ਵਰਿਆਮ ਸਿੰਘ ਸੰਧੂ
ਕਰਤਾਰ ਸਿੰਘ ਸਰਾਭਾ ਅਜਿਹੀ ਲਾਸਾਨੀ ਤੇ ਮਿਕਨਾਤੀਸੀ ਸ਼ਖ਼ਸੀਅਤ ਦਾ ਮਾਲਕ ਸੀ ਕਿ ਉਸ ਵੱਲੋਂ ਦਿੱਤੇ ਕਿਸੇ ਸੁਝਾਓ ਜਾਂ ਰਾਇ ਨੂੰ ਦੂਜੇ ਸਾਥੀਆਂ ਵੱਲੋਂ ਅਣਗੌਲਾ ਕਰਨਾ ਜਾਂ ਅੱਖੋਂ ਓਹਲੇ ਕਰ ਸਕਣਾ ਮੁਸ਼ਕਲ ਸੀ। ਉਹ ਇਹ ਜਾਣਦੇ ਸਨ ਕਿ ਜੋ ਕੁਝ ਸਰਾਭਾ ਆਖ ਰਿਹਾ ਹੈ ਜਾਂ ਜਿਹੜੀ ਮੁਹਿੰਮ ਆਰੰਭਣ ਲਈ ਪ੍ਰੇਰਨਾ ਦੇ ਰਿਹਾ ਹੈ,
ਉਹ ਖ਼ੁਦ ਵੀ ਇਸਦੀ ਪੂਰਤੀ ਲਈ ਸਭ ਤੋਂ ਅੱਗੇ ਹੋ ਕੇ ਸਿਰ-ਧੜ ਦੀ ਬਾਜ਼ੀ ਲਾਉਣੋਂ ਹਿਚਕਚਾਏਗਾ ਨਹੀਂ। ਆਪਣੇ ਏਸੇ ਗੁਣ ਕਰ ਕੇ ਉਹ ਆਪਣੀ ਛੋਟੀ ਉਮਰ ਦੇ ਬਾਵਜੂਦ, ਪਾਰਟੀ ਸਫ਼ਾਂ ਵਿਚ ਸਮਰੱਥ ਆਗੂ ਬਣ ਕੇ ਪ੍ਰਗਟ ਹੋਇਆ। ਭਾਰਤ ਆ ਕੇ ਤਾਂ, ਜਦੋਂ ਪਾਰਟੀ ਦੇ ਸੀਨੀਅਰ ਆਗੂ ਗ੍ਰਿਫ਼ਤਾਰ ਹੋ ਚੁੱਕੇ ਸਨ, ਇਕ ਤਰ੍ਹਾਂ ਨਾਲ ਉਹਨੇ ਪਾਰਟੀ ਦੀ ਅਣ-ਐਲਾਨੀ ਕਮਾਨ ਸੰਭਾਲ ਲਈ ਸੀ। ਉਹਦੇ ਕਾਰਨਾਮਿਆਂ ਵੱਲ ਧਿਆਨ ਧਰਦੇ ਹਾਂ ਤਾਂ ਸਚਮੁੱਚ ਉਹ ਪਾਰਟੀ ਦਾ ‘ਜਰਨੈਲ’ ਨਜ਼ਰ ਆਉਣ ਲੱਗਦਾ ਹੈ। ਉਹ ਅਜਿਹਾ ‘ਜਰਨੈਲ’ ਸੀ ਜਿਸਨੂੰ ਕਿਸੇ ਨੇ ‘ਜਰਨੈਲ’ ਥਾਪਿਆ ਨਹੀਂ ਸੀ ਸਗੋਂ ਜਿਸਦੀ ਕੁਰਬਾਨੀ, ਦ੍ਰਿੜ੍ਹਤਾ, ਸਿਆਣਪ ਅਤੇ ਹਰ ਖੇਤਰ ਵਿਚ ਕੰਮ ਕਰ ਸਕਣ ਦੀ ਅਥਾਹ ਬਹੁਪੱਖੀ ਸਮਰੱਥਾ ਸਦਕਾ ਇਤਿਹਾਸ ਨੇ ਹੀ ਉਸਨੂੰ ਪਾਰਟੀ ਦਾ ‘ਜਰਨੈਲ’ ਬਣਾ ਦਿੱਤਾ। ਉਂਜ ਉਸਦੇ ਯੁੱਧ-ਸਾਥੀ ਉਹਦੀ ਅਜਿਹੀ ‘ਜਰਨੈਲੀ ਪ੍ਰਤਿਭਾ’ ਦੀ ਥਾਂ-ਥਾਂ ਹਾਮੀ ਭਰਦੇ ਤੇ ਵਡਿਆਈ ਕਰਦੇ ਹਨ।
ਬਾਬਾ ਸੋਹਨ ਸਿੰਘ ਭਕਨਾ ਤਾਂ ਉਸਨੂੰ ਸਦਾ ‘ਮੇਰਾ ਜਰਨੈਲ’ ਕਹਿ ਕੇ ਯਾਦ ਕਰਦੇ ਸਨ। ਨਿਰਸੰਦੇਹ ਉਹ ਅਜਿਹਾ ਕਿਸੇ ਭਾਵੁਕ ਆਵੇਸ਼ ਅਧੀਨ ਨਹੀਂ ਸਨ ਆਖਦੇ, ਸਗੋਂ ਸਰਾਭੇ ਦੇ ‘ਜਰਨੈਲੀ ਗੁਣਾਂ’ ਦੀ ਵਡਿਆਈ ਹੀ ਬਾਬਾ ਜੀ ਨੂੰ ਇਹ ਵਿਸ਼ੇਸ਼ਣ ਦੇਣ ਲਈ ਹੁਲਾਰਦੀ ਸੀ। ਬਾਬਾ ਜੀ ਲਿਖਦੇ ਹਨ, ‘ਉਸ ਵਿਚ ਪੂਰਨ ਇਨਸਾਨੀ ਸਿਫ਼ਤਾਂ ਸਨ। ਮੈਂ ਖ਼ਿਆਲ ਕਰਦਾ ਹਾਂ ਕਿ ਦੁਨੀਆਂ ਦੇ ਇਤਿਹਾਸ ਵਿਚ ਏਨੀਂ ਛੋਟੀ ਉਮਰ (19 ਸਾਲ) ਵਿਚ ਸ਼ਾਇਦ ਹੀ ਕੋਈ ਜਰਨੈਲ ਮਿਲੇ ਜੋ ਕਰਤਾਰ ਸਿੰਘ ਦਾ ਸਾਨੀ ਹੋਵੇ।’
ਬਾਬਾ ਜੀ ਤਾਂ ਇਹ ਵੀ ਆਖਦੇ ਹਨ ਕਿ ਅਮਰੀਕਾ ਵਿਚ ਲਾਲਾ ਹਰਦਿਆਲ ਨੂੰ ਗ਼ਦਰ ਲਹਿਰ ਨਾਲ ਜੋੜਨ ਵਿਚ ਵੀ ਸਰਾਭੇ ਦਾ ਹੀ ਯੋਗਦਾਨ ਸੀ। ਉਨ੍ਹਾਂ ਦਾ ਕਥਨ ਹੈ, ‘ਸੱਚ ਤਾਂ ਇਹ ਹੈ ਕਿ ਲਾਲਾ ਹਰਦਿਆਲ ਨੂੰ ਇਨਕਲਾਬ ਦੇ ਰਸਤੇ ਉਤੇ ਲਾਉਣ ਵਾਲਾ ਕਰਤਾਰ ਸਿੰਘ ਹੀ ਸੀ। ਉਹ ਹੀ ਹਰਦਿਆਲ ਨੂੰ ਇਸ ਕੰਮ ਵੱਲ ਲਿਆਇਆ ਸੀ ਅਤੇ ਆਪਣੇ ਨਾਲ ਲਾਇਆ ਸੀ।’
ਜੇ ਇਹ ਗੱਲ ਠੀਕ ਹੈ, ਤੇ ਜੇ ਬਾਬਾ ਭਕਨਾ ਇਹ ਤੱਥ ਪੁਸ਼ਟ ਕਰ ਰਹੇ ਹਨ ਤਾਂ ਇਸ ਵਿਚ ਸ਼ੱਕ ਦੀ ਗੁੰਜਾਇਸ਼ ਰਹਿ ਹੀ ਨਹੀਂ ਜਾਂਦੀ। ਇਹ ਵੀ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਗ਼ਦਰ ਪਾਰਟੀ ਦੀ ਸਥਾਪਨਾ ਦੇ ਪਹਿਲੇ ਦਿਨਾਂ ਤੋਂ ਹੀ ਉਸ ਮੁੱਛ-ਫੁੱਟ ਗੱਭਰੂ ਨੇ ਆਪਣੀ ਆਗੂ-ਹੋਂਦ ਨੂੰ ਸਥਾਪਤ ਕਰ ਲਿਆ ਸੀ। ਬਾਬਾ ਜੀ ਦਾ ਹਵਾਲਾ ਇਹ ਸਾਬਤ ਕਰਦਾ ਹੈ ਕਿ ਕਰਤਾਰ ਸਿੰਘ ਲਾਲਾ ਜੀ ਨਾਲ ਕੰਮ ਕਰਨ ਲਈ ਨਹੀਂ ਲੱਗਾ ਸਗੋਂ ਉਹਨੇ ਲਾਲਾ ਜੀ ਨੂੰ ਆਪਣੇ ਨਾਲ ਰਲ ਕੇ ਕੰਮ ਕਰਨ ਲਈ ਲਾਇਆ ਸੀ। ‘ਆਪਣੇ ਨਾਲ ਕੰਮ ਕਰਨ ਲਾਉਣ’ ਤੋਂ ਭਾਵ ਏਥੇ ‘ਗ਼ਦਰ’ ਅਖ਼ਬਾਰ ਨੂੰ ਛਾਪਣ ਦੀ ਸ਼ੁਰੂਆਤ ਕਰਨ ਵਾਸਤੇ ਲਾਲਾ ਜੀ ਲਈ ਪ੍ਰੇਰਕ ਬਣਨ ਤੋਂ ਹੈ।
ਅਸੀਂ ਇਹ ਵੀ ਜਾਣਦੇ ਹਾਂ ਕਿ ਬਰਕਲੇ ਯੂਨੀਵਰਸਿਟੀ ਵਿਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਦੇ ਦੋ ਗੁਰੱਪਾਂ ਨੂੰ ਇਕੱਠੇ ਕਰ ਕੇ ਲਹਿਰ ਨਾਲ ਜੋੜਨ ਵਿਚ ਵੀ ਸਰਾਭੇ ਦਾ ਮੁੱਖ ਰੋਲ ਸੀ। ਲਾਲਾ ਹਰਦਿਆਲ ਨੇ ਲੈਕਚਰ ਦੇਣਾ ਹੁੰਦਾ ਤਾਂ ਸਰਾਭਾ ਹੀ ਵਿਦਿਆਰਥੀਆਂ ਦਾ ਇਕੱਠ ਕਰਨ ਵਿਚ ਮੁਹਰਲਾ ਰੋਲ ਅਦਾ ਕਰਦਾ। ਸਾਨਫ਼ਰਾਂਸਿਸਕੋ ਪਹੁੰਚ ਕੇ ਲਾਲਾ ਹਰਦਿਆਲ ਦੇ ਮਨ ਵਿਚ ‘ਗ਼ਦਰ ਪਾਰਟੀ’ ਬਨਾਉਣ ਦਾ ਜਿਹੜਾ ਖ਼ਿਆਲ ਉਗਮ ਰਿਹਾ ਸੀ, ਉਸ ਨੂੰ ਸਰ-ਅੰਜਾਮ ਦੇਣ ਲਈ ਉਹ ਜਿਨ੍ਹਾਂ ਲੋਕਾਂ ਨੂੰ ਮਹੱਤਵਪੂਰਨ ਸਮਝਦਾ ਤੇ ਜਿਨ੍ਹਾਂ ਦੀ ਰਾਇ ਲੈਣੀ ਮੁਨਾਸਬ ਸਮਝਦਾ ਸੀ, ਕਰਤਾਰ ਸਿੰਘ ਸਰਾਭਾ ਉਨ੍ਹਾਂ ਵਿਚੋਂ ਇੱਕ ਸੀ।
‘ਹਰਨਾਮ ਸਿੰਘ ਕੋਟਲਾ ਦਾ ਕਥਨ ਹੈ ਕਿ, ‘ਹਰਦਿਆਲ ਮੈਨੂੰ ਆਪ ਉਨ੍ਹਾਂ ਬੰਦਿਆਂ ਦੇ ਨਾਂ ਦੱਸਦਾ ਹੁੰਦਾ ਸੀ, ਜਿਨ੍ਹਾਂ ਨਾਲ ਉਹ ਪਾਰਟੀ ਬਣਾਉਣ ਲਈ ਗੱਲਬਾਤ ਕਰਦਾ ਹੁੰਦਾ ਸੀ, ਇਨ੍ਹਾਂ ਵਿਚ ਕੁਝ ਬੰਦਿਆਂ ਦੇ ਨਾਂ ਹਨ: ਠੱਠੀਆਂ (ਅੰਮ੍ਰਿਤਸਰ) ਦੇ ਜਵਾਲਾ ਸਿੰਘ, ਸੰਤ ਵੈਸਾਖਾ ਸਿੰਘ ਦਦੇਹਰ (ਅੰਮ੍ਰਿਤਸਰ), ਭਾਈ ਸੰਤੋਖ ਸਿੰਘ ਧਰਦੇਵ (ਅੰਮ੍ਰਿਤਸਰ), ਪੰਡਿਤ ਜਗਤ ਰਾਮ ਹਰਿਆਣਾ (ਹੁਸ਼ਿਆਰਪੁਰ), ਭਾਈ ਰੂੜ ਸਿੰਘ ਚੂਹੜਚੱਕ (ਫ਼ਿਰੋਜਪੁਰ), ਸ੍ਰੀ ਕਰਤਾਰ ਸਿੰਘ ਸਰਾਭਾ (ਲੁਧਿਆਣਾ), ਤੇ ਕੁਝ ਯੂਨੀਵਰਸਿਟੀ ਦੇ ਵਿਦਿਆਰਥੀ।’
ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚ ਤਾਂ ਕਰਤਾਰ ਸਿੰਘ ਸਰਾਭਾ ਵੀ ਸੀ ਪਰ ਹੋਰਨਾਂ ਵਿਦਿਆਰਥੀਆਂ ਤੋਂ ਅਲੱਗ ਕਰ ਕੇ ਦੂਸਰੇ ਵੱਡੇ ਆਗੂਆਂ ਵਿਚ ਇਕੱਲੇ ਸਰਾਭੇ ਦਾ ਜ਼ਿਕਰ ਕਰਨਾ ਦੱਸਦਾ ਹੈ ਕਿ ਉਹ ਵਿਦਿਆਰਥੀਆਂ ਵਿਚੋਂ ਤਾਂ ਸਿਰਕੱਢ ਆਗੂ ਹੈ ਹੀ ਸੀ ਸਗੋਂ ਉਸ ਵੇਲੇ ਲਹਿਰ ਨਾਲ ਸੰਬੰਧਤ ਵੱਡੇ ਨਾਵਾਂ ਵਿਚ ਵੀ ਸ਼ਾਮਲ ਸੀ। ਕਿਸੇ ਇਨਕਲਾਬੀ ਪਾਰਟੀ ਦੇ ਗਠਨ ਜਿਹੇ ਅਤਿ ਮਹੱਤਵਪੂਰਨ ਸਵਾਲ ’ਤੇ ਸਰਾਭੇ ਦੀ ਸਲਾਹ ਲੈਣਾ ਉਹਦੀ ਸਿਆਣਪ, ਸਮਰੱਥਾ ਅਤੇ ਭਰੋਸੇਯੋਗਤਾ ਦਾ ਪ੍ਰਮਾਣ ਹੈ। ਨਿਸਚੈ ਹੀ ਇਹ ਗੁਣ ਉਹਦੀ ਵਡੇਰੀ ਪ੍ਰਤਿਭਾ ਦਾ ਪ੍ਰਤੀਕ ਆਖੇ ਜਾ ਸਕਦੇ ਹਨ।
ਉਸਦੀ ਏਸੇ ਆਗੂ ਪ੍ਰਤਿਭਾ ਦਾ ਜ਼ਿਕਰ ਸਰਾਭੇ ਹੁਰਾਂ ਦਾ ਸਾਥੀ ਦਰਸੀ ਚੈਂਚਈਆ ਆਪਣੀ ਹੱਥ-ਲਿਖਤ ਵਿਚ ਵਾਰ ਵਾਰ ਕਰਦਾ ਹੈ। ਉਸਦਾ ਵਿਚਾਰ ਹੈ ਕਿ ਲਾਲਾ ਹਰਦਿਆਲ ਦੇ ਅਮਰੀਕਾ ਵਿਚੋਂ ਚਲੇ ਜਾਣ ਤੋਂ ਬਾਅਦ ਲੀਡਰਸ਼ਿਪ ਦਾ ਖ਼ਿਲਾਅ ਪੈਦਾ ਹੋ ਗਿਆ ਸੀ। ਦੂਜੇ ਗ਼ਦਰੀ ਸੂਰਬੀਰ ਲੜਾਕੂ ਜਜ਼ਬੇ ਤੇ ਕੁਰਬਾਨੀ ਕਰਨ ਦੇ ਗੁਣਾਂ ਨਾਲ ਤਾਂ ਭਰਪੂਰ ਸਨ ਪਰ ਉਨ੍ਹਾਂ ਵਿਚ ਕਿਸੇ ਲਹਿਰ ਨੂੰ ਵਿਧੀਵਤ ਢੰਗ ਨਾਲ ਚਲਾਉਣ ਲਈ ਲੋੜੀਂਦੀ ਬੁੱਧੀਮਤਾ ਤੇ ਸਮਰੱਥਾ ਦੀ ਘਾਟ ਸੀ ਤੇ ਉਹ ਖ਼ੁਦ ਵੀ ਇਸਤੋਂ ਜਾਣੂ ਸਨ। ਏਸੇ ਕਰਕੇ ਉਨ੍ਹਾਂ ਨੇ ਲਾਲਾ ਹਰਦਿਆਲ ਦੇ ਅਮਰੀਕਾ ਵਿਚੋਂ ਚਲੇ ਜਾਣ ਤੋਂ ਬਾਅਦ ਯੁਗਾਂਤਰ ਆਸ਼ਰਮ ਦੀ ਵਾਗ-ਡੋਰ ਕਿਸੇ ਅਜਿਹੇ ਹੀ ਯੋਗ ਆਗੂ ਨੂੰ ਸੌਂਪਣ ਲਈ ਸੋਚਣਾ ਸ਼ੁਰੂ ਕੀਤਾ। ਬੜੀ ਸੋਚ-ਵਿਚਾਰ ਪਿੱਛੋਂ ਰਾਮ ਚੰਦਰ ਨੂੰ ਇਹ ਸੇਵਾ ਦਿੱਤੀ ਗਈ। ਚੈਂਚਈਆ ਅਨੁਸਾਰ ਸਰਾਭਾ ਗ਼ਦਰੀਆਂ ਵਿਚੋਂ ਸਭ ਤੋਂ ਵੱਧ ਖਾੜਕੂ ਤੇ ਬੁੱਧੀਮਾਨ ਲੀਡਰ ਸੀ। ਉਸਦਾ ਅਨੁਮਾਨ ਹੈ ਕਿ ਸਹੀ ਅਰਥਾਂ ਵਿਚ ਬੁੱਧੀਮਾਨ ਤੇ ਆਗੂ ਗੁਣਾਂ ਨਾਲ ਭਰਪੂਰ ਹੋਣ ਦੇ ਬਾਵਜੂਦ ਉਮਰੋਂ ਬਹੁਤ ਛੋਟਾ ਹੋਣ ਕਰਕੇ ਹੀ ਸ਼ਾਇਦ ਕਰਤਾਰ ਸਿੰਘ ਸਰਾਭੇ ਨੂੰ ਮੁੱਖ ਆਗੂ ਨਾ ਬਣਾਇਆ ਗਿਆ। ਉਸਦੇ ਸ਼ਬਦ ਹਨ: ‘ਕਰਤਾਰ ਸਿੰਘ ਸਰਾਭਾ ਹਰਦਿਆਲ ਤੋਂ ਬਾਅਦ ਆਗੂ ਦੀ ਭੂਮਿਕਾ ਨਿਭਾਅ ਸਕਦਾ ਸੀ। ਪਰੰਤੂ ਉਹ ਅਜੇ ਬਹੁਤ ਘੱਟ ਉਮਰ ਹੋਣ ਕਰਕੇ ਪਾਰਟੀ ਦੀ ਕਮਾਂਡ ਸੰਭਾਲਣ ਦੇ ਯੋਗ ਨਹੀਂ ਸੀ…ਇਸ ਸਮੇਂ ਰਾਮ ਚੰਦਰ ਸਾਡੀ ਲਹਿਰ ਨੂੰ ਅਗਵਾਈ ਦੇਣ ਦੇ ਸਮਰੱਥ ਨਹੀਂ ਸੀ। ਮੈਨੂੰ ਠੀਕ ਇਹ ਲੱਗਦਾ ਸੀ ਕਿ ਲੀਡਰਸ਼ਿਪ ਉਸ ਵਕਤ ਕਰਤਾਰ ਸਿੰਘ ਜਾਂ ਪਾਰਟੀ ਨਾਲ ਮੁਢੋਂ ਜੁੜੇ ਅਗੂਆਂ ਹੱਥ ਹੋਣੀ ਚਾਹੀਦੀ ਸੀ।’
ਚੈਂਚਈਆ ਵੱਲੋਂ ਵਾਰ ਵਾਰ ਕਰਤਾਰ ਸਿੰਘ ’ਤੇ ਪਾਰਟੀ ਦੀ ਕਮਾਂਡ ਸੰਭਾਲਣ ਦਾ ਗੁਣਾਂ ਪਾਉਣਾ ਦੱਸਦਾ ਹੈ ਕਿ ਉਹਦੇ ਸਾਥੀ ਉਹਦੀ ਆਗੂ ਪ੍ਰਤਿਭਾ ਦਾ ਕਿਵੇਂ ਸਨਮਾਨ ਕਰਦੇ ਸਨ। ਤੇ ਇਤਿਹਾਸ ਦੇ ਜਾਣਕਾਰਾਂ ਨੂੰ ਇਹ ਤਾਂ ਪਤਾ ਹੀ ਹੈ ਕਿ ਰਾਮ ਚੰਦਰ ਦੀ ਚੋਣ ਕਿੰਨੀ ਗ਼æਲਤ ਸਾਬਤ ਹੋਈ ਤੇ ਆਉਣ ਵਾਲੇ ਸਮੇਂ ਵਿਚ ਉਹਦੇ ਕਿਰਦਾਰ ਨੇ ਲਹਿਰ ਨੂੰ ਕਿੰਨੀ ਵੱਡੀ ਸੱਟ ਮਾਰੀ।
ਅਸੀਂ ‘ਗਦਰ ਲਹਿਰ ਦਾ ਸੰਗਠਨ ਅਤੇ ਕਰਤਾਰ ਸਿੰਘ ਸਰਾਭਾ’ ਵਾਲੇ ਕਾਂਡ ਵਿਚ ਸਰਾਭੇ ਦੀ ਜਰਨੈਲੀ ਪ੍ਰਤਿਭਾ ਦੇ ਕੁਝ ਹਵਾਲੇ ਦੇ ਚੁੱਕੇ ਹਾਂ। ਉਨ੍ਹਾਂ ਦਾ ਸੰਕੇਤਿਕ ਜ਼ਿਕਰ ਢੁਕਵਾਂ ਰਹੇਗਾ:
‘ਗੋਬਿੰਦ ਬਿਹਾਰੀ ਲਾਲ, ਜੋ ਕੈਲੇਫ਼ੋਰਨੀਆ ਯੂਨੀਵਰਸਿਟੀ ਨੇੜੇ ਕਿਸੇ ਹੋਰ ਹੋਸਟਲ ਵਿਚ ਰਹਿੰਦਾ ਸੀ, ਦਾ ਮੰਨਣਾ ਹੈ ਕਿ ਗ਼ਦਰ ਜਥੇਬੰਦੀ ਦਾ ਕੇਂਦਰੀ ਧੁਰਾ ਤਿੰਨ ਆਦਮੀ ਸਨ ਤੇ ਉਹ ਸਨ, ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ ਤੇ ਖ਼ੁਦ ਗੋਬਿੰਦ ਬਿਹਾਰੀ ਲਾਲਾ ਆਪ।
‘ਗ਼ਦਰ ਪਾਰਟੀ ਦਾ ਉਹ ਉੱਚ ਕੋਟੀ ਦਾ ਆਗੂ ਸੀ।’
‘ਇਕ ਨਵੰਬਰ 1913 ਨੂੰ ‘ਗ਼ਦਰ’ ਅਖ਼ਬਾਰ ਦੀ ਪ੍ਰਕਾਸ਼ਨਾ ਕਰਤਾਰ ਸਿੰਘ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਦਾ ਹੀ ਸਿੱਟਾ ਸੀ।’
ਅਸੀਂ ਇਹ ਵੀ ਜਾਣ ਚੁੱਕੇ ਹਾਂ ਕਿ ਕੈਲੇਫ਼ੋਰਨੀਆ ਵਾਲੇ ਸਾਥੀਆਂ ਨੂੰ ਪਾਰਟੀ ਵਿਚ ਲਿਆਉਣ ਲਈ ਕਰਤਾਰ ਸਿੰਘ ਸਰਾਭਾ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ।
ਅਸਲ ਵਿਚ ਭਾਰਤ ਵਿਚ ਆ ਕੇ ਗ਼ਦਰ ਕਰਨ ਵਾਲੇ ਬਾਬਾ ਸੋਹਨ ਸਿੰਘ ਭਕਨਾ ਵਰਗੇ ਕੁਝ ਸੀਨੀਅਰ ਸਾਥੀਆਂ ਦੇ ਗ੍ਰਿਫ਼ਤਾਰ ਹੋ ਜਾਣ ਉਪਰੰਤ ਕਰਤਾਰ ਸਿੰਘ ਸਰਾਭਾ ਹੀ ਗ਼ਦਰ ਲਹਿਰ ਦੇ ਸਰਵਉੱਚ ਆਗੂ ਵਜੋਂ ਉਭਰ ਕੇ ਸਾਹਮਣੇ ਆਇਆ। ਬਾਬਾ ਹਰਭਜਨ ਸਿੰਘ ਚਮਿੰਡਾ ਇਸ ਗੱਲ ਦੀ ਪੁਸ਼ਟੀ ਕਰਦੇ ਹਨ, ‘ਚੂੰਕਿ ਬਾਬਾ ਸੋਹਨ ਸਿੰਘ ਜੀ ਭਕਨਾ, ਪ੍ਰਧਾਨ ਗ਼ਦਰ ਪਾਰਟੀ ਤੇ ਹੋਰ ਬਹੁਤ ਸਾਰੇ ਉਘੇ ਵਰਕਰ ਫੜੇ ਗਏ ਸਨ, ਏਸ ਹਾਲਤ ਵਿਚ ਕਰਤਾਰ ਸਿੰਘ ਸਰਾਭਾ ਨੇ ਇਕ ਆਗੂ ਦੀ ਹੈਸੀਅਤ ਵਿਚ ਕੰਮ ਆਰੰਭ ਦਿੱਤਾ।’
ਸਚਿੰਦਰ ਨਾਥ ਸਾਨਿਆਲ ਨੇ ਲਿਖਿਆ ਹੈ ਕਿ ਇਸ ਸਮੇਂ ਪੰਜਾਬ ਵਿਚ ਜਿਤਨੇ ਇਨਕਲਾਬੀ ਨੌਜਵਾਨ ਕੰਮ ਕਰਦੇ ਸਨ ਉਨ੍ਹਾਂ ਵਿਚੋਂ ਕਰਤਾਰ ਸਿੰਘ ਸਭ ਤੋਂ ਵਧੇਰੇ ਸਿਆਣਾ ਅਤੇ ਜੋਸ਼ੀਲਾ ਵਰਕਰ ਸੀ। ਉਸਦੀ ਉਮਰ ਭਾਵੇਂ 18 ਸਾਲ ਦੀ ਸੀ ਪਰ ਉਸ ਵਿਚ ਪਾਰਟੀ ਦੀ ਅਗਵਾਈ ਕਰਨ ਦੀ ਅਦਭੁਤ ਸ਼ਕਤੀ ਸੀ।
ਭਾਈ ਪਰਮਾਨੰਦ ਨੇ ਆਪਣੀ ਪੁਸਤਕ ‘ਆਪ ਬੀਤੀ’ ਵਿਚ ਲਿਖਿਆ ਹੈ ਕਿ ਕਰਤਾਰ ਸਿੰਘ ਹੀ ਅਸਲ ਵਿਚ 1914-15 ਵਿਚ ਗ਼ਦਰ ਪਾਰਟੀ ਦਾ ਲੀਡਰ ਸੀ। ਉਸਨੇ ਫੌਜਾਂ ਵਿਚ ਜਾ ਕੇ ਤੇ ਹਿੰਦੁਸਤਾਨ ਦੀਆਂ ਇਨਕਲਾਬੀ ਪਾਰਟੀਆਂ ਨਾਲ ਮਿਲ ਕੇ ਸਾਰੇ ਸੂਬਿਆਂ ਵਿਚ ਇਕੋ ਸਮੇਂ ਗ਼ਦਰ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਸਨ। ਪਰ ਗੱਦਾਰ ਨਵਾਬ ਖਾਂ ਤੇ ਕ੍ਰਿਪਾਲ ਸਿੰਘ ਨੇ ਸਰਕਾਰ ਨੂੰ ਭੇਦ ਦੇ ਕੇ ਸਕੀਮ ਨੂੰ ਫੇਲ ਕਰ ਦਿੱਤਾ।
ਭਾਵੇਂ ਦੂਜੇ ਇਨਕਲਾਬੀ ਉਸਤੋਂ ਉਮਰ ਵਿਚ ਵੱਡੇ ਸਨ ਤਦ ਵੀ ਅਠਾਰਾਂ-ਉੱਨੀ ਸਾਲ ਦਾ ਇਹ ਨੌਜਵਾਨ ਆਪਣੀ ਸਮਰੱਥਾ, ਸਿਆਣਪ, ਸਿਰੜ੍ਹ, ਸਿਦਕ, ਸੰਵੇਦਨਸ਼ੀਲਤਾ, ਸਵੈਭਰੋਸੇ, ਸੂਰਮਗਤੀ ਤੇ ਕੁਰਬਾਨ ਹੋ ਜਾਣ ਦੇ ਬੇਖ਼ੌਫ਼ ਜਜ਼ਬੇ ਦੀ ਬਦੌਲਤ ਛੇਤੀ ਹੀ ਗ਼ਦਰ ਲਹਿਰ ਦਾ ਕੇਂਦਰੀ ਧੁਰਾ ਤੇ ਪ੍ਰੇਰਨਾ ਸਰੋਤ ਬਣ ਗਿਆ। ਉਸਦੀ ਲੀਡਰਸ਼ਿਪ ਦੀ ਯੋਗਤਾ ਦਾ ਲੋਹਾ ਤਾਂ ਸਚਿੰਦਰ ਨਾਥ ਸਾਨਿਆਲ ਜਿਹੇ ਹੰਢੇ ਵਰਤੇ ਬੰਗਾਲੀ ਇਨਕਲਾਬੀ ਨੇ ਵੀ ਮੰਨ ਲਿਆ ਸੀ।
ਇਹ ਵੀ ਸੱਚ ਹੈ ਕਿ ਅਮਰੀਕਾ ਵਿਚ ਵੀ ਇਹ ਕਰਤਾਰ ਸਿੰਘ ਸਰਾਭਾ ਹੀ ਸੀ ਜਿਹੜਾ ਗ਼ੈਰ-ਪੰਜਾਬੀ ਇਨਕਲਾਬੀ ਨੌਜਵਾਨਾਂ ਨਾਲ ਸੰਪਰਕ ਸਾਧਣ ਤੇ ਉਨ੍ਹਾਂ ਵਿਚ ਗ਼ਦਰ ਦਾ ਪਰਚਾਰ ਕਰਨ ਦਾ ਕੰਮ ਵੀ ਕਰਦਾ ਸੀ। ਭਾਰਤ ਆ ਕੇ ਵੀ ਸਰਾਭਾ ਹੀ ਸੀ ਜਿਸਨੇ ਬੰਗਾਲੀ ਤੇ ਹੋਰ ਪ੍ਰਾਤਾਂ ਦੇ ਇਨਕਲਾਬੀਆਂ ਨਾਲ ਰਾਬਤਾ ਬਨਾਉਣ ਦਾ ਉੱਦਮ ਕੀਤਾ। ਸੁਰਿੰਦਰ ਨਾਥ ਬੈਨਰ ਜੀ ਵਰਗੇ ਬੰਗਾਲੀ ਇਨਕਲਾਬੀ ਨੇ ਸਰਾਭੇ ਦੀ ਹਿੰਮਤ ਤੇ ਉਤਸ਼ਾਹ ਵੇਖ ਕੇ ਕਿਹਾ ਸੀ, ‘ਤੂੰ ਆਪਣੇ ਸੰਕਲਪ ਤੇ ਹਿੰਮਤ ਅਨੁਸਾਰ ਕੰਮ ਕਰਦਾ ਜਾ, ਬੰਗਾਲ ਤਾਂ ਸਹੀ ਸਮੇ ’ਤੇ ਤੁਹਾਡੀ ਸਹਾਇਤਾ ਕਰੇਗਾ ਹੀ।’
ਕਰਤਾਰ ਸਿੰਘ ਸਰਾਭੇ ਦੀ ਹਿੰਮਤ ਤੇ ਦ੍ਰਿੜ੍ਹਤਾ ਕੰਮ ਆਈ ਤੇ ਆਖ਼ਰਕਾਰ ਸਚਿੰਦਰ ਨਾਥ ਸਾਨਿਆਲ ਸਰਾਭੇ ਹੁਰਾਂ ਦੇ ਬੁਲਾਵੇ ਤੇ ਜਲੰਧਰ ਆਇਆ। ਉਥੇ ਕਰਤਾਰ ਸਿੰਘ ਸਰਾਭਾ, ਪ੍ਰਿਥੀ ਸਿੰਘ, ਅਮਰ ਸਿੰਘ ਤੇ ਰਾਮ ਰੱਖਾ ਆਦਿ ਗ਼ਦਰੀ ਹਾਜ਼ਰ ਸਨ। ਸਾਨਿਆਲ ਨੇ ਜਦੋਂ ਇਹ ਜਾਨਣਾ ਚਾਹਿਆ ਕਿ ਉਨ੍ਹਾਂ ਦਾ ਲੀਡਰ ਕੌਣ ਹੈ ਕਿਉਂਕਿ ਉਹ ਉਸ ਲੀਡਰ ਨਾਲ ਹੀ ਗੱਲ-ਬਾਤ ਕਰਨੀ ਚਾਹੁੰਦਾ ਹੈ ਤਾਂ ਅਮਰ ਸਿੰਘ ਨੇ ਕਿਹਾ, ‘ਸੱਚ ਪੁੱਛੋ ਤਾਂ ਸਾਡਾ ਅਸਲੀ ਨੇਤਾ ਹੈ ਹੀ ਨਹੀਂ। ਏਸੇ ਲਈ ਸਾਨੂੰ ਰਾਸ ਬਿਹਾਰੀ ਬੋਸ ਦੀ ਲੋੜ ਹੈ। ਸਾਡੇ ਵਿਚੋਂ ਕਿਸੇ ਨੂੰ ਵੀ ਵਿਸ਼ੇਸ਼ ਜਾਣਕਾਰੀ ਨਹੀਂ ਏ। ਏਸੇ ਕਰਕੇ ਸਾਡੇ ਕੰਮ ਕਰਨ ਦਾ ਕੋਈ ਸਿਲਸਿਲਾ ਨਹੀਂ ਬਣ ਰਿਹਾ। ਸਾਨੂੰ ਬੰਗਾਲ ਤੋਂ ਸਹਾਇਤਾ ਦੀ ਲੋੜ ਹੈ।’ ਕਰਤਾਰ ਸਿੰਘ ਨੇ ਵੀ ਇਸ ਗੱਲ ਦੀ ਹਾਮੀ ਭਰੀ ਪਰ ਨਾਲ ਹੀ ਅਮਰ ਸਿੰਘ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ, ‘ਦੇਖੋ ਭਾਈ ਏਦਾਂ ਹਿੰਮਤ ਕਿਉਂ ਹਾਰਦੇ ਓ? ਜਦੋ ਲੋੜ ਪਈ ਤਾਂ ਦੇਖਿਓ ਤੁਹਾਡੇ ਵਿਚੋਂ ਹੀ ਕਿੰਨਿਆਂ ਨੇ ਛੁਪੇ ਰੁਸਤਮ ਨਿਕਲ ਆਉਣਾ ਹੈ।’
ਸਰਾਭੇ ਦੇ ਵਿਹਾਰ ਤੇ ਵਿਚਾਰਾਂ ਤੋਂ ਸਾਨਿਆਲ ਨੇ ਅਨੁਮਾਨ ਲਾ ਲਿਆ ਸੀ ਕਿ ‘ਜੇਕਰ ਇਨ੍ਹਾਂ ਵਿਚ ਸੱਚੀਂ ਕੋਈ ਕੰਮ ਕਰਨ ਵਾਲਾ ਹੈ ਤਾਂ ਉਹ ਕਰਤਾਰ ਸਿੰਘ ਹੈ। ਮੈਂ ਉਸ ਵਿਚ ਜਿਸਤਰ੍ਹਾਂ ਦਾ ਆਤਮ-ਵਿਸ਼ਵਾਸ ਵੇਖਿਆ, ਉਸਤਰ੍ਹਾਂ ਦਾ ਆਤਮ-ਵਿਸ਼ਵਾਸ ਨਾ ਹੋਣ ’ਤੇ ਕੋਈ ਵੀ ਵਿਅਕਤੀ ਵੱਡਾ ਕਾਰਜ ਨਹੀਂ ਕਰ ਸਕਦਾ।’
ਸੋ ਗ਼ਦਰੀਆਂ ਵਿਚ ਉਹ ‘ਛੁਪਿਆ ਰੁਸਤਮ’ ਕਰਤਾਰ ਸਿੰਘ ਸਰਾਭਾ ਹੀ ਸੀ, ਜਿਸਨੇ ਛੇਤੀ ਹੀ ਆਪਣੀ ਸਿਆਣਪ, ਹੌਸਲੇ ਤੇ ਦੂਰਦਰਸ਼ਤਾ ਨਾਲ ਸਾਥੀਆਂ ਦਾ ਭਰੋਸਾ ਜਿੱਤ ਲਿਆ ਤੇ ਛੋਟੀ ਉਮਰ ਦੇ ਬਾਵਜੂਦ ਗ਼ਦਰ ਲਹਿਰ ਦੇ ਵੱਡੇ ਆਗੂ ਵਜੋਂ ਸਥਾਪਤ ਹੋ ਗਿਆ। ਸਾਨਿਆਲ ਅਨੁਸਾਰ, ‘ਹਾਲਾਂਕਿ ਇਹ ਸਿੱਖਾਂ ਵਿਚੋਂ ਸਭ ਤੋਂ ਘੱਟ ਉਮਰ ਦੇ ਸਨ ਪਰ ਮੈਂ ਇਨ੍ਹਾਂ ਦੇ ਹੇਠ ਕਿੰਨੇ ਹੀ ਵੱਡੀ ਉਮਰ ਦੇ ਸਿੱਖਾਂ ਨੂੰ ਕੰਮ ਕਰਦਿਆਂ ਵੇਖਿਆ।’ ਭਾਈ ਰਣਧੀਰ ਸਿੰਘ ਨਿਰਸੰਦੇਹ ਉਸਤੋਂ ਉਮਰ ਵਿਚ ਵੱਡੇ ਤੇ ਵੱਧ ਤਾਲੀਮ-ਯਾਫ਼ਤਾ ਸਨ ਪਰ ਉਨ੍ਹਾਂ ਵੀ 19 ਫਰਵਰੀ ਨੂੰ ਆਪਣੇ ਜੱਥੇ ਸਮੇਤ ਗ਼ਦਰ ਸ਼ੁਰੂ ਕਰਨ ਲਈ ਫੀæਰੋਜ਼ਪੁਰ ਛਾਉਣੀ ਪਹੁੰਚਣ ਲਈ, ਸਰਾਭੇ ਦਾ ਆਦੇਸ਼ ਮੰਨਣ ਵਿਚ, ਰਾਈ ਭਰ ਵੀ ਹਿਚਕਚਾਹਟ ਨਹੀਂ ਸੀ ਵਿਖਾਈ।
ਲੌਢੂਵਾਲ ਵਿਚ ਹੋਈ ਜਿਸ ਮੀਟਿੰਗ ਵਿਚ ਫੰਡਾਂ ਦੀ ਘਾਟ ਨੂੰ ਪੂਰਾ ਕਰਨ ਲਈ ਡਾਕੇ ਮਾਰਨ ਜਾਂ ਨਾ ਮਾਰਨ ਬਾਰੇ ਚਰਚਾ ਹੋਈ ਉਸਦਾ ਵੇਰਵਾ ਦਿੰਦਿਆਂ ਬਾਬਾ ਪ੍ਰਿਥਵੀ ਸਿੰਘ ਆਜ਼ਾਦ ਕਹਿੰਦੇ ਹਨ, ‘ਲੌਢੂਵਾਲ ਰੇਲਵੇ ਸਟੇਸ਼ਨ ਜਿਹੜਾ ਲੁਧਿਆਣੇ ਤੋਂ ਦੂਰ ਨਹੀਂ ਸੀ, 17 ਨਵੰਬਰ ਨੂੰ ਸਾਡੀ ਮੀਟਿੰਗ ਹੋਈ। ਮੇਰੇ ਤੋਂ ਇਲਾਵਾ ਇਸ ਵਿਚ ਬਾਬਾ ਨਿਧਾਨ ਸਿੰਘ ਚੁੱਘਾ, ਪਿਆਰਾ ਸਿੰਘ ਲੰਗੇਰੀ, ਕਰਤਾਰ ਸਿੰਘ ਸਰਾਭਾ, ਜਗਤ ਰਾਮ ਹਰਿਆਣਾ, ਅਮਰ ਸਿੰਘ, ਰਾਮ ਰੱਖਾ ਸਾਹਬਾ ਅਤੇ ਹੋਰ ਸਾਥੀ ਸ਼ਾਮਲ ਸਨ। ਤਿੰਨ ਮੁੱਦਿਆਂ ’ਤੇ ਬਹਿਸ ਚੱਲੀ: 1. ਪੈਸੇ ਕਿਸ ਤਰ੍ਹਾਂ ਇਕੱਠੇ ਕੀਤੇ ਜਾਣ, 2. ਹਥਿਆਰ ਇਕੱਠੇ ਕਿਸ ਤਰ੍ਹਾਂ ਕੀਤੇ ਜਾਣ, 3. ਬੰਗਾਲੀ ਦੇਸ਼ ਭਗਤਾਂ ਨਾਲ ਕਿਸ ਤਰ੍ਹਾਂ ਸਬੰਧ ਬਣਾਏ ਜਾਣ। ਪੈਸੇ ਦੇ ਮਾਮਲੇ ’ਤੇ ਜ਼ੋਰਦਾਰ ਬਹਿਸ ਹੋਈ। ਇਹ ਗੱਲ ਸਾਫ਼ ਸੀ ਕਿ ਲੋਕਾਂ ‘ਤੋਂ ਚੰਦਾ ਮੰਗਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਕਰਤਾਰ ਸਿੰਘ ਨੇ ਪੈਸੇ ਲਈ ਡਾਕੇ ਮਾਰਨ ਦੀ ਸਲਾਹ ਦਿੱਤੀ। ਬਾਬਾ ਨਿਧਾਨ ਸਿੰਘ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਅਤੇ ਕਿਹਾ ਕਿ ਇਸ ਦੇ ਬੜੇ ਖ਼ਤਰਨਾਕ ਨਤੀਜੇ ਨਿਕਲਣਗੇ। ਅਸੀਂ ਸਾਰਿਆਂ ਨੇ ਉਸ ਦੀ ਤਜ਼ਵੀਜ਼ ਪਾਸ ਤਾਂ ਕਰ ਲਈ ਪਰ ਅਮਲ ਵਿਚ ਅਸੀਂ ਉਸ ਦੀ ਤਜ਼ਵੀਜ਼ ਦੇ ਉਲਟ ਹੀ ਕਰਤਾਰ ਸਿੰਘ ਸਰਾਭਾ ਦੀ ਸਲਾਹ ’ਤੇ ਕੰਮ ਕੀਤਾ।’
ਕੁਝ ਥਾਵਾਂ ’ਤੇ ਇਹ ਵੀ ਲਿਖਿਆ ਮਿਲਦਾ ਹੈ ਕਿ ਬਹੁਤੇ ਸਾਥੀ ਕਰਤਾਰ ਸਿੰਘ ਸਰਾਭਾ ਦੇ ਮੱਤ ਨਾਲ ਸਹਿਮਤ ਸਨ। ਬਾਬਾ ਪ੍ਰਿਥਵੀ ਸਿੰਘ ਅਨੁਸਾਰ ਉਨ੍ਹਾਂ ਨੇ ਬਾਬਾ ਨਿਧਾਨ ਸਿੰਘ ਚੁੱਘਾ ਦੀ ਤਜਵੀਜ਼ ਪ੍ਰਵਾਨ ਕਰ ਲਈ ਸੀ ਪਰ ਇਸਦੇ ਉਲਟ ਜਾ ਕੇ ਅਮਲ ਉਨ੍ਹਾਂ ਨੇ ਕਰਤਾਰ ਸਿੰਘ ਸਰਾਭੇ ਦੀ ਮਰਜ਼ੀ ਮੁਤਾਬਕ ਕੀਤਾ। ਦੋਵਾਂ ਸੂਰਤਾਂ ਵਿਚ, ਭਾਵੇਂ ਬਹੁਮੱਤ ਸਰਾਭੇ ਦੇ ਹੱਕ ਵਿਚ ਹੋਇਆ ਹੋਵੇ ਜਾਂ ਨਾ; ਅੰਤਿਮ ਤੌਰ ’ਤੇ ਓਸੇ ਦੀ ਸਲਾਹ ਦਾ ਮੰਨੇ ਜਾਣਾ ਦੱਸਦਾ ਹੈ ਕਿ ਉਹਦੀ ਦਲੀਲ ਅਤੇ ਸ਼ਖ਼ਸੀਅਤ ਦਾ, ਉਹਦੇ ਆਪਣੇ ਸਾਥੀਆਂ ਉੱਤੇ, ਕਿੰਨਾਂ ਡੂੰਘਾ ਅਸਰ ਸੀ। ਆਪਣੀ ਗੱਲ ਨੂੰ ਦਲੀਲ ਨਾਲ ਮਨਵਾਉਣ ਅਤੇ ਸਾਥੀਆਂ ਨੂੰ ਆਪਣੇ ਨਾਲ ਖਿੱਚ ਕੇ ਜੋੜ ਲੈਣ ਦੀ ਮਿਕਨਾਤੀਸੀ ਕਸ਼ਿਸ਼ ਉਹਦੇ ਵੱਡੇ ਆਗੂ ਹੋਣ ਦਾ ਸਬੂਤ ਹੀ ਤਾਂ ਹੈ।
ਸਰਾਭੇ ਦੀ ਇਸੇ ਜਰਨੈਲੀ ਪ੍ਰਤਿਭਾ ਨੇ ਹੀ ਉਸਨੂੰ ਅੰਗਰੇਜ਼ ਹਕੂਮਤ ਦੀਆਂ ਨਜ਼ਰਾਂ ਵਿਚ ‘ਸਭ ਤੋਂ ਖ਼ਤਰਨਾਕ ਬਾਗ਼ੀ’ ਬਣਾ ਦਿੱਤਾ। ਸਰਕਾਰ ਦੀਆਂ ਨਜ਼ਰਾਂ ਵਿਚ ਉਸਦੇ ‘ਏਨੇ ਖ਼ਤਰਨਾਕ’ ਹੋਣ ਬਾਰੇ ਵੇਰਵਾ ਅਸੀਂ ਪਿੱਛੇ ਦੇ ਚੁੱਕੇ ਹਾਂ। ਇਥੇ ਅਸੀਂ ਵਾਇਸਰਾਏ ਵੱਲੋਂ ਨਾਮਜ਼ਦ ਕੌਂਸਲ ਦੇ ਮੈਂਬਰਾਂ ਵਿਚੋਂ ਹੋਮ ਡਿਪਾਰਟਮੈਂਟ ਦੇ ਮੈਂਬਰ ਸਰ ਕਰੈਡਰਾਕ ਦੀ ਰਾਇ ਨੂੰ ਹੀ ਪ੍ਰਤੀਨਿਧ ਰਾਇ ਸਮਝਦਿਆਂ ਇਕ ਵਾਰ ਫੇਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ।
‘(ਇਹ) ਭਾਵੇਂ ਨੌਜਵਾਨ ਹੈ ਪਰ ਇਹ ਸਾਰੇ ਸਾਜਸ਼ੀਆਂ ਵਿਚੋਂ ਅੱਤ ਮਹੱਤਵਪੂਰਨ ਵਿਅਕਤੀਆਂ ਵਿਚੋਂ ਇੱਕ ਹੈ ਅਤੇ ਅਦਾਲਤ ਨੇ ਇਸਨੂੰ ਸਰਾਸਰ ਬੇਕਿਰਕ ਸ਼ੈਤਾਨ, ਜੋ ਆਪਣੀਆਂ ਕਰਤੂਤਾਂ ’ਤੇ ਫ਼ਖ਼ਰ ਕਰਦਾ ਹੈ, ਕਹਿ ਕੇ ਆਪਣੀ ਰਾਇ ਦਿੱਤੀ ਹੈ, ਭਾਵ ਇਹ ਕਿ ਇਸਦੀ ਸਜ਼ਾ ਘਟਾਉਣ ਦੀ ਤਾਂ ਗੱਲ ਕਰਨੀ ਵੀ ਨਹੀਂ ਬਣਦੀ।’
‘ਮੈਂ ਪਹਿਲਾਂ ਵੀ ਉਸਨੂੰ ਰਹਿਮ ਦੀ ਬਿਨਾਅ ’ਤੇ ਰਿਆਇਤ ਦੀ ਸਿਫ਼ਾਰਸ਼ ਨਹੀਂ ਕੀਤੀ ਜਿਸ (ਰਹਿਮ) ਦੀ ਉਸਨੇ ਮੰਗ ਵੀ ਨਹੀਂ ਕੀਤੀ। ਪਰ ਮੈਂ ਉਸਦੇ ਕੇਸ ਨੂੰ ਕਈ ਵਾਰ ਪੜ੍ਹਨ ਤੋਂ ਬਾਅਦ ਵੀ ਇਸ ਸਪੱਸ਼ਟ ਨਤੀਜੇ ’ਤੇ ਪਹੁੰਚਿਆ ਹਾਂ ਕਿ ਇਸਦਾ ਕਿਸੇ ਹੋਰ ਦਾ ਅਸਰ ਕਬੂਲਣਾ ਤਾਂ ਕਿਤੇ ਦੂਰ ਦੀ ਗੱਲ, ਇਹ ਤਾਂ ਆਪ ਖ਼ੁਦ ਗ਼ਦਰ ਪਾਰਟੀ ਦੀ ਰੂਹੇ-ਰਵਾਂ ਸੀ। ਇਹ ਕਰਤਾਰ ਸਿੰਘ ਹੀ ਸੀ ਜਿਸਨੇ ਵਿਦਿਆਰਥੀਆਂ ਨੂੰ ਵਿਗਾੜਿਆ, ਪਿੰਗਲੇ ਨਾਲ ਛਾਉਣੀਆਂ ਵਿਚ ਘੁੰਮਿਆਂ ਅਤੇ ਸਾਜਿਸ਼ ਦੇ ਹਰ ਦੌਰ ਤੇ ਹਰ ਪਹਿਲੂ ਵਿਚ ਇਸਦਾ ਹੱਥ ਸੀ। ਮੈਂ ਇਥੋਂ ਤੱਕ ਕਹਿ ਸਕਦਾ ਹਾਂ ਕਿ ਇਸ ਮੁਕੱਦਮੇ ਦੇ ਅਦਾਲਤ ਵਿਚ ਆਉਣ ਤੋਂ ਪਹਿਲਾਂ ਹੀ ਉਹ ਇਸ ਅਡੰਬਰ ਦੇ ਅਤੀ ਖ਼ਤਰਨਾਕ ਵਿਅਕਤੀ ਵਜੋਂ ਜਾਣਿਆਂ ਜਾਂਦਾ ਸੀ ਅਤੇ ਇਸਦੀ ਸਰਗੋਧੇ ਫੌਜੀ ਰਸਾਲੇ ਤੋਂ ਹੋਈ ਗ੍ਰਿਫ਼ਤਾਰੀ ਨਾਲ ਉਨ੍ਹਾਂ ਸਾਰਿਆਂ ਸੁਖ ਦਾ ਸਾਹ ਲਿਆ ਜਿਹੜੇ ਇਸ ਸਾਜਿਸ਼ ’ਚੋਂ ਨਿਕਲਣ ਵਾਲੇ ਸਿੱਟਿਆਂ ਤੋਂ ਵਾਕਫ਼ ਸਨ। ਜਿਨ੍ਹਾਂ ਵਿਚ ਸਰਕਾਰੀ ਫੌਜਾਂ ਵਿਚ ਬਗ਼ਾਵਤ ਦੀ ਪੂਰੀ ਸੰਭਾਵਨਾ ਤੇ ਸਿੰਘਾਪੁਰ ਵਿਚ ਵਾਪਰੇ (ਫੌਜੀ ਬਗ਼ਾਵਤ) ਜਿਹੇ ਕਾਂਡ ਵਾਪਰ ਸਕਦੇ ਸਨ।’
ਜ਼ਾਹਿਰ ਹੈ ਸਰਾਭੇ ਦੀ ‘ਜਰਨੈਲੀ ਪ੍ਰਤਿਭਾ’ ਨੂੰ ਦੁਸ਼ਮਣ ਵੀ ਧੁਰ ਅੰਦਰੋਂ ਸਵੀਕਾਰ ਕਰਦਾ ਸੀ। ਪਰ ਇਸ ਵਿਚ ਵੀ ਸ਼ੱਕ ਨਹੀਂ ਕਿ ਕਰਤਾਰ ਸਿੰਘ ਸਰਾਭਾ ਆਪਣੀ ਆਗੂ ਹੈਸੀਅਤ ਦੇ ਬਾਵਜੂਦ ਆਪਣੀ ਸੀਮਾ ਨੂੰ ਪਛਾਣਦਾ ਤੇ ਸਵੀਕਾਰ ਵੀ ਕਰਦਾ ਸੀ। ਉਹ ਚਾਹੁੰਦਾ ਸੀ ਕਿ ਤਜਰਬੇਕਾਰ ਬੰਗਾਲੀ ਇਨਕਲਾਬੀ ਰਾਸ ਬਿਹਾਰੀ ਬੋਸ (ਜਿਹੜਾ ਸਰਾਭੇ ਹੁਰਾਂ ਦੇ ਸੱਦੇ ’ਤੇ ਪੰਜਾਬ ਆ ਗਿਆ ਸੀ) ਛੇਤੀ ਤੋਂ ਛੇਤੀ ਪੰਜਾਬ ਆ ਕੇ ਗ਼ਦਰ ਕਰਨ ਵਿਚ ਉਨ੍ਹਾਂ ਦੀ ਅਗਵਾਈ ਕਰੇ। ਉਹ ਸਾਨਿਆਲ ਨੂੰ ਅਕਸਰ ਪੁੱਛਦਾ ਰਹਿੰਦਾ, ‘ਦਸੋ ਰਾਸ ਬਿਹਾਰੀ ਕਦੋਂ ਆਉਣਗੇ?’
ਰਾਸ ਬਿਹਾਰੀ ਬੋਸ ਨੂੰ ਪਾਰਟੀ ਦੀ ਅਗਵਾਈ ਸੌਂਪਣ ਲਈ ਕਰਤਾਰ ਸਿੰਘ ਵੱਲੋਂ ਜ਼ੋਰ ਦੇ ਕੇ ਰਾਸ ਬਿਹਾਰੀ ਬੋਸ ਨੂੰ ਪੰਜਾਬ ਮੰਗਾਉਣ ਦੀ ਹਕੀਕਤ ਦੱਸਦੀ ਹੈ ਕਿ ਕਰਤਾਰ ਸਿੰਘ ਵਿਚ ਇਨਕਲਾਬ ਦੀ ਸਫ਼ਲਤਾ ਪਹਿਲਾ ਨਿਸ਼ਾਨਾ ਸੀ। ਸਾਡੇ ਅੱਜ ਕੱਲ੍ਹ ਦੇ ਆਗੂਆਂ ਵਾਂਗ ਆਪਣੀ ਗੱਦੀ ਤੇ ਪ੍ਰਭੁਤਾ ਬਣਾਈ ਰੱਖਣ ਦੀ ਲਾਲਸਾ ਉਹਦਾ ਨਿਸ਼ਾਨਾ ਹਰਗਿਜ਼ ਨਹੀਂ ਸੀ। ਇਸਤੋਂ ਉਹਦੇ ਸੁਭਾਅ ਦੀ ਨਿਰਮਾਣਤਾ ਦਾ ਝਲਕਾਰਾ ਵੀ ਪੈਂਦਾ ਹੈ ਅਤੇ ‘ਹਰ ਗੱਲ ਵਿਚ ਅੱਗੇ ਦਿਸਣ ਦੀ ਲਾਲਸਾ’ ਦੀ ਹਉਮੈਂ ਤੋਂ ਮੁਕਤੀ ਦਾ ਪ੍ਰਮਾਣ ਵੀ ਮਿਲਦਾ ਹੈ।
-0-
