ਨਵੀਂ ਦਿੱਲੀ:ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ‘ਚ ਹੋਏ ਇਕ ਸਨਮਾਨ ਸਮਾਗਮ ‘ਚ ਪੰਜਾਬ ਦੀਆਂ ਤਿੰਨ ਹਸਤੀਆਂ ਸਮੇਤ 131 ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਤ ਕੀਤਾ। ਇਨ੍ਹਾਂ ‘ਚ ਅਦਾਕਾਰ ਧਰਮਿੰਦਰ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਤੇ ਇਸ਼ਤਿਹਾਰ ਜਗਤ ਦੇ ਦਿੱਗਜ ਪੀਯੂਸ਼ ਪਾਂਡੇ ਨੂੰ ਵੀ ਮਰਨ ਉਪਰੰਤ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ।
ਧਰਮਿੰਦਰ ਦਾ ਪੁਰਸਕਾਰ ਹੇਮਾ ਮਾਲਿਨੀ ਤੇ ਪੀਯੂਸ਼ ਪਾਂਡੇ ਦਾ ਪੁਰਸਕਾਰ ਉਨ੍ਹਾਂ ਦੀ ਪਤਨੀ ਨੀਤਾ ਜੋਸ਼ੀ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਪੰਜਾਬ ਤੋਂ ਹਾਕੀ ਕੋਚ ਬਲਦੇਵ ਸਿੰਘ ਨੂੰ ਪਦਮਸ਼੍ਰੀ, ਮਹਿਲਾ ਕ੍ਰਿਕਟ ‘ਚ ਚੰਗੀ ਕਾਰਗੁਜ਼ਾਰੀ ਦਿਖਾਉਣ ਲਈ ਹਰਮਨਪ੍ਰੀਤ ਕੌਰ ਭੁੱਲਰ ਨੂੰ ਪਦਮਸ੍ਰੀ ਐਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਾਸਤਰੀ ਸੰਗੀਤਕਾਰ ਤੇ ਵਾਇਲਨ ਵਾਦਕ ਐੱਨ. ਰਾਜਮ ਨੂੰ ਪਦਮਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਰਾਸ਼ਟਰਪਤੀ ਨੇ ਇਸੇ ਸਾਲ ਜਨਵਰੀ ‘ਚ ਗਣਤੰਤਰ ਦਿਵਸ ਮੌਕੇ ਸਾਲ 2026 ਲਈ ਕੁਲ 131 ਪਦਮ ਪੁਰਸਕਾਰਾਂ- ਜਿਨ੍ਹਾਂ ‘ਚ ਪੰਜ ਪਦਮ ਵਿਭੂਸ਼ਣ, 13 ਪਦਮ ਭੂਸ਼ਣ ਤੇ 113 ਪਦਮਸ੍ਰੀ ਨੂੰ ਮਨਜ਼ੂਰੀ ਦਿੱਤੀ ਸੀ। ਇਹ ਪੁਰਸਕਾਰ ਕਲਾ, ਸਮਾਜ ਸੇਵਾ, ਜਨਤਕ ਮਾਮਲੇ, ਵਿਗਿਆਨ ਤੇ ਇੰਜੀਨੀਅਰਿੰਗ, ਵਪਾਰ ਤੇ ਉਦਯੋਗ, ਮੈਡੀਕਲ, ਸਾਹਿਤ ਤੇ ਸਿੱਖਿਆ, ਖੇਡ ਤੇ ਸਿਵਲ ਸੇਵਾ ਖੇਤਰ ‘ਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਨੂੰ ਦਿੱਤਾ ਜਾਂਦਾ ਹੈ। ਕਲਾ ਦੇ ਖੇਤਰ ‘ਚ ਸ਼ਾਨਦਾਰ ਤੇ ਖਾਸ ਸੇਵਾ ਲਈ ਧਰਮਿੰਦਰ ਦਾ ਪੁਰਸਕਾਰ ਉਨ੍ਹਾਂ ਦੀ ਪਤਨੀ ਤੇ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਹਾਸਲ ਕੀਤਾ। ਰਾਜਮ ਨੂੰ ਭਾਰਤੀ ਸ਼ਾਸਤਰੀ ਸੰਗੀਤ ‘ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ, ਖਾਸ ਤੌਰ ‘ਤੇ ਉਨ੍ਹਾਂ ਦੇ ‘ਗਾਇਕੀ ਅੰਗ’ ਸ਼ੈਲੀ ਨਾਲ ਵਾਇਲਨ ਵਾਦਨ ‘ਚ ਕ੍ਰਾਂਤੀ ਲਿਆਉਣ ਲਈ, ਜਿਹੜਾ ਵਾਦ ਯੰਤਰ ‘ਤੇ ਗਾਇਨ ਸੰਗੀਤ ਦੀ ਹੂਬਹੂ ਨਕਲ ਕਰਦਾ ਹੈ। ਮੁਰਮੂ ਨੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਿਆਰੀ, ਮਸ਼ਹੂਰ ਮਸ਼ਹੂਰ ਪਾਲੀਮੈਥ ਮਾਹਿਰ ਸ਼ਤਾਵਧਨੀ ਆਰ ਗਣੇਸ਼, ਜਿਨ੍ਹਾਂ ਨੇ ਮੁਸ਼ਕਲ ਭਾਰਤੀ ਸ਼ਾਸਤਰੀ ਕਲਾ ਦੀ ਕਿਸਮ ‘ਅਵਧਾਨਾ’ ਨੂੰ ਸੁਰਜੀਤ ਕੀਤਾ, ਕੋਟਕ ਮਹਿੰਦਰਾ ਬੈਂਕ ਦੇ ਸੰਸਥਾਪਕ ਉਦੈ ਸੁਰੇਸ਼ ਕੋਟਕ ਤੇ ਗੈਸਟ੍ਰੋਐਂਟੇਰੋਲੋਜਿਸਟ ਕਲੀਪੱਟੀ ਰਾਮਾਸਾਮੀ ਪਲਾਨੀਸਵਾਮੀ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ।
ਉਨ੍ਹਾਂ ਨੇ ਇਹ ਪੁਰਸਕਾਰ ਮਰਨ ਉਪਰੰਤ ਇਸ਼ਤਿਹਾਰ ਗੁਰੂ ਪੀਯੂਸ਼ ਪਾਂਡੇ ਤੇ ਸਾਬਕਾ ਸੰਸਦ ਮੈਂਬਪਰ ਵਿਜੇ ਕੁਮਾਰ ਮਲਹੋਤਰਾ ਨੂੰ ਵੀ ਦਿੱਤਾ। ਪਾਂਡੇ ਦੀ ਪਤਨੀ ਤੇ ਮਲਹੋਤਰਾ ਦੇ ਬੇਟੇ ਨੇ ਕ੍ਰਮਵਾਰ ਇਹ ਪੁਰਸਕਾਰ ਹਾਸਲ ਕੀਤੇ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਨ ਹਰਮਨਪ੍ਰੀਤ ਕੌਰ ਭੁੱਲਰ, ਅਦਾਕਾਰ ਪ੍ਰੋਸੇਨਜੀਤ ਚੈਟਰਜੀ, ਪੈਰਾ ਐਥਲੀਟ ਪਰਵੀਨ ਕੁਮਾਰ ਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਸਾਬਕਾ ਡੀਜੀਪੀ ਕੇ ਵਿਜੇ ਕੁਮਾਰ ਨੂੰ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ, ਜਿਹੜਾ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ ‘ਚ ਕਰਾਇਆ ਗਿਆ ਸੀ, ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੀ ਪੇਸ਼ਕਾਰੀ ਨਾਲ ਸ਼ੁਰੂ ਹੋਇਆ, ਜਿਸਦੇ ਬਾਅਦ ਰਾਸ਼ਟਰ ਗਾਨ ‘ਜਨ ਗਨ ਮਨ ਵਜਾਇਆ ਗਿਆ। ਇਸ ਵਿਚ ਉਪਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਣਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਪਤਵੰਤੇ ਸ਼ਾਮਲ ਹੋਏ।
