ਤੁਸੀਂ ਚਲੋ, ਅਸੀਂ ਆਵਾਂਗੇ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਆਪਣੀ ਮਾਂ ਬੋਲੀ ਦੇ ਥੋੜ੍ਹੇ ਬਹੁਤੇ ਅਖਾਣ ਜਾਂ ਮੁਹਾਵਰੇ ਤਾਂ ਆਪਾਂ ਸਾਰੇ ਈ ਜਾਣਦੇ ਹੁੰਦੇ ਹਾਂ। ਗੱਲਾਂ ਬਾਤਾਂ ਕਰਦਿਆਂ ਅਸੀਂ ਅੱਧ-ਪਚੱਧੇ ਰੂਪ ਵਿਚ ਇਨ੍ਹਾਂ ਨੂੰ ਵਰਤ ਵੀ ਲੈਂਦੇ ਹਾਂ। ‘ਅੱਧ-ਪਚੱਧੇ’ ਸ਼ਬਦ ਮੈਂ ਇਸ ਕਾਰਨ ਵਰਤਿਆ ਹੈ ਕਿ ਅਸੀਂ ਬੜੀ ਵਾਰੀ ਦੇਖਦੇ ਹਾਂ ਕਿ ਕਈ ਸੱਜਣ ਆਪਣੀ ਗੱਲ ਵਿਚ ਢੁੱਕਵਾਂ ਮੁਹਾਵਰਾ ਬੋਲਣ ਦੀ ਥਾਂ, ਇਹ ਕਹਿਣ ਲੱਗ ਪੈਂਦੇ ਹਨ, ‘ਓæææਕਿਵੇਂ ਕਹਿੰਦੇ ਹੁੰਦੇ ਐ ਜੀ?’ ਫਿਰ ਕੋਈ ਟੁੱਟਾ ਭੱਜਾ ਜਿਹਾ ਅਖਾਣ ਸੁਣਾ ਦਿੰਦੇ ਨੇ ਜੋ ਬਹੁਤੀ ਵਾਰੀ ਸੁਣਾਈ ਜਾ ਰਹੀ ਵਾਰਤਾ ਦੀ ਤਰਜਮਾਨੀ ਵੀ ਨਹੀਂ ਕਰਦਾ ਹੁੰਦਾ।
ਕਹਾਵਤਾਂ-ਮੁਹਾਵਰੇ ਕਿਸੇ ਬੋਲੀ ਦੇ ਗਹਿਣੇ ਮੰਨੇ ਜਾਂਦੇ ਹਨ। ਕਿਸੇ ਜੋਬਨਵੰਤੀ ਮੁਟਿਆਰ ਨੇ ਸੁੰਦਰ ਸਜੀਲੇ ਗਹਿਣੇ ਪਹਿਨੇ ਹੋਏ ਹੋਣ ਤਾਂ ਉਸ ਦਾ ਰੂਪ ਦੂਣ ਸਵਾਇਆ ਖਿੜ ਉਠਦਾ ਹੈ। ਜਿਵੇਂ ਬਣਦੇ-ਫੱਬਦੇ ਗਹਿਣੇ ਪਹਿਨਣ ਦਾ ਹੁਨਰ ਸਾਰਿਆਂ ਕੋਲ ਨਹੀਂ ਹੁੰਦਾ, ਤਿਵੇਂ ਹੀ ਕੋਈ ਗੱਲ-ਕੱਥ ਕਰਦੇ ਵਕਤ ਮੌਕੇ ਮੇਲ ਮੁਤਾਬਕ ਇੰਨ-ਬਿੰਨ ਢੁੱਕਵਾਂ ਅਖਾਣ ਬੋਲਣ ਦੀ ਕਲਾ ਵੀ ਵਿਰਲਿਆਂ ਕੋਲ ਹੀ ਹੁੰਦੀ ਹੈ। ਇਸ ਕਲਾ ਦੀ ਸਹਿਜ ਭਰੀ ਵਰਤੋਂ ਕਰਨ ਵਾਲਿਆਂ ਦੀਆਂ ਗੱਲਾਂ ਕਦੇ ਦਿਲ ਅਕਾਊ ਨਹੀਂ ਹੁੰਦੀਆਂ। ਅਜਿਹੇ ਵਕਤਿਆਂ ਦਾ ਸੰਗ ਮਾਨਣ ਲਈ ਸਦਾ ਹੀ ਦਿਲ ਲੋਚਦਾ ਰਹਿੰਦਾ ਹੈ।
ਜ਼ਿੰਦਗੀ ਵਿਚ ਵਕਤ-ਬ-ਵਕਤ ਐਸੇ ਰਸੀਲੇ ਬੰਦਿਆਂ ਮੂੰਹੋਂ ਸੁਣੀ ਕਥਾ ਵਾਰਤਾ ਦੇ ਨਾਲ-ਨਾਲ ਉਨ੍ਹਾਂ ਵੱਲੋਂ ਬੋਲੀਆਂ ਗਈਆਂ ਕਹਾਵਤਾਂ ਵੀ ਸਮੇਂ-ਸਮੇਂ ਯਾਦ ਆਉਂਦੀਆਂ ਰਹਿੰਦੀਆਂ ਹਨ। ਦੁਨੀਆਂ ਦੇ ਹਰ ਬਸ਼ਰ ਦਾ ਆਪੋ-ਆਪਣਾ ਯਾਦ ਸਰਮਾਇਆ ਹੁੰਦਾ ਹੈ। ਸਰਮਾਏ ਦੇ ਇਸ ਢੇਰ ਵਿਚੋਂ ਆਪੋ-ਆਪਣੀ ਮਾਨਸਿਕਤਾ ਅਤੇ ਰੁਚੀਆਂ ਅਨੁਸਾਰ ਅਸੀਂ ਛਾਂਟ-ਛਟਾਈ ਕਰਦੇ ਰਹਿੰਦੇ ਹਾਂ। ਕਈ ਕੁਝ ‘ਡਿਲੀਟ’ ਹੁੰਦਾ ਰਹਿੰਦਾ ਹੈ ਪਰ ਕਈ ਬੋਲ ਅਜਿਹੇ ਹੁੰਦੇ ਹਨ ਜੋ ਤਾ-ਜ਼ਿੰਦਗੀ ਮਨ ‘ਤੇ ਉਕਰੇ ਰਹਿੰਦੇ ਹਨ। ਹੱਥਲੀ ਲਿਖਤ ਵਿਚ ਮੈਂ ਕਹਾਵਤਾਂ ਦੀ ਗੱਲ ਇਸ ਕਰ ਕੇ ਛੋਹੀ ਹੈ ਕਿਉਂਕਿ ਇਸ ਵਿਚ ਸੁਣੇ ਹੋਏ ਦੋ ਅਖਾਣਾਂ ਦੀ ਦਿਲਚਸਪ ਵਾਰਤਾ ਦਾ ਵਰਣਨ ਕਰ ਰਿਹਾ ਹਾਂ ਜਿਸ ਨੂੰ ਪੜ੍ਹ ਕੇ ਹਰ ਕੋਈ ਇਨ੍ਹਾਂ ਕਹਾਵਤਾਂ ਦੀ ਵਰਤੋਂ ਕਰਨ ਵਾਲਿਆਂ ਦੀ ਕੰਠਾਗਰ-ਬਿਰਤੀ ਅਤੇ ਹਾਜ਼ਰ ਜਵਾਬੀ ਦੀ ਦਾਦ ਦੇਵੇਗਾ।
ਮੇਰੇ ਇਕ ਮਿੱਤਰ ਨੇ ਕਿਸੇ ਦੂਜੇ ਪਿੰਡ ਦੇ ਪਰਿਵਾਰ ਨਾਲ ਰਿਸ਼ਤੇ-ਨਾਤੇ ਦੀ ਗੱਲ ਕਰਨ ਵਾਸਤੇ ਮੈਨੂੰ ਨਾਲ ਲਿਜਾਣ ਲਈ ਤਿਆਰ ਕਰ ਲਿਆ। ਉਸ ਦੀ ਇਜਾਜ਼ਤ ਨਾਲ ਮੈਂ ਆਪਣੇ ਨਾਲ ਇਕ ਹੋਰ ਸੱਜਣ ਨੂੰ ਤਿਆਰ ਕਰ ਲਿਆ ਜੋ ਅਜਿਹੀਆਂ ਕਬੀਲਦਾਰੀਆਂ ਦਾ ਤਜਰਬੇਕਾਰ ਸੀ। ਅਸੀਂ ਚਾਰ-ਪੰਜ ਜਣੇ ਉਸ ਪਿੰਡ ਜਾ ਪਹੁੰਚੇ। ਜੇਠ-ਹਾੜ੍ਹ ਦੀ ਗਰਮੀ ਦੇ ਦਿਨ ਸਨ। ਪੇਂਡੂ ਮਾਹੌਲ ਦੇ ਵੱਡੇ ਸਾਰੇ ਖੁੱਲ੍ਹੇ ਵਿਹੜੇ ਦੇ ਇਕ ਖੂੰਜੇ ਬਣੀ ਹੋਈ ਬੈਠਕ ਵਿਚ ਅਸੀਂ ਗੱਲੀਂ ਰੁੱਝ ਗਏ। ਨਵੀਆਂ ਸਾਕ-ਸਕੀਰੀਆਂ ਬਣਾਉਣ ਵੇਲੇ ਬੜੇ ਇਹਤਿਆਤ ਅਤੇ ਤਹੱਮਲ ਨਾਲ ਡੂੰਘੀਆਂ ਗੱਲਾਂ ਕਰਨੀਆਂ ਪੈਂਦੀਆਂ ਹਨ। ਸੋ, ਅਸੀਂ ਵੀ ਮੰਗਣੀਆਂ-ਕੁੜਮਾਈਆਂ ਦੀਆਂ ਇਧਰਲੀਆਂ-ਉਧਰਲੀਆਂ ਗੱਲਾਂ ਨਾਲ ਭੂਮਿਕਾ ਬੰਨ੍ਹ ਕੇ ਅਸਲ ਮੁੱਦੇ ਵੱਲ ਵਧ ਰਹੇ ਸਾਂ। ਘਰਵਾਲਿਆਂ ਦਾ ਹਾਂ-ਪੱਖੀ ਹੁੰਗਾਰਾ ਸਾਨੂੰ ਸਫ਼ਲਤਾ ਦੇ ਨੇੜੇ ਪਹੁੰਚੇ ਹੋਣ ਦਾ ਇਸ਼ਾਰਾ ਕਰ ਰਿਹਾ ਸੀ। ਬਾਹਰ ਗਰਮੀ ਕਹਿਰਾਂ ਦੀ ਸੀ। ਫੁੱਲ-ਸਪੀਡ ਚੱਲ ਰਹੇ ਪੱਖੇ ਥੱਲੇ ਅਸੀਂ ਠੰਢੀ-ਠਾਰ ਸ਼ਿਕੰਜਵੀ ਪੀ ਰਹੇ ਸਾਂ। ਇੰਨੇ ਨੂੰ ਸਾਹਮਣੇ ਖੁੱਲ੍ਹੇ ਗੇਟ ਥਾਣੀਂ ਇਕ ਅਧਖੜ ਜਿਹਾ ਬੰਦਾ ਵਿਹੜੇ ‘ਚ ਆ ਵੜਿਆ। ਉਸ ਦੀ ਸ਼ਕਲ-ਸੂਰਤ ਬਿਲਕੁਲ ਕਮਲਿਆਂ ਵਰਗੀ ਸੀ। ਲੂ ਨਾਲ ਤਪਦੇ ਵਿਹੜੇ ਵਿਚ ਉਹ ਨੰਗੇ ਪੈਰੀਂ ਬੜੇ ਆਰਾਮ ਨਾਲ ਤੁਰਦਾ ਆ ਰਿਹਾ ਸੀ।
ਉਸ ਦੀ ਹਸਾਉਣੀ ਜਿਹੀ ਸੂਰਤ ਦੇਖ ਕੇ ਸਾਡੇ ਨਾਲ ਦੇ ਸ਼ੁਗਲੀ ਸੁਭਾਅ ਵਾਲੇ ਇਕ ਬੰਦੇ ਨੇ ਹੱਸਦਿਆਂ ਅਖਾਣ ਬੋਲਿਆ, “ਹੱਥ ਪੁਰਾਣੇ ਖੋਸੜੇ ਬਸੰਤੇ ਹੁਣੀ ਆਏ ਨੇ।”
ਸਾਨੂੰ ਬਾਅਦ ਵਿਚ ਪਤਾ ਲੱਗਿਆ ਕਿ ਜਿਨ੍ਹਾਂ ਬੰਦਿਆਂ ਨਾਲ ਅਸੀਂ ਰਿਸ਼ਤੇ-ਨਾਤੇ ਦੀ ਗੱਲ ਚਲਾਉਣ ਆਏ ਸਾਂ, ਵਿਹੜੇ ਵਿਚ ਆਇਆ ਬੰਦਾ ਉਨ੍ਹਾਂ ਦਾ ਛੜਾ ਮਲੰਗ ਤਾਇਆ ਸੀ, ਜੋ ਦਿਮਾਗੀ ਤੌਰ ‘ਤੇ ਸਿੱਧਰਾ ਸੀ ਅਤੇ ਅੱਠੇ ਪਹਿਰ ਖੇਤੀਬਾੜੀ ਜਾਂ ਪਸ਼ੂਆਂ ਦੀ ਦੇਖ-ਭਾਲ ‘ਚ ਰੁੱਝਾ ਰਹਿੰਦਾ ਸੀ।
“ਅੰਦਰ ਵੜ ਕੇ ਮਰਿਆਂ ਵਾਂਗ ਪਏ ਰਹਿਨੇ ਐਂæææਚੱਪਣ-ਕੱਦੂਆਂ ਤੇ ਟੀਂਡਿਆਂ ਦੀਆਂ ਵੇਲਾਂ ਭੂੰਡੀਆਂ ਨੇ ਖਾ ਲਈਆਂ ਸਾਰੀਆਂæææਦੁਆਈ-ਦੁਊਈ ਨੂੰ ‘ਅੱਗ ਲਾ’ ਦਉ ਜਾ ਕੇæææ।”
ਵਿਹੜੇ ‘ਚ ਖੜ੍ਹਾ-ਖੜ੍ਹਾ ਉਹ ਖਰ੍ਹਵੀਂ ਅਤੇ ਉਚੀ ਆਵਾਜ਼ ਵਿਚ ਝਿੜਕੇ ਮਾਰਨ ਵਾਂਗ ਆਪਣੇ ਭਤੀਜਿਆਂ ‘ਤੇ ਗਰਜਿਆ। ਸਾਡੇ ਦੇਖਦਿਆਂ-ਦੇਖਦਿਆਂ ਉਸ ਨੇ ਕੱਛ ‘ਚ ਗੰਦੇ ਜਿਹੇ ਕੱਪੜੇ ਵਿਚ ਲਪੇਟਿਆ ਹੋਇਆ ਟੁੱਟੇ ਪੁਰਾਣੇ ਛਿੱਤਰਾਂ ਦਾ ਜੋੜਾ, ਫੜੱਕ ਦੇ ਕੇ ਭੁੰਜੇ ਸੁੱਟਿਆ ਤੇ ਪੈਰਾਂ ‘ਚ ਫਸਾਉਣ ਲੱਗ ਪਿਆ। ਅਜੀਬੋ-ਗਰੀਬ ‘ਤਾਏ’ ਦੇ ਹੱਥੋਂ ਸੱਚ-ਮੁੱਚ ‘ਪੁਰਾਣੇ ਖੋਸੜੇ’ ਡਿੱਗਦੇ ਦੇਖ ਕੇ ਅਸੀਂ ਦੋਏ-ਤਿੰਨ ਜਣੇ, ਐਨ ਮੌਕੇ ਦਾ ਅਖਾਣ ਬੋਲਣ ਵਾਲੇ ਆਪਣੇ ਮਿੱਤਰ ਵੱਲ ਨਜ਼ਰਾਂ ਗੱਡ ਲਈਆਂ ਪਰ ਉਸੇ ਈ ਵੇਲੇ ਆਪਣੇ ਮੇਜ਼ਬਾਨ ਦਾ ਸਵਾਲ ਸੁਣ ਕੇ ਸਾਡੇ ਹਾਸੇ ਤੇ ਹੈਰਾਨੀ ਰਲਗੱਡ ਜਿਹੇ ਹੋ ਗਏ। ਸਿੱਧਰੇ ਤਾਏ ਦਾ ਭਤੀਜਾ ਮਿੰਨ੍ਹਾ-ਮਿੰਨ੍ਹਾ ਮੁਸਕਰਾਉਂਦਿਆਂ ਅਖਾਣ ਬੋਲਣ ਵਾਲੇ ਨੂੰ ਕਹਿੰਦਾ, “ਭਾਈ ਸਾ’ਬ, ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਕਿ ਸਾਡੇ ਤਾਏ ਦਾ ਨਾਂ ਬਸੰਤ ਸਿੰਹੁ ਐ?”
ਮੌਕੇ ਸਿਰ ਪੂਰੀ ਢੁਕਦੀ ਕਹਾਵਤ ਬੋਲਣ ਵਾਲੀ ਦੂਜੀ ਕਥਾ ਦਾ ਵਜੂਦ ਬੱਝਾ ਸੀ, 2012 ਦੇ ਫਰਵਰੀ ਮਹੀਨੇ ‘ਚ ਜਦੋਂ ਪੰਜਾਬ ‘ਚ ਵਿਧਾਨ ਸਭਾ ਚੋਣਾਂ ਕਾਰਨ ਮੈਂ ਅਮਰੀਕਾ ਤੋਂ ਪੰਜਾਬ ਪਹੁੰਚਿਆ ਹੋਇਆ ਸਾਂ, ਪਰ ਇਸ ਸੁਆਦਲੀ ਕਹਾਣੀ ਦਾ ਸ਼ੁਭ ਆਰੰਭ ਸੰਨ 2000 ਵਿਚ ਉਦੋਂ ਹੋਇਆ ਸੀ, ਜਦੋਂ ਉਸ ਵਰ੍ਹੇ ਨਵੰਬਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਦੂਜੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਹੋਈ ਸੀ। ਇਸ ਕਹਾਣੀ ਦਾ ਮੂੰਹ ਮੱਥਾ ਉਘਾੜਨ ਲਈ ਥੋੜ੍ਹਾ ਪਿਛੋਕੜ ਫਰੋਲਣਾ ਪਵੇਗਾ ਕਿਉਂਕਿ ਪੂਰੇ ਇਕ ਦਹਾਕੇ ਬਾਅਦ ਇਸ ਦਾ ਸੁਖਾਂਤਕ ਜਾਂ ਦੁਖਾਂਤਕ ਅੰਤ ਹੋਇਆ।
ਉਦੋਂ ਪੰਜਾਬ ਵਿਚ ਹਕੂਮਤ ਸੀ, ਧੜਵੈਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ। ਬਾਦਲ-ਟੌਹੜਾ ਕਲੇਸ਼ ਸਿਖ਼ਰਾਂ ‘ਤੇ ਸੀ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਮੌਕੇ ਕੈਪਟਨ ਸਰਕਾਰ ਜਥੇਦਾਰ ਟੌਹੜਾ ਧੜੇ ਦੀ ਲੁਕਵੀਂ ਮੱਦਦ ਕਰ ਰਹੀ ਸੀ। ਟੌਹੜਾ ਗਰੁੱਪ ਦੇ ਹਮਾਇਤੀ ਮੈਂਬਰਾਂ ਦੀ ਗਿਣਤੀ ਵਧਾਉਣ ਲਈ ਕੈਪਟਨ ਸਰਕਾਰ ਜੀਅ-ਤੋੜ ਕੋਸ਼ਿਸ਼ਾਂ ਕਰ ਰਹੀ ਸੀ। ਇਸ ਕਰ ਕੇ ਸ਼ ਬਾਦਲ ਆਪਣੇ ਗਰੁੱਪ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇੰਜ ਚੁੱਕੀ ਫਿਰਦੇ ਸਨ ਜਿਵੇਂ ਬਿੱਲੀ ਆਪਣੇ ਬਲੂੰਗੜਿਆਂ ਨੂੰ ਮੂੰਹ ਨਾਲ ਚੁੱਕ ਕੇ ਕਦੇ ਐਸ ਘਰ, ਕਦੇ ਓਸ ਘਰ ਭੱਜੀ ਫਿਰਦੀ ਹੈ ਤਾਂ ਕਿ ‘ਕੈਪਟਨ-ਕੇ’ ਇਨ੍ਹਾਂ ਮੈਂਬਰਾਂ ਨਾਲ ‘ਰਾਬਤਾ’ ਬਣਾ ਕੇ ਕਿਤੇ ਪਾਸਾ ਪੁੱਠਾ ਨਾ ਪਾ ਦੇਣ।
ਚੜ੍ਹਦੇ ਅਕਤੂਬਰ ਸਾਨੂੰ ਮੈਂਬਰਾਂ ਨੂੰ ਇਕੱਠੇ ਕਰ ਕੇ ਪਹਿਲਾਂ ਚੰਡੀਗੜ੍ਹ ਲਾਗਲੇ ਗੁਰਦੁਆਰਾ ਨਾਢਾ ਸਾਹਿਬ ਦੀ ਗੋਲਕ ਦੇ ਆਸਰੇ ਸਾਡੀ ਖੂਬ ਟਹਿਲ ਪਾਣੀ ਕੀਤੀ ਗਈ। ਸ਼ ਬਾਦਲ ਦੀ ਚਿੰਤਾ ਅਨੁਸਾਰ ਮੈਂਬਰ ਉਥੇ ‘ਸੁਰੱਖਿਅਤ’ ਨਹੀਂ ਸੀ ਸਮਝੇ ਗਏ। ਸੋ, ਉਥੋਂ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਦੀ ‘ਯੋਗ ਅਗਵਾਈ’ ਵਿਚ ਦੋ ਬੱਸਾਂ ਰਾਹੀਂ ਸਾਨੂੰ ਅੱਧੀ ਰਾਤ ਨੂੰ ‘ਬਾਲਾ ਸਰ’ ਪਹੁੰਚਾਇਆ ਗਿਆ। ਅੱਧੇ ਕੁ ਜਥੇ ਨੂੰ ਹਰਿਆਣਾ ਦੇ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਸ਼ਾਹਾਨਾ ਟੌਹਰ ਵਾਲੇ ਫਾਰਮ ਹਾਊਸ ਵਿਖੇ ਰਖਿਆ ਗਿਆ।
ਬਾਲਾ ਸਰ ਦੇ ਮੈਂਬਰਾਂ ਦੀ ਰੋਟੀ-ਪਾਣੀ ਗੋਰਖੇ ਬਹਾਦਰ ਕਰ ਰਹੇ ਸਨ ਜੋ ਰਸੋਈ ਦਾ ਕੰਮ-ਕਾਰ ਕਰਦਿਆਂ ਸਿੱਖ ਰਹੁਰੀਤਾਂ ਦਾ ਖਿਆਲ ਨਹੀਂ ਰੱਖਦੇ ਸਨ ਪਰ ਸ੍ਰੀ ਚੌਟਾਲਾ ਦੇ ਫਾਰਮ ਵਿਚ ਲੰਗਰ-ਪਾਣੀ ਦੇ ਇੰਚਾਰਜ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਨ। ਬਾਲਾ ਸਰ ਮੇਰੇ ਨਾਲ ਇਕ ਦੁਆਬੀਆ ਮੈਂਬਰ ਸੀ ਜੋ ਆਪਣੇ ਘਰ ਤੋਂ ਇਲਾਵਾ ਬਾਹਰ ਦੀ ਕਿਸੇ ਚੀਜ਼ ਨੂੰ ਮੂੰਹ ਨਹੀਂ ਲਾਉਂਦਾ ਸੀ, ਸਿਵਾਏ ਗੁਰਸਿੱਖ ਪਰਿਵਾਰਾਂ ਜਾਂ ਗੁਰਦੁਆਰਿਆਂ ਦੇ ਲੰਗਰਾਂ ਤੋਂ। ਦੂਜਾ ਸਾਥੀ ਪੁਆਧ ਇਲਾਕੇ ਦਾ ਸਿੰਘ ਸੀ ਜੋ ਸ਼੍ਰੋਮਣੀ ਕਮੇਟੀ ਮੈਂਬਰ ਹੋਣ ਦੇ ਨਾਲ ਨਾਲ ਜ਼ਿਲ੍ਹਾ ਜਥੇਦਾਰ ਵੀ ਸੀ। ਕੁਝ ਵਿਚਾਰਾਂ ਦੀ ਸਾਂਝ ਸਦਕਾ ਸਾਡੀ ਤਿੰਨਾਂ ਦੀ ਆੜੀ ਪੈ ਗਈ। ਸਾਡੇ ਕਹਿਣ ‘ਤੇ ਹੀ ਸਾਨੂੰ ਤਿੰਨਾਂ ਜਣਿਆਂ ਨੂੰ ਚੌਟਾਲੇ ਦੇ ਫਾਰਮ ਹਾਊਸ ਪਹੁੰਚਾ ਦਿੱਤਾ ਗਿਆ।
ਘਰਾਂ ਤੋਂ ਦੂਰ ਯਰਗਮਾਲ ਵਾਂਗ ਰਹਿਣ ਵਿਰੁਧ ਮੈਂਬਰ ਤਾਂ ਕਈ ‘ਘੁਸਰ-ਮੁਸਰ’ ਕਰਦੇ ਰਹਿੰਦੇ ਸਨ ਪਰ ਉਚੀ ਕੋਈ ਨਹੀਂ ਸੀ ਉਭਾਸਰਦਾ। ਅਸੀਂ ਤਿੰਨੇ ਜਣੇ ਕਦੇ-ਕਦੇ ਬਾਗੀਆਨਾ ਗੱਲਾਂ ਕਰਨ ਲੱਗ ਪੈਂਦੇ, ਉਥੇ ਮੌਕੇ ‘ਤੇ ਉਪਜੇ ਕੁਝ ਖਾਸ ਕਾਰਨਾਂ ਕਰ ਕੇ ਮੈਂ ਨੁਮਾਇਆ ਆਵਾਜ਼ ‘ਚ ਵਿਦਰੋਹੀ ਸੁਰ ਅਲਾਪਣ ਲੱਗ ਪਿਆ। ਮੇਰੇ ਦੋਵੇਂ ਸਾਥੀ ਵਿਚਾਰਧਾਰਕ ਤੌਰ ‘ਤੇ ਮੇਰੇ ਨਾਲ ਪੂਰੇ ਸਹਿਮਤ ਹੋ ਜਾਂਦੇ, ਪਰ ਜਦ ਮੈਂ ਇਸ ਬੰਦੀਖਾਨੇ ਤੋਂ ਆਜ਼ਾਦ ਹੋਣ ਦੀ ਗੱਲ ਕਰਦਾ ਤਾਂ ਇਹ ਦੋਵੇਂ ਕਹਿ ਦਿੰਦੇ, “ਨਹੀਂ, ਪਾਰਟੀ ਦੇ ਜ਼ਾਬਤੇ ਵਿਚ ਹੀ ਰਹਿਣਾ ਚਾਹੀਦੈ।” ਮੈਂ ਸਿੱਖ ਇਤਿਹਾਸ ‘ਚੋਂ ਬਥੇਰੀਆਂ ਦਲੀਲਾਂ ਦੇ ਕੇ ਇਨ੍ਹਾਂ ਨੂੰ ਕਾਇਲ ਕਰ ਲੈਂਦਾ, ਲੇਕਿਨ ਮੁੜ-ਘਿੜ ਕੇ ਖੋਤੀ ‘ਪਾਰਟੀ ਜ਼ਾਬਤੇ’ ਵਾਲੇ ਬੋਹੜ ਥੱਲੇ ਹੀ ਆ ਖੜ੍ਹਦੀ।
ਆਖਰ ਇਕ ਦਿਨ ਮੇਰੇ ਖੂਨ ਨੇ ਉਬਾਲਾ ਖਾਧਾ। ਮੈਂ ਚੌਟਾਲਾ ਦੇ ਫਾਰਮ ‘ਚੋਂ ਬਾਗੀ ਹੋਣ ਦੀ ਸਕੀਮ ਬਣਾ ਲਈ। ਸਖ਼ਤ ਸੁਰੱਖਿਆ ਵਾਲੇ ਪ੍ਰਬੰਧਾਂ ਕਾਰਨ ਮੈਂ ਦੋਹਾਂ ਸਾਥੀਆਂ ਦੀ ਮੱਦਦ ਨਾਲ ਰਾਤ ਦੇ ਦੋ-ਢਾਈ ਵਜੇ ਜੇਲ੍ਹਖਾਨੇ ‘ਚੋਂ  ਨਿਕਲਿਆ। ਘੜੀ ਹੋਈ ਸਕੀਮ ਮੁਤਾਬਕ ਉਹ ਦੋਵੇਂ ਪਹੁ-ਫੁਟਾਲੇ ਤੱਕ ਬਾਹਰ ਖੇਤਾਂ ‘ਚ ਸੈਰ-ਸਪਾਟਾ ਕਰਦੇ ਰਹੇ ਅਤੇ ਮੈਂ ਥੋੜ੍ਹੀ ਵਾਟ ਪੈਦਲ, ਥੋੜ੍ਹਾ ਜਾਟਾਂ ਦੇ ਟਰੈਕਟਰ ‘ਤੇ ਬਹਿ ਕੇ ਡੱਬਵਾਲੀ ਬੱਸ ਅੱਡੇ ਪਹੁੰਚ ਗਿਆ। ਮੇਰੀਆਂ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਹ ਦੋਵੇਂ ਉਥੋਂ ‘ਆਜ਼ਾਦ’ ਨਾ ਹੋਏ, ਪਰ ਮੈਨੂੰ ਉਨ੍ਹਾਂ ਉਥੋਂ ਵਿਦਾ ਕਰ ਦਿੱਤਾ।
ਹੁਣ ਆਈਏ ਕਹਾਵਤ ਵਾਲੀ ਗੱਲ ‘ਤੇ; ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਤਾਂ ਬਾਦਲ ਦਲ ਦਾ ਸਿਧਾਂਤਕ ਵਿਰੋਧੀ ਹੀ ਬਣਿਆ ਤੁਰਿਆ ਆ ਰਿਹਾ ਹਾਂ ਪਰ ਸਭ ਕੁਝ ਜਾਣਦਿਆਂ-ਬੁੱਝਦਿਆਂ ਉਦੋਂ ਬਾਦਲ ਦਲ ਦੇ ਵਫ਼ਾਦਾਰ ਬਣੇ ਰਹਿਣ ਵਾਲੇ ਉਤਲੇ ਦੋਹਾਂ ਮਿੱਤਰਾਂ ਦਾ ਭਵਿੱਖ ਸੁਣੋæææ
ਜਿਵੇਂ ਦੱਸ ਚੁੱਕਾ ਹਾਂ ਕਿ ਫਰਵਰੀ 2012 ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਮੈਂ ਪਿੰਡ ਗਿਆ ਹੋਇਆ ਸਾਂ। ਸਿਆਸੀ ਘਟਨਾਵਾਂ ਨੂੰ ਮੈਂ ਨੇੜਿਉਂ ਦੇਖ ਰਿਹਾ ਸਾਂ। ਪਹਿਲੇ, ਦੁਆਬੀਏ ਸ਼੍ਰੋਮਣੀ ਕਮੇਟੀ ਮੈਂਬਰ ਨੇ ਡੰਕੇ ਦੀ ਚੋਟ ਨਾਲ ਬਾਦਲ ਦਲ ਨੂੰ ਅਲਵਿਦਾ ਆਖ ਦਿੱਤੀ। ਦੂਜੇ, ਪੁਆਧ ਦੇ ਇਲਾਕੇ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ-ਕਮ-ਜ਼ਿਲ੍ਹਾ ਜਥੇਦਾਰ ਨੇ ਵੀ ਸਿਧਾਂਤਕ ਮਤਭੇਦਾਂ ਕਾਰਨ ਬਾਦਲ ਦਲ ਤੋਂ ਪੱਕਾ ਈ ਕਿਨਾਰਾ ਕਰ ਲਿਆ; ਯਾਨਿ ਮੇਰੇ ਵੱਲੋਂ ਬਾਦਲ ਦਲ ਨੂੰ ‘ਫਤਿਹ ਬੁਲਾਉਣ’ ਤੋਂ ਸਾਲਾਂ ਬਾਅਦ ਉਕਤ ਦੋਹਾਂ ਦੋਸਤਾਂ ਨੇ ਵੀ ਮੇਰੇ ਵਾਲਾ ਰਾਹ ਅਖਤਿਆਰ ਕੀਤਾ।
ਚੋਣਾਂ ਦੇ ਦਿਨੀਂ ਨਵੇਂ ਸ਼ਹਿਰ, ਗਿਰਧਾਰੀ ਦੇ ਢਾਬੇ ਵਿਚ ਬੈਠਾ ਸਿਆਸੀ ਮਿੱਤਰਾਂ ਦੀ ਮਹਿਫ਼ਲ ਵਿਚ ਮੈਂ ਉਪਰੋਕਤ ਕਿੱਸਾ ਸੁਣਾ ਰਿਹਾ ਸਾਂ। ਬੜੀ ਗੰਭੀਰਤਾ ਨਾਲ ਬਿਰਤਾਂਤ ਦਾ ਅਨੰਦ ਮਾਣ ਰਿਹਾ ਇਕ ਹੰਢਿਆ-ਵਰਤਿਆ ਮਿੱਤਰ ਤਾੜੀ ਮਾਰ ਕੇ ਕਹਿੰਦਾ, “ਆਹ ਤਾਂ ਬਈ ਐਨ ਉਹੀ ਗੱਲ ਹੋ ਗਈ, ਅਖੇ ਸਾਥੀ ਤਿੰਨ ਗਰਾਵਾਂ ਦੇ, ਤੁਸੀਂ ਚੱਲੋ ਅਸੀਂ ਆਵਾਂਗੇ!”

Be the first to comment

Leave a Reply

Your email address will not be published.