ਸੁਰਿੰਦਰ ਸਿੰਘ ਤੇਜ
ਸੰਪਰਕ: 98555-01488
ਬਸ਼ੀਰ ਬਦਰ ਨੂੰ ਮਿਲਣ ਦੀ ਹਸਰਤ ਦੋ ਦਹਾਕਿਆਂ ਤੋਂ ਸੀ, ਪਰ ਕੋਈ ਸਬੱਬ ਹੀ ਨਹੀਂ ਸੀ ਬਣਿਆ। ਜਦੋਂ ਇਸ ਸਾਲ ਜਨਵਰੀ ਮਹੀਨੇ ਸਬੱਬ ਬਣਿਆ ਤਾਂ ਭੁਪਾਲ ਦੀ ਬਸ਼ੀਰ ਮੰਜ਼ਿਲ ’ਤੇ ਪਹੁੰਚ ਕੇ ਵੀ ਮੁਲਾਕਾਤ ਸੰਭਵ ਨਾ ਹੋਈ। ਹਾਂ, ਉਨ੍ਹਾਂ ਦੀ ਸ਼ਰੀਕੇ-ਹਯਾਤ ਡਾ. ਰਾਹਤ ਬਦਰ ਨਾਲ ਥੋੜI-ਬਹੁਤ ਗੱਲਬਾਤ ਜ਼ਰੂਰ ਮੁਮਕਿਨ ਹੋਈ। ਇਸੇ ਮੁਲਾਕਾਤ ਦੌਰਾਨ ਉਨ੍ਹਾਂ ਦੀਆਂ ਅੱਖਾਂ ਅੰਦਰਲੀ ਉਦਾਸੀ ਤੋਂ ਹੀ ਇਜ਼ਹਾਰ ਹੋ ਗਿਆ ਕਿ ਉਹ ਕਿਸ ਮਨੋਦਸ਼ਾ ਵਿਚੋਂ ਗੁਜ਼ਰ ਰਹੇ ਸਨ।
ਹੋਇਆ ਇਸ ਤਰ੍ਹਾਂ ਕਿ ਮੇਰਾ ਜਬਲਪੁਰ ਜਾਣ ਦਾ ਪ੍ਰੋਗਰਾਮ ਸੀ। ਨਵੀਂ ਦਿੱਲੀ ਤੋਂ ਭੁਪਾਲ ਤੱਕ ਸ਼ਤਾਬਦੀ ਐਕਸਪ੍ਰੈੱਸ ਤੇ ਅੱਗੋਂ ਭੁਪਾਲ ਤੋਂ ਜਬਲਪੁਰ ਤੱਕ ਵੰਦੇ ਭਾਰਤ, ਕੁੱਲ ਮਿਲਾ ਕੇ 14 ਕੁ ਘੰਟਿਆਂ ਵਿਚ ਜਬਲਪੁਰ ਪਹੁੰਚ ਜਾਣਾ ਸੀ। ਸ਼ਤਾਬਦੀ ਨੇ ਦਿਨੇ 2.40 ਵਜੇ ਭੁਪਾਲ ਪੁੱਜਣਾ ਸੀ। ਜਬਲਪੁਰ ਲਈ ਵੰਦੇ ਭਾਰਤ ਐਕਸਪ੍ਰੈੱਸ ਦਾ ਸਮਾਂ 3.30 ਦਾ ਸੀ। ਸ਼ਤਾਬਦੀ ਆਪਣੀ ਸਮਾਂ-ਸਾਰਨੀ ਮੁਤਾਬਿਕ ਜਾ ਰਹੀ ਸੀ ਕਿ ਸਾਂਚੀ ਨੇੜੇ ਇਸ ਨਾਲ ਇੱਕ ਮੱਝ ਟਕਰਾ ਗਈ। ਉਸ ਹਾਦਸੇ ਨਾਲ ਸਿੱਝਦਿਆਂ ਗੱਡੀ ਇੱਕ ਘੰਟਾ ਲੇਟ ਹੋ ਗਈ ਅਤੇ ਮੈਂ ਵੰਦੇ ਭਾਰਤ ਨਾ ਫੜ ਸਕਿਆ। ਅਗਲੀ ਐਕਸਪ੍ਰੈੱਸ ਗੱਡੀ ਛੇ ਘੰਟਿਆਂ ਬਾਅਦ ਚੱਲਣੀ ਸੀ। ਭੁਪਾਲ ਸਟੇਸ਼ਨ ਦੇ ਰਿਟਾਇਰਿੰਗ ਰੂਮ ਵਿਚ ਬੈਠਿਆਂ ਅਚਨਚੇਤੀ ਇੱਕ ਪੱਤਰਕਾਰ ਮਿੱਤਰ ਨੂੰ ਮਿਲਣ ਦਾ ਖ਼ਿਆਲ ਆਇਆ, ਪਰ ਉਸ ਦਾ ਘਰ ਰੇਲਵੇ ਸਟੇਸ਼ਨ ਤੋਂ 17 ਕਿਲੋਮੀਟਰ ਦੀ ਦੂਰੀ ’ਤੇ ਸੀ। ਫਿਰ ਪੰਜਾਬੀ ਸਾਹਿਤ ਦੇ ਰਸੀਏ ਇੱਕ ਸੱਜਣ ਨੂੰ ਮਿਲਣ ਦਾ ਮਨ ਬਣਿਆ, ਪਰ ਇੱਕ ਧਰਮ-ਅਸਥਾਨ ਦੀ ਇਮਾਰਤ ਵਿਚ ਰਹਿੰਦੇ ਹੋਣ ਬਾਰੇ ਪਤਾ ਲੱਗਦਿਆਂ ਇਹ ਇਰਾਦਾ ਤਿਆਗਣਾ ਪਿਆ। ਇਸੇ ਉਧੇੜ-ਬੁਣ ਵਿਚ ਡਾ. ਬਸ਼ੀਰ ਬਦਰ ਦੀ ਭੁਪਾਲ ਵਿਚਲੀ ਰਿਹਾਇਸ਼ ਦਾ ਨਾਮ ਯਾਦ ਆ ਗਿਆ। ਗੂਗਲ ਤੋਂ ਇਹ ਵੀ ਪਤਾ ਲੱਗ ਗਿਆ ਕਿ ਬਸ਼ੀਰ ਮੰਜ਼ਿਲ ਪੁਰਾਣੇ ਭੁਪਾਲ ਦੇ ਫਤਹਿਗੜ੍ਹ ਇਲਾਕੇ ਵਿਚ ਸਥਿਤ ਹੈ ਅਤੇ ਆਟੋ ਰਾਹੀਂ ਉੱਥੇ ਪਹੁੰਚਦਿਆਂ 15 ਕੁ ਮਿੰਟ ਲੱਗਣਗੇ। ਬੱਸ, ਉਧਰ ਚਾਲੇ ਪਾ ਦਿੱਤੇ। ਦਰਵਾਜ਼ੇ ’ਤੇ ਮਿਲੀ ਕਨੀਜ਼ ਨੇ ਸਪੱਸ਼ਟ ਕਰ ਦਿੱਤਾ ਕਿ ‘ਬਾਬਾ ਬਹੁਤ ਬਿਮਾਰ ਹੈਂ, ਕਿਸੀ ਸੇ ਨਹੀਂ ਮਿਲਤੇ।’ ਮੈਨੂੰ ਡਾ. ਬਸ਼ੀਰ ਦੇ ਬਿਮਾਰ ਹੋਣ ਦਾ ਤਾਂ ਅੰਦਾਜ਼ਾ ਸੀ, ਪਰ ‘ਕਿਸੇ ਨੂੰ ਨਹੀਂ ਮਿਲਤੇ’ ਵਾਲੀ ਅਵਸਥਾ ਦਾ ਪਤਾ ਨਹੀਂ ਸੀ। ਇੰਨੇ ਨੂੰ ਡਾ. ਰਾਹਤ ਬਾਹਰ ਆ ਗਈ। ਉਨ੍ਹਾਂ ਮੇਰਾ ਅਤਾ-ਪਤਾ ਪੁੱਛਿਆ, ਕੁਝ ਝਿਜਕਦਿਆਂ ਅੰਦਰ ਆਉਣ ਲਈ ਕਿਹਾ। ਮੁਖ਼ਤਸਰ ਜਹੀ ਗੱਲਬਾਤ ਦੌਰਾਨ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਹ ਮੈਨੂੰ ਡਾ. ਬਸ਼ੀਰ ਦੇ ਕਮਰੇ ਵਿਚ ਨਹੀਂ ਲਿਜਾਣਾ ਚਾਹੁੰਦੇ। ਮੈਂ ਉਨ੍ਹਾਂ ਦਾ ਹੋਰ ਸਮਾਂ ਲੈਣਾ ਵਾਜਬ ਨਾ ਸਮਝਿਆ। ਮਾਯੂਸ ਜ਼ਰੂਰ ਸਾਂ ਇਸ ਘਟਨਾਵਲੀ ਤੋਂ, ਪਰ ਨਾਲ ਹੀ ਤਸੱਲੀ ਇਹ ਵੀ ਸੀ ਕਿ ਇੱਕ ਨਿਹਾਇਤ ਜ਼ਿੰਦਾਦਿਲ ਤੇ ਆਸ਼ਾਵਾਦੀ ਇਨਸਾਨ ਵਾਲਾ ਡਾ. ਬਸ਼ੀਰ ਦਾ ਜਿਹੜਾ ਅਕਸ ਮਨ ਵਿਚ ਉੱਕਰਿਆ ਹੋਇਆ ਸੀ, ਉਹ ਖੰਡਿਤ ਨਹੀਂ ਹੋਇਆ। ਇਹ ਅਕਸ 1985 ਵਿਚ ਇੱਕ ਮੁਸ਼ਾਇਰੇ ਦੌਰਾਨ ਉਨ੍ਹਾਂ ਦੇ ਅਸ਼’ਆਰ ਤੇ ਅਦਾਇਗੀ ਦੀ ਪੈਦਾਇਸ਼ ਸੀ।
* * *
1985 ਵਿਚ ਪੰਜਾਬ-ਹਰਿਆਣਾ-ਚੰਡੀਗਡæ੍ਹ ਸਿਆਹ ਦਿਨਾਂ ਵਿਚੋਂ ਗੁਜ਼ਰ ਰਹੇ ਸਨ। ਸ਼ਾਮ 7 ਵਜੇ ਤੋਂ ਬਾਅਦ ਸਕੂਟਰਾਂ/ਮੋਟਰ ਸਾਈਕਲਾਂ ’ਤੇ ਦੋ ਮਰਦਾਨਾ ਸਵਾਰੀਆਂ ਬੈਠਣ ਦੀ ਮਨਾਹੀ ਚੰਡੀਗਡæ੍ਹ ਵਿਚ ਸਖ਼ਤੀ ਨਾਲ ਲਾਗੂ ਸੀ। ਇਨ੍ਹੀਂ ਦਿਨੀਂ ਹਰਿਆਣਾ ਸਾਹਿਤ ਅਕਾਦਮੀ ਨੇ ਉਰਦੂ ਅਕਾਦਮੀ ਦੇ ਸਹਿਯੋਗ ਨਾਲ ਟੈਗੋਰ ਥੀਏਟਰ ਵਿਚ ਮੁਸ਼ਾਇਰਾ ਇੰਤਜ਼ਾਮਿਆ ਦਿਨੇ ਦੋ ਤੋਂ ਪੰਜ ਵਜੇ ਤੱਕ। ਕਈ ਨਾਮੀ-ਗਿਰਾਮੀ ਸ਼ਾਇਰ ਬੁਲਾਏ। ਕੁਝ ਆਏ, ਪਰ ਕੁਝ ਨਿੱਤ ਦੇ ਕਤਲੋ-ਗਾਰਤ ਵਾਲੇ ਆਲਮ ਤੋਂ ਤ੍ਰਹਿੰਦਿਆਂ ਨਹੀਂ ਆਏ। ਡਾ. ਬਸ਼ੀਰ ਬਦਰ ਦੀ ਹਾਜ਼ਰੀ ਮੁੱਖ ਆਕਰਸ਼ਣ ਰਹੀ। ਉਨ੍ਹਾਂ ਦੀ ਸ਼ਾਇਰੀ ਨਾਲ ਮੇਰਾ ਤੁਆਰਫ਼ ਗ਼ੁਲਾਮ ਅਲੀ ਵੱਲੋਂ ਗਾਈ ਗ਼ਜ਼ਲ (ਜੋ ਬਾਅਦ ਵਿਚ ਕਈ ਹੋਰ ਹਿੰਦੀ-ਪਾਕੀ ਗਾਇਕਾਂ ਨੇ ਵੀ ਗਾਈ) ‘ਕਿਤਨੀ ਮੁੱਦਤ ਬਾਅਦ ਮਿਲੇ ਹੋ’, ਜਗਜੀਤ ਸਿੰਘ ਦੀ ਸੰਗੀਤਕ ਕ੍ਰਿਤ ‘ਕਭੀ ਯੂੰ ਭੀ ਆ ਮੇਰੀ ਆਂਖ ਮੇਂ’ ਅਤੇ ਜਗਜੀਤ-ਚਿਤ੍ਰਾ ਦੀ ਹੀ ਇੱਕ ਸ਼ੋਖ਼ ਧੁਨ ‘ਸੋਚਾ ਨਹੀਂ ਅੱਛਾ-ਬੁਰਾ, ਦੇਖਾ-ਸੁਨਾ ਕੁਛ ਭੀ ਨਹੀਂ’ ਰਾਹੀਂ ਹੋ ਚੁੱਕਾ ਸੀ। ਸਟੇਜ ’ਤੇ ਉਨ੍ਹਾਂ ਦੀ ਹਾਜ਼ਰੀ ਦੇ ਜਲਵੇ ਦੇਖਣ ਦਾ ਇਹ ਪਹਿਲਾ ਮੌਕਾ ਸੀ। ਉਨ੍ਹਾਂ ਬਾਰੇ ਮਸ਼ਹੂਰ ਸੀ ਕਿ ਉਹ ਹਰ ਮੁਸ਼ਾਇਰੇ ਦੀ ਜਿੰਦ-ਜਾਨ ਸਾਬਿਤ ਹੁੰਦੇ ਹਨ। ਇਹੋ ਖ਼ੂਬੀ ਟੈਗੋਰ ਥੀਏਟਰ ਵਿਚ ਵੀ ਖ਼ੂਬ ਨਜ਼ਰ ਆਈ। ਉਨ੍ਹਾਂ ਦੇ ਦੋ ਕੁ ਅਸ਼’ਆਰ ਅਜੇ ਵੀ ਯਾਦ ਹਨ:
ਹਮ ਭੀ ਦਰਿਆ ਹੈਂ, ਹਮੇਂ ਅਪਨਾ ਹੁਨਰ ਮਾਲੂਮ ਹੈ।
ਜਿਸ ਤਰਫ਼ ਭੀ ਚਲ ਪੜੇਂਗੇ, ਰਾਸਤਾ ਹੋ ਜਾਏਗਾ।
—
ਸ਼ੌਹਰਤ ਕੀ ਬੁਲੰਦੀ ਭੀ, ਪਲ ਭਰ ਕਾ ਤਮਾਸ਼ਾ ਹੈ,
ਜਿਸ ਡਾਲ ਪਰ ਬੈਠੇ ਹੈਂ, ਵੋ ਟੂਟ ਭੀ ਸਕਤੀ ਹੈ।
ਜ਼ਿੰਦਗੀ ਜਿਊਣ ਦਾ ਸ਼ਊਰ ਸਮਾਇਆ ਹੋਇਆ ਹੈ ਇਨ੍ਹਾਂ ਦੋਵਾਂ ਸ਼ੇਅਰਾਂ ਵਿਚ। ਸ਼ਾਇਦ ਇਸੇ ਕਾਰਨ ਇਹ ਮੇਰੇ ਜ਼ਿਹਨ ਵਿਚ ਚਾਰ ਦਹਾਈਆਂ ਤੋਂ ਵਸੇ ਹੋਏ ਹਨ।
* * *
ਇਹ ਸ਼ਾਇਦ ਪੱਤਰਕਾਰੀ ਨਾਲ ਜੁੜੀਆਂ ਖ਼ੁਸ਼ਕੀਆਂ ਤੇ ਸ਼ੱਕਮਿਜ਼ਾਜੀ ਦਾ ਅਸਰ ਹੈ ਕਿ ਹਿੰਦੋਸਤਾਨੀ ਸ਼ਾਇਰੀ ਪੜæ੍ਹਨ-ਸੁਣਨ ਦਾ ਸ਼ੌਕ ਮੈਂ ਆਪਣੇ ਅੰਦਰ ਬਹੁਤਾ ਨਹੀਂ ਪਾਲ ਸਕਿਆ। ਅਜਿਹਾ ਹੋਣ ਦੇ ਬਾਵਜੂਦ ਸਾਹਿਰ ਲੁਧਿਆਣਵੀ ਤੋਂ ਬਾਅਦ ਵਾਲੀ ਪੀੜæ੍ਹੀ ਵਿਚੋਂ ਬਸ਼ੀਰ ਬਦਰ, ਨਿਦਾ ਫ਼ਾਜ਼ਲੀ ਤੇ ਸੁਦਰਸ਼ਨ ਫ਼ਾਕਿਰ ਦੀ ਸ਼ਾਇਰੀ ਆਪਣੀ ਸਾਦਗੀ ਤੇ ਸ਼ਾਇਸਤਗੀ ਸਦਕਾ ਮੇਰੀ ਸੰਗਦਿਲੀ ਉੱਤੇ ਹਾਵੀ ਹੁੰਦੀ ਰਹੀ ਹੈ। ਡਾ. ਬਸ਼ੀਰ ਤੇ ਨਿਦਾ ਫ਼ਾਜ਼ਲੀ ਉਹ ਸ਼ਖ਼ਸੀਅਤਾਂ ਸਨ, ਜਿਨ੍ਹਾਂ ਨੇ ਹਿੰਦੋਸਤਾਨ ਤਕਸੀਮ ਹੋਣਾ ਰੂਹੋਂ ਸਵੀਕਾਰ ਨਹੀਂ ਕੀਤਾ ਅਤੇ ‘ਪਾਕਿਸਤਾਨ ਵਿਚ ਬਿਹਤਰ ਜ਼ਿੰਦਗੀ’ ਦੇ ਨਿਉਤਿਆਂ ਨੂੰ ਅਸਵੀਕਾਰ ਕਰਦਿਆਂ ਹਿੰਦ ਵਿਚ ਰਹਿਣਾ ਚੁਣਿਆ। ਨਿਦਾ ਫ਼ਾਜ਼ਲੀ ਨੂੰ ਇਸ ਚੋਣ ਕਾਰਨ ਪੂਰੇ ਪਰਿਵਾਰ ਤੋਂ ਅਲਹਿਦਾ ਹੋਣਾ ਪਿਆ। ਡਾ. ਬਸ਼ੀਰ ਨੂੰ ਵੀ ਕਈ ਹਮਸਾਇਆਂ ਦਾ ਸਾਥ ਤਿਆਗਣਾ ਪਿਆ। ਉਨ੍ਹਾਂ ਅੰਦਰਲੀ ‘ਸਰਬ ਧਰਮ ਸਮਭਾਵ’ ਵਾਲੀ ਤਾਸੀਰ ਦੀ ਪਰਖ਼ ਵੀ ਨਿਰਦੈਤਾ ਨਾਲ ਹੋਈ। 1987 ਵਿਚ ਮੇਰਠ ਵਿਚ ਫ਼ਿਰਕੂ ਦੰਗਿਆਂ ਦੌਰਾਨ ਉਨ੍ਹਾਂ ਦਾ ਘਰ ਸਾੜ ਦਿੱਤਾ ਗਿਆ। ਘਰ ਦਾ ਸਾਮਾਨ ਰਾਖ਼ ਹੋਣ ਤੋਂ ਉਪਜੇ ਗ਼ਮ ਤੋਂ ਵੀ ਵੱਡਾ ਗ਼ਮ ਉਨ੍ਹਾਂ ਨੂੰ ਇਸ ਗੱਲ ਦਾ ਰਿਹਾ ਕਿ ਉਨ੍ਹਾਂ ਦੀਆਂ ਸੈਂਕੜੇ ਅਣਪ੍ਰਕਾਸ਼ਿਤ ਰਚਨਾਵਾਂ, ਖੋਜ ਤੇ ਸ਼ੋਧ ਸਾਮੱਗ੍ਰੀ ਅਤੇ ਚਾਰ ਹਜ਼ਾਰ ਤੋਂ ਵੱਧ ਕਿਤਾਬਾਂ ਫ਼ਿਰਕੇਦਾਰਾਨਾ ਵਹਿਸ਼ਤ ਦੀ ਬਲੀ ਚੜæ੍ਹ ਗਈਆਂ। ਉਨ੍ਹਾਂ ਦੀ ਬੇਟੀ ਸਬਾ ਵਾਹਿਦ ਦੀ ਇੱਕ ਲਿਖਤ ਮੁਤਾਬਿਕ ਇਸ ਤ੍ਰਾਸਦੀ ਤੋਂ ਉਗਮਿਆ ਸਦਮਾ ਹੀ ਅਲਜ਼ਾਈਮਰ ਅਤੇ ਯਾਦਦਾਸ਼ਤ ਨੂੰ ਖ਼ੋਰੇ (ਡਿਮੈਂਸ਼ੀਆ) ਵਰਗੇ ਲਾਇਲਾਜ ਰੋਗਾਂ ਦੀ ਆਮਦ ਦੀ ਵਜ੍ਹਾ ਬਣਿਆ।
‘ਲੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ,
ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ
—
‘ਮੇਰੀ ਹੰਸੀ ਸੇ ਉਦਾਸੀ ਕੇ ਫੂਲ ਖਿਲਤੇ ਹੈਂ,
ਮੈਂ ਸਭ ਕੇ ਸਾਥ ਹੂੰ ਮਗਰ ਜੁਦਾ ਸਾ ਲਗਤਾ ਹੂੰ’
ਵਰਗੇ ਅਸ਼’ਆਰ ਉਪਰੋਕਤ ਦੁਖਾਂਤਾਂ ਤੇ ਸਦਮਿਆਂ ਦੀ ਦਾਸਤਾਂ ਹੀ ਬਿਆਨਦੇ ਹਨ।
* * *
ਸਦਮੇ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਬਣਦੇ ਆਏ ਹਨ। ਬਸ਼ੀਰ ਬਦਰ ਦੀ ਜ਼ਿੰਦਗੀ ਵਿਚ ਇਹ ਸਿਰਫ਼ ਹਿੱਸਾ ਨਹੀਂ, ਸਿਲਸਿਲਾ ਬਣੇ ਰਹੇ। 1935 ਵਿਚ ਅਯੁੱਧਿਆ ਵਿਚ ਜਨਮੇ ਬਸ਼ੀਰ ਦੇ ਪਿਤਾ ਸੱਯਦ ਮੁਹੰਮਦ ਨਜ਼ੀਰ ਸਨ। ਉਹ ਯੂਨਾਈਟਿਡ ਪ੍ਰੋਵਿੰਸ (ਮੌਜੂਦਾ ਉੱਤਰ ਪ੍ਰਦੇਸ਼) ਸਰਕਾਰ ਵਿਚ ਗਜ਼ਟਿਡ ਅਫਸਰ ਸਨ। ਉਨ੍ਹਾਂ ਦੀਆਂ ਬਦਲੀਆਂ ਸਮੇਂ ਸਮੇਂ ਹੋਣ ਕਾਰਨ ਬਸ਼ੀਰ ਦੀ ਕੁਝ ਪੜ੍ਹਾਈ ਇਟਾਵਾ ਵਿਚ ਹੋਈ ਅਤੇ ਕੁਝ ਕਾਨਪੁਰ ਵਿਚ। 1949 ਵਿਚ ਪਿਤਾ ਦੀ ਅਚਨਚੇਤੀ ਮੌਤ ਕਾਰਨ ਘਰ-ਪਰਿਵਾਰ ਦੀ ਦੇਖਭਾਲ ਤੇ ਸੰਭਾਲ ਦੀ ਜ਼ਿੰਮੇਵਾਰੀ ਬਸ਼ੀਰ ਸਿਰ ਆ ਪਈ। ਪੜ੍ਹਾਈ ਛੁੱਟ ਗਈ। ਤਰਸ ਦੇ ਆਧਾਰ ’ਤੇ ਪੁਲੀਸ ਵਿਚ ਕਾਂਸਟੇਬਲ ਭਰਤੀ ਕਰ ਲਏ ਗਏ। ਸੱਤ ਵਰ੍ਹੇ ਇਹ ਨੌਕਰੀ ਕੀਤੀ ਉਨ੍ਹਾਂ ਨੇ। ਨੌਕਰੀ ਦੇ ਨਾਲ ਸ਼ਾਇਰੀ ਵੀ ਬਰਕਰਾਰ ਰੱਖੀ। ਇਹ ਲਤ ਉਨ੍ਹਾਂ ਨੂੰ ਸੱਤ ਸਾਲ ਦੀ ਉਮਰ ਵਿਚ ਲੱਗ ਗਈ ਸੀ। ਪਹਿਲਾਂ ਭਰਾਵਾਂ-ਭੈਣਾਂ ਨੂੰ ਪੜ੍ਹਾਇਆ। ਫਿਰ ਜਦੋਂ ਅਲੀਗੜ੍ਹ ਵਿਚ ਪੋਸਟਿੰਗ ਹੋਈ ਤਾਂ ਨੌਕਰੀ ਦੇ ਨਾਲ ਨਾਲ ਖ਼ੁਦ ਵੀ ਪੜ੍ਹਾਈ ਸ਼ੁਰੂ ਕਰ ਦਿੱਤੀ। ਬੀ.ਏ. ਕੀਤੀ, ਫਿਰ ਐੱਮ.ਏ ਅਤੇ ਫਿਰ ਪੀ.ਐੱਚ.ਡੀ.। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਲੈਕਚਰਾਰ ਵਜੋਂ ਨਿਯੁਕਤੀ ਨੇ ਪੁਲੀਸ ਵਾਲੀ ਵਰਦੀ ਲੁਹਾ ਦਿੱਤੀ। ਫਿਰ ਅਧਿਆਪਨ ਵਿਚਲੀ ਮੁਹਾਰਤ ਮੇਰਠ ਦੇ ਸਰਕਾਰੀ ਪੀ.ਜੀ. ਕਾਲਜ ਦੇ ਉਰਦੂ ਵਿਭਾਗ ਵਿਚ ਪਹੁੰਚਣ ’ਚ ਮਦਦਗਾਰ ਹੋਈ। ਉੱਥੇ ਉਨ੍ਹਾਂ ਨੇ 17 ਸਾਲ ਨੌਕਰੀ ਕੀਤੀ। ਵਿਭਾਗੀ ਮੁਖੀ ਸਨ ਉਹ, ਜਦੋਂ ਘਰ ਸਾੜੇ ਜਾਣ ਵਾਲੀ ਤ੍ਰਾਸਦੀ ਵਾਪਰੀ। ਮੁਸ਼ਾਇਰਿਆਂ ਵਿਚ ਹਾਜ਼ਰੀ ਦਾ ਦਬਾਅ ਅਤੇ ਅਧਿਆਪਨ ਨਾਲ ਜੁੜੀਆਂ ਜ਼ਰੂਰਤਾਂ ਦੇ ਟਕਰਾਅ ਕਾਰਨ ਡਾ. ਬਸ਼ੀਰ ਪਹਿਲਾਂ ਹੀ ਮਾਨਸਿਕ ਕਸ਼ਮਕਸ਼ ਨਾਲ ਜੂਝਦੇ ਆ ਰਹੇ ਸਨ। ਉੱਪਰੋਂ ਘਰ ਤੇ ਅਨੇਕ ਰਚਨਾਵਾਂ ਸਾੜੇ ਜਾਣ ਦੇ ਫ਼ਿਰਕੇਦਾਰਾਨਾ ਤਾਂਡਵ ਨੇ ਡਾ. ਬਸ਼ੀਰ ਦੀਆਂ ਤਰਜੀਹਾਂ ਬਦਲ ਦਿੱਤੀਆਂ। ਉਨ੍ਹਾਂ ਨੇ ਨੌਕਰੀ ਤਿਆਗ ਦਿੱਤੀ। ਨਵਾਂ ਘਰ ਭੁਪਾਲ (ਡਾ. ਰਾਹਤ ਦੇ ਪੇਕਿਆਂ ਦੀ ਨਗਰੀ) ਦੇ ਉਸ ਇਲਾਕੇ ਵਿਚ ਤਾਮੀਰ ਕਰਵਾਇਆ, ਜਿੱਥੇ ਮੁਸਲਮਾਨਾਂ ਦੀ ਵੱਡੀ ਬਹੁਗਿਣਤੀ ਦੋ ਸਦੀਆਂ ਤੋਂ ਵੱਧ ਸਮੇਂ ਤੋਂ ਵਸੀ ਹੋਈ ਹੈ। ਇਹ ਵਕਤ ਦੀ ਸਿਤਮਜ਼ਰੀਫ਼ੀ ਹੀ ਸੀ ਕਿ ਮੁਸਲਿਮ ਸਮਾਜ ਨੂੰ ਮਜ਼ੱਹਬੀ ਮੁਹੱਲੇਦਾਰੀ ਵਰਗੀ ਵਬਾਅ ਤੋਂ ਬਚਣ ਦਾ ਸੁਨੇਹਾ ਦੇਣ ਵਾਲਾ ਸ਼ਖ਼ਸ ਖ਼ੁਦ ਆਪਣੀ ਅਸੂਲਪ੍ਰਸਤੀ ਤਿਆਗਣ ਲਈ ਮਜਬੂਰ ਹੋ ਗਿਆ। ਇਸ ਨੇ ਵੀ ਮਾਨਸਿਕ ਤੌਰ ’ਤੇ ਉਨ੍ਹਾਂ ਨੂੰ ਆਹਤ ਕੀਤਾ।
1989 ਵਿਚ ਪਦਮ ਸ੍ਰੀ ਦੀ ਉਪਾਧੀ, ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਤੇ ਮੱਧ ਪ੍ਰਦੇਸ਼ ਉਰਦੂ ਅਕਾਦਮੀ ਦਾ ਪੁਰਸਕਾਰ ਅਤੇ ਉਸ ਤੋਂ ਬਾਅਦ ਦਰਜਨਾਂ ਹੋਰ ਮਾਣ-ਸਨਮਾਨ ਬਸ਼ੀਰ ਬਦਰ ਨੂੰ ਰੂਹਵਾਦ ਨਹੀਂ ਕਰ ਸਕੇ। ਉਨ੍ਹਾਂ ਦੀ ਸ਼ਾਇਰੀ ਵਿਚੋਂ ਸ਼ੋਖੀ ਖ਼ਤਮ ਹੁੰਦੀ ਚਲੀ ਗਈ। ਤੁਨਕਮਿਜ਼ਾਜੀ ਭਾਵੇਂ ਨਹੀਂ ਆਈ, ਪਰ ਤਨਜ਼ ਗਹਿਰੀ ਹੁੰਦੀ ਗਈ। ਇੱਕ ਮਿਸਾਲ:
ਉਸੇ ਕਿਸੀ ਕੀ ਮੁਹੱਬਤ ਕਾ ਏਤਬਾਰ ਨਹੀਂ,
ਉਸੇ ਜ਼ਮਾਨੇ ਨੇ ਸ਼ਾਇਦ ਬਹੁਤ ਸਤਾਯਾ ਹੈ।
ਡਾ. ਬਸ਼ੀਰ ਦੀ ਸ਼ਾਇਰੀ ਦਾ ਦਾਇਰਾ ਬਹੁਤ ਵਿਸ਼ਾਲ ਹੈ। ਇਸ ਵਿਚ ਦਰਦ, ਮੁਹੱਬਤ, ਜ਼ਿੰਦਗੀ ਦੀਆਂ ਸੱਚਾਈਆਂ ਤੇ ਤਲਖ਼ੀਆਂ, ਹਿੰਦੋਸਤਾਨੀ ਮਿੱਟੀ ਦੀ ਖੁਸ਼ਬੂ, ਆਸ਼ਾਵਾਦ ਦੀ ਭਰਪੂਰਤਾ ਸਮੇਤ ਹੋਰ ਬਹੁਤ ਕੁਝ ਹੈ। ਨਿਦਾ ਫਾਜ਼ਲੀ ਨੇ ‘ਵਿਵਿਧ ਭਾਰਤੀ’ ਦੇ ਇੱਕ ਪ੍ਰੋਗਰਾਮ ਵਿਚ ਕਿਹਾ ਸੀ ਕਿ ਡਾ. ਬਸ਼ੀਰ ਬਦਰ ਨੇ ਉਰਦੂ ਗ਼ਜ਼ਲ ਨੂੰ ਆਮ ਆਦਮੀ ਦੀ ਜ਼ੁਬਾਨ ਬਖ਼ਸ਼ੀ। ਇਸ ਵਿਚ ਨਵੇਂ ਲਹਿਜੇ ਦੇ ਨਾਲ ਨਾਲ ਨਵੇਂ ਅਹਿਸਾਸ ਉਭਾਰੇ। ਸਭ ਤੋਂ ਵੱਡੀ ਦੇਣ ਇਹ ਰਹੀ ਕਿ ਉਨ੍ਹਾਂ ਨੇ ਗ਼ਜ਼ਲ ਨੂੰ ‘ਫ਼ਾਰਸੀਵਾਦ’ (ਫਾਰਸੀ ਦੇ ਭਾਰੀ-ਭਰਕਮ ਸ਼ਬਦਾਂ ਦੀ ਵਰਤੋਂ) ਤੋਂ ਮੁਕਤ ਕਰਵਾਇਆ। 18 ਵਰਿ੍ਹਆਂ ਦੀ ਉਮਰ ਵਿਚ ਲਿਖੇ ਸ਼ੇਅਰ ‘ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ, ਨਾ ਜਾਨੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਆ ਜਾਏ’ ਰਾਹੀਂ ਉਨ੍ਹਾਂ ਨੇ ਅਦਾਕਾਰਾ ਮੀਨਾ ਕੁਮਾਰੀ ਨੂੰ ਖ਼ੂਬ ਪ੍ਰਭਾਵਿਤ ਕੀਤਾ। ਦਰਅਸਲ, ਮੀਨਾ ਕੁਮਾਰੀ ਵੱਲੋਂ 1960 ਵਿਚ ਆਪਣੀ ਇੱਕ ਤਹਿਰੀਰ ਵਿਚ ਦਰਜ ਕੀਤੇ ਇਸੇ ਸ਼ੇਅਰ ਨੇ ਹੀ ਬਸ਼ੀਰ ਬਦਰ ਨੂੰ ਨਾਮਵਰ ਸ਼ਾਇਰਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ। ਬੇਟੀ ਸਬਾ ਜਦੋਂ ਛੋਟੀ ਸੀ ਤਾਂ ਡਾ. ਬਸ਼ੀਰ ਨੇ ਉਸ ਪ੍ਰਤੀ ਆਪਣਾ ਸਨੇਹ ਇਨ੍ਹਾਂ ਸ਼ਬਦਾਂ ਨਾਲ ਜਤਾਇਆ ਸੀ:
ਵੋਹ ਸ਼ਾਖ਼ ਹੈ ਨਾ ਫੂਲ, ਅਗਰ ਤਿਤਲੀਆਂ ਨਾ ਹੋਂ।
ਵੋਹ ਘਰ ਭੀ ਕੋਈ ਘਰ ਹੈ, ਜਹਾਂ ਬੱਚੀਆਂ ਨਾ ਹੋ।
ਇਹ ਵੱਖਰੀ ਗੱਲ ਹੈ ਕਿ ਸਬਾ ਤੇ ਉਸ ਦੇ ਭਰਾ ਨੁਸਰਤ ਬਦਰ ਦਾ ਪਿਤਾ ਨਾਲ ਰਿਸ਼ਤਾ ਡਾ. ਬਸ਼ੀਰ ਵੱਲੋਂ ਡਾ. ਰਾਹਤ ਨਾਲ ਦੂਜਾ ਵਿਆਹ ਕਰਵਾਏ ਜਾਣ ਤੋਂ ਬਾਅਦ ਤਲਖ਼ ਹੁੰਦਾ ਗਿਆ। ਨੁਸਰਤ ਬਦਰ ਹਿੰਦੀ ਫਿਲਮਾਂ ਦਾ ਗੀਤਕਾਰ ਰਿਹਾ। ਉਸ ਨੇ 108 ਫਿਲਮਾਂ ਵਿਚ 817 ਗੀਤ ਲਿਖੇ, ਜਿਨ੍ਹਾਂ ਵਿਚੋਂ ‘ਦੇਵਦਾਸ’ ਦਾ ਗੀਤ ‘ਡੋਲਾ ਰੇ, ਡੋਲਾ ਰੇ…’ ਫਿਲਮਫੇਅਰ ਐਵਾਰਡ ਲਈ ਨਾਮਜ਼ਦ ਵੀ ਹੋਇਆ। ਨੁਸਰਤ ਦਾ 24 ਜਨਵਰੀ 2020 ਨੂੰ ਲੰਮੀ ਬਿਮਾਰੀ ਕਾਰਨ ਇੰਤਕਾਲ ਹੋ ਗਿਆ। ਉਸ ਸਮੇਂ ਉਸ ਕੋਲ ਕੋਈ ਨਹੀਂ ਸੀ। ਡਾ. ਬਸ਼ੀਰ ਤਾਂ ਉਦੋਂ ਤੱਕ ਆਪਣੀ ਸੁੱਧ-ਬੁੱਧ ਗੁਆ ਚੁੱਕੇ ਸਨ। ਅਲਜ਼ਾਈਮਰ ਤੇ ਡਿਮੈਂਸ਼ੀਆ ਇਨਸਾਨੀ ਦਿਮਾਗ਼ ’ਤੇ ਮਾਰ ਹੀ ਅਜਿਹੀ ਕਰਦੀਆਂ ਹਨ।
* * *
28 ਮਈ ਨੂੰ ਆਖ਼ਰੀ ਸਾਹ ਆਉਣ ਤੱਕ ਡਾ. ਬਸ਼ੀਰ ਦੀ ਦੇਖਭਾਲ ਡਾ. ਰਾਹਤ ਤੋਂ ਇਲਾਵਾ ਤਈਅਬ ਬਦਰ (ਬਸ਼ੀਰ ਤੇ ਰਾਹਤ ਦਾ ਬੇਟਾ) ਕਰਦਾ ਰਿਹਾ। ਪਿਤਾ ਦੀ ਵੈੱਬਸਾਈਟ ਵੀ ਉਹੋ ਚਲਾਉਂਦਾ ਹੈ। ਇਸ ਵੈੱਬਸਾਈਟ ’ਤੇ ਡਾ. ਬਸ਼ੀਰ ਦੀਆਂ ਉਰਦੂ ਗ਼ਜ਼ਲਾਂ ਦੇ ਸੱਤ ਸੰਗ੍ਰਹਿ, ਇੱਕ ਹਿੰਦੀ ਕਾਵਿ-ਸੰਗ੍ਰਹਿ ਅਤੇ ਆਲੋਚਨਾ-ਸਮਾਲੋਚਨਾ ਦੇ ਦੋ ਸੰਗ੍ਰਹਿ ਮੌਜੂਦ ਹਨ। ਉਨ੍ਹਾਂ ਦੇ ਜੀਵਨ ਤੇ ਯਾਦਾਂ ਨਾਲ ਜੁੜੇ ਢੇਰਾਂ ਟੋਟਕੇ ਵੀ ਹਨ। ਇਹ ਵੀ ਕਮਾਲ ਦੀ ਗੱਲ ਹੈ ਕਿ ਬਸ਼ੀਰ ਬਦਰ ਦੇ ਹੀ ਸ਼ੇਅਰ 2014 ਤੋਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿਚ ਨੇਤਾਵਾਂ ਦੀਆਂ ਤਕਰੀਰਾਂ ਦਾ ਲਗਾਤਾਰ ਹਿੱਸਾ ਬਣਦੇ ਆਏ ਹਨ। ਆਪਣਾ ਪੱਖ ਵਜ਼ਨੀ ਬਣਾਉਣ ਲਈ ਇਨ੍ਹਾਂ ਸ਼ੇਅਰਾਂ ਦਾ ਸਹਾਰਾ ਲੈਣ ਵਾਲੇ ਨੇਤਾਵਾਂ ਵਿਚ ਨਰਿੰਦਰ ਮੋਦੀ ਵੀ ਸ਼ਾਮਲ ਹੈ, ਰਾਜਨਾਥ ਸਿੰਘ ਵੀ, ਰਾਹੁਲ ਗਾਂਧੀ ਵੀ ਅਤੇ ਅਖਿਲੇਸ਼ ਯਾਦਵ ਵੀ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਨੇਤਾ ਨੇ ਡਾ. ਬਸ਼ੀਰ ਦੇ ਇਨ੍ਹਾਂ ਮਸ਼ਵਰਿਆਂ ’ਤੇ ਅਮਲ ਕਰਨਾ ਵਾਜਬ ਨਹੀਂ ਸਮਝਿਆ:
ਐਸੇ ਮਿਲੋ ਕਿ ਅਪਨਾ ਸਮਝਤਾ ਰਹੇ ਸਦਾ,
ਜਿਸ ਸ਼ਖ਼ਸ ਸੇ ਤੁਮ੍ਹਾਰਾ ਦਿਲੀ ਇਖ਼ਤਿਲਾਫ਼ ਹੈ।
…
ਮੁਖ਼ਾਲਫ਼ਿਤ ਸੇ ਮੇਰੀ ਸ਼ਖ਼ਸੀਅਤ ਸੰਵਰਤੀ ਹੈ
ਮੈਂ ਦੁਸ਼ਮਨੋਂ ਕਾ ਬੜਾ ਇਹਤਿਰਾਮ ਕਰਤਾ ਹੂੰ।
