ਟੁੱਟੀ ਡੰਡੀ ਵਾਲਾ ਕੱਪ

ਡਾ ਗੁਰਬਖ਼ਸ਼ ਸਿੰਘ ਭੰਡਾਲ
ਮਾਰਚ ਦਾ ਕੋਸਾ ਕੋਸਾ ਦਿਨ। ਮੈਂ ਜਲਦੀ ਹੀ ਯੂਨੀਵਰਸਿਟੀ ਚਲੇ ਗਿਆ ਕਿਉਂਕਿ ਕ੍ਰਿਏਟਿਵ ਇੰਗਲਿਸ਼ ਰਾਈਟਿੰਗ ਦੇ ਪ੍ਰੋਫੈਸਰ ਅਤੇ ਵਿਭਾਗ ਦੇ ਚੇਅਰ, ਡਾ. ਐਡਮ ਨੂੰ ਸਟਾਰਬੱਕਸ ਕਾਫ਼ੀ ਹਾਊਸ ਵਿਚ ਦੋ ਵਜੇ ਮਿਲਣਾ ਸੀ। ਜਦ ਮੈਂ ਕੌਫ਼ੀ ਹਾਊਸ ਵਿਚ ਪੰਜ ਕੁ ਮਿੰਟ ਪਹਿਲਾਂ ਪਹੁੰਚਿਆ ਤਾਂ ਡਾ. ਐਡਮ ਨੁੱਕਰ ਦੇ ਟੇਬਲ ‘ਤੇ ਆਪਣਾ ਕੌਫ਼ੀ ਦਾ ਕੱਪ ਲਈ ਬੈਠੇ,

ਮੇਰੀ ਉਡੀਕ ਕਰ ਰਹੇ ਸਨ। ਦਰਅਸਲ ਇਸ ਮੁਲਕ ਵਿਚ ਹਰ ਵਿਅਕਤੀ ਸਮੇਂ ਦੀ ਬਹੁਤ ਕਦਰ ਕਰਦਾ ਅਤੇ ਨਿਸ਼ਚਿਤ ਸਮੇਂ ਤੋਂ ਕਦੇ ਵੀ ਲੇਟ ਨਹੀਂ ਹੁੰਦਾ। ਹਰੇਕ ਲਈ ਆਪਣਾ ਇਕ ਇਕ ਮਿੰਟ ਕੀਮਤੀ ਹੁੰਦਾ। ਵੈਸੇ ਵੀ ਯੂਨੀਵਰਸਿਟੀ ਵਿਚ ਚੇਅਰ ਵਾਸਤੇ ਆਪਣੇ ਅਕਾਦਮਿਕ ਰੁਝੇਵਿਆਂ ਤੋਂ ਇਲਾਵਾ ਬਹੁਤ ਸਾਰੇ ਪ੍ਰਬੰਧਕੀ ਕਾਰਜ ਵੀ ਹੁੰਦੇ ਹਨ। ਅਸੀਂ ਬੜੇ ਤਪਾਕ ਨਾਲ ਇਕ ਦੂਜੇ ਨੂੰ ਮਿਲੇ। ਦਰਅਸਲ ਅਸੀਂ ਇਕ ਵਾਰ ਪਹਿਲਾਂ ਵੀ ਮਿਲ ਚੁੱਕੇ ਸਾਂ ਜਦ ਮੈਂ ਆਪਣੇ ਚੋਣਵੇਂ ਲੇਖਾਂ ਦੀ ਅੰਗਰੇਜ਼ੀ ਵਿਚ ਅਨੁਵਾਦਤ ਕਿਤਾਬ ਉਨ੍ਹਾਂ ਨੂੰ ਦਿੱਤੀ ਸੀ। ਅੱਜ ਉਸ ਕਿਤਾਬ ‘ਤੇ ਡਾ. ਐਡਮ ਦੇ ਵਿਚਾਰ ਅਤੇ ਪ੍ਰਤੀਕਰਮ ਜਾਣਨ ਲਈ ਮਿਲਣ ਦਾ ਸਬੱਬ ਬਣਾਇਆ ਸੀ।
ਮਿਲ ਬੈਠਣ ਲਈ ਇਹ ਥਾਂ ਸਭ ਤੋਂ ਵਧੀਆ ਹੁੰਦੀ ਕਿਉਂਕਿ ਤੁਸੀਂ ਕੌਫ਼ੀ ਦੇ ਘੁੱਟ ਭਰਦੇ ਅਕਾਦਮਿਕ ਵਿਸ਼ਿਆਂ ‘ਤੇ ਡੂੰਘੀ ਤੇ ਗੰਭੀਰ ਚਰਚਾ ਕਰ ਸਕਦੇ ਹੋ। ਮੈਂ ਜਦ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕਿਹੜੀ ਕੌਫ਼ੀ ਪੀਵੋਗੇ ਤਾਂ ਉਸਨੇ ਕਿਹਾ, ‘ਮੈਂ ਤਾਂ ਆਪਣੀ ਕੌਫ਼ੀ ਪੀ ਰਿਹਾ ਹਾਂ। ਮੈਂ ਕੌਫ਼ੀ ਪੀਂਦਿਆਂ ਆਪਣੇ ਦਫ਼ਤਰ ਵਿਚ ਰੁੱਝਿਆ ਹੋਇਆ ਸਾਂ। ਫਿਰ ਮੈਨੂੰ ਆਪਣੀ ਮੀਟਿੰਗ ਦਾ ਖ਼ਿਆਲ ਆਇਆ ਤਾਂ ਮੈਂ ਆਪਣਾ ਕੌਫੀ ਦਾ ਕੱਪ ਨਾਲ ਹੀ ਲੈ ਕੇ ਆ ਗਿਆ।’ ਅਸਲ ਹਰ ਪ੍ਰੋਫ਼ੈਸਰ ਕੌਫ਼ੀ ਦੀ ਮਸ਼ੀਨ ਆਪਣੇ ਕਮਰੇ ਵਿਚ ਰੱਖਦਾ ਅਤੇ ਜਦੋਂ ਵੀ ਚਿੱਤ ਕਰੇ ਆਪਣੀ ਕੌਫ਼ੀ ਖ਼ੁਦ ਬਣਾ ਕੇ ਪੀ ਲੈਂਦਾ। ਐਸਾ ਨਹੀਂ ਕਿ ਸੇਵਾਦਾਰ ਨੂੰ ਹਾਕ ਮਾਰੋ ਕਿ ਮੇਰੀ ਲਈ ਚਾਹ ਜਾਂ ਕੌਫ਼ੀ ਲੈ ਕੇ ਆ। ਮੈਨੂੰ ਪਹਿਲੀ ਵਾਰ ਬਹੁਤ ਅਚੰਭਾ ਲੱਗਾ ਸੀ ਜਦ ਮੈਂ ਡੀਨ ਸਾਇੰਸਜ਼, ਡਾ. ਵਾਈਟ ਨੂੰ ਪਹਿਲੀ ਵਾਰ ਉਸਦੇ ਦਫ਼ਤਰ ਮਿਲਣ ਗਿਆ ਤਾਂ ਉਸਨੇ ਆਪਣੇ ਹੱਥੀਂ ਮੇਰੇ ਅਤੇ ਆਪਣੇ ਲਈ ਕੌਫ਼ੀ ਬਣਾਈ। ਕੌਫ਼ੀ ਪੀਂਦਿਆਂ ਹੀ ਉਸਨੇ ਮੇਰੇ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਕਿਹਾ ਕਿ ਸਾਨੂੰ ਇਕ ਫ਼ਿਜ਼ਿਕਸ ਦੇ ਟੀਚਰ ਦੀ ਲੋੜ ਹੈ ਜਿਹੜਾ ਕੁਝ ਕੋਰਸ ਪੜ੍ਹਾ ਸਕੇ।
ਡਾ. ਐਡਮ ਉਠਦਿਆਂ ਹੋਇਆਂ ਕਹਿਣ ਲੱਗਾ ਕਿ ਚੱਲੋ! ਤੁਹਾਡੇ ਲਈ ਕੌਫ਼ੀ ਲੈ ਆਈਏ ਤੇ ਫਿਰ ਬੈਠਦੇ ਹਾਂ। ਇਥੇ ਇਹ ਵੀ ਰਿਵਾਜ਼ ਹੈ ਕਿ ਹਰ ਵਿਅਕਤੀ ਆਪਣੀ ਕੌਫ਼ੀ ਦੇ ਪੈਸੇ ਖ਼ੁਦ ਦਿੰਦਾ ਹੈ। ਜਦ ਮੈਂ ਆਪਣੀ ਕੌਫੀ ਲੈ ਕੇ ਟੇਬਲ ‘ਤੇ ਬੈਠਾ ਤਾਂ ਚਾਣਚੱਕ ਹੀ ਮੇਰੀ ਨਿਗਾਹ ਉਸਦੇ ਕੌਫ਼ੀ ਦੇ ਕੱਪ ‘ਤੇ ਪਈ ਜਿਸਦੀ ਡੰਡੀ ਹੀ ਨਹੀਂ ਸੀ। ਉਹ ਪੁਰ ਖ਼ਲੂਸ ਅੰਦਾਜ਼ ਵਿਚ ਆਪਣੇ ਕੱਪ ਵਿਚ ਕੌਫ਼ੀ ਦਾ ਆਨੰਦ ਮਾਣਦਾ, ਮੇਰੀ ਕਿਤਾਬ ਬਾਰੇ ਆਪਣੇ ਵਿਚਾਰ ਦੱਸਣ ਲੱਗਾ। ਦੱਸਣ ਲੱਗਾ ਕਿ ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਕੋਈ ਫ਼ਿਜ਼ਿਕਸ ਦਾ ਪ੍ਰੋਫੈਸਰ ਫਿਲਾਸਫ਼ੀ, ਮਨੋਵਿਗਿਆਨ, ਸਮਾਜਿਕ ਵਿਗਿਆਨ, ਵਿਗਿਆਨ, ਮਾਨਵੀ ਕਦਰਾਂ-ਕੀਮਤਾਂ, ਵਿਅਕਤੀਤਵ ਵਿਕਾਸ, ਜ਼ਿੰਦਗੀ, ਮਨੁੱਖੀ ਭਾਵਨਾਵਾਂ, ਧਰਮ, ਕੁਦਰਤ ਆਦਿ ਦੇ ਸੁੰਦਰ ਤੇ ਵੱਖਰੇ ਸੁਮੇਲ ਰਾਹੀਂ ਆਪਣੇ ਖ਼ਿਆਲਾਂ ਨੂੰ ਕਾਵਿਕ ਰੂਪ ਵਿਚ ਪ੍ਰਗਟ ਕਰ ਸਕਦਾ। ਭਾਵੇਂ ਮੈਂ ਪੰਜਾਬੀ ਰਹਿਤਲ ਬਾਰੇ ਕੁਝ ਨਹੀਂ ਜਾਣਦਾ ਪਰ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਲੱਗਦਾ ਕਿ ਮੈਂ ਬੜਾ ਕੁਝ ਉਸ ਵਿਰਾਸਤ ਅਤੇ ਸਮਾਜ ਬਾਰੇ ਜਾਣ ਲਿਆ ਹੈ। ਮੈ ਕੋਸ਼ਿਸ਼ ਕਰਾਂਗਾ ਕਿ ਕਿਸੇ ਦਿਨ ਇੰਗਲਿਸ਼ ਕ੍ਰਿਏਟਿਵ ਰਾਈਟਿੰਗ ਵਾਲੇ ਵਿਦਿਆਰਥੀਆਂ ਨਾਲ ਤੁਹਾਡਾ ਰੂਬਰੂ ਕਰਵਾਇਆ ਜਾਵੇ ਤਾਂ ਕਿ ਤੁਹਾਡੀ ਲਿਖਣ ਪ੍ਰਕਿਰਿਆ ਅਤੇ ਤੁਹਾਡੇ ਨਾਲ ਵਿਚਾਰ ਵਟਾਂਦਰੇ ਨਾਲ ਉਹ ਆਪਣੀ ਲਿਖਣ ਪ੍ਰਤਿਭਾ ਨੂੰ ਨਿਖਾਰ ਸਕਣ। ਵੈਸੇ ਵੀ ਅੰਗਰੇਜ਼ੀ ਤੋਂ ਵੱਖਰੀ ਸਾਹਿਤਕ ਲੇਖਣੀ ਪੜ੍ਹਨ ਨਾਲ ਤੁਹਾਨੂੰ ਕਈ ਪਸਾਰ ਅਜੇਹੇ ਮਿਲ ਜਾਂਦੇ ਜਿਨ੍ਹਾਂ ਬਾਰੇ ਕਈ ਵਾਰ ਅਸੀਂ ਨਹੀਂ ਜਾਣਦੇ ਹੁੰਦੇ। ਬਹੁਤ ਹੀ ਲਾਹੇਵੰਦ ਰਹੀ ਇਹ ਗੱਲਬਾਤ ਅਤੇ ਫਿਰ ਮਿਲਣ ਦਾ ਵਾਅਦਾ ਕਰਕੇ ਅਸੀਂ ਘੰਟੇ ਦੀ ਮਿਲਣੀ ਤੋਂ ਬਾਅਦ ਆਪੋ-ਆਪਣੇ ਵਿਭਾਗਾਂ ਨੂੰ ਤੁਰ ਪਏ।
ਡਾ. ਐਡਮ ਦੀ ਸ਼ਖ਼ਸੀਅਤ ਕਮਾਲ ਦੀ, ਨਿਰਉਚੇਚ, ਆਪਣੀ ਮਸਤੀ ਵਿਚ ਰੰਗਿਆ। ਤੁਹਾਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਇੰਨੇ ਵੱਡੇ ਰੁਤਬੇ ਵਾਲਾ ਸ਼ਖ਼ਸ ਤੁਹਾਡੇ ਨਾਲ ਬੜੇ ਸਹਿਜ ਨਾਲ ਉਚ-ਦਰਜੇ ਦੀ ਗੱਲਬਾਤ ਕਰ ਰਿਹਾ। ਅਜੇਹੇ ਲੋਕ ਹੀ ਦਰਅਸਲ ਆਪਣੀ ਸਾਦਗੀ ਤੇ ਹਲੀਮੀ ਵਿਚੋਂ ਆਪਣੀ ਮਹਾਨਤਾ ਦੇ ਦਰਸ਼ ਕਰਵਾਉਂਦੇ। ਉਨ੍ਹਾਂ ਲਈ ਟੁੱਟੀ ਡੰਡੀ ਵਾਲਾ ਕੱਪ ਕੋਈ ਮਹੱਤਵ ਨਹੀਂ ਰੱਖਦਾ। ਸਗੋਂ ਮਹੱਤਵ ਰੱਖਦਾ ਹੈ ਕਿ ਤੁਸੀਂ ਕੌਣ ਹੋ, ਤੁਹਾਡਾ ਕਿਰਦਾਰ ਕੀ ਹੈ, ਤੁਸੀਂ ਆਪਣੀ ਵਡੱਤਣ ਨੂੰ ਕਿਵੇਂ ਮਿਣਦੇ ਹੋ ਅਤੇ ਤੁਹਾਡੀਆਂ ਤਰਜੀਹਾਂ ਕੀ ਹਨ?
ਯਾਦ ਰਹੇ ਕਿ ਕੱਪ ਅਹਿਮ ਨਹੀਂ ਹੁੰਦਾ ਸਗੋਂ ਅਹਿਮ ਹੁੰਦਾ ਕਿ ਕੱਪ ਵਿਚਲੀ ਚਾਹ ਜਾਂ ਕੌਫੀ ਕਿਸਨੇ ਤਿਆਰ ਕੀਤੀ? ਕਿਹੜੀਆਂ ਭਾਵਨਾਵਾਂ ਇਸ ਵਿਚ ਸਮੋਈਆਂ? ਇਸ ਕੱਪ ਸਦਕਾ ਕਿਹੜੇ ਮੁੱਲਵਾਨ ਵਿਚਾਰਾਂ ਨੇ ਜਨਮ ਲਿਆ? ਕਿਹੜੀ ਲਿਖਤ ਦਾ ਵਿਚਾਰ ਮਨ ਵਿਚ ਪਨਪਿਆ? ਕਿਹੜੇ ਖ਼ਿਆਲਾਂ ਨੇ ਉਡਾਣ ਭਰੀ? ਕਿਹੜੀਆਂ ਤਰਜੀਹਾਂ ਨੇ ਤਦਬੀਰਾਂ ਦਾ ਰੂਪ ਵਟਾਉਣ ਲਈ ਉਸਲਵਾਟੇ ਲਏ ਜਿਨ੍ਹਾਂ ਨੇ ਆਖਰ ਨੂੰ ਤਕਦੀਰ ਬਣਨਾ?
ਅਜੇਹੇ ਹੀ ਵੱਡੇ ਲੋਕ ਹੁੰਦੇ ਜਿਹੜੇ ਆਮ ਹੁੰਦਿਆਂ ਵੀ ਖਾਸ ਹੁੰਦੇ। ਜਿਹੜੇ ਸਧਾਰਨ ਹੁੰਦਿਆਂ ਵੀ ਬਹੁਤ ਅਸਧਾਰਨ ਹੁੰਦੇ। ਜਿਨ੍ਹਾਂ ਦੀ ਜ਼ਹੀਨ ਸੋਚ ਸੰਕੀਰਨਤਾ ਵਿਚ ਕੈਦ ਨਹੀਂ ਹੁੰਦੀ ਸਗੋਂ ਉਨ੍ਹਾਂ ਦੀ ਸੋਚ ਦਾ ਫੈਲਾਅ ਅੰਬਰ ਤੀਕ ਹੁੰਦਾ। ਅਜੇਹੇ ਲੋਕ ਉਹ ਹੁੰਦੇ ਜਿਨ੍ਹਾਂ ਦੀ ਕੌਫ਼ੀ ਬਹੁਤੀ ਵਾਰ ਠੰਢੀ ਹੋ ਜਾਂਦੀ ਕਿਉਂਕਿ ਉਨ੍ਹਾਂ ਲਈ ਕੌਫ਼ੀ ਜਾਂ ਚਾਹ ਭੁੱਲ ਹੀ ਜਾਂਦੀ। ਉਨ੍ਹਾਂ ਦੇ ਮਨ ਵਿਚ ਆਇਆ ਵਿਚਾਰਾਂ ਦਾ ਪ੍ਰਵਾਹ, ਨਵੇਂ ਖ਼ਿਆਲਾਂ ਦਾ ਫੈਲਾਅ ਜਾਂ ਮਸਤਕ ਵਿਚ ਫੁੱਰ ਰਹੇ ਫੁਰਨਿਆਂ ਦਾ ਅਜੇਹਾ ਜਲਵਾ ਹੁੰਦਾ ਕਿ ਉਹ ਆਪਣੇ ਆਪ ਵਿਚ ਗਵਾਚੇ ਚੌਗਿਰਦੇ ਤੋਂ ਬੇਖ਼ਬਰ, ਆਪਣੀ ਭਵਿੱਖਮੁਖੀ ਸੋਚ, ਵਿਲੱਖਣ ਨਜ਼ਰੀਏ ਅਤੇ ਚੇਤੰਨ ਦਿੱਬ-ਦ੍ਰਿਸ਼ਟੀ ਰਾਹੀਂ ਅਜੇਹਾ ਚਿੱਤਵ ਜਾਂਦੇ ਜਿਸ ਬਾਰੇ ਆਮ ਵਿਅਕਤੀ ਤਾਂ ਸੋਚ ਹੀ ਨਹੀਂ ਸਕਦਾ।
ਬੜੇ ਬੌਣੇ ਹੁੰਦੇ ਉਹ ਲੋਕ ਜੋ ਦਿਖਾਵੇ ਦਾ ਪ੍ਰਪੰਚ ਰਚਾ ਕੇ ਖੁਦ ਨੂੰ ਵੱਡਾ ਕਰਦੇ। ਮਹਿੰਗੇ ਕੱਪ-ਪਲੇਟਾਂ ਤੇ ਚਮਚਿਆਂ ਨਾਲ ਚਾਹ ਜਾਂ ਕੌਫ਼ੀ ਪੀਣ ਦਾ ਢੱਕਵੰਜ ਕਰਨ ਵਾਲੇ ਅੰਦਰੋਂ ਬਹੁਤ ਖੋਖਲੇ ਹੁੰਦੇ। ਉਹ ਦਿਖਾਵੇ ਰਾਹੀਂ ਹੀ ਕਿਸੇ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਦੇ ਜਦ ਕਿ ਮਹਾਨ ਲੋਕ ਦਿਖਾਵਾ ਨਹੀਂ ਕਰਦੇ। ਉਨ੍ਹਾਂ ਦਾ ਕਾਰਜ ਹੀ ਉਨ੍ਹਾਂ ਦਾ ਕਰਮ ਹੁੰਦਾ। ਉਹ ਕੁਝ ਵੀ ਨਾ ਦੱਸ/ਦਿਖਾ ਕੇ ਕੁਝ ਅਜੇਹਾ ਕਰ ਜਾਂਦੇ ਕਿ ਸਮਾਜ ਨੂੰ ਉਨ੍ਹਾਂ ਦੀ ਅਹਿਮੀਅਤ ਅਤੇ ਅਸਲੀਅਤ ਦਾ ਪਤਾ ਲੱਗ ਜਾਂਦਾ।
ਪਹਿਲੇ ਸਮਿਆਂ ਵਿਚ ਪਿੱਤਲ ਦੇ ਗਲਾਸਾਂ ਜਾਂ ਮਿੱਟੀ ਦੇ ਕਸੋਰਿਆਂ ਵਿਚ ਚਾਹ ਪੀਣ ਵਾਲੇ ਵੀ ਬਹੁਤ ਮਹਾਨ ਲੋਕ ਹੋਏ। ਕਿਸੇ ਖਾਸ ਮਹਿਮਾਨ ਜਾਂ ਵਿਅਕਤੀ ਲਈ ਕੱਪ ਹੁੰਦੇ ਸਨ। ਪਰ ਅਸੀਂ ਪੰਜਾਬੀ ਦਿਖਾਵੇ ਵਿਚ ਅਜੇਹੇ ਉਲਝ ਗਏ ਕਿ ਇਹ ਸਾਡੀ ਜ਼ਿੰਦਗੀ ਲਈ ਜ਼ੰਜਾਲ ਬਣ ਗਿਆ। ਸਾਨੂੰ ਕੁਝ ਤਾਂ ਇਸ ਸਮਾਜ ਕੋਲੋਂ ਸਿੱਖਣਾ ਚਾਹੀਦਾ ਕਿ ਆਮ ਰਹਿ ਕੇ ਵੀ ਖਾਸ ਬਣਿਆ ਜਾ ਸਕਦਾ ਬਸ਼ਰਤੇ ਕਿ ਬੰਦੇ ਵਿਚ ਮਨੁੱਖੀ ਗੁਣ ਹੋਣ। ਉਸਦੇ ਵਿਅਕਤੀਤਵ ਦਾ ਪ੍ਰਤਾਪ ਹੋਵੇ। ਉਸਦੇ ਸ਼ਖ਼ਸੀ ਕਿਰਦਾਰ ਦਾ ਜਲੌਅ ਹੋਵੇ। ਉਸਦੇ ਮਨ ਵਿਚ ਕਿਸੇ ਲਈ ਦਰਦ-ਭਾਵਨਾ ਹੋਵੇ। ਕਿਸੇ ਦੀ ਪੀੜਾ ਦੇਖ ਅੱਖ ਵਿਚ ਹੰਝੂ ਆ ਜਾਣ ਜਾਂ ਕਿਸੇ ਦੀਆਂ ਤੜਫਦੀਆਂ ਆਂਦਰਾਂ ਲਈ ਮਰ੍ਹਮ ਬਣਨ ਦਾ ਉਦਮ ਹੋਵੇ।
30 ਸਾਲ ਤੋਂ ਜ਼ਿਆਦਾ ਪੰਜਾਬ ਦੇ ਕਾਲਜਾਂ ਵਿਚ ਪੜ੍ਹਾਉਣ ਤੋਂ ਬਾਅਦ ਪਿਛਲੇ ਦਸ ਸਾਲਾਂ ਤੋਂ ਅਮਰੀਕਾ ਦੀ ਯੂਨੀਵਰਸਿਟੀ ਵਿਚ ਪੜ੍ਹਾ ਰਿਹਾ ਹਾਂ। ਪਤਾ ਲੱਗਦਾ ਹੈ ਕਿ ਅਸੀਂ ਕਿਥੇ ਖੜ੍ਹੇ ਹਾਂ? ਇਹ ਦੇਸ਼ ਇੰਨਾ ਉਨਤ ਕਿਉਂ ਹੈ? ਸਭ ਤੋਂ ਪ੍ਰਮੁੱਖ ਹੈ ਅਧਿਆਪਕ/ਪ੍ਰੋਫੈਸਰ ਦਾ ਕਿਰਦਾਰ ਜੋ ਇੰਨਾ ਉਚਾ ਤੇ ਸੁੱਚਾ ਹੈ ਕਿ ਕੋਈ ਵੀ ਉਸ ‘ਤੇ ਉਂਗਲ ਨਹੀਂ ਚੁੱਕ ਸਕਦਾ। ਉਹ ਖੁਦ ਇਮਤਿਹਾਨਾਂ ਦੇ ਪੇਪਰ ਤਿਆਰ ਕਰਦਾ, ਖੁਦ ਨੰਬਰ ਦਿੰਦਾ ਅਤੇ ਸਮੈਸਟਰ ਦੇ ਅਖ਼ੀਰ ਵਿਚ ਗਰੇਡ ਦਿੰਦਾ ਜਿਸ ਵਿਚ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਵੀ ਦਖ਼ਲ-ਅੰਦਾਜ਼ੀ ਨਹੀਂ ਕਰ ਸਕਦਾ ਅਤੇ ਨਾ ਹੀ ਗਰੇਡ ਬਦਲਣ ਨੂੰ ਕਹੇਗਾ। ਕੀ ਅਜੇਹਾ ਪੰਜਾਬ ਵਿਚ ਸੰਭਵ ਹੋ ਸਕਦਾ। ਕਲਾਸ ਵਿਚ ਕੋਈ ਪ੍ਰੋਫੈਸਰ ਇਕ ਮਿੰਟ ਲੇਟ ਨਹੀਂ ਹੁੰਦਾ। ਜੇ ਉਸ ਨੇ ਛੁੱਟੀ ਲੈਣੀ ਹੈ ਤਾਂ ਉਸਨੂੰ ਅਗਾਊਂ ਦੱਸਣਾ ਪਵੇਗਾ ਕਿ ਕੋਈ ਦੂਸਰਾ ਪ੍ਰੋ. ਉਸਦੀ ਕਲਾਸ ਵਿਚ ਜਾਵੇ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਇਕ ਦਿਨ ਵੀ ਖ਼ਰਾਬ ਨਾ ਹੋਵੇ। ਕੋਈ ਵੀ ਵਿਦਿਆਰਥੀ ਐਮਰਜੈਂਸੀ ਦੀ ਹਲਾਤ ਵਿਚ ਆਪਣਾ ਇਮਤਿਹਾਨ ਮਿੱਥੀ ਤਰੀਖ ਤੋਂ ਬਾਅਦ ਵੀ ਆਪਣੇ ਪ੍ਰੋਫੈਸਰ ਦੀ ਸਹਿਮਤੀ ਨਾਲ ਦੇ ਸਕਦਾ ਪਰ ਉਹ ਇੰਨਾ ਦਿਆਨਤਦਾਰ ਹੁੰਦਾ ਕਿ ਪਹਿਲੇ ਹੋਏ ਇਮਤਿਹਾਨ ਬਾਰੇ ਉਸਨੂੰ ਕੋਈ ਵੀ ਇਲਮ ਨਹੀਂ ਹੁੰਦਾ। ਕੋਈ ਵੀ ਵਿਦਿਆਰਥੀ ਘੱਟ ਗਰੇਡ ਦੀ ਸ਼ੱਕ ਪੈਣ `ਤੇ ਆਪਣੇ ਪੇਪਰ ਕਿਸੇ ਵੇਲੇ ਵੀ ਦੇਖ ਸਕਦਾ। ਵੈਸੇ ਉਸਨੂੰ ਆਪਣੇ ਗਰੇਡਾਂ ਦਾ ਖੁਦ ਵੀ ਪਤਾ ਹੁੰਦਾ ਕਿ ਕਿਸ ਵੇਲੇ ਉਸਦਾ ਕਿਹੜਾ ਗਰੇਡ ਹੈ ਅਤੇ ਆਪਣੇ ਗਰੇਡਾਂ ਨੂੰ ਕਿਵੇਂ ਸੁਧਾਰਨਾ ਹੈ? ਇਹ ਸਭ ਕੁਝ ਯੂਨੀਵਰਸਿਟੀ ਦੇ ਬਲੈਕਬੋਰਡ ‘ਤੇ ਪ੍ਰੋਫੈਸਰ ਨੇ ਨਾਲੋ-ਨਾਲ ਆਨ-ਲਾਈਨ ਅੱਪਡੇਟ ਕਰਨਾ ਹੁੰਦਾ। ਪ੍ਰੋਫੈਸਰ ਬਹੁਤ ਹੀ ਪਾਰਦਰਸ਼ੀ ਹੁੰਦਾ ਅਤੇ ਇਸ ਕਰਕੇ ਹਰ ਵਿਦਿਆਰਥੀ ਆਪਣੇ ਪ੍ਰੋਫੈਸਰ ਦਾ ਬਹੁਤ ਅਦਬ ਅਤੇ ਸਤਿਕਾਰ ਕਰਦਾ। ਉਹ ਸਰ ਨਹੀਂ ਸਗੋਂ ਤੁਹਾਡਾ ਨਾਮ ਲੈ ਕੇ ਮਿੱਤਰ ਵਾਂਗ ਤੁਹਾਨੂੰ ਸੰਬੋਧਨ ਕਰਦਾ। ਕਈ ਵਾਰ ਕੁਝ ਵਿਦਿਆਰਥੀ ਆਪਣੀਆਂ ਨਿੱਜੀ ਪ੍ਰੇਸ਼ਾਨੀਆਂ ਜਾਂ ਮਜਬੂਰੀਆਂ ਵੀ ਆਪਣੇ ਪ੍ਰੋਫੈਸਰ ਨਾਲ ਸਾਂਝੀਆਂ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਪਤਾ ਹੋਵੇ ਕਿ ਫਲਾਣਾ ਵਿਦਿਆਰਥੀ ਕਲਾਸ ਵਿਚ ਕੁਝ ਦਿਨਾਂ ਲਈ ਗੈਰ-ਹਾਜ਼ਰ ਕਿਉਂ ਸੀ? ਪੰਜਾਬ ਦੇ ਵਿਦਿਅਕ ਅਦਾਰਿਆਂ ‘ਤੇ ਕਾਬਜ਼ ਕੁਝ ਕੁ ਬਿਮਾਰ ਮਾਨਸਿਕਤਾ ਵਾਲੇ ਲੋਕ ਪੀਐਚਡੀ ਤੱਕ ਦੀਆਂ ਡਿਗਰੀਆਂ ਦਿਵਾਉਣ ਲਈ ਵਿਦਿਆਰਥੀਆਂ ਦਾ ਸਰੀਰਕ, ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕਰਦੇ ਹਨ? ਪ੍ਰੋਫੈਸਰ/ਅਧਿਆਪਕ ਦੇ ਕਿਰਦਾਰ ‘ਤੇ ਉਠੇ ਪ੍ਰਸ਼ਨ ਕਿਸੇ ਸਿਸਟਮ ਨੂੰ ਪਲੀਤ ਹੋਣ ਤੋਂ ਕਿਵੇਂ ਬਚਾਵੇਗਾ?
ਟੁੱਟੀ ਡੰਡੀ ਵਾਲਾ ਕੱਪ ਖਾਸ ਨਹੀਂ ਸੀ ਸਗੋਂ ਖਾਸ ਸੀ ਮਿਲ-ਬੈਠਣ ਦਾ ਸਬੱਬ। ਉਸ ਵਕਤ ਦੌਰਾਨ ਹੋਈ ਬਹੁਤ ਹੀ ਲਾਹੇਵੰਦ ਗੱਲਬਾਤ। ਇਕ ਦੂਜੇ ਨੂੰ ਸਮਝਣ ਦੀ ਸੋਝੀ। ਇਕ ਦੂਜੇ ਦੇ ਸਭਿਆਚਾਰ ਦੀਆਂ ਪਰਤਾਂ ਨੂੰ ਫਰੋਲਣਾ ਅਤੇ ਸਾਹਿਤਕ ਸਬੰਧਾਂ ਰਾਹੀਂ ਸਹਿਤਕ ਉਤਪਤੀ ਦਾ ਮੌਕਾ ਸਿਰਜਣਾ। ਇਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਕਦਰ ਕਰਨੀ। ਆਹਮੋ-ਸਾਹਮਣੇ ਬੈਠ ਕੇ ਵਿਚਾਰਾਂ ਦਾ ਆਦਾਨ-ਪ੍ਰਦਾਨ। ਇਸ ਰਾਹੀਂ ਅਜੇਹਾ ਸਿੱਟਾ ਕੱਢਣਾ ਤਾਂ ਕਿ ਨਵੀਂ ਕਲਮਕਾਰੀ ਅਜੇਹੀ ਲਿਖਤ ਨੂੰ ਜਨਮ ਦੇਵੇ ਜੋ ਜਾਤੀ ਵੱਖਰੇਵਿਆਂ ਅਤੇ ਸਭਿਆਚਾਰਕ ਵਿਭਿੰਨਤਾ ਤੋਂ ਉਪਰ ਉਠ ਕੇ ਆਪਣੀ ਨਰੋਈ ਪਛਾਣ ਬਣਾਵੇ। ਇਕ ਦੂਜੇ ਨੂੰ ਉਤਸ਼ਾਹਿਤ ਅਤੇ ਪ੍ਰੇਰਤ ਕਰਨ ਦਾ ਉਦਮ। ਇਕ ਦੂਜੇ ਦੀਆਂ ਕੀਰਤੀਆਂ ਵਿਚੋਂ ਆਪਣੇ ਆਪ ਨੂੰ ਪਛਾਨਣ ਦਾ ਹੁਨਰ। ਇਹੀ ਹੁਨਰ ਦਰਅਸਲ ਸਾਡੇ ਵਿਅਕਤੀਤਵ ਵਿਕਾਸ ਦਾ ਸੱਭ ਤੋਂ ਪ੍ਰਮੁੱਖ ਸਰੋਤ। ਇਸ ਤੋਂ ਅਸੀਂ ਪੱਛੜ ਗਏ ਕਿਉਂਕਿ ਅਸੀਂ ਸਾਹਿਤਕ ਖੇਤਰ ਵਿਚ ਨਿੱਕੇ-ਨਿੱਕੇ ਸੌੜੇ ਦਾਇਰਿਆਂ ਵਿਚ ਸਿਮਟ ਗਏ। ਆਪਣੀ ਹਉਮੈ ਨੂੰ ਪੱਠੇ ਪਾਉਣ ਅਤੇ ਖੁਦ ਦੀ ਉਸਤਤੀ ਕਰਵਾਉਣ ਤੀਕ ਹੀ ਸੀਮਤ ਹੋ ਗਏ। ਤਾਂ ਹੀ ਸਾਡੀਆਂ ਸਾਹਿਤਕ ਲਿਖਤਾਂ ਦਾ ਮਿਆਰ ਉਹ ਨਹੀਂ ਬਣ ਸਕਿਆ ਜਿਹੜਾ ਸੁਚਿਆਰੀ ਅਤੇ ਨਿਆਰੀ ਪਰਖ਼-ਪੜਚੋਲ ਨੂੰ ਅਪਣਾ ਕੇ, ਆਪਣੀਆਂ ਕਮੀਆਂ ਨੂੰ ਆਪਣੀ ਤਾਕਤ ਬਣਾ ਕੇ ਅਤੇ ਹਰ ਵਰਤਾਰੇ ਨੂੰ ਵੱਖਰੇ ਨਜ਼ਰੀਏ ਤੋਂ ਦੇਖ ਅਤੇ ਸਮਝ ਕੇ ਕਿਸੇ ਸਾਹਿਤਕ ਸੋਚ ਨੂੰ ਸ਼ਬਦਾਂ ਵਿਚ ਪਰੋਇਆ ਜਾਂਦਾ।
ਸਧਾਰਨਤਾ ਅਤੇ ਹਲੀਮੀ ਰੁਤਬਿਆਂ ਅਤੇ ਅਮੀਰੀ ਨਾਲੋਂ ਵੀ ਜ਼ਿਆਦਾ ਖੁਸ਼ੀ ਅਤੇ ਖੇੜਾ ਤੁਹਾਡੀ ਝੋਲੀ ਪਾਉਂਦੀ ਜਿਹੜਾ ਧਨ ਨਾਲ ਨਹੀਂ ਖਰੀਦਿਆ ਜਾ ਸਕਦਾ।
ਹਲੀਮੀ ਤੁਹਾਡੀ ਤਰੱਕੀ ਦਾ ਸਭ ਤੋਂ ਵੱਡਾ ਰਾਜ਼। ਜਦ ਬੰਦੇ ਦੇ ਮਨ ਵਿਚ ਆ ਜਾਵੇ ਕਿ ਉਹ ਸਰਬ ਕਲਾ ਸੰਪੂਰਨ ਅਤੇ ਸਮਰੱਥ ਹੈ ਤਾਂ ਸਮਝੋ ਉਸਨੇ ਆਪਣੇ ਵਿਅਕਤੀਤਵ ਦੇ ਵਿਕਾਸ ਨੂੰ ਰੋਕ ਲਿਆ ਹੈ।
ਸਾਦਗੀ ਵਿਚ ਹੰਕਾਰ ਨਹੀਂ ਹੁੰਦਾ। ਹਲੀਮੀ ਵਿਚ ਗਰੂਰ ਨਹੀਂ ਹੋ ਸਕਦਾ ਅਤੇ ਅਪਣੱਤ ਵਿਚ ਦਵੈਸ਼ ਨਹੀਂ ਹੁੰਦਾ। ਪਰ ਇਸ ਵਿਚ ਬੰਦਿਆਈ ਅਤੇ ਭਲਿਆਈ ਦਾ ਗੂੜ੍ਹਾ ਰੰਗ ਹੁੰਦਾ ਜਿਹੜਾ ਮਨੁੱਖੀ ਚੰਗਿਆਈ ਦਾ ਮੂਲ ਅਧਾਰ ਬਣਦਾ।
ਬੰਦੇ ਦਾ ਵਰਤਾਰਾ ਕਠੋਰ ਹੈ ਜਾਂ ਨਰਮ, ਉਸਦੀ ਬੋਲਬਾਣੀ ਕੌੜੀ ਜਾਂ ਮਿੱਠੀ। ਉਸਦੀ ਦਿੱਖ ਵਿਚ ਕਰੂਰਤਾ ਜਾਂ ਮਾਸੂਮੀਅਤ। ਉਸਦੇ ਨਜ਼ਰੀਏ ਵਿਚ ਸਾਵਾਂਪਣ ਜਾਂ ਅਸਾਵਾਂਪਣ। ਇਹ ਸਭ ਕੁਝ ਉਸਦੇ ਅੰਦਰ ਦਾ ਪ੍ਰਗਟਾਵਾ ਜਿਸ ਤੋਂ ਬੰਦਾ ਖੁਦ ਹੀ ਪਰਦਾ ਹਟਾ ਦਿੰਦਾ ਅਤੇ ਉਸਦਾ ਸੱਚ ਜੱਗ-ਜ਼ਾਹਰ ਹੋ ਜਾਂਦਾ। ਲੋੜ ਹੈ ਕਿ ਆਪਣੇ ਅੰਦਰਲੇ ਸੁੱਚਮ, ਸਾਦਗੀ ਅਤੇ ਹਲੀਮੀ ਨੂੰ ਜੀਵਨ ਦਾ ਨਜ਼ਰੀਆ ਬਣਾਓ, ਜ਼ਿੰਦਗੀ ਵਿਚ ਤੁਹਾਡੇ ਕਿਰਦਾਰ ਦੀ ਮਹਿਕ ਆਵੇਗੀ।
ਸਾਦਗੀ ਵਿਚ ਸਭ ਤੋਂ ਪ੍ਰਮੁੱਖ ਹੁੰਦਾ ਆਤਮ-ਸਨਮਾਨ ਜਿਹੜਾ ਹੋਰ ਨਿਖਰਦਾ। ਇਸਦੇ ਰੌਸ਼ਨ ਪੱਖ ਵਿਚ ਤੁਸੀਂ ਆਪਣੀਆਂ ਰਾਹਾਂ ਨੂੰ ਚਾਨਣ-ਰੰਗੀਆਂ ਕਰ ਲੈਂਦੇ।
ਸਧਾਰਨਤਾ ਕੋਈ ਮਾਨਵੀ ਕਮਜ਼ੋਰੀ ਨਹੀਂ ਸਗੋਂ ਇਹ ਉਹ ਤਾਕਤ ਹੈ ਜਿਸ ਸਾਹਵੇਂ ਆਕੜ-ਖਾਂ ਵੀ ਸਿਰ ਝੁਕਾਉਣ ਲਈ ਮਜਬੂਰ ਹੋ ਜਾਂਦੇ। ਹਲੀਮੀ ਤਾਂ ਸਵੈ-ਬੰਦਗੀ ਦਾ ਉਹ ਰੂਪ ਜਿਹੜਾ ਤੁਹਾਡੀ ਆਤਮਿਕ ਉਚਾਈ ਦਾ ਸਿਖਰ ਹੁੰਦੀ।
ਖਦੇ-ਕਦੇ ਖੁਦ ਨੂੰ ਮਿਲਣਾ ਅਤੇ ਸੋਚਣਾ ਕਿ ਮੈਂ ਨਿਰਮਾਣਤਾ ਅਤੇ ਸਧਾਰਨਤਾ ਵਿਚੋਂ ਕਿੰਨਾ ਸੁਖਨ ਅਤੇ ਸਕੂਨ ਹਾਸਲ ਕੀਤਾ ਹੈ? ਕਦੇ ਖੁਦ ਨੂੰ ਅਮਰੂ ਨਿਮਾਣਾ, ਨਤਾਣਾ ਤੇ ਨਥਾਵਾਂ ਸਮਝਣ ਵਾਲੇ ਮਾਰਗ ਨੂੰ ਆਪਣੀ ਸੋਚ ਵਿਚ ਛੋਟੀ ਜਿਹੀ ਜਗਾ ਦੇਣੀ। ਉਚੇਚ ਨਾ ਕਰੋ ਆਪਣੀ ਨਿਰਮਾਣਤਾ ਦਾ ਸਗੋਂ ਆਪਣੀ ਸੋਚ ਤੇ ਮਨ ਦੀ ਧਾਰਨਾ ਨਾਲ ਆਪਣੇ ਆਪ ਨੂੰ ਛੋਟਾ ਸਮਝਣਾ। ਤੁਹਾਡੀ ਕਿਰਤਕਾਰੀ ਨੇ ਤੁਹਾਡੀ ਵਡੱਤਣ ਨੂੰ ਆਪਣੇ ਆਪ ਹੀ ਫੈਲਾਅ ਦੇਣਾ। ਐਵੇਂ ਕਾਹਤੋਂ ਆਪਣੇ ਆਪ ਨੂੰ ਅਡੰਬਰੀ ਸੰਸਾਰ ਵਿਚ ਉਲਝਾਉਂਦੇ ਹੋ। ਕਦੇ ਦਿਖਾਵੇ ਤੋਂ ਬਾਹਰ ਨਿਕਲਣਾ, ਦੇਖਣਾ ਤੁਹਾਨੂੰ ਕਿੰਨੀ ਮਾਨਸਿਕ ਖੁਸ਼ੀ ਮਿਲੇਗੀ।