂ ਜਾਣੂੰ ਨਾ ਕਰਵਾਇਆ ਜਾਂ ਉਸ ਦੇ ਇਨ੍ਹਾਂ ਵਿਚਾਰਾਂ ਨੂੰ ਇਨਕਾਊਂਟਰ ਨਾ ਕੀਤਾ। ਯੰਗ ਇੰਡੀਆ ਦੇ ਅਕਤੂਬਰ 1925 ਦੇ ਅੰਕ ਵਿਚ ਮਹਾਤਮਾ ਗਾਂਧੀ ਲਿਖਦੇ ਹਨ ਕਿ ਸ. ਮੰਗਲ ਸਿੰਘ (ਜੋ ਕਿ ਕਾਂਗਰਸ ਦਾ ਸਿਰਕਰਦਾ ਸਿੱਖ ਆਗੂ ਸੀ) ਨੇ ਉਨ੍ਹਾਂ ਨੂੰ ਦੱਸਿਆ ਕਿ ਕੁਝ ਸਿੱਖ-ਦੋਸਤਾਂ ਨੂੰ ਉਨ੍ਹਾਂ ਦੇ ਗੁਰੂ ਜੀ ਬਾਰੇ ਕਹੇ ਲਫਜ਼ਾਂ ਬਾਰੇ ਸਖਤ ਇਤਰਾਜ਼ ਹੈ ਅਤੇ ਕਹੇ ਹੋਏ ਲਫਜ਼ਾਂ ਨੇ ਸਿੱਖਾਂ ਨੂੰ ਧਾਰਮਿਕ ਠੇਸ ਪਹੁੰਚਾਈ ਹੈ। ਪਰ ਗਾਂਧੀ ਜੀ ਦਾਅਵਾ ਕਰਦੇ ਹਨ ਕਿ ਮੈਂ ਤਾਂ ਕੁਝ ਵੀ ਇਤਰਾਜ਼ਯੋਗ ਨਹੀਂ ਕਿਹਾ: ‘ਮੇਰਾ ਇਹ ਯਕੀਨ ਹੈ ਕਿ ਸਭ ਸਿੱਖ-ਗੁਰੂ ਹਿੰਦੂ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਹਿੰਦੂਆਂ ਦੇ ਸਭ ਤੋਂ ਵੱਡੇ ਰਾਖੇ ਸਨ।’
ਉਂਝ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਰਬਿੰਦਰਨਾਥ ਟੈਗੋਰ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਇੱਕ ਇਤਰਾਜ਼ਯੋਗ ਲੇਖ ਲਿਖਿਆ ਸੀ ਅਤੇ ਉਸਦਾ ਜਾਦੂ ਨਾਥ ਸਰਕਾਰ ਵੱਲੋਂ ਕੀਤਾ ਅਨੁਵਾਦ ‘ਮਾਡਰਨ ਰਿਵੀਊ’ ਦੇ ਅਪਰੈਲ 1911 ਦੇ ਅੰਕ ਵਿਚ ਛਪਿਆ ਸੀ ਤਾਂ ਉਸਦੇ ਜੁਆਬ ਵਿਚ ਬੜੀ ਜਲਦੀ ਸ. ਲਕਸ਼ਮਣ ਸਿੰਘ ਅਤੇ ਪ੍ਰੋ. ਪੂਰਨ ਸਿੰਘ ਵੱਲੋਂ ਜੁਆਬੀ-ਲੇਖ ਲਿਖੇ ਗਏ ਸਨ ਪਰ ਮਹਾਤਮਾ ਗਾਂਧੀ ਦੀ ਇਸ ਲਿਖਤ ਦੇ ਇਨਕਾਊਂਟਰ ਵਜੋਂ ਸਾਨੂੰ ਕੋਈ ਠੋਸ ਲਿਖਤ ਨਹੀਂ ਮਿਲਦੀ। ਕਿਸੇ ਖ਼ਾਸ ਵਿਦਵਾਨ ਵੱਲੋਂ ਇਸਦਾ ਪਹਿਲਾ ਵਿਸਥਾਰਿਤ ਜ਼ਿਕਰ ਸਾਨੂੰ 1972 ਵਿਚ ਛਪੀ ‘ਸਾਚੀ ਸਾਖੀ’ ਵਿਚ ਮਿਲਦਾ ਹੈ ਜਿਸ ਵਿਚ ਸਿਰਦਾਰ ਕਪੂਰ ਸਿੰਘ ਲਿਖਦੇ ਹਨ ਕਿ 1942 ਵਿਚ ਮਾਰਚ ਦੇ ਅਖੀਰਲੇ ਹਫਤੇ ਵਿਚ ਉਹ ਆਈ.ਸੀ.ਐੱਸ. ਹੁੰਦਿਆਂ ਆਪਣੀ ਪਤਨੀ ਸਮੇਤ ਮਹਾਤਮਾ ਗਾਂਧੀ ਨੂੰ ਵਾਰਧਾ ਆਸ਼ਰਮ ਵਿਚ ਮਿਲਣ ਗਏ ਸਨ ਅਤੇ ਓਥੇ ਦੋ-ਤਿੰਨ ਦਿਨ ਠਹਿਰੇ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਸੰਬੰਧੀ ਵਿਚਾਰ-ਵਿਟਾਂਦਰਾ ਖੁੱਲ੍ਹ ਕੇ ਹੋਇਆ ਸੀ। ‘ਭੁਲੱਕੜ ਦੇਸ਼-ਭਗਤ’ ਦੇ ਮਾਮਲੇ ਵਿਚ ਸਿਰਦਾਰ ਕਪੂਰ ਸਿੰਘ ਨੇ ਗਾਂਧੀ ਜੀ ਨੂੰ ਸਮਝਾਇਆ ਕਿ ਮਹਾਤਮਾ ਦੀ ਪਹਿਲੀ ਗਲਤੀ ਤਾਂ ਇਹੀ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਨੂੰ ਦੇਸ਼-ਭਗਤ ਕਹਿ ਰਹੇ ਹਨ ਜਦੋਂ ਕਿ ਗੁਰੂ ਜੀ ਤਾਂ ਬ੍ਰਹਿਮੰਡ-ਵਿਆਪੀ ਸੋਚ ਦੇ ਮਾਲਕ ਸਨ। ਸਿੱਖਾਂ ਦੇ ਹਿੰਦੂ ਹੋਣ ਬਾਰੇ ਵੀ ਉਨ੍ਹਾਂ ਨੇ ਗਹਿਰੀ ਵਿਵੇਕ ਬੁੱਧੀ ਨਾਲ ਦੱਸਿਆ ਕਿ ਸਿੱਖੀ ਤਾਂ ਹਿੰਦੂਆਂ ਦਾ ਆਦਿ-ਜੁਗਾਦੀ ਰੂਪ ਹੈ। ਜੋ ਹਿੰਦੂ ਸਿੱਖਾਂ ਨੂੰ ਅਲੱਗ ਮੰਨਦੇ ਹਨ ਉਹ ਅਸਲ ਵਿਚ ‘ਮਿਸਗਾਈਡਡ ਹਿੰਦੂ’ ਹਨ। ਕਿਰਪਾਨ ਦੇ ਵਿਸ਼ੇ ‘ਤੇ ਵੀ ਸਿਰਦਾਰ ਨੇ ਗੀਤਾ ਦੇ ਗਹਿਰ-ਗੰਭੀਰ ਅਰਥ ਕਰਕੇ ਮਹਾਤਮਾ ਗਾਂਧੀ ਨੂੰ ਸੋਚੀਂ ਪਾ ਦਿਤਾ। ਸਿਰਦਾਰ ਕਪੂਰ ਸਿੰਘ ਕੈਂਬਰਿਜ ਯੂਨੀਵਰਸਿਟੀ ਦੇ ਪੜ੍ਹੇ ਹੋਏ ਸਨ ਅਤੇ ਪੂਰਬੀ ਅਤੇ ਪੱਛਮੀ ਧਰਮਾਂ ਦੇ ਧੁਰੰਤਰ ਗਿਆਤਾ ਸਨ। ਕੇਵਲ ਕੋਈ ਅਜਿਹਾ ਬੁੱਧੀਮਾਨ ਸ਼ਰਧਾਲੂ ਸਿੱਖ ਹੀ ਮਹਾਤਮਾ ਗਾਂਧੀ ਵਰਗੀ ਪ੍ਰਬੁੱਧ ਸ਼ਖਸੀਅਤ ਦੀ ਤਸੱਲੀ ਕਰਾ ਸਕਦਾ ਸੀ। ਸਿਰਦਾਰ ਅਨੁਸਾਰ ਮਹਾਤਮਾ ਜੀ ਨੇ ਕੁਝ ਪਲ ਸੋਚਣ ਤੋਂ ਬਾਦ ਆਪਣੇ ਸਕੱਤਰ ਮਹਾਂਦੇਵ ਡਿਸਾਈ ਨੂੰ ਬੁਲਵਾਇਆ ਅਤੇ ਇਸ ਵਿਸ਼ੇ ਬਾਰੇ ਕੁਝ ਨੋਟਸ ਦਿਤੇ, ਜੋ ਬਾਅਦ ਵਿਚ ‘ਹਰੀਜਨ’ ਵਿਚ ਛਪੇ। ਉਂਝ ਇਹ ਵੱਖਰੀ ਗੱਲ ਹੈ ਕਿ ਮਹਾਤਮਾ ਗਾਂਧੀ ਇਸ ਮਿਲਣੀ ਦਾ ਕਿਤੇ ਜ਼ਿਕਰ ਨਹੀਂ ਕਰਦੇ (ਸ਼ਾਇਦ ਸਿਰਦਾਰ ਦੇ ਆਈ.ਸੀ.ਐੱਸ ਹੋਣ ਕਰਕੇ) ਪਰ ਇਹ ਸੱਚ ਹੈ ਕਿ ਤਿੰਨ ਮਹੀਨੇ ਬਾਦ ਜੂਨ 26, 1942 ਅਤੇ ਜੁਲਾਈ 4, 1942 ਦੇ ਅੰਕਾਂ ਵਿਚ ਦੋ ਲੇਖਾਂ ਵਿਚ ਗਾਂਧੀ ਜੀ ਵੱਲੋਂ ਇਸ ਵਿਸ਼ੇ ਬਾਰੇ ਸਪਸ਼ਟੀਕਰਣ ਦੇਣ ਦੀ ਕੋਸ਼ਿਸ਼ ਕੀਤੀ ਗਈ। ਪਹਿਲੇ ਆਰਟੀਕਲ ਦਾ ਸਿਰਲੇਖ ਸੀ ‘ਫਾਰ ਦਾ ਸਿੱਖ ਫਰੈਂਡਜ਼’ (ਸਿੱਖ ਦੋਸਤਾਂ ਲਈ) ਅਤੇ ਦੂਸਰੇ ਦਾ ਸੀ ‘ਗੁਰੂ ਗੋਬਿੰਦ ਸਿੰਘ।’ ਪਹਿਲੇ ਲੇਖ ਵਿਚ ਨਾਂ ਲਏ ਬਿਨਾਂ ‘ਇਕ ਬੁੱਧੀਮਾਨ ਸਿੱਖ ਦੋਸਤ’ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ, ਜਿਸਨੇ ਉਨ੍ਹਾਂ ਦੇ ਕੁਝ ਭੁਲੇਖੇ ਦੂਰ ਕੀਤੇ ਸਨ।
ਪਹਿਲੇ ਲੇਖ ਵਿਚ ਉਹ ਲਿਖਦੇ ਹਨ ਕਿ ਭਾਵੇਂ ਉਨ੍ਹਾਂ ਨੂੰ ਵਿਵਾਦਗ੍ਰਸਤ ਆਰਟੀਕਲ ਦਾ ਪੂਰਾ ਵੇਰਵਾ ਯਾਦ ਨਹੀਂ, ਪਰ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਬੇਹੱਦ ਸਤਿਕਾਰ ਕਰਦੇ ਹਨ। ਉਹ ਲਿਖਦੇ ਹਨ, ‘ਗੁਰੂ ਜੀ ਵੱਲੋਂ ਸਿੱਖਾਂ ਨੂੰ ਬਖਸ਼ੀ ਤਲਵਾਰ ਬਾਰੇ ਮੇਰੀ ਰਾਏ ਕੁਝ ਵੀ ਹੋਵੇ, ਪਰ ਮੇਰੇ ਮਨ ਵਿਚ ਗੁਰੂ ਜੀ ਪ੍ਰਤੀ ਜਾਂ ਸਿੱਖ-ਪੰਥ ਪ੍ਰਤੀ ਰੱਤੀ ਭਰ ਵੀ ਨਿਰਾਦਰ ਨਹੀਂ। ਸਾਡੇ ਆਸ਼ਰਮ ਵਿਚ ਗੁਰੂ ਨਾਨਕ ਦੇਵ ਜੀ ਦੇ ਅਨੇਕਾਂ ਸ਼ਬਦ ਸਤਿਕਾਰ ਸਹਿਤ ਅਕਸਰ ਗਾਏ ਜਾਂਦੇ ਹਨ।’ ਕਿਰਪਾਨ ਬਾਰੇ ਉਹ ਆਪਣਾ ਰੁਖ਼ ਹੋਰ ਸਪਸ਼ਟ ਕਰਦੇ ਹਨ, ‘ਕਿਸੇ ਵੀ ਧਰਮ ਦੇ ਕਿਸੇ ਵੀ ਵਿਅਕਤੀ ਵੱਲੋਂ ਹਰ ਵੇਲੇ ਕਿਰਪਾਨ ਧਾਰੀ ਰੱਖਣ ਦੇ ਮੈਂ ਖਿਲਾਫ਼ ਹਾਂ ਪਰ ਸਿੱਖ-ਪ੍ਰੰਪਰਾ ਉਪਰ ਮੇਰੀ ਪਸੰਦਗੀ ਜਾਂ ਨਾ-ਪਸੰਦਗੀ ਦਾ ਕੀ ਅਸਰ ਹੈ? ਹਾਂ, ਕਿਰਪਾਨ ਪਹਿਨਣ ਦੇ ਕਾਨੂੰਨੀ ਹੱਕ ਦੇ ਮਾਮਲੇ ਵਿਚ ਮਂੈ ਇਸਦੇ ਖ਼ਿਲਾਫ ਵੋਟ ਨਹੀਂ ਪਾਵਾਂਗਾ ਕਿਉਂਕਿ ਮੈਂ ਕਾਨੂੰਨਾਂ ਰਾਹੀਂ ਅਹਿੰਸਾ ਲਾਗੂ ਕਰਨ ਦੇ ਹੱਕ ਵਿਚ ਨਹੀਂ ਹਾਂ।’
‘ਹਰੀਜਨ’ ਦੇ ਅਗਲੇ ਅੰਕ ਵਿਚ ‘ਗੁਰੂ ਗੋਬਿੰਦ ਸਿੰਘ’ ਸਿਰਲੇਖ ਅਧੀਨ ਛਪੇ ਆਰਟੀਕਲ ਵਿਚ ਮੂਲ ਵਿਵਾਦਿਤ ਲੇਖ ਮੁੜ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸ ਲੇਖ ਦੇ ਸੰਬੰਧ ਵਿਚ ਮਹਾਤਮਾ ਗਾਂਧੀ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ:
‘ਮੈਂ ਮੌਜੂਦਾ ਇਨਕਲਾਬੀਆਂ ਦੀਆਂ ਗਤੀਵਿਧੀਆਂ ਦੇ ਸੰਬੰਧ ਵਿਚ ਕਿਹਾ ਸੀ ਕਿ ਉਨ੍ਹਾਂ ਦੀਆਂ ਗਤੀਵਿਧੀਆਂ ਗੁਰੂ ਗੋਬਿੰਦ ਸਿੰਘ, ਵਸ਼ਿੰਗਟਨ, ਗੈਰੀਬਾਲਡੀ ਜਾਂ ਲੈਨਿਨ ਦੇ ਮੁਕਾਬਲੇ ਗੁੰਮਰਾਹਕੁਨ ਸਾਬਤ ਹੋਣਗੀਆਂ। ਅਹਿੰਸਾ ਦੇ ਅਸੂਲਾਂ ‘ਤੇ ਪਰਖ਼ਦਿਆਂ-ਨਿਰਖ਼ਦਿਆਂ, ਮੈਂ ਅੱਜ ਵੀ ਬੇ-ਝਿਜਕ ਕਹਿ ਸਕਦਾਂ ਕਿ ਜੇ ਮੈਂ ਉਨ੍ਹਾਂ ਦਾ ਸਮਕਾਲੀ ਹੁੰਦਾ ਤਾਂ ਮੈਂ ਸਭ ਨੂੰ ‘ਭੁਲੱਕੜ ਦੇਸ਼-ਭਗਤ’ ਕਹਿੰਦਾ।’
ਉਨ੍ਹਾਂ ਨੇ ਏਸੇ ਲੇਖ ਵਿਚ ਕ੍ਰਿਸ਼ਨ ਬਾਰੇ ਵੀ ਸਪਸ਼ਟ ਕੀਤਾ ਹੈ: ‘ਜਿਥੋਂ ਤੱਕ ਕ੍ਰਿਸ਼ਨ ਦਾ ਸੰਬੰਧ ਹੈ, ਜਿਨ੍ਹਾਂ ਨੇ ਗੀਤਾ ਵਿਚ ‘ਦੁਸ਼ਟ ਸੰਘਾਰ’ ਕਰਨ ਦਾ ਪ੍ਰਚਾਰ ਕੀਤਾ ਹੈ ਉਹ ਤਾਂ ਇਸ ਬ੍ਰਹਿਮੰਡ ਦੇ ਮਾਲਕ ਹਨ, ਉਹ ਸਾਡੇ ਸਿਰਜਣਹਾਰੇ ਹਨ, ਸਾਡੇ ਸਾਂਭਣਹਾਰੇ ਹਨ, ਸਾਡੇ ਵਿਨਾਸ਼ਕਾਰੀ ਹਨ। ਉਹ ਕਿਉਂਕਿ ਸਿਰਜਣ-ਹਾਰੇ ਹਨ ਇਸ ਲਈ ਉਹ ਵਿਨਾਸ਼-ਅਧਿਕਾਰੀ ਹੋ ਸਕਦੇ ਹਨ।’
ਇਸ ਤਰ੍ਹਾਂ ਦੇ ਗੋਲ-ਮੋਲ ਕਥਨਾਂ ਤੋਂ ਬਾਅਦ ਉਹ ਲਿਖਦੇ ਹਨ ਕਿ ਹੁਣ ਦੋਸ਼ ਲਾਉਣ ਵਾਲਿਆਂ ਸਾਹਮਣੇ ਪ੍ਰਤੱਖ ਹੈ ਕਿ ਮੈਂ ਉਸ ਮਹਾਨ ਗੁਰੂ ਨੂੰ ਕਦੀ ਵੀ ‘ਭੁਲੱਕੜ ਦੇਸ਼-ਭਗਤ’ ਨਹੀਂ ਕਿਹਾ। ਮੈਂ ਉਨ੍ਹਾਂ ਦੇ ਨਿਰਾਦਰ ਵਿਚ ਇਕ ਵੀ ਸ਼ਬਦ ਨਹੀਂ ਲਿਖਿਆ ਜਿਸ ਕਰਕੇ ਮੈਂ ਸ਼ਰਮਿੰਦਗੀ ਮਹਿਸੂਸ ਕਰਾਂ, ਮੈਂ ਹਰ ਇਕ ਕਹੇ ਗਏ ਸ਼ਬਦ ‘ਤੇ ਅਟੱਲ ਹਾਂ…ਇਸ ਲਈ ਸਿੱਖ ਇਸ ਨਿਮਾਣੇ ਜਿਹੇ ਹਿੰਦੂ ਨੂੰ ਆਪਣਾ ਹੀ ਸਮਝਣ, ਆਪਣਾ ਪੰਥਕ-ਸਾਥੀ ਸਮਝਣ।’
ਹੁਣ ਮੁਕਦਮਾ ਪਾਠਕਾਂ ਦੀ ਅਦਾਲਤ ਵਿਚ ਹੈ। ਸਾਰਾ ਕੁਝ ਲਿਖਤੀ ਰੂਪ ਵਿਚ ਉਪਲਬਧ ਹੈ ਤੁਸੀਂ ਆਪਣੀ ਰਾਏ ਆਪੇ ਬਣਾ-ਉਸਾਰ ਸਕਦੇ ਹੋ ਕਿ ਮਹਾਤਮਾ ਗਾਂਧੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ‘ਕਰਾਹੀਆ-ਦੇਸ਼-ਭਗਤ’ ਜਾਂ ‘ਭੁਲੱਕੜ ਦੇਸ਼-ਭਗਤ’ (‘ਮਿਸਗਾਈਡਡ ਪੈਟਰੀਓਟ’) ਕਿਹਾ ਸੀ ਕਿ ਨਹੀਂ? ਜਾਂ ਕਿਸ ਸੰਦਰਭ ਵਿਚ ਕਿਹਾ ਸੀ? ਇਹ ਵੀ ਕਿ ਕੀ ਉਨ੍ਹਾਂ ਨੇ ਮੁਆਫੀ ਮੰਗੀ ਸੀ ਕਿ ਨਹੀਂ? ਜੇ ਮੰਗੀ ਸੀ ਤਾਂ ਕਿਹੜੇ ਲਫਜ਼ਾਂ ਵਿਚ ਮੰਗੀ ਸੀ?
