ਚੰਡੀਗੜ੍ਹ:ਪੰਜਾਬ ਵਿੱਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੇ 1896 ਵਾਰਡਾਂ ਦੀ ਚੋਣ ਲਈ ਵੋਟਾਂ ਪੈਣ ਦਾ ਕਾਰਜ ਮੁਕੰਮਲ ਹੋ ਗਿਆ। ਮੌਸਮ ਗਰਮ ਹੋਣ ਕਰਕੇ ਵੱਡੀ ਗਿਣਤੀ ਲੋਕ ਸਵੇਰੇ ਹੀ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਉੱਤੇ ਪਹੁੰਚ ਗਏ ਹਨ।
ਪਰ ਸੱਤਾਧਾਰੀ ਧਿਰ ਅਤੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਵਿੱਚ ਸਾਰਾ ਦਿਨ ਹੀ ਗਰਮਾ-ਗਰਮੀ ਚਲਦੀ ਰਹੀ। ਸਮਾਣਾ, ਰਮਦਾਸ, ਅਮਰਗੜ੍ਹ, ਮਜੀਠਾ ,ਫਿਰੋਜ਼ਪੁਰ ਆਦਿ ਥਾਵਾਂ ਤੋਂ ਲੜਾਈ-ਝਗੜੇ, ਧੱਕਾ-ਮੁੱਕੀ, ਗੋਲੀਬਾਰੀ ਅਤੇ ਜਾਅਲੀ ਮਤਦਾਨ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸਥਾਨਕ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ।
ਬਿੱਟੂ ਨੂੰ ਪੁਲਸ ਨੇ ਰੋਕਿਆ
ਇਸ ਦੌਰਾਨ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਭਾਰੀ ਪੁਲੀਸ ਫੋਰਸ ਵਲੋਂ ਸੜਕ ਉਪਰ ਰੋਕਾਂ ਲਗਾ ਕੇ ਧੂਰੀ ਜਾਣ ਤੋਂ ਰੋਕ ਦਿੱਤਾ ਗਿਆ।ਇਸ ਦੌਰਾਨ ਬਿੱਟੂ ਅਤੇ ਪੁਲੀਸ ਅਧਿਕਾਰੀਆਂ ਵਿਚਕਾਰ ਕਾਫ਼ੀ ਤਕਰਾਰ ਹੋਈ । ਰਵਨੀਤ ਸਿੰਘ ਬਿੱਟੂ ਪੁਲੀਸ ਵਲੋਂ ਧੂਰੀ ਵਿਖੇ ਪਾਰਟੀ ਆਗੂ ਪ੍ਰੋ. ਓਂਕਾਰ ਸਿੰਘ ਸਿੱਧੂ ਨੂੰ ਹਿਰਾਸਤ ਵਿਚ ਲੈਣ ਦੀ ਸੂਚਨਾ ਮਿਲਣ ਤੇ ਪੁੱਜੇ ਸਨ।
7555 ਉਮੀਦਵਾਰ ਮੈਦਾਨ ਵਿਚ ਸਨ
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਚੋਣਾਂ ਲਈ ਕੁੱਲ 7555 ਉਮੀਦਵਾਰ ਚੋਣ ਮੈਦਾਨ ‘ਚ ਸਨਨ ਜਿਨ੍ਹਾਂ ਦੀ ਕਿਸਮਤ ਦਾ 35.45 ਲੱਖ ਵੋਟਰਾਂ ਵੱਲੋਂ ਫੈਸਲਾ ਕਰ ਦਿੱਤਾ ਗਿਆ। ਜਿਸ ਦਾ ਨਤੀਜਾ 29 ਮਈ ਨੂੰ ਸਾਹਮਣੇ ਆਏਗਾ। ਇਨ੍ਹਾਂ ਚੋਣਾਂ ਲਈ ਸੂਬੇ ਭਰ ‘ਚ 1,014 ਪੋਲਿੰਗ ਬੂਥ ਬਣਾਏ ਗਏ ਸਨ ਅਤੇ 35 ਹਜ਼ਾਰ ਦੇ ਕਰੀਬ ਚੋਣ ਅਮਲਾ ਜਮਹੂਰੀ ਪ੍ਰਕਿਰਿਆ ‘ਚ ਡਿਊਟੀ ‘ਤੇ ਤਾਇਨਾਤ ਕੀਤੇ ਗਏ ਸਨ। ਇਸ ਤੋਂ ਇਲਾਵਾ ਚੋਣਾਂ ਦਾ ਅਮਲ ਅਮਨ ਅਮਾਨ ਨਾਲ ਨਿਬੇੜਨ ਲਈ 32 ਹਜ਼ਾਰ ਪੁਲੀਸ ਕਰਮਚਾਰੀ ਤਾਇਨਾਤ ਸਨ ।
ਜ਼ਿਕਰਯੋਗ ਹੈ ਕਿ ਇਹਨਾਂ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਪੂਰਾ ਜ਼ੋਰ ਲਗਾਇਆ ਗਿਆ ।
ਇਹ ਚੋਣਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈਆਂ ਹਨ, ਇਸ ਲਈ ਇਸ ਨੂੰ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਵੀ ਮੰਨਿਆ ਜਾ ਰਿਹਾ। ਪੰਜਾਬ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿੱਚ ਡਟੇ ਹੋਏ ਸਨ।
ਸਮਾਣਾ ਵਿਚ ਝੜਪਾਂ
ਸਮਾਣਾ:ਚੋਣਾਂ ਦੌਰਾਨ ਕਈ ਥਾਵਾਂ ‘ਤੇ ਝੜਪਾਂ ਅਤੇ ਤਕਰਾਰਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ । ਇੱਥੇ ਪੁਲੀਸ ਮੁਲਾਜ਼ਮ ਵਿਰੋਧੀ ਉਮੀਦਵਾਰਾਂ ਨੂੰ ਸ਼ਾਂਤ ਕਰਨ ਲਈ ਲਗਾਤਾਰ ਜੱਦੋਜਹਿਦ ਕਰਦੇ ਨਜ਼ਰ ਆਏ ਹਨ, ਜੋ ਕਿ ਆਮ ਆਦਮੀ ਪਾਰਟੀ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਸਨ । ਇਸ ਦੌਰਾਨ ਵਾਰਡ ਨੰਬਰ 19 ਤੋਂ ਪੱਥਰਬਾਜ਼ੀ ਹੋਣ ਦੀ ਸੂਚਨਾ ਵੀ ਮਿਲੀ ਹੈ, ਜਿੱਥੇ ਕਥਿਤ ਤੌਰ ‘ਤੇ ‘ਆਪ’ ਸਮਰਥਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਕਈ ਵਰਕਰਾਂ ਦੀ ਕੁੱਟਮਾਰ ਕੀਤੀ ਗਈ ਹੈ । ਦੋਸ਼ ਹੈ ਕਿ ਇਸ ਦੌਰਾਨ ਮੌਕੇ ‘ਤੇ ਮੌਜੂਦ ਪੁਲੀਸ ਚੁੱਪਚਾਪ ਮੂਕਦਰਸ਼ਕ ਬਣ ਕੇ ਖੜ੍ਹੀ ਰਹੀ।
ਧੂਰੀ ਸ਼ਹਿਰ ਦੇ ਕਈ ਵਾਰਡਾਂ ਵਿਚ ਮਾਹੌਲ ਤਲਖ਼ੀ ਵਾਲਾ ਬਣਿਆ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਹਲਕੇ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਕੁਝ ਵਾਰਡਾਂ ਵਿੱਚ ਤਲਖ਼ੀ ਵਾਲਾ ਮਾਹੌਲ ਬਣ ਗਿਆ। ਇੱਥੇ ਕਾਂਗਰਸ ਅਤੇ ਭਾਜਪਾ ਦੇ ਸਮਰਥਕ, ‘ਆਪ’ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਬਹਿਸਬਾਜ਼ੀ ਕਰਦੇ ਨਜ਼ਰ ਆਏ। ਇਸ ਦੌਰਾਨ ਪੁਲੀਸ ਪ੍ਰਸ਼ਾਸਨ ਉੱਪਰ ਪੰਜਾਬ ਸਰਕਾਰ ਦੀ ਮਦਦ ਕਰਨ ਦੇ ਦੋਸ਼ ਵੀ ਲੱਗੇ, ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ । ਸ਼ਹਿਰ ਅੰਦਰ ਵਾਪਰੀ ਪਹਿਲੀ ਘਟਨਾ ਵਿੱਚ, ਵਾਰਡ ਨੰਬਰ 4 ਵਿਖੇ ਕਾਂਗਰਸ ਅਤੇ ‘ਆਪ’ ਦੇ ਵਰਕਰਾਂ ‘ਚ ਕਾਫ਼ੀ ਤਕਰਾਰਬਾਜ਼ੀ ਹੋਈ। ਉੱਥੇ ਹੀ, ਵਾਰਡ ਨੰਬਰ 14 ਵਿੱਚ ਸ਼ਹਿਰ ਦੇ ਵਿਕਾਸ ਜੈਨ, ਜੋ ਇੱਕ ਆਜ਼ਾਦ ਉਮੀਦਵਾਰ ਦੀ ਮਦਦ ਕਰ ਰਹੇ ਸਨ. ਉਨ੍ਹਾਂ ਉੱਪਰ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਇਸ ਘਟਨਾ ਦੀ ਜਾਣਕਾਰੀ ਪਲੀਸ ਨੂੰ ਸਮੇਂ ਸਿਰ ਦੇਣ ਦੇ ਬਾਵਜੂਦ ਵੀ ਪੁਲੀਸ ਜਾਂਚ- ਲ ਕਰਨ ਲਈ ਮੌਕੇ ‘ਤੇ ਨਹੀਂ ਪਹੁੰਚੀ।
ਸੁਜਾਨਪੁਰ ਵਿੱਚ ਖਿਚੋਤਾਣ
ਸੁਜਾਨਪੁਰ ਵਿਚ ਵਾਰਡ ਨੰਬਰ 4 ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਓਲਡ ਸਕੂਲ ਦੇ ਪੋਲਿੰਗ ਕੇਂਦਰ ਅੰਦਰ ਸਥਿਤੀ ਉਸ ਵੇਲੇ ਤਣਾਵ ਪੂਰਨ ਹੋ ਗਈ ਜਦ ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰ ਦੇ ਸਮਰਥਕ ਆਪਸ ਵਿੱਚ ਭਿੜ ਗਏ । ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਆਗੂ ਤੇ ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ ਸਵਰਨ ਸਲਾਰੀਆ ਜਦ ਪੋਲਿੰਗ ਕੇਂਦਰ ‘ਤੇ ਪਹੁੰਚੇ ਤਾਂ ਉੱਥੇ ਮੌਜੂਦ ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰ ਮਹਿੰਦਰ ਬਾਲੀ ਦੇ ਸਮਰਥਕਾਂ ਨੇ ਇੱਕ ਦੂਸਰੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਦੇਖਦੇ ਹੀ ਦੇਖਦੇ ਦੋਨਾਂ ਧਿਰਾਂ ਵਿੱਚ ਬਹਿਸ ਅਤੇ ਤੂੰ-ਤੂੰ ਮੈਂ-ਮੈਂ ਦੀ ਨੌਬਤ ਆ ਗਈ ਅਤੇ ਇੱਕ ਦੂਜੇ ਨਾਲ ਧੱਕਾ ਮੁੱਕੀ ਵੀ ਹੋ ਗਈ । ਮਾਹੌਲ ਵਿਗੜਦਾ ਦੇਖ ਕੇ ਮੌਕੇ ਤੇ ਪੁਲੀਸ ਨੇ ਤੁਰੰਤ ਦਖਲ ਦੇ ਕੇ ਨਾਅਰੇਬਾਜ਼ੀ ਕਰ ਰਹੇ ਸਮਰਥਕਾਂ ਨੂੰ ਖਦੇੜ ਕੇ ਸ਼ਾਂਤ ਕਰਵਾਇਆ ਜਿਸ ਨਾਲ ਵੱਡਾ ਟਕਰਾਅ ਹੋਣ ਤੋਂ ਟਲ ਗਿਆ । ਆਜ਼ਾਦ ਉਮੀਦਵਾਰ ਮਹਿੰਦਰ ਬਾਲੀ ਦੇ ਸਮਰਥਕਾਂ ਦਾ ਕਹਿਣਾ ਸੀ ਕਿ ਸਵਰਨ ਸਲਾਰੀਆ ਪੋਲਿੰਗ ਕੇਂਦਰ ਅੰਦਰ ਨਹੀਂ ਜਾ ਸਕਦੇ ਕਿਉਂਕਿ ਨਾ ਤਾਂ ਉਹ ਉਮੀਦਵਾਰ ਹਨ ਅਤੇ ਨਾ ਏਜੰਟ।
ਰਮਦਾਸ ਵਿਚ ਆਪ `ਤੇ ਜਾਅਲੀ ਵੋਟਾਂ ਪਾਉਣ ਦੇ ਦੋਸ਼
ਰਮਦਾਸ:ਨਗਰ ਕੌਂਸਲ ਚੋਣ ਦੌਰਾਨ 11 ਨੰਬਰ ਵਾਰਡ ਵਿਚ ਸਰਕਾਰੀ ਸਕੂਲ ਦੇ ਬਾਹਰ ਭਾਰੀ ਹੰਗਾਮਾ ਹੋਇਆ ਹੈ । ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਭਾਜਪਾ ਦੇ ਆਗੂ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਤੇ ਅਕਾਲੀ ਦਲ ਦੇ ਜੋਧ ਸਿੰਘ ਸਮਰਾ ਨੇ ਦੋਸ਼ ਲਾਇਆ ਕਿ ਇਸ ਬੂਥ ਦੇ ਅੰਦਰ ਆਮ ਆਦਮੀ ਪਾਰਟੀ ਵਲੋਂ ਜਾਅਲੀ ਵੋਟਾਂ ਭੁਗਤਾਈਆਂ ਜਾ ਰਹੀਆਂ ਹਨ। ਉਕਤ ਸਾਰੇ ਆਗੂ ਸਕੂਲ ਦੇ ਬੂਥ ਦੇ ਬਾਹਰ ਪਹੁੰਚੇ ਤਾਂ ਪੁਲੀਸ ਵਲੋਂ ਰੋਕੇ ਜਾਣ ਤੇ ਹਲਕੀ ਧੱਕਾਮੁੱਕੀ ਵੀ ਹੋਈ। ਹਰਪ੍ਰਤਾਪ ਅਜਨਾਲਾ ਨੇ ਕਿਹਾ ਕਿ ਪੁਲੀਸ ਸ਼ਰੇਆਮ ਆਪ ਦੀ ਏਜੰਟ ਬਣੀ ਹੋਈ ਹੈ ਅਤੇ ਉਨ੍ਹਾਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਦੇ ਆਗੂ ਬੂਥਾਂ ਦੇ ਅੰਦਰ ਹਨ ਅਤੇ ਜਾਅਲੀ ਵੋਟਾਂ ਭੁਗਤਾ ਰਹੇ ਹਨ।
ਵੋਟ ਪਾਉਣ ਪਹੁੰਚੇ ਬਿਕਰਮ ਮਜੀਠੀਆ ਵਿਰੁੱਧ ਨਾਅਰੇਬਾਜ਼ੀ
ਮਜੀਠਾ:ਨਗਰ ਕੌਂਸਲ ਚੋਣਾਂ ਦੌਰਾਨ ਉਸ ਸਮੇਂ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਪਣੀ ਵੋਟ ਪਾਉਣ ਲਈ ਪਹੁੰਚੇ । ਜਿਵੇਂ ਹੀ ਮਜੀਠੀਆ ਆਪਣੀ ਪਤਨੀ ਅਤੇ ਹਲਕਾ ਵਿਧਾਇਕਾ ਗਨੀਵ ਕੌਰ ਮਜੀਠੀਆ ਯੂਥ ਨੰਬਰ 5 ‘ਤੇ ਪੁੱਜੇ, ਤਾਂ ਉੱਥੇ ਮੌਜੂਦ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਉਨ੍ਹਾਂ ਵਿਰੁੱਧ ਭਾਰੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ । ਇਸ ਹੰਗਾਮੇ ਕਾਰਨ ਪੋਲਿੰਗ ਬੂਥ ਦੇ ਬਾਹਰ ਮਾਹੌਲ ਕਾਫ਼ੀ ਗਰਮਾ ਗਿਆ।ਸਥਿਤੀ ਨੂੰ ਤਣਾਅਪੂਰਨ ਹੁੰਦਾ ਦੇਖ ਪੁਲੀਸ ਤੁਰੰਤ ਹਰਕਤ ਵਿੱਚ ਆਈ ਅਤੇ ਮਜੀਠੀਆ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਉੱਥੋਂ ਖਦੇੜ ਦਿੱਤਾ। ਪੁਲੀਸ ਦੀ ਚੌਕਸੀ ਨਾਲ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਅਤੇ ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਰੱਖਣ ਦੇ ਯਤਨ ਕੀਤੇ ਗਏ ।
