ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਖਟਕੜ ਕਲਾਂ ਤੇ ਰਾਮ ਦਿਆਲ

ਗੁਲਜ਼ਾਰ ਸਿੰਘ ਸੰਧੂ
ਹਥਲੀ ਲਿਖਤ ਦੀਆਂ ਜੜ੍ਹਾਂ ਮੇਰੇ ਸਵਰਗਵਾਸੀ ਕਵੀ ਮਿੱਤਰ ਤਾਰਾ ਸਿੰਘ ਕਾਮਿਲ ਦੇ ਜੱਦੀ ਪੁਸ਼ਤੀ ਪਿੰਡ ਹੂਕੜਾਂ ਵਿਚ ਹਨ| ਇਹ ਪਿੰਡ ਹੁਸ਼ਿਆਰਪੁਰ ਦੇ ਚੱਬੇਵਾਲ ਕਸਬੇ ਨੇੜੇ ਹੁਸ਼ਿਆਰਪੁਰ ਤੋਂ ਫਗਵਾੜਾ ਜਾਂਦੀ ਸੜਕ ਉੱਤੇ ਪੈਂਦਾ ਹੈ| ਤਾਰਾ ਸਿੰਘ ਦੇ ਜੀਊਂਦੇ ਜੀਅ ਮੈਂ ਇਸ ਪਿੰਡ ਦੇ ਉਸ ਪਿੱਪਲ ਬਾਰੇ ਵੀ ਜਾਣਦਾ ਹਾਂ

ਜਿਸਦੀ ਗੱਲ ਤਾਰਾ ਸਿੰਘ ਨੇ ਦਿੱਲੀ ਤੋਂ ਇਸ ਪਿੰਡ ਦੀ ਫੇਰੀ ਪਿੱਛੋਂ ਸੁਣਾਈ ਸੀ| ਉਸ ਵੇਲੇ 50ਵਾਂ ਨੂੰ ਢੁੱਕਿਆ ਸਾਡਾ ਕਵੀ ਉਸ ਪਿੱਪਲ ਦੀ ਪਹਿਲਾਂ ਵਾਲੀ ਟਹਿਣੀ ‘ਤੇ ਚੜ੍ਹ ਕੇ ਥੱਲੇ ਛਾਲ ਮਾਰ ਕੇ ਆਇਆ ਸੀ| ਤੇ ਉਸਨੇ ਉਹ ਗੱਲ ਨਵੀਂ ਦਿੱਲੀ ਦੇ ਕਨਾਟ ਪਲੇਸ ਵਾਲੇ ਕਾਫੀ ਹਾਊਸ ਵਿਚ ਸਾਨੂੰ ਸਾਰਿਆਂ ਨੂੰ ਚਾਅ ਨਾਲ ਦੱਸੀ ਸੀ|
ਇਹ ਸਬੱਬ ਦੀ ਗੱਲ ਹੈ ਕਿ ਮੈਂ ਵੀ ਉਸਦੇ ਪਿੰਡ ਅਕਾਲ ਚਲਾਣੇ ਤੋਂ ਪਿੱਛੋਂ ਹੀ ਗਿਆ ਸਾਂ| ਮੈਨੂੰ ਲਿਜਾਣ ਵਾਲਾ ਹੂਕੜਾਂ ਦਾ ਜੰਮਪਲ ਰਾਮ ਦਿਆਲ ਸੀ ਜਿਸਨੇ ਆਪਣੇ ਭਰਾਵਾਂ ਨਾਲ ਰਲ ਕੇ ਪੰਜਾਬ ਦੇ ਵਿਦਿਆਰਥੀਆਂ ਲਈ ਇਕ ਜਾਗ੍ਰਤੀ ਉਪਦੇਸ਼ ਜਾਰੀ ਕਰ ਰੱਖਿਆ ਹੈ ਜਿਸਨੂੰ ਉਹ ‘ਅਵੇਅਰਨੈੱਸ ਮਿਸ਼ਨ’ ਕਹਿੰਦੇ ਹਨ|
ਇਸ ਮਿਸ਼ਨ ਅਧੀਨ ਉਹ ਪਿੰਡਾਂ ਤੇ ਕਸਬਿਆਂ ਦੇ ਉਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਾਗ੍ਰਤੀ ਉਪਦੇਸ਼ ਦਿੰਦੇ ਹਨ ਜਿਨ੍ਹਾਂ ਨੂੰ ਵਰਤਮਾਨ ਪੰਜਾਬ ਸਰਕਾਰ ਨੇ ਸਕੂਲ ਆਫ ਐਮੀਨੈੱਸ ਗਰਦਾਨ ਰੱਖਿਆ ਹੈ| ਮੈਂ ਉਨ੍ਹਾਂ ਦੇ ਅਜਿਹੇ ਇੱਕ ਪ੍ਰੋਗ੍ਰਾਮ ਵਿਚ ਵਿਸ਼ੇਸ਼ ਮਹਿਮਾਨ ਵਜੋਂ 2011 ਵਿਚ ਸ਼ਿਰਕਤ ਕਰ ਚੁੱਕਿਆ ਹਾਂ|
ਇਸ ਮਹੀਨੇ ਦੀ 15 ਤਿਥੀ ਨੂੰ ਉਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਪੈਂਦੇ ਚੋਣਵੇਂ ਸਕੂਲਾਂ ਦੇ 600 ਵਿਦਿਆਰਥੀਆਂ ਨੂੰ ਭਗਤ ਸਿੰਘ ਸ਼ਹੀਦ ਦੇ ਪਿੰਡ ਖਟਕੜ ਕਲਾਂ ਲੈ ਕੇ ਗਏ ਸਨ| ਇਸ ਵਾਰੀ ਮੈਂ ਖ਼ੁਦ ਨਹੀਂ ਜਾ ਸਕਿਆ ਪਰ ਮੇਰੇ ਕਹਿਣ ਉੱਤੇ ਹੂਕੜਾਂ ਭਰਾਵਾਂ ਦਾ ਸਭ ਤੋਂ ਛੋਟਾ ਭਰਾ ਰਾਮ ਦਿਆਲ ਇਸ ਪ੍ਰੋਗ੍ਰਾਮ ਦੇ ਵੇਰਵੇ ਮੈਨੂੰ ਮੇਰੇ ਘਰ ਆ ਕੇ ਦੇ ਕੇ ਗਿਆ ਹੈ| ਉਸਦਾ ਇੱਕ ਭਰਾ ਮੋਹਨ ਲਾਲ ਮਾੜੀ ਸਿਹਤ ਕਾਰਨ ਨਹੀਂ ਸੀ ਜਾ ਸਕਿਆ ਤੇ ਰਾਮਜੀਤ ਆਪਣੇ ਬੱਚਿਆਂ ਕੋਲ ਕੈਨੇਡਾ ਗਿਆ ਹੋਇਆ ਸੀ|
ਰਾਮ ਦਿਆਲ ਖ਼ੁਦ ਉੱਦਮੀ ਜੀਊੜਾ ਹੈ| ਪੁਲੀਸ ਦੀ ਨੌਕਰੀ ਵਿਚੋਂ ਇਸ ਕੰਮ ਲਈ ਸਮਾਂ ਕਢੱਣਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ| ਇਹ ਗੱਲ ਵੀ ਮੈਨੂੰ ਪਹਿਲੀ ਵਾਰ ਪਤਾ ਲੱਗੀ ਕਿ ਉਹਨੂੰ ਤੇ ਉਸਦੇ ਭਰਾਵਾਂ ਨੂੰ ਇਸ ਪਾਸੇ ਤੋਰਨ ਵਾਲੀ ਉਨ੍ਹਾਂ ਦੀ ਮਾਂ ਸੀ ਜਿਸਨੇ ਆਪਣੇ ਤਿੰਨਾਂ ਪੁਤਰਾਂ ਨੂੰ ਚੰਗੀ ਵਿਦਿਆ ਦਿਲਵਾ ਕੇ ਅਜਿਹੀ ਜਾਗ੍ਰਤੀ ਲਈ ਪ੍ਰੇਰਿਆ ਸੀ| ਇਸ ਵਾਰ ਦਾ ਪ੍ਰੋਗ੍ਰਾਮ ਇਕੱਲੇ ਰਾਮ ਦਿਆਲ ਨੇ ਨਿਭਾਇਆ ਸੀ|
ਇਸ ਵਾਰੀ ਰਾਮ ਦਿਆਲ ਨੇ ਐਮੀਨੈਂਟ ਸਕੂਲਾਂ ਦੇ 600 ਵਿਦਿਆਰਥੀਆਂ ਨੂੰ 14 ਬੱਸਾਂ ਵਿਚ ਲਿਜਾਣ ਦਾ ਪ੍ਰਬੰਧ ਖ਼ੁਦ ਕੀਤਾ ਸੀ| ਇਸ ਕਾਰਜ ਲਈ ਨੌਂ ਮਈ ਦੀ ਤਿਥੀ ਚüਣਨ ਵਾਲਾ ਵੀ ਉਹੀਓ ਸੀ| ਇਸ ਮਹੀਨੇ ਦੀ 15 ਤਿਥੀ ਨੂੰ ਥਾਪਰ ਪਰਿਵਾਰ ਦੇ ਸੁਖਦੇਵ ਦਾ ਜਨਮ ਦਿਨ ਸੀ ਜਿਸਨੇ ਕ੍ਰਾਂਤੀਕਾਰੀ ਕਾਰਜਾਂ ਵਿਚ ਭਗਤ ਸਿੰਘ ਤੇ ਰਾਜਗੁਰੂ ਦਾ ਸਾਥ ਦਿੱਤਾ ਸੀ|
14 ਬੱਸਾਂ ਦਾ ਖਰਚ ਦੇਣ ਵਾਲੇ ਹੂਕੜਾ ਭਰਾ ਸਨ ਤੇ ਖਟਕੜ ਕਲਾਂ ਪਹੁੰਚਣ ਉੱਤੇ ਜਿਹੜਾ ਨਾਸ਼ਤਾ ਵਰਤਾਇਆ ਗਿਆ ਉਹ ਚੰਡੀਗੜ੍ਹ ਦੇ ਅੱਠ ਸੈਕਟਰ ਵਾਲੇ ਗੁਰਦਵਾਰਾ ਸਾਹਿਬ ਵੱਲੋਂ ਸੀ| ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਖਟਕੜ ਕਲਾਂ ਵਾਲਾ ਉਹ ਘਰ ਵੀ ਤੱਕਿਆ ਜਿੱਥੇ ਪਾਕਿਸਤਾਨ ਦੇ ਚੱਕ ਨੰਬਰ 105 ਤੋਂ ਉੱਜੜ ਕੇ ਆਏ ਭਗਤ ਸਿੰਘ ਦੇ ਮਾਪਿਆਂ (ਕਿਸ਼ਨ ਸਿੰਘ ਤੇ ਵਿਦਿਆਵਤੀ) ਨੂੰ ਸ਼ਰਨ ਦਿੱਤੀ ਗਈ ਸੀ| ਇਸ ਵਿਚ ਅੱਧੀ ਦਰਜਨ ਕਮਰਿਆਂ ਤੋਂ ਬਿਨਾਂ ਇਕ ਪਾਣੀ ਪੀਣ ਵਾਲਾ ਖੂਹ ਤੇ ਪੁਰਾਣਾ ਚਰਖਾ ਵੀ ਹੈ| 600 ਬੱਚਿਆਂ ਨੂੰ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਉਹ ਅਜਾਇਬ ਘਰ ਵੀ ਦਿਖਾਇਆ ਗਿਆ ਜਿਸ ਵਿਚ ਹੋਰ ਸੂਰਬੀਰਾਂ ਨੂੰ ਥਾਂ ਦਿੱਤੀ ਗਈ ਹੈ|
ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਆਜਾਇਬ ਘਰ ਵਿਚ ਵਿਉਂਤੇ ਗਏ ਭਾਸ਼ਣ ਤੇ ਪ੍ਰਸ਼ਨ-ਉੱਤਰ ਮੁਕਾਬਲਿਆਂ ਪ੍ਰਤੀ ਵੀ ਰੱਜਵਾਂ ਉਤਸ਼ਾਹ ਦਰਸਾਇਆ| ਮੈਂ ਵੇਖਿਆ ਕਿ ਜਦੋਂ ਰਾਮ ਦਿਆਲ ਮੇਰੇ ਘਰ ਆਇਆ ਤਾਂ ਉਹਦੇ ਕੋਲ ਅੱਧੀ ਦਰਜਨ ਰਜਿਸਟਰ ਸਨ ਜਿਨ੍ਹਾਂ ਵਿਚ 9 ਮਈ 2026 ਵਾਲੇ ਪ੍ਰੋਗ੍ਰਾਮ ਦੇ ਲੇਖੇ ਜੋਖੇ ਤੋਂ ਬਿਨਾ ਪਹਿਲੇ ਕੁਝ ਸਾਲਾਂ ਨਾਲ ਸਬੰਧਤ ਕਾਗਜ਼ ਪੱਤਰ ਵੀ ਸਨ| ਹੂਕੜਾ ਭਰਾਵਾਂ ਦੇ ਆਦੇਸ਼ ਅਨੁਸਾਰ ਚੰਡੀਗੜ੍ਹ ਤੋਂ ਲਿਜਾ ਕੇ ਨਾਸ਼ਤੇ ਦੇ ਨਾਲ-ਨਾਲ ਪ੍ਰਤੀ ਵਿਦਿਆਰਥੀ ਇੱਕ ਸਕੂਲ ਬੈਗ ਤੇ ਪੰਜ ਕਾਪੀਆਂ ਵੀ ਵੰਡੀਆਂ ਗਈਆਂ|
ਰਾਮ ਦਿਆਲ ਦੇ ਹਥਲੇ ਰਜਿਸਟਰਾਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀਆਂ ਉਹ ਚਿੱਠੀਆਂ ਵੀ ਸਨ ਜਿਨ੍ਹਾਂ ਵਿਚ ਉਨ੍ਹਾਂ ਨੇ ਇਸ ਟੂਰ ਬਾਰੇ ਪ੍ਰਤੀਕਰਮ ਲਿਖੇ ਸਨ| ਕਈ ਵਿਦਿਆਰਥੀਆਂ ਨੇ ਸ਼ਹੀਦਾਂ ਦੀ ਕੁਰਬਾਨੀ ਦਾ ਜ਼ਿਕਰ ਕਰਕੇ ਅਜੋਕੀ ਲੁਕਾਈ ਨੂੰ ਉਨ੍ਹਾਂ ਤੋਂ ਸੇਧ ਲੈਣ ਦੀ ਸਿਫਾਰਸ਼ ਕੀਤੀ ਹੈ| ਨਸ਼ਿਆਂ ਤੋਂ ਪਰਹੇਜ਼ ਉਨ੍ਹਾਂ ਵਿਚੋਂ ਇੱਕ ਹੈ| ਇਹ ਵੀ ਕਿ ਕਿਸੇ ਨੂੰ ਔਕੜਾਂ ਤੋਂ ਘਬਰਾਉਣ ਦੀ ਥਾਂ ਇਨ੍ਹਾਂ ਦਾ ਟਾਕਰਾ ਕਰਨਾ ਚਾਹੀਦਾ ਹੈ|
ਰਾਮ ਦਿਆਲ ਨੇ ਮੈਨੂੰ ਉਸ ਵਿਦਿਆਰਥੀ ਦੀ ਚਿੱਠੀ ਵੀ ਪੜ੍ਹ ਕੇ ਸੁਣਾਈ ਜਿਸਨੇ ਇਸ ਗੱਲ ਦਾ ਉਚੇਚ ਨਾਲ ਜ਼ਿਕਰ ਕੀਤਾ ਸੀ ਉਸ ਦਿਨ ਭਰ ਗਰਮੀ ਦੇ ਬਾਵਜੂਦ ਇਸਦਾ ਕੋਈ ਅਸਰ ਨਹੀਂ ਸੀ ਕਿਉਂਕਿ ਸਮੁਚਾ ਟੂਰ ਏਨਾ ਸਿੱਖਿਆਦਾਇਕ ਤੇ ਉਪਦੇਸ਼ਮਈ ਸੀ ਕਿ ਮੌਸਮ ਦੀ ਖਰਾਬੀ ਵਲ ਧਿਆਨ ਹੀ ਨਹੀਂ ਸੀ ਜਾ ਰਿਹਾ| ਇਕ ਵਿਦਿਆਰਥੀ ਨੇ ਇਹ ਵੀ ਮੰਗ ਕੀਤੀ ਸੀ ਕਿ ਅਜਿਹੇ ਪ੍ਰੋਗ੍ਰਾਮ ਕੁੜੀਆਂ ਤੇ ਮੁੰਡਿਆ ਲਈ ਵੱਖ-ਵੱਖ ਨਹੀਂ ਸਗੋਂ ਸਾਂਝੇ ਹੋਣੇ ਚਾਹੀਦੇ ਹਨ|
ਮੈਂ ਅੰਤ ਵਿਚ ਰਾਮ ਦਿਆਲ ਨੂੰ ਇਹ ਵੀ ਪੁੱਛਿਆ ਕਿ ਜੇ ਇਹ ਪ੍ਰੋਗ੍ਰਾਮ ਸੁਖਦੇਵ ਦੀ ਯਾਦ ਨੂੰ ਸਮਰਪਿਤ ਸੀ ਤਾਂ 15 ਮਈ ਦੀ ਥਾਂ 9 ਮਈ ਨੂੰ ਕਿਉਂ ਕੀਤਾ ਗਿਆ| ਉਸਦਾ ਉੱਤਰ ਵੀ ਮਜ਼ੇਦਾਰ ਸੀ| ਇਹ ਕਿ ਏਦਾਂ ਕੀਤਿਆਂ ਪ੍ਰੋਗ੍ਰਾਮ ਵਿਚ ਰਾਜਨੀਤੀ ਆ ਵੜਦੀ ਹੈ| ਸਾਡਾ ਉਦੇਸ਼ ਇਹ ਨਹੀਂ| ਇਸੇ ਲਈ 2011 ਵਾਲਾ ਪ੍ਰੋਗ੍ਰਾਮ ਵੀ ਅਸੀਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ 23 ਮਾਰਚ ਦੀ ਥਾਂ 31 ਮਾਰਚ ਨੂੰ ਕਿਉਂ ਤਿਆਰ ਗਿਆ ਸੀ| ਰਾਮ ਦਿਆਲ ਦੀ ਪੇਸ਼ਕਾਰੀ ਤੋਂ ਮੈਨੂੰ ਜਾਪਿਆ ਜਿਵੇਂ ਮੈਂ ਖ਼ੁਦ ਉਸ ਦੇ ਨਾਲ ਸਾਂ| 2011 ਵਾਲੇ 15 ਸਾਲ ਪੁਰਾਣੇ ਪ੍ਰੋਗ੍ਰਾਮ ਵਾਂਗ ਹੂਕੜਾਂ ਭਰਾਵਾਂ ਦੇ ਕੀ ਕਹਿਣੇ|

ਅੰਤਿਕਾ
ਤਾਰਾ ਸਿੰਘ ਕਾਮਿਲ॥
ਰਾਤ ਫੇਰ ਤੁਸੀਂ ਸੁਪਨੇ ਆਏ
ਆ ਕੇ ਬਹਿ ਗਏ ਕੋਲ
ਰਾਤ ਫੇਰ ਚੰਨ ਅਰਸ਼ੋਂ ਲੱਥਾ
ਜ਼ਿਮੀ ਦੀ ਭਰ ਗਿਆ ਝੋਲ
ਨੈਣ ਮੇਰੇ ਚੁੰਮਣ ਪਰਛਾਵੇਂ
ਸੁਹਲ ਬੁਲ਼ੀਆਂ ਖੋਲ੍ਹ
ਬੋਟ ਵਾਂਗ ਚਿਚਲਾਵਣ ਤੜਪਨ
ਪਰ ਨਾ ਸੱਕਣ ਤੋਲ।