ਭਾਰਤ ਅਤੇ ਅਮਰੀਕਾ ਦੇ ਆਪਸੀ ਸੰਬੰਧਾਂ ਦੀ ਤੰਦ ਕਦੇ ਬਹੁਤ ਮਜ਼ਬੂਤ ਦਿਸਦੀ ਹੈ ਅਤੇ ਕਦੇ ਬੇਹੱਦ ਨਾਜ਼ੁਕ। ਅਮਰੀਕਾ ਅਤੇ ਇਜ਼ਰਾਈਲ ਵਲੋਂ ਈਰਾਨ ਨਾਲ ਛੇੜੀ ਗਈ ਜੰਗ, ਜਿਵੇਂ ਜਿਵੇਂ ਲਟਕਦੀ ਜਾ ਰਹੀ ਹੈ, ਤਿਵੇਂ ਤਿਵੇਂ ਵਿਸ਼ਵ ਅਰਥਚਾਰਾ ਕਮਜ਼ੋਰ ਹੁੰਦਾ ਦਿਸ ਰਿਹਾ ਹੈ। ਰਸੋਈ ਗੈਸ ਅਤੇ ਡੀਜ਼ਲ-ਪੈਟਰੋਲ ਦੀ ਕਿਲਤ ਮੂੰਹ ਅੱਡੀ ਖੜ੍ਹੀ ਨਜ਼ਰ ਆ ਰਹੀ ਹੈ। ਸਮਝੌਤੇ ਦੇ ਆਸਾਰ ਵਾਰ-ਵਾਰ ਆਸ ਦੀ ਕਿਰਨ ਜਗਾਉਂਦੇ ਹਨ। ਇਸ ਹਾਲਤ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਭਾਰਤ ਦੌਰਾ ਵਿਸ਼ੇਸ਼ ਮਹੱਤਵ ਰੱਖਦਾ ਹੈ।
ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਭਾਰਤ ਦੀ ਯਾਤਰਾ ‘ਤੇ ਆਏ ਹਨ। ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਅਤੇ ਭਾਰਤ ਦੇ ਸੰਬੰਧਾਂ ਵਿਚ ਖੜੋਤ ਆਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਟੈਰਿਫ ਦੇ ਮਾਮਲੇ ‘ਤੇ ਧਾਰਨ ਕੀਤੀ ਗਈ ਨੀਤੀ ਨਾਲ ਵੀ ਭਾਰਤ ਨਾਲ ਦੂਰੀਆਂ ਵਧੀਆਂ ਸਨ। ਦੋਹਾਂ ਦੇਸ਼ਾਂ ਵਿਚ ਹੋਣ ਵਾਲਾ ਵਪਾਰਕ ਸਮਝੌਤਾ ਵੀ ਕਾਫੀ ਚਿਰ ਤੋਂ ਅਟਕਿਆ ਹੋਇਆ ਹੈ। ਚਾਹੇ ਰਾਸ਼ਟਰਪਤੀ ਟਰੰਪ ਅਕਸਰ ਆਪਣੇ ਬਿਆਨਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦੇ ਰਹੇ ਹਨ, ਪਰ ਇਸ ਦੇ ਬਾਵਜੂਦ ਦੋਹਾਂ ਦੇਸ਼ਾਂ ਦੇ ਰਿਸ਼ਤੇ ਪਹਿਲਾਂ ਵਰਗੇ ਨਹੀਂ ਹਨ। ਈਰਾਨ ਵਲੋਂ ਹੋਰਮੁਜ਼ ਜਲ ਮਾਰਗ ਰਾਹੀਂ ਜਹਾਜ਼ਾਂ ਦੀ ਆਵਾਜਾਈ ਰੋਕਣ ਨਾਲ ਤੇਲ ਦੇ ਮਾਮਲੇ ਵਿਚ ਭਾਰਤ ਨੂੰ ਵੱਡਾ ਘਾਟਾ ਪੈ ਰਿਹਾ ਹੈ। ਤੇਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਨੇ ਇਸ ਦੀ ਚਿੰਤਾ ਨੂੰ ਹੋਰ ਵੀ ਵਧਾ ਦਿੱਤਾ ਹੈ। ਅਮਰੀਕਾ ਵਲੋਂ ਈਰਾਨ ਨਾਲ ਆਪਣੀ ਲੜਾਈ ਵਿਚ ਪਾਕਿਸਤਾਨ ਤੋਂ ਵਿਚੋਲਗੀ ਕਰਵਾਉਣਾ ਤੇ ਉਸ ਦੀ ਪਿੱਠ ਥਾਪੜਨਾ ਵੀ ਭਾਰਤ ਨੂੰ ਰਾਸ ਨਹੀਂ ਸੀ ਆ ਰਿਹਾ ਪਰ ਵਿਚੋਲਗੀ ਕਰਨ ਦੀਆਂ ਕੋਸ਼ਿਸ਼ਾਂ ਬੇਸਿੱਟਾ ਰਹਿਣ ਕਾਰਨ ਪਾਕਿਸਤਾਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਨਾ ਤਾਂ ਅਮਰੀਕਾ ਪਾਕਿ ਦੀ ਗੱਲ ਸੁਣ ਰਿਹਾ ਹੈ ਅਤੇ ਨਾ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਈਰਾਨ ਨੂੰ ਗੱਲਬਾਤ ਲਈ ਮਨਾਉਣ ‘ਚ ਕਾਮਯਾਬ ਹੋਏ ਹਨ। ਹੁਣ, ਪਾਕਿ ਨੇ ਮਦਦ ਲਈ ਚੀਨ ਦਾ ਰੁਖ਼ ਕੀਤਾ ਹੈ। ਚੀਨੀ ਸਰਕਾਰੀ ਟੈਲੀਵਿਜ਼ਨ ਅਨੁਸਾਰ ਬੀਜਿੰਗ ਪਹੁੰਚੇ ਸ਼ਾਹਬਾਜ਼ ਸ਼ਰੀਫ ਤੇ ਜਨਰਲ ਮੁਨੀਰ ਅਮਰੀਕਾ-ਈਰਾਨ ਜੰਗ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਲਈ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਬੀਜਿੰਗ ਲਈ ਰਵਾਨਾ ਹੋਣ ਤੋਂ ਪਹਿਲਾਂ ਜਨਰਲ ਮੁਨੀਰ ਅਚਾਨਕ ਈਰਾਨ ਦੀ ਰਾਜਧਾਨੀ ਤਹਿਰਾਨ ਪਹੁੰਚੇ, ਉਨ੍ਹਾਂ ਦੇ ਨਾਲ ਪਾਕਿ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਵੀ ਸਨ। ਉਥੇ ਉਨ੍ਹਾਂ ਨੇ ਉਚ ਈਰਾਨੀ ਅਧਿਕਾਰੀਆਂ ਅਤੇ ਫ਼ੌਜੀ ਕਮਾਂਡਰਾਂ ਨਾਲ ਕਈ ਦੌਰ ਦੀਆਂ ਗੁਪਤ ਮੀਟਿੰਗਾਂ ਕੀਤੀਆਂ। ਰਿਪੋਰਟਾਂ ਅਨੁਸਾਰ ਇਸ ਦੌਰੇ ਦਾ ਉਦੇਸ਼ ਕਤਰ ਅਤੇ ਪਾਕਿਸਤਾਨ ਵਲੋਂ ਤਿਆਰ ਕੀਤੇ ਗਏ 30 ਦਿਨਾਂ ਦੇ ਜੰਗਬੰਦੀ ‘ਤੇ ਤਹਿਰਾਨ ਦੇ ਸਮਝੌਤੇ ਨੂੰ ਸੁਰੱਖਿਅਤ ਕਰਨਾ ਸੀ। ਚੀਨ ਦੇ ਦੌਰੇ ਮੌਕੇ ਸ਼ਾਹਬਾਜ਼ ਸ਼ਰੀਫ ਅਤੇ ਲੀ ਕਿਆਂਗ ਨੇ ਬੀਜਿੰਗ ‘ਚ ਅਰਥ-ਵਿਵਸਥਾ, ਵਾਤਾਵਰਨ, ਮੀਡੀਆ ਅਤੇ ਦਸਤਾਵੇਜ਼ੀ, ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਸਮੇਤ 15 ਸਮਝੌਤਿਆਂ ‘ਤੇ ਦਸਤਖਤ ਵੀ ਕੀਤੇ ਹਨ। ਇਸ ਸਾਰੀ ਸਥਿਤੀ ਨੂੰ ਭਾਰਤ ਅਤੇ ਅਮਰੀਕਾ ਬਹੁਤ ਬਰੀਕ ਨਜ਼ਰ ਨਾਲ ਵੇਖ ਰਹੇ ਹਨ। ਇਸ ਤਰ੍ਹਾਂ ਦੇ ਮਾਹੌਲ ਵਿਚ ਰੂਬੀਓ ਨੇ ਇਹ ਕਿਹਾ ਹੈ ਕਿ ਅਮਰੀਕਾ ਭਾਰਤ ਨੂੰ ਵੱਧ ਤੋਂ ਵੱਧ ਤੇਲ ਦੇਣ ਦਾ ਚਾਹਵਾਨ ਹੈ ਤਾਂ ਜੋ ਭਾਰਤ ਦੀ ਇਸ ਮਾਮਲੇ ‘ਤੇ ਰੂਸ ‘ਤੇ ਨਿਰਭਰਤਾ ਘਟਾਈ ਜਾ ਸਕੇ। ਉਸ ਨੇ ਤੇਲ ਦੇ ਨਾਲ-ਨਾਲ ਭਾਰਤ ਨੂੰ ਹਥਿਆਰ ਅਤੇ ਛੋਟੇ ਪ੍ਰਮਾਣੂ ਰਿਐਕਟਰ ਦੇਣ ਦੀ ਵੀ ਗੱਲ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਵੀ ਪਿਛਲੇ ਦਿਨਾਂ ਵਿਚ ਭਾਵੇਂ ਚੀਨ ਨਾਲ ਆਪਣੇ ਦੇਸ਼ ਦੇ ਸੰਬੰਧਾਂ ਨੂੰ ਤਰਜੀਹ ਜ਼ਰੂਰ ਦਿੱਤੀ ਹੈ, ਪਰ ਇਸ ਦੇ ਨਾਲ-ਨਾਲ ਉਹ ਹਿੰਦ ਪ੍ਰਸ਼ਾਂਤ ਖੇਤਰ ਵਿਚ ਚੀਨ ਦੇ ਵਧਦੇ ਸੈਨਿਕ ਪ੍ਰਭਾਵ ਅਤੇ ਆਰਥਿਕ ਵਿਸਥਾਰਵਾਦੀ ਨੀਤੀਆਂ ਵਿਚ ਵੀ ਸੰਤੁਲਨ ਬਣਾਉਣਾ ਚਾਹੁੰਦਾ ਹੈ ਅਤੇ ਦੱਖਣੀ ਚੀਨ ਸਾਗਰ ਵਿਚ ਵੀ ਉਸ ਦੀ ਵਧਦੀ ਸ਼ਕਤੀ ਨੂੰ ਰੋਕਣਾ ਚਾਹੁੰਦਾ ਹੈ। ਇਸੇ ਲਈ ਰੂਬੀਓ ਦੀ ਭਾਰਤ ਯਾਤਰਾ ਦੌਰਾਨ ਹੋ ਰਹੀ ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦਾ ਵੀ ਵੱਡਾ ਮਹੱਤਵ ਨਜ਼ਰ ਆਉਂਦਾ ਹੈ। ਕੁਆਡ ਵਿਚ ਭਾਰਤ, ਜਪਾਨ, ਆਸਟ੍ਰੇਲੀਆ ਅਤੇ ਅਮਰੀਕਾ ਸ਼ਾਮਿਲ ਹਨ, ਜੋ ਸਾਂਝੀ ਰਣਨੀਤੀ ਰਾਹੀਂ ਇਸ ਖੇਤਰ ਵਿਚ ਵਧਦੇ ਚੀਨ ਦੇ ਪ੍ਰਭਾਵ ਨੂੰ ਰੋਕਣ ਲਈ ਕੰਮ ਕਰ ਰਹੇ ਹਨ। ਇਹ ਗੱਲ ਵੀ ਸਪੱਸ਼ਟ ਹੈ ਕਿ ਇਨ੍ਹਾਂ ਦਿਨਾਂ ਵਿਚ ਭਾਰਤ ਨੇ ਰੂਸ ਨਾਲ ਆਪਣੇ ਸੰਬੰਧਾਂ ‘ਚ ਸੰਤੁਲਨ ਬਣਾਈ ਰੱਖਿਆ ਹੈ। ਈਰਾਨ ਦੇ ਨਾਲ-ਨਾਲ ਖਾੜੀ ਦੇ ਦੇਸ਼ਾਂ ਨਾਲ ਵੀ ਭਾਰਤ ਦਾ ਨਾਤਾ ਜੁੜਿਆ ਰਿਹਾ ਹੈ। ਖਾੜੀ ਦੇਸ਼ਾਂ ਵਿਚ ਭਾਰਤ ਦੇ ਲੱਖਾਂ ਹੀ ਕਾਮੇ ਕੰਮ ਕਰ ਰਹੇ ਹਨ। ਇਸੇ ਹੀ ਸਮੇਂ ਵਿਚ ਭਾਰਤ ਨੂੰ ਵੀ ਪਾਕਿਸਤਾਨ ਅਤੇ ਚੀਨ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਸ ਦੇ ਬਾਵਜੂਦ ਦੁਨੀਆ ਦੇ ਵੱਡੇ ਵਿਕਸਿਤ ਦੇਸ਼ਾਂ ਨਾਲ ਆਪਣੇ ਵਪਾਰਕ ਸਹਿਯੋਗ ਵਿਚ ਸੰਤੁਲਨ ਬਣਾਈ ਰੱਖਣਾ ਭਾਰਤ ਦੀ ਵਿਦੇਸ਼ ਨੀਤੀ ਦੀ ਸਫ਼ਲਤਾ ਹੀ ਮੰਨਿਆ ਜਾ ਸਕਦਾ ਹੈ। ਰੂਬੀਓ ਦਾ ਇਹ ਦੌਰਾ ਦੋਹਾਂ ਦੇਸ਼ਾਂ ਵਿਚ ਵਧੀਆਂ ਦੂਰੀਆਂ ਨੂੰ ਘਟਾਉਣ ਵਿਚ ਕਿੰਨਾ ਕੁ ਸਹਾਈ ਹੋ ਸਕੇਗਾ, ਇਹ ਵੇਖਣ ਵਾਲੀ ਗੱਲ ਹੋਵੇਗੀ ਪਰ ਰੂਬੀਓ ਨੇ ਕਿਹਾ ਹੈ, ‘ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ’।
ਰੂਬੀਓ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਯੋਜਨਾਬੱਧ ਦੁਸ਼ਮਣੀ ਦੀ ਗੱਲ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ ਅਤੇ ਭਾਰਤ ਪ੍ਰਤੀ ਅਮਰੀਕੀ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ ਹੈ। ਉਨ੍ਹਾਂ ਇਹ ਵੀ ਕਿਹਾ, ‘ਜੇਕਰ ਰਾਸ਼ਟਰਪਤੀ ਨਾ ਚਾਹੁੰਦੇ ਤਾਂ ਉਹ ਇਥੇ ਨਾ ਆਉਂਦੇ। ਉਹ ਸਰਜੀਓ ਗੌਰ ਵਰਗੇ ਕਿਸੇ ਵਿਅਕਤੀ ਨੂੰ ਰਾਜਦੂਤ ਬਣਾ ਕੇ ਨਾ ਭੇਜਦੇ, ਜੋ ਰਾਸ਼ਟਰਪਤੀ ਦੇ ਬੇਹੱਦ ਨੇੜੇ ਹਨ।’
ਇਸ ਕਰਕੇ ਇਹ ਗੱਲ ਸਪੱਸ਼ਟ ਨਜ਼ਰ ਆ ਰਹੀ ਹੈ ਕਿ ਕੌਮਾਂਤਰੀ ਮੰਚ ‘ਤੇ ਭਾਰਤ ਦੇ ਪ੍ਰਭਾਵ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਇਸ ਨੂੰ ਭਾਰਤ-ਅਮਰੀਕਾ ਸੰਬੰਧਾਂ ਦਾ ਨਵਾਂ ਵਿਸਥਾਰ ਕਿਹਾ ਜਾ ਸਕਦਾ ਹੈ।
