ਕਰਮ ਬਰਸਟ
ਫੋਨ: +91-94170-73831
ਹਰ ਸਾਲ ਹੀ ਸਾਕਾ ਨੀਲਾ ਤਾਰਾ ਦੀ ਬਰਸੀ ਆਉਂਦੀ ਹੈ ਅਤੇ ਕਈ ਲੋਕ ਜਨਰਲ ਐਸ.ਕੇ. ਸਿਨਹਾ ਦੀ ਸਿਫ਼ਤ ਵਿਚ ਸੋਹਲੇ ਗਾਉਣ ਲੱਗਦੇ ਹਨ ਕਿ ਉਸਨੇ ਸਰਕਾਰ ਦੇ ਹੁਕਮਾਂ ਨੂੰ ਰੱਦ ਕਰਕੇ ਦਰਬਾਰ ਸਾਹਿਬ ਕੰਪਲੈਕਸ ਉੱਪਰ ਹਮਲਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ।
ਇਹ ਸੱਚ ਹੈ ਕਿ ਲੈਫ਼ਟੀਨੈਂਟ ਜਨਰਲ ਸ੍ਰੀਨਿਵਾਸ ਕੁਮਾਰ ਸਿਨਹਾ ਦਾ ਆਪਰੇਸ਼ਨ ਬਲੂ ਸਟਾਰ ਵਿਚ ਸਿੱਧਾ ਕਮਾਂਡਿੰਗ ਰੋਲ ਨਹੀਂ ਸੀ। ਪਰ ਉਹ ਇਸ ਘਟਨਾ ਦੇ ਹਰ ਪਹਿਲੂ ਨਾਲ ਮਹੱਤਵਪੂਰਨ ਢੰਗ ਨਾਲ ਜੁੜੇ ਹੋਏ ਸਨ। ਹਮਲੇ ਬਾਰੇ ਆਮ ਸਹਿਮਤੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਦਰਬਾਰ ਸਾਹਿਬ ’ਤੇ ਫੌਜੀ ਹਮਲੇ ਬਾਰੇ ਕੁਝ ਗੰਭੀਰ ਇਤਰਾਜ਼ ਪੇਸ਼ ਕੀਤੇ ਸਨ। ਉਸ ਸਮੇਂ ਐਸ.ਕੇ. ਸਿਨਹਾ ਭਾਰਤੀ ਫੌਜ ਦੇ ਆਰਮੀ ਸਟਾਫ ਦੇ ਉਪ ਸੈਨਾਪਤੀ ਸਨ ਅਤੇ ਸੀਨੀਆਰਟੀ ਅਨੁਸਾਰ ਫੌਜ ਦੇ ਅਗਲੇ ਮੁਖੀ ਬਣਨ ਵਾਲੇ ਸਨ। ਕਈ ਵੇਰਵਿਆਂ ਅਨੁਸਾਰ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਤੋਂ ਗੋਲਡਨ ਟੈਂਪਲ ਕੰਪਲੈਕਸ ਵਿਚ ਫੌਜੀ ਕਾਰਵਾਈ ਬਾਰੇ ਰਾਏ ਮੰਗੀ ਸੀ। ਸਿਨਹਾ ਨੇ ਇਸ ਤਰ੍ਹਾਂ ਦੀ ਕਾਰਵਾਈ ਦੇ ਧਾਰਮਿਕ ਅਤੇ ਰਾਜਨੀਤਕ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ ਅਤੇ ਬਦਲਵੇਂ ਹੱਲ ਲੱਭਣ ਦੀ ਸਲਾਹ ਦਿੱਤੀ ਸੀ। ਬਾਅਦ ਵਿਚ ਜਨਰਲ ਏ.ਐਸ. ਵੈਦਿਆ ਨੂੰ ਫੌਜ ਦਾ ਮੁਖੀ ਬਣਾਇਆ ਗਿਆ ਅਤੇ ਆਪਰੇਸ਼ਨ ਬਲੂ ਸਟਾਰ ਦੀ ਫੌਜੀ ਯੋਜਨਾ ਉਨ੍ਹਾਂ ਦੀ ਕਮਾਂਡ ਹੇਠ ਅੱਗੇ ਵਧੀ। ਮੈਦਾਨੀ ਕਾਰਵਾਈ ਦੀ ਕਮਾਂਡ ਕੁਲਦੀਪ ਸਿੰਘ ਬਰਾੜ ਨੇ ਕੀਤੀ, ਜਦਕਿ ਉੱਚ ਪੱਧਰੀ ਯੋਜਨਾ ਵਿਚ ਕੇ. ਸੁੰਦਰਜੀ ਦੀ ਮੁੱਖ ਭੂਮਿਕਾ ਸੀ।
ਇਹ ਵੀ ਇੱਕ ਪ੍ਰਚਲਿਤ ਦਲੀਲ ਹੈ ਕਿ ਐਸ.ਕੇ. ਸਿਨਹਾ ਦੇ ਇਤਰਾਜ਼ ਅਤੇ ਉਨ੍ਹਾਂ ਦੀ ਸੁਤੰਤਰ ਰਾਏ ਕਾਰਨ ਉਨ੍ਹਾਂ ਨੂੰ ਫੌਜ ਦਾ ਮੁਖੀ ਨਹੀਂ ਬਣਾਇਆ ਗਿਆ, ਹਾਲਾਂਕਿ ਇਸ ਬਾਰੇ ਕੋਈ ਸਰਕਾਰੀ ਦਸਤਾਵੇਜ਼ੀ ਸਬੂਤ ਨਹੀਂ ਹੈ ਅਤੇ ਇਤਿਹਾਸਕਾਰਾਂ ਵਿਚਕਾਰ ਇਸ ਮਸਲੇ ‘ਤੇ ਮਤਭੇਦ ਹਨ। ਇਹ ਗੱਲਾਂ ਲੰਗੋਟਾ-ਡਾਕ ਉੱਪਰ ਅਧਾਰਤ ਕਹੀਆਂ ਜਾ ਸਕਦੀਆਂ ਹਨ। ਫੇਰ ਵੀ ਜਨਰਲ ਐਸ.ਕੇ. ਸਿਨਹਾ ਵੱਲੋਂ ਕੇਂਦਰੀ ਹਕੂਮਤ ਨੂੰ ਭੇਜੀਆਂ ਸਿਫ਼ਾਰਸ਼ਾਂ ਮਹੱਤਵਪੂਰਨ ਸਨ: 1. ਦਰਬਾਰ ਸਾਹਿਬ ਵਿਚ ਫੌਜ ਭੇਜਣਾ ਆਖ਼ਰੀ ਵਿਕਲਪ ਹੋਣਾ ਚਾਹੀਦਾ ਸੀ, ਸਿਨਹਾ ਦਾ ਮੰਨਣਾ ਸੀ ਕਿ ਪਹਿਲਾਂ ਪੁਲਿਸ, ਸੀਆਰਪੀਐਫ ਅਤੇ ਬੀਐੱਸਐੱਫ ਵਰਗੀਆਂ ਏਜੰਸੀਆਂ ਨੂੰ ਵਰਤਣਾ ਚਾਹੀਦਾ ਸੀ। ਫੌਜ ਨੂੰ ਤਦ ਹੀ ਲਿਆਂਦਾ ਜਾਣਾ ਚਾਹੀਦਾ ਸੀ ਜੇ ਹੋਰ ਸਾਰੇ ਰਸਤੇ ਨਾਕਾਮ ਹੋ ਜਾਣ। 2. ਧਾਰਮਿਕ ਅਸਰਾਂ ਨੂੰ ਸਮਝਣਾ ਜ਼ਰੂਰੀ ਸੀ। ਉਨ੍ਹਾਂ ਨੇ ਲਿਖਿਆ ਕਿ ‘ਗੁਰਦੁਆਰੇ ਅੰਦਰ ਬਖ਼ਤਰਬੰਦ ਗੱਡੀਆਂ ਜਾਂ ਫੌਜੀ ਸਾਜ਼ੋ-ਸਾਮਾਨ ਦੀ ਵਰਤੋਂ ਆਮ ਲੋਕਾਂ ਨੂੰ ਇਹ ਸੰਦੇਸ਼ ਦੇਵੇਗੀ ਕਿ ‘ਟੈਂਕ ਗੁਰਦੁਆਰੇ ਵਿਚ ਚਲੇ ਗਏ’। ਉਨ੍ਹਾਂ ਅਨੁਸਾਰ ਇਸ ਨਾਲ ਦੇਸ਼ ਅਤੇ ਵਿਦੇਸ਼ ਵਿਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਸੀ ਅਤੇ ਫੌਜ ਦੇ ਸਿੱਖ ਜਵਾਨਾਂ ਦੇ ਮਨੋਬਲ ’ਤੇ ਵੀ ਅਸਰ ਪੈ ਸਕਦਾ ਸੀ। 3. ਉਨ੍ਹਾਂ ਨੇ ਇੱਕ ‘ਘੱਟੋ-ਘੱਟ ਨੁਕਸਾਨ’ ਵਾਲੀ ਯੋਜਨਾ ਬਣਾਈ ਸੀ ਮੇਹਤਾ ਚੌਂਕ ਗੁਰਦੁਆਰੇ ਵਿਚ ਸੰਭਾਵਿਤ ਕਾਰਵਾਈ ਲਈ ਉਨ੍ਹਾਂ ਨੇ ਨਿਰਦੇਸ਼ ਤਿਆਰ ਕੀਤੇ: *ਸਿੱਖ ਅਤੇ ਗੈਰ-ਸਿੱਖ ਅਫ਼ਸਰਾਂ ਦੀ ਮਿਲੀ-ਜੁਲੀ ਕਮਾਂਡ, *ਸੁਤੰਤਰ ਸਿੱਖ ਗਵਾਹਾਂ ਦੀ ਮੌਜੂਦਗੀ, *ਪੂਰੀ ਵੀਡੀਓ ਰਿਕਾਰਡਿੰਗ, *ਪਹਿਲਾਂ ਪਾਣੀ ਅਤੇ ਬਿਜਲੀ ਕੱਟਣਾ, *ਲਾਊਡਸਪੀਕਰ ਰਾਹੀਂ ਸਿੱਖ ਲੜਾਕੂਆਂ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕਰਨਾ *ਜੇ ਅੰਦਰ ਜਾਣ ਦੀ ਲੋੜ ਪਵੇ ਤਾਂ ਜੁੱਤੇ ਉਤਾਰ ਕੇ ਅਤੇ ਧਾਰਮਿਕ ਮਰਿਆਦਾ ਦੀ ਪਾਲਣਾ ਕਰਦੇ ਹੋਏ ਦਾਖ਼ਲ ਹੋਣਾ, *ਕਾਰਵਾਈ ਤੋਂ ਬਾਅਦ ਕਾਰ ਸੇਵਾ ਅਤੇ ਮੁਰੰਮਤ ਦੀ ਜਿੰLਮੇਵਾਰੀ ਆਪ ਲੈਣੀ। ਸਿਨਹਾ ਨੇ ਆਪਣੀ ਕਿਤਾਬ ਅਤੇ ਬਾਅਦ ਵਿਚ ਦਿੱਤੀਆਂ ਇੰਟਰਵਿਊਜ਼ ਵਿਚ ਮੰਨਿਆ ਕਿ ਬਲੂ ਸਟਾਰ ਦੌਰਾਨ ਉਨ੍ਹਾਂ ਵਲੋਂ ਸੁਝਾਏ ਗਏ ਬਹੁਤ ਸਾਰੇ ਦਾਅ-ਪੇਚ ਨਹੀਂ ਅਪਣਾਏ ਗਏ। 4. ਉਨ੍ਹਾਂ ਨੇ ਸੁੰਦਰਜੀ ਦੀ ਜਲਦਬਾਜ਼ੀ ਦੀ ਆਲੋਚਨਾ ਕੀਤੀ। ਇੱਕ ਇੰਟਰਵਿਊ ਵਿਚ ਸਿਨਹਾ ਨੇ ਕਿਹਾ ਕਿ ਜਨਰਲ ਕੇ ਸੁੰਦਰਜੀ ਨੇ ਬਹੁਤ ਹੀ ਕਾਹਲੀ ਨਾਲ ਇਹ ਕਾਰਵਾਈ ਕੀਤੀ ਅਤੇ ਜਦੋਂ ਖਾੜਕੂਆਂ ਦਾ ਵਿਰੋਧ ਉਮੀਦ ਨਾਲੋਂ ਕਾਫ਼ੀ ਸਖ਼ਤ ਨਿਕਲਿਆ ਤਾਂ ਟੈਂਕ ਵਰਤਣ ਦੀ ਮਨਜ਼ੂਰੀ ਮੰਗੀ ਗਈ। ਸਿਨਹਾ ਅਨੁਸਾਰ ਇਸ ਨਾਲ ਫੌਜ ਦਾ ਕਾਫ਼ੀ ਨੁਕਸਾਨ ਵਧ ਗਿਆ। 5. ਬਲੂ ਸਟਾਰ ਨੂੰ ‘ਰਾਜਨੀਤਕ ਅਤੇ ਫੌਜੀ ਗਲਤੀ’ ਮੰਨਿਆ। ਬਾਅਦ ਦੇ ਲੇਖਾਂ ਅਤੇ ਟਿੱਪਣੀਆਂ ਵਿਚ ਸਿਨਹਾ ਨੇ ਇਸ ਕਾਰਵਾਈ ਨੂੰ ਸਿਰਫ਼ ਫੌਜੀ ਨਹੀਂ, ਸਗੋਂ ਸਿਆਸੀ ਪੱਖੋਂ ਵੀ ਗੰਭੀਰ ਗਲਤੀ ਦੱਸਿਆ। ਉਨ੍ਹਾਂ ਦਾ ਤਰਕ ਸੀ ਕਿ ਤੁਰੰਤ ਫੌਜੀ ਸਫ਼ਲਤਾ ਦੇ ਬਾਵਜੂਦ ਲੰਬੇ ਸਮੇਂ ਦੇ ਨਤੀਜੇ ਬਹੁਤ ਜ਼ਿਆਦਾ ਨੁਕਸਾਨਦੇਹ ਸਾਬਤ ਹੋਏ। ਇੱਕ ਮਹੱਤਵਪੂਰਨ ਗੱਲ *ਸਿਨਹਾ ਨੇ ਕਦੇ ਇਹ ਨਹੀਂ ਕਿਹਾ ਕਿ ਸਰਕਾਰ ਨੂੰ ਹਥਿਆਰਬੰਦ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾਂ ਦੀ ਅਸਹਿਮਤੀ ਕਾਰਵਾਈ ਦੇ ਤਰੀਕੇ, ਸਮੇਂ, ਅਤੇ ਪਵਿੱਤਰ ਸਥਾਨ ਵਿਚ ਫੌਜੀ ਹਮਲੇ ਨਾਲ ਸੀ, ਨਾ ਕਿ ਕਾਨੂੰਨ-ਵਿਵਸਥਾ ਬਹਾਲ ਕਰਨ ਦੇ ਉਦੇਸ਼ ਨਾਲ। ਜਨਰਲ ਸਿਨਹਾ ਨੇ ਕਦੇ ਵੀ ਸਾਕਾ ਨੀਲਾ ਤਾਰਾ ਦਾ ਵਿਰੋਧ ਨਹੀਂ ਕੀਤਾ। ਭਾਰਤੀ ਫੌਜ ਦਾ ਕੋਈ ਵੀ ਅਨੁਸ਼ਾਸਨ ਵੱਧ ਅਫਸਰ ਹਕੂਮਤੀ ਆਦੇਸ਼ਾਂ ਦਾ ਵਿਰੋਧ ਕਰ ਹੀ ਨਹੀਂ ਸਕਦਾ। ਉਸਨੇ ਆਪਣੀ ਕਿਤਾਬ ‘ਇੱਕ ਫੌਜੀ ਦੀਆਂ ਪਿਛਲੀਆਂ ਯਾਦਾਂ’ ਵਿਚ ਲਿਖਿਆ ਸੀ ਕਿ ‘ਅਪਰੇਸ਼ਨ ਬਲਿਊ ਸਟਾਰ ਕਿਸੇ ਵੀ ਤਰ੍ਹਾਂ ਜ਼ਰੂਰੀ ਨਹੀਂ ਸੀ; ਉਸਦਾ ਮੰਨਣਾ ਸੀ ਕਿ ਇੱਕ ਰਫਤਾ ਰਫਤਾ ਅਧਾਰਤ ਘੇਰਾਬੰਦੀ, ਅਤੇ ਘੱਟੋ-ਘੱਟ ਤਾਕਤ ਦੀ ਵਰਤੋਂ ਕਰਕੇ ਵੀ ਅੱਤਵਾਦੀਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਕੱਢਿਆ ਜਾ ਸਕਦਾ ਸੀ। ਹਰਿਮੰਦਰ ਸਾਹਿਬ, ਅਕਾਲ ਤਖ਼ਤ ਦੇ ਨਾਲ-ਨਾਲ ਭਾਰਤੀ ਸਟੇਟ ਅਤੇ ਸਿੱਖ ਭਾਈਚਾਰੇ ਦਰਮਿਆਨ ਸਬੰਧਾਂ ਨੂੰ ਬਹੁਤ ਘੱਟ ਨੁਕਸਾਨ ਪਹੁੰਚਾਇਆ ਜਾ ਸਕਦਾ ਸੀ। ਖਾਲਿਸਤਾਨ ਪੱਖੀਆਂ ਦੇ ਵਿਚਾਰ: ਪਰ ਇੱਕ ਬੇਬੁਨਿਆਦ ਧਾਰਨਾ ਭਾਰਤ ਦੇ ‘ਬਲੂ ਸਟਾਰ’ ਫੌਜੀ ਹਮਲੇ ਨੂੰ, ਦਖਣ ਏਸ਼ੀਆ ਦੀ ਫੌਜੀ ਯੁੱਧਨੀਤਕ ਦ੍ਰਿਸ਼ਟੀ ਤੋਂ, ਕਮਿਊਨਿਸਟ ਸੋਵੀਅਤ ਯੂਨੀਅਨ (ਇਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ 1954 ਤੋਂ ਬਾਅਦ ਸੋਵੀਅਤ ਯੂਨੀਅਨ ਸਮਾਜਵਾਦੀ ਦੇਸ਼ ਨਹੀਂ ਰਿਹਾ ਸੀ) ਅਤੇ ਉਸ ਦੇ ਪੂਰਬੀ ਯੂਰਪੀ ਸਹਿਯੋਗੀਆਂ ਦਾ ਭਰਪੂਰ ਸਮਰਥਨ ਹਾਸਲ ਸੀ। ਇੱਕ ਮਹਾਂ ਝੂਠ ਪਰੋਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੇਸ਼ਾਂ ਦੇ ਦੂਤ ਦਿੱਲੀ ਵਿਚ ਇਕ ਸਥਾਨ (ਸਥਾਨ ਬਾਰੇ ਕੋਈ ਸਬੂਤ ਨਹੀਂ) ਤੇ ਬੈਠੇ ਅਮ੍ਰਿਤਸਰ ਦੀਆਂ ਘਟਨਾਵਾਂ ਉਪਰ ਨਿਗਾਹਾਂ ਰਖ ਰਹੇ ਸਨ। ਹਰਕਿਸ਼ਨ ਸਿੰਘ ਸੁਰਜੀਤ ਅਤੇ ਹੋਰ ਉਘੇ ਕਮਿਊਨਿਸਟ ਆਗੂ ਸੋਵੀਅਤ ਆਦਿ ਦੇਸ਼ਾਂ ਦੇ ਕੂਟਨੀਤਕਾਂ ਨਾਲ ਇਕਮਿਕ ਸਨ। ਸਿਖਾਂ ਦੀ ਸੰਭਾਵਤ ਹਾਰ ਨੂੰ ਇਹ ਸਾਰੇ ਕਾਬਲ ਤੋਂ ਢਾਕਾ ਤਕ ਦੇ ਖੇਤਰ ਨੂੰ ‘ਸੁਰਖਿਅਤ’ ਹੋ ਜਾਣ ਦੀ ਫੀਲਿੰਗ ਨਾਲ ਸਰਸ਼ਾਰ ਸਨ। ਮਾਸਕੋ ਤੋਂ ਬਰਲਿਨ ਤਕ ਦੇ ਰੇਡੀਓ ਸਟੇਸ਼ਨ ਸਿਖ ਰਜਿਜ਼ਟੈਂਸ ਨੂੰ ਦਹਿਸ਼ਤਵਾਦ ਦਾ ਨਾਂ ਦਿੰਦੇ ਸਨ। ਰੇਡੀਓ ਬੀਜਿੰਗ ਅਤੇ ਹੋਰ ਸਰਕਾਰੀ ਚੀਨੀ ਮੀਡੀਆ ਸਿਖ ਫੌਜਾਂ ਨੂੰ ਦਹਿਸ਼ਤਗਰਦ ਨਹੀਂ ਬਲਕਿ ਦਰਬਾਰ ਸਾਹਿਬ ਸਮੂਹ ਦੇ ਕਬਜ਼ਾਧਾਰੀ ਕਹਿੰਦੇ ਸਨ। ਚੀਨ ਦੀ ਸੁਰ ਸਿਖਾਂ ਨਾਲ ਹਲਕੀ ਜਿਹੀ ਹਮਦਰਦੀ ਅਤੇ ਕੂਟਨੀਤਕ ਦਰੁਸਤੀ ਦੇ ਮਿਸ਼ਰਣ ਵਾਲੀ ਸੀ। ਸੰਜੈ ਗਾਂਧੀ ਦੀ ਅਚਾਨਕ ਮੌਤ ਤੋਂ ਬਾਅਦ ਇੰਦਰਾ ਗਾਂਧੀ ਨੇ ਰਾਜੀਵ ਗਾਂਧੀ ਨੂੰ ਆਪਣੇ ਉੱਤਰ-ਅਧਿਕਾਰੀ ਵਜੋਂ ਮੈਦਾਨ ਵਿਚ ਉਤਾਰਨ ਦੀ ਤਿਆਰੀ ਕਰ ਲਈ ਸੀ। ਉਸ ਵੇਲੇ ਹਰ ਕੋਈ ਰਾਜੀਵ ਗਾਂਧੀ ਦੀ ਸੋਚ ਅਤੇ ਤਰਜੀਹਾਂ ਜਾਨਣ ਲਈ ਉਤਸਕ ਸੀ। ਰਾਜੀਵ ਅਤੇ ਪਤਨੀ ਸੋਨੀਆ ਗਾਂਧੀ ਦੇ ਸਮਾਜਕ ਤੌਰ ‘ਤੇ ਵਿਚਰਨ ਦਾ ਦਾਇਰਾ ਬੜਾ ਸੀਮਤ ਸੀ। ਪਰ ਕੂਟਨੀਤੀ ਦੇ ਮਾਹਿਰ ਸਮਝੇ ਜਾਂਦੇ ਸ਼ਸ਼ੀ ਥਰੂਰ ਨੇ ਬੰਬਈ ਤੋਂ ਛਪਦੇ ਇਕ ਮਾਸਕ ਰਸਾਲੇ ਰਾਹੀਂ ਭੇਦ ਖੋਲਿ੍ਹਆ ਕਿ ਰਾਜੀਵ ਦੀ ਰਾਜਸੀ ਤਰਜੀਹ ਡਿਫੈਂਸ ਦਾ ਵਿਸ਼ਾ ਹੈ। ਹੋਰਨਾਂ ਸਰੋਤਾਂ ਤੋਂ ਇਹ ਜਾਣਕਾਰੀ ਮਿਲੀ ਕਿ ਬੀਬੀ ਸੋਨੀਆ ਦਾ ਬਾਪ ਇਟਲੀ ਦੀ ਪੁਰਾਣੀ ਫਾਸ਼ੀਵਾਦੀ ਧਿਰ ਦਾ ਮੈਂਬਰ ਰਿਹਾ ਸੀ। ਰਾਜੀਵ ਗਾਂਧੀ ਕਿਸੇ ਹੱਦ ਤਕ ਉਸ ਇਤਾਲਵੀ ਸੋਚ ਵਾਲੀ ਰਾਜਨੀਤੀ ਦੇ ਕੁਲਹਿਣੇ ਪ੍ਰਭਾਵ ਅਧੀਨ ਆ ਗਿਆ ਸੀ। ਪੰਜਾਬ ਦੇ ਸੰਦਰਭ ਵਿਚ ਰਾਜੀਵ ਗਾਂਧੀ ਮੂੰਹੋਂ ਮੈਂ ਇਕ ਦੋ ਵਾਰ ਇਹ ਸੁਣਿਆ ਕਿ ‘ਅਸੀਂ ਰੋਡ-ਰੋਲਰ ਫੇਰ ਦਿਆਂਗੇ – ਮੁਹਾਵਰੇ ਵਾਲਾ ਵੀ ਅਤੇ ਅਸਲੀ ਵੀ’! ਉਨ੍ਹੀਂ ਹੀ ਦਿਨੀਂ ਰਾਜੀਵ ਗਾਂਧੀ ਦੇ ਮੂਡ ਦਾ ਉਤਾਰਾ ਬਲਰਾਮ ਜਾਖੜ ਨੇ ਇਨ੍ਹਾਂ ਸ਼ਬਦਾਂ ਵਿਚ ਕੀਤਾ: ‘(ਪੰਜਾਬ ਵਿਚ ਸਿੱਖਾਂ ਦੇ) ਵੱਟ ਕੱਢ ਦੇਵਾਂਗੇ, ਵੱਟ’! ਰਾਜੀਵ ਗਾਂਧੀ ਦੀ ਇਸ ਸੋਚ ਨੂੰ ਇੰਦਰਾ ਗਾਂਧੀ, ਅਰੁਨ ਨਹਿਰੂ, ਬਲਰਾਮ ਜਾਖੜ, ਭਜਨ ਲਾਲ ਆਦਿ ਸਭਨਾਂ ਦੀ ਹਮਾਇਤ ਅਤੇ ਹੱਲਾਸ਼ੇਰੀ ਬਾਦਸਤੂਰ ਮਿਲਦੀ ਰਹਿੰਦੀ ਸੀ। ਇਹੀ ਸਮੂਹ ਸੋਚ ਬਲੂ ਸਟਾਰ ਹਮਲੇ ਵਲ ਲੈ ਗਈ। ਪ੍ਰਧਾਨ ਮੰਤਰੀ ਬਣਨ ਉਪਰੰਤ ਰਾਜੀਵ ਗਾਂਧੀ ਦੀ ਰੁਚੀ ਤੋਪਾਂ ਅਤੇ ਹੋਰ ਜੰਗੀ ਸਾਮਾਨ ਦੀ ਖਰੀਦ ਲਈ ਕੌਮਾਂਤਰੀ ਮੰਡੀ ਵਲ ਗਈ। ਸ੍ਰੀਲੰਕਾ ਦੇ ਤਾਮਿਲਾਂ ਉਪਰ ਚੜ੍ਹਾਈ ਕਰ ਕੇ ਉਸ ਨੇ ਤਾਮਿਲ ਇਲਮ ਵਾਲਿਆਂ ਨਾਲ ਦੁਸ਼ਮਣੀ ਪਾ ਲਈ। ਤੋਪਾਂ ਦੀ ਖਰੀਦ ਦੇ ਵਿਵਾਦ ਨੇ ਰਾਜੀਵ ਗਾਂਧੀ ਦੀ ਮਿਸਟਰ ਕਲੀਨ ਵਾਲੀ ਸ਼ਵੀ ਉਪਰ ਕਾਲਖ ਮਲ ਦਿਤੀ। ਪੰਜਾਬ ਵਿਚ ਖਾੜਕੂਵਾਦ ਦੇ ਉਭਾਰ ਦੇ ਮੁਕਾਬਲੇ ਲਈ ਅਤੇ ਬਾਬਰੀ ਮਸਜਿਦ/ਰਾਮ ਮੰਦਰ ਦੁਆਲੇ ਘੁੰਮਦੀਆਂ ਗਤੀਵਿਧੀਆਂ ਕਾਰਨ ਰਾਜੀਵ ਗਾਂਧੀ ਦੀਆਂ ਜੱਫੀਆਂ ਆਰ.ਐਸ.ਐਸ. ਨਾਲ ਪੈ ਗਈਆਂ। ਸਿਖਾਂ ਅਤੇ ਮੁਸਲਮਾਨਾਂ ਨਾਲ ਵੈਰ ਨੇ ਸਮਾਂ ਪਾ ਕੇ ਕਾਂਗਰਸ ਦਾ ਭੱਠਾ ਬਿਠਾ ਦਿਤਾ। ਇੰਦਰਾ-ਰਾਜੀਵ ਦੇ ਨਵੇਂ ਸਿਆਸੀ ਮਾਡਲ ਆਰ.ਐਸ.ਐਸ. ਦੇ ਉਭਾਰ ਦੇ ਰਾਹ ਦਸੇਰਾ ਬਣੇ!। ਰਾਜੀਵ ਗਾਂਧੀ ਦੀਆਂ ਭਾਰਤ ਦੇ ਫ਼ੌਜੀਕਰਨ ਦੀਆਂ ਨੀਤੀਆਂ ਦਾ ਤੱਟ-ਫੱਟ ਇਕ ਹੋਰ ਅਹਿਮ ਨਤੀਜਾ ਇਹ ਨਿਕਲਿਆ ਕਿ ਬਦੇਸ਼ੀ ਸਿੱਕੇ ਦੀ ਗੰਭੀਰ ਕਿੱਲਤ ਪੈਦਾ ਹੋ ਗਈ। ਵਿੱਤੀ ਐਮਰਜੈਂਸੀ ਵਰਗੇ ਹਾਲਾਤ ਬਣ ਗਏ। ਰਿਜ਼ਰਵ ਬੈਂਕ ਨੂੰ ਆਪਣਾ 46.41 ਟਨ ਸੋਨਾ ਵਿਸ਼ੇਸ਼ ਜਹਾਜ਼ ਰਾਹੀਂ ਚੁੱਕ ਕੇ ਲੰਡਨ ਦੇ ਬੈਂਕ ਕੋਲ ਗਹਿਣੇ ਰਖਣਾ ਪਿਆ। ਤਦ ਜਾ ਕੇ ਯੂਕੇ ਤੋਂ 40 ਕਰੋੜ ਡਾਲਰ ਮਿਲੇ। ਦੂਜੇ ਪਾਸੇ ਰੂਸੀ ਕਮਿਊਨਿਸਟਾਂ ਦਾ ਵੀ ਵਿੱਤੀ ਜਲੂਸ ਨਿਕਲ ਗਿਆ। ਸੋਵੀਅਤ ਯੂਨੀਅਨ ਟੋਟੇ-ਟੋਟੇ ਹੋ ਗਿਆ। ਪੂਰਬੀ ਯੂਰਪੀ ਦੇਸ਼ ਮਾਸਕੋ ਦੇ ਪ੍ਰਭਾਵ ਤੋਂ ਮੁਕਤ ਹੋ ਗਏ। ਦੋਵਾਂ ਦੇਸ਼ਾਂ ਅੰਦਰ ਇਹ ਘਟਨਾਵਾਂ ਚੰਦ ਇਕ ਮਹੀਨਿਆਂ ਦੇ ਫਰਕ ਨਾਲ ਵਾਪਰੀਆਂ। ਹੈਂਕੜਬਾਜ਼ ਗਾਂਧੀ ਪਰਵਾਰ ਅਤੇ ਉਸ ਦੀ ਸਮਰਥਕ ਆਰ.ਐਸ.ਐਸ. ਦੀ ਸਮੂਹਿਕ ਸੋਚ ਅਧੀਨ ਸੰਤ ਜਰਨੈਲ ਸਿੰਘ ਅਤੇ ਧਰਮਯੁਧ ਵਾਲੇ ਸਿਖ ਚੂਪਣ ਲਈ ਇਕ ਗੰਨਾ ਮੰਗਦੇ ਸਨ ਪਰ ਇਨ੍ਹਾਂ ਲਕੜਸਿਰਿਆਂ ਨੂੰ ਸੈਂਕੜੇ ਭੇਲੀਆਂ ਰੋੜਨੀਆਂ ਪਈਆਂ! ਇਹ ਵੀ ਬਿਰਤਾਂਤ ਸਿਰਜਿਆ ਗਿਆ ਕਿ ਸਿਖ ਦੁਸ਼ਮਣੀ ਵਾਲਾ ਅਜਿਹਾ ਮਾਹੌਲ ਸਿਰਜਣ ਉਪਰ ਇੰਦਰਾ ਗਾਂਧੀ ਨੇ ਦੋ ਸਾਲ ਦੀ ‘ਸਖ਼ਤ ਮਿਹਨਤ’ ਕੀਤੀ। ਉਹ ਪੰਜਾਬ ਦੀਆਂ ਉਘੀਆਂ ਅਖ਼ਬਾਰਾਂ ਦੇ ਸੰਪਾਦਕਾਂ ਅਤੇ ਪੱਤਰਕਾਰਾਂ ਨੂੰ ਇਕ-ਇਕ ਕਰਕੇ ਦਿਲੀ ਬ੍ਰੇਕਫਾਸਟ, ਲੰਚ, ਡਿਨਰ ਆਦਿ ਲਈ ਬੁਲਾਉਂਦੀ। ਉਨ੍ਹਾਂ ਨੂੰ ਆਪਣੇ ਪੱਖ ਵਿਚ ਲੇਖ ਲਿਖਣ ਲਈ ਪ੍ਰੇਰਦੀ। ਝੂਠ ਦੀ ਪੰਡ ਇਥੇ ਹੀ ਨਹੀਂ ਮੁੱਕਦੀ, ਇਹ ਸੁਬੇਗ ਸਿੰਘ ਨੂੰ ਵੀ ਲਪੇਟੇ ਵਿਚ ਲੈਂਦੀ ਹੈ। ਬਿਰਤਾਂਤ ਸਿਰਜਿਆ ਗਿਆ ਕਿ ਮੇਜਰ ਜਨਰਲ ਸੁਬੇਗ ਸਿੰਘ ਨੂੰ 1976 ਵਿਚ ਫੌਜ ਵਿਚੋਂ ਕੱਢ ਦਿੱਤਾ ਗਿਆ, ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦਾ ਝੂਠਾ ਦੋਸ਼ ਲਗਾਇਆ ਗਿਆ ਪਰ ਅਸਲ ਕਹਾਣੀ ਸਿਆਸੀ ਬਦਲਾ ਸੀ, ਉਨ੍ਹਾਂ ਨੂੰ 23 ਅਪ੍ਰੈਲ 1976 ਨੂੰ ਕੋਰਟ ਮਾਰਸ਼ਲ ਕਰਕੇ ਬਰਖ਼ਾਸਤ ਕਰ ਦਿੱਤਾ ਗਿਆ। 1975 ਵਿਚ ਲਖਨਊ ਸਬ-ਏਰੀਆ ਕਮਾਂਡਰ ਹੁੰਦਿਆਂ ਉਸ ਉਪਰ 16,000/- ਰੁਪਏ ਦਾ ਘਪਲਾ ਕਰਨ, ਕੰਟੀਨ ਦਾ ਸਮਾਨ ਪ੍ਰਾਈਵੇਟ ਦੁਕਾਨਦਾਰਾਂ ਨੂੰ ਵੇਚਣ ਅਤੇ ਫੌਜੀ ਜੀਪ ਨੂੰ ਨਿੱਜੀ ਕੰਮ ਲਈ ਵਰਤਣ ਦੇ ਦੋਸ਼ ਲੱਗੇ, ਅਤੇ ਸਜ਼ਾ ਵਜੋਂ ਉਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। 30 ਸਾਲ ਦੀ ਵਿਵਾਦਗ੍ਰਸਤ ਨੌਕਰੀ ਤੋਂ ਬਾਅਦ ਪੈਨਸ਼ਨ ਵੀ ਜ਼ਬਤ ਕੀਤੀ ਗਈ। ਇਸ ਤੋਂ ਬਾਅਦ ਸੁਬੇਗ ਸਿੰਘ ਨੇ ਸੁਪਰੀਮ ਕੋਰਟ ਵਿਚ ਕੇਸ ਕੀਤਾ, 1980 ਵਿਚ ਹਾਈ ਕੋਰਟ ਨੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਇਕ ਝੂਠ ਇਹ ਵੀ ਪ੍ਰਚਾਰਿਆ ਗਿਆ ਕਿ ਜਨਰਲ ਸੁਬੇਗ ਸਿੰਘ ਨੇ 1975 ਵਿਚ ਇੰਦਰਾ ਗਾਂਧੀ ਦੁਆਰਾ ਲਗਾਈ ਗਈ ਐਮਰਜੈਂਸੀ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਕਿ ‘ਐਮਰਜੈਂਸੀ ਗਲਤ ਹੈ।’ ਬੱਸ ਇਸ ਗੱਲ ਤੋਂ ਸੁਬੇਗ ਸਿੰਘ ਇੰਦਰਾ ਗਾਂਧੀ ਦੇ ਨਿਸ਼ਾਨੇ ‘ਤੇ ਆ ਗਿਆ। ਕੋਰਟ ਮਾਰਸ਼ਲ ਹੋਣ ਤੋਂ ਬਾਅਦ 1976 ਤੋਂ 1984 ਤੱਕ ਉਹ ਬੇਰੁਜ਼ਗਾਰ ਰਹੇ, ਬੇਇਜ਼ਤੀ ਹੋਈ, ਦਿੱਲੀ ਵਿਚ ਨਿੱਕਾ ਜਿਹਾ ਫਲੈਟ ਅਤੇ ਟੈਕਸੀ ਚਲਾ ਕੇ ਗੁਜ਼ਾਰਾ ਕੀਤਾ। ਦਸੰਬਰ 1983 ਵਿਚ ਭਿੰਡਰਾਂਵਾਲਾ ਨੂੰ ਮਿਲਣ ਵਾਸਤੇ ਗਿਆ ਕਿਹਾ ਕਿ ‘ਮੈਂ ਫੌਜ ਨੂੰ ਜਾਣਦਾ ਹਾਂ, ਤੁਸੀਂ ਧਰਮ ਨੂੰ, ਆਓ ਆਪਾਂ ਰਲ ਕੇ ਇੰਦਰਾ ਗਾਂਧੀ ਨੂੰ ਸਬਕ ਸਿਖਾਈਏ’। ਜਨਰਲ ਸੁਬੇਗ ਸਿੰਘ ਨੇ ਅਕਾਲ ਤਖ਼ਤ ਨੂੰ ਕਿਲ੍ਹਾ ਬਣਾਇਆ। ਬੰਗਲਾਦੇਸ਼ ਵਾਲੀ 1971 ਵਾਲੀ ਟਰੇਨਿੰਗ ਸਿੱਖ ਖਾੜਕੂਆਂ ਨੂੰ ਦੇ ਦਿੱਤੀ।
ਜਨਰਲ ਕੁਲਦੀਪ ਸਿੰਘ ਬਰਾੜ ਨੇ ਕਿਸੇ ਥਾਂ ਲਿਖਿਆ ਹੈ ਕਿ ਜੇਕਰ ਸੁਬੇਗ ਸਿੰਘ ਦਾ ਕੋਰਟ ਮਾਰਸ਼ਲ ਨਾ ਕੀਤਾ ਜਾਂਦਾ ਤਾਂ ਭਿੰਡਰਾਂਵਾਲੇ ਕੋਲ ਮਿਲਟਰੀ ਦਿਮਾਗ ਨਾ ਹੁੰਦਾ। ਬਲੂ ਸਟਾਰ ਭਾਰਤੀ ਫੌਜ ਦੇ ਅੰਦਾਜ਼ੇ ਮੁਤਾਬਕ 2 ਕੁ ਘੰਟੇ ਵਿਚ ਖ਼ਤਮ ਹੋ ਜਾਂਦਾ, ਟੈਂਕ ਨਾ ਚੱਲਦੇ, ਇੰਦਰਾ ਨਾ ਮਰਦੀ, ਅਣਗਿਣਤ ਹਜ਼ਾਰਾਂ ਬੇਕਸੂਰ ਪੰਜਾਬੀ ਨਾ ਮਰਦੇ, ਭਾਰਤ ਵਿਚ ਹਿੰਦੂ-ਸਿੱਖ ਭਾਈਚਾਰਾ ਖ਼ਰਾਬ ਨਾ ਹੁੰਦਾ। ਜਨਰਲ ਸੁੰਦਰਜੀ ਨੇ 1995 ਵਿਚ ਕਿਹਾ ‘ਸੁਬੇਗ ਨੂੰ ਕੱਢਣਾ ਇੰਦਰਾ ਗਾਂਧੀ ਦੀ ਸਭ ਤੋਂ ਵੱਡੀ ਗਲਤੀ ਸੀ, 16,000/- ਰੁਪਏ ਬਚਾਉਣ ਚੱਲੇ ਸੀ, 16,000/- ਕਰੋੜ ਦਾ ਨੁਕਸਾਨ ਕਰਵਾ ਲਿਆ।’ ਇਹੀ ਬਲੂ ਸਟਾਰ ਦੀ ਜੜ੍ਹ ਸੀ। ਮਾਰਕ ਟੱਲੀ ਦੇ ਕਹਿਣ ਮੁਤਾਬਕ ‘ਸੁਬੇਗ ਸਿੰਘ ਭਾਰਤ ਦਾ ਦੁਸ਼ਮਣ ਨਹੀਂ ਸੀ, ਉਹ ਸਿਰਫ਼ ਇੰਦਰਾ ਗਾਂਧੀ ਦਾ ਦੁਸ਼ਮਣ ਸੀ। ਪਰ ਉਸਦੀ ਮਿਲਟਰੀ ਸਿਖਲਾਈ ਨੇ ਇੰਦਰਾ ਨੂੰ ਮਰਵਾ ਦਿੱਤਾ ਅਤੇ ਪੰਜਾਬ ਨੂੰ ਅੱਗ ਦੀ ਭੱਠੀ ਵਿਚ ਸਾੜ ਦਿੱਤਾ।’ ਜਨਰਲ ਬਰਾੜ ਨੇ ਲਿਖਿਆ, ‘ਸੁਬੇਗ ਨਾ ਹੁੰਦਾ ਤਾਂ ਅਸੀਂ ਸਵੇਰ ਦੀ ਚਾਹ-ਪਾਣੀ ਨਾਲ ਹੀ ਭਿੰਡਰਾਂਵਾਲੇ ਨੂੰ ਚੁੱਕ ਲਿਆਉਣਾ ਸੀ। ਸੁਬੇਗ ਨਾ ਹੁੰਦਾ ਤਾਂ ਨੀਲਾ ਤਾਰਾ ਆਪਰੇਸ਼ਨ ‘ਬਲੈਕ ਥੰਡਰ 1988’ ਵਰਗਾ ਹੁੰਦਾ। ਬਿਨਾਂ ਖੂਨ ਖਰਾਬਾ ਕੀਤਿਆਂ ਸਿਰਫ਼ 05 ਮੌਤਾਂ। ਤ੍ਰਾਸਦੀ ਇਹ ਰਹੀ ਕਿ ਸੁਬੇਗ ਸਿੰਘ ਭਾਰਤੀ ਫੌਜ ਦਾ ਹੀਰੋ ਸੀ, ਜੇਕਰ ਉਸਦਾ ਕੋਰਟ ਮਾਰਸ਼ਲ ਨਾ ਹੁੰਦਾ ਤਾਂ ਹੋ ਸਕਦਾ ਸੀ 1984 ਵਿਚ ਉਹੀ ਬਰਾੜ ਦੀ ਥਾਂ ਹੁੰਦਾ ਤੇ ਬਲੂ ਸਟਾਰ ਦੀ ਰੂਪ-ਰੇਖਾ ਕੁਝ ਹੋਰ ਹੋਣੀ ਸੀ।
ਕਿਸੇ ਵਿਗੜੇ ਕਾਮਰੇਡ ਵੱਲੋਂ ਇਕ ਹੋਰ ਗੱਪ: ‘ਬਲਿਊ ਸਟਾਰ ਆਪਰੇਸ਼ਨ ਹਰਿਮੰਦਿਰ ਸਾਹਿਬ ‘ਚ ਸ਼ੁਰੂ ਕੀਤਾ ਗਿਆ ਜਿਸ ਵਿਚ ਅਨੇਕਾਂ ਸਿੱਖ ਸ਼ਰਧਾਲੂ ਫ਼ੌਜ ਨੇ ਗੋਲੀਆਂ ਨਾਲ ਭੁੰਨ ਦਿੱਤੇ। ਸਿਰਫ਼ 40-50 ਖਾੜਕੂਆਂ ਨੂੰ ਕਾਬੂ ਕਰਨ ਲਈ ਤੋਪਾਂ, ਟੈਂਕਾਂ, ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ। ਅਕਾਲ ਤਖ਼ਤ ਸਾਹਿਬ ਨੂੰ ਬਰੂਦ ਨਾਲ ਤਹਿਸ-ਨਹਿਸ ਕਰ ਦਿੱਤਾ ਗਿਆ। ਇਹ ਭਾਰਤ ਦੇ ਇਤਿਹਾਸ ਵਿਚ ਪਹਿਲੀ ਮਿਸਾਲ ਹੈ ਕਿ ਕਿਸੇ ਦੇਸ ਦੀ ਫ਼ੌਜ ਆਪਣੇ ਹੀ ਲੋਕਾਂ ਉੱਪਰ ਚਾੜ੍ਹੀ ਹੋਵੇ। ਹਾਲਾਂਕਿ ਇਸ ਮਸਲੇ ਦਾ ਹੱਲ ਵੀ ਸ਼ਾਂਤਮਈ ਢੰਗ ਨਾਲ ਹੋ ਸਕਦਾ ਸੀ। ਕਈ ਸਾਬਕਾ ਫ਼ੌਜੀ ਅਫਸਰਾਂ ਨੇ ਵੀ ਇਸ ਹਮਲੇ ਦੀ ਨਿਖੇਧੀ ਕੀਤੀ ਸੀ ਕਿ ਫ਼ੌਜੀ ਕਾਰਵਾਈ ਕੀਤੇ ਬਿਨਾਂ ਵੀ ਇਸ ਮਸਲੇ ਦਾ ਹੱਲ ਲੱਭਿਆ ਜਾ ਸਕਦਾ ਸੀ।’ ਇਸ ਟਿੱਪਣੀਕਾਰ ਨੇ ਇਹ ਸਮਝਣ ਦੀ ਜ਼ਰਾ ਵੀ ਕੋਸ਼ਿਸ਼ ਨਹੀਂ ਕੀਤੀ ਕਿ ਦਰਬਾਰ ਸਾਹਿਬ ਕੰਪਲੈਕਸ ਨੂੰ ਗੁੰਡਾਗਰਦੀ ਦਾ ਅੱਡਾ ਕਿਉਂ ਬਣਾਇਆ ਗਿਆ ਸੀ? ਕੀ ਲੋੜ ਸੀ ਕਿ ਇਸ ਪਵਿੱਤਰ ਅਸਥਾਨ ਦੀ ਕਿਲ੍ਹਾਬੰਦੀ ਕਰਕੇ ਮੁਲਜ਼ਮ ਗਰੋਹਾਂ ਨੂੰ ਸ਼ਰਨ ਦਿੱਤੀ ਗਈ। ਇਹ ਸਵਾਲ ਕਿਉਂ ਨਹੀਂ ਪੁੱਛਿਆ ਜਾਂਦਾ ਕਿ ਦਰਬਾਰ ਸਾਹਿਬ ਵਿਚੋਂ ਗੈਰ-ਸਮਾਜਿਕ ਤੱਤਾਂ ਨੂੰ ਬਾਹਰ ਕਰਨ ਦਾ ਹੋਰ ਕਿਹੜਾ ਰਸਤਾ ਅਪਨਾਉਣਾ ਚਾਹੀਦਾ ਸੀ? ਪੁਰਾਣੀਆਂ ਗਲਤੀਆਂ ਤੋਂ ਸਿੱਖਣ ਦੀ ਬਜਾਏ ਇਨ੍ਹੀਂ ਦਿਨੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਹਿਤ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਐਕਟ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰ ਮੁਹਿੰਮ ਜਾਰੀ ਹੈ। ਇਸ ਤੋਂ ਪਹਿਲਾਂ ਦਾ ਤੁਰਿਆ ਦਮਦਮੀ ਟਕਸਾਲ ਦੀ ਮਰਿਆਦਾ ਬਨਾਮ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਦੁਆਲੇ ‘ਅਰਬਦ ਨਰਬਦ ਧੁੰਧੂਕਾਰਾ’ ਵਰਗਾ ਨਾਮੁਰਾਦ ਵਿਵਾਦ ਵੀ ਜਾਰੀ ਹੈ। ਉੱਘੇ ਵਿਦਵਾਨ ਸੁਮੇਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ‘ਸਾਰਾ ਸਿੱਖ ਜਗਤ ਕੰਧਾਂ ਵਿਚ ਟੱਕਰਾਂ ਮਾਰਦੇ ਰਹਿਣ ਲਈ ਸਰਾਪਿਆ ਗਿਆ ਲਗਦਾ ਹੈ। ਇੰਞ ਜਾਪਦਾ ਹੈ ਜਿਵੇਂ ਸਿੱਖ ਜਗਤ ਵਡੇਰੇ ਸਵਾਲਾਂ ਤੋਂ ਲਗਾਤਾਰ ਬਚਦੇ ਰਹਿਣ ਦਾ ਅਭਿਆਸੀ ਹੋ ਚੁੱਕਿਆ ਹੈ। ਆਪਣੀ ਕਰਨੀ ਦਾ ਲੇਖਾ ਕੀਤੇ ਬਿਨਾਂ, ‘ਆਪਨਣੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ’ ਦੀ ਦਲੇਰੀ ਤੋਂ ਬਿਨਾਂ – ਸਿੱਖ ਜਗਤ ਹੁਣ ਸਮੇਂ ਤੋਂ ਪਛੜ ਚੁੱਕਿਆ ਹੈ। ਪਸ਼ੂਆਂ ਦਾ ਵੱਗ ਬਣ ਜਾਣ ਲਈ ਕਮਰਕੱਸਾ ਕਸ ਚੁੱਕਿਆ ਹੈ। ਕੋਈ ਵੀ ਇਸ ਨੂੰ ਆਪਣੇ ਮਗਰ ਲਾ ਸਕਦਾ ਹੈ; ਵਰਗਲਾ ਸਕਦਾ ਹੈ। ਇਹ ਦਾਸਤਾਨ *ਪੰਜਾਬੀ ਇਤਿਹਾਸ ਦੀ ਸਰਬੋਤਮ ਪ੍ਰਾਪਤੀ – ਸਿੱਖ ਲਹਿਰ – ਦੇ ਸੰਵਾਦੀ ਸੱਭਿਆਚਾਰ ਦੇ ਹੁਸਨ-ਇਖ਼ਲਾਕ ਦੀ ‘ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ’ ਵਾਲੀ ਧਾਰ ਤੋਂ ਡਰ ਕੇ ਹਿੰਸਾ ਦੇ ਸਭਿਆਚਾਰ ਦੇ ਖਾਰੇ ਪਾਣੀਆਂ ਵਿਚ ਰੁੜ੍ਹ ਜਾਣ ਦੀ ਹੈ।’ *ਇਸ ਰੋੜ੍ਹ ਦੀ ਇਕ ਵੱਡੀ ਤੰਦ ਗੁਰਬਾਣੀ ਦੇ ਵਿਆਖਿਆਕਾਰਾਂ ਵੱਲੋਂ ਗੁਰਬਾਣੀ ਦੇ ਅਰਥਾਂ, ਗੁਰਬਾਣੀ ਦੇ ਅਸਲੇ ਅਤੇ ਗੁਰਬਾਣੀ ਦੀ ਚੇਤਨਾ ਨਾਲ ਕੀਤਾ ਗਿਆ ਉਪੱਦਰ ਹੈ। ਆਪਾ ਚੀਨਣ ਦੇ ਇਨ੍ਹਾਂ ਦਿਨਾਂ ਦੌਰਾਨ ਗੁਰਬਾਣੀ ਅਤੇ ਸਿੱਖ ਲਹਿਰ ਦੇ ਅਰਥਾਂ ਦੀ ਇਤਿਹਾਸਕ-ਵਿਚਾਰਧਾਰਕ ਮਹੱਤਤਾ ਬਾਰੇ ਪ੍ਰੋ. ਕਿਸ਼ਨ ਸਿੰਘ ਦਾ ਅੱਧੀ ਸਦੀ ਪਹਿਲੋਂ ਆਖਿਆ ਅੱਜ ਵੀ ਸਾਰਥਕ ਹੈ। ਪ੍ਰੋ. ਕਿਸ਼ਨ ਸਿੰਘ ਨੇ ਕਿਸੇ ਵੇਲੇ ਲਿਖਿਆ ਸੀ ਕਿ ‘ਗੁਰੂ ਗ੍ਰੰਥ ਸਾਹਿਬ ਸਾਡੇ ਸੱਭਿਆਚਾਰਕ ਵਿਰਸੇ ਦਾ ਬਹੁਤ ਅਹਿਮ ਅੰਗ ਹੈ।’ ‘ਗੁਰਬਾਣੀ ਦੇ ਅਰਥਕਾਰਾਂ, ਵਿਆਖਿਆਕਾਰਾਂ ਨੇ ਲਿਖੀਆਂ ਤਾਂ ਪੋਥੀਆਂ ਦੀਆਂ ਪੋਥੀਆਂ ਹਨ, ਪਰ ਅਸਲ ਵਿਚ ਉਨ੍ਹਾਂ ਕੀਤਾ ਕੀ ਹੈ – ਗੁਰਬਾਣੀ ਦੇ ਲਫ਼ਜ਼ੀ ਅਰਥ! ਜੋ ਇਸ ਤੋਂ ਅੱਗੇ ਵੀ ਗਏ ਹਨ, ਉਹ ਵੀ ਇਸ ਦੇ ਸੰਕਲਪੀ ਢਾਂਚੇ ਵਿਚ ਹੀ ਉਲਝ ਕੇ ਰਹਿ ਗਏ ਹਨ।’ * ‘ਗੱਲ ਸਿਰਫ਼ ਇਨ੍ਹਾਂ ਦੀ ਅਗਿਆਨਤਾ ‘ਤੇ ਹੀ ਬੱਸ ਨਹੀਂ। ਇਨ੍ਹਾਂ ਨੇ ਗੁਰਬਾਣੀ ਦੇ ਅਰਥ ਹੀ ਉਸ ਦੇ ਅਸਲੇ ਦੇ ਐਨ ਉਲਟ ਕੱਢ ਮਾਰੇ ਹਨ।’ * ‘ਗੁਰਬਾਣੀ ‘ਮਾਇਆ’ ਤੇ ‘ਨਾਮ’ ਦਾ ਆਹਮੋ-ਸਾਹਮਣਾ ਟਕਰਾਅ ਹੈ। ਗੁਰਬਾਣੀ ਦਾ ਸੱਚ ਬੰਦੇ ਦੀ – ਸਰਬੱਤ ਦੀ ਆਜ਼ਾਦੀ ਦਾ ਰਾਹ ਹੈ।’ ਇਸ ਤੱਥ ਬਾਰੇ ਵੀ ਬਹੁਤੇ ਸਿੱਖ ਚਿੰਤਕਾਂ ਨੇ ਸਾਜ਼ਸ਼ੀ ਚੁੱਪ ਧਾਰੀ ਹੋਈ ਹੈ। ਅਕਾਲੀ ਦਲ ਨੇ 1982 ਵਿਚ ਕਪੂਰੀ ਵਿਖੇ ਸੀਪੀਐਮ ਨਾਲ ਮਿਲ ਕੇ ਪਾਣੀਆਂ ਦੀ ਵੰਡ ਬਾਰੇ ਕੌਮਾਂਤਰੀ ਕਾਨੂੰਨਾਂ ਤਹਿਤ ਜਮਹੂਰੀ ਢੰਗ ਨਾਲ ਮੋਰਚਾ ਸ਼ੁਰੂ ਕੀਤਾ ਸੀ। ਪਰ ਉਸੇ ਵੇਲੇ ਸੰਤ ਭਿੰਡਰਾਂਵਾਲਿਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਵਿਚ ਵੱਖਰਾ ਹੀ ‘ਧਰਮ ਯੁੱਧ’ ਮੋਰਚਾ ਸ਼ੁਰੂ ਕਰ ਲਿਆ। ਬਾਦਲ-ਲੌਂਗੋਵਾਲ ਦੀ ਅਗਵਾਈ ਵਾਲਾ ਅਕਾਲੀ ਦਲ ਭੈਅਭੀਤ ਹੋ ਗਿਆ। ਉਸਨੂੰ ਲੱਗਿਆ ਕਿ 1920 ਤੋਂ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਉੱਪਰ ਚੱਲ ਰਿਹਾ ਕਬਜ਼ਾ ਹੀ ਨਾ ਖੁਸ ਜਾਵੇ। ਭਿੰਡਰਾਂਵਾਲਿਆਂ ਦੀ ਦਰਬਾਰ ਸਾਹਿਬ ਉਪਰ ਅਚਾਨਕ ਅਤੇ ਸਾਜ਼ਸ਼ੀ ਹਾਜ਼ਰੀ ਦਾ ਕਿਸੇ ਵੀ ਅਕਾਲੀ ਦਲ ਜਾਂ ਸਿੱਖ ਇਤਿਹਾਸਕਾਰ/ ਚਿੰਤਕ ਜਵਾਬ ਨਹੀਂ ਦਿੱਤਾ ਗਿਆ। ਅਕਾਲੀ ਦਲ ਵੱਲੋਂ ਕਪੂਰੀ ਤੋਂ ਪਾਣੀਆਂ ਦੀ ਰਾਖੀ ਵਾਲਾ ਮੋਰਚਾ ਸ਼ਿਫਟ ਕਰਕੇ ਦਰਬਾਰ ਸਾਹਿਬ ਕੰਪਲੈਕਸ ਵਿਚ ਲੈ ਕੇ ਜਾਣਾ ਵੱਡੀ ਗਲਤੀ ਸੀ। ਇਸ ਤਰ੍ਹਾਂ ਕਰਨ ਨਾਲ ਮੋਰਚੇ ਤੋਂ ਸੀਪੀਐਮ ਬਾਹਰ ਹੋ ਗਈ। ਦੂਜੀ ਗਲਤੀ ਅਕਾਲੀ ਦਲ ਆਪਣੇ ਤੋਂ ਗਰਮ-ਖਿਆਲੀ ਲੋਕਾਂ ਨੂੰ ਅਲੱਗ ਨਾ ਕਰ ਸਕਿਆ। ਅਕਾਲੀ ਦਲ ਦਾ ਦੂਜਾ ਜਨਤਕ ਅਧਾਰ ਖਾਸ ਕਰਕੇ ਪੇਂਡੂ ਹਿੰਦੂ ਅਧਾਰ ਬਾਹਰ ਹੋ ਗਿਆ। ਮੁੱਖ ਮੁੱਦਾ ਸੀ – ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ, (ਕੇਂਦਰ ਆਪਣੇ ਕੋਲ ਡਾਕਤਾਰ, ਸੈਨਾ ਅਤੇ ਰੇਲਵੇ ਰੱਖ ਕੇ, ਬਾਕੀ ਸਭ ਰਾਜਾਂ ਨੂੰ ਦੇਵੇ)। ਅਕਾਲੀ ਦਲ ਇਸਦੀ ਅਹਿਮੀਅਤ ਨਹੀਂ ਸਮਝ ਸਕਿਆ। ਅਕਾਲੀ ਆਗੂਆਂ ਦੇ ਨਿੱਜੀ ਅਤੇ ਪਾਰਟੀਆਂ ਨਾਲ ਗੂੜ੍ਹੇ ਸਬੰਧ ਸਨ। ਅਕਾਲੀ ਦਲ ਨੇ ਇਨ੍ਹਾਂ ਨੂੰ ਵੱਧ ਅਧਿਕਾਰਾਂ ਦੀ ਮੰਗ ‘ਤੇ ਇਕੱਠੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਮੰਗ ਨੂੰ ਸਿੱਖਾਂ ਸਾਹਮਣੇ ਬੌਣਾ ਸਾਬਤ ਕਰਨ ਲਈ ਖਾਲਿਸਤਾਨ ਦਾ ਮੁੱਦਾ ਉਭਾਰਿਆ ਗਿਆ। ਚਾਲੀ ਸਾਲਾਂ ਦਾ ਸਮਾਂ ਬੀਤ ਚੁੱਕਿਆ ਹੈ। ਹੁਣ ਤੱਕ ਅਕਾਲੀ ਦਲ ਜਾਂ ਹੋਰ ਸਿੱਖ ਬੁੱਧੀਮਾਨ ਲੋਕਾਂ, ਪੱਤਰਕਾਰਾਂ ਆਦਿ ਨੇ ਮੋਰਚਾ ਨਾ-ਕਾਮਯਾਬ ਹੋਣ ਦੇ ਕਾਰਨਾਂ ਦਾ ਨਿਰੀਖਣ ਨਹੀਂ ਕੀਤਾ। ਸਿਰਫ ਸ਼ਖ਼ਸੀਅਤਾਂ/ ਘਟਨਾਵਾਂ ਆਦਿ ਦੀਆਂ ਝੂਠੀਆਂ ਕਹਾਣੀਆਂ ਸੁਣਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। ਇਸ ਘਟਨਾ ਬਾਰੇ ਉੱਘੇ ਲੇਖਕ/ਪੱਤਰਕਾਰ ਹਰਚਰਨ ਸਿੰਘ ਪਰਹਾਰ ਦੀ ਸੰਜੀਦਾ ਟਿੱਪਣੀ ਵਾਚਣਯੋਗ ਹੈ: ਜੂਨ, 84 ਤੋਂ 42 ਸਾਲ ਬਾਅਦ ਅਸੀਂ ਕਿੱਥੇ ਖੜ੍ਹੇ ਹਾਂ? ਖਾਲਿਸਤਾਨੀ ਲੀਡਰਸ਼ਿਪ ਕਦੋਂ ਤੱਕ 42 ਸਾਲ ਤੋਂ ਖੜ੍ਹੇ ਸਵਾਲਾਂ ਤੋਂ ਭੱਜਦੀ ਰਹੇਗੀ? ਝੂਠੇ ਬਿਰਤਾਂਤਾਂ ਨਾਲ਼ ਕਦੋਂ ਤੱਕ ਨਾਹਰੇਬਾਜ਼ੀ ਦੀ ਸਿਆਸਤ ਨਾਲ਼ ਚੱਲਿਆ ਜਾ ਸਕਦਾ ਹੈ? ਅੱਜ ਤੋਂ 42 ਸਾਲ ਪਹਿਲਾਂ ਹਰਿੰਮੰਦਰ ਸਾਹਿਬ ਕੰਪਲੈਕਸ ‘ਤੇ ਭਾਰਤ ਸਰਕਾਰ ਨੇ ‘ਓਪਰੇਸ਼ਨ ਬਲਿਊ ਸਟਾਰ’ ਨਾਮ ਦੀ ਫੌਜੀ ਕਾਰਵਾਈ ਕੀਤੀ ਸੀ। ਜਿਸ ਵਿਚ ਦੋਨਾਂ ਪੱਖਾਂ ਤੋਂ ਸੈਂਕੜੇ ਜਾਨਾਂ ਗਈਆਂ ਤੇ ਕਰੋੜਾਂ ਦੀ ਜਾਇਦਾਦ ਦੇ ਨੁਕਸਾਨ ਨਾਲ਼ ਅਕਾਲ ਤਖ਼ਤ ਦੀ ਬਿਲਡਿੰਗ ਦਾ ਕਾਫੀ ਹਿੱਸਾ ਵੀ ਤੋਪ ਦੇ ਗੋiਲ਼ਆਂ ਨਾਲ਼ ਢੱਠ ਗਿਆ ਸੀ। ਅਸੀਂ ਹਮੇਸ਼ਾਂ ਤੋਂ ਇਹ ਕਹਿੰਦੇ ਹਾਂ ਕਿ ਅਜਿਹੇ ਮਨਹੂਸ ਭਾਣੇ ਕਿਸੇ ਵੀ ਭਾਈਚਾਰੇ ਨਾਲ਼ ਨਹੀਂ ਵਾਪਰਨੇ ਚਾਹੀਦੇ ਸਨ। ਅਜਿਹੀ ਸਖ਼ਤ ਕਾਰਵਾਈ ਤੋਂ ਪਹਿਲਾਂ ਸਰਕਾਰ ਨੂੰ ਕੋਈ ਹੋਰ ਢੰਗ ਤਰੀਕੇ ਲੱਭਣੇ ਚਾਹੀਦੇ ਸਨ। ਇਸ ਘਟਨਾ ਦੀ ਜਿਤਨੀ ਨਿੰਦਾ ਹੋਵੇ, ਥੋੜੀ ਹੈ। ਪਰ ਪਿਛਲੇ 42 ਸਾਲਾਂ ਤੋਂ ਹਰ ਸਾਲ ਕੁਝ ਲੋਕ ਤੇ ਕੁਝ ਸੰਸਥਾਵਾਂ ਜੂਨ ਦੇ ਪਹਿਲੇ ਹਫ਼ਤੇ ਜੂਨ ’84 ਦੀਆਂ ਘਟਨਾਵਾਂ ਨੂੰ ਪੇਸ਼ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਵਾਰ-ਵਾਰ ਦੁਹਰਾਉਂਦੇ ਹਨ ਕਿ ਕਿਤੇ ਸਾਡੇ ‘ਤੇ ਕੋਈ ਇਲਜ਼ਾਮ ਨਾ ਲਗਾ ਦੇਵੇ ਕਿ ਇਹ ਹੁਣ ’84 ਨੂੰ ਭੁੱਲ ਗਏ ਹਨ। ਪਰ ਮੈਂ ਪਿਛਲੇ 42 ਸਾਲਾਂ ਵਿਚ ਕਦੇ ਕਿਸੇ ਲੀਡਰ, ਵਿਦਵਾਨ, ਪ੍ਰਚਾਰਕ, ਪੱਤਰਕਾਰ ਤੋਂ ਇਹ ਨਹੀਂ ਸੁਣਿਆ ਕਿ ਇਹ ਘਟਨਾਵਾਂ ਕਿਉਂ ਵਾਪਰੀਆਂ? ਸਰਕਾਰ ਜਾਂ ਫੌਜ ਨੂੰ ਕਿਉਂ ਲੋੜ ਪਈ ਕਿ ਟੈਂਕਾਂ-ਤੋਪਾਂ ਨਾਲ ਹਮਲਾ ਕੀਤਾ ਜਾਵੇ? ਜਿਸ ਤਰ੍ਹਾਂ ਪੰਥਕ ਧਿਰਾਂ ਵੱਲੋਂ ਕਿਹਾ ਜਾਂਦਾ ਹੈ, ਜੇ ਸਰਕਾਰ ਨੇ ਸਾਲ ਪਹਿਲਾਂ ਹਮਲਾ ਪਲੈਨ ਕੀਤਾ ਸੀ ਤਾਂ ਸਿੱਖ ਲੀਡਰਾਂ ਨੇ ਉਸ ਤੋਂ ਸਿੱਖਾਂ ਜਾਂ ਅਕਾਲ ਤਖਤ ਨੂੰ ਬਚਾਉਣ ਲਈ ਯਤਨ ਕਿਉਂ ਨਹੀਂ ਕੀਤੇ? ਕਿਉਂ ਉਨ੍ਹਾਂ ਲੋਕਾਂ ਨੂੰ ਅੱਜ ਵੀ ਹੀਰੋ ਵਾਂਗ ਪੇਸ਼ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸਰਕਾਰ ਦੇ ਮਨਸੂਬਿਆਂ ਦਾ ਪਤਾ ਹੋਣ ਦੇ ਬਾਵਜੂਦ ਅੰਦਰ ਹਥਿਆਰ ਜਮ੍ਹਾਂ ਕੀਤੇ, ਮੋਰਚੇ ਬਣਾਏ? ਕਿਉਂ ਕਿਸੇ ਨੇ ਇਸ ਦਰਦਨਾਕ ਘਟਨਾ ਦਾ ਹਰ ਪੱਖ ਤੋਂ ਨਿਰਪੱਖਤਾ ਨਾਲ ਵਿਸ਼ਲੇਸ਼ਣ ਕਰਕੇ ਸਚਾਈ ਸਾਹਮਣੇ ਨਹੀਂ ਰੱਖੀ? ਕਦੇ ਮੈਂ ਕਿਤੇ ਇਹ ਨਹੀਂ ਪੜ੍ਹਿਆ ਕਿ ਇਸ ਘਟਨਾ ਵਿਚ ਸਿੱਖਾਂ ਦਾ ਵੀ ਕੋਈ ਇੱਕ ਅੱਧਾ ਪ੍ਰਸੈਂਟ ਦੋਸ਼ ਸੀ? ਅਕਾਲੀ ਦਲ ਦੇ ਸ਼ਾਂਤਮਈ ਧਰਮ ਯੁੱਧ ਮੋਰਚੇ ਵਿਚ ਹਥਿਆਰਬੰਦ ਸੰਘਰਸ਼ ਸ਼ੁਰੂ ਕਰਕੇ ਬੰਦੇ ਮਾਰਨੇ ਸ਼ੁਰੂ ਕਰ ਦੇਣੇ, ਕਿਤਨੇ ਕੁ ਜਾਇਜ਼ ਜਾਂ ਜ਼ਰੂਰੀ ਸਨ? ਅਜੇ ਵੀ ਸਮਾਂ ਹੈ ਕਿ ਅਜਿਹੇ ਲੀਡਰਾਂ, ਵਿਦਵਾਨਾਂ, ਪ੍ਰਚਾਰਕਾਂ, ਲੇਖਕਾਂ, ਪੱਤਰਕਾਰਾਂ ਨੂੰ ਸਵਾਲ ਕਰੀਏ ਕਿ ਸਾਨੂੰ ਸੱਚ ਦੱਸੋ। ਸਿਰਫ ਕਾਬਜ਼ ਧਿਰਾਂ ਨੂੰ ਖੁਸ਼ ਕਰਨ ਲਈ ਸੋਹਲੇ ਨਾ ਗਾਈ ਜਾਵੋ। ਸਿਆਣੀਆਂ ਕੌਮਾਂ ਘੱਲੂਘਾਰਿਆਂ ਤੋਂ ਸਬਕ ਸਿੱਖ ਕੇ ਅੱਗੇ ਵਿਕਾਸ ਕਰਦੀਆਂ ਹਨ, ਪਰ ਸਿੱਖਾਂ ਦੀਆਂ ਕਾਬਜ਼ ਧਿਰਾਂ ਸਿੱਖਾਂ ਨੂੰ ਆਪਣੀਆਂ ਚੌਧਰਾਂ, ਲਾਲਚਾਂ ਤੇ ਸਿਆਸੀ ਰੋਟੀਆਂ ਸੇਕਣ ਲਈ ਅੱਗੇ ਨਹੀਂ ਵਧਣ ਦੇਣਾ ਚਾਹੁੰਦੀਆਂ। ਹਿੰਸਾ, ਨਫ਼ਰਤ ਤੇ ਵੱਖਵਾਦ ਦੀ ਰਾਜਨੀਤੀ, ਸਾਰੀ ਦੁਨੀਆਂ ਵਿਚ ਵੱਸਦੇ ਸਿੱਖਾਂ ਦੇ ਕਿਸੇ ਵੀ ਤਰ੍ਹਾਂ ਹਿੱਤ ਵਿਚ ਨਹੀਂ। ਦੋ-ਤਿੰਨ ਪੀੜ੍ਹੀਆਂ ਇਨ੍ਹਾਂ ਦੀਆਂ ਮੂਰਖਤਾਵਾਂ ਨਾਲ ਬਰਬਾਦ ਹੋ ਚੁੱਕੀਆਂ ਹਨ, ਹੋਰ ਹੋਣ ਤੋਂ ਬਚਾਉਣ ਲਈ ਇਨ੍ਹਾਂ ਨੂੰ ਸਵਾਲ ਕਰਨ ਜਾਂ ਲਾਂਭੇ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਜਦੋਂ ਤੱਕ ਅਸੀਂ ਅਜਿਹੀਆਂ ਜਜ਼ਬਾਤੀ ਗੱਲਾਂ ਕਰਦੇ ਰਹਾਂਗੇ, ਸਿੱਖਾਂ ਦਾ ਕਦੇ ਭਲਾ ਨਹੀਂ ਹੋਣਾ, ਸਗੋਂ ਦਿਨੋਂ-ਦਿਨ ਨੁਕਸਾਨ ਹੋ ਰਿਹਾ ਹੈ। ਸਵਾਲ ਇਹ ਨਹੀਂ ਕਿ ਹਮਲਾ ਕਿਵੇਂ ਹੋਇਆ ਜਾਂ ਨੁਕਸਾਨ ਕੀ ਹੋਇਆ? ਅਸਲੀ ਸਵਾਲ ਹੈ ਕਿ ਕਿਉਂ ਹੋਇਆ? ਕਿਉਂ ਸਰਕਾਰ ਨੂੰ ਕਰਨ ਦਿੱਤਾ? ਜੇ ਸਰਕਾਰ ਸਾਜ਼ਿਸ਼ ਨਾਲ਼ ਇਹ ਕੁਝ ਕਰਨਾ ਚਾਹੁੰਦੀ ਸੀ ਤਾਂ ਅਸੀਂ ਹਥਿਆਰ ਜਮ੍ਹਾਂ ਕਰਕੇ ਮੌਕਾ ਕਿਉਂ ਦਿੱਤਾ? ਸ਼ਾਂਤਮਈ ਚੱਲ ਰਹੇ ਮੋਰਚੇ ਵਿਚ ਹਥਿਆਰ ਕਿਉਂ ਵਾੜੇ ਗਏ? ਦਰਬਾਰ ਸਾਹਿਬ ਅੰਦਰ ਮੋਰਚਾਬੰਦੀ ਕਿਉਂ ਕੀਤੀ ਗਈ? ਕੀ ਮੋਰਚਾਬੰਦੀ ਕਰਨ ਵਾiਲ਼ਆਂ ਨੂੰ ਪਤਾ ਸੀ ਕਿ ਹਮਲਾ ਹੋਣਾ ਹੈ? ਜੇ ਪਤਾ ਸੀ ਤਾਂ ਉਨ੍ਹਾਂ ਆਪਣੇ ਪਰਿਵਾਰ ਬਾਹਰ ਕੱਢ ਲਏ ਤੇ ਸੰਗਤ ਨੂੰ ਇਤਲਾਹ ਕਿਉਂ ਨਹੀਂ ਕੀਤੀ? ਜਦੋਂ ਫੌਜ ਨੇ 2-5 ਜੂਨ ਤੱਕ ਘੇਰਾ ਪਾਇਆ ਹੋਇਆ ਸੀ ਤਾਂ ਦਰਬਾਰ ਸਾਹਿਬ ਤੇ ਅਕਾਲ ਤਖਤ ਬਚਾਉਣ ਲਈ ਅੰਦਰ ਬੈਠੇ ਖਾੜਕੂ ਬਾਹਰ ਕਿਉਂ ਨਹੀਂ ਆਏ, ਜੇ ਉਹ ਆਪਣੇ ਪਰਿਵਾਰ ਬਾਹਰ ਕੱਢ ਸਕਦੇ ਸਨ ਤਾਂ ਕੀ ਆਪ ਨਹੀਂ ਆ ਸਕਦੇ ਸਨ? ਉਨ੍ਹਾਂ ਸ਼ਰਧਾਲੂ ਸੰਗਤ ਨੂੰ ਬਾਹਰ ਨਿਕਲਣ ਦਾ ਮੌਕਾ ਕਿਉਂ ਨਹੀਂ ਦਿੱਤਾ? ਕੀ ਉਹ ਕਿਸੇ ਦੇ ਇਸ਼ਾਰੇ ‘ਤੇ ਅਜਿਹਾ ਭਾਣਾ ਵਰਤਾਉਣਾ ਚਾਹੁੰਦੇ ਸਨ? ਕੀ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਟੈਂਕਾਂ/ਤੋਪਾਂ ਵਾਲ਼ੀ ਫੌਜ ਦਾ ਉਹ ਮੁਕਾਬਲਾ ਨਹੀਂ ਕਰ ਸਕਦੇ ਸਨ ਤਾਂ ਫਿਰ ਉਨ੍ਹਾਂ ਆਤਮਘਾਤੀ ਰਾਹ ਕਿਉਂ ਚੁਣਿਆ? ਅਜਿਹੇ ਅਨੇਕਾਂ ਸਵਾਲ ਹਨ, ਜਿਨ੍ਹਾਂ ਨੂੰ ਸੰਬੋਧਨ ਹੋਏ ਬਿਨਾਂ ਅਸੀਂ ਕਿਤੇ ਨਹੀਂ ਪਹੁੰਚ ਸਕਦੇ। ਜੂਨ ਦੇ ਪਹਿਲੇ ਹਫ਼ਤੇ ਹਰ ਸਾਲ ਕੁਝ ਜਜ਼ਬਾਤੀ ਗੱਲਾਂ ਕਰਕੇ ਸਾਰਾ ਸਾਲ ਸਭ ਕੁਝ ਭੁੱਲ-ਭੁਲਾ ਦਿੱਤਾ ਜਾਂਦਾ ਹੈ। ਕੀ ਸਾਨੂੰ ਵਿਚਾਰ ਨਹੀਂ ਕਰਨੀ ਚਾਹੀਦੀ ਕਿ ਕੋਈ ਯੋਜਨਾ ਬਣਾਈਏ ਕਿ ਭਵਿੱਖ ਵਿਚ ਸਾਨੂੰ ਅਜਿਹੇ ਘੱਲੂਘਾਰਿਆਂ ਦਾ ਸਾਹਮਣਾ ਨਾ ਕਰਨਾ ਪਵੇ? ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਅਤੇ ਗੱਲਾਂ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਹਿੰਮਤ ਪੈਦਾ ਕਰੀਏ…?
